Saturday, July 09, 2011

ਸਰਕਾਰ ਮੈਨੂੰ ਕਈ ਤਰ੍ਹਾਂ ਨਾਲ ਉਲਝਾ ਰਹੀ ਹੈ--ਦਲਜੀਤ ਸਿੰਘ ਬਿੱਟੂ

ਭਾਈ ਦਲਜੀਤ ਸਿੰਘ ਬਿੱਟੂ ਪੇਸ਼ੀ ਮਗਰੋਂ ਨੌਜਵਾਨਾਂ ਨੂੰ ਮਿਲਦੇ ਹੋਏ (ਫੋਟੋ: ਸੁਰੇਸ਼)
ਮਾਨਸਾ: ਬੋਲਚਾਲ ਵਿੱਚ ਚਡ਼੍ਹਦੀਕਲਾ ਆਖਣਾ ਅਤੇ ਜ਼ਿੰਦਗੀ ਦੀਆਂ ਮੁਸੀਬਤਾਂ ਵੇਲੇ ਵੀ ਚਡ਼੍ਹਦੀਕਲਾ ਵਿੱਚ ਰਹਿਣਾ ਇੱਕ ਬਿਲਕੁਲ ਹੀ ਵੱਖਰੀ ਗੱਲ ਹੈ. ਪੰਜਾਬ ਵਿੱਚ ਚੱਲੇ ਸਿੱਖ ਸੰਘਰਸ਼ ਦੌਰਾਨ ਖਾਡ਼ਕੂ ਸਫਾਂ ਦੀ ਮੋਹਰਲੀ ਕਤਾਰ ਵਾਲੇ ਲੀਡਰਾਂ ਵਿੱਚ ਰਹੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਮੈਂ ਸਿੱਖ ਸ਼ਹਾਦਤ ਵਾਲੇ ਦਫਤਰ ਨੇਡ਼ੇ ਆਪਣੇ ਮੀਡੀਆ ਵਾਲੇ ਕੰਮਕਾਜ ਦੌਰਾਨ ਕਈ ਵਾਰ ਨੇਡ਼ਿਓਂ ਦੇਖਿਆ. ਹਰ ਵੇਲੇ ਸ਼ਾਂਤ ਪਰ ਗੰਭੀਰ. ਬਹੁਤ ਘੱਟ ਬੋਲਣਾ ਤੇ ਜਦੋਂ ਕੁਝ ਬੋਲਣਾ ਤਾਂ ਬਹੁਤ ਹੀ ਪਤੇ ਦੀ ਗੱਲ.ਸਾਦਗੀ ਏਨੀ ਕਿ ਦੇਖਣ ਵਾਲਾ ਹੈਰਾਨ ਰਹਿ ਜਾਏ. ਅੱਜ ਇਹ ਸਾਰੀਆਂ ਗੱਲਾਂ ਯਾਦ ਆਈਆਂ ਇੱਕ ਤਸਵੀਰ ਦੇਖ ਕੇ. ਇਹ ਤਸਵੀਰ  ਇੱਕ ਅਦਾਲਤੀ ਪੇਸ਼ੀ ਵੇਲੇ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਦੇ ਫ਼ੋਟੋਗ੍ਰਾਫ਼ਰ ਸੁਰੇਸ਼ ਵੱਲੋਂ  ਮਾਨਸਾ ਵਿੱਚ ਖਿਚੀ ਗਈ. ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਲਿੱਲੀ ਸ਼ਰਮਾ ਦੇ ਕਤਲ ਕੇਸ ਵਿੱਚ  ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਦੀ ਜ਼ਮਾਨਤ ਅਰਜ਼ੀ ਖਾਰਜ ਹੋ ਗਈ. ਸ੍ਰੀ ਬਿੱਟੂ ਨੇ ਜ਼ਮਾਨਤ ਅਰਜ਼ੀ ਬਲਦੇਵ ਸਿੰਘ ਸੋਢੀ ਦੀ ਅਦਾਲਤ ਵਿੱਚ ਲਾਈ ਸੀ. 
ਕਾਬਿਲੇ ਜ਼ਿਕਰ ਹੈ ਕਿ ਇਸ ਕਤਲ ਕੇਸ ਵਿੱਚ ਸ੍ਰੀ ਬਿੱਟੂ ਤੋਂ ਇਲਾਵਾ ਖਾਡ਼ਕੂ ਬਲਵੀਰ ਸਿੰਘ ਭੂਤਨਾਅੰਮ੍ਰਿਤਪਾਲ ਸਿੰਘਪ੍ਰੋ. ਗੁਰਵੀਰ ਸਿੰਘ , ਮਨਧੀਰ ਸਿੰਘ ਧੀਰਾ,  ਗਮਦੂਰ ਸਿੰਘ, ਰਾਜ ਸਿੰਘਮੱਖਣ ਸਿੰਘ ਅਤੇ ਕਰਨ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਪਰ ਜ਼ਮਾਨਤ ਅਰਜ਼ੀ ਸਿਰਫ਼ ਦਲਜੀਤ ਸਿੰਘ ਬਿੱਟੂ ਦੀ ਹੀ ਲਾਈ ਗਈ ਸੀ.ਅਖਬਾਰ ਨੇ ਇਸ ਰਿਪੋਰਟ ਨੂੰ ਬਹੁਤ ਹੀ ਅਹਿਮੀਅਤ ਨਾਲ ਪ੍ਰਕਾਸ਼ਿਤ ਕੀਤਾ ਹੈ.
ਭਾਈ ਦਲਜੀਤ ਸਿੰਘ ਬਿੱਟੂ ਦੇ ਵਕੀਲ ਅਜੀਤ ਸਿੰਘ ਭੰਗੂ ਨੇ ਮੀਡੀਆ  ਨੂੰ ਦੱਸਿਆ ਕਿ ਇਸ ਕੇਸ ਵਿੱਚ ਭਾਈ ਬਿੱਟੂ ਦਾ ਐਫ.ਆਈ.ਆਰ ਵਿੱਚ ਸਿੱਧਾ ਨਾਮ ਹੀ ਨਹੀਂ ਹੈ ਅਤੇ ਉਨ੍ਹਾਂ ਨੂੰ ਕੇਸ ਵਿੱਚ 120-ਬੀ ਤਹਿਤ ਰੱਖਿਆ ਹੋਇਆ ਹੈ, ਜਦੋਂ ਕਿ ਪੂਰੇ ਕੇਸ ਵਿੱਚ ਸੱਤ ਗਵਾਹ ਸ੍ਰੀ ਬਿੱਟੂ ਦੇ ਉਲਟ ਭੁਗਤੇ ਹਨ. ਉਨ੍ਹਾਂ ਇਹ ਵੀ ਦੱਸਿਆ ਕਿ ਲਿੱਲੀ ਸ਼ਰਮਾ ਦੇ ਭਰਾ ਬਲੀ ਸਿੰਘ ਨੇ ਇਸ ਸਬੰਧੀ ਖ਼ੁਦ ਐਫ.ਆਈ.ਆਰ ਲਿਖਵਾਈ ਹੈ ਅਤੇ ਉਸ ਨੇ ਹੀ ਅਦਾਲਤ ਵਿੱਚ ਗਵਾਹੀ ਦਿੱਤੀ ਹੈ ਪਰ ਉਨ੍ਹਾਂ ਨੇ ਵੀ ਸ੍ਰੀ ਬਿੱਟੂ ਬਾਰੇ ਕੁੱਝ ਵੀ ਨਹੀਂ ਕਿਹਾ. ਸ੍ਰੀ ਭੰਗੂ ਨੇ ਦੱਸਿਆ ਕਿ ਬਲੀ ਸਿੰਘ ਨੇ ਲਿੱਲੀ ਸ਼ਰਮਾ ਦੇ ਕਤਲ ਲਈ ਪਿੰਡ ਆਲਮਪੁਰ ਮੰਦਰਾਂ ਦੇ ਤਿੰਨ ਵਿਅਕਤੀਆਂ ਦੇ ਨਾਮ ਦਰਜ ਕਰਵਾਏ ਹੋਏ ਹਨ.
ਏਸੇ ਦੌਰਾਨ ਸ੍ਰੀ ਭੰਗੂ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਪੁਲੀਸ ਪੱਬਾਂ ਭਾਰ ਹੋਈ ਫਿਰਦੀ ਸੀ ਅਤੇ ਉਸ ਨੇ ਸ੍ਰੀ ਬਿੱਟੂ ਦੀ ਜ਼ਮਾਨਤ ਹੋਣ ਸਾਰ ਉਨ੍ਹਾਂ ਨੂੰ ਨਵੇਂ ਕੇਸ ਵਿੱਚ ਉਲਝਾਉਣ ਦੀ ਪੂਰੀ ਪੂਰੀ ਤਿਆਰੀ ਕੀਤੀ ਹੋਈ ਸੀ. ਇਸ ਤਹਿਤ ਜੋਡ਼ਕੀਆਂ ਥਾਣੇ ਵਿੱਚ ਦਰਜ ਕਿਸੇ ਪੁਰਾਣੇ ਕੇਸ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਸੀ. ਉਨ੍ਹਾਂ ਕਿਹਾ ਕਿ ਪੁਲੀਸ ਨੇ ਜੋ ਨਵਾਂ ਕੇਸ ਕੱਢਿਆ ਹੈ, ਉਹ ਆਈ.ਪੀ.ਸੀ. ਦੀ ਧਾਰਾ 341 ਅਤੇ 188 ਤਹਿਤ 22 ਸਤੰਬਰ 2008 ਨੂੰ ਦਰਜ ਹੋਇਆ ਸੀ.
ਅਦਾਲਤ ਵਿੱਚੋਂ ਬਾਹਰ ਆ ਕੇ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਮਾਮਲਿਆਂ ਵਿੱਚ ਉਲਝਾ ਰਹੀ ਹੈ, ਜਦੋਂ ਕਿ ਪੁਲੀਸ, ਸਰਕਾਰ ਦੇ ਕਹਿਣ ’ਤੇ ਬੇਤੁਕੇ ਮਾਮਲੇ ਕੱਢ ਕੇ ਉਨ੍ਹਾਂ ਨੂੰ ਜਾਣ-ਬੁੱਝ ਕੇ ਜੇਲ੍ਹ ਵਿੱਚ ਰੱਖਣਾ ਚਾਹੁੰਦੀ ਹੈ. ਉਨ੍ਹਾਂ ਕਿਹਾ ਕਿ ਜਦੋਂ ਮਰਨ ਵਾਲੇ ਵਿਅਕਤੀ ਦਾ ਭਰਾ ਹੀ ਅਦਾਲਤ ਵਿੱਚ ਕਹਿ ਰਿਹਾ ਹੈ ਕਿ ਉਨ੍ਹਾਂ ਦਾ ਬਿੱਟੂ ਨਾਲ ਕੋਈ ਵੈਰ-ਵਿਰੋਧ ਨਹੀਂ, ਫਿਰ ਪੁਲੀਸ ਕਿਉਂ ਵਾਰ-ਵਾਰ ਮਾਮਲੇ ਨੂੰ ਉਲਝਾ ਰਹੀ ਹੈ. ਸ੍ਰੀ ਬਿੱਟੂ ਇਸ ਵੇਲੇ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹਨ, ਪੁਲੀਸ ਅੱਜ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਲੈ ਕੇ ਆਈ ਸੀ ਅਤੇ ਪੇਸ਼ੀ ਮਗਰੋਂ ਵਾਪਸ ਲੈ ਗਈ.
ਇਸ ਮਾਮਲੇ ਵਿੱਚ ਖਾਡ਼ਕੂ ਬਲਵੀਰ ਸਿੰਘ ਭੂਤਨਾ, ਰਾਜ ਸਿੰਘ, ਮੱਖਣ ਸਿੰਘ, ਗਮਦੂਰ ਸਿੰਘ, ਅੰਮ੍ਰਿਤਪਾਲ ਸਿੰਘ, ਕਰਨ ਸਿੰਘ, ਪ੍ਰੋ. ਗੁਰਵੀਰ ਸਿੰਘ ਅਤੇ ਮਨਧੀਰ ਸਿੰਘ ਧੀਰਾ ਨੂੰ ਵੀ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ਦੀ ਅਗਲੀ ਪੇਸ਼ੀ 27 ਜੁਲਾਈ ਪਾਈ ਗਈ, ਉਸ ਦਿਨ ਮਨਧੀਰ ਸਿੰਘ ਧੀਰਾ ਦੇ ਚਾਰਜ ਬਾਰੇ ਫੈਸਲਾ ਲਿਆ ਜਾਣਾ ਹੈ. 

No comments: