Thursday, June 30, 2011

ਨਹੀਂ ਰਹੇ ਜਸਵੰਤ ਸਿੰਘ ਵਿਰਦੀ: ਅੰਤਿਮ ਯਾਤਰਾ ਦੋ ਜੁਲਾਈ ਸ਼ਨੀਵਾਰ ਨੂੰ

ਜਸਵੰਤ ਸਿੰਘ ਵਿਰਦੀ ਹੁਰਾਂ ਦੇ ਤੁਰ ਜਾਣ ਨਾਲ ਜਿੰਦਗੀ ਦੀਆਂ ਉਦਾਸੀਆਂ ਵਿੱਚ ਹੋਰ ਵਾਧਾ ਹੋ ਗਿਆ ਹੈ. ਚਿਰਾਂ ਮਗਰੋਂ ਮੁੜ ਮਿਲਣ ਦੀ ਆਸ  ਟੁੱਟ ਗਈ ਹੈ. ਦੋ ਚਾਰ ਮਹੀਨੇ ਪਹਿਲਾਂ ਰੇਡੀਓ ਸਟੇਸ਼ਨ ਤੇ ਇੱਕ ਪ੍ਰੋਗਰਾਮ ਸੀ ਪਰ ਮੈਂ ਬਸਾਂ ਦੇ ਚੱਕਰ ਵਿੱਚ ਰਿਕਾਰਡਿੰਗ ਲਈ ਕੁਝ ਲੇਟ ਹੋ ਗਿਆ. ਰਿਕਾਰਡਿੰਗ ਤਾਂ ਲੇਟ ਪਹੁੰਚ ਕੇ ਵੀ ਹੋ ਗਈ ਪਰ ਵਿਰਦੀ ਸਾਹਿਬ ਏਸ ਉਮਰੇ ਵੀ ਸਮੇਂ ਸਿਰ ਆਏ ਸਨ ਤੇ ਰਿਕਾਰਡਿੰਗ ਕਰਾ ਕੇ ਮੇਰੇ ਪੁੱਜਣ ਤੋਂ ਕੁਝ ਮਿੰਟ ਪਹਿਲਾਂ ਹੀ ਵਾਪਿਸ ਵੀ ਚਲੇ ਗਏ ਸਨ. ਲੇਟ ਹੋਣ ਦਾ ਪਛਤਾਵਾ ਜਿਨਾ ਕੁ ਉਸ ਦਿਨ ਲੱਗਿਆ ਸੀ ਉਸ ਤੋਂ ਕਿਤੇ ਵਧ ਹੁਣ ਮਹਿਸੂਸ ਹੋ ਰਿਹਾ ਹੈ. ਹੁਣ ਤਾਂ ਮੁੜ ਮਿਲਣ ਦੀ ਕੋਈ ਸੰਭਾਵਨਾ ਹੀ ਨਹੀਂ ਰਹੀ. ਸਿਰਫ ਯਾਦਾਂ ਹਨ.....ਉਹਨਾਂ ਨਾਲ ਹੋਈਆਂ ਕੁਝ ਮਿਲਣੀਆਂ ਦੀਆਂ, ਕੁਝ ਗੱਲਾਂ ਦੀਆਂ ਤੇ ਉਹਨਾਂ ਦੇ ਮਿਲਾਪੜੇ ਸੁਭਾ ਦੀਆਂ. ਪਾਣੀਆਂ ਦੀਆਂ ਕਹਾਨੀਆਂ ਲਿਖੀਆਂ ਤਾਂ ਨਦੀਆਂ ਦਰਿਆਵਾਂ ਦੇ ਨਾਲ ਨਾਲ ਬਹੁਤ ਕੁਝ ਹੋਰ ਵੀ ਸਮਝਾ ਦਿੱਤਾ. ਪੰਜਾਬੀ ਕਲਮ ਦੀ ਸਾਧਨਾ ਨੂੰ ਕਿਰਤ ਬਣਾਉਣ ਵਿੱਚ ਜਸਵੰਤ ਸਿੰਘ ਵਿਰਦੀ ਹੁਰਾਂ ਦਾ ਯੋਗਦਾਨ ਪੂਰੀ ਖਾਮੋਸ਼ੀ ਨਾਲ ਜਾਰੀ ਰਿਹਾ. ਮੈਨੂੰ ਅੱਜ ਵੀ ਯਾਦ ਹੈ ਸੱਤਰਵਿਆਂ ਵਿੱਚ ਇੱਕ ਦਿਨ ਅਚਾਨਕ ਕੁਝ ਹਿੰਦੀ ਕਲਮਕਾਰ ਮਿੱਤਰ ਘਰ ਆ ਪਹੁੰਚੇ. ਉਹਨਾਂ ਦਿਨਾਂ ਵਿੱਚ ਫੋਨ ਨਹੀਂ ਸਨ ਹੁੰਦੇ ਤੇ ਉਹਨਾਂ ਦੀ ਚਿੱਠੀ ਕਿਤੇ ਰਸਤੇ ਵਿੱਚ ਹੀ ਲੇਟ ਹੋ ਗਈ ਸੀ. ਅਸੀਂ ਸਿਰਫ ਡਾਕ ਰਾਹੀਂ ਇੱਕ ਦੂਜੇ ਨੂੰ ਜਾਣਦੇ ਸਾਂ, ਇੱਕ ਦੂਜੇ ਦੀਆਂ ਰਚਨਾਵਾਂ ਪੜ੍ਹਦੇ ਸਾਂ ਪਰ ਚਿਹਰੇ ਤੋਂ ਵਾਕਫ ਨਹੀਂ ਸਾਂ.ਸੋ ਜਾਣ ਪਛਾਣ ਤੋਂ ਬਾਅਦ ਜਦੋਂ ਚਾਹ ਪਾਣੀ ਪੀ ਰਹੇ ਸਾਂ ਤਾਂ ਉਹਨਾਂ ਹਿੰਦੀ ਲੇਖਕਾਂ ਨੇ ਆਪਣੀ ਕਾਹਲੀ ਦਾ ਪ੍ਰਗਟਾਵਾ ਕੀਤਾ. ਅਸਲ ਵਿੱਚ ਓਹ ਓਹ ਸਾਰੇ ਗਾਜੀਆਬਾਦ, ਅੰਬਾਲਾ, ਦਿੱਲੀ ਅਤੇ ਹੋਰਨਾਂ ਥਾਵਾਂ ਤੋਂ ਆਏ ਸਨ. ਉਹਨਾਂ ਵਿਰਦੀ ਸਾਹਿਬ ਦੀਆਂ ਰਚਨਾਵਾਂ ਹਿੰਦੀ ਵਿੱਚ ਪੜ੍ਹੀਆਂ ਸਨ ਅਤੇ ਮਿਲਣ ਲਈ ਉਤਸੁਕ ਸਨ. ਵਿਰਦੀ ਸਾਹਿਬ ਲਈ  ਇਹ ਪਿਆਰ ਉਹਨਾਂ ਬਹੁਤ ਸਾਰੇ ਪਾਠਕਾਂ, ਲੇਖਕਾਂ ਅਤੇ ਮਿੱਤਰਾਂ ਦੇ ਦਿਲਾਂ ਵਿੱਚ ਅਕਸਰ ਹੁੰਦਾ ਸੀ ਜਿਹੜੇ ਉਹਨਾਂ ਨੂੰ ਖੁਦ ਕਦੇ ਨਹੀਂ ਸਨ ਮਿਲੇ. ਜ਼ਿੰਦਗੀ ਦੀ ਬਾਜ਼ੀ ਉਹਨਾਂ ਬੜੇ ਹੀ ਸਹਿਜ ਨਾਲ ਸ਼ੁਯ੍ਰੂ ਕੀਤੀ ਅਤੇ ਇਹ ਸਹਿਜ ਉਹਨਾਂ ਦਾ ਹਮੇਸ਼ਾਂ ਸਾਥੀ ਰਿਹਾ. ਉਹ ਕਿਸੇ ਨਾਲ ਨਾਰਾਜ਼  ਵੀ ਹੁੰਦੇ ਤਾਂ ਕਿਸੇ ਖਾਸ ਅਸੂਲੀ ਨੁਕਤੇ ਤੇ ਆ ਕੇ. ਕਲਮਕਾਰਾਂ ਨੂੰ ਉਹਨਾਂ  ਦਾ ਹੱਕ ਦੁਆਉਣ ਲਈ ਉਹਨਾਂ ਕਈ ਕਹਿੰਦੇ ਕਹਾਉਂਦੇ ਪਰਚਿਆਂ ਦੇ ਮਾਲਕਾਂ ਨਾਲ ਟਾਕਰਾ ਕੀਤਾ . ਇੱਕ ਵਾਰ ਦਿੱਲੀ ਦਾ ਇੱਕ ਪ੍ਰਕਾਸ਼ਕ ਆਕੜ ਖੜੋਤਾ ਤੇ ਕਹਿਣ ਲੱਗ ਮੈਂ ਨਹੀਂ ਦੇਣੇ ਪੈਸੇ ਕਿਸੇ ਨੂੰ ਤੂੰ ਜਿਹੜਾ ਕੇਸ ਕਰਨਾ ਕਰ ਲਈ. ਵਿਰਦੀ ਸਾਹਿਬ ਬੋਲੇ ਕੇਸ ਤਾਂ ਮੈਂ ਤੇਰੇ ਤੇ ਕੋਈ ਨੀ ਕਰਨਾ ਪਰ ਤੇਰਾ ਕੈਰਿਕੇਚਰ ਮੈਂ ਜਰੂਰਤ ਲਿਖਾਨਾਗਾ ਤੇ ਉਹ ਵੀ ਬਹੁਤ ਜਲਦੀ ਫੇਰ ਕੇਸ ਮੇਰੇ ਤੇ ਤੂੰ  ਕਰੀਂ. ਬਾਸ ਕੁਝ ਇਤਨਾ 'ਚ ਹੀ ਪ੍ਰਕਾਸ਼ਕ ਦਾ ਮੂਡ ਸਹੀ ਹੋ ਗਿਆ. ਅਜਿਹੇ ਕਈ ਮਾਮਲੇ ਹਨ. ਵਿਰਦੀ ਸਾਹਿਬ ਆਪਣੀ ਸਹਿਜ ਅਤੇ ਮਿਠਾਸ ਦੇ ਜਾਦੂ ਨਾਲ ਕਰਿਸ਼੍ਮੇ ਕਰ ਦਿਖਾਉਂਦੇ.  ਉਹਨਾਂ ਨਾਲ ਬਿਤਾਏ ਪਲ ਅੱਜ ਵੀ ਕੱਲ ਦੀ ਗੱਲ ਲੱਗਦੇ ਹਨ ਜਿਵੇਂ ਉਹ ਹੁਣ ਵੀ ਕਿਤੇ ਨੇੜੇ ਨੇੜੇ ਹੀ ਹੋਣ, ਕਿਤੇ ਕੋਲ ਕੋਲ. ਪਰ ਹਕੀਕਤ ਤਾਂ ਇਹੀ ਹੈ ਕੀ ਉਹ ਸਾਥੋਂ ਬਹੁਤ ਦੂਰ ਜਾ ਚੁੱਕੇ ਹਨ.. ਸ਼ਨੀਵਾਰ ਦੋ ਜੁਲਾਈ ਨੂੰ ਉਹਨਾਂ ਦੀ ਅੰਤਿਮ ਯਾਤਰਾ ਹੈ ਅਤੇ ਸਵੇਰੇ ਦਸ ਵਜੇ ਅੰਤਿਮ ਸੰਸਕਾਰ. --ਰੈਕਟਰ ਕਥੂਰੀਆ 

No comments: