Thursday, June 30, 2011

ਪੰਜਾਬ ਦਾ ਸਾਰਤਰ......!!

ਵਿਅੰਗ ਰਚਨਾ  ਤੁਸੀਂ ਅਖਬਾਰਾਂ ਵਿਚ ਅਕਸਰ ਨਾਂ ਦੀ ਤਬਦੀਲੀ ਸੰਬੰਧੀ ਪੜਦੇ ਹੀ ਹੋਵੋਗੇ. ਜੋ ਕਈ ਵਾਰ ਇਨਸਾਨ ਨੂੰ ਪਾਸਪੋਰਟ ਜਾਂ ਕਈ ਵਾਰ ਕਿਸੇ ਸਰਟੀਫਿਕੇਟ ਵਿਚ ਹੋਈ ਨਾਂ ਸੰਬੰਧੀ ਗਲਤੀ ਕਾਰਨ ਛਪਵਾਉਣਾ ਪੈ ਜਾਂਦਾ ਹੈ. ਕਿਉਕਿ ਸਾਰੇ ਸਰਕਾਰੀ ਦਫਤਰ ਹਮੇਸ਼ਾ ਹੀ "ਦਰੁਸਤ" ਕੰਮ ਹੀ ਕਰਦੇ ਹਨ. ਕਈ ਵਾਰੀ ਇੰਝ ਵੀ ਹੁੰਦਾ ਹੈ ਕਿ ਆਪਣਾ ਸਰਨੇਮ ਲਿਖਣ ਲਈ ਨਾਂ ਦੀ ਬਦਲੀ ਦਰਜ ਕਰਵਾਈ ਜਾਂਦੀ ਹੈ ਅਤੇ ਕਈ ਵਾਰ ਕਿਸੇ "ਮਾਡਰਨ" ਪੁੱਤ ਵੱਲੋ ਆਪਣੇ ਮਾਂ ਪਿਓ ਦਾ ਰੱਖਿਆ ਨਾਮ ਪਸੰਦ ਨਾ ਆਉਣ ਕਰਨ ਨਾਮ ਬਦਲ ਲਿਆ ਜਾਂਦਾ ਹੈ. ਪਰ ਅੱਜ ਜਿਸ "ਮਹਾਨ ਧਰਤੀਧੱਕ ਫਿਲੋਸਫ਼ਰ" ਦਰਸ਼ਨ ਦੇ ਖੇਤਰ ਵਿਚ "ਪੁੰਨਿਆ ਦੇ ਚੰਨ" ਅਤੇ ਚਿੰਤਨ ਦੇ ਖੇਤਰ ਦੀ "ਮਹਾਮਾਨਵੀ" ਸ਼ਖਸ਼ੀਅਤ ਦੀ ਗੱਲ ਕਰਨ ਜਾ ਰਿਹੇ ਹਾਂ, ਇਸ ਦਰਵੇਸ਼ ਨੇ ਆਪਣੇ ਨਾਮ ਵਿਚ ਬਦਲੀ ਕਰਦੇ ਹੋਏ,ਇੱਕ ਮਸ਼ਹੂਰ ਫਿਲੋਸਫ਼ਰ ਦਾ ਨਾਂ ਆਪਣੇ ਨਾਮ ਵਿਚ ਜਬਰਦਸਤੀ ਮੰਜੀ ਵਿਚ ਠੋਕੀ ਫਾਲ ਵਾਂਗੂ ਫਿੱਟ ਕਰ ਲਿਆ ਹੈ. ਮੈਨੂੰ ਪਤਾ ਤਹਾਨੂੰ ਯਕੀਨ ਨਹੀ ਆ ਰਿਹਾ ! ਪਰ ਜੀ ਹਾਂ ਇਹ ਸੱਜਣ ਦਰਵੇਸ਼ ਪੰਜਾਬ ਦੀ ਹੀ ਧਰਤੀ 'ਤੇ ਵੱਸਦੇ ਹਨ ਅਤੇ ਮੇਰੇ ਨਾਲ ਕਾਲਜ਼ ਵਿਚ ਪੜਦੇ ਰਿਹੇ ਹਨ,ਇਸ ਦਰਵੇਸ਼ ਨੇ ਮਸ਼ਹੂਰ ਫਿਲੋਸਫ਼ਰ ਦਾ ਨਾਂ ਆਪਣੇ ਨਾਂ ਵਿਚ ਛਿੱਲ ਤਰਾਸ਼ ਕੇ ਫਿੱਟ ਤਾਂ ਕਰ ਲਿਆ ਪਰ ਹੁਣ ਉਸ ਫਿਲੋਸਫ਼ਰ ਦੀਆਂ ਗੱਲਾਂ ਅਤੇ ਫਲਸਫੇ ਤੇ ਉਨ੍ਹੀ ਹੀ "ਚੰਗੀ" ਤਰ੍ਹਾ ਅਮਲ ਕਰਦੇ ਹਨ,ਜਿਨ੍ਹਾਂ ਕਿ ਸਾਡੇ ਰਾਜਨੀਤਿਕ ਲੀਡਰ ਆਪਣੇ ਮੈਨੀਫੈਸਟੋ ਵਿਚ ਲਿਖੀਆਂ ਗੱਲਾਂ ਉਪਰ ਕਰਦੇ ਹਨ {ਹੱਸਣ ਨਹੀ}.
ਇਸ ਦਰਵੇਸ਼ ਜੀ ਦੇ ਮਨ ਵਿਚ ਇੱਕ ਦਿਨ ਬਹੁਤ ਹੀ "ਨੇਕ ਖਿਆਲ" ਆਇਆ ਕਿ ਪਦਾਰਥਵਾਦ ਦੇ ਕਿਸੇ ਮੁੱਢਲੇ ਸਿਧਾਂਤਕਾਰ ਜਾਂ ਇਸ ਨਾਲ ਰਲਦੇ ਮਿਲਦੇ ਫਲਸਫਿਆਂ ਦੀਆਂ ਕੁਝ ਕਿਤਾਬਾਂ ਲਿਆ ਕੇ ਕਿਤਾਬਾਂ ਵਾਲੀ ਸੈਲਫ ਦੀ ਸ਼ਾਨ ਵਧਾਈ ਜਾਵੇ. ਕਿਸੇ ਵਾਦ ਦੇ ਚਿੰਤਕ ਦਾ ਨਾਮ ਆਪਣੇ ਨਾਮ ਦੇ ਬਾਅਦ ਵਿਚ ਲਾ ਲਾਇਆ ਜਾਵੇ. ਇਸ "ਸੱਚੀ ਸੁੱਚੀ" ਸੋਚ ਨੂੰ ਲੈ ਕੇ ਪੰਜਾਬ ਦਾ ਇਹ ਹੋਣਹਾਰ ਪੁੱਤ ਇੱਕ ਕਿਤਾਬਾਂ ਦੇ ਦੁਕਾਨ ਵਿਚ ਗਿਆ. ਇਸ ਦਰਵੇਸ਼ ਨੇ ਚਾਰਵਕ ਜਾਂ ਬੁੱਧ ਥਾਂ ਕਿਸੇ ਵਿਦੇਸ਼ੀ ਫਿਲੋਸਫ਼ਰ ਦੇ ਕਾਲਰ ਨੂੰ ਹੱਥ ਪਾਉਣ ਨੂੰ ਹੀ ਤਰਜੀਹ ਦਿੱਤੀ. ਆਖਿਰ ਪੁਲਸੀਆਂ ਪੜਤਾਲ ਤੋ ਬਾਅਦ ਇਸ "ਕੋਮਲ ਦਿਲ" ਦਰਵੇਸ਼ ਨੇ ਜਿਸ ਮਸ਼ਹੂਰ ਫਿਲੋਸਫ਼ਰ ਦੇ ਉਪਰ ਆਪਣਾ ਜਾਲਮਾਨਾਂ ਫਿਲੋਸਫੀਕਲ ਕਹਿਰ ਗੁਜ਼ਾਰਨ ਦਾ ਫੈਸਲਾ ਕੀਤਾ ਉਹ ਸਨ ਪਾਲ ਸਾਰਤਰ, ਜੋ ਫਰਾਂਸੀਸੀ ਫਿਲੋਸਫ਼ਰ ਸਨ ਜਿਹਨਾ ਨੇ ਅਸਿਸਤਵਾਦ ਤੇ ਕਾਫੀ ਕੁਝ ਲਿਖਿਆ. ਕਿਤਾਬਾਂ ਸੈਲਫ ਤੇ ਟਿਕਾਉਂਦੇ ਹੀ ਇਸ ਦਰਵੇਸ਼ ਨੇ ਇੱਕ ਐਲਾਨ ਕਰਦੇ ਹੋਏ ਆਪਣੇ ਨਾਮ ਵਿਚ ਇੱਕ ਤਬਦੀਲੀ ਕਰ ਦਿੱਤੀ. ਉਨ੍ਹਾਂ ਨੇ ਆਪਣੇ ਨਾਮ ਵਿਚ "ਪਾਲ" ਸ਼ਬਦ ਜੋੜ ਲਿਆ.ਬਿਲਕੁਲ ਉਂਝ ਹੀ ਜਿਵੇ ਮਾਰਕਸ ਦਾ ਨਾਮ ਵੀ ਨਾ ਜਾਣਦੇ ਲੋਕ ਆਪਣੇ ਨਾਮ ਦੇ ਨਾਲ

ਵਿਅੰਗ ਰਚਨਾ  "ਕਾਮਰੇਡ" ਹੋਣ ਦੀ ਡਿਗਰੀ ਲਾ ਲੈਂਦੇ ਹਨ. ਹੁਣ ਤੁਸੀਂ ਸੋਚੋਗੇ ਦਰਵੇਸ਼ ਜੀ ਨੇ ਸਾਰਤਰ ਕਿਉ ਨਹੀ ਜੋੜਿਆ,ਬਿਲਕੁਲ ਤੁਸੀਂ ਠੀਕ ਹੋ ਪਹਿਲਾ ਉਨ੍ਹਾਂ ਨੇ ਸਾਰਤਰ ਸ਼ਬਦ ਜੋੜਨ ਦੀ ਹੀ ਸੋਚ ਸੀ,ਪਰ ਇਹ ਕਾਫੀ ਛਿੱਲ ਤਰਾਸ਼ ਕੇ ਵੀ ਨਾਮ ਵਿਚ ਫਿੱਟ ਨਹੀ ਸੀ ਆਉਂਦਾ,ਨਾਲੇ ਉਨ੍ਹਾਂ ਨੇ ਇਹ ਵੀ ਸੋਚਿਆ ਕਿ ਫਿਰ ਕਿਤੇ ਲੋਕੀ ਇਹ ਨਾ ਕਹਿਣ ਕਿ ਇਹ ਕੰਮ ਸਰਤਾਜ ਤੋ ਪ੍ਰਭਾਵਿਤ ਹੋ ਕੇ ਕੀਤਾ ਹੈ ਇਹ ਆਈਡੀਆਂ ਉਸ ਕੋਲੋ ਚੋਰੀ ਕੀਤਾ ਹੈ,ਸਰਤਾਜ ਨਾਲ ਤਾਂ ਵੈਸੇ ਵੀ ਚੋਰੀ ਨੂੰ ਲੈ ਕੇ ਪਹਿਲਾ ਹੀ ਇੱਕ ਗ਼ਜ਼ਲਕਾਰ ਦਾ ਕਾਫੀ ਰਫੜ ਪਿਆ ਹੋਇਆ ਹੈ. ਇਸ ਦੇ ਨਾਲ ਹੀ ਇੱਕ ਕੰਮ ਹੋਰ ਇਸ ਦਰਵੇਸ਼ ਜੀ ਨੇ ਕੀਤਾ,ਆਪਣੀ ਇੱਕ ਖਾਸ "ਦੋਸਤ" ਸਤਿੰਦਰ ਕੌਰ ਦਾ ਨਾਮ ਵੀ ਬਦਲ ਕੇ ਸੀਮੋਨ ਰੱਖ ਦਿੱਤਾ.ਕਿਉਕਿ ਹੁਣ "ਪਾਲ ਸਾਰਤਰ" 'ਤੇ ਉਹ ਆਪਣਾ ਜਿੱਦੀ ਹੱਕ ਸਮਝਦੇ ਹਨ,ਜਿਵੇ ਕੋਈ ਜ਼ਮੀਦਾਰ ਪਿੰਡ ਦੀ ਆਪਣੇ ਕਬਜ਼ੇ ਥੱਲੇ ਸ਼ਾਮਲਾਟ 'ਤੇ ਆਪਣਾ ਹੱਕ ਸਮਝਦਾ ਹੈ.ਇਸ ਲਈ ਉਨ੍ਹਾਂ ਦਾ ਇਹ ਬਦਲਾਵ ਕਰਨਾ ਬਿਲਕੁਲ "ਜਾਇਜ" ਸੀ. 
ਪਰ ਦੂਜੇ ਪਾਸੇ ਫਰਾਂਸੀਸੀ ਦਾਰਸ਼ਨਿਕ ਪਾਲ ਸਾਰਤਰ ਦੀ ਗੱਲ ਕਰੀਏ. ਉਨ੍ਹਾਂ ਨੂੰ ਜਦ ਨੋਬਲ ਪੁਰਸਕਾਰ ਲਈ ਚੁਣਿਆ ਗਿਆ ਸੀ ਤਾਂ ਸਾਰਤਰ ਨੇ ਇਹ ਆਖ ਕੇ ਇਨਾਮ ਲੈਣ ਤੋਂ ਨਾਂਹ ਕਰ ਦਿੱਤੀ ਸੀ ਕਿ ਉਸ ਵਾਸਤੇ ਨੋਬਲ ਇਨਾਮ ਦੀ ਕੀਮਤ ਆਲੂਆਂ ਦੀ ਬੋਰੀ ਤੋਂ ਵੱਧ ਨਹੀਂ ਸੀ। ਸਾਰਤਰ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਕਿਸੇ ਵੀ ਲੇਖਕ ਦੀ ਪਹਿਚਾਣ ਇਨਾਮ ਸਨਮਾਨ ਦੇ ਬਲ ’ਤੇ ਨਹੀਂ ਬਲਕਿ ਉਸ ਦੀ ਸਿਰਜਣਾਤਮਿਕ ਸਮਰੱਥਾ ਦੇ ਸਿਰ ’ਤੇ ਹੋਣੀ ਚਾਹੀਦੀ ਹੈ।ਪਰ ਸਾਡੇ ਦਰਵੇਸ਼ ਜੀ ਨੇ ਸ਼ਾਇਦ ਸਾਰਤਰ ਦੀ ਇਹ ਗੱਲ ਪੜੀ ਨਹੀ ਜਾਂ ਇਹ ਵਰਕੇ ਉਹ "ਨੀਦ" ਵਿਚ ਹੀ ਪਲਟ ਗਏ. ਜੇ ਸ਼ਾਇਦ ਉਨ੍ਹਾਂ ਨੇ ਇਸ ਬਾਰੇ ਪੜਿਆ ਹੁੰਦਾ ਤਾਂ ਉਹ ਆਪਣੇ ਨਾਮ ਦੇ ਵਿਚ ਉਨ੍ਹਾਂ ਦਾ ਨਾਮ ਫਿੱਟ ਕਰਨ ਦੀ ਥਾਂ, ਕਬੂਤਰਾਂ ਦੇ ਖੁੱਡੇ ਵਰਗੇ ਦਿਮਾਗ ਵਿਚ ਸਿਰਜਣਾਤਮਿਕ ਸਮਰੱਥਾ ਦੇ ਵਿਕਾਸ ਬਾਰੇ ਕੋਈ ਨਾ ਕੋਈ ਵਿਚਾਰ ਜ਼ਰੂਰ ਪੈਦਾ ਕਰਦੇ.
ਪਾਲ ਸਾਰਤਰ ਨੇ ਹਮੇਸ਼ਾ ਹੀ ਹਰ ਪੁਰਾਤਨ ਪ੍ਰਚਲਿਤ ਵਿਸ਼ਵਾਸ ਨੂੰ ਰੱਦ ਕਰਨ ਜਾਂ ਬਾਦਲੀਲ ਪੁਣਛਾਣ ਕਰ ਇਨ੍ਹਾਂ ਨੂੰ ਕੂੜੇ ਵਾਲੇ ਡੱਬੇ ਵਿਚ ਸੁੱਟਣ ਦੀ ਹੀ ਗੱਲ ਕੀਤੀ. ਪਰ ਸਾਡੇ ਇਸ ਦਰਵੇਸ਼ ਜੀ ਨੂੰ ਜਦੋ ਇੱਕ ਥਾਂ ਤੋ ਰਿਸ਼ਤਾ ਆਇਆ ਤਾਂ ਇਹਨਾਂ ਦੇ ਘਰਵਾਲਿਆ ਨੇ ਕੁੜੀ ਦੇ ਘਰਵਾਲਿਆ ਸਾਹਮਣੇ ਕੁਝ "ਛੋਟੀਆਂ ਛੋਟੀਆਂ" ਮੰਗਾਂ ਰੱਖ ਦਿੱਤੀਆਂ,ਸਾਡੇ ਦਰਵੇਸ਼ ਜੀ ਨੇ ਇਸ ਦਾ ਵਿਰੋਧ ਕਰਨ ਦੀ ਥਾਂ ਇੱਕ ਦਾਰਸ਼ਨਿਕ ਦਲੀਲ ਪੇਸ਼ ਕਰ ਦਿੱਤੀ ਕਿ ਇਹ ਤਾਂ ਸਾਮਜਿਕ ਵਰਤਾਰਾ ਹੈ ਐਵੇ ਛੋਟੀ ਜਿਹੀ ਗੱਲ ਹੈ.ਹੁਣ ਪਾਲ ਸਾਰਤਰ ਨੇ ਤਾਂ ਚਾਹੇ ਕਦੇ ਕੋਈ ਗੀਤ ਨਾ ਲਿਖਿਆ ਹੋਵੇ ਪਰ ਇਹ ਦਰਵੇਸ਼ ਜੀ "ਸਾਰਤਰ ਦੇ ਸੰਪੂਰਨ ਫਲਸਫੇ" ਦੀਆਂ ਪੈੜਾਂ ਤੇ ਚਲਦੇ ਹੋਏ "ਬੀਤੇ ਦੇ ਹੇਰਵੇ" ਤੇ ਪਤਾ ਨਹੀ ਕਿਨ੍ਹੇ ਵਰਕੇ ਕਾਲੇ ਕਰ ਚੁੱਕੇ ਹਨ ਅਤੇ ਹੁਣ ਤੱਕ ਕਰ ਰਿਹੇ ਹਨ. ਜੋ ਕਦੇ ਕਦੇ ਮੈਨੂੰ ਵੀ ਆਪਣੀ ਸੁਰੀਲੀ ਅਵਾਜ਼ ਵਿਚ ਗਾ ਕੇ ਸਣਾਉਂਦੇ ਰਿਹੇ ਹਨ.          
ਇੱਕ ਗੱਲ ਯਾਦ ਆ ਗਈ ਇੱਕ ਵਾਰ ਮੇਰੇ ਨਾਲ ਇਹ ਦਰਵੇਸ਼ ਜੀ ਤੁਰੇ ਜਾ ਰਿਹੇ ਸਨ ਕੁਝ ਗੁਣ ਗੁਨਾ ਰਿਹੇ ਸਨ,ਪਰ ਜਦ ਅਸੀਂ ਮੰਦਿਰ ਕੋਲੋ ਆਏ ਤਾਂ ਉਹ ਇੱਕ ਦਮ ਚੁੱਪ ਹੋ ਗਏ.ਮੈਂ ਪੁਛਿਆ ਕੀ ਗੱਲ ਹੋ ਗਈ? ਕਹਿੰਦੇ "ਕੁਝ ਨਹੀ ਯਾਰ ਮੰਦਿਰ ਹੈ ਚੰਗਾ ਨਹੀ ਲੱਗਦਾ". ਸ਼ਾਇਦ ਉਹ ਸਾਰਤਰ ਦੇ ਪੁਰਤਾਨ ਵਿਸ਼ਵਾਸਾਂ ਬਾਰੇ ਲਿਖੀ ਗੱਲ ਦਾ "ਸਤਿਕਾਰ" ਕਰ ਰਿਹੇ ਸਨ.ਮੈਨੂੰ ਮਨ ਹੀ ਮਨ ਉਸ ਦੀ ਇਸ ਗੱਲ 'ਤੇ ਦਾਸਤੋਵਸਕੀ  ਦੇ ਨਾਵਲ “The Possessed” ਦੇ  ਕਿਰਦਾਰ ਕੀਰੀਲੋਫ਼ ਦਾ ਫ਼ਿਕਰਾ ਯਾਦ ਆ ਗਿਆ ਅਗਰ ਖ਼ੁਦਾ ਕਾ ਵਜੂਦ ਨਾ ਹੋਤਾ, ਤੋ ਹਰ ਚੀਜ਼ ਕੀ ਇਜਾਜ਼ਤ ਹੋਤੀ"
ਹੁਣ ਮੈਨੂੰ ਕਿਸੇ ਤੋ ਪਤਾ ਲੱਗਾ ਸੀ ਕਿ ਇਸ ਦਰਵੇਸ਼ ਦੀ ਤਿਆਰੀ ਅਲਬੇਅਰ ਕਾਮੂ ਦੇ ਨਾਮ ਦੇ ਕੁਝ ਸ਼ਬਦਾਂ ਨੂੰ ਆਪਣੇ ਨਾਮ ਵਿਚ ਜੋੜਨ ਦੀ ਹੈ.ਇਹ ਕਦੋ ਤੱਕ ਜੋੜਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ,ਪਰ ਮੁੱਕਦੀ ਗੱਲ ਸਿਰਫ ਇਨ੍ਹੀ ਹੀ ਹੈ ਕਿ ਸਿਰਫ ਕਿਸੇ ਦਾਰਸ਼ਨਿਕ ਵਿਦਵਾਨ ਦਾ ਨਾਮ ਆਪਣੇ ਨਾਮ ਨਾਲ ਜੋੜ ਕੇ ਖੁਦ ਨੂੰ ਉਸ ਦੇ ਫਲਸਫੇ ਦੇ ਚਿੰਤਕ ਕਹਿਣ ਵਾਲੇ ਇਹੋ ਜਿਹੇ ਇਨਸਾਨਾਂ ਦੀ ਹਾਲਤ ਇੱਕ ਨਾ ਇੱਕ ਦਿਨ ਯੂਰੀ ਕਜ਼ਾਰੋਵ ਦੀ ਕਹਾਣੀ ਦੇ ਅੰਨੇ ਸ਼ਿਕਾਰੀ ਕੁੱਤੇ ਵਰਗੀ ਹੋ ਕੇ ਰਹਿ ਜਾਂਦੀ ਹੈ.--ਇੰਦਰਜੀਤ ਕਾਲਾਸੰਘਿਆਂ (98156-39091)


    • Emmpee Singh sohna likhiya Inderjit ji
     Yesterday at 9:09am · 
    • Harry Saroa hahaha kmal aa veer...shukar aa mai naam ni chang kita...
     19 hours ago · 
    • Dilbag Singh wadia,keep it up.
     18 hours ago · 

3 comments:

lok raj said...

Lok Raj ਹੈ ਕੌਣ ਇਹ ਮਹਾਂਰਥੀ ?

Paramjeet Kattu said...

ਬਾਈ ਜੀ,
ਮੈਂ ਤੁਹਾਡੀ ਸ਼ੈਲੀ ਦਾ ਆਸ਼ਕ ਹਾਂ...
ਕਮਾਲ ਕਰ ਦਿੰਦੇ ਹੋ ਲਿਖਣ ਲੱਗਿਆਂ...

Prabhjot Kaur Bhullar said...

true ,,,,,,,,kisi da naam likhan koi mahan nahi ban janda ,,,,,,,,naam to jarori hai ..mahan ensaan di soch nu apnuna ,,,,,,,:))))))