Sunday, June 26, 2011

ਗੁਰਮੀਤ ਸੈਣੀ ਦੇ ਕਾਵਿ ਸੰਸਾਰ ਦੀ ਇੱਕ ਝਲਕ

ਗੁਰਮੀਤ ਸਿੰਘ ਸੈਣੀ
ਗੁਰਮੀਤ ਸਿੰਘ ਸੈਣੀ ਨਾਲ ਮੇਰੀ ਪਹਿਲੀ ਮੁਲਾਕਾਤ ਕਿਸੇ ਅਚਾਨਕ ਮਿਲੇ ਵਰਦਾਨ ਵਾਂਗ ਸੀ. ਕਈ ਵਾਰ ਬਿਨਾ ਤੱਪਸਿਆ ਦੇ ਵੀ ਤਾਂ ਵਰਦਾਨ ਮਿਲ ਜਾਂਦੇ ਨੇ. ਇਹ ਦੋਸਤੀ ਦਾ ਵਰਦਾਨ ਸੀ, ਬਿਲਕੁਲ ਨਵੀਂ ਦੋਸਤੀ ਦਾ. ਅਸੀਂ ਨਾਂ ਪਹਿਲਾਂ ਕਦੇ ਮਿਲੇ ਸਾਂ ਤੇ ਨਾਂ ਹੀ ਉਸ ਦਿਨ ਮਿਲਣ ਦਾ ਕੋਈ ਪ੍ਰੋਗਰਾਮ ਸੀ ਪਰ ਜਿਸ ਤਰਾਂ ਇਹ ਸਭ ਕੁਝ ਹੋਇਆ ਉਸਨੇ ਇੱਕ ਵਾਰ ਫੇਰ ਮੈਨੂੰ ਇਹ ਯਕੀਨ ਦੁਆ ਦਿੱਤਾ ਕਿ ਮਿਲਣਾ ਵਿਛੜਨਾ ਇਹ ਸਭ ਕੁਝ ਕਿਤੇ ਹੋਰ ਹੀ ਤੈਅ ਹੁੰਦਾ ਹੈ ਅਤੇ ਸਾਡੀ ਆਸ ਅਤੇ ਅਕਲ ਨਾਲੋਂ ਕਿਤੇ ਵਧੇਰੇ ਚੰਗੀ ਤਰਾਂ. ਇਸ਼ਕ਼ ਭਾਵੇਂ ਪਹਿਲੀ ਨਜ਼ਰੇ ਹੋ ਜਾਂਦਾ ਹੋਵੇ ਪਰ ਦੋਸਤੀ ਤਾਂ ਬੜੇ ਇਮਤਿਹਾਨ ਲੈਂਦੀ ਹੈ. ਜਦੋਂ ਇਹ ਬਿਨਾ ਕਿਸੇ ਇਮਤਿਹਾਨ ਦੇ ਮਿਲ ਜਾਂਦੀ ਹੈ ਤਾਂ ਸਮਝੋ ਕਿ ਉਸ ਉੱਪਰ ਵਾਲੇ ਦੀ ਬਰਕਤ ਹੈ ਜਿਸ ਨੇ ਕੁਝ ਨਾ ਕੁਝ ਅਜਿਹਾ ਕਰਾਉਣਾ ਹੁੰਦਾ ਹੈ ਜਿਹੜਾ ਇੱਕਲਿਆਂ ਅਕਸਰ ਵੱਸ ਦਾ ਰੋਗ ਨਹੀਂ ਹੁੰਦਾ. ਇਸ ਮੁਲਾਕਾਤ ਦਾ ਵੇਰਵਾ ਤਾਂ ਫੇਰ ਕਿਸੇ ਵੇਲੇ ਸਾਂਝਾ ਕੀਤਾ ਜਾਵੇਗਾ ਪਰ ਫਿਲਹਾਲ ਕਰਦੇ ਹਾਂ ਗੁਰਮੀਤ ਸਿੰਘ ਸੈਣੀ ਦੇ ਕਵੀ ਜਗਤ ਦੀ ਗੱਲ. ਇਹਨਾਂ ਕਵਿਤਾਵਾਂ ਵਿੱਚ  ਮੋਹੱਬਤ  ਦਾ ਰੰਗ ਵੀ ਹੈ ਅਤੇ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋਏ ਆਮ ਗਰੀਬ ਆਦਮੀ ਦੀ ਜਿੰਦਗੀ ਦਾ ਦਰਦ ਵੀ. ਬਿਰਹਾ ਦੇ ਤਪਦੇ ਮਾਰੋਥਲ ਦਾ ਸੇਕ ਵੀ ਹੈ ਅਤੇ ਮਿਲਣ ਦੀਆਂ ਠੰਡੀਆਂ ਫੁਹਾਰਾਂ ਦੇ ਛਿੱਟੇ ਵੀ. ਅਸਮਾਨ ਛੂਹੰਦੀ ਉਚਾਈ ਵੀ ਹੈ ਅਤੇ ਸਮੁੰਦਰਾਂ ਦੀ ਡੂੰਘਾਈ ਵੀ. ਇਹਨਾਂ ਸਾਰਿਆਂ ਰੰਗਾਂ ਦੀ ਚਰਚਾ ਕਰਨ ਲਈ ਵੀ ਕਾਫੀ ਵਿਸਥਾਰ ਦੀ ਲੋੜ ਹੈ ਪਰ ਸੰਖੇਪ ਵਿੱਚ ਇੱਕ ਝਲਕ ਤੁਸੀਂ ਜਰੂਰ ਦੇਖ ਸਕਦੇ ਹੋ. ਇਸ ਝਲਕ ਵਿੱਚ ਹੀ ਨਜਰ ਆਏਗੀ ਗੁਰਮੀਤ ਸੈਣੀ ਦੀ ਅਸਲੀ ਤਸਵੀਰ ਜਿਸ ਨੂੰ ਦੇਖ ਕੇ ਤੁਸੀਂ ਕੈਮਰੇ ਦੀ ਇਸ ਤਸਵੀਰ ਨੂੰ ਭੁੱਲ ਜਾਓਗੇ.ਸਭ ਤੋਂ ਪਹਿਲਾਂ ਕਰੋ ਮਨ ਨੂੰ ਪ੍ਰਨਾਮ ਅਤੇ ਫਿਰ ਸ਼ੁਰੂ ਕਰੋ ਕਵਿਤਾ ਪਾਠ....ਰੈਕਟਰ ਕਥੂਰੀਆ 

ਹੁਣ ਵੇਖ ਲੈ......... 
ਇਸ਼ਕ ਦਾ ਏਹ ਕੀ ਅਸਰ ਹੁਣ ਵੇਖ ਲੈ ॥
ਖੁਦ ਤੋਂ ਵੀ ਹਾਂ, ਬੇ-ਖ਼ਬਰ ਹੁਣ ਵੇਖ ਲੈ ॥

ਚਡ਼੍ਹਦਾ ਸੀ ਹਰ ਦਿਨ ਮਿਰਾ ਮੁਖ ਵੇਖਕੇ,
ਤੂੰ ਕਿਵੇਂ ਬਦਲੀ ਨਜ਼ਰ ਹੁਣ ਵੇਖ ਲੈ ॥

ਹਾਸੇ ਦਾ ਜਿੱਥੇ ਬਸੇਰਾ ਸਿਰਜਿਆ,
ਗ਼ਮ ਦਾ ਹੈ ਉਸ ਥਾਂ ਬਸਰ ਹੁਣ ਵੇਖ ਲੈ ॥

ਟੁਕਡ਼ਿਆਂ ਵਿਚ ਸਭ ਖ਼ੁਦਾ ਨੂੰ ਵੰਡ ਰਹੇ,
ਧਰਮਾਂ ਦਾ ਮਚਿਆ ਗ਼ਦਰ ਹੁਣ ਵੇਖ ਲੈ ॥

ਜ਼ੁਲਮ ਜਿਨ੍ਹੇ ਵੀ ਲਸਾਡ਼ੇ ਢਾਹ ਲਵੀਂ,
ਮੁੱਕਣਾ ਨਾ ਮਿਰਾ ਸਬਰ ਹੁਣ ਵੇਖ ਲੈ ॥


ਖ਼ੁਮਾਰ ਹੋ ਗਿਆ ਏ ....


ਖੌਰੇ ਕਿਹਡ਼ੀ ਗਲ ਦਾ, ਖ਼ੁਮਾਰ ਹੋ ਗਿਆ ਏ ॥
ਸਾਥੋਂ ਵਧ ਗ਼ੈਰਾਂ ਨਾਲ ਪਿਆਰ ਹੋ ਗਿਆ ਏ ॥

ਜਿਹਡ਼ੇ ਤਨ ਲੱਗੀਆਂ, ਓਹ ਤਨ ਜਾਣਦੈ,
ਲੋਕਾਂ ਭਾਣੇ ਗਲਾਂ ਦਾ ਵਪਾਰ ਹੋ ਗਿਆ ਏ ॥

ਰੂਹਾਂ ਦਾ ਪਿਆਰ ਤਾਂ, ਕਹਾਣੀਆਂ 'ਚ ਗੁੰਮ,
ਹੁਣ ਤਾਂ ਏ' ਜਿਸਮ-ਏ-ਬਜ਼ਾਰ ਹੋ ਗਿਆ ਏ ॥

ਪਿਆਰ ਦੀ ਕਹਾਣੀ ਬਸ, ਏਨ੍ਹੀ ਦੋਸਤੋ,
ਸੁਫ਼ਨਾ ਸਜਾਇਆ ਤਾਰ ਤਾਰ ਹੋ ਗਿਆ ਏ ॥

ਬੁੱਕਲਾਂ 'ਚ ਛੁੱਰੇ ਕਿਹਦੇ ਦਿਲ ਪਿਆਰ ਸੀ,
ਖ਼ਰੇ ਖੋਟੇ ਯਾਰਾਂ ਦਾ ਨਿਤਾਰ ਹੋ ਗਿਆ ਏ ॥



ਜਤਿੰਦਰ ਲਸਾੜਾ ਅਤੇ ਗੁਰਮੀਤ ਸਿੰਘ ਸੈਣੀ 
ਯਾ-ਖ਼ੁਦਾ//ਗੁਰਮੀਤ ਸਿੰਘ ਸੈਣੀ ਅਤੇ  ਜਤਿੰਦਰ ਲਸਾੜਾ

ਯਾ-ਖ਼ੁਦਾ ਇਸ਼ਕ ਨਾਲ ਪੈ ਗਿਆ ਵਾਸਤਾ ॥
ਮੈਂ ਚ ਮੈਂ ਗੁੰਮ ਕਿਤੇ ਉਹ 'ਚ ਉਹ ਲਾਪਤਾ ॥

ਆ ਗਈ ਜ਼ਿੰਦਗੀ ਹੁਣ ਕੇਹੇ ਮੋਡ਼ ਤੇ,
ਨਾ ਹੀ ਮੰਜ਼ਿਲ ਦਿਸੇ ਨਾ ਦਿਸੇ ਰਾਸਤਾ ॥

ਹੈ ਅਜਬ ਦਾਸਤਾਂ' ਹੈ ਉਹ ਕਿੰਨਾ ਮਹੀਨ,
ਮੇਰੇ ਅੰਦਰ ਵਸੇ, ਫੇਰ ਵੀ ਲਾਪਤਾ ॥

ਜ਼ਿੰਦਗੀ ਬੇ-ਰਸੀ, ਕੋਈ ਰੰਗ ਨਾ ਮਜ਼ਾ,
ਫੇਰ ਤੋਂ ਆ ਜਰਾ, ਮੈਂਨੂੰ ਥੋਡ਼ਾ ਸਤਾ ॥

ਤੁਰ ਪਿਆ ਮੰਜ਼ਿਲਾਂ ਨੂੰ ਓਹ ਪਿੱਛੇ ਲਗਾ,
ਚੱਲ ਪਿਆ ਜਿਸ ਦਿਸ਼ਾ ਬਣ ਗਿਆ ਰਾਸਤਾ ॥

ਛਾ ਗਿਆ ਹੈ ਲਸਾਡ਼ੇ ਇਹ ਕੇਹਾ ਸਰੂਰ,
 
ਭੁੱਲ ਗਈ ਸੁਧ ਕਿਤੇ ਨਾ ਰਿਹਾ ਥਹੁ ਪਤਾ ॥   


ਗੁਰਮੀਤ ਲਸਾੜਾ ਦੀਆਂ ਇਹ ਰਚਨਾਵਾਂ ਤੁਹਾਨੂੰ ਕਿਹੋ ਜਿਹੀਆਂ ਲੱਗੀਆਂ ਜ਼ਰੂਰ ਦੱਸਣਾ. ਪਹਿਲਾਂ ਦੀ ਤਰਾਂ ਇਸ ਵਾਰ ਵੀ ਤੁਹਾਡੀਆਂ ਰਚਨਾਵਾਂ ਦੀ ਉਡੀਕ ਰਹੇਗੀ.-- ਰੈਕਟਰ ਕਥੂਰੀਆ.

ਜਰੂਰ ਪੜ੍ਹੋ:

ਉਹ ਵੀ ਸਮਾਂ ਸੀ

 ਜਦੋਂ ਲੋਕਾਂ ਨੂੰ ਅਹਿਸਾਸ ਹੁੰਦਾ ਸੀ ਆਪਣੀ ਜਿੰਮੇਵਾਰੀ ਦਾ, ਆਪਣੇ ਕੰਮ ਦੇ ਮਾਨ ਦਾ, ਆਪਣੀ ਇਜ਼ਤ ਦਾ, ਆਪਣੀ ਮਰਿਯਾਦਾ ਦਾ, ਆਪਣੇ ਵੱਕਾਰ ਦਾ, ਮਾੜੀ ਜਿਹੀ ਉਂਗਲੀ ਦੇਖ ਕੇ ਲੋਕ ਆਪਣੇ ਬਾਰੇ ਸੋਚਾਂ ਲੱਗ ਪੈਂਦੇ ਸਨ. ਇਹ ਉਹ ਦੌਰ ਸੀ ਜਦੋਂ ਲੋਕ ਅੰਦਰੋਂ ਬਾਹਰੋਂ ਸੱਚੇ ਸੁੱਚੇ ਸਨ. ਮਾੜੀ ਜਿਹੀ ਗੱਲ ਹੋਵੇ ਸਹੀ ਬਾਸ ਚਿੰਤਾ ਲੱਗ ਜਾਂਦੀ ਸੀ...ਲਾਗਾ ਚੁਨਰੀ ਪੈ ਦਾਗ ਛੁਪਾਊਂ ਕੈਸੇ, ਘਰ ਜੂਨ ਕੈਸੇ....ਹੁਣ ਤਾਂ ਸਭ ਕੁਝ ਸਾਬਿਤ ਹੋ ਜਾਣ ਤੇ ਵੀ ਲੋਕ ਕੈਮਰੇ ਮੂਹਰੇ ਦੰਦ ਕਢਨੋਂ ਨੀ ਸ਼ਰਮਾਉਂਦੇ......!



ਫਾਂਸੀ ਦੀ ਸਜ਼ਾ ਮਨੁੱਖਤਾ ਲਈ ਕਲੰਕ

 ਏਸੇ ਦੌਰਾਨ ਉਹਨਾਂ ਲੀਡਰਾਂ ਦੀ ਆਲੋਚਨਾ ਹੋਰ ਤੇਜ਼ ਹੋ ਗਈ ਹੈ ਜਿਹਨਾਂ ਕਿਸੇ ਵੇਲੇ ਪ੍ਰੋ. ਭੁੱਲਰ ਨੂੰ ਖਤਰਨਾਕ ਅੱਤਵਾਦੀ ਦੱਸਿਆ ਸੀ ਅਤੇ ਕਿਹਾ ਸੀ ਕਿ ਉਸ ਖਤਰਨਾਕ ਅੱਤਵਾਦੀ ਲਈ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੋਈ ਥਾਂ ਨਹੀਂ. ਸਿੱਖ ਸੰਗਠਨ ਉਸ ਹਲਫਨਾਮੇ ਨੂੰ ਵਾਪਿਸ ਲੈਣ ਦੀ ਮੰਗ ਵੀ ਕਰ ਰਹੇ ਹਨ. ਸਿੱਖ ਜਗਤ ਹੈਰਾਨ ਹੈ ਕਿ ਕਿ ਸਮਾਂ ਏਨੀ ਜਲਦੀ ਬਦਲ ਜਾਂਦਾ ਹੈ? ਜਿਸ ਨੂੰ ਖਤਰਨਾਕ ਅੱਤਵਾਦੀ ਕਿਹਾ ਹੋਵੇ ਉਸ ਲਈ ਏਨੀ ਛੇਤੀ ਹਮਦਰਦੀ ਵੀ ਉਮੜ ਆਉਂਦੀ ਹੈ? ਸ਼ਾਇਦ ਓਹ ਭੋਲੇ ਨਹੀਂ ਜਾਣਦੇ ਕਿ ਸੱਤਾ ਕੇਂਦ੍ਰਿਤ ਥਾਵਾਂ ਦੀ ਰਾਜਨੀਤੀ ਅਜਿਹੀ ਹੀ ਹੋਇਆ ਕਰਦੀ ਹੈ!



ਚੜਾਵੇ ਨਾਲ ਹੀ ਸਥਾਪਿਤ ਹੋ ਰਿਹਾ ਹੈ ਡੇਰਾਵਾਦੀ ਮੀਡੀਆ

ਇਹਨਾਂ 125 ਕੁ ਸਾਲਾਂ ਵਿਚ ਹੀ ਸਿੱਖ ਕੌਮ ਬੇਸੁਮਾਰ ਮਾਇਆ ਕਿਰਤੀ ਲੋਕਾਂ ਦੀਆਂ ਜੇਬਾਂ 'ਚੋਂ ਨਿਕਲ ਕੇ ਡੇਰਿਆਂ 'ਚ ਐਸੋ-ਅਰਾਮ ਦਾ ਸਾਧਨ ਪ੍ਰਫੁੱਲਤ ਕਰਨ ਲਈ ਵਰਤੀ ਜਾ ਚੁੱਕੀ ਹੈ ਜਾਂ ਫਿਰ ਇਹ ਮਾਇਆ ਦਾ ਕਿਸੇ ਡੇਰੇਦਾਰ ਦੀ ਨਿੱਜੀ ਮਲਕੀਅਤ ਦੇ ਰੂਪ ਵਿਚ ਵਟਾਂਦਰਾ ਹੋ ਗਿਆ ਹੈ। ਅੱਜ ਇਹਨਾਂ ਡੇਰਿਆਂ ਵਿਚ ਪਲਦੇ ਸਿੱਖ ਕੌਮ ਦੇ ਹਜ਼ਾਰਾਂ ਨੌਜਵਾਨ ਜੋ ਸਿੱਖ ਕੌਮ ਦੀ ਭਲਾਈ ਲਈ ਉਦਮ ਕਰਕੇ ਮੂੰਹ ਮੱਥਾ ਸਵਾਰਨ ਦੇ ਸਮਰੱਥ ਸਨ, ਨੂੰ ਵੀ ਵਿਹਲੜ ਅਤੇ ਇਆਸੀ ਕਿਸਮ ਦੇ ਬਣਾ ਦਿੱਤਾ ਹੈ। ਇਹਨਾਂ ਝੂਠੇ ਸੰਤਾਂ ਦੇ ਡੇਰਿਆਂ (ਜਾਂ ਗੁਰਦੁਆਰਿਆਂ) ਵਿਚ ਹੁਣ ਸਵੇਰੇ-ਸਵੇਰੇ ਗੁਰੂ ਨਾਨਕ ਸਾਹਿਬ ਜੀ ਦੀ ਕ੍ਰਾਂਤੀਕਾਰੀ ਬਾਣੀ 'ਆਸਾ ਦੀ ਵਾਰ' ਦਾ ਕੀਰਤਨ ਨਹੀਂ ਹੁੰਦਾ ਸਗੋਂ 'ਸੰਤਾਂ ਦੀ ਉਪਮਾ' ਦੀਆਂ ਕੱਚੀਆਂ ਧਾਰਨਾਂ ਜ਼ਰੂਰ ਸੁਣਾਈਆਂ ਜਾਂਦੀਆਂ ਹਨ।


ਦੇਸ਼ ਨੂੰ ਸੱਭਿਆਚਾਰਕ ਇਨਕਲਾਬ ਦੀ ਲੋਡ਼ ਹੈ- ਡਾ.ਐਸ.ਐਲ.ਵਿਰਦੀ

ਪੰਜਾਬੀ ਵਿੱਚ 10 ਹਜ਼ਾਰ ਤੋਂ ਉਪਰ ਲੇਖਕ ਹੋ ਚੁੱਕੇ ਹਨ। ਉਹ ਸਿਰਫ ਬਾਕੀਆਂ ਲਈ ਲਿਖਦੇ ਹਨ। ਮੈਂ ਤੇ 8-10 ਹੋਰ ਹੋਣਗੇ ਜੋ ਇਹਨਾਂ 85% ਬਹੁਜਨ ਦਲਿਤਾਂ ਬਾਰੇ ਲਿਖਦੇ ਹੋਣਗੇ। ਫਿਰ ਇਹਨਾਂ ਦਸ ਹਜ਼ਾਰ ਲੇਖਕਾਂ ਦੀ ਲੇਖਣੀ ਨੂੰ ਵੀ ਵੇਖੋ? ਇਸ ਵਿਚ ਕਿਸਾਨ ਦੀ ਲੁੱਟ, ਪੀਡ਼ਾ, ਦਰਦ ਦਾ ਉਲੇਖ ਤਾਂ ਹੈ, ਪ੍ਰੰਤੂ ਉਸ ਦੇ ਸਾਥ ਕੰਮ ਕਰਨ ਵਾਲੇ 'ਸੀਰੀ' (ਨੌਕਰ) ਦੀ ਲੁੱਟ, ਪੀਡ਼ਾ, ਦਮਨ ਅਤੇ ਦਰਦ ਨਹੀਂ ਦਿਸਦਾ। ਖੇਤਾਂ ਨੂੰ ਭੱਤਾ ਲੈਕੇ ਜਾਂਦੀ ਜੱਟੀ ਦੀ ਮਡ਼ਕ ਦਾ ਮੁਜ਼ਾਹਰਾ ਤਾਂ ਹੈ, ਪ੍ਰੰਤੂ ਖੇਤਾਂ ਵਿੱਚੋਂ ਭਿੱਜੀ ਇੱਲ੍ਹ ਦੀ ਤਰ੍ਹਾਂ ਘਾਹ ਦੀ ਪੰਡ ਲੈ ਕੇ ਆਉਂਦੀ ਚਮਾਰੀ-ਚੂਹਡ਼ੀ ਦੀ ਖਾਮੋਸ਼ੀ ਦਾ ਵਰਨਣ ਨਹੀਂ ਹੈ। ਗਿੱਧੇ ਵਿੱਚ ਨੱਚਦੀ ਮੁਟਿਆਰ ਦੀ ਮਸਤੀ ਦਾ ਮਾਮਲਾ ਤਾਂ ਹੈ ਪ੍ਰੰਤੂ ਸਿਰ ਤੇ ਗੰਦਗੀ ਦਾ ਟੋਕਰਾ ਚੁੱਕ ਕੇ ਲਿਜਾਂਦੀ ਭੰਗਣ ਦੀ ਭੈਡ਼ੀ ਦਸ਼ਾ ਦਾ ਵਰਨਣ ਨਹੀਂ ਹੈ। ਸਡ਼ਕ ਤੇ ਕਾਲਜ ਨੂੰ ਜਾਂਦੀ ਨੌਜਵਾਨ ਲਡ਼ਕੀ ਦੀ ਸੁੰਦਰਤਾ ਦੀ ਸਰਾਹਨਾ ਤਾਂ ਹੈ, ਪਰ ਸਡ਼ਕ ਤੇ ਪੱਥਰ ਤੋਡ਼ਦੀ ਸ਼ਕਲ ਤੋਂ ਬੇਸ਼ਕਲ ਹੋਈ ਨੌਜਵਾਨ ਲਡ਼ਕੀ ਦੀ ਦੁੱਖਦਾਇਕ ਗਾਥਾ ਨਹੀਂ ਹੈ। 

3 comments:

Tarlok Judge said...

ਚਡ਼੍ਹਦਾ ਸੀ ਹਰ ਦਿਨ ਮਿਰਾ ਮੁਖ ਵੇਖਕੇ,
ਤੂੰ ਕਿਵੇਂ ਬਦਲੀ ਨਜ਼ਰ ਹੁਣ ਵੇਖ ਲੈ ॥

ਗੁਰਮੀਤ ਦੀਆਂ ਕਵਿਤਾਵਾਂ ਵਾਕਈ ਬਹੁਤ ਪਿਆਰੀਆਂ ਹੁੰਦੀਆਂ ਨੇ ਸਾਂਝੀਆਂ ਕਰਨ ਲਈ ਸ਼ੁਕਰੀਆ

Jatinder Lasara ( ਜਤਿੰਦਰ ਲਸਾੜਾ ) said...

ਗੁਰਮੀਤ ਸੈਣੀ ਭਾਜੀ ਦੀ ਸ਼ਾਇਰੀ ਦਿਲ 'ਚੋਂ ਉਪਜਦੀ ਹੈ ਅਤੇ ਦਿਲ ਤੱਕ ਜਾਂਦੀ ਹੈ । ਕਥੂਰੀਆ ਸਾਹਿਬ, ਧੰਨਵਾਦ ਤੁਹਾਡਾ ਇਹ ਸਾਂਝ ਪਵਾਉਂਣ ਲਈ... - Jatinder Lasara

Gurmeet Singh Saini said...

ਸਭ ਤੋਂ ਪਹਿਲਾਂ ਤਾਂ ਮੈਂ ਕਥੁਰੀਆ ਸਾਹਿਬ ਦਾ ਬਹੁੱਤ ਬਹੁੱਤ ਧੰਨਵਾਦੀ ਹਾਂ ਜਿਨਹਾਂ ਨੇ ਮੇਰੀਆਂ ਰਚਨਾਵਾਂ ਨੂੰ ਮਾਣ ਬਕਸ਼ਿਆ 'ਤੇ ਸਾਰਿਆਂ ਦੇ ਰੂ-ਬਰੂ ਕਿਤਾ। ਦੋਸਤੋ ਇਹ ਤੁਹਾਡੀਆਂ ਦੁਆਵਾਂ 'ਤੇ ਪਿਆਰ ਦਾ ਹੀ ਸਦਕਾ ਹੈ ਜੋ ਅੱਜ ਮੇਰੀਆਂ ਇਹ ਰਚਨਾਵਾਂ ਇਸ ਮੁਕਾਮ ਤੇ ਪਹੁੰਚੀਆਂ ਹਨ। ਮੈਂ ਉਨਹਾਂ ਸਾਰਿਆਂ ਦੋਸਤਾਂ ਦਾ ਦਿਲੋਂ ਸ਼ੁਕਰ ਗੁਜ਼ਾਰ ਹਾਂ ਜਿਨਹਾਂ ਨੇ ਮੇਰੀਆਂ ਰਚਨਾਵਾਂ ਨੂੰ ਪਸੰਦ ਕਿਤਾ 'ਤੇ ਅਪਣੇ ਵਡਮੁੱਲੇ ਵਿਚਾਰਾਂ ਨਾਲ ਮੈਨੂੰ ਅੱਗੇ ਤੋਂ ਹੋਰ ਵੀ ਨਿਖਾਰ ਕੇ ਲਿਖਣ ਲਈ ਸਹੀ ਦਿਸ਼ਾ ਦਿਖਾਈ। ਧੰਨਵਾਦ।