Tuesday, August 02, 2011

ਫੱਕਰ-ਦਰਵੇਸ਼:ਭਗਤ ਪੂਰਨ ਸਿੰਘ


                     ਰਣਜੀਤ ਸਿੰਘ ਪ੍ਰੀਤ                                           ਇਸ ਮਹਾਂਨ ਤਪੱਸਵੀ,ਸੱਚੇ ਗੁਰਸਿੱਖ,ਸੱਚੇ ਲੋਕ ਸੇਵਕ, ਪਿੰਗਲਵਾੜਾ ਸੰਸਥਾ ਦੇ ਬਾਨੀ,ਲਾਵਾਰਸ ਮਰੀਜਾਂ-ਅਪਾਹਜਾਂ ਦੇ ਮਾਤਾ-ਪਿਤਾ,ਸਾਰੀ ਉਮਰ ਗ੍ਰਹਿਸਤੀ ਜੀਵਨ ਤੋਂ ਮੁਕਤ ਰਹਿਣ ਵਾਲੇ,ੇ ਫ਼ਕੀਰੀ ਜੀਵਨ ਬਤੀਤ ਕਰਨ ਵਾਲੇ,ਫੱਕਰ ਦਰਵੇਸ਼,ਬਹੁ-ਪੱਖੀ ਸ਼ਖ਼ਸ਼ੀਅਤ ਦੇ ਮਾਲਕ, ਅਤੇ ਦੁਖੀ ਮਾਨਵਤਾ ਨੂੰ ਸਮਰਪਿਤ, ਭਗਤ ਪੂਰਨ ਸਿੰਘ ਜੀ ਦਾ ਜਨਮ ,ਜਿਨ੍ਹਾਂ ਦਾ ਮੁੱਢਲਾ ਨਾਂਅ ਰਾਮ ਜੀ ਦਾਸ ਸੀ 4 ਜੂਨ 1904 ਨੂੰ ਜ਼ਿਲਾ੍ਹ ਲੁਧਿਆਣਾ ,ਤਹਿਸੀਲ ਸਮਰਾਲਾ ਦੇ ਪਿੰਡ ਰਾਜੇਵਾਲਾ ਵਿਖੇ,ਮਾਤਾ ਮਹਿਤਾਬ ਕੌਰ ਅਤੇ ਪਿਤਾ ਚੌਧਰੀ ਚਿੱਬੂ ਮੱਲ ਦੇ ਘਰ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ।                              
   ਬਚਪਨ ਵਿੱਚ ਮਾਤਾ ਮਹਿਤਾਬ ਕੌਰ ਰਸਤੇ ਵਿੱਚ ਕੋਈ ਪੱਥਰ, ਕਿੱਲ-ਪੱਤਰੀ, ਰੋੜੇ ,ਕੱਚ,ਕੇਲਿਆਂ ਆਦਿ ਦੇ ਛਿਲਕੇ ਜਾਂ ਹੋਰ ਨੁਕਸਾਨਦਾਇਕ ਚੀਜ਼ਾਂ ਨੂੰ ਰਸਤਿਆਂ ਵਿੱਚੋਂ ਚੁੱਕ ਕੇ ਬਾਟੇ ਵਿੱਚ ਪਾਉਂਣ ਅਤੇ ਫਿਰ ਪਾਸੇ ਸੁਟਣ ਲਈ ਕਿਹਾ ਕਰਦੀ ਸੀ। ਦੁਖੀਆਂ ਦੀ ਮਦਦ ਲਈ ਪ੍ਰੇਰਦੀ ਸੀ। ਭਗਤ ਜੀ ਨੂੰ  ਪੜ੍ਹਨ ਲਈ ਖੰਨਾ ਦੇ ਸਕੂਲ ਵਿੱਚ ਭੇਜਿਆ ਗਿਆ ,ਦਸਵੀਂ ਵਿੱਚੋਂ ਫੇਲ੍ਹ ਹੋਣ 'ਤੇ ਲਾਹੌਰ ਦੇ ਖ਼ਾਲਸਾ ਹਾਈ ਸਕੂਲ ਵਿੱਚ ਦਾਖ਼ਲ ਕਰਵਾਇਆ ਗਿਆ,ਪਿਤਾ ਦੇ ਅਕਾਲ ਚਲਾਣੇ ਮਗਰੋਂ,ਉਸ ਦੀ ਮਾਤਾ ਨੂੰ ਪਹਿਲਾਂ ਮਿੰਟਗੁਮਰੀ ਵਿਖੇ ਇੱਕ ਡਾਕਟਰ ਦੇ ਘਰ ,ਅਤੇ ਫਿਰ ਲਾਹੌਰ ਵਿਖੇ ਭਾਂਡੇ ਮਾਂਜਣ ਵਰਗੇ ਕੰਮ ਕਰਨ ਪਏ। ਭਗਤ ਜੀ ਨਾਲੋ-ਨਾਲ ਗੁਰਦੁਆਰਾ ਡੇਹਰਾ ਸਾਹਿਬ,ਅਤੇ ਗੁਰਦੁਆਰਾ ਸ਼ਹੀਦ ਗੰਜ ਲਾਹੌਰ ਵਿਖੇ ਸੇਵਾ ਸੰਭਾਲ ਕਰਨ ਲੱਗ ਪਏ ਸਨ। ਗੁਰਦੁਆਰਾ ਰੇਰੂ ਸਾਹਿਬ ਵਿਖੇ ਬਿਤਾਈ ਇੱਕ ਰਾਤ ਦਾ ਵਧੀਆ ਪ੍ਰਭਾਵ ਵੀ ਉਹਨਾਂ ਦੇ ਮਨ ਉੱਤੇ ਸੀ
                    ਥਾਂ ਥਾਂ ਭ੍ਰਮਣ ਦੌਰਾਨ  ਇੱਕ ਦਿਨ ਉਹ ਗੁਰਦੁਆਰਾ ਸਾਹਿਬ ਜਾ ਠਹਿਰੇ,ਉਥੇ ਹਰ ਰਾਤ 25-30 ਯਾਤਰੀ ਜਾਂ ਹੋਰ ਲੋੜਵੰਦ ਆ ਕੇ ਭੋਜਨ ਛਕਿਆ ਕਰਦੇ ਸਨ,ਸਾਂਝੇ ਲੰਗਰ ਦੀ ਪਰੰਪਰਾ ਅਤੇ ਗੁਰਦੁਆਰਾ ਸਹਿਬ ਦੇ ਮੁਖੀ ਦਾ ਵਤੀਰਾ ਉਹਨਾਂ ਨੂੰ ਬਹੁਤ ਪਸੰਦ ਅਇਆ। ਗੱਲ 1932 ਦੀ ਹੈ,ਜਦ ਉਹਨਾਂ ਦੀ ਮੁਲਾਕਾਤ ਭਾਈ ਗੋਪਾਲ ਸਿੰਘ ਰਾਹੀਂ ਗੁਰਦੁਆਰਾ ਡੇਹਰਾ ਸਾਹਿਬ ਦੇ ਮੁਖੀ ਨਾਲ ਹੋਈ,ਜੋ ਭਗਤ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਪ੍ਰਭਾਵਿਤ ਹੋਏ,ਅਤੇ ਗੁਰਦੁਆਰਾ ਸਾਹਿਬ ਵਿਖੇ ਠਹਿਰਨ ਅਤੇ ਸੇਵਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਭਗਤ ਜੀ ਉੱਤੇ ਭਾਈ ਪਤਵੰਤ ਸਿੰਘ , ਭਾਈ ਗੋਪਾਲ ਸਿੰਘ ਅਤੇ ਭਾਈ ਹਰਨਾਮ ਸਿੰਘ ਜੀ ਦਾ ਕਾਫ਼ੀ ਅਸਰ ਸੀ,ਉਹ1923 ਵਿੱਚ ਹੀ ਅੰਮ੍ਰਿਤ ਪਾਨ ਕਰਕੇ  ਪੂਰਨ ਸਿੰਘ ਬਣ ਗਏ,ਅਤੇ ਉਹਨਾਂ ਦੀ ਸੇਵਾ ਵੇਖ ਉਹਨਾਂ ਦੇ ਨਾਂਅ ਨਾਲ ਸ਼ਬਦ ਭਗਤ ਜੁੜ ਗਿਆ। ਸਿਰਫ਼ 19 ਸਾਲ ਦੀ ਉਮਰ ਵਿੱਚ 1924 ਨੂੰ ਉਹ ਸੇਵਾ ਕਾਰਜਾਂ ਦੇ ਨਾਲ ਨਾਲ ਦਿਆਲ ਸਿੰਘ ਲਾਇਬ੍ਰੇਰੀ ਅਤੇ ਲਾਲਾ ਲਾਜਪਤ ਰਾਇ ਦਵਾਰਕਾ ਦਾਸ ਲਾਇਬ੍ਰੇਰੀ ਲਾਹੌਰ ਵਿਖੇ ਰੋਜ਼ਾਨਾ ਜਾ ਕੇ ਚੰਗੀਆਂ ਕਿਤਾਬਾਂ,ਅਖ਼ਬਾਰ,ਮੈਗਜ਼ੀਨ ਪੜ੍ਹਦੇ। ਵਿਸ਼ੇਸ਼ ਤੌਰ 'ਤੇ ਜੌਹਨ ਰਸਕਿਨ, ਇਮੇਰਸਨ , ਟਾਈਸਨ, ਥੌਰੇ ਆਦਿ ਨੂੰ ਪੜ੍ਹਨ ਤੋਂ ਇਲਾਵਾ ,ਮਹਾਤਮਾਂ ਗਾਂਧੀ ਦਾ ਹਫ਼ਤਾਵਾਰੀ ਮੈਗਜ਼ੀਨ "ਯੰਗ ਇੰਡੀਆ" ਜ਼ਰੂਰ ਪੜ੍ਹਦੇ ਅਤੇ ਹੋਰਨਾਂ ਨੂੰ ਪੜ੍ਹਾਇਆ ਕਰਦੇ ਸਨ।
           ਨਵੰਬਰ 1934 ਵਿੱਚ ਇੱਕ ਅੰਧੇਰੀ ਰਾਤ ਨੂੰ ਗੁਰਦੁਆਰਾ ਡੇਹਰਾ ਸਾਹਿਬ ਦੇ ਬੂਹੇ ਅੱਗੇ 4 ਕੁ ਸਾਲ ਦੇ ਗੂੰਗੇ-ਬੋਲੇ-ਅਪਾਹਜ-ਮੈਂਟਲ ਰੀਟਾਰਟਿਡ ਬੱਚੇ ਨੂੰ ਕੋਈ ਸੁੱਟ ਗਿਆ,ਤਾਂ ਅਰਦਾਸ ਕਰਕੇ ਗ੍ਰੰਥੀ ਸਿੰਘ ਜਥੇਦਾਰ ਅੱਛਰ ਸਿੰਘ ਜੀ ਨੇ ਪਿਆਰਾ ਸਿੰਘ ਨਾਂਅ ਰਖਦਿਆਂ ਇਹ ਬੱਚਾ ਭਗਤ ਜੀ ਨੂੰ ਸਾਂਭ ਸੰਭਾਲ ਲਈ ਸੌਂਪ ਦਿੱਤਾ, ਜਿਸ ਨੂੰ ਉਹ 14 ਸਾਲ ਪਿੱਠ 'ਤੇ ਬਿਠਾ ਕੇ ਲਈ ਫਿਰਦੇ ਰਹੇ। ਸੇਵਾ ਦੇ ਕਾਰਜ ਨੂੰ ਹੋਰ ਪਰਪੱਕ 1947 ਦੀ ਵੰਡ ਨੇ ਕਰਿਆ। ਜਦ 13 ਅਗਸਤ 1947 ਨੂੰ ਗੁਰਦੁਆਰਾ ਸ਼ਹੀਦ ਗੰਜ ਉੱਤੇ ਹਮਲਾ ਹੋਇਆ ,ਤਾਂ ਉਹ ਪਿਆਰੇ ਅਤੇ 20 ਹੋਰਨਾਂ ਸਮੇਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਠਹਿਰੇ ਹੋਏ ਸਨ। ਗਲ਼ ਦਾ ਹਾਰ ਅਖਵਾਉਂਦੇ ਪਿਆਰੇ ਨੂੰ ਚੁੱਕ ਕੇ ਉਹ 18 ਅਗਸਤ ਨੂੰ ਰਿਫ਼ਿਊਜੀ ਟਰੱਕ ਰਾਹੀਂ ਅੰਮ੍ਰਿਤਸਰ ਵਿਖੇ ਖ਼ਾਲਸਾ ਕਾਲਜ ਦੇ ਸ਼ਰਨਾਰਥੀ ਕੈਂਪ ਵਿੱਚ ਆ ਪਹੁੰਚੇ,ਜਿੱਥੇ 25000 ਦੇ ਕਰੀਬ ਸ਼ਰਨਾਰਥੀ ਠਹਿਰੇ ਹੋਏ ਸਨ। ਕੈਂਪ ਇਨਚਾਰਜ ਪਿੰ੍ਰ,ਜੋਧ ਸਿੰਘ ਜੀ ਤੋਂ ਪਤਾ ਲੱਗਿਆ ਕਿ ਅਪਾਹਜਾਂ ਅਤੇ ਹੋਰਨਾਂ ਲੋਕਾਂ ਲਈ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀ ਕੀਤਾ ਗਿਆ ਹੈ, ਡੰਗ ਟਪਾਊ ਇਲਾਜ ਕਰਨ ਲੱਗੇ ਅਤੇ ਲਾਗਲੀ ਕਲੌਨੀ ਵਿੱਚੋ ਂਖਾਣ ਲਈ ਪ੍ਰਸ਼ਾਦੇ ਅਤੇ ਇਲਾਜ ਲਈ ਪੈਸੇ ਮੰਗ ਕੇ ਲਿਆਉਣ ਲੱਗ ਪਏ।ਇੱਕ ਬੁੱਢਾ,ਇੱਕ ਅਪਾਹਜ,ਟੀਬੀ ਦੇ ਮਰੀਜ਼ ਮਾਂ-ਪੁੱਤ ਉਹਨਾਂ ਦੇ ਹੱਥਾਂ ਵਿੱਚ ਹੀ ਚੱਲ ਵਸੇ। ਦਸਤਾਂ ਵਾਲੇ ਕਪੜੇ ਉਹ ਸ਼ੰਭੂ ਨਾਥ ਦੇ ਕਾਰਖਾਨੇ ਵਾਲੀ ਮੋਟਰ ਦੇ ਵਾਧੂ ਡੁੱਲ੍ਹ ਰਹੇ ਪਾਣੀ ਨਾਲ ਧੋਇਆ ਕਰਦੇ ਸਨ। ਉਹ ਆਪਣੇ ਇਸ ਪਰਿਵਾਰ ਨੂੰ ਪੱਕਾ ਰੈਣ-ਬਸੇਰਾ ਨਾ ਹੋਣ ਕਾਰਣ 1947 ਤੋਂ 1958 ਤੱਕ,ਚੀਫ਼ ਖ਼ਾਲਸਾ ਦੀਵਾਨ, ਰੁੱਖਾਂ ਦੀ ਛਾਵੇਂ, ਰੇਲਵੇ-ਡਾਕਘਰਾਂ ਦੇ ਸ਼ੈਡਾਂ, ਸੜਕਾਂ ਕਿਨਾਰੇ,ਹਸਪਤਾਲ ਜਾਂ ਹੋਰਨਾਂ ਨਾ-ਅਬਾਦ ਥਾਵਾਂ ਉ'ਤੇ ਰਖਦੇ ਰਹੇ। ਪਰਿਵਾਰ ਦੇ ਵਾਧੇ ਨਾਲ ਹੋਰ ਮੁਸ਼ਕਲਾਂ ਵਧੀਆਂ ,ਤਾਂ ਉਹਨਾਂ ਨੇ ਇੱਕ ਬੰਦ ਪਏ ਸਿਨੇਮੇ ਵਿੱਚ ਠਿਕਾਣਾ ਬਣਾ ਲਿਆ। ਪਰ ਇਹ ਸਿਨੇਮਾਂ ਵੀ 35000 ਰੁਪਏ ਦੀ ਬੋਲੀ 'ਤੇ ਵਿਕ ਗਿਆ।                    
              ਏਸੇ ਹੀ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੱਲ ਰਹੀ ਮੀਟਿੰਗ ਵਿੱਚ ਜਾ ਕੇ ਸਾਰਾ ਵੇਰਵਾ ਦਸਦਿਆਂ 50000 ਰੁਪਏ ਦੀ ਕੀਤੀ ਮੰਗ ,ਜੋ ਪ੍ਰਵਾਨ ਹੋ ਗਈ,ਅਤੇ ਪਿੰਗਲਵਾੜਾ ਦੀ ਸਥਾਪਨਾ ਦਾ ਨੀਂਹ ਪੱਥਰ 1947 ਵਿੱਚ ਇਓਂ ਟਿਕ ਗਿਆ,( "ਫਨਿਗਅਲ" ਮeਅਨਸ "ਛਰਪਿਪਲe" ਅਨਦ "ੱਅਰਅ" ਮeਅਨ "ਹੋਮe"।),ਉਂਜ ਪਿੰਗਲਵਾੜੇ ਦੀ ਸ਼ਰੂਆਤ ਤਾਂ ਨਵੰਬਰ 1934 ਵਿੱਚ ਪਿਆਰੇ ਦੇ ਨਾਲ ਹੀ ਹੋ ਗਈ ਸੀ। ਜੇ ਕਰ ਹੋਰ ਪਿਛਾਂਹ ਵੱਲ ਝਾਤ ਮਾਰੀਏ ਤਾਂ ਸ਼ੁਰੂਆਤ 1924 ਤੋਂ ਮੰਂਨ ਸਕਦੇ ਹਾਂ,ਜਦੋਂ ਭਗਤ ਜੀ ਸੇਵਾ ਕਾਰਜਾਂ ਲਈ ਸਰਗਰਮ ਹੋ ਗਏ ਸਨ। ਪਰ ਅੰਮ੍ਰਿਤਸਰ ਵਿਖੇ 6 ਮਾਰਚ 1957 ਨੂੰ ਇਸ ਦੀ ਇਮਾਰਤ ਬਣਨ ਦਾ ਕਾਰਜ ਸ਼ੁਰੂ ਹੋਇਆ।                    ।।
                       ਵਧੀਆ ਪਬਲਿਸ਼ਰ ਅਤੇ ਲੇਖਕ ਵਜੋਂ,ਉਹਨਾਂ ਆਪਣੀ ਜੀਵਨੀ ਵੀ ਲਿਖੀ ਅਤੇ ਪ੍ਰਦੂਸ਼ਣ,ਵਧਦੀ ਅਬਾਦੀ,ਘਟਦਾ ਪਾਣੀ,ਖਾਦਾਂ,ਕੀਟ ਨਾਸ਼ਕਾਂ ਦੀ ਅੰਨੇਵਾਹ ਵਰਤੋਂ ਵਰਗੀਆਂ ਗੱਲਾਂ ਨੂੰ ਬਿਆਨ ਕਰਦਿਆਂ ਅਤੇ ਕਾਰਬਨ ਡਾਈਆਕਸਾਈਡ,ਓਜੋਨ ਦਾ ਕਲੋਰੋ-ਫ਼ਲੋਰੋ ਗੈਸਾਂ ਨਾਲ ਖ਼ਰਾਬ ਹੋਣਾ,ਡੀਜ਼ਲ-ਪੈਟਰੌਲ ਵਾਲੀਆਂ ਗੱਡੀਆਂ ਦਾ ਪ੍ਰਦੂਸ਼ਣ ਆਦਿ ਨੂੰ ਮਨੁੱਖ ਲਈ ਘਾਤਕ ਵੀ ਕਿਹਾ। ਇਸ ਸਬੰਧੀ ਸਾਹਿਤ ਛਾਪ ਕੇ ਮੁਫ਼ਤ ਵੰਡਿਆ। ਭਗਤ ਜੀ ਨੇ ਘਰੇਲੂ ਦਸਤਕਾਰੀ ਰਾਹੀਂ ਬੇ-ਰੁਜ਼ਗਾਰੀ ਦਾ ਹੱਲ ਕਰਨ ਦੀ ਤਜਵੀਜ਼ ਵੀ ਪੇਸ਼ ਕੀਤੀ। ਉਹਨਾਂ ਨੂੰ 1979 ਵਿੱਚ ਪਦਮਸ਼੍ਰੀ ਐਵਾਰਡ ਵੀ ਮਿਲਿਆ,ਜੋ ਉਹਨਾਂ 1984 ਵਿੱਚ ਹਰਮੰਦਿਰ ਸਾਹਿਬ 'ਤੇ ਕੀਤੇ ਹਮਲੇ ਦੇ ਰੋਸ ਵਜੋਂ ਵਾਪਸ ਕਰ ਦਿੱਤਾ। ਮਾਨਵਤਾ ਦੇ ਇਸ ਸੇਵਾਦਾਰ ਨੇ ਦੂਰ-ਅੰਦੇਸ਼ੀ ਦਾ ਸਬੂਤ ਦਿੰਦਿਆਂ 1986 ਵਿੱਚ ਹੀ ਬੀਬੀ ਡਾ,ਇੰਦਰਜੀਤ ਕੌਰ ਨੂੰ ਇਸ ਕਾਰਜ ਲਈ ਤਿਆਰ ਕਰਦਿਆਂ ਜੀਵਨ ਭਰ ਲਈ ਕੁੱਲ ਹਿੰਦ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ( ਰਜਿ: ਨੰ: 130 ) ਦੇ ਪ੍ਰਧਾਨ ਥਾਪ ਦਿੱਤਾ ਸੇ। 88 ਵਰ੍ਹਿਆਂ ਦੀ ਉਮਰ ਬਿਤਾਕੇ ਅਜਿਹੇ ਪ੍ਰਬੰਧਾਂ ਦੇ ਕਾਰਜਕਰਤਾ ਭਗਤ ਪੂਰਨ ਸਿੰਘ ਜੀ 5 ਅਗਸਤ 1992 ਨੂੰ,ਆਪਣਾ ਲਾਇਆ ਫਲਦਾ-ਫੁਲਦਾ ਬੂਟਾ ਅੱਜ ਲਈ ਵੇਖਣ ਤੋਂ ਪਹਿਲਾਂ ਹੀ ਇਸ ਫ਼ਾਨੀ ਜਗਤ ਨੂੰ ਸਦਾ ਸਦਾ ਲਈ ਅਲਵਿਦਾ ਕਹਿ ਗਏ,ਜਿਨਾਂ ਦੀਆਂ ਹਜ਼ਾਰਾਂ ਯਾਦਾਂ ਲੋਕ ਮਨਾਂ ਵਿੱਚ ਅੱਜ ਵੀ ਘਰ ਪਾਈ ਬੈਠੀਆਂ ਹਨ,ਉਹ ਸਰੀਰਕ ਤੌਰ 'ਤੇ ਅੱਜ ਭਾਵੇਂ ਨਹੀਂ ਹਨ,ਪਰ ਪਿੰਗਲਵਾੜੇ ਦੇ ਰੂਪ ਰਾਹੀਂ ਸੱਭ ਦੇ ਅੰਗ-ਸੰਗ ਵਿਚਰ ਰਹੇ ਹਨ।
                      ਇਹ ਗੱਲ ਬੜੇ ਦੁੱਖ ਦੀ ਹੈ ਕਿ ਉਹਨਾਂ ਦੀ ਮ੍ਰਿਤੂ ਸਮੇਂ ਸਰਕਾਰ ਦੇ ਚੱਲ ਰਹੇ ਸ਼ੈਸ਼ਨ ਵਿੱਚ ਉਹਨਾਂ ਦੀ ਮ੍ਰਿਤੂ ਤੇ ਇੱਕ ਸ਼ਬਦ ਵੀ ਨਹੀਂ ਕਿਹਾ ਗਿਆ,ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਨੇ ਐਲਾਨ ਕੀਤਾ ਕਿ 25000 ਰੁਪਏ ਮਹੀਨਾਂ ਮਦਦ, ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ,ਅਤੇ ਉਹਨਾਂ ਦੇ ਨਾਂਅ 'ਤੇ ਐਵਾਰਡ ਸ਼ੁਰੂ ਕੀਤਾ ਜਾਵੇਗਾ। ਅੱਜ ਜਿੱਥੇ ਉਹਨਾਂ ਦੇ ਨਾਂਅ 'ਤੇ ਪੰਜਾਬੀ ਹੈਰੀਟੇਜ ਸੰਗਠਨ ਸ਼ਿਕਾਗੋ ਵੱਲੋਂ "ਭਗਤ ਪੂਰਨ ਸਿੰਘ ਯਾਦਗਾਰੀ ਐਵਾਰਡ" ਦਿੱਤਾ ਜਾਂਦਾ ਹੈ, ਉਥੇ ਭਾਰਤ ਸਰਕਾਰ ਵੱਲੋ 2004 ਵਿੱਚ 5 ਰੁਪਏ ਵਾਲੀ ਡਾਕ ਟਿਕਟ ਵੀ ਜਾਰੀ ਕੀਤੀ ਗਈ ਹੈ। ਗੁਰੁ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਹਨਾਂ ਦੇ ਨਾਂਅ 'ਤੇ 2005'ਚ ਚੇਅਰ ਸਥਾਪਤ ਕੀਤੀ ਗਈ ਸੀ
               15 ਅਗਸਤ 1992 ਤੋਂ ਬੀਬੀ ਡਾ,ਇੰਦਰਜੀਤ ਕੌਰ ਪ੍ਰਬੰਧਕੀ ਸੁਸਾਇਟੀ ਦੇ ਪ੍ਰਧਾਂਨ ਹਨ,ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਦਫ਼ਤਰ ਦੇ ਪ੍ਰਬੰਧਕ,ਮੁਖਤਾਰ ਸਿੰਘ ਸਕੱਤਰ,ਅਤੇ ਜੈ ਸਿੰਘ ਮਾਨਾਵਾਲਾ ਸ਼ਾਖਾ ਦੇ ਮੁੱਖ ਪ੍ਰਬੰਧਕ ਹਨ,ਜਿੰਨ੍ਹਾਂ ਦੀ ਅਗਵਾਈ ਨਾਲ ਇਹ ਸੰਸਥਾ ਆਪਣਾ ਕੰਮ ਚਲਾ ਰਹੀ ਹੈ।ਦਾਨੀ ਸੱਜਣਾਂ ਦੀ ਸੂਚੀ ਬਹੁਤ ਲੰਬੀ ਹੈ,ਅੱਜ ਭਗਤ ਜੀ ਵਾਂਗ ਫ਼ਕੀਰੀ ਭੇਸ ਵਿੱਚ ਮੰਗਣ ਨਹੀਂ ਜਾਣਾ ਪੈਂਦਾ,ਆਪਣੇ ਆਪ ਦਾਨ ਰਾਸ਼ੀ ਆਈ ਜਾਂਦੀ ਹੈ,ਪਰ ਫਿਰ ਵੀ ਕਈ ਗੱਲਾਂ ਧਿਆਨ ਮੰਗਦੀਆਂ ਹਨ, ਜੋ ਕਮਜ਼ੋਰੀਆਂ ਸਿਰ ਚੁੱਕ ਰਹੀਆਂ ਹਨ,ਉਹਨਾਂ ਉੱਤੇ ਪਿਆਰ,ਅਤੇ ਸੂਝ-ਬੂਝ ਨਾਲ ਕਾਬੂ ਪਾਇਆ ਜਾਵੇ,ਨਹੀਂ ਤਾਂ ਇਹ ਸੰਸਥਾਂ ਵੀ ਸਿਖਰ ਤੋਂ ਹੋ ਕਿ ਵਾਪਸੀ ਵੱਲ ਆ ਜਾਵੇਗੀ। ਇਹ ਕਮਜ਼ੋਰੀਆਂ ਆਉਣ ਵਾਲੇ ਸਮੇਂ ਵਿੱਚ ਵਿਕਰਾਲ ਰੂਪ ਧਾਰ ਸਕਦੀਆਂ ਹਨ,ਉਹਨਾਂ ਨੂੰ ਲੋੜ ਹੈ ਅੱਜ ਹੀ ਨੱਥ ਪਾਉਣ ਦੀ। ਸਮਝਣ ਦੀ,ਅਤੇ ਸੁਲਝਾਉਣ ਦੀ।    *********             

                                      

No comments: