Tuesday, July 26, 2011

ਕਿਰਪਾਨ, ਪੱਗਡ਼ੀ, ਹਿਜ਼ਾਬ ਅਤੇ ਬੁਰਕੇ ਉਤੇ ਪਾਬੰਦੀ ਦੀ ਮੰਗ ਦਾ ਵਿਰੋਧ


Mon, Jul 25, 2011 at 9:29 ਪਮ                                                         ਮਨਪ੍ਰੀਤ ਸਿੰਘ ਖਾਲਸਾ 
ਓਨਟਾਰੀਓ ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਦੇ ਪ੍ਰਧਾਨ ਸ਼ ਹਰਬੰਸ ਸਿੰਘ ਜੰਡਾਲੀ ਨੇ ਉਨਟਾਰੀਓ ਦੇ ਪ੍ਰੀਮੀਅਰ ਡਾਲਟਨ ਮਗਿੰਟੀ, ਟਰਾਂਟੋ ਦੇ ਮੇਅਰ ਰੌਬ ਫੋਰਡ ਅਤੇ ਟਰਾਂਟੋ ਪੁਲੀਸ ਦੇ ਚੀਫ ਬਿਲ ਬਲੇਅਰ ਨੂੰ ਲਿਖੇ ਇਕ ਪੱਤਰ ਵਿਚ ਕੁਝ ਹਿੰਦੂ ਜਥੇਬੰਦੀਆਂ ਵੱਲੋਂ ਸਿੱਖਾਂ ਦੇ ਪੰਜ ਕਕਾਰਾਂ ਉਤੇ ਪਾਬੰਦੀ ਲਗਾਉਣ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਦੀ ਆਲੋਚਨਾ ਕਰਨ ਅਤੇ ਇਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਸ਼ ਜੰਡਾਲੀ ਨੇ ਲਿਖੇ ਪੱਤਰ ਵਿਚ ਕਿਹਾ ਕਿ ਮੈਂ ਉਨਟਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ (ਓ ਐਸ਼ ਜੀ ਸੀ), ਜੋ ਕਿ ਇਕ ਨਫਾ-ਰਹਿਤ, ਸਮਾਜਿਕ ਅਤੇ ਸਿੱਖਾਂ ਦੀ ਧਾਰਮਿਕ ਜਥੇਬੰਦੀ ਹੈ, ਵੱਲੋਂ ਇਸ ਪ੍ਰਚਾਰ ਦੀ ਸਖਤ ਆਲੋਚਨਾ ਕਰਦਾ ਹਾਂ। ਉਹਨਾਂ ਪੱਤਰ ਵਿਚ ਲਿਖਿਆ ਹੈ ਕਿ ਸਾਡਾ ਮਿਸ਼ਨ ਸਿੱਖ ਭਾਈ ਚਾਰੇ ਵਿਚ ਧਾਰਮਿਕ ਅਤੇ ਸਮਾਜਿਕ ਜਾਗਰੂਕਤਾ ਵਧਾਉਣਾ ਹੈ। ਸਿੱਖ ਭਾਈਚਾਰੇ ਦੇ ਸਿਧਾਂਤ ਅਤੇ ਵਿਰਾਸਤ ਨਾਲ ਆਪਣੇ ਭਾਈਚਾਰੇ ਨੂੰ ਜੋਡ਼ਨਾ ਹੈ ਅਤੇ ਵੱਖ ਵੱਖ ਧਰਮਾਂ ਅਤੇ ਵਿਸ਼ਵਾਸਾ ਵਾਲੇ ਭਾਈਚਾਰਿਆਂ ਨਾਲ ਸਿੱਖ ਭਾਈਚਾਰੇ ਦਾ ਸੰਪਰਕ ਅਤੇ ਸੰਤੁਲਨ ਕਾਇਮ ਕਰਨ ਲਈ ਕੰਮ ਕਰਨਾ ਹੈ। ਉਹਨਾਂ ਕਿਹਾ ਕਿ ਓ ਐਸ਼ ਜੀ ਸੀ ਹਰ ਸਾਲ ਵਿਸਾਖੀ ਮੌਕੇ ਟਰਾਂਟੋ ਵਿਚ ਸਿੱਖ ਪਰੇਡ ਆਯੋਜਿਤ ਕਰਦਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਅਤੇ ਕਲਿਆਣਕਾਰੀ ਕੰਮ ਵੀ ਇਹ ਸੰਸਥਾ ਸਿੱਖ ਭਾਈਚਾਰੇ ਦੀ ਮਦਦ ਨਾਲ ਕਰਦੀ ਹੈ। ਹਾਲ ਹੀ ਵਿਚ ਹੈਤੀ ਵਿਚ ਆਏ ਭੂਚਾਲ ਲਈ ਇਸ ਸੰਸਥਾ ਦੇ ਮੈਂਬਰਾਂ ਨੇ ਵੱਧ ਚਡ਼੍ਹ ਕੇ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਕੈਨੇਡਾ ਵਿਚ ਵੱਖ ਵੱਖ ਪਿਛੋਕਡ਼ਾਂ ਅਤੇ ਧਾਰਮਿਕ ਵਿਸ਼ਵਾਸਾਂ ਵਾਲੇ ਭਾਈਚਾਰਿਆਂ ਵਿਚਕਾਰ ਬਿਹਤਰੀਨ ਸਬੰਧ ਬਣਾਉਣ ਲਈ ਯਤਨਸ਼ੀਲ ਸਾਡੀ ਸੰਸਥਾ ਨੂੰ  ਹਾਲ ਹੀ ਵਿਚ ਕਨੇਡੀਅਨ ਹਿੰਦੂ ਐਡਵੋਕੇਸੀ (ਸੀ ਐਚ ਏ) ਦੇ ਉਸ ਪ੍ਰਚਾਰ ਉਤੇ ਬਹੁਤ ਦੁੱਖ ਹੋਇਆ,ਜਿਸ ਵਿਚ ਉਹਨਾਂ ਨੇ ਇਕ ਵੈਬਸਾਈਟ ਉਤੇ ਸ੍ਰੀ ਬੈਨਰਜੀ ਦੇ ਹਵਾਲੇ ਨਾਲ ਜੋ ਕਿ ਇਸ ਸੰਸਥਾ ਦੇ ਪਬਲਿਕ ਰਿਲੇਸ਼ਨ ਵਿਭਾਗ ਦਾ ਗਰੁੱਪ ਡਾਇਰੈਕਟਰ ਹੈ, ਇਕ ਪੱਤਰ ਪ੍ਰਕਾਸ਼ਿਤ ਹੋਇਆ ਹੈ ਕਿ ਕੈਨੇਡਾ ਵਿਚ ਕਿਰਪਾਨ, ਪੱਗਡ਼ੀ, ਹਿਜ਼ਾਬ ਅਤੇ ਬੁਰਕੇ ਉਤੇ ਪਾਬੰਦੀ ਲੱਗਣੀ ਚਾਹੀਦੀ ਹੈ। ਇਹ ਇਕ ਬਚਕਾਨਾ ਅਤੇ ਕਾਇਰਾਨਾ ਗੱਲ ਹੈ ਕਿ ਕੈਨੇਡਾ ਵਰਗੇ ਸਮਾਜਿਕ, ਧਾਰਮਿਕ ਵਿਭਿੰਨਤਾ ਵਾਲੇ ਮੁਲਕ ਵਿਚ ਕਿਸੇ ਵੀ ਧਰਮ ਵਿਸ਼ੇਸ਼ ਨੂੰ  ਉਸ ਦੇ ਵਿਸ਼ਵਾਸ ਅਤੇ ਤੌਰ-ਤਰੀਕਿਆਂ ਨਾਲ ਰਹਿਣ ਦੀ ਆਜ਼ਾਦੀ ਨਾ ਮਿਲੇ। ਸਿੱਖਾਂ ਨੂੰ ਗਲਤ ਤਰੀਕੇ ਨਾਲ ਵੱਖਵਾਦੀ ਅਤੇ ਹਿੰਸਕ ਦੱਸਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਿੰਦੂਆਂ ਅਤੇ ਯਹੂਦੀਆਂ ਦੇ ਨਾਲ ਸਿੱਖਾਂ ਅਤੇ ਮੁਸਲਿਮ ਭਾਈਚਾਰੇ ਦਾ ਕੈਨੇਡਾ ਵਿਚ ਕਿਸੇ ਵੀ ਕਿਸਮ ਦਾ ਕੋਈ ਵੈਰ-ਵਿਰੋਧ ਜਾਂ ਨਫਰਤ ਦੀ ਭਾਵਨਾ ਨਹੀਂ ਹੈ। ਕੈਨੇਡਾ ਵਿਚ ਹਰੇਕ ਧਰਮ ਦਾ ਨਾਗਰਿਕ ਆਪਣੀਆਂ ਧਾਰਮਿਕ ਰਵਾਇਤਾਂ ਮੁਤਾਬਕ ਆਜ਼ਾਦੀ ਨਾਲ ਰਹਿਣ ਦਾ ਹੱਕਦਾਰ ਹੈ। 
ਓ ਐਸ਼ ਜੀ ਸੀ ਨੂੰ ਸੀ ਐਚ ਏ ਦੇ ਇਸ ਪ੍ਰਾਪੇਗੰਡੇ ਉਤੇ ਦੁੱਖ ਅਤੇ ਚਿੰਤਾ ਹੈ ਕਿ ਇਸ ਨਾਲ ਭਾਈਚਾਰਿਆਂ ਵਿਚਕਾਰ ਨਫਰਤ ਦੀ ਭਾਵਨਾ ਵਧੇਗੀ ਅਤੇ ਉਹਨਾਂ ਦੀ ਆਪਸੀ ਸਾਂਝ ਨੁੰ ਸੇਠ ਪਹੁੰਚੇਗੀ, ਅਜਿਹੇ ਗਲਤ ਪ੍ਰਚਾਰ ਕਰਨ ਵਾਲੇ ਲੋਕਾਂ ਦੀਆਂ ਕਾਰਵਾਈਆਂ ਨੂੰ ਬੰਦ ਕਰਵਾਇਆ ਜਾਵੇ। ਸ਼ ਜੰਡਾਲੀ ਨੇ ਕਿਹਾ ਕਿ ਸ੍ਰੀ ਬੈਨਰਜੀ ਦੇ ਪੱਤਰ ਵਿਚ ਸਿੱਖਾਂ ਦੀ ਕਿਰਪਾਨ ਅਤੇ ਦਸਤਾਰ ਅਤੇ ਮੁਸਲਮਾਨਾਂ ਦੇ ਬੁਰਕੇ ਨੂੰ ਹਿੰਸਕ ਦਰਸਾਉਣ ਦੀ ਕੋਸ਼ਿਸ ਕੀਤੀ ਗਈ ਹੈ ਅਤੇ ਇਸ ਨਾਲ ਆਪਸੀ ਭਾਈਚਾਰੇ ਵਿਚ ਨਫਰਤ ਦਾ ਮਾਹੌਲ ਪੈਦਾ ਹੁੰਦਾ ਹੈ। ਉਹਨਾਂ ਕਿਹਾ ਕਿ ਕੈਨੇਡਾ ਇਕ ਲੋਕਰਾਜੀ ਮੁਲਕ ਹੈ ਅਤੇ ਇੱਥੇ ਵੱਸਦਾ ਹਰ ਵਿਅਕਤੀ ਕੈਨੇਡਾ ਦੇ ਲੋਕਰਾਜ ਵਿਚਦ੍ਰਿਡ਼੍ਹ ਵਿਸ਼ਵਾਸ ਰੱਖਦਾ ਹੈ। ਬੈਨਰਜੀ ਦੇ ਪੱਤਰ ਕਨੇਡੀਅਨ ਚਾਰਟਰ ਆਫ ਰਾਈਟਸ ਐਂਡ ਫ੍ਰੀਡਮ ਦੀ ਉਲੰਘਣਾ ਹੈ। ਸ਼ ਜੰਡਾਲੀ ਨੇ ਮੰਗ ਕੀਤੀ ਕਿ ਕਨੇਡੀਅਨ ਹਿੰਦੂ ਐਡਵੋਕੇਸੀ ਗਰੁੱਪੋ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਇਹ ਗਰੁੱਪ ਸਿੱਖਾਂ ਖਿਲਾਫ ਨਫਰਤ ਫੈਲਾਅ ਰਿਹਾ ਹੈ। ਅਤੀਤ ਵਿੱਚ ਕੁੱਝ ਅਜਿਹੇ ਗਰੁੱਪ ਜਿੰਨ੍ਹਾਂ ਨੇ ਨਫਰਤ ਦਾ ਪ੍ਰਚਾਰ ਕੀਤਾ, ਖਿਲਾਫ ਸਖਤ ਕਾਰਵਾਈਆਂ ਕੀਤੀਆਂ ਗਈਆਂ। ਅਸੀਂ ਸਮਝਦੇ ਹਾਂ ਕਿ ਇਸ ਗਰੁੱਪ ਖਿਲਾਫ ਅਜਿਹੀ ਹੀ ਕਾਰਵਾਈ ਕੀਤੀ ਜਾਵੇ ਅਤੇ ਵੈਬ ਤੋਂ ਪੱਤਰ ਲਹਾਏ ਜਾਣ।

No comments: