Sunday, July 03, 2011

ਕਹਾਣੀ // ਲੈਂਪ ਪੋਸਟ // ਜਸਵੰਤ ਸਿੰਘ ਵਿਰਦੀ

ਲੈਂਪ ਪੋਸਟ ਬਹੁਤ ਖੁਸ਼ ਸੀ।
‘ਕੋਈ ਤਾਂ ਹੈ ਮੈਨੂੰ ਮੁਹੱਬਤ ਕਰਨ ਵਾਲਾ, ਮੇਰੇ ਕੋਲੋਂ ਪ੍ਰੇਰਣਾ ਲੈਣ ਵਾਲਾ।’
ਹਨੇਰੀਆਂ ਤੂਫ਼ਾਨਾਂ ਦੇ ਬਾਵਜੂਦ ਵੀ ਲੈਂਪ ਪੋਸਟ ਦੀ ਰੌਸ਼ਨੀ ਕਾਇਮ ਸੀ, ਉਹ ਬੁਝਿਆ ਨਹੀਂ ਸੀ, ਉਹਦਾ ਸਰੀਰ ਵੀ ਮਜ਼ਬੂਤ ਸੀ। ਉਸ ਨੂੰ ਜਿਸ ਕੰਪਨੀ ਨੇ ਤਿਆਰ ਕੀਤਾ ਸੀ, ਉਸ ਦਾ ਦਾਅਵਾ ਸੀ ਕਿ ਉਸ ‘ਤੇ ਮਨੁੱਖੀ ਜੀਵਨ ਦੇ ਕੁਦਰਤੀ, ਗ਼ੈਰ-ਕੁਦਰਤੀ ਝਟਕਿਆਂ ਦਾ ਅਸਰ ਨਹੀਂ ਸੀ ਹੋ ਸਕਦਾ। ਫਿਰ ਉਹ ਸਵੈ-ਚਾਲਿਤ ਵੀ ਸੀ-
‘ਉਹ ਕਿਸੇ ਵੇਲੇ ਵੀ ਆ ਸਕਦੀ ਹੈ।’
ਲੈਂਪ ਪੋਸਟ ਸੋਚਦਾ ਸੀ, ‘ਇਥੇ ਮੇਰੇ ਪ੍ਰਕਾਸ਼ ‘ਚ ਖਲੋ ਕੇ ਹੀ ਉਹਨੇ ਕਿਹਾ ਸੀ, ‘ਮੈਂ ਤਾਂ ਇਸ ਲੈਂਪ ਪੋਸਟ ਤੋਂ ਵੀ ਪ੍ਰੇਰਣਾ ਲੈਂਦੀ ਹਾਂ…’
‘ਜ਼ਰਾ ਸੋਚੋ!’ ਉਹ ਆਪਣੇ-ਆਪ ਨੂੰ ਕਹਿ ਰਿਹਾ ਸੀ, ‘ਇਕ ਸੋਹਣੀ ਕੁਡ਼ੀ ਵੀ ਮੈਥੋਂ ਪ੍ਰੇਰਨਾ ਲੈ ਸਕਦੀ ਹੈ। ਕੀ ਇਹ ਸੱਚ ਨਹੀਂ ਕਿ ਪ੍ਰੇਰਨਾ ਦੇਣ ਵਾਲਾ ਵੀ ਘੱਟ ਮਹੱਤਵ ਨਹੀਂ ਰੱਖਦਾ।’
ਉਸ ਵੇਲੇ ਲੈਂਪ ਪੋਸਟ ਨੂੰ ਮਹਿਸੂਸ ਹੋਇਆ ਸੀ ਕਿ ਸਦੀਆਂ ਤੋਂ ਉਹ ਜਿਹਡ਼ਾ ਤਨ, ਮਨ ਸਾਡ਼ ਕੇ ਲੋਕਾਂ ਲਈ ਪ੍ਰਕਾਸ਼ ਕਰਦਾ ਆ ਰਿਹਾ ਸੀ, ਉਹਦਾ ਹੱਕ ਉਹਨੂੰ ਮਿਲ ਗਿਆ ਹੈ।’ ‘ਜ਼ਿੰਦਗੀ ‘ਚ ਕੁਝ ਪਲ ਹੀ ਹੁੰਦੇ ਨੇ ਜਦੋਂ ਬੰਦੇ ਨੂੰ ਉਹਦੀ ਕਰਨੀ ਦਾ ਸੁਖਾਵਾਂ ਫਲ ਮਿਲ ਜਾਂਦੈ।’ ਲੈਂਪ ਪੋਸਟ ਨੇ ਆਪਣੇ-ਆਪ ਨੂੰ ਕਿਹਾ ਸੀ, ‘ਅਤੇ ਇਹ ਸਾਰੇ ਵਰ੍ਹੇ ਨੂੰ ਏਨਾ ਦੁਖੀ ਕਿਉਂ ਰਿਹਾ ਏਂ।’
ਲੈਂਪ ਪੋਸਟ ਨੂੰ ਮਹਿਸੂਸ ਹੋ ਰਿਹਾ ਸੀ ਕਿ ਲੋਕਾਂ ਨੂੰ ਪ੍ਰਕਾਸ਼ ਦੇਣ ਦਾ ਕੰਮ ਕੋਈ ਨਿਰ-ਅਰਥਕ ਵਗਾਰ ਨਹੀਂ ਸੀ, ਸਗੋਂ, ਸਗੋਂ ਕਦੀ ਨਾ ਕਦੀ ਇਸ ਦਾ ਵੀ ਮਹੱਤਵ ਬਣ ਜਾਣਾ ਹੈ। ਇਸ ਗੱਲ ਨੂੰ ਸੋਚ ਕੇ ਉਹ ਖੁਦ ਨੂੰ ਇਕ ਵਿਸ਼ੇਸ਼ ਸ਼ੈਅ ਸਮਝਣ ਲੱਗ ਪਿਆ ਸੀ।
ਲੈਂਪ ਪੋਸਟ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਉਹਦੇ ਪ੍ਰਕਾਸ਼ ਵਿਚ ਖਲੋ ਕੇ ਲਿਖਣ, ਪਡ਼੍ਹਨ ਵਾਲੀ ਕੁਡ਼ੀ ਇਕ ਕਵਿਤਰੀ ਸੀ ਅਤੇ ਉਹ ਸੁਰ-ਲੈਅ ‘ਚ ਕਵਿਤਾ ਪਡ਼੍ਹਦੀ ਸੀ…। ਉਸ ਦਿਨ ਉਹਨੇ ਲੈਂਪ ਪੋਸਟ ਦੇ ਪ੍ਰਕਾਸ਼ ਵਿਚ ਖਲੋ ਕੇ ਸ਼ਿਅਰ ਕਹੇ ਸਨ…
ਲੋਕਾਂ ਨੂੰ ਚਾਨਣ ਦੇਣਾ
ਖੁਦ ਚੁੱਪ ਰਹਿਣਾ।
ਸਦਾ ਚੁੱਪ ਰਹਿਣਾ
ਪਰ ਚਾਨਣ ਦੇਣਾ।
ਚਾਨਣ ਦੇਣ ਤਨ ਮਨ ਨੂੰ
ਭਟਕ ਨਾ ਜਾਵੇ ਕੋਈ
ਖਲੋ ਨਾ ਜਾਵੇ ਕੋਈ।
‘ਇਹ ਗੱਲ ਠੀਕ ਹੈ।’ ਲੈਂਪ ਪੋਸਟ ਨੇ ਕਿਹਾ ਸੀ, ‘ਮੈਂ ਵੀ ਇਹੋ ਹੀ ਗੱਲ ਸੋਚਦਾਂ, ਭਾਵੇਂ ਮੈਂ ਕੋਈ ਸ਼ਾਇਰ ਨਹੀਂ।’ ਪਰ ਉਸ ਕੁਡ਼ੀ ਨੇ ਲੈਂਪ ਪੋਸਟ ਦੀ ਇਹ ਗੱਲ ਨਹੀਂ ਸੀ ਸੁਣੀ। ਉਹ ਆਪਣੀ ਕਵਿਤਾ ਦੇ ਸ਼ਬਦਾਂ ਨਾਲ ਹੀ ਜੂਝ ਰਹੀ ਸੀ। ਕਈ ਵਾਰ ਕਵਿਤਾ ਦੇ ਸ਼ਬਦਾਂ ਨਾਲ ਜੂਝਣਾ ਵੀ ਜ਼ਿੰਦਗੀ ਮੌਤ ਨਾਲ ਸੰਘਰਸ਼ ਕਰਨ ਵਾਂਗ ਹੀ ਪ੍ਰਤੀਤ ਹੁੰਦਾ ਹੈ।
ਲੈਂਪ ਪੋਸਟ ਦਾ ਬਹੁਤ ਗਹਿਰ ਗੰਭੀਰ ਜੀਵਨ, ਅਨੁਭਵ ਸੀ ਉਹਨੇ ਅਨੇਕ ਉਤਰਾਅ-ਚਡ਼੍ਹਾਅ ਦੇਖੇ ਸਨ ਅਤੇ ਉਹ ਉਸ ਨਾਜ਼ੁਕ ਬਦਨੀ ਕਵਿੱਤਰੀ ਨੂੰ ਕੁਝ ਦੱਸਣਾ ਚਾਹੁੰਦਾ ਸੀ, ਜਿਸ ਨਾਲ ਉਹਦੀ ਜ਼ਿੰਦਗੀ ਸੁਖਾਵੀਂ, ਰਹਿ ਸਕਦੀ ਸੀ ਪਰ ਉਸ ਕੁਡ਼ੀ ਦਾ ਲੈਂਪ ਪੋਸਟ ਵੱਲ ਧਿਆਨ ਨਹੀਂ ਸੀ। ਉਹਦੀ ਨਜ਼ਰ ਕਿਧਰੇ ਹੋਰ ਘੁੰਮ ਰਹੀ ਸੀ।
‘ਇਹ ਕੁਡ਼ੀ ਸਿਦਕਵਾਨ ਰਹੀ ਤਾਂ ਕਮਾਲ ਕਰ ਸਕਦੀ ਹੈ।’ ਲੈਂਪ ਪੋਸਟ ਨੇ ਉਸ ਕੁਡ਼ੀ ਦੇ ਪਤਲੇ, ਕੋਮਲ, ਗੋਰੇ ਸਰੀਰ ਨੂੰ ਗਹੁ ਨਾਲ ਤੱਕ ਕੇ ਕਿਹਾ ਸੀ। ਉਹਦੇ ਨੈਣ-ਨਕਸ਼ ਤਿੱਖੇ ਸਨ ਅਤੇ ਅੱਖਾਂ ਵਿਚ ਜਿਵੇਂ ਚਾਨਣ ਦੀ ਲਾਟ ਜਗ ਰਹੀ ਸੀ। ਉਸ ਦੇ ਹੱਥ ਦੀਆਂ ਉਂਗਲੀਆਂ ਕਲਮ ਦਾ ਹੀ ਹਿੱਸਾ ਬਣ ਗਈਆਂ ਲਗਦੀਆਂ ਸਨ। ਉਸ ਨੂੰ ਮੋਹ ਨਾਲ ਦੇਖ ਕੇ ਲੈਂਪ ਪੋਸਟ ਨੂੰ ਮਹਿਸੂਸ ਹੋਇਆ ਸੀ, ‘ਅੱਜਕਲ੍ਹ ਦੀਆਂ ਕੁਡ਼ੀਆਂ ਬੁਹਤ ਸੂਖਮ ਭਾਵੀ ਹੋ ਗਈਆਂ ਨੇ। ਕੁਦਰਤ ਇਨ੍ਹਾਂ ‘ਤੇ ਬਹੁਤ ਮਿਹਰਬਾਨ ਹੋ ਗਈ ਹੈ।’
ਉਸ ਦਿਨ ਉਹ ਇਕੱਲੀ ਸੀ। ਲੈਂਪ ਪੋਸਟ ਨੇ ਸੋਚਿਆ ਸੀ, ‘ਜਦੋਂ ਤੱਕ ਇਹ ਇਕੱਲੀ ਰਹੇਗੀ, ਇਹਦੀ ਰਚਨਾ ਵਿਚ ਸ਼ਿੱਦਤ ਦਾ ਪ੍ਰਭਾਵ ਕਾਇਮ ਰਹੇਗਾ ਪਰ ਜਦੋਂ ਇਹ ਕਿਸੇ ਗੱਭਰੂ ਦੀ ਹੋ ਗਈ ਤਾਂ ਇਹਦੀ ਕਵਿਤਾ ਦੇ ਸ਼ਬਦ ਲਡ਼ਖਡ਼ਾ ਜਾਣਗੇ, ਫਿਰ ਪਤਾ ਨਹੀਂ ਕੀ ਹੋਵੇ ਅਤੇ ਇਹ ਗੱਲ ਸੋਚ ਕੇ ਲੈਂਪ ਪੋਸਟ ਨੇ ਕੁਝ ਘਬਰਾਹਟ ਮਹਿਸੂਸ ਕੀਤੀ, ਜਿਸ ਕਰਕੇ ਉਹਦੀ ਜੋਤ ਨੇ ਲਡ਼ਖਡ਼ਾ ਕੇ ਆਲੇ-ਦੁਆਲੇ ਵੱਲ ਤੱਕਿਆ ਸੀ। ਉਸ ਲਡ਼ਖਡ਼ਾਹਟ ਵਿਚ ਹੀ ਉਹਨੇ ਦੇਖਿਆ ਸੀ ਕਿ ਉਹ ਕੁਡ਼ੀ ਉਹਦੇ ਕੋਲੋਂ ਦੂਰ ਹੁੰਦੀ ਗਈ ਅਤੇ ਫਿਰ ਹਨੇਰੇ ਵਿਚ ਵੱਲ ਲੱਗ ਪਈ ਸੀ। ਪਤਾ ਨਹੀਂ ਉਹ ਕਿਧਰ ਜਾ ਰਹੀ ਸੀ। ਲੈਂਪ ਪੋਸਟ ਦੇ ਮਨ ‘ਚ ਆਇਆ, ‘ਪੁੱਛਾਂ, ਹਨੇਰੇ ਵਿਚ ਕਿਧਰ ਚੱਲੀ ਏਂ?’ ਤੈਨੂੰ ਚਾਨਣ ਚੰਗਾ ਨਹੀਂ ਲਗਦਾ?’ ਪਰ ਉਹਨੇ ਕੁਝ ਨਹੀਂ ਪੁੱਛਿਆ।
‘ਇਹ ਕੁਡ਼ੀ ਜ਼ਰੂਰ ਹੀ ਕਿਸੇ ਗੱਭਰੂ ਦੀ ਹੋ ਜਾਣਾ ਚਾਹੁੰਦੀ ਹੈ ਪਰ ਇਹਨੂੰ ਕਾਹਲੀ ਨਹੀਂ ਕਰਨੀ ਚਾਹੀਦੀ।’ ਲੈਂਪ ਪੋਸਟ ਨੂੰ ਖਿਆਲ ਆਇਆ, ‘ਕੁਡ਼ੀਆਂ ਦਾ ਉਤਾਵਲਾਪਨ ਕਈ ਵਾਰ ਉਨ੍ਹਾਂ ਨੂੰ ਤਬਾਹੀ ਵੱਲ ਵੀ ਲੈ ਜਾਂਦਾ ਹੈ ਅਤੇ ਲੈਂਪ ਪੋਸਟ ਡਾਢਾ ਪ੍ਰੇਸ਼ਾਨ ਹੋ ਗਿਆ ਸੀ।’
‘ਤੂੰ ਹਨੇਰਿਆਂ ‘ਚ ਗੁੰਮ ਜਾਣ ਲਈ ਨਹੀਂ ਜਨਮ ਲਿਆ।’ ਲੈਂਪ ਪੋਸਟ ਨੇ ਉਸ ਕੁਡ਼ੀ ਨੂੰ ਕਿਹਾ ਸੀ, ‘ਇਸ ਲਈ ਮੁਡ਼ ਆ ਮੇਰੇ ਪ੍ਰਕਾਸ਼ ‘ਚ… ਅਤੇ ਇਨਸਾਨੀ ਰੂਹ ਵਾਂਗ ਵਰਤਾਰਾ ਕਰ।’
ਕੁਡ਼ੀ ਖਾਮੋਸ਼ ਰਹੀ ਸੀ, ਕੁਝ ਨਹੀਂ ਸੀ ਬੋਲੀ।
ਲੈਂਪ ਪੋਸਟ ਨੇ ਉਸ ਕੁਡ਼ੀ ਦੀ ਚਾਲ ਤੋਂ ਮਹਿਸੂਸ ਕੀਤਾ ਸੀ ਕਿ ਉਹਦੇ ਅੰਦਰ ਕੋਈ ਤੂਫ਼ਾਨ ਝੁੱਲਿਆ ਹੋਇਆ ਸੀ।
‘ਇਹ ਤੂਫਾਨ ਜਵਾਨੀ ਚਡ਼੍ਹਦੇ ਹਰ ਗੱਭਰੂ ਨਾਰ ਦੇ ਦਿਲ ਦਿਮਾਗ ‘ਚ ਝੁਲਦਾ ਹੀ ਹੈ ਪਰ ਇਹਦੀ ਮਾਰ ਤੋਂ ਬਚਣਾ ਬਹੁਤ ਜ਼ਰੂਰੀ ਹੈ।’
ਲੈਂਪ ਪੋਸਟ ਉਸ ਕੁਡ਼ੀ ਨੂੰ ਦੂਰ ਤੱਕ ਜਾਂਦੀ ਨੂੰ ਦੇਖਦਾ ਰਿਹਾ। ਉਹਨੇ ਅੱਜ ਤੱਕ ਏਨੀ ਦਿਲਚਸਪੀ ਕਿਸੇ ਹੋਰ ਬੰਦੇ ਵਿਚ ਨਹੀਂ ਸੀ ਲਈ ਅਤੇ ਉਹ ਭਾਵੁਕ ਹੁੰਦਾ ਜਾ ਰਿਹਾ ਸੀ।
‘ਤੈਨੂੰ ਮੇਰੇ ਚਾਨਣ ਦੀ ਡਾਢੀ ਲੋਡ਼ ਹੈ।’ ਲੈਂਪ-ਪੋਸਟ ਕਹਿ ਰਿਹਾ ਸੀ, ‘ਹਨੇਰੇ ‘ਚ ਤੈਨੂੰ ਕਿਸੇ ਨੇ ਨਹੀਂ ਦੇਖਣਾ।’
ਪਰ ਉਹ ਕੁਡ਼ੀ ਮੁਡ਼ੀ ਨਹੀਂ ਸੀ। ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਚੌਰਾਹੇ ਵਿਚ ਜਗ ਰਿਹਾ ਲੈਂਪ ਪੋਸਟ ਉਹਦੇ ਲਈ ਕੀ ਭਾਵ ਰੱਖਦਾ ਸੀ ਅਤੇ ਉਹਨੂੰ ਕੀ ਕਹਿ ਰਿਹਾ ਸੀ…?
ਉਹ ਲਗਾਤਾਰ ਟੁਰਦੀ ਗਈ ਸੀ ਜਦੋਂ ਕਿ ਲੈਂਪ ਪੋਸਟ ਚੌਰਾਹੇ ਨੂੰ ਛੱਡ ਕੇ ਉਹਦਾ ਪਿੱਛਾ ਨਹੀਂ ਸੀ ਕਰ ਸਕਦਾ। ਉਹਨੂੰ ਚੌਰਾਹੇ ਦੁਆਲੇ ਦੀਆਂ ਸਡ਼ਕਾਂ ਨੂੰ ਰੌਸ਼ਨ ਕਰਨ ਦੀ ਵੀ ਚਿੰਤਾ ਸੀ।
‘ਮੈਂ ਇਸ ਚੌਰਾਹੇ ਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾ ਸਕਦਾ।’ ਉਹਨੂੰ ਖਿਆਲ ਆ ਰਿਹਾ ਸੀ, ‘ਮੈਂ ਇਕ ਨਿਸ਼ਚਿਤ ਕਾਰਜ ਲਈ ਜਨਮ ਲਿਆ ਹੈ।’
ਚੌਰਾਹੇ ਵਿਚ ਹੋਣ ਕਰਕੇ ਉਹਨੂੰ ਹਰ ਪਾਸੇ ਪ੍ਰਕਾਸ਼ ਕਰਨਾ ਪੈਂਦਾ ਸੀ। ਕਈ ਵਾਰ ਉਹ ਕਿਸੇ ਇਕ ਰਾਹ ਵੱਲ ਆਪਣਾ ਧਿਆਨ ਨਾ ਕਰ ਪਾਉਂਦਾ ਤਾਂ ਉਹਦੇ ਪ੍ਰਕਾਸ਼ ਦੀ ਅਣਹੋਂਦ ਕਾਰਨ ਉਸ ਰਾਹ ‘ਚ ਹਨੇਰਾ ਫੈਲ ਜਾਂਦਾ, ਗੱਡੀਆਂ ਇਕ-ਦੂਜੀ ਨਾਲ ਟਕਰਾਅ ਜਾਂਦੀਆਂ, ਲੋਕ ਜ਼ਖ਼ਮੀ ਹੋ ਜਾਂਦੇ ਅਤੇ ਆਵਾਜਾਈ ਦਾ ਸਿਲਸਿਲਾ ਰੁਕ ਕੇ ਰਹਿ ਜਾਂਦਾ…
ਲੋਕ ਕਹਿੰਦੇ, ‘ਪਤਾ ਨਹੀਂ ਕਿਹਡ਼ੀ ਮਨਹੂਸ ਕੰਪਨੀ ਨੇ ਲੈਂਪ ਪੋਸਟ ਨੂੰ ਤਿਆਰ ਕੀਤਾ ਹੈ? ਇਹ ਤਾਂ ਤਬਾਹੀ ਮਚਾ ਰਿਹੈ।’ ਇਸ ਸ਼ਾਇਰਾ ਕੁਡ਼ੀ ਨੇ ਤਾਂ ਉਹਦਾ ਸਾਰਾ ਹੀ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਇਸ ਲਈ ਉਹ ਪ੍ਰੇਸ਼ਾਨ ਲੋਕਾਂ ਵੱਲ ਧਿਆਨ ਨਹੀਂ ਸੀ ਦਿੰਦਾ। ਕਹਿੰਦਾ, ‘ਤੁਹਾਡੇ ਆਪਣੇ ਗਮ ਨੇ ਤਾਂ ਮੇਰੇ ਗਮ ਵੀ ਘੱਟ ਨਹੀਂ…।’
‘ਮੈਂ ਇਥੇ ਹਾਂ, ਤੇਰੀ ਪ੍ਰੇਰਣਾ?’ ਲੈਂਪ ਪੋਸਟ ਨੇ ਇਕ ਲਲਕਾਰ ਵਾਂਗ ਕਿਹਾ ਸੀ ਪਰ ਕੁਡ਼ੀ ਨੇ ਪਿਛਾਂਹ ਪਰਤ ਕੇ ਨਹੀਂ ਸੀ ਦੇਖਿਆ। ਉਹ ਚਾਨਣ ਵੱਲੋਂ ਹਨੇਰੇ ਵੱਲ ਵਧਦੀ ਜਾ ਰਹੀ ਸੀ। ‘ਮੈਂ ਨਹੀਂ ਚਾਹੁੰਦਾ ਕਿ ਇਹ ਰੂਹ ਭਟਕ ਜਾਵੇ।’ ਲੈਂਪ ਪੋਸਟ ਨੇ ਹਓਕਾ ਭਰਕੇ ਸੋਚਿਆ, ‘ਪਰ ਮੈਂ ਕੁਝ ਕਰ ਵੀ ਤਾਂ ਨਹੀਂ ਸਕਦਾ। ਮੈਂ ਕਿਸੇ ਕੋਲ ਜਾ ਕੇ ਉਹਨੂੰ ਪ੍ਰਕਾਸ਼ ਨਹੀਂ ਦੇ ਸਕਦਾ, ਮੇਰੇ ਕੋਲ ਤਾਂ ਜਿਹਡ਼ਾ ਕੋਈ ਆਵੇਗਾ, ਮੈਂ ਉਸ ਦਾ ਮੁਖਡ਼ਾ ਹੀ ਰੁਸ਼ਨਾ ਸਕਦਾਂ… ਅਤੇ ਉਹਦੇ ਰਾਹਵਾਂ ਨੂੰ ਵੀ…’ ਫਿਰ ਪਲ ਭਰ ਰੁਕ ਕੇ ਉਹਨੇ ਸੋਚਿਆ, ‘ਪਤਾ ਨਹੀਂ ਇਹ ਮੇਰੀ ਮਜਬੂਰੀ ਹੈ ਕਿ ਖੁਸ਼ਨਸੀਬੀ।’ ਅਤੇ ਫਿਰ ਉਹ ਉਸ ਸੁੰਨ-ਵੀਰਾਨੇ ਵਿਚ ਦੂਰ ਤੱਕ ਘੂਰਨ ਲੱਗ ਪਿਆ। ਉਹ ਆਪਣੇ ਮਾਹੌਲ ਪ੍ਰਤੀ ਸੁਚੇਤ ਹੋ ਗਿਆ ਸੀ। ਉਹਦੇ ਅੰਦਰ ਸੰਵੇਦਨਾ ਦਾ ਸੰਚਾਰ ਹੋ ਗਿਆ…
‘ਇਹ ਤਾਂ ਕਮਾਲ ਹੋ ਗਿਐ।’ ਲੈਂਪ ਪੋਸਟ ਨੇ ਸੋਚਿਆ, ‘ਪਹਿਲਾਂ ਕਦੀ ਵੀ ਮੈਂ ਆਪਣੇ ਮਹੱਤਵ ਬਾਰੇ ਨਹੀਂ ਸੀ ਸੋਚਿਆ। ਕਈ ਵਾਰ ਤਾਂ ਮੈਨੂੰ ਪਛਤਾਵਾ ਵੀ ਹੁੰਦਾ ਸੀ ਕਿ ਮੈਂ ਕਿਉਂ ਸੁੰਨ-ਵੀਰਾਨੇ ਵਿਚ ਖਲੋਤਾ ਹੋਇਆਂ, ਜਦੋਂ ਕਿ ਦੁਨੀਆ ਦੇ ਬਾਕੀ ਸਭੋ ਲੋਕ ਆਪਣੇ ਨਿੱਘੇ ਘਰਾਂ ਵਿਚ ਸੁੱਖ ਆਰਾਮ ਨਾਲ ਰਹਿ ਰਹੇ ਨੇ।’
ਸ਼ਹਿਰੋਂ ਬਾਹਰਲੇ ਇਸ ਸੁੰਨ-ਵੀਰਾਨੇ ਕੋਲੋਂ ਘਬਰਾ ਕੇ ਕਈ ਵਾਰ ਉਹ ਬੁਝਣ-ਬੁਝਣ ਵੀ ਕਰਦਾ ਸੀ ਪਰ ਅੱਜ ਉਹ ਬਡ਼ੀ ਬੇਸਬਰੀ ਨਾਲ ਉਸ ਕੁਡ਼ੀ ਦੇ ਪਰਤ ਆਉਣ ਦੀ ਉਡੀਕ ਕਰ ਰਿਹਾ ਸੀ ਅਤੇ ਬੁਝਿਆ ਨਹੀਂ ਸੀ। ਉਹ ਆਪਣੇ ਨੇਡ਼ੇ ਆਉਣ ਵਾਲੇ ਹਰ ਚਿਹਰੇ ਨੂੰ ਗਹੁ ਨਾਲ ਤੱਕਦਾ ਸੀ ਪਰ ਉਨ੍ਹਾਂ ਚਿਹਰਿਆਂ ਵਿਚ ਉਸ ਕੁਡ਼ੀ ਦਾ ਚਿਹਰਾ ਕਿਤੇ ਨਹੀਂ ਸੀ।
ਉਹਨੂੰ ਚੇਤੇ ਹੈ, ਜਦੋਂ ਕਿਸੇ ਵੇਲੇ ਉਸ ਨੂੰ ਇਸ ਚੌਰਾਹੇ ਵਿਚ ਖਲਿਆਰਿਆ ਗਿਆ ਸੀ ਇਥੋਂ ਦੀ ਵੀਰਾਨੀ ਨੂੰ ਤੱਕ ਕੇ ਉਹ ਬਹੁਤ ਪ੍ਰੇਸ਼ਾਨ ਹੋਇਆ ਸੀ, ‘ਭਲਾ ਏਨੇ ਵੀਰਾਨੇ ‘ਚ ਮੈਂ ਕਿਵੇਂ ਪ੍ਰਕਾਸ਼ ਕਰਦਾ ਰਹਿ ਸਕਦਾਂ?’
ਪਰ ਉਹ ਪ੍ਰਕਾਸ਼ ਕਰਦਾ ਰਿਹਾ ਸੀ। ਉਹਨੂੰ ਪੂਰੀ ਆਸ ਸੀ ਕਿ ਕਦੀ ਨਾ ਕਦੀ ਉਹਦੀ ਜ਼ਿੰਦਗੀ ਵਿਚ ਵੀ ਇਕ ਚਮਤਕਾਰ ਹੋਵੇਗਾ।
ਹੁਣ ਉਹ ਸੋਚ ਰਿਹਾ ਸੀ, ‘ਉਹ ਸ਼ਾਇਰ ਕੁਡ਼ੀ ਇਕ ਚਮਤਕਾਰ ਹੀ ਹੈ ਜਿਸ ਨੇ ਉਹਨੂੰ ਆਪਣੀ ਪ੍ਰੇਰਨਾ ਸਮਝਿਆ ਸੀ।’
‘ਮੈਂ ਇਕ ਵਾਰ ਉਹਨੂੰ ਜ਼ਰੂਰ ਦੇਖਾਂਗਾ।’ ਲੈਂਪ ਪੋਸਟ ਸੋਚ ਰਿਹਾ ਸੀ, ‘ਇਹ ਨਹੀਂ ਹੋ ਸਕਦਾ ਕਿ ਮੇਰੇ ਮਨ ਦੀ ਮੁਰਾਦ ਪੂਰੀ ਨਾ ਹੋਵੇ?’ ਜਿਸ ਕੁਡ਼ੀ ਲਈ ਮੈਂ ਪ੍ਰੇਰਨਾ ਬਣਿਆ ਹਾਂ, ਭਲਾ ਮੈਂ ਉਹਨੂੰ ਨਾ ਦੇਖ ਸਕਾਂਗਾ?’
ਸ਼ਹਿਰ ਬਾਹਰ ਜਾਂਦੀਆਂ ਸਡ਼ਕਾਂ ‘ਤੇ ਚੱਲਣ ਵਾਲੇ ਲੋਕਾਂ ਵਾਸਤੇ ਪ੍ਰਕਾਸ਼ ਦਾ ਕਾਰਜ ਨਿਭਾਅ ਰਿਹਾ ਲੈਂਪ ਪੋਸਟ ਸੁੰਨਵੀਰਾਨੇ ਵਿਚ ਸੀ। ਸ਼ਾਮ ਮਗਲਾ ਹਨੇਰਾ ਵੀ ਉਸੇ ਤਰ੍ਹਾਂ ਹੀ ਦਨਦਨਾ ਰਿਹਾ ਸੀ, ‘ਜਿਵੇਂ ਉਸ ਕੁਡ਼ੀ ਦੇ ਇਥੋਂ ਜਾਣ ਵੇਲੇ ਸੀ। ਇਸ ਤਰ੍ਹਾਂ ਦੀਆਂ ਹਨੇਰੀਆਂ ਰਾਤਾਂ ਲੈਂਪ ਪੋਸਟ ਵਾਸਤੇ ਜੁਗਾਂ ਲੰਮੀਆਂ ਹੋ ਜਾਂਦੀਆਂ ਸਨ। ਉਹਦੇ ਨਾਲ ਸੰਵਾਦ ਕਰਨ ਵਾਲਾ ਵੀ ਕੋਈ ਨਹੀਂ ਸੀ ਹੁੰਦਾ।
‘ਲੋਕ ਮੈਨੂੰ ਨਿਰੀ ਸਵੈ-ਚਾਲਿਤ ਮਸ਼ੀਨ ਸਮਝਦੇ ਨੇ।’ ਉਹ ਉਦਾਸੀ ਨਾਲ ਕਹਿੰਦਾ ਸੀ, ‘ਤਾਂ ਕੀ ਮੇਰੇ ਵਿਚ ਭਾਵਨਾਵਾਂ ਨਹੀਂ ਹੋ ਸਕਦੀਆਂ?’ ਪਤਾ ਨਹੀਂ ਉਹ ਕਿਸ ਨੂੰ ਕਹਿੰਦਾ ਸੀ, ‘ਪਤਾ ਨਹੀਂ ਮੇਰੀ ਕਿਸਮਤ ‘ਚ ਹਨੇਰੀਆਂ ਰਾਤਾਂ ਹੀ ਕਿਉਂ ਲਿਖੀਆਂ ਗਈਆਂ ਨੇ?’ ਉਹ ਕਈ ਵਾਰ ਦੁਖੀ ਮਨ ਨਾਲ ਸੋਚਦਾ ਸੀ। ਪਰ ਹੁਣ ਉਹਨੂੰ ਖਿਆਲ ਆ ਰਿਹਾ ਸੀ, ‘ਇਨ੍ਹਾਂ ਹਨੇਰੀਆਂ ਰਾਤਾਂ ਵਿਚ ਹੀ ਉਸ ਕੁਡ਼ੀ ਨੇ ਮੈਨੂੰ ਆਪਣੀ ਪ੍ਰੇਰਨਾ ਕਿਹਾ ਸੀ।’
ਦਰਅਸਲ, ਲੈਂਪ ਪੋਸਟ ਦੇ ਅੰਦਰ ਉਸ ਸ਼ਾਇਰਾ ਕੁਡ਼ੀ ਵਾਸਤੇ ਕਬਜ਼ੇਬਾਜ਼ੀ ਦੀ ਭਾਵਨਾ ਪੈਦਾ ਹੋ ਗਈ ਸੀ। ਉਹ ਚਾਹੁੰਦਾ ਸੀ, ‘ਉਹ ਕੁਡ਼ੀ ਮੇਰੇ ਨੇਡ਼ੇ, ਮੇਰੇ ਕੋਲ ਰਹੇ ਅਤੇ ਕੇਵਲ ਮੇਰੇ ਨਾਲ ਹੀ ਸੰਵਾਦ ਕਰੇ… ਮੈਂ ਸੱਚਮੁੱਚ ਹੀ ਉਹਦੇ ਵਾਸਤੇ ਪ੍ਰਕਾਸ਼ ਕਰਕੇ ਸਦੀਵੀ ਪ੍ਰੇਰਨਾ ਬਣ ਸਕਦਾ ਹਾਂ।’
‘ਉਹ ਮੇਰੀ ਹੈ।’ ਸਵੈ-ਚਾਲਿਤ ਲੈਂਪ ਪੋਸਟ ਆਪਣੇ-ਆਪ ਨੂੰ ਕਹਿ ਰਿਹਾ ਸੀ, ‘ਉਹਨੇ ਮੇਰੇ ਅੰਦਰ ਮੁਹੱਬਤ ਦੀ ਭਾਵਨਾ ਭਰੀ ਹੈ, ਤੇ ਹੁਣ ਮੈਂ ਸੰਵੇਦਨਾਹੀਣ ਨਹੀਂ ਰਿਹਾ। ਮੇਰਾ ਤਾਂ ਤਨ, ਮਨ ਉਸ ਨੱਢੀ ਤੋਂ ਕੁਰਬਾਨ ਹੋਣ ਲਈ ਤਿਆਰ ਹੈ। ਉਹਨੇ ਮੇਰੀ ਸਾਰਥਿਕ ਹੋਂਦ ਨੂੰ ਕਵਿਤਾ ‘ਚ ਢਾਲਿਆ ਹੈ।’
ਲੈਂਪ ਪੋਸਟ ਹਾਲੇ ਇਹ ਗੱਲਾਂ ਸੋਚ ਹੀ ਰਿਹਾ ਸੀ ਜਦੋਂ ਕਿ ਉਹਨੇ ਦੇਖਿਆ ਕਿ ਉਹਦੇ ਨੇਡ਼ੇ ਜਿਹਡ਼ੇ ਦੋ ਮਾਨਵੀ ਸਰੂਪ ਆ ਕੇ ਖਲੋਤੇ ਸਨ, ਉਨ੍ਹਾਂ ਵਿਚੋਂ ਇਕ ਉਹੋ ਹੀ ਸ਼ਾਇਰਾ ਕੁਡ਼ੀ ਸੀ ਅਤੇ ਦੂਸਰਾ ਆਕਾਰ ਇਕ ਨੌਜਵਾਨ ਦਾ ਸੀ, ਜਿਹਡ਼ਾ ਉਸ ਕੁਡ਼ੀ ਨੂੰ ਬਡ਼ੀ ਲੋਭੀ ਨਜ਼ਰ ਨਾਲ ਘੂਰ ਰਿਹਾ ਸੀ, ਜਿਵੇਂ ਉਹ ਕੁਡ਼ੀ ਉਸੇ ਦੀ ਮਲਕੀਅਤ ਹੋਵੇ। ਲੈਂਪ ਪੋਸਟ ਨੇ ਉਸ ਨੌਜਵਾਨ ਨੂੰ ਘੂਰ ਕੇ ਦੇਖਿਆ ਤਾਂ ਉਹਨੂੰ ਮਹਿਸੂਸ ਹੋਇਆ ਕਿ ਉਹ ਨੌਜਵਾਨ ਉਸ ਕੁਡ਼ੀ ਦੇ ਰੂਪ-ਰਸ ਦਾ ਲੋਭੀ ਹੀ ਸੀ… ਉਹਦੇ ‘ਚ ਸਿਦਕਦਿਲੀ ਨਜ਼ਰ ਨਹੀਂ ਸੀ ਆਉਂਦੀ।
ਇਹ ਗੱਲ ਮਹਿਸੂਸ ਕਰਕੇ ਲੈਂਪ ਪੋਸਟ ਨੇ ਬਡ਼ੀ ਸ਼ਿੱਦਤ ਨਾਲ ਸੋਚਿਆ, ‘ਇਸ ਕੁਡ਼ੀ ਨੂੰ ਨੌਜਵਾਨ ਦੇ ਕਿਰਦਾਰ ਬਾਰੇ ਸੁਚੇਤ ਕਰ ਦੇਵਾਂ?’
ਪਰ ਉਹ ਚੁੱਪ ਕੀਤਾ ਰਿਹਾ, ਕੇਵਲ ਉਨ੍ਹਾਂ ਨੂੰ ਦੇਖਦਾ ਰਿਹਾ। ‘ਮੈਂ ਇਨ੍ਹਾਂ ਦੀ ਗੱਲਬਾਤ ਵਿਚ ਵਿਘਨ ਨਹੀਂ ਪਾ ਸਕਦਾ। ਘੱਟੋ-ਘੱਟ ਮੈਨੂੰ ਇਸ ਸ਼ਾਇਰਾ ਕੁਡ਼ੀ ਖਾਤਰ ਹੀ ਚੁੱਪ ਰਹਿਣਾ ਚਾਹੀਦੈ।’ ਲੈਂਪ ਪੋਸਟ ਨੇ ਸੋਚਿਆ, ‘ਪਤਾ ਨਹੀਂ ਇਹ ਗੱਲ ਕਿਹਨੇ ਕਹੀ ਸੀ ਕਿ ਮੁਹੱਬਤ ਖਾਤਰ ਹਰ ਤਰ੍ਹਾਂ ਦੀ ਕੁਰਬਾਨੀ ਕਰਨੀ ਚਾਹੀਦੀ ਹੈ।’ ਅਤੇ ਲੈਂਪ ਪੋਸਟ ਉਨ੍ਹਾਂ ਦੋਵਾਂ ਵਾਸਤੇ ਚੁੱਪ ਕੀਤਾ ਰਿਹਾ। ਉਹ ਉਸ ਸ਼ਾਇਰਾ ਕੁਡ਼ੀ ਨੂੰ ਪੂਰੀ ਨੀਂਝ ਨਾਲ ਦੇਖਣਾ ਚਾਹੁੰਦਾ ਸੀ, ਇਸ ਲਈ ਉਹਦੇ ਪ੍ਰਕਾਸ਼ ਦਾ ਪ੍ਰਭਾਵ ਵੀ ਵਧ ਗਿਆ ਸੀ।
ਉਹ ਦੋਵੇਂ ਕਿਸੇ ਛੋਟੀ ਜਿਹੀ ਗੱਲ ‘ਤੇ ਬਹਿਸ ਕਰਦੇ ਹੋਏ ਆਪਸ ‘ਚ ਲਡ਼ ਰਹੇ ਸਨ, ਜਦੋਂ ਕਿ ਉਸ ਕੁਡ਼ੀ ਨੇ ਫਿਰ ਉਹੋ ਹੀ ਗੱਲ ਦੁਹਰਾਈ ਜਿਹਡ਼ੀ ਉਹਨੇ ਲੈਂਪ ਪੋਸਟ ਦੇ ਕੋਲ ਖਲੋ ਕੇ ਇਕ ਵਾਰ ਪਹਿਲਾਂ ਕਹੀ ਸੀ, ‘ਮੈਂ ਤਾਂ ਇਸ ਲੈਂਪ ਪੋਸਟ ਤੋਂ ਵੀ ਪ੍ਰੇਰਨਾ ਲੈਂਦੀ ਹਾਂ…।’
ਇਹ ਗੱਲ ਸੁਣ ਕੇ ਲੈਂਪ ਪੋਸਟ ਦੀ ਲਾਟ ਪਲ ਛਿਣ ਲਈ ਹੋਰ ਵੀ ਤੇਜ਼ ਹੋ ਗਈ। ਉਹਨੇ ਡਾਢੇ ਮੋਹ ਨਾਲ ਸ਼ਾਇਰਾ ਕੁਡ਼ੀ ਨੂੰ ਕਿਹਾ,’ਜਿਊਂਦੀ ਰਹੁ ਸੋਹਣੀਏਂ।’
ਪਰ ਉਸੇ ਵੇਲੇ ਹੀ ਉਹ ਨੌਜਵਾਨ ਰੋਹ ਨਾਲ ਦਨਦਨਾਇਆ, ‘ਪਰ ਤੂੰ ਤੇ ਕਹਿੰਦੀ ਸੀ…ਮੈਥੋਂ ਪ੍ਰੇਰਨਾ ਲੈਂਦੀ ਹੈ।’
ਉਸ ਵੇਲੇ ਉਸ ਨੌਜਵਾਨ ਦੀ ਆਵਾਜ਼ ਵਿਚ ਕੁਝ ਅਜਿਹਾ ਤਿੱਖਾ-ਤਲਖ ਪ੍ਰਭਾਵ ਸੀ, ਜਿਸ ਨਾਲ ਕੱਚ ਨਾਲੋਂ ਵੀ ਕੱਚਾ ਦਿਲ ਟੁੱਟ ਸਕਦਾ ਸੀ…
‘ਕਮੀਨਾ!’ ਲੈਂਪ ਪੋਸਟ ਨੇ ਸੋਚਿਆ ‘ਇਹ ਨੌਜਵਾਨ ਕਦੀ ਵੀ ਇਸ ਕੁਡ਼ੀ ਦੇ ਸੂਖਮ ਭਾਵੀ ਦਿਲ ਨੂੰ ਨਹੀਂ ਸਮਝ ਸਕਦਾ। ਏਦਾਂ ਦੇ ਲੋਕ ਹੀ ਧਰਤੀ ਦੀ ਸੁੰਦਰਤਾ ਨੂੰ ਤਬਾਹ ਕਰਦੇ ਨੇ।
ਫਿਰ ਲੈਂਪ ਪੋਸਟ ਨੇ ਦੇਖਿਆ, ਉਸ ਗੱਭਰੂ ਦੀ ਇਸ ਗੱਲ ਨੂੰ ਸੁਣ ਕੇ ਸ਼ਾਇਰਾ ਕੁਡ਼ੀ ਨੇ ਮਧਮ ਜਿਹੀ ਆਵਾਜ਼ ‘ਚ ਕਿਹਾ, ‘ਇਕੋ ਹੀ ਗੱਲ ਹੈ, ਇਕੋ ਹੀ ਗੱਲ।’
‘ਕੀ ਈ?’ ਨੌਜਵਾਨ ਫਿਰ ਦਨਦਨਾਇਆ ਤਾਂ ਕੁਡ਼ੀ ਨੇ ਕਿਹਾ, ‘ਹਾਂ ਆਂ…।’
‘ਪਰ ਤੂੰ ਤੇ ਕਹਿੰਦੀ ਸੀ ਕਿ…?’
‘ਹਾਂ ਆਂ…’ ਕੁਡ਼ੀ ਨੇ ਫਿਰ ਕਿਹਾ, ‘ਤੇਰੇ ‘ਤੇ ਲੈਂਪ ਪੋਸਟ ‘ਚ ਕੀ ਫ਼ਰਕ ਹੈ?’
‘ਫ਼ਰਕ?’
‘ਹਾਂ ਆਂ…’
‘ਨਹੀਂ…’
ਫਿਰ ਪਤਾ ਨਹੀਂ ਕੀ ਹੋਇਆ ਪਰ ਜੋ ਕੁਝ ਹੋਇਆ, ਉਹ ਲੈਂਪ ਪੋਸਟ ਦੇ ਬਰਦਾਸ਼ਤ ਤੋਂ ਬਾਹਰ ਸੀ…
ਇਸ ਲਈ ਅਨੇਕ ਵਰ੍ਹਿਆਂ ਤੋਂ ਜਗਮਗਾ ਰਹੀ ਉਸ ਦੀ ਲਾਟ ਤੁਰੰਤ ਬੁਝ ਕੇ ਰਹਿ ਗਈ। ਸ਼ਾਇਦ ਉਹਨੇ ਕਿਹਾ ਸੀ, ‘ਹੁਣ ਮੇਰੇ ਜਿਊਣ ਲਈ ਕੀ ਰਹਿ ਗਿਐ?’
ਅਗਲੇ ਦਿਨ ਜਿਹਡ਼ੇ ਕਾਰੀਗਰ ਉਸ ਦੀ ਮੁਰੰਮਤ ਲਈ ਆਏ ਉਨ੍ਹਾਂ ਨੇ ਮੁਸਕਰਾ ਕੇ ਕਿਹਾ ਸੀ, ‘ਹੁਣ ਰੋਬੋਟ ਵੀ ਮਾਹੌਲ ਦੀ ਸ਼ਿੱਦਤ ਦੇ ਤਣਾਓ ਨੂੰ ਮਹਿਸੂਸ ਕਰਨ ਲੱਗ ਪਏ ਨੇ।’ --ਸਵਰਗੀ ਜਸਵੰਤ ਸਿੰਘ ਵਿਰਦੀ

No comments: