Monday, August 08, 2011

ਇਨਕਾਰ ਸੁਣਕੇ ਪ੍ਰੇਮੀ ਨੇ ਕੀਤਾ ਪ੍ਰੇਮਿਕਾ ਤੇ ਚਾਕੂ ਨਾਲ ਵਾਰ

ਅੰਮ੍ਰਿਤਸਰ, 7 ਅਗਸਤ: (ਗਜਿੰਦਰ ਸਿੰਘ ਅਤੇ ਬਿਊਰੋ ਰਿਪੋਰਟ) ਕੋਈ ਜਮਾਨਾ ਸੀ ਜਦੋਂ ਲੋਕ ਪਿਆਰ ਵਿੱਚ ਜਾਨ ਦੇ ਭਾਵੇਂ ਦੇਣ ਪਰ ਆਪਣੇ ਪਿਆਰ ਨੂੰ ਕਦੇ ਸੰਕਟ ਵਿਚ ਨਹੀਂ ਸਨ ਪਾਉਂਦੇ ਪਰ ਅੱਜ ਕਲ ਦੇ ਜਮਾਨੇ ਦਾ ਇਹ ਇਸ਼ਕ ਜਿਸਨੂੰ ਪਿਆਰ ਕਰਦਾ ਹੈ ਓਸੇ ਨੂੰ ਆਪਣਾ ਨਿਸ਼ਾਨਾ ਬਣਾਉਣ ਤੋਂ ਵੀ ਗੁਰੇਸ ਨਹੀਂ ਕਰਦਾ. ਨਿਸਚੇ ਹੀ ਇਹ ਪਿਆਰ ਨਹੀਂ ਕੁਝ ਹੋਰ ਹੀ ਹੁੰਦਾ ਹੈ. ਹਕੀਕਤ ਵਿੱਚ ਇੱਕ ਤਰਫਾ ਪਿਆਰ ਵਾਲੇ ਤਾਂ ਸਾਰੀ ਸਾਰੀ ਉਮਰ ਭਾਵੇਂ ਲੰਘਾ ਦੇਣ ਪਰ ਆਪਣੇ ਪਿਆਰ ਦਾ ਨਾਮ ਆਪਣੀ ਜ਼ੁਬਾਨ ਤੇ ਵੀ ਨਹੀਂ ਆਉਣ ਦੇਂਦੇ.ਫਿਰ ਵੀ ਪਿਆਰ ਦੇ ਨਾਮ 'ਤੇ ਪਿਆਰ ਨੂੰ ਬਦਨਾਮ ਕਰਨ ਵਾਲੀ ਇੱਕ ਹੋਰ ਵਾਰਦਾਤ ਵਾਪਰੀ ਹੈ ਅੰਮ੍ਰਿਤਸਰ ਵਿੱਚ. ਅੰਮ੍ਰਿਤਸਰ 'ਚ ਪੈਂਦੇ ਥਾਣਾ ਸਦਰ ਦੀ ਪੁਲਸ ਨੇ ਪਿਆਰ ਤੋਂ ਇਨਕਾਰ ਕਰਕੇ ਸਕੂਲ ਹੈੱਡਮਾਸਟਰ ਨੂੰ ਸ਼ਿਕਾਇਤ ਕਰਨ ‘ਤੇ ਵਿਦਿਆਰਥਣ ਨੂੰ ਚਾਕੂ ਮਾਰ ਕੇ ਜਾਨਲੇਵਾ ਹਮਲਾ ਕਰਨ ਵਾਲੇ ਵਿਦਿਆਰਥਣ ਦੇ ਜਮਾਤੀ ਹਰਪਾਲ ਸਿੰਘ ਵਾਸੀ ਮਜੀਠਾ ਰੋਡ ਖਿਲਾਫ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ. ਸੁਰਿੰਦਰ ਸਿੰਘ ਵਾਸੀ ਪਿੰਡ ਨੰਗਲੀ ਨੇ ਦਸਿਆ ਕਿ ਉਸਦੀ ਲਡ਼ਕੀ ਸਕੂਲੀ ਵਿਦਿਆਰਥਣ ਹੈ ਜਿਸਨੇ ਘਰ ਆ ਕੇ ਦਸਿਆ ਕਿ ਉਸ ਦੀ ਕਲਾਸ ‘ਚ ਪਡ਼੍ਹਨ ਵਾਲਾ ਵਿਦਿਆਰਥੀ ਹਰਪਾਲ ਸਿੰਘ ਅਕਸਰ ਉਸਨੂੰ ਪ੍ਰੇਸ਼ਾਨ ਕਰਦਾ ਸੀ. ਜਦੋਂ ਉਸਨੇ ਕਿਹਾ ਕਿ ਉਹ ਉਸ ਨਾਲ ਪਿਆਰ ਕਰਦਾ ਹੈ ਤਾਂ ਉਹ ਉਸਦੀ ਸ਼ਿਕਾਇਤ ਲੈ ਕੇ ਸਕੂਲ ਦੇ ਹੈੱਡਮਾਸਟਰ ਕੋਲ ਚਲੀ ਗਈ ਜਿਸ ਤੋਂ ਬਾਅਦ ਮੁਲਜ਼ਮ ਨੇ ਰਸਤੇ ‘ਚ ਉਸ ‘ਤੇ ਜਾਨਲੇਵਾ ਹਮਲਾ ਕਰਕੇ ਉਸਨੂੰ ਚਾਕੂ ਮਾਰ ਦਿੱਤਾ. ਗੰਭੀਰ ਹਾਲਤ ‘ਚ ਉਕਤ ਵਿਦਿਆਰਥਣ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ. ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ.

No comments: