Sunday, June 26, 2011

ਤੁਮ੍ਹਾਰੀ ਭੀ ਜੈ ਜੈ..ਹਮਾਰੀ ਭੀ ਜੈ ਜੈ...!

ਫੋਟੋ ਰੋਜ਼ਾਨਾ ਜਗਬਾਣੀ ਤੋਂ ਧੰਨਵਾਦ ਸਹਿਤ
ਡੀਜ਼ਲ, ਮਿੱਟੀ ਦੇ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਇੱਕ ਵਾਰ ਫੇਰ ਵਧ ਗਈਆਂ ਹਨ.ਦੇਸ਼ ਭਰ ਵਿੱਚ ਬੇਚੈਨੀ ਦੀ ਲਹਿਰ ਹੈ. ਭਾਰਤੀ ਜਨਤਾ ਪਾਰਟੀ ਨੇ ਤਾਂ ਡੀਜ਼ਲ, ਮਿੱਟੀ ਦਾ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਕੀਤੇ ਗਏ ਵਾਧੇ ਵਿਰੁੱਧ ਸ਼ਨੀਵਾਰ ਨੂੰ ਦੇਸ਼ ਭਰ ਵਿਚ ਰੋਸ ਮੁਜ਼ਾਹਰੇ ਵੀ-ਕੀਤੇ ਅਤੇ ਕੇਂਦਰ ਦੀ ਯੂ. ਪੀ. ਏ. ਸਰਕਾਰ ਕੋਲੋਂ ਵਧਾਈਆਂ ਗਈਆਂ ਕੀਮਤਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਵੀ ਕੀਤੀ. ਮੀਡੀਆ 'ਚ ਆਈਆਂ ਖਬਰਾਂ ਮੁਤਾਬਿਕ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸਈਦ ਸ਼ਾਹ ਨਵਾਜ਼ ਹੁਸੈਨ ਨੇ ਪਾਰਟੀ ਦੀ ਪ੍ਰੈੱਸ ਬ੍ਰੀਫਿੰਗ ਦੌਰਾਨ ਦੱਸਿਆ ਕਿ ਦੇਸ਼ ਭਰ ਵਿਚ ਜ਼ਿਲਾ ਪੱਧਰ ‘ਤੇ ਪਾਰਟੀ ਵਰਕਰਾਂ ਨੇ ਇਸ ਵਾਧੇ ਵਿਰੁੱਧ ਵਿਖਾਵੇ ਕੀਤੇ ਹਨ. ਇਹਨਾਂ ਵਧੀਆਂ ਤੇ ਆਪਣੇ ਤਿੱਖੇ ਰੋਹ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਜੇ ਇਹ ਵਾਧੇ ਤੁਰੰਤ ਵਾਪਸ ਨਾ ਲਏ ਗਏ ਤਾਂ ਭਾਜਪਾ ਸੜਕ ਤੋਂ ਸੰਸਦ ਤਕ ਦਾ ਵਿਸ਼ਾਲ ਅੰਦੋਲਨ ਵੀ ਸ਼ੁਰੂ ਕਰੇਗੀ. ਇਸ ਵਾਧੇ ਕਾਰਨ ਲੋਕਾਂ ‘ਚ ਹਾਹਾਕਾਰ ਮਚ ਗਈ ਹੈ.ਪਹਿਲਾਂ ਤੋਂ ਹੀ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਮਧ ਵਰਗੀ ਪਰਿਵਾਰਾਂ ਲਈ ਹੁਣ ਸਾਹ ਲੈਣਾ ਵੀ ਮੁਹਾਲ ਹੋ ਜਾਣਾ ਹੈ. ਲੋਕ ਸਭਾ ‘ਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਕਤ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਆਮ ਆਦਮੀ ਪ੍ਰਤੀ ਕਾਂਗਰਸ ਸਰਕਾਰ ਦੀ ਪੂਰਨ ਸੰਵੇਦਨਹੀਣਤਾ ਦਰਸਾਉਂਦਾ ਹੈ. ਭਾਵੇਂ ਕਿਹਾ ਇਹੀ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਘਰੇਲੂ ਔਰਤਾਂ, ਕਿਸਾਨ ਤੇ ਗਰੀਬ ਹੀ ਪ੍ਰਭਾਵਿਤ ਹੋਣਗੇ ਪਰ ਹਕੀਕਤ ਵਿੱਚ ਇਸਦਾ ਅਸਰ ਸਾਰੇ ਵਰਗਾਂ ਤੇ ਪੈਣਾ ਹੈ. ਇਹਨਾਂ ਵਧੀਆਂ ਖਿਲਾਫ਼ ਉਥੇ ਲੋਕ ਰੋਹ ਵਿੱਚ ਆਪਣੀ ਆਵਾਜ਼ ਸ਼ਾਮਿਲ ਕਰਦਿਆਂ ਲੋਕ ਜਨ ਸ਼ਕਤੀ ਪਾਰਟੀ ਦੇ ਮੁਖੀ ਰਾਮਵਿਲਾਸ ਪਾਸਵਾਨ ਨੇ ਵੀ ਸਰਕਾਰ ਵਲੋਂ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਵਿਰੁੱਧ ਸ਼ਨੀਵਾਰ ਪਟਨਾ ਵਿਚ ਵਿਰੋਧ ਕੀਤਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕੇਂਦਰ ਦੇ ਇਸ ਫੈਸਲੇ ਦੀ ਡਟ ਕੇ ਵਿਰੋਧਤਾ ਕਰਦੇ ਹਾਂ. ਉਨ੍ਹਾਂ ਕਿਹਾ ਕਿ ਐਤਵਾਰ ਨੂੰ ਇਸ ਸੰਬੰਧੀ ਖੁੱਲ੍ਹ ਕੇ ਵਿਚਾਰ ਪ੍ਰਗਟਾਏ ਜਾਣਗੇ.
 ਰੋਜ਼ਾਨਾ ਜਗਬਾਣੀ ਦੀ ਮੁੱਖ ਖਬਰ 
ਤਾਮਿਲਨਾਡੂ ਦੀ ਮੁੱਖ ਮੰਤਰੀ ਮੈਡਮ ਜੈਲਲਿਤਾ ਨੇ ਡੀਜ਼ਲ, ਮਿੱਟੀ ਦਾ ਤੇਲ ਤੇ ਰਸੋਈ  ਗੈਸ ਦੀ ਕੀਮਤ ‘ਚ ਕੀਤੇ ਵਾਧੇ ਦੀ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਨੂੰ ਤੁਰੰਤ ਇਹ ਵਾਧੇ ਵਾਪਸ ਲੈਣ ਲਈ ਕਿਹਾ. ਉਨ੍ਹਾਂ ਚੇਨਈ ‘ਚ ਜਾਰੀ ਇਕ ਬਿਆਨ ਵਿੱਚ  ਕਿਹਾ ਕਿ ਡੀਜ਼ਲ ਅਤੇ ਕੱਚੇ ਤੇਲ ਤੋਂ ਮਾਮੂਲੀ ਐਕਸਾਈਜ਼ ਡਿਊਟੀ  ਘਟਾਉਣ ਵਾਲੀ ਕੇਂਦਰ ਸਰਕਾਰ ਨੂੰ ਸੂਬਿਆਂ ਦੀ ਵੈਟ ਦੀ ਦਰ ਨੂੰ ਘਟਾਉਣ ਲਈ ਨਿਰਦੇਸ਼ ਦੇਣ ਦਾ ਕੋਈ ਅਧਿਕਾਰ ਨਹੀਂ. ਸੂਬਿਆਂ ਦੀ ਮੁੱਖ ਆਮਦਨ ਵੈਟ ਤੋਂ ਹੀ ਹੁੰਦੀ ਹੈ ਅਤੇ ਉਸ ਨੂੰ ਅਸੀਂ ਕਿਵੇਂ ਘਟਾ ਸਕਦੇ ਹਾਂ? ਇਸੇ ਦੌਰਾਨ ਖੱਬੇਪਖੀ ਪਾਰਟੀਆਂ ਨੇ ਡੀਜ਼ਲ, ਮਿੱਟੀ ਦਾ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧੇ ਨੂੰ ਪਹਿਲਾਂ ਤੋਂ ਹੀ ਮਹਿੰਗਾਈ ਨਾਲ ਪੀਡ਼ਤ ਲੋਕਾਂ ‘ਤੇ ਇਕ ਹੋਰ ਕੋਝਾ ਹਮਲਾ ਕਰਾਰ ਦਿੰਦਿਆਂ ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਤੋਂ  ਇਹ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ. ਮਾਰਕਸਵਾਦੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀਫਾਵਰਡ ਬਲਾਕ ਅਤੇ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਨੇ ਇਥੇ ਇਕ ਸਾਂਝਾ ਬਿਆਨ ਜਾਰੀ ਕਰਕੇ ਡੀਜ਼ਲ ਦੀਆਂ ਦਰਾਂ ਵਿਚ 3 ਰੁਪਏ ਪ੍ਰਤੀ ਲਿਟਰ, ਮਿੱਟੀ ਦਾ ਤੇਲ ਦੀ ਕੀਮਤ ‘ਚ 2 ਰੁਪਏ ਪ੍ਰਤੀ ਲਿਟਰ ਅਤੇ ਰਸੋਈ ਗੈਸ ਦੀ ਕੀਮਤ ਵਿਚ 50 ਰੁਪਏ ਪ੍ਰਤੀ ਸਿਲੰਡਰ ਦੇ ਵਾਧੇ ਵਿਰੁੱਧ ਹਡ਼ਤਾਲਾਂ, ਪ੍ਰਦਰਸ਼ਨਾਂ ਤੇ ਵਿਰੋਧ-ਵਿਖਾਵਿਆਂ ਦਾ ਸੱਦਾ ਦਿੱਤਾ ਹੈ. ਸੀ ਪੀ ਐਮ ਦੇ ਜਨਰਲ ਸਕੱਤਰ ਪ੍ਰਕਾਸ਼ ਕਾਰਤ,ਸੀ ਪੀ ਆਈ ਦੇ ਜਨਰਲ ਸਕੱਤਰ ਏ. ਬੀ. ਬਰਧਨਫਾਰਵਰਡ ਬਲਾਕ ਦੇ ਜਨਰਲ ਸਕੱਤਰ ਦੇਵ੍ਰ੍ਰਤ ਵਿਸ਼ਵਾਸ ਅਤੇ ਆਰ. ਐੱਸ. ਪੀ. ਦੇ ਜਨਰਲ ਸਕੱਤਰ ਚੰਦਰਚੂਡ਼ਨ ਦੇ ਦਸ੍ਖ੍ਤਾਂ ਵਾਲੇ ਇਸ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਅਜਿਹੇ ਸਮੇਂ ਜਦੋਂ ਆਮ ਆਦਮੀ ਸਭ ਲੋਡ਼ੀਂਦੀਆਂ ਵਸਤਾਂ ਦੀਆਂ ਦਰਾਂ ਵਿਚ ਭਾਰੀ ਵਾਧੇ ਕਾਰਨ ਦੁਖੀ ਹੈ ਅਤੇ ਮਹਿੰਗਾਈ ਦੀ ਦਰ 9 ਫੀਸਦੀ ਤੋਂ ਉੱਪਰ ਜਾ ਚੁੱਕੀ ਹੈ, ਨਵੇਂ ਵਾਧੇ ਨਾਲ ਆਵਾਜਾਈ ਦੀ ਲਾਗਤ ਵਧੇਗੀ ਅਤੇ ਆਮ ਆਦਮੀ ਦਾ ਲੱਕ ਟੁੱਟ ਜਾਏਗਾ. ਦੇਸ਼ ਭਰ ਦੀਆਂ ਵੱਖ-ਵੱਖ ਥਾਵਾਂ ਤੋਂ ਮਿਲੀਆਂ ਖਬਰਾਂ ਮੁਤਾਬਕ ਸੋਨੀਆ ਅਤੇ ਮਨਮੋਹਨ ਸਿੰਘ ਦੇ ਪੁਤਲੇ ਸਾਡ਼ੇ ਗਏ ਹਨ. ਦਿੱਲੀ ‘ਚ 500 ਤੋਂ ਵੱਧ ਵਰਕਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਵੀ ਆਈ ਹੈ. ਇਸੇ ਤਰਾਂ ਪੰਜਾਬ ਅਤੇ ਹੋਰ ਸੂਬਿਆਂ ਦੇ ਵੱਖੋ ਵੱਖ ਇਲਾਕਿਆਂ ਵਿੱਚ ਵੀ ਇਸੇ ਤਰਾਂ ਦੇ ਰੋਸ ਵਖਾਵੇ ਹੋਏ ਹਨ. ਜਦ ਵੀ ਕਦੇ ਕੀਮਤਾਂ 'ਚ ਵਾਧੇ ਦਾ ਐਲਾਨ ਹੁੰਦਾ ਹੈ ਤਾਂ ਤਕਰੀਬਨ ਇਹੀ ਕੁਝ ਹੁੰਦਾ ਹੈ.  ਜੇ ਕੈਫ਼ੇ ਮਾਮੂਲੀ ਜਿਹਾ ਵਾਧਾ ਵਾਪਿਸ ਹੋ ਵੀ ਜਾਂਦਾ ਹੈ ਤਾਂ ਉਸ ਨਾਲ ਆਮ ਬੰਦੇ ਨੂੰ ਕਦੇ ਕੋਈ ਫ਼ਰਕ ਹੀ ਨਹੀਂ ਪਿਆ ਕਿਓਂਕਿ ਬਾਜ਼ਾਰਾਂ ਵਿੱਚ ਹਮੇਸ਼ਾਂ ਵਧੀ ਹੋਈ ਕੀਮਤ ਹੀ ਵਸੂਲੀ ਜਾਂਦੀ ਹੈ. ਨਾਂ ਕਦੇ ਕੀਮਤਾਂ ਵਧਾਉਣ ਵਾਲੀਆਂ ਹੁਕਮਰਾਨ ਪਾਰਟੀਆਂ ਨੂੰ ਕਦੇ ਆਮ ਇਨਸਾਨ ਦੀ ਮੁਸ਼ਕਿਲ ਦਾ ਅਹਿਸਾਸ ਹੋਇਆ ਹੈ ਅਤੇ ਨਾਂ ਹੀ ਏਅਰ ਕੰਡੀਸ਼ੰਡ ਕਾਰਾਂ ਕੋਠੀਆਂ ਵਿੱਚ ਰਹਿਣ  ਵਾਲੇ ਵਿਰੋਧੀ ਧਿਰ ਦੇ ਲੀਡਰਾਂ ਨੂੰ. ਆਮ ਇਨਸਾਨ ਨੂੰ ਤਾਂ ਫ਼ਰਕ ਉਸ ਦਿਨ ਹੀ ਪੈਣਾ ਹੈ ਜਦੋਂ ਲੋਕ ਖੁਦ ਉਠ ਕੇ ਆਪਣੀ ਅਗਵਾਈ ਕਰਨਗੇ. ਜਿਸ ਦਿਨ ਅਜਿਹਾ ਹੋਵੇਗਾ ਉਸ ਦਿਨ ਸਰਕਾਰਾਂ ਕੀਮਤਾਂ ਵਧਾਉਣ ਤੋਂ ਪਹਿਲਾਂ ਸੌ ਵਾਰੀ ਸੋਚਿਆ ਕਰਨਗੀਆਂ. ਫਿਲਹਾਲ ਸਰਕਾਰਾਂ ਜਾਂਦੀਆਂ ਹਨ ਕਿ ਬਸ ਚਾਰ ਕੁ ਦਿਨਾਂ ਤੱਕ ਚੱਲੇਗੀ ਇਹਨਾਂ ਵਖਾਵਿਆਂ ਦੀ ਨੌਟੰਕੀ ਤੇ ਉਦੋਂ ਬਾਅਦ ਤੇੰ ਤੇੰ ਫਿਸ. ਇਸ ਲਈ ਦੋਵੇਂ ਧਿਰਾਂ ਮਨ ਹੀ ਮਨ ਇਹੀ ਆਖਦੀਆਂ ਹਨ..ਤੁਮ੍ਹਾਰੀ ਭੀ ਜੈ ਜੈ..ਹਮਾਰੀ ਭੀ ਜੈ ਜੈ...ਅਖੀਰ ਵੋਟ ਬੈੰਕ ਦੀ ਲੋੜ ਤਾਂ ਦੋਹਾਂ ਧਿਰਾਂ ਨੂੰ ਹੈ ਨਾ...!   .....--ਬਿਊਰੋ ਰਿਪੋਰਟ    

No comments: