Wednesday, July 27, 2011

ਅੱਜ ਕਲ੍ਹ ਦਸਮ ਗ੍ਰੰਥ ਦੇ ਤਿੰਨ ਪ੍ਰਮਾਣੀਕ ਸੰਕਲਨ- ਉਪਲਬਧ ਹਨ-

ਦਸਮ ਗ੍ਰੰਥ ਬਾਰੇ ਜਸਬੀਰ ਸਿੰਘ ਬੋਪਾਰਾਏ ਦਾ ਜਾਣਕਾਰੀ ਭਰਪੂਰ ਵਿਸ਼ੇਸ਼ ਲੇਖ 
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਬਡ਼ੀ ਮਹਾਨ ਹੈ। ਆਪ ਰਾਜ-ਯੋਗੀ ਸਨ। ਆਪ ਦਾ ਆਚਰਨ ਲਾਸਾਨੀ ਸੀ। ਉਹ ਸਭ ਧਰਮਾਂ ਦਾ ਸਤਿਕਾਰ ਕਰਮ ਵਾਲੇ ਸੁਤੰਤਰਤਾ ਪ੍ਰੇਮੀ ਸਨ। ਜਿਥੇ ਆਪ ਮਹਾਨ ਕੌਮੀ-ਉਸਰਈਏ ਤੇ ਨੀਤੀਵਾਂਨ ਸਨ ਉਥੇ ਸੂਰਬੀਰ ਜਰਨੈਲ ਤੇ ਅਤਿ ਉਚੇ ਦਰਜੇ ਦੇ ਸਾਹਿਤਕਾਰ ਵੀ ਸਨ।
ਗੁਰੂ ਗੋਬਿੰਦ ਸਿੰਘ ਜੀ ਦੀ ਸਮੁੱਚੀ ਰਚਨਾ 'ਦਸਮ ਗ੍ਰੰਥ' ਵਿਚ ਦਰਜ ਹੈ। ਦਸਮ ਗ੍ਰੰਥ ਦੀ ਕੁਲ ਰਚਨਾ ਵਿਚ ਸਤਾਰਾਂ ਹਜ਼ਾਰ ਤਿੰਨ ਸੌ ਸਤੱਤਰ (17377) ਤੁਕਾਂ ਉਪਲਬਧ ਹਨ, ਜੋ 1428 ਪੰਨਿਆਂ ਵਾਲੇ 'ਦਸਮ ਗ੍ਰੰਥ' ਵਿਚ ਦਰਜ ਹਨ। ਦਸਮ ਸਤਿਗੁਰੂ ਜੀ ਦੀ ਰਚਨਾ ਹਿੰਦੀ, ਪੰਹਾਬੀ, ਸੰਸਕ੍ਰਿਤ ਤੇ ਫ਼ਾਰਸੀ ਵਿਚ ਮਿਲਦੀ ਹੈ।
ਦਸਮ ਗ੍ਰੰਥ ਵਿਚਲੀਆਂ ਬਾਣੀਆਂ ਬਾਰੇ ਵਿਦਵਾਨਾਂ ਵਿਚ ਮਤਭੇਦ ਹੈ। ਡਾਕਟਰ ਡੀ.ਪੀ. ਅਸ਼ਟਾ, ਡਾ:ਤ੍ਰਿਲੋਚਨ ਸਿੰਘ, ਡਾ:ਮੋਹਨ ਸਿੰਘ, ਤੇ ਡਾ:ਹਰਭਜਨ ਸਿੰਘ ਦੀ ਨਿਜ ਸੋਚਣੀ ਅਨੁਸਾਰ ਦਸਮ ਗ੍ਰੰਥ ਵਿਚ ਦਰਜ ਸਾਰੀਆਂ ਰਚਨਾਵਾਂ ਗੁਰੂ ਸਾਹਿਬ ਦੀਆਂ ਹਨ, ਪਰ ਮੈਕਾਲਿਫ਼, ਕਨਿਘੰਮ, ਨਾਰੰਗ, ਬੈਨਰਜੀ, ਤੇ ਡਾ:ਜੱਗੀ ਅਨੁਸਾਰ ਸਾਰੀਆਂ ਰਚਨਾਵਾਂ ਗੁਰੂ ਕਿਤ੍ਰ ਨਹੀਂ ਹਨ। ਜਿਹਡ਼ੇ ਵਿਦਵਾਨ ਇਸ ਧਾਰਾ ਦੇ ਹਨ ਕਿ ਸਾਰੀਆਂ ਰਚਨਾਵਾਂ ਗੁਰੂ ਸਾਹਿਬ ਕ੍ਰਿਤ ਨਹੀਂ, ਉਨ੍ਹਾਂ ਦਾ ਵਿਚਾਰ ਹੈ ਕਿ ਗੁਰੂ ਸਾਹਿਬ ਦਾ ਸਮੁੱਚਾ ਜੀਵਨ ਬਡ਼ਾ ਸੰਘਰਸ਼-ਮਈ ਸੀ ਤੇ ਉਨ੍ਹਾਂ ਪਾਸ ਇਤਨੀ ਮਾਤਰਾ ਵਿਚ ਸਾਹਿਤ-ਰਚਨਾ ਕਰਨ ਲਈ ਵਿਹਲ ਨਹੀਂ ਸੀ। ਦੁਸਰਾ ਕਾਰਨ ਹੈ ਕਿ 'ਆਦਿ ਗ੍ਰੰਥ' ਵਿਚਲੀਆਂ ਗੁਰੂ-ਬਾਣੀਆਂ ਦੇ ਅੰਤ ਤੇ 'ਨਾਨਕ' ਪਦ ਵਾਂਗ ਦਸਮ ਗ੍ਰੰਥ ਵਿਚ ਗੁਰੂ ਸਾਹਿਬ ਨੇ ਆਮ ਕਰਕੇ ਆਪਣਾਂ ਨਾਂ ਨਹੀਂ ਵਰਤਿਆ, ਜਿਸ ਕਰਕੇ ਉਨ੍ਹਾਂ ਦੀ ਰਚਨਾ ਨੂੰ ਉਨ੍ਹਾਂ ਦੇ ਦਰਬਾਰੀ ਕਵੀਆਂ ਨਾਲੋਂ ਨਿਖੇਡ਼ਨਾ ਬਡ਼ਾ ਮੁਸ਼ਕਲ ਹੈ।
ਜਾਪੁ ਸਾਹਿਬ, ਅਕਾਲ ਉਸਤਤਿ, ਗਿਆਨ ਪ੍ਰਬੋਧ, ਸ਼ਬਦ ਹਜ਼ਾਰੇ, ਚੌਪਈ, ਬਚਿੱਤਰ-ਨਾਟਕ ਅਤੇ ਜ਼ਫਰਨਾਮਾ ਬਾਣੀਆਂ ਬਾਰੇ ਸਭ ਵਿਦਵਾਨ ਇਕ ਰਾਏ ਦੇ ਹਨ ਕਿ ਇਹ ਬਾਣੀਆਂ ਨਿਸਚੇ ਹੀ ਗੁਰੂ ਸਾਹਿਬ ਦੀ ਆਪਣੀ ਕਲਮ ਤੋਂ ਹਨ।
ਸਿੱਖ-ਰਵਾਇਤਾਂ ਅਨੁਸਾਰ 'ਦਸਮ ਗ੍ਰੰਥ' ਨੂੰ ਭਾਈ ਮਨੀ ਸਿੰਘ ਜੀ ਨੇ ਸੰਕਲਿਤ ਕੀਤਾ। ਉਨ੍ਹਾਂ ਨੇ ਆਪਣੇ ਹੋਰ ਸਹਿਯੋਗੀਆਂ ਸਮੇਤ ਇਸ ਕਾਰਜ ਨੂੰ ਸਿਰੇ ਚਾਡ਼੍ਹਨ ਲਈ ਨੌਂ ਸਾਲਾਂ ਦਾ ਸਮਾਂ ਲਾਇਆ। ਉਨ੍ਹਾਂ ਨੂੰ ਬਹੁਤ ਸਾਰੀਆਂ ਰਚਨਾਵਾਂ ਤਾਂ ਵਾਸਤਵਿਕ ਰੂਪ-ਵਿਚ ਜਾਂ ਨਕਲ ਕੀਤੀਆਂ ਹੋਈਆਂ ਹੀ ਪ੍ਰਾਪਤ ਹੋ ਗਈਆਂ। ਅਜਿਹਿਆਂ ਲਿਖਤਾਂ ਵਿਚ ਜਿਥੇ ਕਿਧਰੇ ਉਨ੍ਹਾਂ ਨੂੰ ਨਕਲ ਕਰਦਿਆਂ ਕੋਈ ਗਲਤੀ ਹੋ ਗਈ ਭਾਸੀ, ਉਸ ਦੀ ਉਨ੍ਹਾਂ ਨੇ ਸੇਧ-ਸੁਧਾਈ ਕਰ ਲਈ। ਅੱਜ ਕਲ੍ਹ ਦਸਮ ਗ੍ਰੰਥ ਦੇ ਤਿੰਨ ਪ੍ਰਮਾਣੀਕ ਸੰਕਲਨ-ਉਪਲਬਧ ਹਨ-
1. ਦਸਮ ਗ੍ਰੰਥ ਦੀ ਉਹ ਬੀਡ਼, ਜਿਸ ਵਿਚ ਦਰਜ ਰਚਨਾਵਾਂ ਦਾ ਉਤਾਰਾ ਭਾਈ ਮਨੀ ਸਿੰਘ ਜੀ ਨੇ ਆਪ ਕੀਤਾ ਜਾ ਕਰਾਇਆ। ਇਹ ਬੀਡ਼ ਇਸ ਸਮੇਂ ਦਿੱਲੀ, ਨਿਵਾਸੀ ਸ: ਗੁਲਾਬ ਸਿੰਘ ਸੇਠੀ ਦੇ ਪਰਿਵਾਰ ਪਾਸ ਹੈ।
2. ਸੰਗਰੂਰ ਸ਼ਹਿਰ ਦੇ ਡਿਉਢੀ ਸਾਹਿਬ ਗੁਰਦੁਆਰੇ ਵਿਚ ਪ੍ਰਸਤੁਤ 'ਦਸਮ ਗ੍ਰੰਥ' ਦੀ ਬੀਡ਼
3. ਪਟਨਾ ਸਾਹਿਬ ਦੇ ਤੋਸ਼ਾਖਾਨਾ ਵਿਚ ਪ੍ਰਸਤੁਤ ਦਸਮ ਗ੍ਰੰਥ ਦੀ ਬੀਡ਼
'ਦਸਮ ਗ੍ਰੰਥ' ਵਿਚ ਦਰਜ ਰਚਨਾਵਾਂ ਦੀ ਰਚਨ-ਮਿਤੀ ਅੱਡ ਅੱਡ ਹੈ। 'ਜ਼ਫਰਨਾਮੇਂ ਤੋਂ ਛੁਟ ਇਸ ਗ੍ਰੰਥ ਦੀਆਂ ਸਾਰੀਆਂ ਰਚਨਾਵਾਂ ਖਾਲਸਾ ਸਾਜਣ ਤੋਂ ਪਹਿਲਾਂ ਰਚੀਆਂ ਜਾ ਚੁਕੀਆਂ ਸਨ। ਬਹੁਤ ਸਾਰੀਆਂ ਬਾਣੀਆਂ ਅਨੰਦਪੁਰ ਸਾਹਿਬ ਵਿਚ ਰੱਚੀਆਂ ਗਈਆਂ। ਕੁਝ ਬਾਣੀਆਂ ਪਾਉਂਟਾ ਸਾਹਿਬ ਵਿਚ ਰਚੀਆਂ ਗਈਆਂ। ਕੇਵਲ ਜ਼ਫ਼ਰਨਾਮਾ ਦਾ ਰਚਨ-ਸਥਾਨ ਦੀਨਾ ਕਾਂਗਡ਼ ਸੀ।
'ਅਕਾਲ ਉਸਤਤਿ' ਗੁਰੂ ਗੋਬਿੰਦ ਸਿੰਘ ਜੀ ਦੀ ਉਹ ਪ੍ਰਸਿੱਧ ਬਾਣੀ ਹੈ ਜਿਸ ਵਿਚ ਉਨ੍ਹਾਂ ਨੇ ਜਪੁਜੀ ਸਾਹਿਬ ਦੇ ਮੂਲ ਤੱਤਾਂ , ਭਾਵ, ਮੂਲ ਮੰਤ੍ਰ ਦੀ ਵਿਸਥਾਰ ਪੂਰਬਕ ਵਿਆਖਿਆ ਕੀਤੀ ਹੈ। ਇਸ ਬਾਣੀ ਵਿਚ ਅਕਾਲ ਪੁਰਖ ਦੀ ਉਸਤਤਿ ਹੈ, ਉਸ ਅਕਾਲ ਪੁਰਖ ਦੀ, ਜੋ ਕਾਲ ਰਹਿਤ ਹੈ, ਅਲੇਖ, ਅਗੰਮ ਤੇ ਨਿਰਾਲਾ ਹੈ। ਵੈਸੇ ਤਾਂ ਅਕਾਲ ਪੁਰਖ ਦੀ ਉਸਤਤਿ ਪੂਰਨ ਰੂਪ ਵਿਚ ਕੋਈ ਕਰ ਹੀ ਨਹੀਂ ਸਕਦਾ, ਪਰ ਕ੍ਰਿਤੱਗਯਤਾ ਮਨ ਵਿਚ ਵਸਾ ਕੇ, ਜੋ ਮਹਿਮਾ ਸ੍ਰੀ ਕਲਗੀਧਰ ਜੀ ਨੇ ਅਕਾਲ ਪੁਰਖ ਦੀ ਕੀਤੀ ਹੈ, ਉਹ ਲਾਸਾਨੀ ਹੈ।
ਕਬੀਰ ਜੀ ਦਾ ਕਥਨ ਹੈ:
ਕਬੀਰ ਸਾਤ ਸਮੁੰਦਰਿ ਮਸੁ ਕਰਉ ਕਲਮ ਕਰਉ ਬਨਰਾਇ।
ਬਸੁਧਾ ਕਾਗਦ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ॥81॥
(ਪੰਨਾ 1368)
ਭਾਵ ਹੈ ਕਿ ਸੱਤਾਂ ਸਮੁੰਦਰਾਂ ਦੀ ਸਿਆਹੀ, ਸਮੁਚੀ ਬਨਸਪਤੀ ਦੀ ਕਲਮ ਤੇ ਸਾਰੀ ਧਰਤੀ ਦਾ ਕਾਗਜ਼ ਵੀ ਜੇ ਬਣਾ ਲਈਏ ਤਾਂ ਵੀ ਹਰੀ ਦਾ ਰਸ ਵਰਣਨ ਨਹੀਂ ਕੀਤਾ ਜਾ ਸਕਦਾ। ਫਿਰ ਵੀ ਦਸਮੇਸ਼ ਜੀ ਨੇ ਅਕਾਲ ਪੁਰਖ ਦੀ ਉਸਤਤਿ ਆਪਣੀ ਕਲਮ ਨਾਲ ਕੀਤੀ ਹੈ, ਕਿਉਂਕਿ ਉਹ ਆਪ ਉਸ ਨਾਲ ਓਤ-ਪੋਤ ਸਨ ਤੇ ਉਸੇ ਦੀ ਕਿਰਪਾ ਸਦਕਾ ਹੀ ਉਹ ਇਉਂ ਕਰ ਸਕੇ। ਮਨੁੱਖੀ ਗਿਆਨ ਕੇਵਲ ਲੌਕਿਕ ਗਿਆਨ ਹੈ, ਇਸੇ ਲਈ ਮਨੁਖ ਵਾਸਤੇ ਅਲੌਕਿਕ ਤੇ ਅਕਾਲ ਦੀ ਉਸਤਤਿ ਕਰਨੀ ਅਤਿ ਕਠਿਨ ਹੀ ਨਹੀਂ, ਸਗੋਂ ਅਸੰਭਵ ਵੀ ਹੈ।ਪਰ ਗੁਰੂ ਗੋਬਿੰਦ ਸਿੰਘ ਜੀ ਦੇ 'ਅਕਾਲ ਵਾਚ' ਅਨੁਸਾਰ 'ਮੈ ਅਪਨਾ ਸੁਤ ਤੋਹਿ ਨਿਵਾਜਾ'* ਦਾ ਦਰਜਾ ਪ੍ਰਾਪਤ ਕਰ ਚੁਕੇ ਸਤਿਗੁਰੂ ਨੇ ਵੀ ਉਸ ਅਕਾਲ ਪੁਰਖ ਨੂੰ 'ਆਦਿ ਪੁਰਖ ਅਬਿਗਤ ਅਬਿਨਾਸੀ॥1॥' ਕਿਹਾ ਹੈ।
ਗੁਰੂ ਸਾਹਿਬ ਰਚਿਤ ਸਮੁਚੇ ਸਾਹਿਤ ਵਿਚ ਇਕ ਅਕਾਲ ਪੁਰਖ ਤੇ ਪੂਰਨ ਵਿਸ਼ਵਾਸ ਤੇ ਵਹਿਮਾਂ-ਭਰਮਾਂ ਵਿਰੁੱਧ ਭਰਪੂਰ ਆਵਾਜ਼ ਹੈ। ਜਿਥੇ ਗੁਰੂ ਸਾਹਿਬ ਦੀ ਰਚਨਾ ਦਾ ਅਧਿਆਤਮਕ ਪੱਖ ਬਡ਼ਾ ਬਲਵਾਨ ਹੈ, ਉਥੇ ਉਹ ਚਡ਼੍ਹਦੀ ਕਲਾ ਵਾਲੀ ਤੇ ਆਸ਼ਾਵਾਦੀ ਵੀ ਹੈ। ਇਸ ਰਚਨਾ ਦੀ ਸਾਹਿਤਕ ਮਹਾਨਤਾ ਵੀ ਬਡ਼ੀ ਵਿਸ਼ੇਸ਼ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਖਾਲਸਾ ਸਾਜਣ ਤੋਂ ਪਹਿਲਾਂ ਗੁਰੂ ਸਾਹਿਬ 'ਅਕਾਲ ਉਸਤਤਿ' ਦੀ ਰਚਨਾ ਕਰ ਚੁੱਕੇ ਸਨ। ਕਵਿਤਾ ਦੀ ਦ੍ਰਿਸ਼ਟੀ ਤੋਂ ਪਰਖਿਆ ਇਹ ਇਕ ਅਤਿ ਉਤਮ ਰਚਨਾ ਹੈ।ਗੁਰੂ ਸਾਹਿਬ ਦੀ ਰਚਨਾ ਵਿਚ ਉਹ ਸਭ ਗੁਣ ਮੌਜੂਦ ਹਨ ਜਿਹਡ਼ੇ ਕਿਸੇ ਰਚਨਾ ਨੂੰ ਮਹਾਨ ਬਣਾਂਦੇ ਹਨ। ਉਨ੍ਹਾਂ ਦੀ ਰਚਨਾ ਅਲੰਕਾਰਾਂ ਨਾਲ ਸੁਸੱਜਿਤ, ਮਿੱਠੀ ਧੁਨੀ ਵਾਲੇ ਵਿਚਾਰਾਂ ਤੇ ਸ਼ਬਦ-ਚਿਤਰਾਂ ਨਾਲ ਭਰਪੂਰ ਹੈ।ਗੁਰੂ ਸਾਹਿਬ ਨੇ ਜੋ ਛੰਦ ਵਰਤੇ ਹਨ, ਉਹ ਵਿਧੀ ਅਨੁਸਾਰ ਤੇ ਵਿਚਾਰਾਂ ਅਨੁਕੂਲ ਹਨ।ਉਨ੍ਹਾਂ ਨੇ ਛੋਟੇ ਵੱਡੇ ਹਰ ਪ੍ਰਕਾਰ ਦੇ ਛੰਦਾਂ ਦਾ ਪ੍ਰਯੋਗ ਕੀਤਾ ਹੈ ਤੇ ਛੰਦਾਂ ਦੀ ਚੋਣ ਕਰਨ ਲਗਿਆਂ ਇਸ ਗੱਲ ਦਾ ਵਿਸ਼ੇਸ਼ ਖ਼ਿਆਲ ਰਖਿਆ ਹੈ ਕਿ ਛੰਦ ਕਵਿਤਾ ਦੇ ਪ੍ਰਭਾਵ ਨੂੰ ਘਟਾਵੇ ਨਾ, ਸਗੋਂ ਵਧਾਵੇ। 'ਅਕਾਲ ਉਸਤਤਿ' ਦੀ ਬੋਲੀ ਉਸ ਸਮੇਂ ਦੀ ਲੋਕ-ਭਾਸ਼ਾ ਹੈ, ਜਿਸ ਸਮੇਂ ਇਹ ਰਚੀ ਗਈ ਸੀ। ਇਸ ਬਾਣੀ ਵਿਚ 281 ਛੰਦ ਹਨ ਤੇ ਅੰਤ ਵਿਚ ਇਕ ਸਲੋਕ 'ਸਾਤੋ ਅਕਾਸ ਸਾਤੋ ਪਤਾਰ। ਬਥਰੀਓ ਅਦਿਸ਼ਟ ਜਿਹ ਕਰਮ ਜਾਰਿ' ਹੈ।
ਇਸ ਸਾਰੀ ਬਾਣੀ ਵਿਚ ਛੰਦਾਂ ਦਾ ਵੇਰਵਾ ਇਸ ਪ੍ਰਕਾਰ ਹੈ:-
ਕਬਿੱਤ 44, ਚੌਪਈ 10, ਸਵੱਈਏ 20, ਪਾਧਡ਼ੀ ਛੰਦ 37, ਤੋਮਰ ਛੰਦ 20, ਭੁਜੰਗ ਪ੍ਰਯਾਤ ਛੰਦ 30, ਨਰਾਜ ਛੰਦ 20, ਲਘੂ ਨਿਰਾਜ ਛੰਦ (ਦੁਤੁਕੇ) 20, ਰੂਆਲ ਛੰਦ 20, ਦੀਰਘ ਤ੍ਰਿਭੰਗੀ ਛੰਦ 20 ਤੇ ਦੋਹਰੇ 10।
ਗੁਰੂ ਸਾਹਿਬ ਦਾ ਸ਼ਬਦਾਂ ਉਤੇ ਕਮਾਲ ਦਾ ਵਸੀਕਾਰ ਹੈ
। ਉਹਨਾਂ ਦਾ ਸ਼ਬਦ-ਭੰਡਾਰ ਅਮੁਕ ਹੈ।ਉਹਨਾਂ ਨੂੰ ਬਹੁਤ ਸਾਰੀਆ ਬੋਲੀਆਂ ਵਿਚ ਪ੍ਰਬੀਨਤਾ ਪ੍ਰਾਪਤ ਸੀ, ਇਸ ਲਈ ਉਹਨਾਂ ਨੂੰ ਮੌਕੇ ਤੇ ਸ਼ਬਦ ਢੂੰਡਣ ਦੀ ਘਾਟ ਮਹਿਸੂਸ ਨਹੀਂ ਸੀ ਹੁੰਦੀ।ਉਹ ਫ਼ਾਰਸੀ, ਅਰਬੀ ਤੇ ਸੰਸਕ੍ਰਿਤ ਦੇ ਸ਼ਬਦ ਨਿਝਕ ਹੋ ਕੇ ਵਰਤਦੇ ਸਨ।ਉਹਨਾਂ ਦੀ ਰਚਨਾ ਦੀ ਸ਼ੈਲੀ ਐਸੀ ਹੈ ਕਿ ਮੁਰਦਾ ਦਿਲਾਂ ਵਿਚ ਨਵੀਂ ਰੂਹ ਫੂਕਦੀ ਜਾਂਦੀ ਹੈ।ਉਹਨਾਂ ਦੀ ਰਚਨਾ ਵਿਚ ਸ਼ਬਦਾਂ ਦਾ ਜਾਦੂ ਹੈ। ਕੁਝ ਕੁ ਸ਼ਬਦਾਂ ਨਾਲ ਹੀ ਇਕ ਐਸਾ ਚਿਤਰ ਖਿੱਚ ਦੇਂਦੇ ਹਨ ਕਿ ਹੂ-ਬ-ਹੂ ਤਸਵੀਰ ਸਾਹਮਣੇ ਆ ਜਾਂਦੀ ਹੈ। ਉਹਨਾਂ ਦੀ ਕਾਵਿ-ਰੂਪ ਬਾਣੀ ਵਿਚ ਸੰਗੀਤ ਦਾ ਖ਼ਾਸ ਸਥਾਨ ਹੈ।ਜਦੋਂ ਉਹ ਰੁਮਾਂਚਿਕ ਵਰਨਣ ਕਰਦੇ ਹਨ ਤਾਂ ਸ਼ਬਦਾਂ ਦੀ ਆਵਾਜ਼ ਇਸ ਤਰ੍ਹਾਂ ਆਉਂਦੀ ਹੈ, ਜਿਵੇਂ ਨਿੰਮੀਆਂ ਨਿੰਮੀਆਂ ਘੰਟੀਆਂ ਵੱਜ ਰਹੀਆਂ ਹੋਣ ਤੇ ਜਦੋਂ ਉਹ ਰਣਭੂਮੀ ਦਾ ਨਕਸ਼ਾ ਖਿੱਚਦੇ ਹਨ ਤਾਂ ਨਗਾਰਿਆਂ ਦੇ ਵੱਜਣ ਦੀ ਆਵਾਜ਼ ਪੈਦਾ ਹੁੰਦੀ ਹੈ।ਉਹਨਾਂ ਦੀ ਲਿਖਤ ਵਿਚ ਅਨਪ੍ਰਾਸ ਅਲੰਕਾਰ ਦੀ ਵਰਤੋਂ ਵੇਖਣ ਵਾਲੀ ਹੈ-
ਬਿਸੰਵਭਰ ਬਿਸੁਨਾਥ ਹੈਂ ਬਿਸੇਖ ਬਿਸਵ ਭਰਨ ਹੈਂ॥ ਜਿਮੀ ਜਮਾਨ ਕੈ ਬਿਖੈ ਸਦੀਵ ਕਰਨ ਭਰਨ ਹੈਂ॥
ਅਦਵੈਖ ਹੈਂ ਅਭੇਖ ਹੈ ਅਲੇਖ ਨਾਥ ਜਾਨੀਐ॥ ਸਦੀਵ ਸਰਬ ਠਉਰ ਮੈ ਬਿਸੇਖ ਆਨ ਮਾਨੀਐ।

4॥164॥ (ਅਕਾਲ ਉਸਤਤਿ)
ਵ੍ਰਿਤੀ ਅਨੁਪ੍ਰਾਸ ਦੀ ਇਕ ਝਲਕ-
ਕਹੂੰ ਦੇਵਤਾਨ ਕੇ ਦਿਵਾਨ ਮੈ ਬਿਰਾਜਮਾਨ ਕਹੂੰ ਦਾਨਵਾਨ ਕੋ ਗੁਮਾਨ ਮਤਿ ਦੇਤ ਹੋ ॥3॥13
(ਅਕਾਲ ਉਸਤਤਿ)
ਅਕਾਲ ਪੁਰਖ ਦੇ ਸਰੂਪ ਦਾ ਵਰਨਣ ਕਰਦੇ ਹੋਏ ਲਿਖਦੇ ਹਨ ਕਿ ਉਹ ਵਰਨਾਂ ਚਿਹਨਾਂ ਤੋਂ ਨਿਆਰਾ ਤੇ ਜਲਥਲ ਸਭ ਥਾਵਾਂ ਵਿਚ ਰਮਿਆ ਹੋਇਆ ਹੈ-
ਅਲਖ ਰੂਪ ਅਛੈ ਅਨਭੇਖਾ॥ ਰਾਗ ਰੰਗ ਜਿਹ ਰੂਪ ਨ ਰੇਖਾ॥
ਬਰਨ ਚਿਹਨ ਸਭਹੂੰ ਤੇ ਨਿਆਰਾ॥ ਆਦਿ ਪੁਰਖ ਅਦੈਵ ਅਬਿਕਾਰਾ॥3॥
ਬਰਨ ਚਿਹਨ ਜਿਹ ਜਾਤ ਨਾ ਪਾਤਾ॥ ਸੱਤ੍ਰ ਮਿੱਤ੍ਰ ਜਿਹ ਤਾਤ ਨਾ ਮਾਤਾ॥
ਸਭ ਤੇ ਦੂਰਿ ਸਭਨ ਤੇ ਨੇਰਾ॥ ਜਲ ਥਲ ਮਹੀਅਲ ਜਾਹਿ ਬਸੇਰਾ॥4॥
(ਅਕਾਲ ਉਸਤਤਿ)
ਦਸਮ ਪਾਤਸ਼ਾਹ ਅਕਾਲ ਪੁਰਖ ਨੂੰ ਆਪਣੇ ਅੰਗ ਸੰਗ ਵੇਖਦੇ ਹੋਏ, ਉਸ ਨਾਲ ਗੱਲਾਂ ਕਰਦੇ ਪ੍ਰਤੀਤ ਹੁੰਦੇ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਆਪ ਅਕਾਲ ਪੁਰਖ ਦੀ ਹਸਤੀ ਨਾ ਇੱਕ-ਮਿੱਕ ਹੋੇਏ ਹੋਣ। ਤਵਪ੍ਰਸਾਦਿ ਕਬਿਤ ਵਿਚ ਫੁਰਮਾਂਦੇ ਹਨ-
ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ, ਕਿ ਭੁਪਨ ਕੇ ਭੁਪ ਹੋ ਕਿ ਦਾਤਾ ਮਹਾਦਾਨ ਹੋ॥
ਪ੍ਰਾਨ ਕੇ ਬਚਯਾ ਦੁਧ ਪੂਤ ਕੇ ਦਿਵਯਾ, ਰੋਗ ਸੋਗ ਕੇ ਮਿਟਯਾ ਕਿ ਧੌ ਮਾਨੀ ਮਹਾ ਮਾਨ ਹੋ॥
ਬਿਦਿਆ ਕੇ ਬਿਚਾਰ ਹੋ ਕਿ ਅਦਵੈ ਅਵਤਾਰ ਹੋ, ਕਿ ਸਿਧਤਾ ਕੀ ਸੂਰਤਿ ਹੋ ਕਿ ਸੁਧਤਾ ਕੀ ਸਾਨ ਹੋ॥
ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ, ਕਿ ਸਤ੍ਰਤ ਕੇ ਸੂਲ ਹੋ ਕਿ ਮਿਤ੍ਰਨ ਕੇ ਪ੍ਰਾਨ ਹੋ
॥9॥19॥
(ਅਕਾਲ ਉਸਤਤਿ)
ਗੁਰੂ ਸਾਹਿਬ ਨੂੰ ਅਕਾਲ ਪੁਰਖ ਦੀ ਕਿਰਪਾ ਉਤੇ ਅਪਾਰ ਭਰੋਸਾ ਹੈ।ਉਹ ਕਹਿੰਦੇ ਹਨ ਕਿ ਅਕਾਲ ਪੁਰਖ ਆਪਣੀ ਕਿਰਪਾ ਦੁਆਰਾ ਮਨੁਖ ਨੂੰ ਰੋਗਾਂ ਸੋਗਾਂ ਅਥਵਾ ਸ਼ਤਰੂ ਦੇ ਅਨੇਕਾਂ ਹੱਲਿਆਂ ਤੋਂ ਆਪਣਾ ਹੱਥ ਦੇ ਕੇ ਰਖ ਲੈਂਦਾ ਹੈ।ਤਵਪ੍ਰਸਾਦਿ ਸਵੱਯੇ ਵਿਚ ਫੁਰਮਾਇਆ ਹੈ:-
ਰੋਗਨ ਤੇ ਅਰ ਸੋਗਨ ਤੇ, ਜਲ ਜੋਗਨ ਤੇ ਬਹੁ ਭਾਂਤਿ ਬਚਾਵੈ॥
ਸੱਤ੍ਰ ਅਨੇਕ ਚਲਾਵਤ ਘਾਵ, ਤਊ ਤਨ ਏਕ ਨ ਲਾਗਨ ਪਾਵੇ॥
ਰਾਖਤ ਹੈ ਅਪਨੰ ਕਰ ਦੈ ਕਰਿ, ਪਾਪ ਸੰਬੂਹ ਨ ਭੇਟਨ ਪਾਵੈ॥
ਔਰ ਕੀ ਬਾਤ ਕਹਾ ਕਹ ਤੋ ਸੋਂ, ਸੁ ਪੇਟ ਹੀ ਕੇ ਪਟ ਬੀਚ ਬਚਾਵੈ॥
6॥248॥ (ਅਕਾਲ ਉਸਤਤਿ)
ਗੁਰੂ ਸਾਹਿਬ ਦੀ ਵਿਚਾਰ ਵਿਚ ਸਿਵਾਏ ਅਕਾਲ ਪੁਰਖ ਦੀ ਓਟ ਦੇ ਹੋਰ ਕੋਈ ਆਸਰਾ ਰਖਣਾ ਅਥਵਾ ਫੋਕਟ ਕਰਮ ਕਰਨੇ ਵਿਅਰਥ ਹਨ।ਫੁਰਮਾਨ ਹੈ-
ਸਭ ਕਰਮ ਫੋਕਟ ਜਾਨ॥ ਸਭ ਧਰਮ ਨਿਹਫਲ ਮਾਨ॥
ਬਿਨ ਏਕ ਨਾਮ ਅਧਾਰ॥ ਸਭ ਕਰਮ ਭਰਮ ਬਿਚਾਰ॥
20॥50॥ (ਅਕਾਲ ਉਸਤਤਿ)
ਉਹਨਾਂ ਦਾ ਵਿਚਾਰ ਹੈ ਕਿ ਕੇਵਲ ਤੀਰਥ ਇਸ਼ਨਾਨ ਕਰਨ, ਦਾਨ-ਪੁੰਨ ਕਰਨ, ਵਰਤ ਰਖਣ ਅਥਵਾ ਹੋਰ ਆਸਣ ਆਦਿ ਕਰਨ ਨਾਲ ਕਲਿਆਣ ਨਹੀਂ ਹੁੰਦੀ ਤੇ ਨਾ ਹੀ ਬੰਧਨਾ ਤੋਂ ਛੁਟਕਾਰਾ ਮਿਲਦਾ ਹੈ। ਦੀਨ ਦਿਆਲ ਅਕਾਲ ਪੁਰਖ ਨੂੰ ਭਜੇ ਬਿਨਾ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ-
ਤੀਰਥ ਕੋਟਿ ਕੀੲ ਇਸਨਾਨ, ਦੀਏ ਬਹੁ ਦਾਨ, ਮਹਾ ਬ੍ਰਤ ਧਾਰੇ॥
ਦੇਸ ਫਿਰਿਓ ਕਰਿ ਭੇਸ ਤਪੋਧਨ, ਕੇਸ ਧਰੇ ਨ ਮਿਲੇ ਹਰਿ ਪਿਆਰੇ॥
ਆਸਨ ਕੋਟਿ ਕਰੇ ਅਸਟਾਂਗ ਧਰੇ, ਬਹੁ ਨਿਆਸ ਕਰੇ ਮੁਖ ਕਾਰੇ॥
ਦੀਨ ਦਇਆਲ ਅਕਾਲ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ॥
10॥252॥(ਅਕਾਲ ਉਸਤਤਿ)
ਉਹਨਾਂ ਨੂੰ ਅਕਾਲ ਪੁਰਖ ਦੇ ਸਰਬ-ਵਿਆਪੀ ਹੋਣ ਦਾ ਇਤਨਾ ਵਿਸ਼ਵਾਸ ਹੈ ਕਿ ਜਲ ਥਲ, ਨਦੀਆਂ, ਬ੍ਰਿਛਾਂ ਪੱਤਿਆਂ ਸਭ ਵਿਚ ਉਸ ਨੂੰ ਰਮਿਆ ਹੋਇਆ ਵੇਖਦੇ ਹਨ।ਲਘੂ ਨਿਰਾਜ ਛੰਦ ਵਿਚ ਦੋ ਦੋ ਸ਼ਬਦਾਂ ਵਿਚ ਹੀ ਚਿਤਰ ਖਿਚੀ ਜਾਂਦੇ ਹਨ-
"ਜਲਸ ਤੁਹੀਂ॥ ਥਲਸ ਤੁਹੀਂ॥ ਨਦਿਸ ਤੁਹੀਂ॥ ਨਦਸ ਤੁਹੀਂ॥13॥63॥
ਬ੍ਰਿਛਸ ਤੁਹੀਂ॥ ਪਤਸ ਤੁਹੀਂ॥ ਛਿਤਸ ਤੁਹੀਂ॥ ਉਰਧਸ ਤੁਹੀਂ॥1
4॥64॥ (ਅਕਾਲ ਉਸਤਤਿ)
ਗੁਰੂ ਸਾਹਿਬ ਸਮੁੱਚੀ ਮਨੁਖ ਜਾਤੀ ਨੂੰ ਇਕ-ਸਮਾਨ ਸਮਝਦੇ ਹਨ। ਉਹਨਾਂ ਦੀ ਨਜ਼ਰ ਵਿਚ ਜੋਗੀ, ਸੰਨਿਆਸੀ, ਹਿੰਦੂ, ਤੁਰਕ, ਰਾਫਜੀ, ਇਮਾਮਸਾਫੀ ਦਾ ਕੋਈ ਅੰਤਰ ਨਹੀਂ। ਉਹਨਾਂ ਦੀ ਦ੍ਰਿਸ਼ਟੀ ਵਿਚ ਦੇਹੁਰਾ ਮਸੀਤ, ਪੂਜਾ ਅਤੇ ਨਮਾਜ਼, ਅਲਾਹ ਤੇ ਅਭੇਖ ਸਭ ਬਰਾਬਰ ਹਨ।ਭਾਵਾਤਮਕ ਏਕਤਾ ਦੀ ਇਸ ਤੋਂ ਚੰਗੀ ਉਦਾਹਰਣ ਹੋਰ ਕਿਤੇ ਨਹੀਂ ਮਿਲੇਗੀ। ਉਹਨਾਂ ਦਾ ਕਥਨ ਹੈ-
ਕੋਊ ਭਇਓ ਮੁਡੀਆ ਸੰਨਿਆਸੀ ਕੋਊ ਜੋਗੀ ਭਇਓ, ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਯੋ॥
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਬੈ ਏਕੈ ਪਹਿਚਾਨਯੋ॥
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ, ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਯੋ॥
ਏਕ ਹੀ ਕੀ ਸੇਵ, ਸਬ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ ਸਬੈ ਏਕੈ ਜੋਤ ਜਾਨਯੋ॥1
5॥85॥
ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ, ਮਾਨਸ ਸਬੈ ਏਕ ਪੈ ਅਨੇਕ ਕੇ ਭ੍ਰਮਾਉ ਹੈ॥
ਦੇਵਤਾ ਅਦੇਵ ਜੱਛ ਗੰਧ੍ਰਭ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ, ਖਾਕ ਬਾਦ ਆਤਸ਼ ਔ ਆਬ ਕੋ ਰਲਾਉ ਹੈ॥
ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ, ਏਕ ਹੀ ਸਰੂਪ ਸਬੈ ਏਕ ਹੀ ਬਨਾਉ ਹੈ॥1
6॥86॥
ਜਸਬੀਰ ਸਿੰਘ ਬੋਪਾਰਾਏ
ਅਕਾਲ ਪੁਰਖ ਦੇ ਭਾਵਾਤਮਕ ਗੁਣ ਉਸਦੀ ਸਰਬ-ਉਤਮਤਾ ਨੂੰ ਦਰਸਾਉਂਦੇ ਹਨ।ਉਹ ਅਕਾਲ ਆਪ ਤਾਂ ਮ੍ਰਿਤੂ-ਰਹਿਤ ਹੈ, ਪਰ ਉਸ ਦੀ ਸਮੁੱਚੀ ਰਚਨਾ ਦਾ ਉਹ ਕਾਲ ਹੈ।ਇਸੇ ਲਈ ਬਾਣੀ ਦੇ ਆਰੰਭ ਵਿਚ ਉਸ ਦੀ ਰਖਿਆ ਦੀ ਜਾਚਨਾ ਕੀਤੀ ਗਈ ਹੈ:"ਸਰਬ ਕਾਲ ਜੀ ਕੀ ਰਛਿਆ ਹਮਨੈ॥" (ਅਕਾਲ ਉਸਤਤਿ) 
ਇਸ ਬਾਣੀ ਵਿਚ ਅਕਾਲ ਪੁਰਖ ਨੂੰ ਪੁਰਸ਼ਵਾਦੀ ਸ਼ਬਦਾਂ ਨਾਲ ਯਾਦ ਕੀਤਾ ਗਿਆ ਹੈ।ਉਸ ਨੂੰ ਨਰ, ਦਇਆਲ, ਲਾਲ, ਦਾਤਾ, ਕ੍ਰਿਪਾਲ ਤੇ ਸਦਾ-ਸਿਧ-ਦਾਤਾ ਕਿਹਾ ਗਿਆ ਹੈ।ਉਸ ਨੂੰ ਰਾਜਾਨ-ਰਾਜ ਵੀ ਆਖਿਆ ਗਿਆ ਹੈ।ਉਹ ਗਰੀਬ-ਪਰਵਰ ਹੈ, ਇਸ ਲਈ ਉਸ ਨੂੰ ਦੀਨ ਬੰਧੂ ਤੇ ਪ੍ਰਤਿਪਾਲਕ ਨਾਵਾਂ ਨਾਲ ਵੀ ਸੰਬੋਧਨ ਕੀਤਾ ਗਿਆ ਹੈ।"ਚੰਡੀ ਦੀ ਵਾਰ" ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਭਗਉਤੀ (ਸੰਘਾਰ-ਕਰਤਾ ਮਹਾਂ ਕਾਲ) ਦੀ ਅਰਾਧਨਾ, ਸ਼ਕਤੀ ਦੇ ਰੂਪ ਵਿਚ ਕੀਤੀ ਹੈ। "ਜਾਪ ਸਾਹਿਬ" ਵਿਚ ਉਸ ਨੂੰ "ਸਰਬ ਲੋਹ" ਤੇ "ਖਡ਼ਗ ਕੇਤ" ਦੇ ਨਾਵਾਂ ਨਾਲ ਯਾਦ ਕੀਤਾ ਗਿਆ ਹੈ।ਜਾਪਦਾ ਹੈ ਇਹ ਸਾਰੇ ਨਾਮ ਨਿਰਬਲ ਭਾਰਤੀਆਂ ਅੰਦਰ ਬਲ ਭਰਨ ਲਈ ਵਰਤੇ ਗਏ ਹਨ।
ਸਮੁੱਚੇ ਤੌਰ ਤੇ ਵੇਖਿਆਂ ਤੇ ਵਿਚਾਰਿਆਂ, ਗੁਰੂ ਸਾਹਿਬ ਦੀ ਇਹ ਬਾਣੀ ਬਡ਼ੀ ਮਹੱਤਵ-ਪੂਰਨ ਰਚਨਾ ਹੈ।ਅਸਲ ਵਿਚ ਜਪੁਜੀ ਸਾਹਿਬ ਦੇ "ਮੂਲ ਮੰਤ੍ਰ" ਦੀ ਵਿਆਖਿਆ ਕਰਦੀ ਹੈ ਇਹ ਬਾਣੀ "ਅਕਾਲ ਉਸਤਤਿ"।ਜਿਸ ਅਕਾਲ ਪੁਰਖ ਦਾ ਨਿਰਗੁਣ ਸਰੂਪ ਗੁਰੂ ਨਾਨਕ ਸਾਹਿਬ ਨੇ "ਮੂਲ ਮੰਤ੍ਰ" ਵਿਚ ਦਿਖਾਇਆ ਹੈ, ਉਸੇ ਦੇ ਦਰਸ਼ਨ ਗੁਰੂ ਗੋਬਿੰਦ ਸਿੰਘ ਜੀ ਨੇ "ਅਕਾਲ ਉਸਤਤਿ" ਵਿਚ ਕਰਾਏ ਹਨ

ਹਮੇਸ਼ਾਂ ਦੀ ਤਰਾਂ ਇਸ ਲਿਖਤ ਬਾਰੇ  ਵੀ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ.

No comments: