Friday, July 22, 2011

"ਭਾਵੇਂ ਕੁਝ ਵੀ ਹੋ ਜਾਵੇ ਜਥੇਦਾਰ ਨੰਦਗਡ਼੍ਹ ਅਦਾਲਤ ‘ਚ ਪੇਸ਼ ਨਹੀਂ ਹੋਣਗੇ"

 *ਸੁਨਹਿਰੀ ਸਰੂਪਾਂ ਦਾ ਮਾਮਲਾ ਠੰਡੇ ਬਸਤੇ ਵਿੱਚ*ਕਈ ਹੋਰ ਮਾਮਲੇ ਵੀ ਵਿਚਾਰੇ
ਅੰਮ੍ਰਿਤਸਰ, 22 ਜੁਲਾਈ: (ਗਜਿੰਦਰ ਸਿੰਘ ਅਤੇ ਬਿਊਰੋ ਰਿਪੋਰਟ)ਸਿੱਖ ਸੰਗਤਾਂ ਅਤੇ ਡੇਰਿਆਂ ਦਰਮਿਆਨ ਟਕਰਾਓ ਹੋਰ ਤਿੱਖਾ ਹੋਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ. ਤੇਜ਼ੀ ਨਾਲ ਚੱਲ ਰਹੇ ਘਟਨਾ ਕ੍ਰਮ ਅਧੀਨ ਇੱਕ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ‘ਤੇ ਹੋਈ. ਅੱਜ ਹੋਈ ਇਸ ਮੀਟਿੰਗ ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਤੁਲਣਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕੀਤੇ ਜਾਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ. ਯਾਦ ਰਹੇ ਕਿ  ਡੇਰੇ ‘ਤੇ ਸੁਰਿੰਦਰ ਸਿੰਘ ਰਾਗੀ ਵਲੋਂ ਮੁਖੀ ਦੇ ਡੇਰੇ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਤੁਲਨਾ ਕੀਤੀ ਗਈ ਸੀ. ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਦਾ ਗੰਭੀਰ ਨੋਟਿਸ ਲੈਂਦਿਆਂ  ਜਿਥੇ ਉਸ ਦੀਆਂ ਧਾਰਮਿਕ ਸਰਗਰਮੀਆਂ ‘ਤੇ ਰੋਕ ਲਾ ਦਿੱਤੀ ਗਈ ਹੈ, ਉਥੇ ਹੀ ਡੇਰਾ ਮੁਖੀ ਦੀ ਇਸ ਹਰਕਤ ਨੂੰ ਵੀ ਪੂਰੀ ਤਰਾਂ ਰੱਦ ਕਰਦਿਆਂ ਕੋਝੀ ਹਰਕਤ ਕਰਾਰ ਦਿੱਤਾ ਗਿਆ ਹੈ. ਇਸ ਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗਡ਼੍ਹ ਵਿਰੁੱਧ ਜਾਰੀ ਕੀਤੇ ਗਏ ਗੈਰ-ਜ਼ਮਾਨਤੀ ਵਾਰੰਟ ਨੂੰ ਨਕਾਰਨ ਦਾ ਫੈਸਲਾ ਵੀ ਕੀਤਾ ਗਿਆ ਹੈ. ਸਿੰਘ ਸਾਹਿਬਾਨ ਨੂੰ ਦੁਨਿਆਵੀ ਕਾਨੂੰਨ ਤੋਂ ਉਪਰ ਦੱਸਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਭਾਵੇਂ ਕੁਝ ਵੀ ਹੋ ਜਾਵੇ ਜਥੇਦਾਰ ਨੰਦਗਡ਼੍ਹ ਅਦਾਲਤ ‘ਚ ਪੇਸ਼ ਨਹੀਂ ਹੋਣਗੇ. ਉਨ੍ਹਾਂ ਇਸਨੂੰ ਹਰਿਆਣਾ ਦੀ ਕਾਂਗਰਸ ਸਰਕਾਰ ਦੀ ਸਾਜ਼ਿਸ਼ ਕਰਾਰ ਦਿੱਤਾ. ਇਸ ਮੀਟਿੰਗ ਵਿਚ ਕਈ ਹੋਰ ਮਾਮਲੇ ਵੀ ਵਿਚਾਰੇ ਗਏ. 
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਸ ਵਿਚ ਸ੍ਰੀ ਗੁਰੂ ਗ੍ਰੰਥbਸਾਹਿਬ ਜੀ ਦੇ ਸੁਨਹਿਰੇ ਸਰੂਪ ਦੇ ਵਿਵਾਦ ‘ਤੇ ਆਪੋ-ਆਪਣੀਆਂ ਰਿਪੋਰਟਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਕਰਨ ਤੋਂ ਬਾਅਦ ਅੱਜ ਪੰਜ ਸਿੰਘ ਸਾਹਿਬਾਨ ਵਲੋਂ ਇਸ ਮਸਲੇ ਨੂੰ ਪੂਰੀ ਤਰ੍ਹਾਂ ਠੰਡੇ ਬਸਤੇ ‘ਚ ਪਾਉਂਦਿਆਂ ਇਸਦੇ ਮੁੱਖ ਦੋਸ਼ੀ ਸਮਝੇ ਜਾਂਦੇ ਸੁਰਿੰਦਰ ਸਿੰਘ ਢੇਸੀ ਇੰਗਲੈਂਡ ਨੂੰ ਅਗਲੀ ਮੀਟਿੰਗ ‘ਚ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਹੈ ਜਦੋਂਕਿ ਇਸ ਤੋਂ ਪਹਿਲਾਂ ਦਿੱਲੀ ਕਮੇਟੀ ਵਲੋਂ ਇਸ ਮਾਮਲੇ ‘ਚ ਸ਼੍ਰੋਮਣੀ ਕਮੇਟੀ ਨੂੰ ਪ੍ਰਮੁੱਖ ਤੌਰ ‘ਤੇ ਜ਼ਿੰਮੇਵਾਰ ਦਸਿਆ ਜਾ ਰਿਹਾ ਸੀ. ਕਬੀਲੇ ਜ਼ਿਕਰ ਹੈ ਕਿ ਸਨਹਿਰੀ ਸਰੂਪਾਂ ਵਿੱਚ ਹੋਈਆਂ ਗਲਤੀਆਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਤਰਸੇਮ ਸਿੰਘ ਵਲੋਂ ਇਸ ਮਾਮਲੇ ‘ਤੇ ਪੰਜ ਸਿੰਘ ਸਾਹਿਬਾਨ ਨੂੰ ਆਪਣੇ ਸੁਝਾਅ ਦਿੱਤੇ ਗਏ ਤੇ ਇਸ ਮਾਮਲੇ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਬਾਕੀ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਸੀ. ਇਸ ਸਾਰੇ ਮਾਮਲੇ ਤੇ ਅੱਜ ਸਿੰਘ ਸਾਹਿਬਾਨ ਨੇ ਫੈਸਲਾ ਅਗਲੀ ਮੀਟਿੰਗ ‘ਚ ਕਰਨ ਦਾ ਐਲਾਨ ਕੀਤਾ ਹੈ. ਇਸਦੇ ਨਾਲ ਹੀ ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਆਈ ਰਿਪੋਰਟ ‘ਚ ਇਹ ਕਿਹਾ ਗਿਆ ਹੈ ਕਿ ਇਨ੍ਹਾਂ ਸਰੂਪਾਂ ਦਾ ਪ੍ਰਕਾਸ਼ ਨਹੀਂ ਹੋ ਸਕਦਾ ਤੇ ਪੰਜ ਸਰੂਪ ਲਾਇਬ੍ਰੇਰੀ ‘ਚ ਰੱਖ ਦਿੱਤੇ ਗਏ ਹਨ. ਸਿੰਘ ਸਾਹਿਬ ਇਹ ਮੰਨਿਆ ਕਿ ਇਨ੍ਹਾਂ ਸਰੂਪਾਂ ਦੀ ਪ੍ਰਕਾਸ਼ਨਾਂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਤੇ ਪੰਜਾਬ ਸਰਕਾਰ ਵਲੋਂ ਬਣਾਏ ਗਏ ਕਾਨੂੰਨ ਦੀ ਉਲੰਘਣਾ ਹੋਈ  ਹੈ ਅਤੇ ਸੁਰਿੰਦਰ ਸਿੰਘ ਢੇਸੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਦਿੱਤੇ ਸਪੱਸ਼ਟੀਕਰਨ ਤੋਂ ਬਾਅਦ ਜੋ ਵੀ ਕਸੂਰਵਾਰ ਹੋਣਗੇ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ. ਇਹਨਾਂ ਸਾਰੇ ਮਸਲਿਆਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇਤਕਰੀਬਨ ਸਾਢੇ ਸੱਤ ਘੰਟੇ ਚੱਲੀ ਮੀਟਿੰਗ ਦੌਰਾਨ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗਡ਼੍ਹ, ਤਖ਼ਤ ਸ੍ਰੀ ਕੇਸਗਡ਼੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਹਾਜ਼ਰ ਸਨ. ਮੀਡਿਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦਸਿਆ ਕਿ ਇਟਲੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਸਤਿਕਾਰ ਦੇ ਮਾਮਲੇ ਨੂੰ ਲੈ ਕੇ ਦੋਹਾਂ ਧਿਰਾਂ ਵਲੋਂ ਆਪੋ- ਆਪਣੇ ਸਪੱਸ਼ਟੀਕਰਨ ਭੇਜੇ ਗਏ ਹਨ ਪਰ ਹਰਵੰਤ ਸਿੰਘ ਦਾਦੂਵਾਲ ਖੁਦ ਹਾਜ਼ਰ ਨਹੀਂ ਹੋ ਸਕੇ. ਦੋਹਾਂ ਧਿਰਾਂ ਨੂੰ ਅਗਲੀ ਮੀਟਿੰਗ ‘ਚ ਆਹਮੋ-ਸਾਹਮਣੇ ਬਿਠਾ ਕੇ ਫੈਸਲਾ ਕੀਤਾ ਜਾਵੇਗਾ.ਇਸ ਮੀਟਿੰਗ ਵਿਚ ਦਾਦਾ ਚੇਲਾ ਰਾਮ ਵਾਲਾ ਮਾਮਲਾ ਵੀ ਵਿਚਾਰਿਆ ਗਿਆ.
ਦਾਦਾ ਚੇਲਾਰਾਮ ਜੋ ਪਿਛਲੀ ਮੀਟਿੰਗ ‘ਚ ਹਾਜ਼ਰ ਨਹੀਂ ਸੀ ਹੋ ਸਕੇ, ਨੇ ਅੱਜ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੁੰਦਿਆਂ ਆਪਣੇ-ਆਪ ਨੂੰ ਨਿਰਦੋਸ਼ ਸਾਬਿਤ ਕੀਤਾ ਜਦੋਂਕਿ ਇਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਹੋਰ ਧਾਰਮਿਕ ਸਾਹਿਤ ਦੀ ਬੇਅਦਬੀ ਦਾ ਗੰਭੀਰ ਮਾਮਲਾ ਪਹੁੰਚਿਆ ਸੀ ਅਤੇ ਇਸ ਸਮੇਂ ਦਿੱਲੀ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਪਰ ਅੱਜ ਸਿੰਘ ਸਾਹਿਬਾਨ ਨੇ ਅਗਲੀ ਪਡ਼ਤਾਲ ਤਕ ਇਸ ਮਾਮਲੇ ਨੂੰ ਟਾਲ ਦਿੱਤਾ ਹੈ. ਹਰਿਆਣਾ ਸ਼ਹਿਰ ਦੇ ਇਲਾਕੇ ਹਿੰਮਤਪੁਰ ਸਾਹਿਬ ਵਿਖੇ ਇਕ ਪਾਠੀ ਦੇ ਪਾਲਤੂ ਜਾਨਵਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਲੇ ਕਮਰੇ ਅੰਦਰ ਰਹਿ ਜਾਣ ਕਾਰਨ ਪਾਵਨ ਸਰੂਪ ਦੀ ਹੋਈ ਬੇਅਦਬੀ ਦੇ ਮਾਮਲੇ ‘ਚ ਪਾਠੀ ਨੂੰ ਵਾਰ-ਵਾਰ ਸੱਦਣ ‘ਤੇ ਉਸ ਵਲੋਂ ਪੇਸ਼ ਨਾ ਹੋਣ ‘ਤੇ ਅੱਜ ਉਸ ਪਾਠੀ ਵਿਰੁੱਧ ਧਾਰਾ 295-ਏ ਤਹਿਤ ਪਰਚਾ ਦਰਜ ਕਰਵਾਉਣ ਦੀ ਹਦਾਇਤ ਦੇ ਦਿੱਤੀ ਗਈ ਹੈ. ਇਕ ਹੋਰ ਧਰਮ ਸਿੰਘ ਨਿਹੰਗ, ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਹੈ, ਨੂੰ ਵੀ ਤਨਖਾਹੀਆ ਕਰਾਰ ਦਿੰਦਿਆਂ ਉਦੋਂ ਤਕ ਉਸਦਾ ਕੌਮ ਵਲੋਂ ਸਮਾਜਿਕ ਬਾਈਕਾਟ ਕਰਨ ਦਾ ਹੁਕਮ ਦਿੱਤਾ ਹੈ ਜਦੋਂ ਤਕ ਉਹ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਨਹੀਂ ਹੁੰਦਾ.
ਇਕ ਹੋਰ ਮਾਮਲੇ ‘ਚ ਭਾਈ ਜੋਗਿੰਦਰ ਸਿੰਘ ਗ੍ਰੰਥੀ, ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੌਰਾਨ ਕਈ ਪੰਨੇ ਉਲਟਾ ਦਿੱਤੇ ਸਨ, ਨੂੰ ਵੀ ਧਾਰਮਿਕ ਸਜ਼ਾ ਸੁਣਾਈ ਗਈ ਹੈ। ਐੱਸ.ਜੀ.ਪੀ.ਸੀ. ਵਲੋਂ ਦਿੱਲੀ ਕਮੇਟੀ ਵਿਰੁੱਧ ਅੱਜ ਤਿੰਨ ਸਫਿਆਂ ਦਾ ਇਕ ਪੱਤਰ ਦੇ ਕੇ ਉਸ ਵਲੋਂ ਗੁਰਮਤਿ ਸਿਧਾਂਤਾਂ ਵਿਰੁੱਧ ਕੀਤੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ, ਜਿਸ ਦੇ ਜਵਾਬ ‘ਚ ਜਥੇਦਾਰ ਨੇ ਕਿਹਾ ਕਿ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ.

No comments: