Monday, July 11, 2011

ਇੱਕ ਹੋਰ ਰੇਲ ਹਾਦਸੇ ਨੇ ਨਿਗਲੀਆਂ ਮਨੁੱਖੀ ਜਾਨਾਂ

ਉੱਤਰ ਪ੍ਰਦੇਸ਼ ਦੇ ਫਤਹਿਪੁਰ ਜ਼ਿਲੇ ’ਚ ਪੈਂਦੇ ਮਾਲਾਵਾਂ ਸਟੇਸ਼ਨ ਨੇਡ਼ੇ ਬੁਰੀ ਤਰ੍ਹਾਂ 
ਹਾਦਸਗ੍ਰਸਤ ਹੋਈ ਕਾਲਕਾ ਮੇਲ ਦਾ ਦ੍ਰਿਸ਼ ਫੋਟੋ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ  
ਇੱਕ ਹੋਰ ਰੇਲ ਹਾਦਸੇ ਨੇ ਅਨਮੋਲ ਜਾਨਾਂ ਨਿਗਲ ਲਈਆਂ ਹਨ. ਕੱਲ ਹਾਦਸੇ ਵਾਲੇ ਦਿਨ ਟੀਵੀ ਚੈਨਲਾਂ ਨੇ ਇਸ ਖਬਰ ਨੂੰ ਹਰ ਪਹਿਲੂ ਨਾਲ ਦਿਖਾਇਆ ਸੀ ਅਤੇ ਅੱਜ ਦੀਆਂ ਅਖਬਾਰਾਂ ਨੇ ਵੀ ਇਸ ਹਾਦਸੇ ਦੇ ਦੁਖਦਾਈ ਵੇਰਵੇ ਆਪਣੇ ਪਾਠਕਾਂ ਤੱਕ ਪਹੁਂਚਾਏ ਹਨ.ਹਰਮਨ ਪਿਆਰੀ ਅਖਬਾਰ ਜਗ ਬਾਣੀ ਨੇ ਫਤਿਹਪੁਰ ਅਤੇ ਲਖਨਊ ਦੀ ਸਾਂਝੀ ਡੇਟ ਲਾਈਨ ਤੋਂ ਏਜੰਸੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹ ਭਿਆਨਕ ਰੇਲ ਹਾਦਸਾ ਕਿਵੇਂ ਵਾਪਰਿਆ. ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲੇ ‘ਚ ਮਲਵਾ ਰੇਲਵੇ ਸਟੇਸ਼ਨ ਨੇਡ਼ੇ ਐਤਵਾਰ ਸਵੇਰੇ ਹਾਵਡ਼ਾ ਤੋਂ ਦਿੱਲੀ ਜਾ ਰਹੀ ਕਾਲਕਾ ਮੇਲ ਦੀਆਂ 13 ਬੋਗੀਆਂ ਲੀਹੋਂ ਲਹਿ ਗਈਆਂ, ਜਿਸ ਕਾਰਨ ਘੱਟੋ-ਘੱਟ 37 ਮੁਸਾਫਰਾਂ ਦੀ ਮੌਤ ਹੋ ਗਈ ਅਤੇ 250 ਹੋਰ ਜ਼ਖ਼ਮੀ ਹੋ ਗਏ। 10 ਬੋਗੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਨੁਕਸਾਨੀਆਂ ਬੋਗੀਆਂ ‘ਚ ਫਸੇ ਲੋਕਾਂ ਨੂੰ ਕੱਢਣ ਲਈ ਜੰਗੀ ਪੱਧਰ ‘ਤੇ ਕਦਮ ਚੁੱਕੇ ਗਏ। ਰਾਹਤ ਅਤੇ ਬਚਾਅ ਕਾਰਜਾਂ ਲਈ ਇਲਾਹਾਬਾਦ ਤੇ ਕਾਨਪੁਰ ਤੋਂ 2 ਟ੍ਰੇਨਾਂ ਆਈਆਂ। ਹਾਦਸੇ ਕਾਰਨ ਕਈ ਘੰਟੇ ਰੇਲ ਆਵਾਜਾਈ ਰੁਕੀ ਰਹੀ। ਮੁੱਖ ਰੂਪ ‘ਚ ਹਾਵਡ਼ਾ-ਦਿੱਲੀ ਰੇਲ ਸੈਕਸ਼ਨ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਹਾਦਸੇ ਸਮੇਂ ਟ੍ਰੇਨ ਦੀ ਰਫਤਾਰ 108 ਕਿਲੋਮੀਟਰ ਪ੍ਰਤੀ ਘੰਟਾ ਸੀ। ਇਕ ਟੀ. ਵੀ. ਚੈਨਲ ਅਨੁਸਾਰ ਰਾਤ ਦੇਰ ਤਕ ਮਰਨ ਵਾਲਿਆਂ ਦੀ ਗਿਣਤੀ 50 ਹੋ ਚੁੱਕੀ ਸੀ। ਨਵੀਂ ਦਿੱਲੀ ‘ਚ ਭਾਰਤੀ ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਰੇਲਵੇ ਬੋਰਡ ਦੇ ਮੁਖੀ ਵਿਨੇ ਮਿੱਤਲ ਅਤੇ ਕਈ ਹੋਰ ਚੋਟੀ ਦੇ ਅਧਿਕਾਰੀ ਮੌਕੇ ‘ਤੇ ਪੁੱਜੇ। ਰੇਲ ਰਾਜ ਮੰਤਰੀ ਮੁਕੁਲ ਰਾਏ ਨੇ ਮਾਰੇ ਗਏ ਹਰ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ, ਗੰਭੀਰ ਰੂਪ ‘ਚ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਨੂੰ 25-25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਵੀ ਇਸ ਹਾਦਸੇ ‘ਚ ਮਾਰੇ ਗਏ ਹਰ ਵਿਅਕਤੀ ਦੇ ਪਰਿਵਾਰਕ ਮੈਂਬਰ ਨੂੰ 1-1 ਲੱਖ ਰੁਪਏ, ਗੰਭੀਰ ਰੂਪ ਵਿਚ ਜ਼ਖ਼ਮੀ ਵਿਅਕਤੀਆਂ ਨੂੰ 50-50 ਹਜ਼ਾਰ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਨੂੰ 25-25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਰੇਲ ਰਾਜ ਮੰਤਰੀ ਨੂੰ ਤੁਰੰਤ ਮੌਕੇ ‘ਤੇ ਪੁੱਜਣ ਲਈ ਕਿਹਾ ਹੈ। ਉਨ੍ਹਾਂ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਦਿਲੀ ਹਮਦਰਦੀ ਪ੍ਰਗਟਾਈ ਹੈ। 
ਏਸੇ ਤਰ੍ਹਾ ਅਖਬਾਰ ਪੰਜਾਬੀ ਟ੍ਰਿਬਿਊਨ ਨੇ ਫਤਹਿਪੁਰ (ਉਤਰ ਪ੍ਰਦੇਸ਼) ਤੋਂ ਖਬਰ ਏਜੰਸੀ ਪੀ ਟੀ ਆਈ ਦੇ ਹਵਾਲੇ ਨਾਲ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ.ਅਖਬਾਰ ਨੇ ਘਟਨਾ ਵਾਲੇ ਦਿਨ ਅਰਥ ਦਸ ਜੁਲਾਈ ਨੂੰ ਦੱਸਿਆ ਕਿ ਅੱਜ ਬਾਅਦ ਦੁਪਹਿਰ ਹਾਵਡ਼ਾ ਤੋਂ ਦਿੱਲੀ ਜਾ ਰਹੀ ਤੇਜ਼ ਰਫਤਾਰ ਕਾਲਕਾ ਮੇਲ ਦੇ ਮਾਲਾਵਾਂ ਸਟੇਸ਼ਨ ’ਤੇ 15 ਡੱਬੇ ਲੀਹੋਂ ਲੱਥਣ ਕਾਰਨ 35 ਯਾਤਰੀ ਮਾਰੇ ਗਏ ਤੇ 200 ਤੋਂ ਵੱਧ ਫੱਟਡ਼ ਹੋ ਗਏ। ਜ਼ਖਮੀਆਂ ਵਿਚ ਰੇਲਗੱਡੀ ਦਾ ਡਰਾਈਵਰ ਵੀ ਸ਼ਾਮਲ ਹੈ। 
ਰੋਜ਼ਾਨਾ ਜਗ ਬਾਣੀ ਦੇ ਫਰੰਟ ਪੇਜ ਤੇ ਛਪੀ ,ਮੁੱਖ ਖਬਰ 
ਇਸ ਸਾਲ ਦਾ ਹੁਣ ਤਕ ਦਾ ਇਹ ਸਭ ਤੋਂ ਭਿਆਨਕ ਰੇਲ ਹਾਦਸਾ ਬਾਅਦ ਦੁਪਹਿਰ 12.20 ਵਜੇ ਉਦੋਂ ਹੋਇਆ, ਜਦੋਂ ਰੇਲ ਗੱਡੀ ਮਾਲਾਵਾਂ ਸਟੇਸ਼ਨ ਨੇਡ਼ੇ ਪੁੱਜੀ। ਉਧਰ ਰੇਲਵੇ ਸੁਰੱਖਿਆ ਕਮਿਸ਼ਨਰ ਪੀ.ਕੇ. ਵਾਜਪਾਈ ਨੂੰ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਹਾਦਸੇ ਦੇ ਸ਼ਿਕਾਰ ਲੋਕਾਂ ਤਕ ਉਨ੍ਹਾਂ ਦੇ ਸਕੇ ਸਬੰਧੀਆਂ ਨੂੰ ਪਹੁੰਚਾਉਣ ਲਈ ਹਾਵਡ਼ਾ ਤੇ ਦਿੱਲੀ ਤੋਂ ਦੋ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਗਈਆਂ ਹਨ। ਉੱਤਰ ਕੇਂਦਰੀ ਰੇਲਵੇ ਦੇ ਜਨਰਲ ਮੈਨੇਜਰ ਐਚ.ਸੀ. ਜੋਸ਼ੀ ਮੁਤਾਬਕ, ‘‘ਕਾਲਕਾ ਮੇਲ ਦੇ ਲੀਹੋਂ ਲੱਥੇ 15 ਡੱਬਿਆਂ ਵਿਚੋਂ 10 ਦੀ ਹਾਲਤ ਬਹੁਤ ਖਸਤਾ ਹੈ। ਉਹ ਇਕ-ਦੂਜੇ ਉਪਰ ਚਡ਼੍ਹੇ ਹੋਏ ਹਨ ਜਾਂ ਇਕ-ਦੂਜੇ ਵਿਚ ਧਸੇ ਹੋਏ ਹਨ। ਹਾਦਸੇ ਵੇਲੇ ਰੇਲਗੱਡੀ ਦੀ ਰਫਤਾਰ 108 ਕਿਲੋਮੀਟਰ ਪ੍ਰਤੀ ਘੰਟਾ ਸੀ।’’
ਫਤਹਿਪੁਰ ਦੇ ਸੀ.ਐਮ.ਓ. ਡਾ. ਕੇ.ਐਨ. ਜੋਸ਼ੀ ਨੇ ਦੱਸਿਆ ਹੈ ਕਿ ਹਾਦਸੇ ਵਿਚ 35 ਯਾਤਰੀ ਮਾਰੇ ਗਏ ਤੇ 200 ਤੋਂ ਵੱਧ ਫੱਟਡ਼ ਹੋ ਗਏ। ਬਚਾਅ ਕਾਰਜਾਂ ਵਿਚ ਲੱਗੇ ਮੁਲਾਜ਼ਮ ਹਾਲੇ ਤਕ ਦੋ ਡੱਬਿਆਂ ਦੇ ਅੰਦਰ ਨਹੀਂ ਜਾ ਸਕੇ। ਡੱਬਿਆਂ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੈ ਕਿ ਉਨ੍ਹਾਂ ਨੂੰ ਗੈਸ ਕਟਰ ਨਾਲ ਕੱਟਿਆ ਜਾ ਰਿਹਾ ਹੈ। ਸਭ ਤੋਂ ਮਾਡ਼ੀ ਹਾਲਤ ਇੰਜਣ ਦੇ ਐਨ ਪਿੱਛੇ ਲੱਗੇ ਜਨਰਲ ਡੱਬੇ ਦੀ ਹੈ। ਏ.ਸੀ. ਤੇ ਹੋਰ ਡੱਬਿਆਂ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਦਸੇ ਦੇ ਕਈ ਘੰਟਿਆਂ ਬਾਅਦ ਵੀ ਡੱਬਿਆਂ ਵਿਚ ਯਾਤਰੀ ਫਸੇ ਹੋਏ ਹਨ। ਸਥਾਨਕ ਰੇਲਵੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਦੇ ਤੁਰੰਤ ਮਗਰੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਅਲਾਹਾਬਾਦ ਤੇ ਕਾਨਪੁਰ ਤੋਂ ਫੌਜ ਦੇ 120 ਜਵਾਨਾਂ ਨੂੰ ਮਦਦ ਲਈ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੌਮੀ ਆਫਤ ਰਾਹਤ ਫੋਰਸ ਦੀ ਟੀਮ ਵੀ ਮੌਕੇ ’ਤੇ ਤਾਇਨਾਤ ਕਰ ਦਿੱਤੀ ਗਈ ਹੈ। ਰੇਲਵੇ ਰਾਜ ਮੰਤਰੀ ਮੁਕੁਲ ਰਾਏ ਮੁਤਾਬਕ ਹਾਵਡ਼ਾ ਤੇ ਦਿੱਲੀ ਸਟੇਸ਼ਨਾਂ ’ਤੇ ਹੈਲਪਲਾਈਨ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੀ ਰਾਏ ਮੁਤਾਬਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ ਇਕ-ਇਕ ਲੱਖ ਰੁਪਏ ਤੇ ਮਾਮੂਲੀ ਫੱਟਡ਼ਾਂ ਨੂੰ 25-25 ਹਜ਼ਾਰ ਰੁਪਏ ਦਿੱਤੇ ਜਾਣਗੇ। ਉਤਰ ਪ੍ਰਦੇਸ਼ ਦੀ ਮਾਇਆਵਤੀ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ, ਗੰਭੀਰ ਜ਼ਖਮੀਆਂ ਨੂੰ 50-50 ਹਜ਼ਾਰ ਤੇ ਮਾਮੂਲੀ ਫੱਟਡ਼ਾਂ ਨੂੰ 25-25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਰੇਲਵੇ ਨੇ ਸਾਰੇ ਜ਼ਖਮੀਆਂ ਦੇ  ਇਲਾਜ ਦਾ ਭਾਰ ਚੁੱਕਣ ਦਾ ਵੀ ਫੈਸਲਾ ਕੀਤਾ ਹੈ। ਹਾਦਸੇ ਦੀ ਸੂਚਨਾ ਮਿਲਣ ਮਗਰੋਂ ਰੇਲ ਵਿਚ ਸਵਾਰ ਯਾਤਰੀਆਂ ਦੇ ਘਬਰਾਏ ਹੋਏ ਰਿਸ਼ਤੇਦਾਰ ਤੇ ਦੋਸਤ-ਮਿੱਤਰ ਹਾਵਡ਼ਾ, ਕਾਨਪੁਰ ਤੇ ਹੋਰ ਸਟੇਸ਼ਨਾਂ ’ਤੇ ਇਕੱਠੇ ਹੋ ਗਏ।ਉਨ੍ਹਾਂ       ਨੂੰ ਉਸ ਵੇਲੇ  ਨਿਰਾਸ਼ ਹੋਣਾ ਪਿਆ ਜਦੋਂ  ਉਨ੍ਹਾਂ ਨੂੰ ਆਪਣੇ ਸਕੇ- ਸਬੰਧੀਆਂ ਬਾਰੇ ਬਹੁਤੀ ਜਾਣਕਾਰੀ ਨਾ ਮਿਲੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਜਿਨ੍ਹਾਂ ਨੇ ਹਾਲ ਹੀ ਦੌਰਾਨ ਰੇਲ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਸੀ, ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਸ੍ਰੀ ਰਾਏ ਨੇ ਦੱਸਿਆ, ‘‘ਮਮਤਾ ਵੱਲੋਂ ਮੇਰੇ ਤੋਂ ਪਲ-ਪਲ ਦੀ ਜਾਣਕਾਰੀ ਲਈ ਜਾ ਰਹੀ ਹੈ।’’ਹਾਦਸੇ ਕਾਰਨ ਅਲਾਹਾਬਾਦ-ਕਾਨਪੁਰ ਰੂਟ ’ਤੇ ਰੇਲਗੱਡੀਆਂ ਦੀ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਕਈ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਬਹੁਤੀਆਂ ਦੇ ਰੂਟ ਬਦਲ ਦਿੱਤੇ ਗਏ ਹਨ।
ਰੱਖਿਆ ਵਿਭਾਗ ਦੇ ਬੁਲਾਰੇ ਮੁਤਾਬਕ ਰੇਲ ਹਾਦਸੇ ਦੇ ਜ਼ਖਮੀਆਂ ਨੂੰ ਹਸਪਤਾਲਾਂ ਵਿਚ ਪਹੁੰਚਾਉਣ ਲਈ ਹੈਲੀਕਾਪਟਰ ਤਾਇਨਾਤ ਕਰ ਦਿੱਤੇ ਗਏ ਹਨ। ਬੁਲਾਰੇ ਨੇ ਦੱਸਿਆ, ‘‘ਰੇਲਵੇ ਵੱਲੋਂ ਬੇਨਤੀ ਕੀਤੇ ਜਾਣ ਉਪਰ ਦੋ ਹੈਲੀਕਾਪਟਰ ਮੌਕੇ ’ਤੇ ਤਾਇਨਾਤ ਕਰ ਦਿੱਤੇ ਗਏ ਹਨ।
ਫਤਹਿਪੁਰ: ਹਾਵਡ਼ਾ ਤੋਂ ਦਿੱਲੀ ਆ ਰਹੀ ਕਾਲਕਾ ਮੇਲ ਦੇ ਹਾਦਸਾਗ੍ਰਸਤ ਹੋ ਜਾਣ ਮਗਰੋਂ ਘਟਨਾ ਸਥਾਨ ’ਤੇ ਹਰ ਪਾਸੇ ਚੀਕ-ਚਿਹਾਡ਼ਾ ਮਚ ਗਿਆ। ਡੱਬਿਆਂ ਵਿੱਚ ਫਸੇ ਯਾਤਰੀ ਮਦਦ ਲਈ ਅਪੀਲਾਂ ਕਰਦੇ ਰਹੇ, ਜਦਕਿ ਯਾਤਰੀਆਂ ਦਾ ਸਾਮਾਨ ਚਾਰੇ ਪਾਸੇ ਖਿੰਡਿਆ ਹੋਇਆ ਸੀ। ਕਈ ਯਾਤਰੀ ਡੱਬਿਆਂ ਦੇ ਸ਼ੀਸ਼ੇ ਭੰਨ ਕੇ ਬਾਹਰ ਨਿਕਲੇ। ਕੁੱਲ 24 ਡੱਬਿਆਂ ਵਿੱਚੋਂ 15 ਲੀਹੋਂ ਲੱਥੇ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਬਹੁਤ ਖ਼ਰਾਬ ਸੀ। ਤਬਾਹ ਹੋਏ ਛੇ ਡੱਬੇ ਏ.ਸੀ. ਹਨ। ਇਕ ਏ.ਸੀ.-3 ਡੱਬਾ ਉਲਟ ਗਿਆ, ਜਦ ਇਕ ਹੋਰ ਉਪਰ ਚਡ਼੍ਹ ਗਿਆ ਦੋ ਏ.ਸੀ. ਡੱਬਿਆਂ ਵਿਚਾਲੇ ਐਨੀ ਜ਼ਬਰਦਸਤ ਟੱਕਰ ਹੋਈ ਕਿ ਉਹ ਸਿੱਧੇ ਖਡ਼੍ਹੇ ਹੋ ਗਏ। ਜਿਹਡ਼ੇ ਯਾਤਰੀ ਡੱਬਿਆਂ ਵਿੱਚੋਂ ਨਿਕਲ ਰਹੇ ਸਨ, ਉਨ੍ਹਾਂ ਦੇ ਕੱਪਡ਼ੇ ਫਟੇ ਹੋਏ ਸਨ ਤੇ ਸਰੀਰ ਵਿੱਚੋਂ ਲਹੂ ਵੱਗ ਰਿਹਾ ਸੀ। ਪਿੰਡਾਂ ਦੇ ਲੋਕਾਂ ਨੇ ਆਪਣੇ ਘਰਾਂ ਤੋਂ ਪਾਣੀ ਲਿਆ ਕੇ ਜ਼ਖ਼ਮੀਆਂ ਨੂੰ ਪਿਲਾਇਆ।
ਇਸੇ ਦੌਰਾਨ ਅਸਾਮ ਦੇ ਕਾਮਰੂਪ ਜ਼ਿਲੇ ਵਿਚ ਰੰਗੀਆਂ ਨੇਡ਼ੇ ਅੱਜ ਸ਼ਾਮੀਂ ਇਕ ਸ਼ੱਕੀ ਬੰਬ ਧਮਾਕੇ ਪਿੱਛੋਂ ਗੁਹਾਟੀ ਪੁਰੀ ਐਕਸਪ੍ਰੈਸ ਰੇਲ ਗੱਡੀ ਦੇ ਚਾਰ ਡੱਬੇ ਪੱਟਡ਼ੀ ਤੋਂ ਲਹਿ ਗਏ। ਇਸ ਹਾਦਸੇ ਵਿੱਚ ਘੱਟੋ ਘੱਟ 100 ਯਾਤਰੀ ਜ਼ਖ਼ਮੀ ਹੋ ਗਏ। ਰੇਲਵੇ ਸੂਤਰਾਂ ਨੇ ਦੱਸਿਆ ਕਿ ਇਹ ਰੇਲ ਗੱਡੀ ਸ਼ਾਮੀਂ 5.40 ਵਜੇ ਗੁਹਾਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਸੀ ਅਤੇ ਇਹ ਹਾਦਸਾ ਰੰਗੀਆਂ ਨੇਡ਼ੇ ਵਾਪਰ ਗਿਆ। ਜਿਥੇ ਇਹ ਹਾਦਸਾ ਹੋਇਆ ਉਹ ਸਥਾਨ ਗੁਹਾਟੀ ਤੋਂ 30 ਕਿਲੋਮੀਟਰ ਦੂਰ ਹੈ। ਰੇਲਵੇ ਸੂਤਰਾਂ ਨੇ ਦੱਸਿਆ ਕਿ ਕਰੀਬ ਸਾਢੇ ਅੱਠ ਵਜੇ ਗੱਡੀ ਦੇ ਇੰਜਣ ਅਤੇ ਚਾਰ ਡੱਬੇ ਪਟਡ਼ੀ ਤੋਂ ਉਤਰ ਗਏ। ਅਜਿਹਾ ਲੱਗਦਾ ਹੈ ਕਿ ਇਹ ਬੰਬ ਧਮਾਕਾ ਹੋਣ ਤੋਂ ਬਾਅਦ ਇਹ ਦੁਰਘਟਨਾ ਵਾਪਰੀ ਹਾਲਾਂ ਕਿ ਇਸ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ। ਰੇਲਵੇ ਅਧਿਕਾਰੀ ਰਾਹਤ ਸਮੱਗਰੀ ਮੈਡੀਕਲ ਸਹਾਇਤਾ ਲੈ ਕੇ ਘਟਨਾ ਸਥਾਨ ਤੇ ਪਹੁੰਚ ਗਏ ਹਨ।

ਅਖਬਾਰ ਨੇ ਖਬਰ ਏਜੰਸੀ ਆਈ.ਏ.ਐਨ.ਐਸ. ਦੇ ਹਵਾਲੇ ਨਾਲ ਇਹ ਵੀ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਈ ਇਸ ਰੇਲ ਗੱਡੀ ਵਿੱਚ ਚੰਡੀਗਡ਼੍ਹ ਦੇ 98 ਯਾਤਰੀ ਸਨ. ਅਖਬਾਰ ਦੀ ਰਿਪੋਰਟ ਮੁਤਾਬਿਕ  ਉੱਤਰ ਪ੍ਰਦੇਸ਼ ਵਿਚ ਕਾਲਕਾ ਮੇਲ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਉਸ ਵਿਚ ਸਵਾਰ ਚੰਡੀਗਡ਼੍ਹ ਦੇ ਵਸਨੀਕਾਂ ਦੇ ਰਿਸ਼ਤੇਦਾਰ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਆਪਣੇ ਸਕੇ-ਸਬੰਧੀਆਂ ਬਾਰੇ ਪੁੱਛ-ਪਡ਼ਤਾਲ ਕਰਦੇ ਰਹੇ। ਦੂਜੇ ਪਾਸੇ ਇਥੋਂ ਦੇ ਰੇਲ ਅਧਿਕਾਰੀਆਂ ਕੋਲ ਚੰਡੀਗਡ਼੍ਹ ਆ ਰਹੇ ਇਨ੍ਹਾਂ ਯਾਤਰੀਆਂ ਬਾਰੇ ਕੋਈ ਜਾਣਕਾਰੀ ਨਾ ਹੋਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਰਹੇ।
ਸਟੇਸ਼ਨ ਸੁਪਰਡੈਂਟ ਪਰਵੀਨ ਕੁਮਾਰ ਮੁਤਾਬਕ ਕਾਲਕਾ ਮੇਲ ਵਿਚ 98 ਯਾਤਰੀ ਚੰਡੀਗਡ਼੍ਹ ਦੇ ਹਨ ਜਿਨ੍ਹਾਂ ਵਿਚ 43 ਏ.ਸੀ. ਡੱਬਿਆਂ ਵਿਚ, ਜਦਕਿ ਬਾਕੀ ਸਲੀਪਰ ਵਿਚ ਸਨ। ਹਾਲੇ ਤਕ ਇਨ੍ਹਾਂ 98 ਯਾਤਰੀਆਂ ਬਾਰੇ ਇਥੇ ਕੋਈ ਜਾਣਕਾਰੀ ਨਹੀਂ ਪੁੱਜੀ।
ਚੰਡੀਗਡ਼੍ਹ ਰੇਲਵੇ ਸਟੇਸ਼ਨ ਨੇ ਯਾਤਰੀਆਂ ਦੇ ਰਿਸ਼ਤੇਦਾਰਾਂ ਦੀ ਮਦਦ ਲਈ ਹੈਲਪਲਾਈਨ 0172-2639785 ਤੇ 2658924 ਸੇਵਾ ਸ਼ੁਰੂ ਕੀਤੀ ਹੈ।
ਇਸ ਹਾਦਸੇ ਤੇ ਪ੍ਰਧਾਨ ਮੰਤਰੀ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ 
ਕਾਲਕਾ ਮੇਲ ਰੇਲ ਹਾਦਸੇ ਵਿਚ ਹੋਈਆਂ ਮੌਤਾਂ ਉਪਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਰੇਲਵੇ ਨੂੰ ਹੁਕਮ ਦਿੱਤਾ ਹੈ ਕਿ ਰਾਹਤ ਦੇ ਕੰਮਾਂ ਵਿਚ ਢਿੱਲ ਨਾ ਵਰਤੀ ਜਾਵੇ। ਪ੍ਰਧਾਨ ਮੰਤਰੀ ਨੇ ਰੇਲ ਰਾਜ ਮੰਤਰੀ ਮੁਕੁਲ ਰਾਏ ਨਾਲ ਵੀ ਇਸ ਬਾਰੇ ਗੱਲ ਕੀਤੀ ਹੈ।
ਇਸ ਦੌਰਾਨ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ 
ਨੇ ਵੀ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਹੁਣ ਦੇਖਣਾ ਇਹ ਹੈ ਕਿ ਮੁਆਵ੍ਜੀਆਂ ਅਤੇ ਰਸਮੀ ਪੜਤਾਲਾਂ ਤੋਂ ਬਾਅਦ ਇਹਨਾਂ ਅਜਿਹੇ ਹਾਦਸਿਆਂ ਨੂੰ ਰੋਕਣ ਲਾਈ ਕਿ ਕਦਮ ਚੁੱਕਿਆ ਜਾਂਦਾ ਹੈ ?

No comments: