Sunday, June 19, 2011

ਗੁਜਰਾ ਹੁਆ ਜਮਾਨਾ ਆਤਾ ਨਹੀਂ ਦੋਬਾਰਾ.....!

 ਅਖਬਾਰੀ ਬਾਰੀਕੀਆਂ ਸਮਝਾਉਣ ਵਾਲਾ ਸੁਰਜਨ ਜੀਰਵੀ 
ਤਰੱਕੀਆਂ ਹੁੰਦੀਆਂ ਹਨ ਤਾਂ ਉਹਨਾਂ ਦੀ ਪ੍ਰਾਪਤੀ ਅਤੇ ਚਮਕ ਦਮਕ ਵਿੱਚ ਬਡ਼ਾ ਕੁਝ ਗੁਆਚ ਵੀ ਜਾਂਦਾ ਹੈ. ਜਦੋਂ ਉਸ ਗੁਆਚ ਗਏ ਦੀ ਯਾਦ ਤਡ਼ਪਾਉਂਦੀ ਹੈ ਤਾਂ ਬਸ ਇਹੀ ਕਹਿਣ ਨੂੰ ਜੀ ਕਰਦੀ:ਜਿੰਦਗੀ ਕਾ ਦਰਦ ਲੇ ਕਰ ਇਨਕ਼ਲਾਬ ਆਇਆ ਤੋ ਕਿਆ..!ਰੋਜ਼ਾਨਾ ਨਵਾਂ ਜ਼ਮਾਨਾ ਦੇ ਉਸ ਪੁਰਾਣੇ ਜਮਾਨੇ ਨੂੰ ਯਾਦ ਕਰਦਿਆ ਕਿਜ੍ਦੇ ਨਾਮ ਸ਼ਿੱਦਤ ਨਾਲ ਚੇਤੇ ਆਉਂਦੇ ਨੇ ਉਹਨਾਂ ਵਿੱਚ ਸੁਰਜਨ ਜੀਰਵੀ ਦਾ ਨਾਮ ਵੀ ਸ਼ਾਮਿਲ ਹੈ.ਸੁਰਜਨ ਜੀਰਵੀ ਹੁਰਾਂ ਬਾਰੇ ਉਸ ਜਮਾਨੇ ਦੇ ਕਈ ਪਹਿਲੂਆਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ ਬੰਤ ਸਿੰਘ ਬਰਾੜ ਦੀ ਇਹ ਲਿਖਤ.-ਰੈਕਟਰ ਕਥੂਰੀਆ
ਸੁਰਜਨ ਜੀਰਵੀ/ਬੰਤ ਸਿੰਘ ਬਰਾੜ
ਪਹਿਲੀ ਨਜਰੇ ਤਾਂ ਉਹ ਬਹੁਤ ਹੀ ਸਧਾਰਣ ਦਿਖ ਵਾਲਾ ਆਮ ਜਿਹਾ ਵਿਅਕਤੀ ਲਗਦਾ ਸੀ ਐਡੀਟੋਰੀਅਲ ਬੋਰਡ ਵਾਸਤੇ ਬਣੀ ਖਾਸ ਡਿਜਾਇਨ ਵਾਲੀ ਮੇਜ ਦੁਆਲੇ ਕੁਰਸੀ ਤੇ ਬੈਠਾ ਨੀਵੀਂ ਪਾਈ ਅਖਬਾਰ ਲਈ ਐਡੀਟਿੰਗ ਕਰਦਾ ਪਤਰਕਾਰੀ ਵਿਚ ਰੁਝਿਆ ਹੋਇਆ ਉਹ ਇਕ ਸਡ਼ੇ ਮਚੇ ਭਾਰਤੀ ਅਫਸਰ ਵਰਗਾ ਲਗਦਾ ਸੀ।ਲਗਭਗ 40 ਕੁ ਵਰੇ ਪਹਿਲਾਂ ਜਦੋਂ ਮੈਂ AISF ਦੀ ਅਗਵਾਈ ਕਰਦਾ ਸੀ ਤਾਂ ਸੁਰਜਨ ਜੀਰਵੀ ਨੂੰ “ਨਵਾਂ ਜ਼ਮਾਨਾ” ਦੇ ਦਫਤਰ ਵਿੱਚ ਮਿਲਿਆ ਸਾਂ ਸਾਥੀਆਂ ਨੇ ਦਸਿਆ ਕਿ ਇਹ ਹੀ ਵਿਅਕਤੀ ਹੈ ਜਿਹਡ਼ਾ ਨਵਾਂ ਜ਼ਮਾਨਾ ਦੀ ਜਿੰਦ ਜਾਨ ਹੈ ਜਗਜੀਤ ਅਨੰਦ ਦਾ ਨਾਮ ਤਾਂ ਬਹੁਤ ਸੁਣਿਆ ਸੀ ਪਰ ਜੀਰਵੀ ਬਾਰੇ ਜਾਣਕਾਰੀ ਨਹੀਂ ਸੀ ਹਾਂ ਏਨਾਂ ਜਰੂਰ ਸੀ ਕਿ ਨਵਾਂ ਜ਼ਮਾਨਾ ਅਖਬਾਰ ਦੇ ਇਕ ਪੰਨੇ ਹੇਠਾਂ ਬਾਰੀਕ ਅੱਖਰਾਂ ਵਿੱਚ ਪਬਲਿਸ਼ਰ ਦੇ ਤੌਰ ਤੇ ਸੁਰਜਨ ਜੀਰਵੀ ਦਾ ਨਾਂ ਜਰੂਰ ਪਡ਼ੀਦਾ ਸੀ
ਪਿੰਡਾਂ  ਦੀਆਂ ਪੁਰਾਣੀਆਂ ਹਵੇਲੀਆਂ ਵਰਗੀ ਪੁਰਾਣੀ ਬਿਲਡਿੰਗ ਵਿਚੋਂ ਛਪਦਾ ਪੰਜਾਬੀ “ਰੋਜਾਨਾ ਨਵਾਂ ਜ਼ਮਾਨਾ” ਅਖਬਾਰ ਦੇਸ਼ ਭਗਤੀ ,ਜਮੂਹਰੀਅਤ ਅਤੇ ਧਰਮ ਨਿਰਪੱਖ ਸ਼ਕਤੀਆਂ ਦਾ ਸ਼ਾਨਦਾਰ ਬੁਲਾਰਾ ਸੀ ਵਿਦਿਆਰਥੀ ਆਗੂ ਹੋਣ ਕਰਕੇ ਮੇਰੀਆਂ ਖਬਰਾਂ ਨਵਾਂ ਜ਼ਮਾਨਾ ਵਿੱਚ ਆਮ ਹੀ ਛਪਦੀਆਂ ਸਨ  ਤੇ ਇਸ ਲਈ ਅਖਬਾਰ ਨਾਲ ਪਿਆਰ ਹੋਣਾ ਵੀ ਸੁਭਾਵਿਕ ਸੀ ਜਦੋਂ ਉਸੇ ਅਖਬਾਰ ਦੀ ਜਿੰਦ ਜਾਨ ਕਹੇ ਜਾਣ ਵਾਲੇ ਵਿਅਕਤੀ ਦੇ ਸਾਹਮਣੇ ਆਇਆ ਤਾਂ ਮੇਰੀਆਂ ਨਜਰਾਂ ਉਸ ਸ਼ਕਸ਼ੀਅਤ ਤੇ ਗੱਡੀਆਂ ਗਈਆਂ ਕ੍ਰਿਸ਼ਨ ਕਨਈਆ ਵਰਗੇ ਰੰਗ ,ਮੱਧਰੇ ਕੱਦ ਵਾਲੇ ਗਠੀਲੇ ਸ਼ਰੀਰ , ਕੇਸ ਦਾਡ਼ੀ ਤੇ ਸਾਦੀ ਪੱਗ ਨਾਲ ਸਜੇ ਜੀਰਵੀ ਨੇ ਜਿਉਂ ਹੀ ਆਪਣੇ ਵਿਅੰਗਾਤਮਕ  ਤੇ ਮਖੌਲੀਏ ਲਹੀਜੇ ਵਿੱਚ ਖਬਰਾਂ ਬਾਰੇ ਟਿੱਪਣੀਆਂ ਕੀਤੀਆਂ ਤਾਂ ਸਾਰੇ ਪਾਸੇ ਹਾਸਿਆਂ ਦਾ ਹਡ਼ ਹੀ ਆ ਗਿਆ ਇਸ ਤਰਾਂ ਅਸਲੀ ਜੀਰਵੀ ਉਭਰਣ ਲਗਾ ਪੇਂਡੂਆ ਵਾਲੀ ਠੇਠ ਮਲਵਈ ਭਾਸ਼ਾ ਤੇ ਚੁਟਕਲੇ ਤੇ ਮਖੌਲ (ਕਈ ਵਾਰੀ ਤਾਂ ਡੰਗਰ ਚਾਰਣ ਵਾਲੇ ਮੁੰਡਿਆਂ ਵਰਗੇ ਅਸ਼ਲੀਲ ਵੀ ਹੁੰਦੇ ) ਸੁਣਕੇ ਇੰਝ ਲਗਣ ਲਗ ਪਿਆ ਜਿਵੇਂ ਆਪਣੇ ਹੀ ਪਿੰਡ ਦੀ ਸੱਥ ਵਿਚਲੀ ਮਿੱਤਰਾਂ ਦੀ ਸੰਗਤ ਦੇ ਮਜ਼ੇ ਲੈ ਰਹੀਏ ਹੋਈਏ
ਉਸ ਦਿਨ ਤੋਂ ਬਾਅਦ ਜਦੋਂ ਲਾਇਲਪੁਰ  ਖਾਲਸਾ ਕਾਲਜ  ਵਿਚੋਂ ਤੇ ਵਿਦਿਆਰਥੀ ਸਰਗਰਮੀਆਂ ਤੋਂ ਵਿਹਲ ਮਿਲਦੀ ਨਵਾਂ ਜ਼ਮਾਨਾ ਪੁੱਜ ਜਾਂਦੇ । ‘ਨਵਾਂ ਜ਼ਮਾਨਾ’ ਦੀ ਬਿਲਡਿੰਗ ਇਸ ਤਰਾਂ ਲਗਦੀ ਸੀ ਜਿਵੇਂ ਸੁਰਜਨ ਜੀਰਵੀ ਦੀ ਸਰਪ੍ਰਸਤੀ ਹੇਠਾਂ ਚਲ ਰਹੀ ਪ੍ਰਸਿੱਧ ਪੱਤਰਕਾਰੀ ਸੰਸਥਾ ਵਿਚਲੀਆਂ ਸਖਸ਼ੀਅਤਾਂ ਵਿਚੋ ਸਨ । 
ਮੇਰੀ ਜਾਣਕਾਰੀ ਅਨੁਸਾਰ ਜੀਰਵੀ ਨੇ ਕੋਈ 35 ਕੁ ਸਾਲ ਅਖਬਾਰ ਨਵਾਂ ਜ਼ਮਾਨਾ ਦੇ ਲੇਖੇ ਲਾਏ ਹੋਣਗੇ । ਨਵੇ ਜਮਾਨੇ ਦੀ ਬਿਲਡਿੰਗ ਦੇ ਐਡੀਟਰਾਂ ਵਾਲੇ ਕਮਰੇ ਵਿਚ ਹੀ ਜੀਰਵੀ ਆਪਣੀ ਪਤਨੀ ਅਮ੍ਰਿਤ ਜੀਰਵੀ ਨਾਲ ਰਿਹਾ ਕਰਦੇ ਸਨ । ਐਡੀਟਰਾਂ ਵਾਲੇ ਕਮਰੇ ਵਿਚ ਜੀਰਵੀ ਨਾਲ ਬੈਠਕੇ ਮੈੰਨੂ ਲਿਖਣ ਦਾ ਚਸਕਾ ਪੈ ਗਿਆ ।ਕ ਜੀਰਵੀ ਦੇ ਰਿਹਾਇਸ਼ੀ ਕਮਰੇ ਵਿਚੋਂ ਕੁੱਕਰ ਦਿਆਂ ਮੀਟਿਗਾਂ ਅਤੇ ਬਣਦੀ ਸਬਜੀ ਦੀਆਂ ਖੁਸ਼ਬੋਆਂ ਅੱਜ ਵੀ ਤਰੋ ਤਾਜਾ ਹਨ । ਕਈ ਵਾਰੀ ਬਿਨ ਬੁਲਾਇਆਂ ਹੀ ਅਸੀਂ ਦੀਦੀ ਅਮ੍ਰਿਤ ਜੀਰਵੀ ਦੇ ਮਹੀਮਾਨ ਬਣ ਜਾਂਦੇ ਤੇ ਗਰਮ ਗਰਮ ਸਬਜੀ ਤੇ ਨਿਮਬੂ ਨਿਚੋਡ਼ ਕੇ ਡਬਲ ਰੋਟੀ ਨਾਲ ਛਕਣ ਦਾ ਅਨੰਦ ਮਾਣਦੇ । ਕਿਸਾਨੀ ਪਰਿਵਾਰ ਵਿਚੋਂ ਆਇਆਂ ਹੋਣ ਕਰਕੇ ਕੁਲਵਕਤੀ ਜੀਵਨ ਦਾ ਕੋਈ ਪਤਾ ਨਹੀ ਸੀ । ਕਮਿਉਨਿਸਟ ਕੁਲਵਕਤੀ ਨਿਮੂਣੀ ਜੇਹੀ ਉਜਰਤ ਨਾਲ ਕਿੰਵੇ ਗੁਜਾਰਾ ਕਰਦੇ ਹਨ? ਇਹ ਤਾਂ ਕੁਲਵਕਤੀ ਬੰਨ ਪਿਛੋਂ ਮੈਂ ਜਦੋਂ ਖੁਦ ਪਰਿਵਾਰ ਵਾਲਾ ਬਣ ਗਇਆ ਤਾਂ ਹੀ ਪਤਾ ਲੱਗਾ । ਅਮ੍ਰਿਤ ਜੀਰਵੀ ਸੁਰਜਨ ਜੀਰਵੀ ਦੇ ਮੁਕਾਬਲੇ ਘੱਟ ਬੋਲਣ ਵਾਲੀ ਪਤਲੀ-ਪ੍ਤ੍ਨੰਗ ਸੁੰਦਰ ਔਰਤ ਸੀ । ਉਹ ਕਪੂਰਥਲੇ ਸ਼ਹੀਰ ਦੇ ਇੱਕ ਅਮੀਰ ਘਰਾਣੇ  ਵਿਚੋਂ ਸੀ । ਉਸਦਾ ਵੱਡਾ ਭਰਾ ਪੀ ਜੀ ਆਈ ਚੰਡੀਗਡ਼ ਦਾ ਡਾਇਰੈਕਟਰ ਵੀ ਰਹੀ ਚੁਕਾ ਸੀ । ਅਮ੍ਰਿਤ ਨੇ , ਇੱਕ ਕੁਲਵਕਤੀ ਕਮਿਉਨਿਸਟ ਜਿਹਡ਼ਾ ਕਾਫੀ ਕਠਿਨ ਜੀਵਨ ਜਿਉਂ ਰਿਹਾ ਸੀ , ਨਾਲ ਵਿਆਹ ਕਦੋਂ , ਕਿਵੇਂ ਤੇ ਕਿਉਂ ਕਰਵਾਇਆ ਕੋਈ ਪਤਾ ਨਹੀਂ ਪਰ ਸਚੀ ਗਲ ਇਹ ਹੈ ਕਿ ਸਾਰੇ ਕਮਿਉਨਿਸਟਾਂ  , ਬੁਧੀ ਜੀਵੀਆਂ ਤੇ ਨੌਜਵਾਨ ਕਾਰਕੁਨਾਂ ਦੀਆਂ ਨਜ਼ਰਾਂ ਵਿਚ ਇਹ ਇੱਕ ਆਦਰਸ਼ ਜੋਡ਼ੀ ਸੀ ਜਿਸਨੂੰ ਸਾਰੇ ਹੀ  ਪਿਆਰ ਕਰਦੇ ਤੇ ਉਸਤੋਂ ਦੁਗਣੇ ਅਨੁਪਾਤ ਵਿਚ ਉਹ ਸਾਰਿਆਂ ਨੂੰ ਪਿਆਰ ਕਰਦਾ ਸੀ ।
ਸਾਥੀ ਜੀਰਵੀ ਨੇ ਕਈ ਕਿਤਾਬਾਂ ਲਿਖੀਆਂ , ਅਨੇਕਾਂ ਅਖਬਾਰਾਂ ਵਾਸਤੇ ਕਈ ਲੇਖ ਲਿਖੇ , ਪੱਤਰਕਾਰੀ ਨੂੰ ਰੱਜਕੇ ਮਾਣਿਆ ਤੇ ਹਰ ਪਾਸਿਓਂ ਸਲਾਘਾ ਖੱਟੀ । ਉਸਦੇ ਮੁੱਖ ਖਬਰਾਂ ਦੇ ਹੈਡਿੰਗ ਜਿਹਡ਼ੇ ਸਾਹਿਤ ਦੀ ਅਮੀਰੀ , ਵਿਅੰਗ ਤੇ ਜਬਰਦਸਤ ਠੇਠ ਪੰਜਾਬੀ ਸ਼ਬਦਾਵਲੀ ਪੱਖੋਂ ਵਧੀਆ ਦਰਜੇ ਦੇ ਹੁੰਦੇ ਸਨ , ਪਡ਼੍ਹਕੇ ਹਰ ਕਿਸੇ ਦੀ ਰੂਹ ਖੁਸ਼ ਹੋ ਜਾਂਦੀ ਸੀ । ਜੀਰਵੀ ਦੀ ਅਗਵਾਈ ਵਿੱਚ ਕੰਮ ਕਰਨ ਵਾਲੇ ਜਰਨਲਿਸਟਾਂ ਵਿਚ ਸਾਥੀ ਭੁਪਿੰਦਰ ਸਾਂਭਰ , ਬਲਬੀਰ ਜੰਡੂ(ਪੰਜਾਬੀ ਟ੍ਰਿਬਿਊਨ) , ਮਰਹੂਮ ਸਾਥੀ ਦਿਲਬੀਰ ਸਿੰਘ , ਬਲਜੀਤ ਸਿੰਘ ਪੰਨੂ , ਬੰਤ ਰਾਏਪੁਰ(ਜੱਗ ਬਾਣੀ),ਸ਼ੋਕੀਨ ਸਿੰਘ(ਪੈਟ੍ਰੀਆਟ) ਰਿਟਾਇਰ ਹੋ ਚੁੱਕੇ ਸਰਵਣ ਸਿੰਘ ਅਤੇ ਪੰਜਾਬੀ ਟ੍ਰਿਬਿਊਨ ਦੇ ਰਹਿ ਚੁੱਕੇ ਐਡੀਟਰ ਸ਼ਿੰਗਾਰ ਸਿੰਘ ਭੁੱਲਰ ਆਦਿ ਸ਼ਖਸ਼ੀਅਤਾਂ ਹਨ । ਉਹਨੀਂ ਦਿਨੀ ਨਵਾਂ ਜ਼ਮਾਨਾ ਦੇ ਜਰਨਲਿਸਟਾਂ ਦਿਆਂ ਉਜਰਤਾਂ ਘੱਟ ਹੋਣ ਕਰਕੇ ਬਹੁਤ  ਸਾਰੇ ਕੁਝ ਦੇਰ ਪਿਛੋਂ ਸਮਕਾਲੀਨ ਪੰਜਾਬੀ ਅਖਬਾਰਾਂ ਅਜੀਤ , ਜੱਗ ਬਾਣੀ ਤੇ ਪੰਜਾਬੀ ਟ੍ਰਿਬਿਊਨ ਵਿਚ ਨੌਕਰੀ ਕਰ ਲੈਂਦੇ ਸਨ  ਤੇ ਇਹ ਵੀ ਸੋਚ ਹੈ ਕੇ ਉਹਨੀ ਦਿਨੀਂ ਇਹਨਾਂ ਅਖਬਾਰਾਂ ਦੇ ਪੱਤਰਕਾਰਾਂ ਦੀ ਬਹੁ ਗਿਣਤੀ ਨਵੇਂ ਜਮਾਨੇ ਵਿਚੋਂ ਹੀ ਆਈ ਹੁੰਦੀ ਸੀ ।ਜੇਕਰ ਨਵਾਂ ਜ਼ਮਾਨਾ ਵਿੱਚ ਸੁਰਜਨ ਜੀਰਵੀ ਨਾਲ ਕੁਝ ਸਮਾਂ ਲਾਇਆ ਹੁੰਦਾ ਤਾਂ ਦੂਜੇ ਅਖਬਾਰਾਂ ਵਿੱਚ ਬਿਨਾਂ ਕਿਸੇ ਹੀਲ ਹੁੱਜਤ ਦੇ ਚੰਗੀ ਤਨਖਾਹ ਵਾਲੀ ਨੌਕਰੀ ਪ੍ਰਾਪਤ ਹੋ ਜਾਂਦੀ ਸੀ ।ਇਸੇ ਕਰਕੇ ਤਾਂ ਇਹ ਅਖਾਣ ਬਣ ਗਿਆ ਸੀ ਕਿ ਨਵਾਂ ਜ਼ਮਾਨਾ ਤਾਂ ਪਤਰਕਾਰੀ ਦੀ ਨਰਸਰੀ ਹੈ।ਉਂਝ ਵੀ ਅਸੀਂ ਜਿਹਡ਼ੇ ਸਟੂਡੈਂਟਸ ਫੈਡਰੇਸ਼ਨ ਵਿੱਚ ਕੰਮ ਕਰਦੇ ਸਾਂ ਖਾਸ ਕਰਕੇ ਜਲੰਧਰ ਕੇਂਦ੍ਰਿਤ ਜਿਵੇਂ ਗੁਰਮੀਤ(ਦੇਸ਼ ਭਗਤ ਯਾਦਗਾਰ),ਸਤਨਾਮ ਚਾਨਾ ,ਦਿਲਬਾਗ ਬਾਗਾ ,ਕਰਨੈਲ ਹੰਸਰੋਂ,ਮਰਹੂਮ ਜਗੀਰ ਜੋਹਲ,ਪੁਸ਼ਪਿੰਦਰ , ਬਾਜਵਾ,ਨਰਿੰਦਰ ਸੋਨੀਆ ਤੇ ਮੇਰੇ ਵਰਗਿਆਂ ਸਮੇਤ ਸਾਰੇ ਹੀ ਜੀਰਵੀ ਦੇ ਪ੍ਰਸ਼ੰਸ਼ਕ ਸਾਂ ਤੇ ਉਸ ਤੋਂ ਸਿਖਿਆ ਵੀ ਕਾਫੀ ਕੁਝ ਹੈ।
ਚਾਰੇ ਪਾਸੇ ਹਾਸੇ ਖੁਸੀਆਂ ਤੇ ਬਹਾਰਾਂ ਦੀਆਂ ਖੁਸ਼ਬੂਆਂ ਵੰਡਣ ਵਾਲਾ ਜੀਰਵੀ ਕਦੀ ਗੁੱਸੇ ਜਾਂ ਨਰਾਜ ਹੋਇਆ
ਨਜਰ ਨਹੀਂ ਆਇਆ ਸੀ ।ਹਾਸੇ ਖੁਸ਼ੀਆਂ ਲਈ ਬਣਿਆ ਹਾਸਿਆਂ ਦਾ ਸੁਲਤਾਨ ‘ਨਵਾਂ ਜ਼ਮਾਨਾ’ ਨੂੰ ਖੁਸ਼ੀਆਂ ਦਾ ਸਦਾਬਹਾਰ ਕੇਂਦਰ ਬਣਾਈ ਰੱਖਦਾ।ਉਸੇ ਵਰਗਾ ਉਸੇ ਰੰਗ ਤੇ ਡੀਲ ਡੌਲ ਵਾਲਾ ਇੱਕ ਹੋਰ ਵਿਅਕਤੀ ਸੀ,ਪ੍ਰਸਿਧ ਕਮਿਊਨਿਸਟ ਆਗੂ –ਰਤਨ ਸਿੰਘ ਦੌਲੀਕੇ ।ਜੀਰਵੀ ਤੇ ਦੌਲੀਕੇ ਸ਼ਕਲ ਸੂਰਤ ਤੋਂ ਜੌਡ਼ੇ ਭਰਾ ਤਾਂ ਲਗਦੇ ਹੀ ਸਨ ਉਹਨਾਂ ਦੀ ਰਾਜਨੀਤਕ ਸੋਚ ਵੀ ਇੱਕੋ ਸੀ –ਜਗਜੀਤ ਸਿੰਘ ਅਨੰਦ ਵਾਲੀ ਸੋਚ।ਹੱਸਮੁਖ ਸੁਭਾ ਦੇ ਮਾਲਕ ਦੋਨੋਂ ਹੀ ਬੀਰਬਲ ਦੀ ਵੰਸ਼ਾਵਲੀ ਵਿੱਚੋਂ ਲੱਗਦੇ ਸਨ ।ਜੇ ਇੱਕ ਨਹਿਲਾ ਸੀ ਤਾਂ ਦੂਜਾ ਦਹਿਲਾ।ਜਦੋਂ ਵੀ ਦੋਨੋਂ ਇਕੱਠੇ ਹੋ ਜਾਂਦੇ ਹਾਸਿਆਂ ਦੀ ਰੌਣਕ ਲੱਗ ਜਾਂਦੀ ।ਇੱਕ ਵਾਰੀ ਐਡੀਟਰਾਂ ਦੀ ਮੇਜ ਤੇ ਜੀਰਵੀ ਨੇ ਆਪਣੇ ਸਾਹਮਣੇ ਸਟੀਲ ਦਾ ਨਵੇਂ ਡੀਜ਼ਾਈਨ ਦਾ ਕੁੰਡਾ ਰਖਿਆ ਹੋਇਆ ਸੀ ।ਮੇਜ ਤੇ ਕੁੰਡਾ ਰੱਖਣ ਦਾ ਕਰਨ ਪੁੱਛਣ ਤੇ ਜਵਾਬ ਮਿਲਦਾ :ਕੁੰਡਾ ਤਾਂ ਲਈ ਲਿਆ ਹੈ ਹੁਣ ਇਸ ਨੂੰ ਕੋਠੀ ਲੁਆਉਣੀ ਹੈ ।ਇੱਕ ਵਾਰੀ ਇੱਕ ਖਿਡਾਉਣਾ ਪਿਸ੍ਤੌਲ ਮੇਜ ਤੇ ਰੱਖ ਦਿਤਾ। ਵੇਖ ਕੇ ਸਿਆਣੇ ਤਾਂ ਬੁਡ਼ ਬੁਡ਼ ਕਰਨ ਲੱਗ ਪੈਂਦੇ ਪਰ ਮੁੰਡੇ ਖੁੰਡਿਆਂ ਇਹ ਖੂਬ ਮਜਾਕ ਦਾ ਸੋਮਾ ਬਣਿਆ ਰਿਹਾ।ਪਿਸਤੌਲ ਦਾ ਘੋਡ਼ਾ ਦੱਬਣ ਨਾਲ ਅਜੰਤਾ ਅਲੋਰਾ ਦੀ ਗੁਫਾ ਵਾਲੀ ਸੈਕਸ ਦੀ ਇੱਕ ਮੁਦ੍ਰਾ ਬਣ ਜਾਂਦੀ ਸੀ। ਇਸ ਪ੍ਰਕਾਰ ਭੱਦੇ ਤੋਂ ਭੱਦੇ ਅਤੇ ਉਚੇਰੇ ਰਾਜਸੀ ਤੇ ਸਾਹਿਤਕ ਕਿਸਮ ਤੱਕ ਹਰ ਤਰ੍ਹਾਂ ਦੇ ਵਿਸ਼ਿਆਂ ਤੇ ਉਸਦੇ ਵਿਅੰਗ ,ਚੁਟਕਲੇ ਤੇ ਹਾਸੇ ਠੱਠੇ ਹੁੰਦੇ ਸਨ ।ਪਰ ਜਿੱਥੋਂ ਤੱਕ ਉਸਦੇ ਕੰਮ ਦਾ ਸੰਬੰਧ ਹੈ ਉਹ ਕਦੀ ਇਹਨਾਂ ਨੂੰ ਅਡ਼ਿੱਕਾ ਨਹੀਂ ਸੀ ਬਣਨ ਦਿੰਦਾ ।ਜੀਰਵੀ ਤੇ ਦੌਲੀਕੇ ਹੁਰਾਂ ਨੇ ਜਗਜੀਤ ਅਨੰਦ ਹੁਰਾ ਬਾਰੇ ਵੀ ਇੱਕ ਚੁਟਕਲਾ ਬਣਾ ਮਾਰਿਆ ਸੀ।ਅਨੰਦ ਹੁਰੀਂ ਐਡੀਟਰ ਦੇ ਨਾਲ ਨਾਲ ਪਾਰਟੀ ਦੇ ਬੁਲਾਰੇ ਵੀ ਸਨ ।ਬਹਿਸ ਵਿੱਚ ਦੂਜੇ ਨੂੰ ਬੋਲਣ ਦ ਮੌਕਾ ਘੱਟ ਹੀ ਦਿੰਦੇ ਸਨ।ਕਾਫੀ ਸਮੇਂ ਬਾਅਦ ਜਦੋਂ ਸਾਥੀ ਅਨੰਦ ਆਪਣੀ ਪਤਨੀ ਉਰਮਿਲਾ ਨੂੰ ਮਿਲਦੇ ਤਾਂ ਇੱਕ ਪਾਸੇ ਤਾਂ ਮਿਲਣ ਦੀ ਤਾਂਘ ਤੇ ਦੂਜੇ ਪਾਸੇ ਅਨੰਦ ਸਾਹਿਬ ਦੀ ਬਹਿਸ ਤੇ ਭਾਸ਼ਣ। ਚੁਟਕਲਾ ਬਣਾਇਆ: ਅਖੇ ਉਰਮਿਲਾ ਕਹਿੰਦੀ ਹੈ ,’ ਜੇਕਰ ਅਨੰਦ ਨਾ ਮਿਲੇ ਤਾਂ ਮੇਰਾ ਦਿਲ ਦੁਖਣ ਲੱਗ ਪੈਂਦਾ ਹੈ ਤੇ ਜੇ ਮਿਲੇ ਤਾਂ ਮੇਰਾ ਸਿਰ ਦੁਖਣ ਲੱਗ ਜਾਂਦਾ ਹੈ।’ਇੱਕ ਵਾਰ ਸਰਦ ਰੁਤੇ ਨਵਾਂ ਜ਼ਮਾਨਾ ਦੀ ਪਹਿਲੀ ਮੰਜਿਲ ਸਥਿਤ ਦਫਤਰ( ਜਿੱਥੇ ਪ੍ਰਬੰਧਕੀ ਸਟਾਫ਼ ਤੇ ਸੰਪਾਦਕੀ ਬੋਰਡ ਕੰਮ ਕਰਦਾ ਸੀ ) ਦੇ ਪਿੱਛਲੇ ਪਾਸੇ ਧੁੱਪ ਵਿੱਚ ਖੂਬ ਮਹਿਫਲ ਜਮੀ ਹੋਈ ਸੀ ।ਜਗਜੀਤ ਤੇ ਉਰਮਿਲਾ ਅਨੰਦ ,ਕ੍ਰਿਸ਼ਨ ਭਾਰਦਵਾਜ ,ਦੌਲੀਕੇ,ਜੀਰਵੀ ਤੇ ਸਾਡੇ ਵਰਗੇ ਅਨੇਕਾਂ ਹੋਰ ਹਾਜਰ ਸਨ।ਜੀਰਵੀ ਤੇ ਦੌਲੀਕੇ ਦੀ ਮਹਿਫਲ ਜੋਰਾਂ ਤੇ ਸੀ।ਸਰੋਤੇ ਹੱਸ ਹੱਸ ਕੇ ਦੂਹਰੇ ਹੋ ਰਹੇ ਸਨ।ਤਾਂ ਏਨੇ ਨੂੰ ਜੀਰਵੀ ਹੁਰਾਂ ਦੇ ਪਿਤਾ ਜੀ ਆ ਟਪਕੇ।ਆਉਂਦਿਆਂ ਹਿ ਉਹਨਾਂ ਨੇ ਚੁਟਕਲਿਆਂ ਦੀ ਝਡ਼ੀ ਲਾ ਦਿੱਤੀ ਤਾਂ ਜੀਰਵੀ ਉਠ ਕੇ ਤੁਰ ਪਿਆ ।ਸਾਥੀਆਂ ਨੇ ਜੀਰਵੀ ਨੂੰ ਰੁਕਣ ਲਈ ਕਿਹਾ ਤਾਂ ਉੱਤਰ ਮਿਲਿਆ ,”ਹੁਣ ਤਾਂ ਇੱਥੇ ਮੇਰਾ ਵੀ ਪਿਓ ਆ ਗਿਆ ਹੈ ; ਮੇਰੀ ਹੁਣ ਲੋਡ਼ ਨਹੀਂ ਰਹੀ ।”
ਇੱਕ ਵਾਰੀ ਜੀਰਵੀ ਦੇ ਨਾਲ ਦੇ ਸਾਥੀਆਂ ਨੇ ਖਾਣ ਪੀਣ ਦਾ ਪ੍ਰੋਗਰਾਮ ਬਣਾਇਆ। ਇਹ ਜੀਰਵੀ ਤੋਂ ਗੁਪਤ ਰੱਖਿਆ ਗਿਆ ।ਮੁਰਗਾ ਸ਼ੁਰਗਾ ਤਿਆਰ ਕਰਕੇ ਖਾਨਾ ਮੇਜ ਤੇ ਪਰੋਸ ਦਿੱਤਾ ਗਿਆ ਤੇ ਇੱਕ ਅੰਗ੍ਰੇਜੀ ਦੀ ਬੋਤਲ ਵੀ ਰੱਖ ਦਿੱਤੀ ਗਈ।ਜੀਰਵੀ ਨੂੰ ਲਿਆਂਦਾ ਗਿਆ ।ਜੀਰਵੀ ਖੁਸ਼ੀ ਨਾਲ ਉਛਲਿਆ ਤੇ ਬੋਲਿਆ ,’ਓਏ ਬੋਤਲ!’
ਹੱਥ ਵੱਜਿਆ ਬੋਤਲ ਟੁੱਟ ਗਈ । ਸਾਰੇ ਪਾਸੇ ਮਾਤਮ ਛਾ ਗਿਆ ।ਪੈਸੇ ਇਕੱਠੇ ਕਰਕੇ ਬੋਤਲ ਲਿਆ ਕੇ ਜਸ਼ਨ ਮਨਾਇਆ ਗਿਆ ਜੋ ਹਮੇਸ਼ਾ ਲਈ ਯਾਦਾਂ ਦੀ ਪਟਾਰੀ ਵਿੱਚ ਜਮਾਂ ਹੋ ਗਿਆ । ਸਾਡੀ ਸਾਦੀ ਅਜੇ ਹੋਈ ਹੀ ਸੀ।ਦਾਜ਼ ਦਹੇਜ ,ਰੀਤੀ ਰਵਾਜਾਂ ਤੋਂ ਰਹਿਤ ਅੰਤਰ ਜਾਤੀ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ।ਚੰਡੀਗਡ਼ ਵਿਖੇ ਸੂਬਾ ਕਾਉਂਸਿਲ ਦੀ ਮੀਟਿੰਗ ਸਮੇਂ ਪਾਰਟੀ ਵੀ ਦਿੱਤੀ ਗਈ ।ਮੀਟਿੰਗ ਵਿੱਚ ਦੌਲੀਕੇ ,ਜੀਰਵੀ ਤੇ ਉਸਦੀ ਪਤਨੀ ਅੰਮ੍ਰਿਤ ਵੀ ਹਾਜਰ ਸਨ । ਦੌਲੀਕੇ ਨੇ ਮੈਨੂੰ ਅਤੇ ਵੰਦਨਾ ਨੂੰ ਸੰਬੋਧਨ ਕਰਦਿਆਂ ਆਖਿਆ ,’ ਇਹੀ ਚਾਰ ਦਿਨ ਹੁੰਦੇ ਨੇ ਖੁਸ਼ੀਆਂ ਦੇ , ਛੁੱਟੀਆਂ ਲੇ ਕੇ ਘੁਮਣ ਫਿਰਨ ਜਾਓ ਪੰਜਾਂ ਸੱਤਾਂ ਸਾਲਾਂ ਮਗਰੋਂ ਤਾਂ ਪਤੀ ਪਤਨੀ ਵੀ ਭੈਣ ਭਰਾ ਵਾਂਗੂ ਲੱਗਣ ਲੱਗ ਜਾਂਦੇ ਹਨ ਉਹ ਵੇਖੋ ਜਿਵੇਂ ਜੀਰਵੀ ਤੇ ਅੰਮ੍ਰਿਤ ਲਗਦੇ ਹਨ।” ਜੀਰਵੀ ਕਿਹਡ਼ਾ ਘੱਟ ਸੀ . ਦੌਲੀਕੇ ਦੀ ਪਤਨੀ ਉਸਤੋਂ ਜਰਾ ਵੱਡੀ ਉਮਰ ਦੀ ਵਿਖਾਈ ਦਿੰਦੀ ਸੀ . ਜੀਰਵੀ ਬੋਲਿਆ , “ਹਾਂ ! ਹਾਂ ! ਦੌਲੀਕੇ ਬਿਲਕੁਲ ਠੀਕ ਕਹਿੰਦਾ ਹੈ , ਏਹੀ ਦਿਨ ਹੁੰਦੇ ਹਨ ਖੁਸ਼ੀਆਂ ਦੇ ,ਜਰੂਰ ਘੁੰਮੋ ਫਿਰੋ ! ੧੫-੧੬ ਸਾਲਾਂ ਪਿੱਛੋਂ ਤਾਂ ਪਤੀ ਪਤਨੀ ਵੀ ਮਾਂ ਪੁੱਤ ਲੱਗਣ ਲਗ ਜਾਂਦੇ ਨੇ ਜਿਵੇਂ ਦੌਲੀਕੇ ਤੇ ਉਸਦੀ ਪਤਨੀ ਲਗਦੇ ਹਨ .” ਚਾਰੇ ਪਾਸੇ ਲੋਕ ਹੱਸ ਹੱਸ ਦੂਹਰੇ ਹੋ ਰਹੇ ਸਨ .
ਵਿਜੇਵਾਡ਼ਾ ਪਾਰਟੀ ਕਾਂਗਰਸ ਸਮੇ ਪ੍ਰਸਿੱਧ ਕਮਿਉਨਿਸਟ ਆਗੂ ਪੀ. ਸੀ . ਜੋਸ਼ੀ ਜਿਹਡ਼ੇ ਸਾਂਝੀ ਕਮਿਉਨਿਸਟ ਪਾਰਟੀ ਵੇਲੇ ਜਨਰਲ ਸਕੱਤਰ ਰਹਿ ਚੁਕੇ ਸਨ ਦੇ ਪਹਿਲੀ ਵਾਰੀ ਦਰਸ਼ਨ ਹੋਏ . ਗੋਡਿਆਂ ਤੱਕ ਖਾਕੀ ਨਿੱਕਰ ਪਾਈ ਟੋਪੀ ਪਹਿਨਕੇ ਸਾਦੇ ਜਿਹੇ ਲਿਬਾਸ ਵਿਚ ਮੋਢਿਆਂ ਤੇ ਪਾਰਟੀ ਝੰਡਾ ਚੁਕੀ ਘੁੰਮ ਰਹੇ ਸਨ . ਸਾਥੀ ਜੀਰਵੀ ਹੁਰਾਂ ਨੂੰ ਲਾਲ ਸਲਾਮ ਆਖਿਆ . ਪਾਰਟੀ ਲੀਡਰਸ਼ਿਪ ਵਲੋਂ ਪੇਸ਼ ਕਿਤੇ ਪੈਨਲ ਵਿਚ ਕੌਮੀ ਕੌਂਸਲ ਦੀ ਲਿਸਟ ਵਿਚ ਪੀ.ਸੀ. ਜੋਸ਼ੀ ਦਾ ਨਾਮ ਨਹੀਂ ਸੀ . ਇਹ ਇਕ ਦੁਖ ਦੀ ਗਲ ਸੀ . ਕੁਝ ਸਾਥੀਆਂ ਣੇ ਕੌਮੀ ਕੌਂਸਲ ਵਾਸਤੇ ਸਾਥੀ ਜੋਸ਼ੀ ਜਿ ਦਾ ਨਾਮ ਪੇਸ਼ ਕੀਤਾ . ਥੋਡ਼ੀਆਂ ਵੋਟਾਂ ਨਾਲ ਜੋਸ਼ੀ ਹੁਰੀਂ ਹਾਰ ਗਏ . ਕਮਿਉਨਿਸਟ ਪਾਰਟੀਆਂ ਦੇ ਪੇਸ਼ ਕੀਤੇ ਪੈਨਲ ਘੱਟ ਹੀ ਟੁੱਟਦੇ ਹਨ . ਏਸੇ ਕਾਂਗਰਸ ਵਿਚ ਪੇਸ਼ ਕੀਤਾ ਗਿਆ ਸੀ ਕਿ ਹੁਣ ਪੂੰਜੀਵਾਦ ਆਪਣੀ ਆਖਰੀ ਸਟੇਜ ਤੇ ਪੁੱਜ ਚੁੱਕਾ ਹੈ ਅਗੇ ਉਸਦੇ ਵਿਕਾਸ ਦੀਆਂ ਸੰਭਾਵਨਾਵਾਂ ਮੁੱਕ ਚੁਕੀਆਂ ਹਨ . ਪੂੰਜੀਵਾਦ ਦਾ ਡੈੱਡ ਐਂਡ ਗਲਤ ਧਾਰਨਾ ਸੀ . ਅੱਜ ਵੀ ਭਾਵੇਂ ਗੰਭੀਰ ਸੰਕਟ ਦਾ ਸ਼ਿਕਾਰ ਹੈ ਪੂੰਜੀਵਾਦ ਆਪਣੇ ਆਖਰੀ ਮੁਕਾਮ ਤੇ ਨਹੀਂ ਪੁੱਜਾ . ਰਾਤ ਸਮੇਂ ਵਾਪਸੀ ਸੀ. ਗੱਡੀ ਵਿਚ ਬੈਠੇ ਸਾਂ . ਘੁੱਪ ਹਨੇਰਾ ਸੀ . ਡੈਲੀਗੇਟ ਹਨੇਰੇ ਵਿਚ ਬੈਠੇ ਕਹਿ ਰਹੇ ਸਨ ਕਿ ਹਨੇਰੇ ਵਿਚ ਤਾਂ ਕੁਝ ਵੀ ਨਹੀਂ ਦਿਸਦਾ ਤਾਂ ਇੱਕ ਨੁੱਕਰ ਵਿਚੋਂ ਜੀਰਵੀ ਦੀ ਆਵਾਜ ਆਈ , “ਕੀ ਹੋਇਆ ਜੇ ਬੱਤੀ ਨਹੀਂ ਜਲੀ ਪਰ ਪਾਰਟੀ ਕਾਂਗਰਸ ਤੋਂ ਮਿਲੀ ਰੋਸ਼ਨੀ ਤਾਂ ਹੈ ਉਸ ਨਾਲ ਹੀ ਅੰਧੇਰਾ ਦੂਰ ਕਰੋ.”
ਜੀਰਵੀ ਤੇ ਅਨੰਦ ਦਾ ਆਪਸ ਵਿਚ ਕੁਝ ਵੀ ਨਹੀਂ ਮਿਲਦਾ ਸੀ , ਪਰ ਰਾਜਸੀ ਵਿਚਾਰ ਜਰੂਰ ਮਿਲਦੇ ਸਨ . ਅਨੰਦ ਹੁਰੀਂ ਪੂਰੇ ਵਿਸ਼ਵਾਸ਼ ਨਾਲ ਕਿਹਾ ਕਰਦੇ ਹਨ ਕਿ ਉਹਨਾਂ ਦਾ ‘ਡ਼ੂਆ ਤਾਂ ਪੂਰਨ ਚੰਦ ਜੋਸ਼ੀ ਹੁਰਾਂ ਨਾਲ ਜੁਡ਼ਿਆ ਹੈ’ ਤੇ ਉਹ ਜੋਸ਼ੀ ਲਾਈਨ ਦੇ ਪੱਕੇ ਸਮਰਥਕ ਹਨ.ਸੁਰਜਨ ਜੀਰਵੀ ਨੂੰ ਇਸ ਤਰ੍ਹਾਂ ਦਾ ਕੁਛ ਕਹਿੰਦੇ ਤਾਂ ਨਹੀਂ ਸੁਣਿਆ ਪਰ ਉਹ ਇਸ ਗੱਲ ਦੇ ਪੱਕੇ ਧਾਰਨੀ ਸਨ ਕਿ ਭਾਰਤ ਵਿੱਚ ਜਮਹੂਰੀ ਕ੍ਰਾਂਤੀ ਤੇ ਉਹ ਵੀ ਕੌਮੀ ਜਮਹੂਰੀ ਕ੍ਰਾਂਤੀ ਦੀ ਸਟੇਜ ਹੈ ਨਾ ਕਿ ਸੋਸ਼ਲਿਸਟ ਕ੍ਰਾਂਤੀ ਦੀ . ਇਸ ਪਡ਼ਾ ਤੇ ਭਾਰਤੀ ਬੁਰਜੁਆਜੀ ਦੇ ਦੇਸ਼ ਭਗਤ ਹਿਸਿਆਂ ਨੂੰ ਨਾਲ ਲਏ ਬਗੈਰ ਜਮਹੂਰੀ ਕ੍ਰਾਂਤੀ ਨੇਪਰੇ ਨਹੀਂ ਚਡ਼੍ਹ ਸਕਦੀ. ਤੇ ਇਹ ਕੌਮੀ ਜਮਹੂਰੀ ਸ਼ਕਤੀਆਂ ਸਭ ਤੋਂ ਵਧ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਹੀ ਹਨ . ਇੰਡੀਅਨ ਨੈਸ਼ਨਲ ਕਾਂਗਰਸ ਸਮੁਚੀ ਭਾਰਤੀ ਬੁਰਜੂਆਜੀ ਦੀ ਪ੍ਰਤਿਨਿਧਤਾ ਕਰਦੀ ਹੈ ਇਸ ਵਿੱਚ ਪਿਛਾਖਡ਼ੀ ਤੇ ਦੇਸ਼ ਭਗਤ ਦੋਨੋਂ ਕਿਸਮ ਦੀਆਂ ਸ਼ਕਤੀਆਂ ਹੋਣ ਕਰਕੇ ਇਸ ਦੀ ਨੀਤੀ ਵੀ ਦੋਗਲੀ ਹੈ. ਖੱਬਿਆਂ ਨੂੰ ਵੀ ਇਹ ਗੱਲ ਧਿਆਨ ਵਿੱਚ ਰੱਖ ਕੇ ਕਾਂਗਰਸ ਵੱਲ ਏਕਤਾ ਤੇ ਸੰਘਰਸ਼ ਦੀ ਨੀਤੀ ਅਖਤਿਆਰ ਕਰਨੀ ਚਾਹੀਦੀ ਹੈ. ਇਸ ਤਰ੍ਹਾਂ ਉਹ ਕਾਂਗਰਸ ਪੱਖੀ ਜਾਨ ਇਸਦਾ ਅੰਨ੍ਹਾ ਵਿਰੋਧੀ ਹੋਣ ਦੇ ਦੋਨੋਂ ਰੁਝਾਨਾਂ ਨੂੰ ਰੱਦ ਕਰਕੇ ਸੰਤੁਲਿਤ ਪਹੁੰਚ ਦੇ ਹੱਕ ਵਿੱਚ ਸਨ.
ਜਿੱਥੋਂ ਤੱਕ ਕਮਿਊਨਿਸਟ ਕਦਰਾਂ ਕੀਮਤਾਂ ਦਾ ਸੰਬੰਧ ਹੈ ਜੀਰਵੀ ਅੰਦਰ ਕਾਫੀ ਹੱਦ ਤੱਕ ਚੰਗੇ ਕਮਿਊਨਿਸਟਾਂ ਵਾਲੇ ਗੁਣ ਸਨ.ਸਾਦ ਮੁਰਾਦਾ ਜੀਵਨ , ਜਾਇਦਾਦ ਬਣਾਉਣ ਦੇ ਲਾਲਚ ਤੋਂ ਕੋਹਾਂ ਦੂਰ ,ਸਚ ਬੋਲਣ ਵਾਲਾ ,ਖੁਸ਼ ਤਬੀਅਤ , ਗੁੱਟਬੰਦੀ ਤੇ ਚੁਗਲੀ ਨੂੰ ਨਫਰਤ ਕਰਨ ਵਾਲਾ, ਸਹਿਣਸ਼ੀਲ ਅਤੇ ਮਿਹਨਤੀ ਲੋਕਾਂ ਨੂੰ ਪਿਆਰ ਕਰਨ ਵਾਲਾ ਤੇ ਉਹਨਾਂ ਦੇ ਹੱਕਾਂ ਵਾਸਤੇ ਸਦਾ ਕੁਰਬਾਨੀ ਲਈ ਤਿਆਰ ਸੁਰਜਨ ਸਿੰਘ ਜੀਰਵੀ ਇੱਕ ਅਸਲੀ ਇਨਸਾਨ ਹੈ.
ਸੁਰਜਨ ਜੀਰਵੀ ਤੇ ਅੰਮ੍ਰਿਤ ਦੀ ਇੱਕੋ ਬੇਟੀ “ਪੂਪੇ” ਕਨੇਡਾ ਜਾ ਵਸੀ.ਫੇਰ ਇਹ ਦੋਵੇਂ ਵੀ ਬੇਟੀ ਕੋਲ ਚਲੇ ਗਏ.ਉਸ ਸਮੇਂ ਤਾਂ ਸਭ ਨੂੰ ਇਹੀ ਲਗਦਾ ਸੀ ਕਿ ਜੀਰਵੀ ਥੋਡ਼ੇ ਸਮੇਂ ਉਪਰੰਤ ਵਾਪਸ ਪਰਤ ਆਏਗਾ ਤੇ ਨਵੇਂ ਜਮਾਨੇ ਦੀ ਵਾਗਡੋਰ ਮੁਡ਼ ਸੰਭਾਲ ਲਏਗਾ ਪਰ ਅਫਸੋਸ ਇਹ ਨਹੀਂ ਵਾਪਰਿਆ. ‘ਨਵਾਂ ਜ਼ਮਾਨਾ ‘ਦਾ ਅਨਿੱਖਡ਼ ਅੰਗ ਉਹਦੇ ਨਾਲੋਂ ਸਦਾ ਲਈ ਜੁਦਾ ਹੋ ਗਿਆ. ਇਸ ਜੁਦਾਈ ਦੀ ਉਮਰ ਲਗਪਗ ਦੋ ਦਹਾਕੇ ਹੋ ਗਈ ਹੋਣੀ ਹੈ. ਇਸ ਸਮੇਂ ਦੌਰਾਨ ਉਹ ਦੋ ਵਾਰ ਪੰਜਾਬ ਆਏ.ਇੱਕ ਵਾਰ ਤਾਂ ਮੈਂ ਉਸ ਨੂੰ ਮਿਲ ਨਾ ਸਕਿਆ ਤੇ ਦੂਜੀ ਵਾਰ ਮਿਲਿਆ ਤਾਂ ਚੰਡੀਗਡ਼ ਪਾਰਟੀ ਦਫਤਰ ਦੇ ਬਾਹਰ ਹੀ ਕੁਝ ਪਲਾਂ ਦੀ ਮੁਲਾਕਾਤ ਹੀ ਹੋ ਸਕੀ.ਪਰ ਹੁਣ ਉਹਦੇ ਵਿੱਚ ਉਹ ਗੱਲ ਨਹੀਂ ਸੀ ਲੱਗ ਰਹੀ .ਉਹ ਹੁਣ ਨਵਾਂ ਜ਼ਮਾਨਾ ਵਾਲਾ ਜੀਰਵੀ ਨਹੀਂ ਸੀ ਰਿਹਾ . ਉਹ ਬਦਲਿਆ ਬਦਲਿਆ ਤੇ ਗੁਆਚਿਆ ਗੁਆਚਿਆ ਜਿਹਾ ਲੱਗਦਾ ਸੀ. ਦਿਲ ਕਰਦਾ ਸੀ ਮਹਿਫ਼ਲ ਜੋਡ਼ ਲਈ ਜਾਵੇ-ਮਦਨ ਲਾਲ ਦੀਦੀ ,ਭੁਪਿੰਦਰ ਸਾਂਬਰ,ਦਲਬੀਰ ਤੇ ਬਲਵੀਰ ਜੰਡੂ ਆਦਿ ਸਭਨਾਂ ਨੂੰ ਸੱਦਿਆ ਜਾਵੇ .ਪਰ ਅਫਸੋਸ ਇਹ ਸਧਰ ਪੂਰੀ ਨਾ ਹੋਈ .ਜੀਰਵੀ ਕਾਹਲੀ ਵਿੱਚ ਸੀ ਤੇ ਜਲਦੀ ਵਿਦਾਈ ਲਈ ਗਿਆ. ਮੈਨੂੰ ਅੱਜ ਤੱਕ ਇਹੀ ਝੋਰਾ ਖਾਈ ਜਾ ਰਿਹਾ ਹੈ ਕਿ ਅਸੀਂ ਉਹਦੀ ਕਦਰ ਪਾਉਂਦਿਆਂ ਜੋ ਜਸ਼ਨਾਂ ਦਾ ਇੰਤਜਾਮ ਕਰਨਾ ਸੀ ਉਹ ਨਾ ਕਰ ਸਕੇ.ਫਿਰ ਮੌਕਾ ਮਿਲੇਗਾ ਵੀ ਕਿ ਨਹੀਂ ਕੋਈ ਨਹੀਂ ਜਾਣਦਾ. ਗੱਲਾਂ ਬਹੁਤ ਪ੍ਰਚਲਿਤ ਹਨ. ਬੇਕਦਰੀ ਕੁਝ ਜਿਆਦਾ ਹੀ ਹੋਈ ਹੈ ਇਸ ਹੀਰੇ ਦੀ. ਕਹਿੰਦੇ ਨੇ ਉਹ ਆਇਆ ਸੀ ਆਪਣੇ ਪਿਆਰੇ ‘ਨਵਾਂ ਜ਼ਮਾਨਾ’ ਲਈ ਪਰ

ਹੁੰਗਾਰੇ ਵਿੱਚ ਪਹਿਲਾਂ ਵਾਲੀ ਅਪਣੱਤ ਗਾਇਬ ਸੀ ਅਤੇ ਇਸ ਅਪਣੱਤ ਦੀ ਗੈਰ ਮੌਜੂਦਗੀ ਵਿੱਚ ਉਸ ਅਣਖੀ ਇਨਸਾਨ ਲਈ ਟਿਕਣਾ ਨਾਮੁਮਕਿਨ ਸੀ. ਤੇ ਇਸ ਤਰ੍ਹਾਂ ਉਹ ਹਮੇਸ਼ਾ ਲਈ ਗੈਰ ਮੁਲਕੀ ਹੋ ਕੇ ਰਹਿ ਗਿਆ. ਮੈਂ ਉਸ ਨਗੌਰੀ ਬਲਦ ਨੂੰ ਕਦੇ ਨਹੀਂ ਭੁੱਲ ਸਕਦਾ ਜਿਸ ਸਦਕਾ ਹੁੰਦੀ ਵਾਹੀ ਨਾਲ ਸਾਡੇ ਘਰ ਦਾ ਗੁਜਾਰਾ ਹੀ ਨਹੀਂ  ਸਗੋਂ ਲਹਿਰਾਂ ਬਹਿਰਾਂ ਲੱਗੀਆਂ ਰਹਿੰਦੀਆਂ.ਸਾਰਾ ਟੱਬਰ ਉਹਨੂੰ ਰੱਜ ਕੇ ਪਿਆਰ ਕਰਦਾ ਤੇ ਰੱਜ ਕੇ ਉਹਦੀ ਸੇਵਾ ਹੁੰਦੀ.ਅਖੀਰ ਬੁੱਢਾ ਹੋ ਗਿਆ ਤੇ ਨਕਾਰਾ ਹੋਣ ਕਰਕੇ ਬੋਝ ਲੱਗਣ ਲੱਗ ਪਿਆ . ਤੇ ਇੱਕ ਦਿਨ ਉਸ ਨੂੰ ਪਿੰਡ ਤੋਂ ਬਹੁਤ ਦੂਰ ਕਿਤੇ ਜਾ ਛੱਡ ਆਏ. ਮਹੀਨੇ ਗੁਜਰ ਗਏ ਤਾਂ ਇੱਕ ਦਿਨ ਘਰ ਦੇ ਦਰਵਾਜੇ ਅੱਗੇ ਖਡ਼ਾ ਸੀ. ਉਹ ਦਰਵਾਜਾ ਤੇ ਦਸਤਕ ਦਿੰਦਾ ਰਿਹਾ ਤੇ ਰੰਭਦਾ ਰਿਹਾ. ਜਦੋਂ ਕਿਸੇ ਨੇ ਨਾ ਗੌਲਿਆ ਤਾਂ ਹਾਰ ਹੁੱਟ ਕੇ ਆਪੇ ਹਮੇਸ਼ਾ ਲਈ ਕਿਧਰੇ ਤੁਰ ਗਿਆ. ਸ਼ਾਇਦ ਇਹੀ ਰਵਿਦ ਹੈ ਜੋ ਜੀਰਵੀ ਨਾਲ ਵੀ ਵਾਪਰ ਗਈ .ਧੰਨਵਾਦ ਸਹਿਤ ਜੰਕਯਾਰਡ  

ਜਬ ਚਮਨ ਕੋ ਲਹੂ ਕੀ ਜਰੂਰਤ ਪੜ੍ਹੀ, ਸਬਸੇ ਪਹਿਲੇ ਹੀ ਗਰਦਨ ਹਮਾਰੀ ਕਟੀ;
ਫਿਰ ਭੀ ਕਹਿਤੇ ਹੈਂ ਹਮਸੇ ਯੇ ਅਹਿਲ-ਏ-ਚਮਨ, ਯੇ ਚਮਨ ਹੈ ਹਮਾਰਾ ਤੁਮ੍ਹਾਰਾ ਨਹੀਂ...!

No comments: