Monday, August 01, 2011

ਅਸੀਂ ਨੀ ਕਰਨੀ ਏਕਤਾ ਊਕਤਾ....!

ਵਿਅੰਗ : ਮਨਵਿੰਦਰ ਸਿੰਘ ਗਿਆਸਪੁਰਾ 
ਅਸੀਂ ਕਿਸੇ ਨਾਲ਼ ਏਕਤਾ ਨਹੀਂ ਕਰਨੀ। ਕਿਉਂ ਕਰੀਏ? ਏਕਤਾ ਤਾਂ ਸਿਰਫ ਉਸ ਨਾਲ ਹੀ ਹੁੰਦੀ ਹੈ ਜੋ ਸਿਧਾਂਤਕ ਤੌਰ ਤੇ ਤੁਹਾਡੇ ਨਾਲ਼ ਸਹਿਮਤ ਹੋਵੇ। ਸਾਡੇ ਨਾਲ਼ ਤਾਂ ਕੋਈ ਸਹਿਮਤ ਹੀ ਨਹੀਂ। ਇਹ ਅਗਲੇ ਦਾ ਕਸੂਰ ਹੈ ਸਾਡਾ ਥੋਡ਼ਾ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਸਿੱਖ ਹਾਂ । ਅਸੀਂ ਸਿਰਫ ਉਸ ਨਾਲ਼ ਏਕਤਾ ਕਰਾਂਗੇ ਜੋ ਸਾਡੇ ਨਾਲ਼ 100% ਸਹਿਮਤ ਹੋਵੇ । ਨਾਂ ਨੌ ਮਣ ਤੇਲ ਹੋਵੇ ਨਾਂ ਰਾਧਾ ਨੱਚੇ । ਸਿੱਖ ਛੇਤੀ ਕਿਤੇ ਏਕਤਾ ਥੋਡ਼ੋ ਕਰਦਾ ਹੈ । ਜੋ ਕਰਦੇ ਹਨ ਉਹ ਥਿਡ਼ਕੇ ਹੋਏ ਹਨ, ਕਿਤੇ ਨਾਂ ਕਿਤੇ ਧੋਖਾ ਖਾ ਜਾਣਗੇ ।
ਕਈ ਆਖਦੇ ਹਨ ਕਿ ਘੱਟੋ ਘੱਟ ਕਿਸੇ ਇੱਕ ਮੁੱਦੇ ਤੇ ਹੀ ਇਕੱਠੇ ਹੋ ਕੇ ਦਿਖਾਵੋ, ਹੁਣ ਵੋਟਾਂ ਹਨ ਇਸ ਵਿੱਚ ਹੀ, ਪਰ ਅਸੀਂ ਕਿਉਂ ਇਕੱਠੇ ਹੋਈਏ, ਜਦ ਕਿ ਅਸੀਂ ਜਾਣਦੇ ਹਾਂ ਕਿ ਅੱਗੇ ਚੱਲ ਕੇ ਸਾਡੇ ਵਿਚਾਰ ਟਕਰਾਵਣਗੇ ਹੀ ਤਾਂ ਹੀ ਹੁਣ ਹੀ ਕਿਉਂ ਨਾ ਅਲੱਗ ਅਲੱਗ ਰਹੀਏ, ਅਲੱਗ ਅਲੱਗ ਆਪੋ ਆਪਣੇ ਬੰਦੇ ਖਡ਼ੇ ਕਰੀਏ । ਨਾਲ਼ੇ ਜੇ ਕਿਤੇ ਵਖਤੀ ਏਕਤਾ ਕਰਦੇ-ਕਰਦੇ , ਇੱਕ ਦੂਜੇ ਦੇ ਨੇਡ਼ੇ ਹੁੰਦੇ ਹੁੰਦੇ ਅਸਲੀ ਏਕਤਾ ਕਰ ਬੈਠੇ ਤਾਂ........... ਲੋਕ ਸਾਨੂੰ ਮੇਹਣੇ ਦੇਣਗੇ ਕਿ ਦੇਖੋ ਏਹਨਾਂ ਨੇ ਵੀ ਏਕਾ ਕਰ ਲਿਆ ।
ਨਾਲ਼ੇ ਸਾਨੂੰ ਕੀ ? ਕਿਉਂ ਕਰੀਏ ਏਕਤਾ ਅਸੀਂ ?? ਕਿਉਂ ਸੁਣੀਏ ਕਿਸ ਦੀ ?? ਜੇ ਏਕਤਾ ਦੌਰਾਨ ਉਹਨਾ ਸਾਨੂੰ ਏਕਤਾ ਕਮੇਟੀ ਵਿੱਚ ਨਾਂ ਰੱਖਿਆ ਤਾਂ ?? ਜੇ ਸਾਡੇ ਬੰਦੇ ਘੱਟ ਖਡ਼ੇ ਕੀਤੇ ਤਾਂ ??ਭਾਵੇ ਜਿੱਤੀਏ ਭਾਵੇ ਹਾਰੀਏ ਬੰਦੇ ਤਾਂ ਹਰ ਸੀਟ ਤੇ ਖਡ਼ੇ ਕਰਨੇ ਨੇ ....ਜੇ ਸਾਡੇ ਬੰਦੇ ਖਡ਼ੇ ਕਰ ਵੀ ਦੇਣ ਫਿਰ ਪ੍ਰਧਾਨ ਮੈਨੂੰ ਨਾਂ ਬਣਾਇਆ ਫੇਰ ਅਜਿਹੀ ਏਕਤਾ ਕਿਸ ਕੰਮ । ਫਿਰ ਏਕਤਾ ਦਾ ਰਿਸਕ ਕਿਉਂ ਲਿਆ ਜਾਵੇ ?? ਆਪੋ ਆਪਣੀ ਡਫਲੀ ਹੀ ਠੀਕ ਰਹੇਗੀ ।।
ਅਸੀ ਵਿਰੋਧੀਆਂ ਨੂੰ ਕੋਸ ਕੋਸ ਕੇ ਆਪਣੇ ਹੀ ਵਿਰੁੱਧ ਉਹਨਾ ਨੂੰ ਇਕੱਠੇ ਹੋਣ ਦਾ ਆਪ ਇੰਤਜਾਮ ਕਰਾਂਗੇ । ਵਿਰੋਧੀ ਨਿਰੇ ਹੀ ਝੂਠੇ, ਮਕਾਰ ਸਹੀ, ਪਰ ਰਾਜਨੀਤਿਕ , ਧਾਰਮਿਕ ਜਾਂ ਹੋਰ ਸੰਗਠਨਾਂ ਤੇ ਉਹਨਾਂ ਦੀ ਹੀ ਪਕਡ਼ ਕਿਉਂ ਤੇ ਕਿਵੇਂ ਹੈ , ਇਹ ਸਮਝ ਕੇ ਅਸੀਂ ਕੀ ਲੈਣਾ ? ਅਸੀਂ ਵਿਰੋਧੀਆਂ ਦੀ ਏਕਤਾਂ ਤੋਂ ਹੀ ਕਿਉਂ ਸਬਕ ਸਿੱਖੀਏ ?? ਕਈ ਆਖਦੇ ਹਨ ਕਿ ਜਾਗਰੁਕਤਾ ਜਲਦੀ ਦੇਣੀ ਨਹੀਂ ਆਉਂਦੀ, ਲੰਬੀ ਵਿਉਂਤ ਬਣਾ ਕੇ ਲੰਬੀ ਰੇਸ ਦੇ ਘੋਡ਼ੇ ਬਣਨਾ ਪੈਂਦਾ ਹੈ । ਜੋ ਸਕਦਾ ਹੈ ਭਲੇ ਕੰਮ ਲਈ ਨਵੇਂ ਯੁੱਗ ਦਾ ਨਵਾਂ ਅਤੇ ਸੱਭ ਤੋਂ ਤਾਕਤਵਰ ਹਥਿਆਰ ਨੀਤੀ ਵੀ ਵਰਤਣੀ ਪਵੇ, ਜਿੱਤ ਸੱਚ ਦੀ ਹੀ ਹੁੰਦੀ ਹੈ, ਫਿਰ ਅਸੀਂ ਸੱਚ ਦੀ ਜਿੱਤ ਲਈ ਆਪਣੀ ਜ਼ਿਦ ਕਿਉਂ ਛੱਡੀਏ ? ਆਉ ਏਕਤਾ ਲਈ ਹਾਡ਼ੇ ਹਾਡ਼੍ਹੇ ਕੱਢਣ ਵਾਲਿਆਂ ਵਾਂਗ ਥੱਕ ਕੇ ਬੈਠਣ ਨਾਲ਼ੋ , ਕੋਈ ਦੂਰੀਆਂ ਵਧਾਉਣ ਦਾ ਨੁਸਖਾ ਸੋਚੀਏ, ਸ਼ਾਇਦ ਵਿਰੋਧੀਆਂ ਨੂੰ ਹੀ ਚੰਗਾ ਲੱਗੇ । 

No comments: