Friday, July 08, 2011

ਇਸ ‘ਪੰਥ ਵਿਰੋਧੀ’ ਕਾਰਵਾਈ ਪਿਛੇ ਕੀ ਕਾਰਣ ਸੀ ?

ਪ੍ਰੋ. ਦਰਸ਼ਨ ਸਿੰਘ ਰਾਗੀ ਨੇ 5 ਜਨਵਰੀ, 2007 ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਤੇ ਉਹਨਾਂ ਦੀ ਹੀ ਬਾਣੀ ਦੇ ਹਵਾਲੇ ਦੇ ਕੇ ਰਕਾਬਗੰਜ ਸਾਹਿਬ ਦੇ ਦੀਵਾਨ ਵਿਚ ਕਿਹਾ ਕਿ ‘ਮਹਾਕਾਲ ਕਾਲਿਕਾ’ ਦੇ ਕੰਡੇ ਬਚਿਤ੍ਰ ਨਾਟਕ ਨੇ ਬੀਜੇ ਹਨ। ਆਸ ਸੀ ਕਿ ਸ਼ਾਇਦ ਕਿਸੇ ਮਜਬੂਰੀ ਗ਼ਲਤੀ ਵਸ ਰਾਗੀ ਜੀ ਨੇ ਇਹ ਗੁਰੂ ਨਿੰਦਕ ਗੱਲ ਕਰ ਦਿੱਤੀ ਹੈ। ਪਰ ਇਹ ਗ਼ਲਤੀ ਜਾਂ ਭੁਲੇਖਾ ਨਹੀਂ ਸੀ, ਉਹਨਾਂ ਨੇ 5 ਜਨਵਰੀ 2008 ਨੂੰ ਦਸ਼ਮੇਸ਼ ਪ੍ਰਕਾਸ਼ ਦਿਵਸ ਤੇ ਉਸੇ ਸਥਾਨ ਤੇ ਇਕ ਵਾਰ ਫਿਰ ਦੁਹਰਾਇਆ ਕਿ “ਮੈਂ 23 ਸਾਲ ਪਹਿਲੇ ’ਹੇਮਕੁੰਟ ਸਾਹਿਬ’ ਦੇ ਸਥਾਨ ਤੇ ਭਾਈ ਅਮਰਜੀਤ ਸਿੰਘ ਤਾਨ ਨੂੰ ਕਿਹਾ ਸੀ ਕਿ ਮਹਾਕਾਲ ਕਾਲਿਕਾ ਦੇ ਕੰਡੇ ਹਾਲੇ ਨਹੀਂ ਨਿਕਲੇ ਤੁਸੀਂ ਇਹ ਬੰਸਾਵਲੀ ਦਾ ਕੀਰਤਨ ਬਚਿਤ੍ਰ ਨਾਟਕ ਵਿਚੋਂ ਕਿਉਂ ਕਰਦੇ ਹੋ”। ਇਹ ਮਤਵਾਤਰ ਦੋ ਗੁਰਪੁਰਬਾਂ ਤੇ ਕਹਿ ਕੇ ਪ੍ਰੋ. ਸਾਹਿਬ ਨੇ, ਦਯਾਨੰਦ ਦੀ ਸੋਚ ਨੂੰ ਪੂਰਦਿਆਂ, ਇਹ ਸਪਸ਼ਟ ਕੀਤਾ ਕਿ (1) ਮਹਾਕਾਲ ਕਾਲਿਕਾ ਦੇਵੀ ਹੈ, ਅਤੇ (2) ਬਚਿਤ੍ਰ ਨਾਟਕ ਗੁਰੂ ਸਾਹਿਬ ਦਾ ਨਹੀਂ ਬਲਕਿ ਕਿਸੇ ਪੰਥ ਵਿਰੋਧੀ ਦੀ ਰਚਨਾ ਹੈ।
ਪ੍ਰੋ. ਸਾਹਿਬ ਨੇ 23 ਸਾਲ ਪਹਿਲਾਂ ਯਾਨਿ ਕਿ ਤਕਰੀਬਨ 1989 ਦਾ ਜ਼ਿਕਰ ਕੀਤਾ। ਪਰ ਕਮਾਲ ਹੈ ਕਿ ਦੂਸਰਿਆਂ ਨੂੰ ਸ੍ਰੀ ਦਸ਼ਮੇਸ਼ ਬਾਣੀ ‘ਬਚਿਤ੍ਰ ਨਾਟਕ’ ਦੇ ਵਿਰੁੱਧ ਪ੍ਰੇਰਤ ਕਰਨ ਵਾਲੇ ਪ੍ਰੋ. ਸਾਹਿਬ ਨੇ 2004 ਵਿਚ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਪਵਿਤ੍ਰ ਰਚਨਾ ਬਚਿਤ੍ਰ ਨਾਟਕ ਵਿਚੋਂ ਹੀ ਬਾਰ ਬਾਰ ਹਵਾਲਿਆਂ ਨਾਲ ਭਰਪੂਰ ਪੁਸਤਕ ‘ਉਜਾਰੋ ਦੀਪਾ’ ਛਪਵਾਈ। ਇਸ ਵਿਚ ਲਿਖੇ ਲੇਖ ‘ਜਗਤ ਤਮਾਸ਼ਾ’ ਵਿਚ ਵਰਣਤ ਬਚਿਤ੍ਰ ਨਾਟਕ ਦੇ ਹਵਾਲਿਆਂ ਨੇ ਪ੍ਰੋ. ਸਾਹਿਬ ਦੀ ਪੰਥ ਵਿਰੋਧੀ ‘ਦੁਬਾਜਰੀ ਨੀਤੀ’ ਨੂੰ ਪ੍ਰਗਟ ਕਰ ਦਿੱਤਾ ਹੈ। ਇਸ ਲੇਖ ਵਿਚ ਪ੍ਰੋ. ਸਾਹਿਬ ਲਿਖਦੇ ਹਨ,
ਹਮ ਇਹ ਕਾਜ ਜਗਤ ਮੋ ਆਏ। ਧਰਮ ਹੇਤ ਗੁਰਦੇਵ ਪਠਾਏ।

ਜਹਾਂ ਤਹਾਂ ਤੁਮ ਧਰਮ ਬਿਥਾਰੋ। ਦੁਸਟ ਦੋਖੀਅਨਿ ਪਕਰਿ ਪਛਾਰੋ।

ਯਾਹੀ ਕਾਜ ਧਰਾ ਹਮ ਜਨਮੰ। ਸਮਝ ਲੇਹੁ ਸਾਧੂ ਸਭ ਮਨਮੰ।

ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। (ਬਚਿਤ੍ਰ ਨਾਟਕ)

ਗੁਰੂ ਦਸਮ ਪਾਤਸ਼ਾਹ ਵੀ ਕਹਿੰਦੇ ਹਨ-ਜਦੋਂ ਐਸਾ ਸਮਾਂ ਆਇਆ, ਮੈਨੂੰ ਇਹ ਗੱਲ ਆਖ ਕੇ ਭੇਜਿਆ ਗਿਆ, ਧਰਮ ਦੀ ਗਤ ਰੁੱਕ ਰਹੀ ਹੈ, ਇਸ ਲਈ ਇਸ ਰੁੱਕਦੀ ਹੋਈ ਗਤੀ ਨੂੰ ਗਤੀਸ਼ੀਲ ਕਰੋ। ਜਾਹ ਤਹਾ ਤੈ ਧਰਮੁ ਚਲਾਇ॥ ਕਬੁਧਿ ਕਰਨ ਤੇ ਲੋਕ ਹਟਾਇ॥ (ਬਚਿਤ੍ਰ ਨਾਟਕ) ਰੁਕੱਦੀ ਹੋਈ ਗਤੀ ਨੂੰ ਚਲਦਾ ਰਖ, ਜਿਹਡ਼ੇ ਲੋਕ ਕਬੁੱਧੀ ਕਰਦੇ ਨੇ, ਉਹਨਾਂ ਲੋਕਾਂ ਨੂੰ ਹਟਾ। ਜਾਂ ਉਹ ਕਬੁੱਧੀ ਛੱਡ ਦੇਣ ਜਾਂ ਹੱਟ ਜਾਣ। ਨਾਲ ਹੀ ਗੁਰੂ ਨੇ ਇਕ ਹੋਰ ਖ਼ੂਬਸੂਰਤ ਖ਼ਿਆਲ ਦੇ ਦਿੱਤਾ, ਕਹਿਣ ਲੱਗੇ-ਜਦੋਂ ਹਟਾਏਂਗਾ ਹੋ ਸਕਦਾ ਹੈ, ਤੇਰੇ ਨਾਲ ਵਿਰੋਧ ਹੋਵੇ ਪਰ ਦੁਨੀਆ ਨੂੰ ਆਖ ਦੇਈਂ-ਭਲਿਓ! ਮੈਂ ਤੁਹਾਡਾ ਵੈਰੀ ਨਹੀਂ, ਮੇਰੀ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ- ਜਮ ਤਿਨ ਕਹੀ ਤਿਨੈ ਤਿਮ ਕਹਿ ਹੋਂ। ਅਉਰ ਕਿਸੂ ਤੇ ਬੈਰ ਨ ਗਹਿ ਹੋਂ॥ (ਬਚਿਤ੍ਰ ਨਾਟਕ) ਮੈਂ ਤਾਂ ਮੇਰੇ ਮਾਲਿਕ ਨੇ ਜੋ ਆਖਿਆ ਹੈ, ਉਹ ਕਹਿਣ ਆਇਆ ਹਾਂ ਤੇ ਜੋ ਕੁਝ ਗੱਲ ਵੀ ਕਰਾਂ ਉਹ ਐਵੇਂ ਨਾ ਕਰਾਂ, ਤਮਾਸ਼ਾ ਵੇਖ ਕੇ ਕਰਾਂ। ਇਸ ਲਈ ਲਫ਼ਜ਼ ਵਰਤੇ, ਕਹਿਣ ਲੱਗੇ- ਮੈ ਹੋ ਪਰਮ ਪੁਰਖ ਕੋ ਦਾਸਾ। ਦੇਖਨ ਆਯੋ ਜਗਤ ਤਮਾਸਾ। ਅਸੀਂ ਤੁਸੀਂ ਅੱਖਾਂ ਮੀਟ ਲਈਏ, ਖ਼ਾਮੋਸ਼ ਹੋ ਕੇ ਲੰਘ ਜਾਈਏ ਪਰ ਗੁਰੂ ਜਿਵੇਂ ਸਦੀਆਂ ਪਹਿਲਾਂ ਜਗਤ ਤਮਾਸ਼ਾ ਦੇਖ ਰਿਹਾ ਸੀ, ਉਸੇ ਤਰ੍ਹਾਂ ਅੱਜ ਇਸ ਸਿੱਖੀ ਤਮਾਸ਼ਾ ਨੂੰ ਵੀ ਦੇਖ ਰਿਹਾ ਹੈ ਤੇ ਨਾਲ ਇਹ ਵੀ ਕਹਿੰਦਾ ਹੈ-ਭਲਿਓ, ਮੈਂ ਤਮਾਸ਼ਾ ਵੇਖ ਕੇ ਖ਼ਾਮੋਸ਼ ਨਹੀਂ ਰਹਿ ਸਕਦਾ, ਸਤਿਗੁਰੂ ਕਹਿੰਦੇ ਨੇ- ਜੋ ਪ੍ਰਭ ਜਗਤਿ ਕਹਾ ਸੋ ਕਹਿ ਹੋਂ॥ ਮ੍ਰਿਤ ਲੋਕ ਤੇ ਮੋਨ ਨ ਰਹਿ ਹੋਂ॥ (ਪ੍ਰੋ. ਦਰਸ਼ਨ ਸਿੰਘ - -ਬਚਿਤ੍ਰ ਨਾਟਕ, 2004) (‘ਉਜਾਰੋ ਦੀਪਾ’ ਕਿਤਾਬ ਵਿੱਚੋਂ)
ਹੁਣ ਜੇ ਆਪ ਨੂੰ 1989 ਵਿਚ ‘ਦਯਾਨੰਦੀ ਸੋਝੀ’ ਪ੍ਰਾਪਤ ਹੋ ਚੁਕੀ ਸੀ ਕਿ ਬਚਿਤ੍ਰ ਨਾਟਕ, ਮਹਾਕਾਲ ਅਤੇ ਗੁਰੂ ਜੀ ਦਾ ਤਪ ਕਰਨਾ ਕਿਸੇ ‘ਪੰਥ ਵਿਰੋਧੀ’ ਦੀ ਸਾਜ਼ਿਸ਼ ਸੀ ਤੇ ਆਪ ਨੇ ਭਾਈ ਤਾਨ ਨੂੰ ਇਸ ਦੇ ਪਡ਼੍ਹਨ ਤੋਂ ਮਨ੍ਹਾ ਵੀ ਕੀਤਾ ਸੀ ਤਾਂ ਫਿਰ 2004 ਵਿਚ ਆਪ ਨੇ ਬਚਿਤ੍ਰ ਨਾਟਕ ਦੇ ਹਵਾਲੇ ਦੇ-ਦੇ ਕੇ ਕਿਤਾਬ ਕਿਸ ਤਰ੍ਹਾਂ ਛਪਵਾਈ? ਇਸ ‘ਪੰਥ ਵਿਰੋਧੀ’ ਕਾਰਵਾਈ ਪਿਛੇ ਕੀ ਕਾਰਣ ਸੀ?

ਹੁਣ ਅਤਿ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਜੇਕਰ ਕੋਈ ਚਿੰਤਕ ਸਾਰੀ ਜ਼ਿੰਦਗੀ ਕਿਸੇ ਵਿਸ਼ਵਾਸ, ਸਿਦਕ ਅਕੀਦੇ ਦਾ ਪ੍ਰਚਾਰ ਪ੍ਰਸਾਰ ਕਰਦਾ ਕਰਦਾ ਅਤੇ ਕੌਮ ਨੂੰ ਅਗਵਾਈ ਦਿੰਦਾ ਦਿੰਦਾ ਅਚਾਨਕ ਬਿਲਕੁਲ ਪੁੱਠੇ ਪਾਸੇ ਤੁਰ ਪਵੇ ਤਾਂ ਇਸਦੇ ਕਾਰਣ ਨੂੰ ਜਾਣਨ ਦਾ ਹੱਕ ਕੌਮ ਨੂੰ ਹੈ। ਇਸਤੋਂ ਵੀ ਖ਼ਤਰਨਾਕ ਪੱਖ ਇਹ ਹੈ ਕਿ ਇਸ ਲਈ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਸਥਾਨ ਤੇ ਲਗਾਤਾਰ ਦੋ ਸਾਲ ਜਾ ਕੇ ਸਦੀਆਂ ਤੋਂ ਪ੍ਰਵਾਨਤ ਉਹਨਾਂ ਦੀ ਸ਼ਹਾਦਤ ਦੀ ਗਵਾਹੀ ਨੂੰ ਮਿਟਾਣ ਦੀ ਕੋਸ਼ਿਸ਼ ਕੋਈ ਸਹਿਜ ਸੁਭਾ ਘਟਨਾ ਨਹੀਂ ਹੈ। ਕੌਮੀ ਹਾਲਾਤ ਵਿਚ ਕੋਈ ਪ੍ਰਤਖ ਤਬਦੀਲੀ ਵੀ ਨਜ਼ਰ ਨਹੀਂ ਆ ਰਹੀ ਜੋ ਇਸ ਦਾ ਕਾਰਣ ਬਣ ਸਕੇ। ਆਮ ਹਾਲਾਤ ਵਿਚ ਇਸ ਤਰਾਂ ਕਦੀ ਵੀ ਨਹੀਂ ਹੋ ਸਕਦਾ। ਕੀ ਇਸਦਾ ਕਾਰਣ ਕੋਈ ਅਲਹਾਮ ਜਾਂ ਭਵਿੱਖਵਾਣੀ ਹੈ ਜਾਂ ਫਿਰ ਡੂੰਘੀ ਸਾਜ਼ਿਸ਼। --
ਹਰਦੀਪ ਸਿੰਘ ਧਾਲੀਵਾਲ 
(ਐਫ ਬੀ ਪੋਸਟ ਸੱਤ ਜੁਲਾਈ 2011)  

No comments: