Sunday, June 05, 2011

ਅਜਿਹੇ ਜਬਰ ਦੀ ਕੋਈ ਮਿਸਾਲ ਨਹੀਂ ਮਿਲਦੀ --ਬਾਬਾ ਰਾਮਦੇਵ

ਗੁਜ਼ਰਿਆ ਸਮਾਂ ਕਦੇ ਵਾਪਿਸ ਨਹੀਂ ਆਉਂਦਾ ਪਰ ਇਸ ਹਕੀਕਤ ਦੇ ਬਾਵਜੂਦ ਵੋ ਸਮੇਂ ਦਾ ਗੇੜ  ਬੜਾ ਅਜੀਬ ਹੈ. ਜਿਸ ਜਿਸ ਗੱਲ  ਨੂੰ ਭੁਲਣ ਜਾਂ ਭੁਲਾਉਣ ਤੇ ਸਾਰਾ ਜੋਰ ਲੱਗਿਆ ਹੋਵੇ ਇਹ ਮੁੜ ਓਸੇ ਨੂੰ ਦੋਹਰਾ ਦੇਂਦਾ ਹੈ. ਫ਼ਰਕ ਸਿਰਫ ਨਾਵਾਂ ਦਾ ਜਾਂ ਥਾਵਾਂ ਦਾ. ਦਿੱਲੀ ਦੇ ਰਾਮਲੀਲਾ  ਗਰਾਊਂਡ  ਵਿੱਚ ਜਿਹੜਾ ਪੁਲਿਸ ਐਕਸ਼ਨ ਹੋਇਆ ਉਸਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਵੀ ਕੀਤਾ ਹੈ. ਲੋਕ ਸਮਝ ਸਕਣ ਤੋਂ ਅਸਮਰਥ ਹਨ ਕਿ ਏਥੇ  ਕਿਹੜਾ ਭਿੰਡਰਾਂਵਾਲਾ ਬੈਠਾ ਹੋਇਆ ਸੀ? ਇਥੇ ਕਿਹੜੇ ਹਥਿਆਰ ਜਮਾਂ ਕੀਤੇ ਗਏ ਸਨ ? ਇਥੇ ਕਿਸ ਅੱਤਵਾਦ ਜਾਂ ਵੱਖਵਾਦ ਦੀ ਸਾਜ਼ਿਸ਼ ਚੱਲ ਰਹੀ ਸੀ ? ਇਸਨੂੰ ਇਤਿਫ਼ਾਕ਼ ਕਹੋ ਜਾਂ ਕੁਝ ਹੋਰ ਕਿ ਇਹ ਸਭ ਕੁਝ ਅੱਤ ਦੀ ਗਰਮੀ ਵਾਲੇ ਜੂਨ ਦੇ ਮਹੀਨੇ ਵਿੱਚ ਐਨ ਉਸ ਦਿਨ ਵਾਪਰਿਆ ਜਦੋਂ ਤਾਰੀਖ ਬਦਲ ਚੁੱਕੀ ਸੀ ਅਤੇ ਲੋਕ ਸ਼ਹੀਦੀ ਪੁਰਬ ਮਨਾਉਣ ਦੀਆਂ ਤਿਆਰੀਆਂ ਵਿੱਚ ਰੁਝੇ ਹੋਏ ਸਨ ! ਇਸ ਐਕਸ਼ਨ ਨੇ ਇੱਕ ਵਾਰ ਫੇਰ ਇਹ ਸਾਬਿਤ ਕਰ ਦਿੱਤਾ ਹੈ ਕਿ ਸਰਕਾਰਾਂ ਲਈ ਆਪਣੀ ਨੀਤੀ ਲਾਗੂ ਕਰਨ ਵਾਸਤੇ ਹਰ ਦਿਨ ਸਹੀ ਹੁੰਦਾ ਹੈ, ਹਰ ਸਮਾਂ ਸਹੀ ਹੁੰਦਾ ਹੈ ...ਭਾਵੇਂ ਥਾਂ ਕੋਈ ਵੀ ਹੋਵੇ ਅਤੇ ਇਸ ਮਕਸਦ ਲਈ ਨਾਂ ਕੋਈ ਵੀ ਹੋਵੇ. ਬਾਬਾ ਰਾਮਦੇਵ ਨੇ ਪੁਲਸੀਆ  ਜਬਰ ਦੀ ਸਾਰੀ ਕਹਾਣੀ ਮੀਡੀਆ ਸਾਹਮਣੇ ਰੱਖੀ ਹੈ ਅਤੇ ਐਲਾਨ ਕੀਤਾ ਹੈ ਕਿ ਉਹ ਬਹੁਤ ਜਲਦੀ ਵਾਪਿਸ ਦਿੱਲੀ ਜਾ ਰਹੇ ਹਨ ਅਤੇ ਆਪਣੀ ਭੁੱਖ ਹੜਤਾਲ ਫਿਰ ਸ਼ੁਰੂ ਕਰਨਗੇ.ਉਹਨਾਂ ਕਿਹਾ ਕਿ ਥਾਂ ਅਤੇ ਬਾਕੀ ਵੇਰਵੇ ਅੱਜ ਰਾਤ ਤੱਕ ਐਲਾਨ ਦਿੱਤੇ ਜਾਣਗੇ. ਮੀਡੀਆ ਨਾਲ ਆਪਣੀ ਗੱਲਬਾਤ ਦੌਰਾਨ ਉਹਨਾਂ ਸਪਸ਼ਟ ਕੀਤਾ ਸਰਕਾਰ ਦੇ ਇਸ ਜਬਰ ਤੋਂ ਡਰ ਕੇ ਉਹ ਝੁਕਣਗੇ ਨਹੀਂ. ਉਹਨਾਂ ਸਾਫ਼ ਕਿਹਾ ਕੀ ਸਰਕਾਰ ਨੇ ਜੋ ਅਤ੍ਤਿਅਚਾਰ ਨਿਹਾਠੇ ਲੋਕਾਂ ਤੇ ਕੇਤਾ ਹੈ ਉਸਦੀ ਕੋਈ ਮਿਸਾਲ ਨਹੀਂ ਮਿਲਦੀ. ਇਸੇ ਦੌਰਾਨ ਗੋਵਿੰਦਾ ਚਾਰਿਆ ਨੇ ਕਿਹਾ ਹੈ ਇਹ ਪੁਲਿਸ ਐਕਸ਼ਨ ਕਾਂਗਰਸ ਦਾ ਆਤਮਘਾਤੀ ਕਦਮ ਹੈ. ਇਸ ਸਾਰੇ ਘਟਨਾ ਕ੍ਰਮ ਨਾਲ ਉਹਨਾਂ ਲੋਕਾਂ ਦੀਆਂ ਅੱਖਾਂ ਖੁੱਲ ਜਾਣੀਆਂ ਚਾਹੀਦੀਆਂ ਹਨ ਜਿਹੜੇ ਆਖਿਆ ਕਰਦੇ ਸਨ ਕਿ ਇੰਦਰਾ ਗਾਂਧੀ ਨੂੰ ਬਲਿਊ ਸਟਾਰ ਆਪ੍ਰੇਸ਼ਨ ਲਈ ਅਸੀਂ ਮਜਬੂਰ ਕੀਤਾ. ਉਹਨਾਂ ਵੱਲੋਂ ਦਿੱਤੀਆਂ ਹਿੰਮਤਾਂ ਅਤੇ ਸਲਾਹਾਂ ਹੁਣ ਉਹਨਾਂ ਅੱਗੇ ਹੀ ਆ ਰਹੀਆਂ ਹਨ. ਇਸ ਸਾਰੀ ਘਟਨਾ ਨੇ ਕਈਆਂ  ਦੇ ਮਨ ਪ੍ਰਭਾਵਿਤ ਕੀਤੇ ਹਨ. ਇਹਨਾਂ ਵਿੱਚੋਂ ਇੱਕ ਸ਼ਾਇਰ ਮਨ ਸੁਖਰਾਜ ਮਾਨ ਵੀ ਹੈ. ਸੁਖਰਾਜ ਮਾਨ ਨੇ ਇਸ ਨੂੰ ਕਿਵੇਂ ਦੇਖਿਆ ਅਤੇ ਕਿਵੇਂ ਮਹਿਸੂਸ ਕੀਤਾ...ਇਸਦਾ ਸਹੀ ਪਤਾ ਤੁਸੀਂ ਸੁਖਰਾਜ ਦੀ ਕਵਿਤਾ ਪੜ੍ਹ ਕੇ ਹੀ ਲਗਾ ਸਕਦੇ ਹੋ: ਇਸ ਬਾਰੇ ਆਪਣੇ ਵਿਚਾਰ ਵੀ ਜ਼ਰੂਰ ਭੇਜਣਾ.--ਰੈਕਟਰ ਕਥੂਰੀਆ  
.ਬਾਬਾ ਰਾਮਦੇਵ// ਸੁਖਰਾਜ ਮਾਨ 
ਸੁਖਰਾਜ ਮਾਨ 
ਕੁਝ ਵੀ ਅਲੱਗ ਨਹੀਂ ਲੱਗਿਆ ਅੱਜ ਮੈਂਨੂੰ
ਰਾਮਦੇਵ ਤੇ ਉਸ ਦੇ ਚੇਲਿਆਂ ਦਾ
ਟੁੱਟਿਆ ਰਾਮ ਲੀਲਾ ਗਰਾਉਂਡ ਦੇਖ ਕੇ
ਮੇਰੇ ਪਿੰਡਾਂ ਚ ਤਾਂ ਇਹ
ਰੋਜ਼ ਹੀ ਵਾਪਰਦਾ ਏ
ਗਰੀਬ ਕਿਸਾਨਾਂ ਦੇ ਘਰਾਂ ਦਾ ਟੁੱਟਣਾ
ਰੋਜ਼ ਧਰਨਿਆਂ ਤੋਂ ਡਾਂਗਾ ਖਾ ਕੇ ਮੁਡ਼ਨਾ
ਪਰ
ਫਰਕ ਏ ਤਾਂ ਬਸ ਏਹਨਾਂ
ਮੇਰੇ ਕਿਸਾਨਾਂ ਨੂੰ
ਪਾਣੀ ਦਾ ਨੱਕਾ ਮੋਡ਼ਨ ਤੋਂ ਬਿਨਾਂ
ਕੋਈ ਹੋਰ ਯੋਗਾ ਆਸਣ ਨਹੀਂ ਆਉਂਦਾ
ਤੇ ਉਹਨਾਂ ਦੀ ਪਹੁੰਚ ਵੀ ਵੱਧ ਤੋਂ ਵੱਧ
ਨਾਲ ਲੱਗਦੀ ਜੀ ਟੀ ਰੋਡ ਤੱਕ ਏ
ਦਿੱਲੀ ਦੇ ਲਾਲ ਕਿਲਿਆਂ ਤੱਕ ਨਹੀਂ
ਉਹਦਾ ਘਰ ਲੁੱਟੇ ਜਾਣ ਤੇ ਕੋਈ ਨਹੀਂ ਬੋਲਦਾ
ਨਾ ਦਿੱਲੀ ਦਾ ਸਰਵਸ਼ਰੇਸਠ ਚੈਨਲ
ਤੇ ਨਾਂ ਹੀ ਕੋਈ
ਅਖੌਤੀ ਲੋਕਤੰਤਰ ਦਾ ਆਗੂ
ਹਾਂ ਪਰ ਕੇਈ ਕੋਈ ਖੇਤਰੀ ਅਖਬਾਰ
ਹਮਦਰਦੀ ਦੀਆਂ ਚਾਰ ਲਾਇਨਾਂ
ਜਰੂਰ ਲਿਖ ਦਿੰਦੈ
ਦੁਨੀਆਂ ਨੂੰ
ਲੋਕਤੰਤਰ ਦਾ ਬੈਲੈਂਸ ਦਿਖਾਉਣ ਲਈ

No comments: