Friday, July 29, 2011

ਸੁਰਾਂ ਦੀ ਸੰਜੀਦੀਗੀ ਦਾ ਸਰਤਾਜ ਅਤੇ ਵਿਵਾਦ

    Wed, Jul 27, 2011 at 11:42 PM               ਵਿਦੇਸ਼ੀ ਧਰਤੀ ਤੋਂ ਇੰਦਰਜੀਤ ਕਾਲਾਸੰਘਿਆਂ ਦਾ ਇੱਕ ਵਿਸ਼ੇਸ਼ ਲੇਖ: 
ਪੰਜਾਬੀ ਗੀਤਕਾਰੀ ਦੇ ਖੇਤਰ ਵਿਚ ਕੁਝ ਨਾਮ ਐਸੇ ਵੀ ਹਨ ਜਿਹਨਾ ਨੇ ਇਸ ਭੀਡ਼ ਭਡ਼ਕੇ ਵਾਲੀ ਘਟੀਆਂ ਪੱਧਰ
ਦੀ ਨਿੰਕਮੀ ਕਿਸਮ ਦੀ ਉਤੇਜਤ ਅਤੇ ਭਡ਼ਕਾਊ ਕਿਸਮ ਦੀ ਗੀਤਕਾਰੀ ਦੇ "ਝੱਖਡ਼" ਤੋ ਖੁਦ ਨੂੰ ਪ੍ਰਭਾਵਿਤ ਨਹੀ ਹੋਣ ਦਿੱਤਾ. ਇਸ ਮੁਕਾਬਲੇਬਾਜ਼ੀ ਦੇ ਦੋਰ ਵਿਚ ਜਿਥੇ ਹਰ ਕੋਈ ਗੀਤਕਾਰੀ ਦੇ ਖੇਤਰ ਵਿਚ ਹਰ ਇੱਕ "ਫਾਰਮੂਲਾ" ਅਪਣਾਉਣ ਨੂੰ ਤਿਆਰ ਹੈ, ਉਥੇ ਹੀ ਕੁਝ ਐਸੇ ਨਵੇ ਚਿਹਰੇ ਵੀ ਹਨ ਜਿਨ੍ਹਾਂ ਨੇ ਪੰਜਾਬੀ ਗੀਤਕਾਰੀ ਤੇ ਗਾਇਕੀ ਦੇ ਖੇਤਰ ਵਿਚ ਆਪਣੀ ਰਚਨਾਤਮਿਕ ਸੱਮਰਥਾ ਨਾਲ ਹੀ ਖੁਦ ਨੂੰ ਸਥਾਪਿਤ ਕੀਤਾ ਹੈ. ਚਾਹੇ ਕੀ ਉਨ੍ਹਾ ਦਾ ਵਿਚਾਰ੍ਧਾਰਿਕ ਪੱਖ ਬਹੁਤ ਹੀ ਕਮਜੋਰ,ਸੁਪਨਮਈ ਜਾਂ ਯੂਟੋਪੀਅਨ ਹੀ ਹੈ,ਪਰ ਫਿਰ ਵੀ ਉਹ ਸਮਾਜ ਵਿਚਲੀਆਂ ਬੁਰਾਈਆਂ 'ਤੇ ਬੋਲੇ ਤਾਂ ਹਨ. ਇਸ ਵਿਚ ਵੀ ਕੋਈ ਦੋ ਰਾਇ ਨਹੀ ਕੀ ਉਨ੍ਹਾਂ ਦਾ ਸਾਫ਼ ਤੇ ਸ਼ੱਪਸ਼ਟ ਮਕਸਦ ਇਸ ਰਾਹੀ ਸਿਰਫ ਆਪਣਾ "ਆਰਥਿਕ ਪੱਧਰ" ਸੁਧਾਰਨਾ ਹੀ ਹੈ.ਪਰ ਫਿਰ ਵੀ ਸਮਾਜ ਦਾ ਜੇ ਉਹ ਕੋਈ ਸੁਧਾਰ ਨਹੀ ਵੀ ਕਰ ਰਹੇ ਤਾਂ "ਲੁੱਚ ਪਉ" ਦਾ ਖਿਲਾਰਾ ਵੀ ਨਹੀ ਪਾ ਰਹੇ.
ਪੰਜਾਬੀ ਗੀਤਕਾਰੀ ਵਿਚ ਇੱਕ ਐਸਾ ਹੀ ਨਾਮ ਜੋ ਬਹੁਤ ਹੀ ਥੋਡ਼ੇ ਸਮੇ ਵਿਚ ਇੱਕ ਸਿਤਾਰੇ ਵਾਂਗ ਚਮਕਿਆ ਉਹ ਹੈ ਸੂਫੀ ਗਾਇਕ ਸਤਿੰਦਰ ਸਰਤਾਜ. ਸਤਿੰਦਰ ਸਰਤਾਜ ਨੂੰ ਮੈਂ ਪਹਿਲੀ ਵਾਰ ਆਪਣੇ ਇੱਕ ਦੋਸਤ ਦੇ ਘਰ ਸੁਣਿਆ ਸੀ,ਉਸ ਨੇ ਸਰਤਾਜ  ਦਾ ਗੀਤ "ਇਬਾਦਤ ਕਰ,ਇਬਾਦਤ ਕਰ ,ਇਬਾਦਤ ਕਰਨ ਨਾਲ ਹੀ ਗੱਲ ਬਣਦੀ ਹੈ"  ਜੋ ਸ਼ਾਇਦ ਉਸ ਨੇ ਯੂ-ਟਿਊਬ ਤੋ ਡਾਊਨਲੋਡ ਕੀਤਾ ਸੀ ਮੈਨੂੰ ਸੁਣਾਇਆ. ਮੈਨੂੰ ਇਸ ਗੀਤ ਨੇ ਕੋਈ ਖਾਸ ਪ੍ਰਭਾਵਿਤ ਨਹੀ ਸੀ ਕੀਤਾ.ਮੈਨੂੰ ਜਪਿਆ ਕਿ ਇਹ ਕੋਈ ਦੇਵ ਦਿਲਦਾਰ ਵਰਗਾ ਹੀ ਸੂਫ਼ੀ ਦੀਵਾਨਾ ਹੈ. ਪਰ ਉਸ ਦੀ ਐਲਬਮ "ਮਹਿਫਲ-ਏ-ਸਰਤਾਜ" ਨੇ ਉਸ ਨੂੰ ਪੰਜਾਬੀ ਗਾਇਕੀ ਦੀਆਂ ਉਨ੍ਹਾਂ ਬੁਲੰਦੀਆਂ ਤੱਕ ਪੁਹੰਚਾ ਦਿੱਤਾ,ਜਿਥੇ ਪੰਜਾਬੀ ਗੀਤਕਾਰੀ ਦਾ  ਬਾਬਾ ਬੋਹਡ਼ "ਗਿੱਦਡ਼ਰਬਾਹੇ ਵਾਲਾ ਬਾਬਾ" ਵੀ ਉਸ ਦੇ ਤਾਰੀਫ਼ ਕਰਨੋ ਖੁਦ ਨੂੰ ਨਾ ਰੋਕ ਸਕਿਆ. ਸਰਤਾਜ ਦੇ ਗੀਤ ਚਾਹੇ ਬਿਨਾ ਸ਼ੱਕ ਸੂਫ਼ੀਵਾਦ ਤੋ ਪ੍ਰਭਾਵਿਤ ਕਿਸੇ "ਗੈਬੀ ਸ਼ਕਤੀ" ਯਾਨੀ ਕਿ ਰੱਬ ਦੇ ਰੰਗ ਵਿਚ ਰੰਗੇ ਹੋਏ ਸਨ,ਪਰ ਉਨ੍ਹਾਂ ਵਿਚਲੀ ਕਲਾਤਮਿਕ ਸ਼ੈਲੀ ਅਤੇ ਸੁਰਾਂ ਦੀ ਛਣਕਾਰ ਨੇ ਹਰ ਕਿਸੇ ਨੂੰ ਮਹਿਫਲ-ਏ-ਸਰਤਾਜ ਨੂੰ ਸਲਹਾਉਣ ਲਈ ਮਜਬੂਰ ਕਰ ਦਿੱਤਾ. ਬੇਸ਼ੱਕ ਵਿਚਾਰ੍ਧਾਰਿਕ ਪੱਖੋ ਇਹ ਗੀਤ ਹਾਕਮ ਜਮਾਤ ਦੇ ਅਧਿਆਤਮਵਾਦੀ ਵਿਚਾਰਧਾਰਾ ਦੇ ਪਸਾਰ ਦਾ ਹਿੱਸਾ ਹੀ ਰਹੇ ਹੋਣ ਪਰ ਫਿਰ ਵੀ ਘਟੀਆਂ ਤੇ ਨੀਵੇ ਦਰਜੇ ਦੀ ਗੀਤਕਾਰੀ ਤੋ ਅੱਕ ਚੁੱਕੇ ਸਰੋਤਿਆ ਨੂੰ ਸਰਤਾਜ ਇੱਕ ਦਿਲ ਨੂੰ ਛੂਹ ਜਾਂਣ ਵਾਲਾ ਤੇ ਰੂਹ ਨੂੰ ਸਰੂਰ ਦੇਣ ਵਾਲਾ ਫੱਕਰ ਜਾਪਿਆ. ਬਿਨਾ ਸ਼ੱਕ ਇਹ ਸਰਤਾਜ ਹੀ ਸੀ ਜਿਸ ਨੇ ਬਾਕੀ ਗੀਤਕਾਰਾਂ ਨੂੰ ਅਜਿਹਾ ਲਿਖਣ 'ਤੇ ਮਜਬੂਰ ਕਰ ਦਿੱਤਾ, ਇਸ ਦੋਰ ਦੇ ਕੁਝ ਗੀਤਕਾਰਾਂ ਨੂੰ ਸਮਾਜ ਵਿਚਲੀਆਂ ਬੁਰਾਈਆਂ ਤੇ ਮੁੱਨ੍ਖਤਾ ਦੀ ਚੀਸ ਬਾਰੇ ਲਿਖਣ ਨੂੰ ਮਜਬੂਰ ਕੀਤਾ. ਚਾਹੇ ਕਿ ਸਰਤਾਜ ਉੱਚ ਮੁੱਨਖੀ ਕਦਰਾਂ ਕੀਮਤਾਂ ਦੀ ਸਥਾਪਤੀ ਲਈ ਸਿਰਫ  ਯੂਟੋਪੀਅਨ ਅਧਿਆਤਮਵਾਦੀ ਉਪਦੇਸ਼ਵਾਦ ਦਾ ਹੀ ਰਾਹ ਫਡ਼ਦਾ ਹੈ, ਫਿਰ ਵੀ ਉਹ ਸਲਾਹਿਆ ਗਿਆ. ਉਸ ਦੀ ਪ੍ਰਚੀਨ ਪ੍ਰੰਪਰਾਗਤ ਗੀਤਕਾਰੀ ਨਾਲ ਜੁਡ਼ੀ ਸ਼ੈਲੀ ਅਤੇ ਸੂਫੀਅਤ ਵਿਚ ਭਿੱਜੀ ਅਵਾਜ ਨੇ ਸਦੀਆਂ ਪਹਿਲਾ ਕੂਕਦੀ ਰੂਹਾਨੀਅਤ ਨੂੰ ਇੱਕ ਵਾਰ ਫਿਰ ਸੁਰਜੀਤ ਕਰ ਦਿੱਤਾ ਸੀ.
inderkalasanghian@yahoo.in
ਪਰ ਕਹਿੰਦੇ ਨੇ ਜਿਵੇ ਜਿਵੇ ਇਨਸਾਨ ਮਸ਼ਹੂਰ ਹੋ ਜਾਂਦਾ ਹੈ ਉਸ ਦੀਆਂ ਕਮਜੋਰੀਆਂ ਵੀ ਲੋਕਾਈ ਵਿਚ ਨਸ਼ਰ ਹੋਣ ਲੱਗ ਜਾਂਦੀਆਂ,ਕਈ ਤਰ੍ਹਾ ਦੇ ਵਿਵਾਦ ਤੇ ਅਪਵਾਦ ਦਾ ਵੀ ਸ਼ਿਕਾਰ ਹੋਣ ਲੱਗ ਜਾਂਦਾ ਹੈ. ਵਿਵਾਦ ਵੀ ਸਰਤਾਜ ਨਾਲ ਉਸੇ ਤਰ੍ਹਾ ਹੀ ਜੁਡ਼ੇ ਜਿਵੇ ਉਸ ਦੇ ਸਰੋਤੇ "ਸਾਂਈ ਵੇ ਸਾਂਈ" ਨਾਲ ਜੁਡ਼ੇ ਸਨ. ਵਿਵਾਦ ਦੀ ਸ਼ੁਰੂਆਤ ਹੋਈ ਪੰਜਾਬ ਦੇ "ਉਸਤਾਦ" ਗ਼ਜ਼ਲਕਾਰ ਤਰਲੋਕ ਜੱਜ ਦੁਆਰਾ ਸਰਤਾਜ ਉਪਰ ਇਹ ਇਲ੍ਜ਼ਾਮ ਲਗਾਉਣ ਨਾਲ ਕਿ ਸਰਤਾਜ ਨੇ ਉਨ੍ਹਾ ਦੀ ਇੱਕ ਗ਼ਜ਼ਲ "ਮੈਂ ਅੱਗ ਦੇ ਵਸਤਰ ਪਾਉਣੇ ਨੇ" ਦੇ ਕੁਝ ਸ਼ਿਅਰ ਤੋਡ਼ ਮਰੋਡ਼ ਕੇ ਆਪਣੇ ਇੱਕ ਗੀਤ ਵਿਚ ਵਰਤੇ ਹਨ. ਸਾਹਿਤਿਕ ਅਤੇ ਪੱਤਰਕਾਰੀ ਦੇ ਖੇਤਰ ਦੀਆਂ ਕੁਝ ਨਾਮਵਾਰ ਸ਼ਖਸ਼ੀਅਤ ਅਤੇ ਜੱਜ ਸਾਬ ਦੇ ਵਕੀਲ ਸੁਸ਼ੀਲ ਰਹੇਜਾ ਦੀ ਬਦੋਲਤ ਇਹ ਮਸਲਾ ਪੰਜਾਬੀ ਸਾਹਿਤ ਜਗਤ ਵਿਚ ਧਮਾਕੇਖੇਜ ਖਬਰ ਦੇ ਰੂਪ ਵਿਚ ਸਾਹਮਣੇ ਆਇਆ. ਸਾਹਿਤ ਜਗਤ ਵਿਚ ਚੋਰੀ ਦੀ ਇਹ ਕੋਈ ਨਵੀ ਖਬਰ ਨਹੀ ਸੀ ਮੇਰੀ ਨਜਰੇ ਵੀ ਇੱਕ ਵਾਰ ਅਜਿਹਾ ਮਸਲਾ ਆਇਆ ਸੀ ਜਦੋ "ਸੰਤ ਸਿਪਾਹੀ" ਮੈਗਜ਼ੀਨ ਨੇ ਸੰਤ ਰਾਮ ਉਦਾਸੀ ਦੀ ਇੱਕ ਕਵਿਤਾ " ਹਰਿਮੰਦਰ ਦੀ ਨੀਹ " ਪਟਿਆਲੇ ਦੇ ਕਿਸੇ ਵਿਅਕਤੀ ਦੇ ਨਾਮ ਹੇਠ ਪ੍ਰਕਾਸ਼ਿਤ ਕਰ ਦਿੱਤੀ ਸੀ. ਪਰ ਸਰਤਾਜ ਦੇ ਮਸਲੇ ਵਿਚ ਪੰਜਾਬੀ ਦੀ ਬਿਜਲਈ ਸੱਥ ਫੇਸਬੁੱਕ ਨੂੰ ਇੱਕ ਪਰਚਾਰ ਦੇ ਮੰਚ ਵੱਜੋ ਵਰਤਿਆ ਗਿਆਂ. ਜੱਜ ਸਾਬ ਲਈ ਉਨ੍ਹਾਂ ਦੇ ਮਿੱਤਰਾਂ ਵੱਲੋ ਇਸ ਮਸਲੇ ਵਿਚ ਸਮਰਥਨ ਜਟਾਉਣ ਬਿਲਕੁਲ ਉਂਝ ਹੀ ਕੰਮ ਕੀਤਾ ਗਿਆ ਜਿਵੇ ਅੱਜ ਕੱਲ ਮਨਪ੍ਰੀਤ ਦੀ ਪਾਰਟੀ ਪੀ ਪੀ ਪੀ ਦੇ ਸਮਰਥਕਾਂ ਵੱਲੋ ਕੀਤਾ ਜਾ ਰਿਹਾ ਹੈ.  ਚਾਹੇ ਕੀ ਹਰ ਇੱਕ ਰਚਨਾ ਲਈ ਵਿਚਾਰ ਇਨਸਾਨ ਸਮਾਜ ਦੇ ਵਿਚ ਵਪਾਰ ਰਹੀਆਂ ਘਟਨਾਵਾ ਵਿਚੋ ਹੀ ਲੈਂਦਾ ਹੈ,ਪਰ ਫਿਰ ਵੀ ਕਈ ਵਾਰ ਇਤਫਾਕਨ ਵੀ ਰਚਨਾ ਵਿਚ ਕੁਝ ਮਿਲਦੀ ਜੁਲਦੀ ਗੱਲ ਹੋ ਸਕਦੀ ਹੈ.ਕਈ ਵਾਰ ਗ਼ਜ਼ਲਕਾਰ ਖੁਦ ਇਹ ਗੱਲ ਬਿਨਾ ਝਿਜਕ ਕਬੂਲ ਕਰਦੇ ਹਨ ਕੀ ਮੇਰੀ ਇਹ ਰਚਨਾ ਉਸ ਫਲਾਣੀ ਰਚਨਾ ਤੋ ਪ੍ਰਭਾਵਿਤ ਹੈ ਜਾਂ ਮੈਂ ਇਹ ਗ਼ਜ਼ਲ ਫਲਾਣੇ ਗ਼ਜ਼ਲਕਾਰ ਦੁਆਰਾ ਵਰਤੀ ਜ਼ਮੀਨ ਤੇ ਲਿਖੀ ਹੈ, ਦੇਬੀ ਮਖਸੂਸਪੁਰੀ ਦੇ ਕਈ ਅਜਿਹੇ ਸ਼ਿਅਰ ਹਨ ਜੋ ਕਈ ਗੀਤਕਾਰਾਂ ਨੇ ਹੂਬਹੂ ਆਪਣੇ ਗੀਤਾਂ ਵਿਚ ਵਰਤੇ ਹਨ. ਚਲੋ ਖੈਰ ਫਿਰ ਵੀ ਸਰਤਾਜ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੰਦੇ ਹੋਏ ਆਪਣੀ "ਗਲਤੀ" ਕਬੂਲ ਕਰਨ ਦਾ ਹੋਸਲਾ ਤੇ ਦਲੇਰੀ ਕੀਤੀ.ਉਸ ਨੇ ਸਮਝੋਤੇ ਅਤੇ ਰਾਜੀਨਾਵੇ ਲਈ ਖੁਦ ਜੱਜ ਸਾਬ ਦੇ ਘਰ ਆ ਕੇ ਗੱਲ ਕੀਤੀ. ਜਕਾਂ ਤਕਾਂ ਤੋ ਬਾਅਦ ਜੱਜ ਨੂੰ ਪ੍ਰਵਨਿਤ ਸਮਝੋਤਾ ਅਖੀਰ ਸਿਰੇ ਚਡ਼ ਗਿਆ. ਜਿਸ ਦੀਆਂ ਤਸਵੀਰਾਂ ਵੀ ਸ਼ੋਸ਼ਲ ਨੈਟਵਰਕ ਤੇ ਸਾਂਝੀਆਂ ਕੀਤੀਆਂ ਗਈਆਂ. ਸਮਝਿਆ ਜਾਣ ਲੱਗ ਕੇ ਇਹ ਮਸਲਾ ਹੁਣ ਖਤਮ ਹੋ ਚੁੱਕਾ ਹੈ. ਪਰ ਹੁਣ ਤਾਜ਼ਾ ਘਟਨਾਕ੍ਰਮ ਵਿਚ ਤਰਲੋਕ ਜੱਜ ਜੀ ਨੇ ਸਰਤਾਜ ਉਪਰ ਕਾਪੀਰਾਈਟ ਐਕਟ ਦੀ ਉਲੰਘਣਾਂ ਅਤੇ ਧੋਖਾਧਡ਼ੀ ਦਾ ਮਾਮਲਾ ਦਰਜ ਕਰਵਾ ਦਿੱਤਾ ਹੈ. ਜਿਸ ਬਾਰੇ ਜਨਾਬ ਤਰਲੋਕ ਜੱਜ ਦਾ ਕਹਿਣਾ ਹੈ ਕੀ ਉਨ੍ਹਾਂ ਨੇ ਪਹਿਲਾ ਅਪਾਣੇ ਵਕੀਲ ਸੁਸ਼ੀਲ ਰਹੇਜਾ ਜੀ ਰਾਹੀ ਸਰਤਾਜ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ. ਜਦ ਕੀ ਦੂਜੇ ਪਾਸੇ ਸਰਤਾਜ ਦਾ ਕਹਿਣਾ ਹੈ ਕੀ ਉਸ ਨੇ ਸਮਝੌਤੇ ਤੋ ਬਾਅਦ ਕਦੇ ਵੀ ਉਹ ਗੀਤ ਕਿਤੇ ਵੀ ਦੁਬਾਰਾ ਨਹੀ ਗਾਇਆਂ, ਇਸ ਮਸਲੇ ਬਾਰੇ ਪੁਲਿਸ ਵਿਭਾਗ ਵੱਲੋ ਜਾਣਕਾਰੀ ਦਿੰਦੇ ਐਸ ਪੀ {ਡੀ} ਹਰਜੀਤ ਸਿੰਘ ਪੰਨੂ ਨੇ ਕਿਹਾ ਕੀ ਤਰਲੋਕ ਜੱਜ ਜੀ ਵੱਲੋ ਲਿਖਤੀ ਸ਼ਕਾਇਤ ਦੇ ਅਧਾਰ ਉਪਰ ਸਰਤਾਜ ਨੂੰ ਭੇਜੇ ਗਏ ਸੰਮਨ ਤਾਮੀਲ ਕਰਨ ਦੇ ਬਾਵਜੂਦ ਵੀ ਆਪਣਾ ਪੱਖ ਨਾ ਰੱਖਣ ਕਾਰਣ ਉਸ ਖਿਲਾਫ਼ ਕਾਪੀਰਾਈਟ ਐਕਟ ਦੀ ਉਲੰਘਣਾਂ ਅਤੇ ਧੋਖਾਧਡ਼ੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ.

ਖੈਰ ਇਹ ਹੈ ਮਸਲਾ-ਏ-ਸਰਤਾਜ ਜਿਸ ਨੂੰ ਲੈ ਕੇ ਪਿਛਲੇ ਕਾਫੀ ਸਮੇ ਤੋ ਸਾਹਿਤਿਕ ਹਲਕੇ ਵਿਚ ਖਿਚਾ ਧੂਹੀ ਚੱਲ ਰਹੀ ਹੈ.ਪਰ ਇਸ ਦੋਰਾਨ ਆਈ ਸਰਤਾਜ ਦੀ ਅਗਲੀ ਐਲਬਮ "ਚੀਰੇ ਵਾਲਾ ਸਰਤਾਜ " ਨੇ ਲੋਕ ਮਨਾ ਨੂੰ ਛੂਹ ਕੇ ਸਰਤਾਜ ਦੀ ਕਾਬਲੀਅਤ ਨੂੰ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ.ਇਸ ਐਲਬਮ ਦਾ ਗੀਤ "ਦਸਤਾਰ" ਬੇਹੱਦ ਸਲਹਾਇਆ ਗਿਆ.ਕੁਲ ਮਿਲਾ ਕੇ ਤਰਲੋਕ ਜੱਜ ਜੀ ਨਾਲ ਚੱਲ ਰਹੇ ਵਿਵਾਦ ਨੇ ਸਰਤਾਜ ਦੀ ਗਾਇਕੀ ਜਾਂ ਗੀਤਕਾਰੀ ਨੂੰ ਤਾਂ ਪ੍ਰਭਾਵਿਤ ਨਹੀ ਕੀਤਾ. ਸਰਤਾਜ ਦੀ ਰਚਨਾਤਮਿਕ ਸਮਰਥਾ ਦਾ ਘੇਰਾ ਬਿਨਾ ਸ਼ੱਕ ਬਹੁਤ ਹੀ ਵਿਸ਼ਾਲ ਹੈ,ਉਸ ਦੀ ਜਾਦੁਈ ਅਵਾਜ਼ ਵਿਚਲੀ ਟੁਣਕਾਰ ਸਰੋਤਿਆਂ ਦੇ ਮਨ ਕੀਲਣ ਦੇ ਸਮਰਥ ਹੈ.ਜਨਾਬ ਤਰਲੋਕ ਜੱਜ ਜੀ ਨਾਲ ਚੱਲ ਰਹੇ ਸਰਤਾਜ ਦੇ ਵਿਵਾਦ ਦਾ ਅੰਤਿਮ ਨਤੀਜਾ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ.ਪਰ ਇੱਕ ਗੱਲ ਸਾਫ਼ ਹੈ ਕੀ ਸਰਤਾਜ ਵਾਕਿਆ ਹੀ ਸਰੋਤਿਆਂ ਦੇ ਮਨ ਦਾ ਸਰਤਾਜ ਬਣ ਚੁੱਕਾ ਹੈ ਜਿਸ ਦੀ ਰਚਨਾਤਮਿਕ ਸਮਰਥਾ ਅਤੇ ਕਲਾਤਮਿਕ ਸੂਫ਼ੀ ਸ਼ੈਲੀ ਦੀ ਜਾਦੂਗਰੀ ਅੱਗੇ ਇਹ ਵਿਵਾਦ ਬਹੁਤ ਹੀ ਮਾਮੂਲੀ ਅਤੇ ਫਿੱਕਾ ਹੈ 

ਪਹੁੰਚ ਅਤੇ ਵਿਚਾਰਕ ਵਖਰੇਵਿਆਂ ਦੇ ਬਾਵਜੂਦ ਇਸ ਲੇਖ ਨੂੰ ਇਥੇ ਪ੍ਰਕਾਸ਼ਿਤ ਕੀਤਾ ਗਿਆ ਹੈ ਕਿਓਂਕਿ ਸੌ ਫੁੱਲ ਖਿੜਣ   ਦਿਓ ਵਾਲਾ ਮਹਾਂ ਵਿਚਾਰ ਹਮੇਸ਼ਾਂ ਹੀ ਪੰਜਾਬ ਸਕਰੀਨ ਦੀ ਨੀਤੀ ਦਾ ਅਨਿਖੜਵਾਂ ਅੰਗ ਰਿਹਾ ਹੈ. ਸਦਾ ਹੁਣ ਵੀ ਇਹੀ ਵਿਚਾਰ ਹੈ ਕਿ ਜੇ ਕਲਮਕਾਰ ਨੂੰ ਉਸਦਾ ਕ੍ਰੈਡਿਟ ਦਿੱਤਾ ਜਾਵੇ ਤਾਂ ਗਾਇਕ ਦਾ ਮਾਨ ਸਨਮਾਨ ਇਸ ਨਾਲ ਹੋਰ ਵਧ ਜਾਂਦਾ ਹੈ. ਸਤਿੰਦਰ ਸਰਤਾਜ ਦੀ ਗਾਇਕੀ ਨੂੰ ਸਿਰਫ ਮੈਂ ਨਹੀਂ ਸਾਡਾ ਪੂਰਾ ਪਰਿਵਾਰ ਪਸੰਦ ਕਰਦਾ ਹੈ  ਦਿਲ ਨੂੰ ਠੇਸ ਵੀ ਇਸੇ ਲੈ ਪਹੁੰਚੀ ਹੈ. ਇਸ ਮਾਮਲੇ ਤੇ ਜੱਜ ਸਾਹਿਬ ਦਾ ਸਮਰਥਨ ਪੂਰੀ ਤਰ੍ਹਾਂ ਸਿਧਾਂਤਕ ਹੈ. ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦੀ ਹਮਾਇਤ ਹਰਗਿਜ਼ ਨਹੀਂ ਕੀਤੀ ਜਾਣੀ ਚਾਹੀਦੀ. ਭੁੱਲ ਜੋ ਅਤੇ ਮੁਆਫ ਕਰੋ ਦੀ ਨੀਤੀ ਇੱਕ ਚੰਗੀ ਗੱਲ ਹੈ ਪਰ ਇਸ ਲੈ ਦੋਹਾਂ ਧਿਰਾਂ ਦਾ ਸੁਹਿਰਦ ਹੋਣਾ ਬਹੁਤ ਹੀ ਜ਼ਰੂਰੀ ਹੈ. --ਰੈਕਟਰ ਕਥੂਰੀਆ   

No comments: