Friday, August 05, 2011

ਬਾਸਮਤੀ ਦੀ ਆਰਗੈਨਿਕ ਢੰਗ ਨਾਲ ਖੇਤੀ ਕਰਨ ਲਈ ਵਰਕਸ਼ਾਪ

ਬਾਸਮਤੀ ਐਕਸਪੋਰਟ ਡਿਵੈੱਲਪਮੈਂਟ ਫਾਊਂਡੇਸ਼ਨ ਵੱਲੋਂ ਬਾਸਮਤੀ ਆਰਗੈਨਿਕ ਢੰਗ ਨਾਲ ਖੇਤੀ ਸਬੰਧੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ ਤੋਂ ਗਜਿੰਦਰ ਸਿੰਘ    
ਵੀਰਵਾਰ ਨੂੰ ਸਥਾਨਕ ਆਰਟ ਗੈਲਰੀ ਵਿਖੇ ਬਾਸਮਤੀ ਐਕਸਪੋਰਟ ਡਿਵੈੱਲਪਮੈਂਟ ਫਾਊਡੇਂਸ਼ਨ ਵੱਲੋਂ ਐਗਰੀਕਲਚਰਲ ਐਂਡ ਪ੍ਰੋਸੈਸਿਡ ਫੂਡ ਪ੍ਰੋਡਕਟ ਐਕਸਪੋਰਟ ਡਿਵੈੱਲਪਮੈਂਟ ਅਥਾਰਟੀ (ਏ. ਪੀ. ਈ. ਡੀ. ਏ.) ਅਤੇ ਇੰਡਸਟਰੀਅਲ ਇਕਨਾਮਿਕਸ ਐਂਡ ਡਿਵੈੱਲਪਮੈਂਟ ਸੋਸਾਇਟੀ ਅੰਮ੍ਰਿਤਸਰ ਦੇ ਸਹਿਯੋਗ ਬਾਸਮਤੀ ਦੀ ਫਸਲ ਦੀ ਆਰਗੈਨਿਕ ਢੰਗ ਨਾਲ ਖੇਤੀ ਕਰਨ, ਉਪਜ ਵਧਾਉਣ ਅਤੇ ਉਸ ਦੀ ਉਚਿਤ ਮਾਰਕੀਟਿੰਗ ਕਰਨ ਲਈ ਇੱਕ ਵਰਕਸ਼ਾਪ ਲਗਾਈ ਗਈ, ਇਸ ਵਰਕਸ਼ਾਪ ਵਿੱਚ ਲਗਭਗ 500 ਕਿਸਾਨਾਂ ਨੇ ਹਿੱਸਾ ਲਿਆ।ਇਸ ਮੌਕੇ ਐਗਰੀਕਲਚਰਲ ਐਂਡ ਪ੍ਰੋਸੈਸਿਡ ਫੂਡ ਪ੍ਰੋਡਕਟ ਐਕਸਪੋਰਟ ਡਿਵੈੱਲਪਮੈਂਟ ਅਥਾਰਟੀ  ਦੇ ਡਿਪਟੀ ਜਨਰਲ ਮੇਨੈਜਰ ਸ੍ਰੀ ਨਵਨੀਸ਼ ਸ਼ਰਮਾ ਨੇ ਕਿਸਾਨਾਂ ਨੂੰ ਬਾਸਮਤੀ ਦੀ ਆਰਗੈਨਿਕ ਢੰਗ ਨਾਲ ਖੇਤੀ ਕਰਨ ਲਈ ਪ੍ਰੇਰਿਆ ਅਤੇ ਦੱਸਿਆ ਕਿ ਹਿੰਦੋਸਤਾਨੀ ਆਰਗੈਨਿਕ ਬਾਸਮਤੀ ਦੀ ਦੁਨੀਆਂ ਦੇ ਸਾਰੇ ਹਿੱਸਿਆਂ ਵਿੱਚ ਬਹੁਤ ਮੰਗ ਹੈ ਅਤੇ ਜੇਕਰ ਕਿਸਾਨ ਆਪਣੇ ਖੇਤਾਂ ਵਿੱਚ ਆਰਗੈਨਿਕ ਬਾਸਮਤੀ ਉਗਾਉਂਦਾ ਹੈ ਤਾਂ ਅੰਤਰ-ਰਾਸ਼ਟਰੀ ਮੰਡੀ ਵਿੱਚ ਉਸ ਦੀ ਫਸਲ ਦਾ ਉਚਿਤ ਮੁੱਲ ਮਿਲ ਸਕਦਾ ਹੈ।ਉਨ੍ਹਾਂ ਦੱਸਿਆ ਕਿ ਬਾਸਮਤੀ ਸਿਰਫ ਹਿੰਦੋਸਤਾਨ ਅਤੇ ਪਕਿਸਤਾਨ ਵਿੱਚ ਹੀ ਹੁੰਦਾ ਹੈ ਜਿਸ ਦੀ ਪੂਰੀ ਦੁਨੀਆਂ ਵਿੱਚ ਬਹੁਤ ਮੰਗ ਹੈ, ਬਾਸਮਤੀ ਐਕਸਪੋਰਟ ਡਿਵੈੱਲਪਮੈਂਟ ਫਾਊਂਡੇਸ਼ਨ ਹਿੰਦੋਸਤਾਨ ਦੇ ਬਾਸਮਤੀ ਪੈਦਾ ਕਰਨ ਵਾਲੇ 6 ਰਾਜਾਂ ਵਿੱਚ ਅਜਿਹੀਆਂ ਹੋਰ ਵਰਕਸ਼ਾਪਾਂ ਦਾ ਆਯੋਜਨ ਕਰ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਆਰਗੈਨਿਕ ਬਾਸਮਤੀ ਲਾਉਣ ਲਈ ਪ੍ਰੇਰਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਲਈ ਕਿਸਾਨਾਂ ਨੂੰ ਸ਼ੁੱਧ ਬੀਜ ਮੁਹੱਇਆ ਕਰਾਉਣ ਲਈ ਮੋਦੀਪੁਰਮ ਵਿਖੇ ਅੰਤਰਰਾਸ਼ਟਰੀ ਪੱਧਰ ਦੀ ਇੱਕ ਲੈਬਾਰਟਰੀ ਵੀ ਬਣਾਈ ਗਈ ਹੈ, ਜਿਥੋਂ ਕਿਸਾਨ ਸ਼ੁੱਧ ਅਤੇ ਜੈਵਿਕ ਬੀਜ ਲੈ ਸਕਦਾ ਹੈ। ਇਸ ਮੌਕੇ ਐਗਰੀਕਲਚਰਲ ਐਂਡ ਪ੍ਰੋਸੈਸਿਡ ਫੂਡ ਪ੍ਰੋਡਕਟ ਐਕਸਪੋਰਟ ਡਿਵੈੱਲਪਮੈਂਟ ਅਥਾਰਟੀ ਤੋਂ ਸ੍ਰੀਮਤੀ ਸੁਮਿਧਾ ਗੁਪਤਾ ਨੇ ਆਰਗੈਨਿਕ ਖੇਤੀ ਨੂੰ ਸਰਟੀਫਾਈ ਕਰਨ ਦੀਆ ਏਜੰਸੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਭਾਰਤ ਵਿੱਚ ਕੁੱਲ 20 ਸਰਟੀਫਿਕੇਸ਼ਨ ਏਜੰਸੀਆਂ ਹਨ ਜੋ ਕਿ ਅੰਤਰਰਾਸ਼ਟਰੀ ਮਾਪਦੰਡਾਂ 'ਤੇ ਕਿਸਾਨਾਂ ਦੀ ਖੇਤੀ ਅਤੇ ਉਪਜ ਦੀ ਗੁਣਵੰਤਾ ਨਿਰਧਾਰਿਤ ਕਰਕੇ ਉਸ ਨੂੰ ਪ੍ਰਮਾਣਿਤ ਕਰਦੀਆਂ ਹਨ।
ਇਸ ਮੌਕੇ ਅਗਾਂਹਵਧੂ ਕਿਸਾਨ ਸ੍ਰ. ਰਾਜਬੀਰ ਸਿੰਘ ਅਤੇ ਸ੍ਰ ਹਰਪਾਲ ਸਿੰਘ ਨੇ ਕਿਸਾਨਾਂ ਨਾਲ ਆਰਗੈਨਿਕ ਖੇਤੀ ਸਬੰਧੀ ਆਪਣੇ ਤਜ਼ਰਬਿਆਂ ਨੂੰ ਸਾਂਝੇ ਕੀਤਾ। ਇਸ ਤੋਂ ਇਲਾਵਾ ਇਸ ਮੌਕੇ ਡਾ. ਐੱਸ. ਐੱਸ. ਛੀਨਾ, ਖੇਤਰੀ ਜੈਵਿਕ ਖੇਤੀ ਕੇਂਦਰ ਹਿਸਾਰ ਤੋਂ ਡਾ. ਜਗਤ ਸਿੰਘ, ਡਾ. ਐੱਨ. ਐੱਲ ਭਾਟੀਆਂ, ਸ੍ਰੀ ਕੇ ਪੀ. ਐੱਸ. ਸੋਬਤੀ ਅਤੇ ਸ੍ਰੀ ਅਰਵਿੰਦਰਪਾਲ ਸਿੰਘ, ਬਾਸਮਤੀ ਐਕਸਪੋਰਟਰਜ਼ ਨੇ ਵੀ ਕਿਸਾਨਾਂ ਨਾਲ ਆਪਣੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਬਾਸਮਤੀ ਐਕਸਪੋਰਟ ਡਿਵੈੱਲਪਮੈਂਟ ਫਾਊਂਡੇਸ਼ਨ ਦੇ ਸੀਨੀਅਰ ਵਿਗਿਆਨੀ ਡਾ. ਰਿਤੇਸ਼ ਸ਼ਰਮਾ ਨੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਦੀ ਮਿੱਟੀ ਬਾਸਮਤੀ ਦੀ ਫਸਲ ਉਗਾਉਣ ਲਈ ਬਹੁਤ ਵਧੀਆ ਹੈ ਅਤੇ ਇਥੋਂ ਦਾ ਬਾਸਮਤੀ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੈ ਅਤੇ 2008-09 ਵਿੱਚ ਕੁੱਲ ਦਸ ਹਜ਼ਾਰ ਕਰੋੜ ਦਾ ਬਾਸਮਤੀ ਨਿਰਯਾਤ ਕੀਤਾ ਗਿਆ ਅਤੇ ਪੂਰੇ ਭਾਰਤ ਤੋਂ ਹੋਣ ਵਾਲੇ ਨਿਰਯਾਤ ਦਾ 85% ਸਿਰਫ ਪੰਜਾਬ 'ਚ ਹੀ ਕੀਤਾ ਜਾਂਦਾ ਹੈ।

No comments: