Saturday, July 30, 2011

ਆਓ ਏਸ ਵਾਰ ਸੰਤਾਲੀ ਦੌਰਾਨ ਮਰਨ ਵਾਲਿਆਂ ਦੀ ਯਾਦ ਵਿੱਚ ਮੋਨ ਰੱਖੀਏ

15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਸੀ, ਲਾਲ ਕਿਲੇ ਤੇ ਅੰਗਰੇਜ਼ਾਂ ਦਾ ਝੰਡਾ ਲਾਹ ਕੇ ਤਿਰੰਗਾ ਲਹਿਰਾਇਆ ਗਿਆ ਸੀ, ਦੇਸ਼ ਵਿੱਚੋਂ ਅੰਗਰੇਜ਼ ਚਲੇ ਗਏ ਸੀ, ਆਦਿ-ਆਦਿ" ਇਹ ਉਹ ਗੱਲਾਂ ਹਨ ਜੋ ਸਾਨੂੰ ਰਟਾਈਆਂ ਗਈਆਂ ਹਨ, ਜਿਨ੍ਹਾਂ ਨੂੰ ਸਾਡੇ ਤੇ ਥੋਪਿਆ ਗਿਆ ਹੈ, ਜੋ ਸਾਡੇ ਸਲੇਬਸਾਂ ਵਿੱਚ ਹਨ ਅਤੇ ਜੋ ਸਰਕਾਰ ਦਾ ਪੱਖ ਪੂਰਦੀਆਂ ਹਨ। ਇਹ ਸਿਰਫ਼ ਸਿੱਕੇ ਦਾ ਇੱਕੋ ਪਹਿਲੂ ਹੈ, ਦੂਸਰੇ ਪਹਿਲੂ ਤੇ ਮਿੱਟੀ ਪਾਉਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਗਈ ਹੈ।
ਅੱਜ ਵੀ ਜੇ ਕਿਸੇ ਬਜ਼ੁਰਗ ਨੂੰ ਉਸ ਦੀ ਉਮਰ ਪੁੱਛ ਕੇ ਹਿਸਾਬ ਲਾ ਕੇ ਪੁੱਛਿਆ ਜਾਵੇ ਕਿ 47 ਵੇਲੇ ਕੀ ਹੋਇਆ ਸੀ ਤਾਂ ਉਸ ਦੇ ਜਵਾਬ ਦੀ ਥਾਂ ਸਵਾਲ ਹੋਵੇਗਾ ਕਿ "ਰੋਲ਼ਿਆਂ ਵੇਲੇ"? ਪਾਕਿਸਤਾਨ ਵਿੱਚ ਅਜੇ ਵੀ ਬਹੁਤਿਆਂ ਵਲੋਂ ਆਜ਼ਾਦੀ ਨੂੰ ਹੱਲੇ ਹੀ ਕਿਹਾ ਜਾਂਦਾ ਹੈ। ਪਰ ਏਸ ਭਾਰਤ ਵਿੱਚ ਇਸ ਨੂੰ "ਸ਼ਾਨ ਨਾਲ" ਆਜ਼ਾਦੀ ਕਿਹਾ ਜਾਂਦਾ ਹੈ, ਸਿਰਫ਼ ਕਿਹਾ ਜਾਂਦਾ ਹੈ, ਦੱਸਿਆ ਨਹੀਂ ਜਾਂਦਾ ਕਿ ਆਜ਼ਾਦੀ ਕਿਸ ਨੂੰ ਕਹਿੰਦੇ ਹਨ। ਅੰਗਰੇਜ਼ਾਂ ਦੇ ਭਾਰਤ ਨੂੰ ਛੱਡ ਜਾਣ ਤੋਂ ਬਾਅਦ ਕੀ ਫ਼ਰਕ ਪਿਆ, ਇਸ ਦੀ ਵਿਆਖਿਆ ਨਹੀਂ ਕੀਤੀ ਜਾਂਦੀ। ਸਿਰਫ਼ ਆਜ਼ਾਦੀ-ਆਜ਼ਾਦੀ ਦਾ ਰੋਲ਼ਾ ਪਾ ਕੇ ਆਜ਼ਾਦੀ ਮਨਾ ਲਈ ਜਾਂਦੀ ਹੈ। ਇਹੋ ਕਾਰਣ ਹੈ ਕਿ ਅੱਜ ਵੀ ਆਮ ਲੋਕ ਇਸ ਦਿਹਾੜੇ ਨੂੰ ਆਜ਼ਾਦੀ ਜਾਂ ਸੁਤੰਤਰਤਾ ਦਿਵਸ ਨਾ ਕਹਿ ਕੇ ਸਿਰਫ਼ 15 ਅਗਸਤ ਹੀ ਕਹਿੰਦੇ ਹਨ, ਕਿਉਂ ਕਿ ਉਨ੍ਹਾਂ ਨੂੰ ਆਜ਼ਾਦੀ ਜਾਂ ਸੁਤੰਤਰਤਾ ਦੀ ਸਮਝ ਹੀ ਨਹੀਂ ਹੈ।
                  ਜੇ ਘੋਖ ਕੀਤੀ ਜਾਵੇ ਕਿ 15 ਅਗਸਤ 1947 ਨੂੰ ਹੋਇਆ ਕੀ ਸੀ, ਤਾਂ ਨਤੀਜਾ ਦਿਲ ਦਹਿਲਾ ਦੇਣ ਵਾਲਾ ਸਾਹਮਣੇ ਆਉਂਦਾ ਹੈ। ਸਪਸ਼ਟ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਇਨ੍ਹਾਂ ਦਿਨਾਂ ਵਿੱਚ ਇੱਕ ਘੁੱਗ ਵਸਦੇ ਮੁਲਖ ਨੂੰ ਸੱਤਾ ਪ੍ਰਾਪਤੀ ਦੀ ਖਾਤਿਰ ਦੋ ਹਿੱਸਿਆਂ ਵਿੱਚ ਵੰਡ ਦੇਣ ਦੇ ਸਮਝੋਤੇ ਸਹੀਬੰਦ ਹੋਏ ਸਨ। ਆਮ ਲੋਕਾਂ ਨੂੰ ਬਗੈਰ ਵਿਸ਼ਵਾਸ ਵਿੱਚ ਲਏ ਉਨ੍ਹਾਂ ਨੂੰ ਦੋਫਾੜ ਕੀਤਾ ਗਿਆ, ਵੰਡ ਦੀ ਸਥਿਤੀ ਸਪਸ਼ਟ ਨਾ ਹੋਣ ਕਾਰਨ ਕਤਲੇਆਮ ਨੂੰ ਅੰਜਾਮ ਦਿੱਤੇ ਗਏ। ਮੈਨੂੰ ਨਹੀਂ ਪਤਾ ਕਿ ਅਗਸਤ 1947 ਵਿੱਚ ਕਿੰਨੇ ਲੋਕ ਕਤਲੇਆਮ ਦੀ ਭੇਟ ਚੜ੍ਹੇ ਪਰ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਸ ਕਤਲੇਆਮ ਦਾ ਕਾਰਣ ਅੰਗਰੇਜ਼ ਨਹੀਂ ਸਾਡੇ ਆਪਣੇ ਹੀ ਸਨ, ਜਿਨ੍ਹਾਂ ਨੂੰ ਆਪਣੇ ਕਹਿਣ ਲੱਗਿਆਂ ਕਚਿਆਣ ਆਉਂਦੀ ਹੈ। ਸਿਰਫ਼ ਦੋ ਵਿਅਕਤੀਆਂ/ਧਿਰਾਂ ਦੇ ਰਾਜਸੀ ਹਠ ਕਾਰਣ ਭਾਰਤ ਦੀ ਧਰਮਾਂ ਦੇ ਆਧਾਰ ਤੇ ਵੰਡ ਹੋਈ ਅਤੇ, ਇਸੇ ਸਿਆਸਤ ਦੀ ਭੇਟ ਚੜ੍ਹ੍ਹ ਕੇ ਲੱਖਾਂ ਲੋਕ ਘਰੋਂ ਬੇਘਰ ਹੋਏ, ਲੱਖਾਂ ਦੀ ਜਾਨ ਗਈ, ਪਰਿਵਾਰ ਵਿਛੜੇ, ਲੱਖਾਂ ਨੇ ਅਪਣੇ ਜਿਗਰ ਦੇ ਟੁਕੜਿਆਂ ਨੂੰ ਆਪ ਹੀ ਕਤਲ ਕਰ ਦੇਣ ਵਿੱਚ ਭਲਾ ਸਮਝਿਆ। ਅਜਿਹਾ ਕਿਉਂ ਹੋਇਆ, ਕੀ ਕਾਰਣ ਸੀ ਕਿ ਇਸ ਬਲਾਅ ਨੂੰ ਟਾਲ਼ਿਆ ਨਹੀਂ ਜਾ ਸਕਿਆ? ਕੀ ਕਾਰਣ ਸੀ ਕਿ ਨਵਾਂ ਮੁਲਕ ਪਾਕਿਸਤਾਨ ਦੇ ਹੋਂਦ ਵਿੱਚ ਆਉਣ ਅਤੇ ਭਾਰਤ ਨੂੰ ਅੰਗਰੇਜ਼-ਮੁਕਤ ਕਰਵਾਉਣ ਵਿੱਚ ਸਿਰਫ਼ ਤੇ ਸਿਰਫ਼ ਇੱਕੋ ਰਾਤ ਦਾ ਫਾਸਲਾ ਰੱਖਿਆ ਗਿਆ ਅਤੇ ਰਾਤੋ ਰਾਤ ਸੁੱਖ ਵੱਸਦੇ ਲੋਕਾਂ ਨੂੰ ਬੋਰੀਆ ਬਿਸਤਰ ਚੁੱਕਣ ਲਈ ਕੋਣ ਕਹਿ ਗਿਆ? ਇਹ ਸਵਾਲ ਮੂੰਹ ਅੱਡੀ ਖੜੇ ਹਨ। ਹਰ ਦੁੱਖ-ਸੁੱਖ ਵਿੱਚ ਬਾਂਹ ਬਣ ਜਾਣ ਵਾਲੇ ਲੋਕ ਤਲਵਾਰਾਂ ਚੁੱਕ ਕੇ ਕਿਉਂ ਫਿਰਦੇ ਰਹੇ? ਇਹ ਉਹ ਸਵਾਲ ਹਨ ਜਿਨ੍ਹਾਂ ਦਾ ਜਵਾਬ ਕਿਸੇ ਨੇ ਨਹੀਂ ਦੇਣਾ।
ਜੋ ਵੀ ਹੋਇਆ ਉਸ 'ਤੇ ਮਿੱਟੀ ਤਾਂ ਨਹੀਂ ਪਾਈ ਜਾ ਸਕਦੀ ਪਰ ਅੱਗੇ ਦੀ ਸੋਚ ਕੇ ਜੋ ਹੋ ਸਕਦਾ ਸੀ ਜੋ ਕੀਤਾ ਜਾ ਸਕਦਾ ਸੀ ਉਹ ਵੀ ਨਹੀਂ ਹੋਇਆ, ਦੁੱਖ ਤਾਂ ਏਸੇ ਗੱਲ ਦਾ ਹੈ। ਸਰਕਾਰੀ ਧਿਰ ਦੀ ਜੇ ਕੁੱਝ ਸਮੇਂ ਲਈ ਇਹ ਗੱਲ ਮੰਨ ਵੀ ਲਈ ਜਾਵੇ ਕਿ ਦੇਸ਼ ਆਜ਼ਾਦ ਹੋਇਆ ਹੈ, ਤਾਂ ਕੀ ਫ਼ਰਕ ਪਿਆ ਹੈ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ?  ਏਸ ਸਵਾਲ ਦਾ ਇੱਕ ਵੀ ਭਾਰਤੀ ਅਜਿਹਾ ਜਵਾਬ ਨਹੀਂ ਦੇ ਸਕਦਾ ਜੋ ਤੁਰੰਤ ਦਿੱਤਾ ਜਾ ਸਕੇ, ਉਸ ਨੂੰ ਸੋਚ ਕੇ ਦੱਸਣਾ ਪਵੇਗਾ ਕਿ ਆਹ ਫ਼ਰਕ ਪਿਆ ਹੈ, ਕਹਿਣ ਤੋਂ ਭਾਵ ਕਿ ਕੋਈ ਵੱਡੀ ਜਾਂ ਇਨਕਲਾਬੀ ਤਬਦੀਲੀ ਨਹੀਂ ਆਈ। ਜੋ ਦੇਸ਼ ਨੂੰ ਅੰਗਰੇਜ਼ਾਂ ਦੇ ਛੱਡ ਜਾਣ ਤੋਂ ਪਹਿਲਾਂ ਸੋਖੇ ਸੀ, ਉਹੀ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਵਫ਼ਾਦਾਰੀ ਦੇ ਸਿੱਟੇ ਵਜੋਂ ਅੱਜ ਵੀ ਸੋਖੇ ਹਨ, ਉਨ੍ਹਾਂ ਵਿੱਚ ਗਾਂਧੀਏ ਵੀ ਆਉਂਦੇ ਹਨ ਬਾਦਲੀਏ ਵੀ ਆਉਂਦੇ ਹਨ ਅਤੇ ਮੱਕਾਰ/ਧੋਖੇਬਾਜ਼ ਵੀ ਆਉਂਦੇ ਹਨ, ਜੋ ਸਿਰਫ਼ ਚਾਪਲੂਸੀਆਂ ਤੇ ਪਲ਼ੇ ਹਨ। ਅੰਗਰੇਜ਼ਾਂ ਦੇ ਭਾਰਤ ਛੱਡ ਜਾਣ ਦਾ ਸਭ ਤੋਂ ਵੱਧ ਫਾਇਦਾ ਇਨ੍ਹਾਂ ਚਾਪਲੂਸ ਕਿਸਮ ਦੇ ਲੋਕਾਂ ਨੂੰ ਅਤੇ ਨੇਤਾਵਾਂ ਨੂੰ ਹੋਇਆ ਹੈ। ਅੰਗਰੇਜ਼ ਆਪ ਰਾਜ਼ ਨਹੀਂ ਸਨ ਕਰਦੇ ਨਾ ਹੀ ਆਪ ਕਿਸੇ ਤੋਂ ਮਾਮਲੇ ਉਗਰਾਹੁਣ ਜਾਂਦੇ ਸੀ, ਉਨ੍ਹਾਂ ਨੇ ਚਾਪਲੂਸ/ਰਖੈਲ ਰੱਖੇ ਹੋਏ ਸਨ ਕਿ ਜਾਓ ਏਨਾ ਮਾਲ ਲੁੱਟ ਕੇ ਲੈ ਆਓ ਇਹਦੇ ਵਿੱਚੋਂ ਏਨਾ ਸਾਡਾ ਅਤੇ ਬਾਕੀ ਤੁਹਾਡਾ। ਇਹ ਚਾਪਲੂਸ ਲੋਕ ਹੀ ਅੱਜ ਸਾਡੇ ਤੇ ਹੁਕਮ ਚਲਾ ਰਹੇ ਹਨ। ਕਹਿਣ ਨੂੰ ਭਾਵੇਂ ਇਹ ਲੋਕਤੰਤਰ ਬਣ ਗਿਆ ਹੈ ਪਰ ਅੰਗਰੇਜ਼ਾਂ ਦੀ ਜੂਠ ਅਜੇ ਵੀ ਇਸ ਵਿੱਚੋਂ ਝਲਕਦੀ ਹੈ, ਮਹਿਜ ਝਲਜਕਦੀ ਹੀ ਨਹੀਂ ਲਿਸ਼ਕਾਰੇ ਵੀ ਮਾਰਦੀ ਹੈ।
                  ਊਧਮ, ਭਗਤ, ਸਰਾਭੇ ਜਿਹੇ ਕ੍ਰਾਂਤੀਕਾਰੀਆਂ ਦੀ ਅੰਗਰੇਜ਼ਾਂ ਨਾਲ ਦੁਸ਼ਮਣੀ ਕੀ ਸੀ? ਉਨ੍ਹਾਂ ਨੂੰ ਤਾਂ ਕੋਈ ਘਰੇਲੂ ਤੰਗੀ ਵੀ ਨਹੀਂ ਸੀ, ਇਸ ਦੇ ਬਾਵਜੂਦ ਵੀ ਜੇ ਉਹ ਅੰਗਰੇਜ਼ਾਂ ਵਿਰੁੱਧ ਜੰਗ ਵਿੱਚ ਕੁੱਦੇ ਤਾਂ ਇਸ ਦਾ ਕਾਰਣ ਕੀ ਸੀ? ਉਹ ਤਾਂ ਖਾਂਦੇ-ਪੀਂਦੇ ਘਰੋਂ ਸੀ। ਭਗਤ ਸਿੰਘ ਓਸ ਜ਼ਮਾਨੇ ਵਿੱਚ ਕਾਲਜ ਵਿੱਚ ਪੜ੍ਹਦਾ ਸੀ ਜਿਸ ਜ਼ਮਾਨੇ ਵਿੱਚ ਸਾਡੇ ਦਾਦੇ-ਪੜਦਾਦੇ ਢਿੱਡ ਨੂੰ ਝੁਲਕਾ ਦੇਣ ਲਈ ਪਸ਼ੂਆਂ ਦੇ ਮਰਨ ਦਾ ਇੰਤਜ਼ਾਰ ਕਰਦੇ ਸੀ। ਕਹਿਣ ਦਾ ਭਾਵ ਕਿ ਭਗਤ ਸਿੰਘ ਨੂੰ ਕੋਈ ਵੀ ਤੰਗੀ ਨਹੀਂ ਸੀ ਕਿ ਉਹ ਅੰਗਰੇਜ਼ਾਂ ਵਿਰੁੱਧ ਲੜਾਈ ਕਰਦਾ, ਪਰ ਉਹ ਅਣਖੀ ਸੀ, ਉਹ ਜ਼ਿੰਦਗੀ ਦੇ ਅਰਥ ਸਮਝਦਾ ਸੀ, ਉਹ ਅਪਣੇ ਲਈ ਨਹੀਂ ਲੋਕਾਂ ਲਈ ਜਿਊਣਾ ਚਾਹੁੰਦਾ ਸੀ, ਇਹੋ ਤਾਂ ਫ਼ਰਕ ਹੁੰਦਾ ਹੈ ਪੜ੍ਹੇ-ਲਿਖੇ ਅਤੇ ਅਨਪੜ੍ਹ ਵਿੱਚ। ਜਿੱਥੇ ਕਲਮ ਵਰਤੀ ਜਾਣੀ ਸੀ ਓਸ ਨੇ ਕਲਮ ਵਰਤੀ ਅਤੇ ਜਿੱਥੇ ਹਥਿਆਰਾਂ ਦੀ ਲੋੜ ਪਈ ਓਥੇ ਉਸ ਨੇ ਹਥਿਆਰਾਂ ਨੂੰ ਵਰਤਣ ਤੋਂ ਵੀ ਗੁਰੇਜ਼ ਨਹੀਂ ਕੀਤਾ, ਉਸ ਦੀ ਵਿਚਾਰਧਾਰਾ ਸਪੱਸ਼ਟ ਸੀ।ਉਹ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਵਿਰੁੱਧ ਸੀ।
ਇਹ ਸੀ ਭਗਤ ਸਿੰਘ ੳਤੇ ਹੋਰ ਕ੍ਰਾਂਤੀਕਾਰੀਆਂ ਦਾ ਨਜ਼ਰੀਆ, ਜਿਸਦੀ ਅੱਜ ਵੀ ਅੰਗਰੇਜ਼ਾਂ ਦੇ ਕੋਲੀਚੱਟ ਨਿਖੇਧੀ ਕਰਦੇ ਹਨ। ਪ੍ਰਤੱਖ ਨੂੰ ਪਰਮਾਣ ਦੀ ਲੋੜ ਨਹੀਂ, ਅੰਗਰੇਜ਼ਾਂ ਦੇ ਕੋਲੀਚੱਟਾਂ ਦੀ ਏਨੀ ਕੁ ਹੀ ਉਦਾਹਰਣ ਦੇਣੀ ਕਾਫ਼ੀ ਹੈ:-"23 ਦਸੰਬਰ ਦੇ ਬੰਬ ਵਿਸਫੋਟ ਦੀ ਨਿਖੇਧੀ ਦਾ ਮਤਾ: ਸ਼ਹੀਦ ਭਗਵਤੀ ਚਰਨ ਵੋਹਰਾ ਦੀ ਲਿਖਤ "ਫਿਲਾਸਫ਼ੀ ਆੱਫ ਦੀ ਬੰਬ" ਅਨੁਸਾਰ, "ਕਾਂਗਰਸ ਨੇ ਅਪਣਾ ਨਿਸ਼ਾਨਾ 'ਸਵਰਾਜ' ਦੀ ਬਜਾਏ ਮੁਕੰਮਲ ਆਜ਼ਾਦੀ ਐਲਾਨਿਆ ਹੈ। ਸਿੱਟੇ ਵਜੋਂ ਆਸ ਕੀਤੀ ਜਾ ਸਕਦੀ ਸੀ ਕਿ ਇਹ ਅੰਗ੍ਰੇਜ਼ੀ ਸਰਕਾਰ ਵਿਰੁੱਧ ਜੰਗ ਦਾ ਐਲਾਨ ਕਰੇਗੀ। ਪਰ ਇਸ ਦੇ ਐਨ ਉਲਟ ਇਸ ਨੇ ਇਨਕਲਾਬੀਆਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ।ਇਸ ਦਾ ਪਹਿਲਾ ਵਾਰ ਵਾਇਸਰਾਏ ਦੀ ਗੱਡੀ 'ਤੇ 23 ਦਸੰਬਰ 1929 ਨੂੰ ਕੀਤੇ ਗਏ ਬੰਬ ਵਿਸਫੋਟ ਦੀ 'ਨਿਖੇਧੀ ਦੇ ਮਤੇ' ਦੇ ਰੂਪ ਵਿੱਚ ਆਇਆ।ਇਹ ਮਤਾ ਖੁਦ ਗਾਂਧੀ ਜੀ ਨੇ ਹੀ ਤਿਆਰ ਕੀਤਾ ਤੇ ਸਿਰ ਤੋਂ ਲੈ ਕੇ ਪੈਰਾਂ ਤੀਕ ਇਸ ਨੂੰ ਪਾਸ ਕਰਾਉਣ ਦਾ ਯਤਨ ਕੀਤਾ। ਫਿਰ ਵੀ 1713 ਮੈਂਬਰਾਂ ਦੀ ਸਭਾ ਵਿੱਚ ਕੇਵਲ 81 ਵੋਟਾਂ ਦੀ ਬਹੁਗਿਣਤੀ ਨਾਲ ਇਹ ਮਤਾ ਪ੍ਰਵਾਨ ਹੋਇਆ। ਪਰ ਕੀ ਇਹ ਨਾਂਮਾਤਰ ਬਹੁਗਿਣਤੀ ਵੀ ਹੱਕੀ ਰਾਜਸੀ ਨਿਰਣੇ 'ਤੇ ਆਧਾਰਤ ਸੀ? ਸ਼੍ਰੀਮਤੀ ਸਰਲਾ ਦੇਵੀ ਚੌਧਰਾਨੀ, ਜੋ ਜੀਵਨ ਭਰ ਕਾਂਗਰਸ ਦੇ ਸ਼ਰਧਾਲੂ ਰਹੇ ਹਨ, ਨੇ ਕਿਹਾ ਹੈ 'ਮਹਾਤਮਾ ਜੀ ਦੇ ਕਈ ਚੇਲਿਆਂ ਨਾਲ ਗੱਲਬਾਤ ਪਿੱਛੋਂ ਇਹ ਨਤੀਜਾ ਕੱਢਿਆ ਗਿਆ ਕਿ ਉਹ ਸਾਰੇ ਕੇਵਲ ਨਿੱਜੀ ਵਫ਼ਾਦਾਰੀ ਕਰਕੇ ਅਪਣੀ ਆਜ਼ਾਦ ਰਾਏ ਨੂੰ ਦਬਾ ਗਏ, ਤੇ ਮਹਾਤਮਾ ਜੀ ਵਲੋਂ ਪੇਸ਼ ਕੀਤੇ ਗਏ ਮਤੇ ਦਾ ਵਿਰੋਧ ਕਰਨੋਂ ਗੁਰੇਜ਼ ਕੀਤਾ।"
                      ਇਸ ਦੇ ਐਨ ਉਲਟ ਜਲ੍ਹਿਆਂ ਵਾਲੇ ਬਾਗ ਦੇ ਕਤਲੇਆਮ ਦੇ 8 ਮਹੀਨੇ ਪਿੱਛੋਂ ਅਮ੍ਰਿਤਸਰ ਕਾਂਗਰਸ ਸੈਸ਼ਨ ਵਿੱਚ ਇਸ ਘੱਲੂਘਾਰੇ ਦੀ ਨਿਖੇਧੀ ਦਾ ਮਤਾ ਤਾਂ ਕਿਤੇ ਰਿਹਾ, "ਸ਼ਹਿਨਸ਼ਾਹ ਪ੍ਰਤੀ ਵਫ਼ਾਦਾਰੀ ਦਾ, ਤੇ ਉਸ ਦੀ ਵਿਸ਼ਵ ਯੁੱਧ ਵਿੱਚ ਫਤਹਿ ਤੇ ਸੰਤੁਸ਼ਟੀ" ਦੇ ਮਤੇ ਪਾਸ ਕੀਤੇ ਗਏ।"     ( ਸ੍ਰੋਤ: ਪ੍ਰੋ: ਮਲਵਿੰਦਰ ਜੀਤ ਸਿੰਘ ਵੜੈਚ ਦੀ ਕਿਤਾਬ "ਡਾਇਰੀ ਕੌਮੀ ਲਹਿਰ" ਵਿੱਚੋਂ )
ਇਹ ਉਪਰੋਕਤ ਉਦਾਹਰਣ ਸਾਡੇ "ਬਾਪੂ ਗਾਂਧੀ" ਦੀ ਵਿਚਾਰਧਾਰਾ ਨੂੰ ਸਪੱਸ਼ਟ ਕਰਦੀ ਹੈ, ਉਸ ਤੋਂ ਬਾਅਦ ਕੋਈ ਵੀ ਸ਼ਕਸ ਐਸਾ ਨਹੀਂ ਜੋ ਗਾਂਧੀ ਦੀ ਗੱਲ ਨੂੰ ਕੱਟਣ ਦੀ ਯੋਗਤਾ ਰੱਖਦਾ ਹੋਵੇ, ਕਿਉਂ ਕਿ ਬਹੁਗਿਣਤੀ ਹੀ ਓਸੇ ਵੱਲ ਸੀ। ਏਥੇ ਬਹੁਗਿਣਤੀ ਦਾ ਮਤਲਬ ਇਹ ਹੈ ਜਿਸ ਨੂੰ ਝੂਠੇ ਸੁਪਨੇ ਵਿਖਾ ਕੇ ਭਰਮਾ ਲਿਆ ਜਾਂਦਾ ਹੈ, ਇਹ ਵਰਤਾਰਾ ਅੱਜ ਵੀ ਜਾਰੀ ਹੈ। ਓਦੋਂ ਲੋਕ ਅਨਪੜ੍ਹ ਸੀ, ਅੱਜ ਪੜ੍ਹ ਲਿਖ ਕੇ ਵੀ ਏਸ ਲਈ ਅਨਪੜ੍ਹ ਬਣ ਗਏ ਹਨ ਕਿ ਉਹ ਸਿਰਫ਼ ਅਪਣਾ ਹੀ ਫਾਇਦਾ ਤੱਕ ਸਕਣ ਦੂਜਿਆਂ ਦਾ ਨਹੀਂ, ਪਰ ਉਹ ਇਹ ਨ੍ਹੀਂ ਜਾਣਦੇ ਕਿ, ਅੱਜ ਜੋ ਮੁਸ਼ਕਿਲਾਂ ਲੋਕਾਂ ਨੂੰ ਆ ਰਹੀਆਂ ਹਨ ਉਹੀ ਮੁਸ਼ਕਿਲਾਂ ਕੱਲ੍ਹ ਨੂੰ ਉਨ੍ਹਾਂ ਦੀ ਔਲਾਦ ਨੂੰ ਵੀ ਆਉਣੀਆਂ ਹਨ। ਜਾਣੇ-ਅਣਜਾਣੇ ਉਹ ਅਪਣੀ ਆਉਣ ਵਾਲੀ ਪੀੜ੍ਹੀ ਦੀ ਪਿੱਠ ਵਿੱਚ ਛੁਰ੍ਹਾ ਘੋਂਪ ਰਹੇ ਹਨ, ਇਹ ਗੱਲ ਉਨ੍ਹਾਂ ਨੂੰ ਸਮਝ ਲੈਣੀ ਚਾਹੀਦੀ ਹੈ।
ਇਸ ਨੂੰ ਗਾਂਧੀ ਅਤੇ ਜਿੰਨਾਹ ਦੀ ਸੰਕੀਰਣ ਸੋਚ ਹੀ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਸਿਰਫ਼ ਚੋਧਰ ਦੀ ਖਾਤਰ ਇਸ ਮੁਲਕ ਦੀਆਂ ਵੰਡੀਆਂ ਪੈਣ ਦਿੱਤੀਆਂ, ਅਤੇ ਉਨ੍ਹਾਂ ਨੂੰ ਬਾਪੂ ਜਾਂ ਪਿਤਾਮ੍ਹਾ ਬਣਾਉਣ ਵਾਲੇ ਉਨ੍ਹਾਂ ਦੇ ਪਦ-ਚਿਨ੍ਹਾਂ ਤੇ ਚੱਲ ਰਹੇ ਹਨ। ਜੇ ਉਨ੍ਹਾਂ ਵਿੱਚ ਸੱਚਮੁਚ ਹੀ ਕੋਈ ਦੇਸ਼ਭਗਤੀ ਦੀ ਭਾਵਨਾ ਹੁੰਦੀ ਤਾਂ ਏਸ ਮੁਲਕ ਦੀ ਵੰਡ ਟਲ਼ ਸਕਦੀ ਸੀ। ਅੱਜ ਦਾ ਜੰਮੂੰ ਕਸ਼ਮੀਰ ਵਿੱਚ ਆਤਂਕਵਾਦ ਏਸ ਵੰਡ ਦਾ ਹੀ ਨਤੀਜਾ ਹੈ, ਕਿ ਪਾਕਿਸਤਾਨ ਦੀ ਅੱਜ ਵੀ ਇਹੋ ਸੋਚ ਹੈ ਕਿ ਵੰਡ ਵੇਲੇ ਭਾਰਤ ਨੇ ਬਹੁਤਾ ਰੱਖ ਲਿਆ ਅਤੇ ਸਾਨੂੰ ਸਾਡੇ ਹਿੱਸੇ ਦਾ ਵੀ ਨਹੀਂ ਦਿੱਤਾ। 
                          ਸਾਨੂੰ ਸਭ ਤੋਂ ਪਹਿਲਾਂ ਆਪਣਾ ਕਾਨੂੰਨ ਬਣਾਉਣ ਲਈ ਪਹਿਲਕਦਮੀ ਕਰਨੀ ਚਾਹੀਦੀ ਸੀ, ਜੋ ਨਹੀਂ ਕੀਤੀ ਗਈ। 26 ਜਨਵਰੀ 1950 ਨੂੰ ਉਹੀ ਬਣਿਆ-ਬਣਾਇਆ ਕਾਨੂੰਨ ਹੀ ਗਾਹ੍ਹਾਂ ਧੱਕ ਦਿੱਤਾ ਗਿਆ, ਜੋ ਅੱਜ ਵੀ ਜਾਰੀ ਹੈ। ਅੰਗਰੇਜ਼ਾਂ ਵਲੋਂ ਅਪਣੇ ਫਾਇਦੇ ਲਈ (ਲੁੱਟ ਲਈ) ਵਰਤੀ ਜਾਂਦੀ ਦਫ਼ਾ 144 ਅੱਜ ਵੀ ਲਾਗੂ ਹੈ। ਅਤੇ ਅਪਣੀ ਜ਼ਿੰਮੇਵਾਰੀ ਤੋਂ ਸਾਫ਼ ਬਚ ਨਿਕਲਣ ਲਕਈ ਧਾਰਾ 174 ਵੀ ਲਾਗੂ ਹੈ। ਅਜਿਹੇ ਹੀ ਲੱਗਭਗ ਸਾਰੇ ਕਾਨੂੰਨ ਅੰਗਰੇਜ਼ਾਂ ਵਾਲੇ ਹੀ ਲਾਗੂ ਹਨ। ਓਦੋਂ ਅੰਗਰੇਜ਼ ਹਕੂਮਤ ਕਰਦੇ ਸਨ, ਮਗਰੋਂ ਅੰਗਰੇਜ਼ਾਂ ਦੇ ਪਿੱਠੂ ਹਕੂਮਤ ਤੇ ਕਾਬਜ਼ ਹੋ ਗਏ। ਅੰਗਰੇਜ਼ਾਂ ਦੇ ਜਾਣ ਦਾ ਫ਼ਰਕ ਕੀ ਪਿਆ? ਲੁੱਟਣ ਵਾਲੀ ਜਮਾਤ ਵੀ ਉਹੋ ਰਹੀ ਅਤੇ ਲੁੱਟ ਹੋਣ ਵਾਲੀ ਜਮਾਤ ਵੀ ਉਹੋ ਰਹੀ। ਜਦੋਂ ਕੋਈ ਫ਼ਰਕ ਹੀ ਨਹੀਂ ਪਿਆ ਤਾਂ ਕੀ ਫ਼ਾਇਦਾ ਹੋਇਆ ਅੰਗਰੇਜ਼ਾਂ ਦੇ ਭਾਰਤ ਛੱਡ ਜਾਣ ਦਾ, ਕੀ ਮਤਲਬ ਰਹਿ ਗਿਆ ਭਗਤ ਸਿੰਘ ਹੁਰਾਂ ਦੇ ਫ਼ਾਂਸੀ ਚੜ੍ਹ ਜਾਣ ਦਾ। ਹਾਲਾਤ ਤਾਂ ਉਹੀ ਹਨ, ਉਦੋਂ ਵੀ ਗਰੀਬ ਮਾਰਿਆ ਜਾਂਦਾ ਸੀ, ਹੁਣ ਵੀ ਗਰੀਬ ਮਾਰਿਆ ਜਾਂਦਾ ਹੈ। ਆਹ ਜੋ ਬਾਦਲਾਂ ਨੇ ਗਰੀਬਾਂ ਲਈ ਆਟਾ ਦਾਲ਼ ਸਕੀਮ ਚਾਲੂ ਕੀਤੀ ਹੈ, ਏਸ ਸਕੀਮ ਨੂੰ ਅੰਗਰੇਜ਼ ਵੀ ਚਾਲੂ ਕਰ ਕੇ 200 ਸਾਲ ਹੋਰ ਆਰਾਮ ਨਾਲ ਰਾਜ਼ ਕਰ ਸਕਦੇ ਸੀ। ਫਿਰ ਕੀ ਫਰਕ ਰਹਿ ਗਿਆ ਅੰਗਰੇਜ਼ਾਂ ਅਤੇ ਸਾਡੇ ਸਿਰ ਚੜ੍ਹਾਏ ਹਾਕਮਾਂ ਵਿੱਚ।
                              ਜਿਉਂਦੇ ਰਹਿਣ ਲਈ ਸਿਰਫ਼ ਰੋਟੀ ਹੀ ਨਹੀਂ ਚਾਹੀਦੀ, ਮਕਾਨ, ਕੱਪੜਾ, ਸਾਫ-ਸੁਥਰਾ ਵਾਤਾਵਰਨ, ਆਲ਼ਾ-ਦੁਆਲਾ ਅਤੇ ਭ੍ਰਿਸ਼ਟਾਚਾਰ ਮੁਕਤ ਲੋਕਤੰਤਰ ਵੀ ਚਾਹੀਦਾ ਹੈ, ਜੋ ਸਾਡਾ ਹੱਕ ਬਣਦਾ ਹੈ, ਅਸੀਂ ਟੈਕਸ ਦਿੰਦੇ ਹਾਂ, ਟੈਕਸ ਦੇ ਰੂਪ ਵਿੱਚ ਸਾਡੇ ਵਲੋਂ ਦਿੱਤੇ ਗਏ ਜਾਂ ਲਏ ਗਏ ਧਨ ਵਿੱਚੋਂ ਹੀ ਹਾਕਮਾਂ, ਸਰਕਾਰੀ ਅਧਿਕਾਰੀਆਂ ਨੂੰ ਤਨਖਾਹਾਂ ਅਤੇ ਭੱਤੇ ਦਿੱਤੇ ਜਾਂਦੇ ਹਨ, ਸਿਰਫ਼ ਤਨਖਾਹਾਂ-ਭੱਤੇ ਹੀ ਨਹੀਂ, ਇਨ੍ਹਾਂ ਲੀਡਰਾਂ ਦੇ ਕੁੱਤਿਆਂ ਨੂੰ ਸੈਰ ਕਰਵਾਉਣ ਵਾਲੇ ਸਿਪਾਹੀਆਂ/ਅੰਗਰੱਖਿਅਕਾਂ ਨੂੰ ਵੀ ਤਨਖਾਹਾਂ ਸਾਡੀਆਂ ਕਟੌਤੀਆਂ ਕਰ ਕੇ ਹੀ ਦਿੱਤੀ ਜਾਂਦੀ ਹੈ।ਅਸੀਂ ਮਿਹਨਤਕਸ਼ ਲੋਕ ਅਪਣੇ ਲਈ ਨਾ ਕਮਾ ਕੇ ਸ਼ਾਹੂਕਾਰਾਂ/ਬਾਦਲਾਂ/ਗਾਂਧੀਆਂ/ਅੰਬਾਨੀਆਂ/ਤੇਲਗੀਆਂ ਦਾ ਟੋਆ (ਢਿੱਡ) ਭਰਨ ਵਿੱਚ ਲੱਗੇ ਹੋਏ ਹਾਂ ਇਹ ਜਾਣਦੇ ਹੋਏ ਵੀ ਕਿ ਇਹ ਟੋਆ ਕਦੇ ਵੀ ਭਰਿਆ ਨਹੀਂ ਜਾਣਾ।
"ਸਵਿਸ ਬੈਂਕ ਦੇ ਪੱਤਰ ਨੇ ਸਾਰਾ ਮਾਜਰਾ ਜੱਗ ਜ਼ਾਹਿਰ ਕਰ ਦਿੱਤਾ ਹੈ। ਭਾਰਤ ਦੀ ਗਰੀਬੀ ਦੀ ਜੜ੍ਹ ਪਹਿਲੀ ਵਾਰੀ ਫੜੀ ਗਈ ਹੈ। ਹਿੰਦੋਸਤਾਨ ਭਾਵੇਂ ਖੇਡਾਂ ਸਮੇਤ ਅਣਗਿਣਤ ਖੇਤਰਾਂ ਵਿੱਚ ਫਾਡੀ ਹੋਵੇ, ਪਰ ਕਾਲੇ ਧਨ ਵਿੱਚ ਇਸ ਨੇ ਸਭ ਨੂੰ ਪਛਾੜ ਕੇ ਰੱਖ ਦਿੱਤਾ ਹੈ। ਵੱਡੀਆਂ ਕੋਸ਼ਿਸ਼ਾਂ ਸਦਕਾ ਸਵਿਸ ਬੈਂਕ ਐਸੋਸਿਏਸ਼ਨ ਨੇ ਖੁਲਾਸਾ ਕੀਤਾ ਹੈ ਕਿ ਕਾਲੇ ਧਨ ਦੀ ਜਮ੍ਹਾਂ ਰਾਸ਼ੀ ਵਿੱਚ ਭਾਰਤੀ ਲੋਕ ਬਾਜ਼ੀ ਮਾਰ ਗਏ ਹਨ। ਸਵਿਸ ਬੈਂਕ ਵਿੱਚ ਭਾਰਤੀਆਂ ਦੇ ਕੁੱਲ 65,223 ਅਰਬ ਰੁਪਏ ਜਮ੍ਹਾਂ ਹਨ। ਦੂਜੇ ਥਾਂ ਤੇ ਖੰਡਿਤ ਹੋਏ ਰੂਸ ਦਾ ਨਾਂ ਆਉਂਦਾ ਹੈ, ਜਿੱਥੋਂ ਦੇ ਲੋਕਾਂ ਦੇ ਕਰੀਬ 21,235 ਅਰਬ ਰੁਪਏ ਜਮ੍ਹਾਂ ਹਨ। ਗੁਆਂਢੀ ਮੁਲਕ ਚੀਨ 2154 ਅਰਬ ਰੁਪਿਆਂ ਨਾਲ ਪੰਜਵੇਂ ਸਥਾਨ ਤੇ ਆਇਆ ਹੈ। ਏਜੰਸੀ ਖਬਰਾਂ ਮੁਤਾਬਿਕ ਭਾਰਤੀਆਂ ਦੀ ਸਵਿਸ ਬੈਂਕ ਵਿੱਚ ਜਮ੍ਹਾਂ ਰਾਸ਼ੀ ਸਾਡੇ ਕੁੱਲ ਉਤਪਾਦਨ ਦਾ ਛੇ ਗੁਣਾ ਹੈ। ਜੇ ਸਾਰਾ ਧਨ ਘਰ ਵਾਪਸ ਆ ਜਾਵੇ ਤਾਂ ਦੇਸ਼ ਦੀ ਕਾਇਆ ਕਲਪ ਹੋ ਜਾਵੇਗੀ। ਫਿਰ ਸਾਨੂੰ ਆਉਣ ਵਾਲੇ ਤੀਹ ਸਾਲਾਂ ਦੇ ਬਜਟ ਵਿੱਚ ਧੇਲੇ ਦਾ ਕਰ ਨਹੀਂ ਲਾਉਣਾ ਪਵੇਗਾ। ਇਸ ਰਾਸ਼ੀ ਨਾਲ ਹਰੇਕ ਪਿੰਡ ਨੂੰ ਚਹੁੰ-ਮਾਰਗੀ ਸੜਕ ਜਾਵੇਗੀ ਤੇ ਮੰਗਤਾ ਕਿਤੇ ਦਿਖਾਈ ਨਹੀਂ ਦੇਵੇਗਾ।.........."ਸ਼੍ਰੀ ਵਰਿੰਦਰ ਵਾਲੀਆ,ਪੰਜਾਬੀ ਟ੍ਰਿਬਿਊਨ,21/11/2010"
                     ਇਸ ਦੇਸ਼ ਨੂੰ ਜਿਨ੍ਹਾਂ ਨੇ ਲੁੱਟਣ ਦੀ ਪੱਕੀ ਧਾਰ ਲਈ ਹੈ, ਉਨ੍ਹਾਂ ਨੇ ਹਰ ਹੀਲੇ ਇਸ ਨੂੰ ਲੁੱਟਣ ਦੀੂ ਕੋਸ਼ਿਸ਼ ਕਰਨੀ ਹੀ ਹੈ, ਪਰ ਜੋ ਇਸ ਨੂੰ ਲੁਟਾ ਰਹੇ ਹਨ ਉਹ ਵੀ ਕਿਸੇ ਰਿਆਇਤ ਦੇ ਹੱਕਦਾਰ ਨਹੀਂ ਹਨ। ਅਸੀਂ ਸਰਕਾਰ ਚੁਣਨ ਲਈ ਵੋਟ ਪਾਉਂਦੇ ਹਾਂ, ਅਤੇ ਅਪਣੇ ਆਪ ਨੂੰ ਜ਼ਿੰਮੇਵਾਰੀਆਂ ਤੋਂ ਮੁਕਤ ਹੋਇਆ ਸਮਝਦੇ ਹਾਂ।ਇਹ ਲੋਕਤੰਤਰ ਨਹੀਂ ਹੈ। ਕੀ ਵੋਟ ਪਾ ਕੇ ਸਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ? ਸਭ ਤੋਂ ਵੱਡੀ ਗੱਲ ਇਹੋ ਹੈ ਕਿ ਸਾਨੂੰ ਵੋਟ ਦੀ ਸਮਝ ਹੀ ਨਹੀਂ ਹੈ ਕਿ ਵੋਟ ਕੀ ਹੈ, ਇਸ ਦੀ ਤਾਕਤ ਕੀ ਹੈ?                       ਆਜ਼ਾਦੀ ਮਿਲਣ ਤੋਂ ਬਾਅਦ ਜੋ ਗੱਲ ਸਾਨੂੰ ਤੁਰੰਤ ਸਮਝ ਆ ਜਾਣੀ ਚਾਹੀਦੀ ਸੀ ਉਹ ਸਾਨੂੰ ਅੱਜ 63 ਸਾਲ ਬਾਅਦ ਵੀ ਸਮਝ ਨ੍ਹੀਂ ਆ ਰਹੀ ਹੈ। ਅਸੀਂ ਵੋਟ ਪਾ ਕੇ ਸੁਰਖਰੂ ਹੋਇਆ ਸਮਝਦੇ ਹਾਂ, ਪਰ ਵੋਟ ਪਾਉਣ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਵਧ ਜਾਂਦੀ ਹੈ ਕਿ ਜਿਸ ਨੂੰ ਅਸੀਂ ਵੋਟ ਪਾਈ ਹੈ, ਕੀ ਉਹ ਸਾਡੀਆਂ ਉਮੀਦਾਂ ਤੇ ਖਰਾ ਵੀ ਉੱਤਰ ਰਿਹਾ ਹੈ ਜਾਂ ਨਹੀਂ? ਪਰ ਅਸੀਂ ਉਸ ਮਗਰ ਉਸ ਦੇ ਪਾਲਤੂ ਕੁੱਤੇ ਤੋਂ ਵੀ ਜ਼ਿਆਦਾ ਪੂਛ ਹਿਲਾਉਂਦੇ ਫਿਰਦੇ ਹਾਂ, ਇਹ ਆਜ਼ਾਦੀ ਨਹੀਂ ਗੁਲਾਮੀ ਹੈ, ਅਧੀਨਗੀ ਹੈ, ਜਦੋਂ ਕਿ ਸਾਨੂੰ ਅਧੀਨਗੀ ਕਾਨੂੰਨ ਦੀ ਕਬੂਲਣੀ ਚਾਹੀਦੀ ਹੈ।
                 ਰਹਿ-ਰਹਿ ਕੇ ਸਵਾਲ ਇਹੋ ਉੱਠਦਾ ਹੈ ਕਿ ਅੰਗਰੇਜ਼ਾਂ ਦੇ ਚਲੇ ਜਾਣ ਦਾ ਸਾਨੂੰ ਕੀ ਲਾਭ ਹੋਇਆ? ਮੈਨੂੰ ਇੱਕ ਅਪਣੀ ਲਿਖੀ ਕਵਿਤਾ ਯਾਦ ਆਉਂਦੀ ਹੈ, ਜੋ ਤਰਕਸ਼ੀਲ ਮੈਗਜ਼ੀਨ ਦੇ 2007 ਦੇ ਅਗਸਤ ਅੰਕ ਦੇ ਮੁੱਖ ਪੰਨੇ ਤੇ ਲੱਗ ਚੁੱਕੀ ਹੈ:
                                                                            ਕਿਤੇ ਬੰਦ, ਕਿਤੇ ਦੰਗੇ ਫਸਾਦ ਹੋ ਰਹੇ ਨੇ
                                                                             ਮੇਰੇ ਮੁਲਕ ਦਾ ਢਾਂਚਾ ਹੀ ਅਸਤ-ਵਿਅਸਤ ਹੈ                                                                           ਮਹਿੰਗਾਈ ਅਪਣੀ ਚਾਲ ਵਿੱਚ ਪੂਰੀ ਵਿਅਸਤ ਹੈ                                                                           ਧਰਮ ਨਿਰਪੱਖਤਾ ਨੂੰ ਧਰਮਾਂ ਨੇ ਦਿੱਤੀ ਸ਼ਿਕਸਤ ਹੈ                                                                                   ਆਜ਼ਾਦੀ ਉਨ੍ਹਾਂ ਦੀ ਜਿਨ੍ਹਾਂ ਦੇਸ਼ ਖਾਧਾ                                                                                
 ਸਾਡੇ ਲਈ ਮਹਿਜ ਇਹ 15 ਅਗਸਤ ਹੈ।                       
ਸੋ ਇਹ 15 ਅਗਸਤ ਹੀ ਹੈ, ਸਰਕਾਰੀ ਛੁੱਟੀ ਦਾ ਦਿਨ। 47 ਦੇ ਦੰਗਿਆਂ ਵਿੱਚ ਮਰਨ ਵਾਲੇ ਦੇਸ਼ਵਾਸੀਆਂ ਦੀ ਯਾਦ ਨੂੰ ਭੁਲਾ ਕੇ ਅੰਗਰੇਜ਼ਾਂ ਦੇ ਚਲੇ ਜਾਣ ਦੀ ਖੁਸ਼ੀ ਵਿੱਚ ਤਿਰੰਗੇ ਥੱਲੇ ਜਨ-ਗਨ-ਮਨ ਗਾਉਣ ਅਤੇ ਪਟਾਕੇ ਚਲਾ ਕੇ, ਭੰਗੜੇ ਪਾ ਕੇ ਮਨਾਇਆ ਜਾਣ ਵਾਲਾ ਦਿਨ ਹੀ ਰਹਿ ਗਿਆ ਹੈ ਇਹ 15 ਅਗਸਤ।                       ਆਜ਼ਾਦੀ ਕੀ ਹੈ, ਕਿਸ ਤਰਾਂ ਦੀ ਹੁੰਦੀ ਹੈ, ਕਿਵੇਂ ਆ ਸਕਦੀ ਹੈ, ਕੋਣ ਲਿਆ ਸਕਦਾ ਹੈ, ਆਵੇਗੀ ਵੀ ਜਾਂ ਨਹੀਂ? ਇਸ ਬਾਰੇ ਕਿਤੇ ਫੇਰ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਫਿਲਹਾਲ ਏਨਾ ਹੀ ਸਮਝ ਲਿਆ ਜਾਵੇ ਕਿ 15 ਅਗਸਤ ਕੀ ਹੈ।ਟੀਵੀ ਤੇ ਕਿਸੇ ਮੁਸ਼ਾਇਰੇ ਵਿੱਚ ਕਿਸੇ ਸ਼ਾਇਰ (ਨਾਮ ਯਾਦ ਨਹੀਂ, ਪਰ ਉਹ ਸਰਤਾਜ ਨਹੀਂ) ਵਲੋਂ ਬੋਲਿਆ ਗਿਆ ਸ਼ੇਅਰ, ਭਾਰਤ ਅਤੇ ਪਾਕਿਸਤਾਨ, ਦੋਹਾਂ ਮੁਲਕਾਂ ਦੇ ਲੋਕਾਂ ਨੂੰ ਸਮਰਪਿਤ ਕਰਕੇ ਆਗਿਆ ਚਾਹੁੰਦਾ ਹਾਂ।           
 (ਸੁਰਜੀਤ ਗੱਗ--9463389628)                                                                                     
  ਹਿਜਰਤੇਂ ਕਰਨੇ ਸੇ ਕਿਆ ਹੁਆ ਹਾਸਿਲ                                                                                             
 ਚੋਂਚ ਮੇਂ ਥੇ ਚਾਰ ਦਾਨੇ, ਚਾਰ ਦਾਨੇ ਹੀ ਰਹੇ....।

No comments: