Saturday, June 25, 2011

ਤੀਜੀਆਂ ਧਿਰਾਂ ਦਾ ਹੁਣ ਕੋਈ ਅਸਰ ਨਹੀਂ ਰਿਹਾ ਪੰਜਾਬ ਵਿੱਚ

Sat, Jun 25, 2011 at 10:44 AM
ਰੈਲੀਆਂ ਵਿਚਲੇ ਇੱਕਠਾਂ ਤੇ ਪੋਲਿੰਗ ਬੂਥਾਂ ਵਿਚ ਬਹੁਤ ਫ਼ਰਕ ਹੁੰਦਾ ਹੈ:ਪੁਛ ਕੇ ਦੇਖੋ ਹੰਸ ਰਾਜ ਹੰਸ ਨੂੰ
ਤਰਨਦੀਪ ਦਿਓਲ
ਕੁਝ ਦਿਨ ਪਹਿਲਾ ਸੂਹੀ ਸਵੇਰ 'ਤੇ ਇੱਕ ਬਹੁਤ ਹੀ "ਕਾਬਲ","ਪਡ਼ੇ ਲਿਖੇ ਵਿਸ਼ਲੇਸ਼ਕ" ਅਤੇ "ਰਾਜਨੀਤੀ ਸ਼ਾਸ਼ਤਰ ਦੇ ਮਾਹਿਰ" ਦੋਸਤ ਤਰਨਦੀਪ ਦਿਓਲ  ਦਾ ਆਰਟੀਕਲ "ਪੰਜਾਬ ਦੀ ਸਿਆਸਤ ਵਿਚ ਤੀਜੀ ਧਿਰ  ਦੀ ਭੂਮਿਕਾ" ਪੜਨ ਨੂੰ ਮਿਲਿਆ,ਇਸ ਵਿਚ ਸਭ ਤੋ ਖਾਸ ਗੱਲ ਇਹ ਸੀ ਇਨ੍ਹਾਂ ਮਹਾ ਪੁਰਖਾਂ ਨੇ ਜਿਥੇ ਰਾਜਨੀਤਿਕ ਖੇਤਰ ਦੇ "ਮਾਹਿਰਾਂ" ਕੋਲੋ ਪੰਜਾਬ ਦੀ ਸਿਆਸਤ ਬਾਰੇ ਜਾਣਕਾਰੀ ਇਕਠੀ ਕਰਨ ਦੀ ਗੱਲ ਕੀਤੀ,ਉਥੇ ਹੀ ਸਭ ਤੋ ਵਧ "ਤਜ਼ਰਬੇਕਾਰ" ਪਿੰਡ ਦੀਆਂ ਸੱਥਾਂ ਵਿਚ ਬਿਰਾਜਮਾਨ ਲੋਕਾਂ ਦੀਆਂ ਉਨ੍ਹਾਂ ਗੱਲਾਂ ਜੋ ਸਿਆਸੀ ਤਬਦੀਲੀਆਂ [ਜੋ ਵਪਾਰ ਰਹੀਆਂ ਹਨ] ਦੀ ਪਡ਼ਚੋਲ ਕੀਤੇ ਬਿਨਾ ਅਕਸਰ ਬੇ-ਤੁਕੀਆਂ ਤੇ ਬਿਨਾ ਦਲੀਲ ਹੀ ਹੁੰਦੀਆਂ ਹਨ ਨੂੰ ਵੀ ਆਪਣੀ ਰਿਪੋਰਟ ਦਾ ਹਿੱਸਾ ਬਣਾਇਆ.ਉਹ ਸ਼ਾਇਦ ਇਸ ਲਈ ਕਿ ਇਨ੍ਹਾਂ ਸੱਥਾਂ ਦੇ  "ਰਾਜਨੀਤਿਕ ਮਾਹਿਰਾਂ" ਦਾ ਪੰਜਾਬ ਵਿਧਾਨ ਸਭਾ ਦੀਆਂ ਕਾਰਵਾਈਆਂ ਅਤੇ ਸਿਆਸੀ ਘਟਨਾਵਾ ਦੇ ਕਾਰਨਾ ਤੇ ਪ੍ਰਭਾਵ ਦਾ ਵਿਸ਼ਲੇਸ਼ਣ ਬਲਜੀਤ ਬੱਲੀ ਜਾਂ ਜਤਿੰਦਰ ਪੰਨੂ ਤੋ ਵੀ ਜਿਆਦਾ ਸਟੀਕ ਹੁੰਦਾ ਹੈ.ਅਤੇ ਇਸ ਸਭ ਤੋ ਮੇਰੇ ਕਾਬਲ ਦੋਸਤ ਇਸ ਨਤੀਜੇ ਤੇ ਆਏ ਹਨ ਕਿ ਤੀਜੀਆਂ ਧਿਰਾਂ ਇਸ ਵਾਰ ਪੰਜਾਬ ਦੇ ਰਾਜਨੀਤਿਕ ਬਦਲਾਵ ਨੂੰ ਕਾਫੀ ਹੱਦ ਤਕ ਪ੍ਰਭਾਵਿਤ ਕਰਨਗੀਆਂ.  
ਪਰ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਨੂੰ ਦੇਖਦੇ ਹੋਏ  ਇਸ ਗੱਲ ਨਾਲ ਕਿਤੇ ਵੀ ਇੱਕ ਪ੍ਰਤਿਸ਼ਤ ਵੀ ਸਹਿਮਤ ਨਹੀ ਹੋਇਆ ਜਾ ਸਕਦਾ.ਮੇਰੇ ਇਸ ਮਾਹਿਰ ਦੋਸਤ ਨੇ ਜਿਨ੍ਹਾਂ ਪਾਰਟੀਆਂ ਦੀ ਤੀਜੀ ਧਿਰ ਦੇ ਤੋਰ ਤੇ ਗੱਲ ਕੀਤੀ ਹੈ. ਉਹ ਹਨ ਮਨਪ੍ਰੀਤ ਦੀ ਰੈਲੀਆਂ ਵਾਲੀ ਸ਼ੋ ਬ੍ਰਾਂਡ ਪਾਰਟੀ ਪੀ ਪੀ ਪੀ,ਪਾਟੋਧਾਡ਼ ਹੋ ਚੁੱਕੀ ਬਹੁਜਨ ਸਮਾਜ ਪਾਰਟੀ,ਰਾਮੂਵਾਲੀਆਂ ਦੀ ਐਨ ਆਰ ਆਈ ਸੇਵਾ ਪਾਰਟੀ ਜਾਣੀ ਕਿ ਲੋਕ ਭਲਾਈ ਪਾਰਟੀ,ਬੰਗਾਲ ਵਿਚ ਮੂਧੇ ਮੂੰਹ ਡਿੱਗੇ ਕਾਮਰੇਡ ਅਤੇ ਪੰਜਾਬ ਵਿਚ ਕਿਸੇ ਵੀ ਕੱਦਵਾਰ ਆਗੂ ਤੋ ਸੱਖਣੀ ਲੋਗੋਵਾਲ ਦਲ,ਇਸ ਤੋ ਇਲਾਵਾ ਮੇਰੇ ਵੀਰ ਤਰਨਦੀਪ ਖਾਲਿਸਤਾਨ ਦੇ ਲੰਬਡ਼ਦਾਰ ਦੀ ਅਕਾਲੀ ਦਲ ਅੰਮ੍ਰਿਤਸਰ ਅਤੇ ਕਾਂਗਰਸ ਦੀ ਬੀ ਟੀਮ ਜਾਣੀ ਕਿ ਅਕਾਲੀ ਦਲ 1920 ਦਾ ਜਿਕਰ ਕਰਨਾ ਸ਼ਾਇਦ ਭੁਲ ਗਏ,ਹੁਣ ਜਿਹਨਾ ਪਾਰਟੀਆਂ ਵਿਚ ਗਠਜੋੜ ਦੀ ਮੇਰੇ ਕਾਬਲ ਦੋਸਤ ਨੇ ਗੱਲ ਕੀਤੀ ਹੈ ਉਹ ਹਨ,ਪੀ ਪੀ ਪੀ,ਲੋਕ ਭਲਾਈ ਪਾਰਟੀ,ਲੋਂਗੋਵਾਲ ਦਲ ਅਤੇ ਕਾਮਰੇਡ ਪਾਰਟੀਆਂ,ਪਹਿਲੀ ਗੱਲ ਤਾਂ ਇਨ੍ਹਾਂ ਵਿਚ ਅਜੇ ਕੋਈ ਵੀ ਗਠਜੋੜ ਦੀ ਗੱਲਬਾਤ ਹਵਾ ਵਿਚ ਨਹੀ ਹੋਈ ਹੈ ਜਦ ਕਿ ਚੋਣ ਵਿਚ ਸਿਰਫ 7 ਕੁ ਮਹੀਨੇ ਦਾ ਸਮਾਂ ਬਾਕੀ ਹੈ, ਜੇ ਇਹ ਮੰਨ ਵੀ ਲਿਆ ਜਾਵੇ ਕਿ ਇਹ ਗਠਜੋਡ਼ ਹੋ ਜਾਵੇਗਾ ਤਾਂ ਵੀ ਸਿਰਫ ਦੋ ਚਾਰ ਮਹੀਨੇ ਪਹਿਲਾ ਹੋਇਆ ਕੁਲੀਸ਼ਨ ਚੋਣ ਤੇ ਕੋਈ ਖਾਸ ਪ੍ਰਭਾਵ ਨਹੀ ਪਾ ਸਕੇਗਾ,ਕਿਉ ਕੀ ਪੰਜਾਬ ਦੀਆਂ ਸਥਾਪਿਤ ਪਾਰਟੀਆਂ ਦੇ ਉਮੀਦਵਾਰ ਵੱਲੋ ਹੁਣ ਤੋ ਹੀ ਰਣਨੀਤੀ ਤੈਅ ਕੀਤੀ ਜਾ ਰਹੀ ਹੈ.ਜਿਸ ਨਾਲ ਸਿਰਫ ਦੋ ਮਹੀਨੇ ਵਿਚ ਮੁਕ਼ਾਬਲਾਂ ਹੋਣ ਦੀ ਗੱਲ ਸੋਚਣਾ ਵੀ ਬੇਵਕੂਫੀ ਹੈ.ਕਾਹਲੀ ਨਾਲ ਹੋਏ ਕੁਲੀਸ਼ਨ ਦਾ ਹਾਲ ਕੀ ਹੁੰਦਾ ਹੈ ਮੇਰੇ ਕਾਬਲ ਦੋਸਤ ਚੰਗੀ ਤਰ੍ਹਾ ਜਾਣਦੇ ਹੀ ਹੋਣਗੇ.
ਇੰਦਰਜੀਤ ਕਾਲਾ ਸੰਘਿਆਂ 
ਪਹਿਲਾ ਗੱਲ ਕਰਦੇ ਹਾ ਭਗਤ ਸਿੰਘ ਦੇ ਨਾਮ ਤੇ ਰਾਜਨੀਤੀ ਦੇ ਮੈਦਨ ਵਿਚ ਉਤਰੀ ਪੰਜਾਬ ਦੇ ਇੱਕ ਆਗੂ ਸਰਮਾਏਦਾਰ ਦੇ ਰੁੱਸੇ ਹੋਏ ਭਤੀਜੇ ਦੀ ਨਵੀ ਨਵੀ ਉਭਰੀ ਪਾਰਟੀ ਪੀ ਪੀ ਪੀ ਦੀ,ਜਿਸ ਬਾਰੇ ਮੇਰੇ ਕਾਬਲ ਦੋਸਤ ਦਾ ਵਿਚਾਰ ਹੈ ਕੀ ਇਸ ਨੂੰ ਮਾਲਵੇ ਖੇਤਰ ਵਿਚ ਕਾਫੀ ਸਮਰਥਨ ਮਿਲ ਰਿਹਾ ਹੈ,ਮਾਲਵਾ ਖੇਤਰ ਦਾ ਕੁਝ ਹਿੱਸਾ ਹਮੇਸ਼ਾ ਹੀ ਕਿਸੇ ਨਾ ਕਿਸੇ ਤਰ੍ਹਾ ਧਾਰਮਿਕ ਪ੍ਰਭਾਵ ਹੇਠ ਰਿਹਾ ਹੈ.ਇਥੋ ਦੀਆਂ ਧਾਰਮਿਕ ਸੰਸਥਾਵਾ ਤੇ ਧਾਰਮਿਕ ਆਸਥਾ ਰਾਜਨੀਤੀ ਤੇ ਸਿਧਾ ਪ੍ਰਭਾਵ ਪਾਉਂਦੀ ਰਹੀ ਹੈ ਅਤੇ ਕੁਝ ਇਲਾਕਾ ਮਾਰਕਸਵਾਦੀਆਂ ਦਾ ਗਡ਼ ਰਿਹਾ ਹੈ, ਹੁਣ ਦੋਵੇ ਹੀ ਪ੍ਰਸਤਿਥੀਆਂ ਮਨਪ੍ਰੀਤ ਦੇ ਅਨਕੂਲ ਨਹੀ ਹਨ,ਧਾਰਮਿਕਤਾ ਬਾਰੇ ਉਸ ਦੀ ਚੁੱਪ ਅਤੇ ਮਾਰਕਸਵਾਦ ਬਾਰੇ ਉਸ ਦੀ ਪਹੁੰਚ ਦੋਵੇ ਹੀ ਉਸ ਦੇ ਹੱਕ ਵਿਚ ਨਹੀ ਭੁਗਤਨ ਵਾਲੀਆਂ,ਦੋਆਬੇ ਖੇਤਰ ਵਿਚ ਵੀ ਮੇਰੇ ਕਾਬਲ ਦੋਸਤ ਦੇ ਅਨੁਸਾਰ ਮਨਪ੍ਰੀਤ ਦੀ ਸਥਿਤੀ ਠੀਕ ਹੈ,ਪਰ ਅਸਲੀਅਤ ਇਹ ਨਹੀ ਹੈ,ਦੋਆਬੇ ਵਿਚ ਮਨਪ੍ਰੀਤ ਦੇ ਝੰਡਾ ਬਰਦਾਰ ਜਗਸੀਰ ਬਰਾੜ ਕਿਤੇ ਵੀ ਕਾਂਗਰਸ ਦੇ ਤੇਜ਼ ਤਰਾਰ ਨੇਤਾ ਰਾਣਾ ਗੁਰਜੀਤ ,ਅਵਤਾਰ ਹੈਨਰੀ ,ਮੋਹਿੰਦਰ ਸਿੰਘ ਕੇ ਪੀ ,ਗੁਰਕੰਵਲ  ਕੌਰ ਜਾਂ ਬੀ ਜੇ ਪੀ ਦੇ ਘਾਗ ਲੀਡਰਾਂ ਦੇ ਅੱਗੇ ਬਿਲਕੁਲ ਨਹੀ ਖਡ਼ਦਾ ਹੈ .ਜੇ ਉਹ ਆਪਣਾ ਵਿਧਾਨ ਸਭਾ ਹਲਕਾ ਹੀ ਪ੍ਰਭਾਵਿਤ ਕਰ ਦੇਣ ਤਾਂ ਗ਼ਨੀਮਤ ਹੈ,ਦੋਆਬੇ ਦੇ ਬਾਕੀ ਵਿਧਾਨ ਸਭਾ ਹਲਕਿਆਂ ਨੂੰ ਪ੍ਰਭਾਵਿਤ ਕਰਨਾ ਤਾਂ ਬਹੁਤ ਹੀ ਦੂਰ ਦੀ ਗੱਲ ਹੈ ,ਸਿਰਫ ਇੱਕ ਨਕੋਦਰ ਤੇ ਜੇ ਬਰਾੜ ਦਾ ਹਲਕਾ ਵੀ ਮੰਨ ਲਿਆ ਜਾਵੇ ਤਾਂ ਹੋਰ ਇਸ ਤੋ ਬਿਨਾ  ਕੋਈ ਹਲਕਾ ਨਹੀ ਜਿਸ ਨੂੰ ਪੀ ਪੀ ਪੀ ਦਾ ਕੋਈ ਲੀਡਰ ਪ੍ਰਭਾਵਿਤ ਕਰ ਸਕਦਾ ਹੋਵੇ ਜਾਂ ਦੋ ਪ੍ਰਤੀਸ਼ਤ ਵੋਟ ਵੀ ਲੈ ਜਾ ਸਕਦਾ ਹੋਵੇ           
ਮਾਝੇ ਦੇ ਇਲਾਕੇ ਵਿਚ ਫਾਇਰ ਬ੍ਰਾਂਡ ਨੇਤਾਵਾਂ ਨਵਜੋਤ ਸਿਧੂ,ਰਣਜੀਤ ਸਿੰਘ ਬਰ੍ਹਮਪੁਰਾ,ਬਿਕਰਮਜੀਤ ਮਜੀਠੀਆ ਅਤੇ ਕਾਂਗਰਸ ਦੇ ਬਾਜਵਾ ਪਰਿਵਾਰ ਅੱਗੇ ਪੀ ਪੀ ਦਾ ਕੋਈ ਪਰਛਾਵਾਂ ਮਾਤਰ ਲੀਡਰ ਵੀ ਨਜ਼ਰ ਨਹੀ ਆਉਂਦਾ,ਮੇਰੇ ਕਾਬਲ ਦੋਸਤ ਦੇ ਹਵਾਈ ਖਿਆਲ ਅਨੁਸਾਰ ਪੀ ਪੀ ਪੀ ਪੰਜਾਬ ਦੀਆਂ ਸੱਤਰ ਸੀਟਾਂ ਤੇ ਆਪਣਾ ਅਧਾਰ ਕਾਇਮ ਕਰ ਚੁੱਕੀ ਹੈ.ਪਰ ਸੱਚ ਤਾਂ ਇਹ ਹੈ ਕੀ ਜੇ ਮਨਪ੍ਰੀਤ ਸੱਤਰ ਕੱਦਵਾਰ ਆਗੂ ਹੀ ਲੱਭਣ ਵਿਚ ਕਾਮਯਾਬ ਹੋ ਜਾਵੇ ਜੋ ਚੋਣ ਲੜ ਸਕਣ ਤਾਂ ਉਸ ਦੀ ਇਹ ਵੱਡੀ ਪ੍ਰਾਪਤੀ ਹੋਵੇਗੀ,ਕਿਸੇ ਹਲਕੇ ਨੂੰ ਪ੍ਰਭਾਵਿਤ ਕਰਨਾ ਜਾਂ ਟੱਕਰ ਲੈਣਾ ਤਾਂ ਬਹੁਤ ਦੂਰ ਦੀ ਗੱਲ ਹੈ. ਰੈਲੀਆਂ ਵਿਚਲੇ ਇੱਕਠਾਂ ਤੇ ਪੋਲਿੰਗ ਬੂਥ ਵਿਚ ਜੋ ਫ਼ਰਕ ਹੁੰਦਾ ਹੈ ਉਹ ਮਨਪ੍ਰੀਤ ਵੀ ਚੰਗੀ ਤਰ੍ਹਾ ਜਾਣਦੇ ਹਨ.ਜੇ ਮੇਰੇ ਕਾਬਲ ਦੋਸਤ ਤਰਨਦੀਪ ਨੂੰ ਕੋਈ ਸ਼ੱਕ ਹੋਵੇ ਤਾਂ ਉਹ ਇਸ ਬਾਰੇ ਰਾਜ ਗਾਇਕ ਹੰਸ ਰਾਜ ਹੰਸ ਕੋਲੋਂ ਜਿਆਦਾ ਵਿਸਥਾਰ ਨਾਲ ਜਾਣ ਸਕਦੇ ਹਨ.ਲੋਕਾਂ ਨੂੰ ਲਭਉਣ ਵਾਲੇ ਪੀ ਪੀ ਪੀ ਦੇ ਕਲਾਕਾਰਾਂ ਦੀ ਲੋਕ ਮਸਲਿਆਂ ਤੇ ਕਿਨੀ ਕੁ ਪਕੜ ਹੈ,ਇਹ ਯੂਨੀਵਰਸਿਟੀ ਵਿਚ ਨੌਜਵਾਨਾ ਵੱਲੋ ਭਗਵੰਤ ਮਾਨ ਨਾਲ ਹੋਈ ਗੱਲਬਾਤ ਤੋ ਹੀ ਪਤਾ ਚਲ ਜਾਂਦਾ ਹੈ.
ਇਸ ਤੋ ਅੱਗੇ ਗੱਲ  ਬਹੁਜਨ ਸਮਾਜ ਪਾਰਟੀ ਦੀ ਜੋ ਪੂਰੀ ਤਰ੍ਹਾ ਕਾਮਰੇਡ ਗਰੁੱਪਾਂ ਵਾਂਗੂ ਵੰਡ ਹੋ ਚੁੱਕੀ ਹੈ ਅਤੇ ਪੰਜਾਬ ਦੇ ਦਲਿਤਾਂ ਵਿਚੋ ਆਪਣਾ ਅਧਾਰ ਗਵਾ ਚੁੱਕੀ ਹੈ.ਰਹਿੰਦੀ ਕਸਰ ਦੋਆਬੇ ਦੇ ਅਸਰਦਾਰ ਲੀਡਰ ਪਵਨ ਕੁਮਾਰ ਟੀਨੂ ਦੇ ਅਕਾਲੀ ਦਲ ਵਿਚ ਚਲੇ ਜਾਣ ਨਾਲ ਪੂਰੀ ਹੋ ਚੁੱਕੀ ਹੈ ਜੋ ਹੁਣ ਸ਼ਾਇਦ ਅਕਾਲੀ ਦਲ ਦੇ ਆਦਮਪੁਰ ਵਿਧਾਨ ਸਭਾ ਹਲਕੇ ਤੋ ਉਮੀਦਵਾਰ ਹੋਣ.ਦੋਆਬੇ ਵਿਚ ਜਲੰਧਰ ਦੀ ਇੱਕ ਸੀਟ ਜਿਥੋ ਕਾਂਗਰਸ ਮੋਹਿੰਦਰ ਸਿੰਘ ਕੇ ਪੀ ਚੋਣ ਲੜਨਗੇ ਹੋਰ ਕਿਸੇ ਵੀ ਹਲਕੇ ਵਿਚ ਕੋਈ ਵੀ ਬਹੁਜਨ ਗਰੁੱਪ ਕਿਸੇ ਤਰ੍ਹਾ ਦਾ ਪ੍ਰਭਾਵ ਦੇਣ ਤੋ ਅਸਮਰਥ ਹੀ ਜਾਪਦਾ ਹੈ,ਹੋਰ ਵੀ ਪੂਰੇ ਪੰਜਾਬ ਦੇ ਦੋ ਜਾਂ ਤਿੰਨ ਹਲਕਿਆਂ ਤੋ ਬਿਨਾ ਕਿਸੇ ਥਾ ਵੀ ਇਹ ਬਹੁਜਨ ਸਮਾਜ ਪਾਰਟੀ ਟੱਕਰ ਦੇਣ ਦੀ ਹਾਲਤ ਵਿਚ ਨਹੀ ਹੈ,ਬਾਕੀ ਬਹੁਜਨ ਸਮਾਜ ਦੇ ਕਿਸ ਗੁਰੱਪ ਦਾ ਕਿਸ ਪਾਰਟੀ[ਕਾਂਗਰਸ ਜਾਂ ਅਕਾਲੀ ਦਲ] ਨਾਲ ਕੁਲੀਸ਼ਨ ਹੁੰਦਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ.
ਹੁਣ ਆਉਂਦੇ ਹਾ ਮੇਰੇ ਕਾਬਲ ਦੋਸਤ ਦੀ ਸਭ ਤੋ ਹਾਸੋਹੀਣੀ ਦਲੀਲ ਤੇ ਕਿ ਸੀ ਪੀ ਆਈ ਦੇ ਜਨ ਅਧਾਰ ਵਿਚ ਕੋਈ ਵਾਧਾ ਹੋਇਆ ਹੈ ਅਤੇ ਜਿਸ ਦਾ ਕਾਰਨ ਹੈ ਨਰੇਗਾ ਸਕੀਮ ਕਾਰਣ ਇਸ ਪਾਰਟੀ ਦਾ ਲੋਕਾਂ ਨਾਲ ਜੁੜਨਾ,ਪਰ ਮੇਰੀ ਤੁਛ ਜਿਹੀ ਸਮਝ ਮੁਤਾਬਿਕ ਤਾਂ ਇਸ ਦਾ ਸਿਧਾ ਫਾਇਦਾ ਸਕੀਮ ਚਲਾ ਰਹੀ ਕੇਂਦਰ ਦੀ ਕਾਂਗਰਸ ਪਾਰਟੀ ਨੂੰ ਹੋਵੇਗਾ.ਜਾਂ ਪੰਚਾਇਤੀ ਇਕਾਈਆਂ ਰਾਹੀ ਅਕਾਲੀ ਦਲ ਵੀ ਇਸ ਨਾਲ ਮਜਦੂਰ ਵਰਗ ਨੂੰ ਪ੍ਰਭਾਵਿਤ ਕਰੇਗਾ.ਕਾਮਰੇਡ ਪਾਰਟੀਆਂ ਵੱਲੋ ਸਾਧੂ ਸਿੰਘ ਤਖਤੂਪੁਰਾ ਕਾਂਡ ਤੋ ਬਾਅਦ ਸਾਂਝੇ ਸੰਘਰਸ਼ ਦੀ ਗੱਲ ਵੀ ਆਈ ਗਈ ਹੋ ਚੁੱਕੀ ਹੈ,ਹਾ ਪਿਛਲੇ ਸਮੇ ਵਿਚ ਪਾਸਲਾ ਗੁਰੱਪ,ਦਰਸ਼ਨ ਨੱਤ ਵਾਲਾ ਗੁਰੱਪ ਤੇ ਹੋਰ ਕੁਝ ਗੁਰੁੱਪਾਂ ਵੱਲੋ ਇੱਕ ਲੈਫ ਕੋਆਰਡੀਨੇਟ ਦੀ ਗੱਲ ਜ਼ਰੂਰ ਸ਼ੁਰੂ ਹੋਈ ਸੀ ਪਰ ਉਹ ਵੀ ਕਿਸੇ ਸਿਰੇ ਬੰਨੇ ਲੱਗੇ ਜਾਂ ਕਿਸੇ ਚੋਣ ਹਲਕੇ ਨੂੰ ਪ੍ਰਭਾਵਿਤ ਕਰੇ ਇਹ ਬਹੁਤ ਹੀ ਮੁਸ਼ਕਿਲ ਜਾਪਦਾ ਹੈ
ਇਸ ਤੋ ਅੱਗੇ ਹੈ ਲੋਕ ਭਲਾਈ ਪਾਰਟੀ ਜਿਸ ਦਾ ਹੇਠਲਾ ਕੇਡਰ ਸਭ ਤੋ ਕਮਜੋਰ ਹੈ,ਸੁਰਜੀਤ ਗਰੁੱਪ ਕੋਲ ਕੋਈ ਵੀ ਪੰਜਾਬ ਪੱਧਰ ਦਾ ਆਗੂ ਹੀ ਨਹੀ ਹੈ.ਇਹ ਮਿਲ ਕੇ ਦਸ ਪੰਦਰਾਂ ਤਾ ਕੀ ਸਿਰਫ ਰਾਮੂਵਾਲੀਆ ਦੇ ਆਪਣੇ ਵਿਧਾਨ ਸਭਾ ਹਲਕੇ ਨੂੰ ਛੱਡ ਕੇ ਕਿਤੇ ਵੀ ਪ੍ਰਭਾਵਸ਼ਾਲੀ ਨਹੀ ਹੈ. 
ਇਸ ਸਭ ਵਿਚ ਜੋ ਇੱਕ ਹੋਰ ਬਹੁਤ ਹੀ ਜ਼ਰੂਰੀ ਗੱਲ ਹੈ ਉਹ ਹੈ ਕਿ ਬਦਲਾਵ ਲਈ ਜ਼ਰੂਰੀ ਹੈ ਨੌਜਵਾਨਾ ਨੂੰ ਨਾਲ ਤੋਰਨਾ,ਜੋ ਹਰ ਕਿਸੇ ਬਦਲਾਵ ਦਾ ਮੁੱਢ ਹੁੰਦੇ ਹਨ ਪਰ ਤੀਜੀ ਕਿਸੇ ਵੀ ਸਿਆਸੀ ਪਾਰਟੀ ਕੋਲ ਕੋਈ ਅਜਿਹਾ ਲੀਡਰ  ਨਹੀ ਜੋ ਇਹ ਕਰ ਸਕੇ,ਰਵਨੀਤ ਬਿੱਟੂ ਅਤੇ ਦੂਜੇ ਪਾਸੇ ਗੁਰਪ੍ਰੀਤ ਰਾਜੂ ਖੰਨਾ ਦੀ ਸੋਹੀ ਦੀ ਟੀਮ ਅੱਗੇ ਤੀਜਾ ਕੋਈ ਵੀ ਯੂਥ ਆਗੂ ਨਜ਼ਰ ਨਹੀ ਆਉਂਦਾ..ਪਿਛਲੇ ਦਿਨਾ ਵਿਚ ਹੋਈ ਯੂਥ ਦੀ ਭਰਤੀ ਵਿਚ ਅਕਾਲੀ ਦਲ ਤੇ ਕਾਂਗਰਸ ਦੇ ਯੂਥ ਆਗੂ ਇਸ ਗੱਲ ਦਾ ਲੋਹਾ ਮੰਨਵਾ ਚੁੱਕੇ ਹਨ,ਇੱਕ ਗੱਲ ਮੇਰੇ ਕਾਬਲ ਦੋਸਤ ਨੇ ਹੋਰ ਕੀਤੀ ਸੀ ਕਿ ਵੋਟਾ ਦਾ ਪ੍ਰਤੀਸ਼ਤ ਵਧਣਾ ਵੀ ਸਰਕਾਰ ਦੇ ਖਿਲਾਫ਼ ਹੀ ਭੁਗਤਦਾ ਹੈ,ਇਹ ਗੱਲ ਬਿਲਕੁਲ ਠੀਕ ਹੈ ਪਰ ਇਹ ਹਮੇਸ਼ਾ ਤਾਕਤਵਰ ਵਿਰੋਧੀ ਦੇ ਹੱਕ ਵਿਚ ਭੁਗਤਦਾ ਹੈ ਇਹ ਵੀ ਗੱਲ ਗੋਰ ਕਰਨ ਵਾਲੀ ਹੋਣੀ ਚਾਹੀਦੀ ਸੀ.ਕੁਲ ਮਿਲਾ ਕੇ ਪੂਰੇ ਪੰਜਾਬ ਦੇ 9 ਜਾਂ 10  ਵਿਧਾਨ ਸਭਾ ਹਲਕਿਆਂ ਤੋ ਬਿਨਾ ਤੀਜੀਆਂ ਪਾਰਟੀ  ਚੋਣ ਨਤੀਜਿਆਂ ਤੇ ਕੋਈ ਖਾਸ ਅਸਰ ਪਾਉਣ ਦੀ ਸਥਿਤੀ ਵਿਚ ਨਹੀ ਹੈ ,ਜੇ ਇਨ੍ਹਾਂ ਵਿਚੋ ਇੱਕ ਦੋ ਉਮੀਦਵਾਰ ਜਿੱਤ ਵੀ ਜਾਂਦੇ ਹਨ ਤਾਂ ਪੰਜਾਬ ਦੇ ਸਿਆਸੀ ਸਮੀਕਰਣ ਤੇ ਕੋਈ ਖਾਸ ਫ਼ਰਕ ਨਹੀ ਪੈਣ ਵਾਲਾ. ਅਖੀਰ ਤੇ ਮੈਂ ਵੀ ਇੱਕ ਸ਼ੇਅਰ ਨਾਲ ਹੀ ਆਪਣੀ ਗੱਲ ਖਤਮ  ਕਰਨਾ ਚਾਹਾਂਗਾ
"ਐਹ ਰੋਸ਼ਨੀਓ ਕੇ ਕਾਫਿਲੋ  ਤੁਮ ਢੂੰਡੋ ਕੋਈ ਰਹਿਬਰ
ਸਿਰਫ ਉਮੀਦੋ ਸੇ ਨਹੀ ਆਤੇ ਬਦਲਾਵ ਕੇ ਸਵੇਰੇ"    

ਮੋਬਾਇਲ ਤੇ ਸੰਪਰਕ: ਇੰਦਰਜੀਤ ਕਾਲਾ ਸੰਘਿਆਂ (98156-39091) 

5 comments:

ਗੁਰਜਿੰਦਰ ਸਿੰਘ ਗਿੱਲ said...

ਇੰਦਰਜੀਤ ਕਾਲਾ ਸੰਘਿਆਂ ਦਾ ਪਰਿਵਾਰਕ ਪਿਛੋਕੜ ਰਾਜਨੀਤਿਕ ਹੈ
ਇਸ ਲਈ ਉਸ ਦੀ ਪੰਜਾਬ ਦੇ ਸਿਆਸੀ ਮਸਲਿਆ ਤੇ ਕਾਫੀ ਮਜਬੂਤ ਪਕੜ ਹੈ
ਸੋਹਣਾ ਲੇਖ ਹੈ

Unknown said...

ਇੰਦਰਜੀਤ,ਤੁਸੀਂ ਸਿਆਸੀ ਵਿਸ਼ਲੇਸ਼ਣ ਬਹੁਤ ਹੀ ਢੁਕਵਾਂ ਕੀਤਾ ਏ |-rup daburji

pardan(chahal) said...

bai ji change jarur aau, it can take a slow start, never can be stop.

Iqbal Gill said...

ਕਿਆ ਤੁੱਕਿਆਂ ਦੇ ਤੀਰ ਜਾਂ ਤੀਰ ਦੇ ਤੁੱਕੇ ਬਣਾਏ ਗਏ ਹਨ ਦਿਮਾਗੀ ਕਸਰਤ ਬਹੁਤ ਕੀਤੀ.... ਦੋਵਾਂ ਧਿਰਾਂ ਦਾ ਧੰਨਵਾਦ | ਇੰਦਰਜੀਤ ਨੂੰ (ਆਪਣਾ ਜਾਣਦੇ ਹੋਏ) ਫਿਟ ਲਾਹਨਤ ਕੁਝ ਚੱਜ ਦਾ ਪੜ ਨਾ ਹੋਇਆ ਨੈਨੇ ਚਿਰ ਵਿੱਚ ? "ਇਹ ਟੁਚੇ ਲੇਖ ਦਾ" ਪ੍ਰਤੀਕਰਮ ਲਿਖਣ ਨਾਲੋਂ ??????? ਇੱਕ ਸ੍ਰ੍ਤੰਜ ਹੈ ਜਿਸ ਦੇ ਖੀਸੇ ਨੋਟ ਉਹੀ ਦਾਅ ਲਾ ਸਕੇਗਾ (ਯਹ ਦੁਨੀਆਂ ਸਭ ਕੁਝ ਨਹੀਂ ਜਾਨਤੀ) ਕਸੂਰ ਸਾਡਾ ਹੈ |

ਇੰਦਰਜੀਤ ਕਾਲਾ ਸੰਘਿਆਂ said...

ਸਾਡੇ ਜਿਹਨਾ ਆਪਣਿਆ ਚੋਣਾ ਵਿਚ ਪੰਗਾ ਲੈਣਾ ਹੈ ਸੁਣਨੀ ਉਨ੍ਹਾਂ ਦੀ ਕਿਸੇ ਨੇ ਨਹੀ ਤੇ ਨਾ ਅੱਗੇ ਕਿਸੇ ਨੇ ਸੁਣੀ ਹੈ ਇਤਹਾਸ ਉਨ੍ਹਾਂ ਨੂੰ ਵਾਰ ਵਾਰ ਮੂੰਹ ਚਿੜਾਉਂਦਾ ਹੈ ਬਦਲ ਸਾਡਾ ਬਹੁਤ ਲੰਬਾ ਚੋੜਾ ਪ੍ਰੋਗ੍ਰਾਮ ਹੈ ਇਸ ਲਈ ਵਿਰੋਧ ਕਰਨ ਵਾਲੀ ਜਿੱਦ ਤੋ ਵੀ ਹਟਨਾ ਨਹੀ ਹੈ,ਤੇ ਕੋਈ ਇਸ ਬਾਰੇ ਬੋਲੇ ਤਾਂ ਉਸ ਦਾ ਵਿਰੋਧ ਵੀ ਰੱਜ ਕੇ ਕਰਨਾ ਹੈ ਵਾਹ ਜੀ ਵਾਹ ਕਿਆ ਡਿਕਟੇਟਰਸ਼ਿਪ ਹੈ