Monday, July 18, 2011

ਤਾਂ ਫਿਰ ਇੰਦਰਾ ਗਾਂਧੀ ਨੇ ਹਰਿਆਣਾ ਨੂੰ ਪਾਣੀ ਕਿਵੇਂ ਦਿੱਤਾ ਸੀ ?

ਰੋਜ਼ਾਨਾ ਜਗ ਬਾਣੀ 'ਚ ਪ੍ਰਕਾਸ਼ਿਤ ਖਬਰ 
ਪੰਜਾਬ ਨਾਲ ਹੁੰਦੇ ਆਏ ਵਿਤਕਰਿਆਂ ਨਾਲ ਸਬੰਧਿਤ ਖਬਰਾਂ ਨੂੰ ਰੋਜ਼ਾਨਾ ਜਗ ਬਣੀ ਵੱਲੋਂ ਵੀ ਅਕਸਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਂਦਾ ਹੈ. ਇਸ ਸਬੰਧ ਵਿੱਚ ਇੱਕ ਤਾਜ਼ਾ ਖਬਰ ਹੈ ਪੰਜਾਬ ਦੇ ਪਾਣੀਆਂ ਦੀ. ਚੰਡੀਗਡ਼੍ਹ  ਡੇਟਲਾਈਨ ਨਾਲ 18 ਜੁਲਾਈ ਦੇ ਅੰਕ ਵਿੱਚ ਪੱਤਰ ਪ੍ਰੇਰਕ ਭੁੱਲਰ ਦੀ ਇਹ ਖਬਰ ਅਕਾਲੀ ਪਾਰਟੀ ਵੱਲੋਂ ਜਾਰੀ ਬਿਆਨ ਉੱਤੇ ਅਧਾਰਿਤ ਹੈ. ਅਖਬਾਰ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਾਂਸੀ-ਬੁਟਾਣਾ ਨਹਿਰ ਦੇ ਮਾਮਲੇ ‘ਤੇ ਪ੍ਰਧਾਨ ਮੰਤਰੀ ਤੋਂ ਦਖਲਅੰਦਾਜ਼ੀ ਕਰਨ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੰਗ ਬਾਰੇ ਪੰਜਾਬ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਬਿਆਨ ‘ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਇਸਨੂੰ ਕਾਂਗਰਸ ਪਾਰਟੀ ਵਲੋਂ ਆਪਣੇ ‘ਗੁਨਾਹਾਂ ਨੂੰ ਕਬੂਲਣ’ ਦੀ ਕਾਰਵਾਈ ਕਰਾਰ ਦਿੱਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਕਾਂਗਰਸ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਜੇਕਰ ਪਾਣੀਆਂ ਦਾ ਮਾਮਲਾ ਅੰਤਰਰਾਜੀ ਮਾਮਲਾ ਹੈ ਤਾਂ ਫਿਰ ਇੰਦਰਾ ਗਾਂਧੀ, ਜੋ ਕਿ ਉਸ ਵੇਲੇ ਪ੍ਰਧਾਨ ਮੰਤਰੀ ਸਨ, ਨੇ ਐਮਰਜੈਂਸੀ ਵੇਲੇ ਦਖਲਅੰਦਾਜ਼ੀ ਕਰਦਿਆਂ ਹਰਿਆਣਾ ਨੂੰ ਪਾਣੀ ਕਿਵੇਂ ਦਿੱਤਾ ਸੀ? ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਹੀ ਆਖਦਾ ਰਿਹਾ ਹੈ ਕਿ ਜੋ ਇੰਦਰਾ ਗਾਂਧੀ ਨੇ ਕੀਤਾ ਉਹ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਸੀ ਅਤੇ ਇਹ ਐਮਰਜੈਂਸੀ ਵੇਲੇ ਢਾਹਿਆ ਗਿਆ ਵੱਡਾ ਕਹਿਰ ਸੀ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੀ ਇਸ ਕਾਰਵਾਈ ਨਾਲ ਹੀ ਪਾਣੀਆਂ ਦਾ ਮਾਮਲਾ ਅੰਤਰਰਾਜੀ ਬਣਿਆ ਕਿਉਂਕਿ ਇਸ ਤੋਂ ਪਹਿਲਾਂ ਇਹ ਅੰਤਰਰਾਜੀ ਮਾਮਲਾ ਹੀ ਨਹੀਂ ਸੀ ਤੇ ਦਰਿਆਈ ਪਾਣੀਆਂ ਦੇ ਮਾਮਲੇ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਸਥਾਪਿਤ ਰਾਈਪੇਰੀਅਨ ਸਿਧਾਂਤ ਅਨੁਸਾਰ ਇਨ੍ਹਾਂ ਪਾਣੀਆਂ ‘ਤੇ ਸਿਰਫ ਪੰਜਾਬ ਦਾ ਹੱਕ ਸੀ। ਕੈਪਟਨ ਅਮਰਿੰਦਰ ਸਿੰਘ ‘ਤੇ ਤਾਬਡ਼ਤੋਡ਼ ਹਮਲੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਾਂਸੀ ਬੁਟਾਣਾ ਨਹਿਰ ਅਤੇ ਕੰਧ ਦੇ ਮਾਮਲੇ ‘ਤੇ ਸੁਪਰੀਮ ਕੋਰਟ ਵਿਚੋਂ ਕੇਸ ਵਾਪਸ ਲੈ ਲੈਣ ਜਿਵੇਂ ਕਿ ਉਸ ਵੇਲੇ ਕਾਂਗਰਸ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਕਰਦਿਆਂ ਪੰਜਾਬ ਨਾਲ ਵੱਡਾ ਧੋਖਾ ਕੀਤਾ ਸੀ।   ਉਨ੍ਹਾਂ ਕਾਂਗਰਸੀ ਨੇਤਾਵਾਂ ਨੂੰ ਚੇਤੇ ਕਰਵਾਇਆ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨਾ ਅਕਾਲੀਆਂ ਨੂੰ ਚੰਗਾ ਤਰ੍ਹਾਂ ਆਉਂਦਾ ਹੈ ਅਤੇ ਇਸ ਵਾਰ ਉਹ ਅਜਿਹਾ ਹੀ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਸਾਜ਼ਿਸ਼ਾਂ ਰਚਣ ਦੀ ਥਾਂ ਘਰ ਬੈਠਣਾ ਚਾਹੀਦਾ ਹੈ ਅਤੇ ਹਿੱਤਾਂ ਦੀ ਰਾਖੀ ਲਈ ਹੋ ਰਹੀ ਕਾਰਵਾਈ ‘ਤੇ ਵਿਸ਼ਵਾਸ ਕਰਨਾ ਸਿੱਖਣਾ ਚਾਹੀਦਾ ਹੈ।

No comments: