Tuesday, June 21, 2011

ਕਦੋਂ ਹੋਵੇਗਾ ਸਵਿਸ ਬੈੰਕਾਂ 'ਚ ਪਏ ਕਾਲੇ ਧੰਨ ਵਾਲਿਆਂ ਦੇ ਨਾਵਾਂ ਦਾ ਖੁਲਾਸਾ ?

ਮੇਨਕਾ ਗਾਂਧੀ ਕਿਸੇ ਵੀ ਵੇਲੇ ਕਰ ਸਕਦੀ ਹੈ ਕਈ ਅਹਿਮ ਇੰਕਸ਼ਾਫ  
ਮੇਨਕਾ ਗਾਂਧੀ ਕਾਂਗਰਸ ਨਾਲ ਰਹੇ ਜਾਂ ਭਾਜਪਾ ਨਾਲ ਇੱਕ ਦਲੇਰੀ ਅਤੇ ਬੇਬਾਕੀ ਹਮੇਸ਼ਾਂ ਮੇਨਕਾ ਦੇ ਨਾਲ ਕਾਇਮ ਰਹੀ ਹੈ. ਖੇਤਰ ਭਾਵੇਂ ਮਾਡਲਿੰਗ ਦਾ ਸੀ ਤੇ ਭਾਵੇਂ ਰਾਜਨੀਤੀ ਦਾ, ਹਮੇਸ਼ਾਂ ਆਪਣੇ ਕਮਾਲ ਦਿਖਾਉਣਾ ਸ਼ਾਇਦ ਹਰ ਕਿਸੇ ਦੇ ਨਸੀਬ ਵਿੱਚ ਵੀ ਨਹੀਂ ਹੁੰਦਾ.ਮੈਦਾਨ ਭਾਵੇਂ ਪਰਿਵਾਰਿਕ ਜੰਗ ਦਾ ਸੀ, ਭਾਵੇਂ ਕਲਮੀ ਜੰਗ ਦਾ ਤੇ ਭਾਵੇਂ ਜਿੰਦਗੀ ਦੀ ਆਰ ਪਾਰ ਵਾਲੀ ਜੰਗ ਦਾ ਅਡੋਲਤਾ ਨੂੰ ਕਦੇ ਵੀ ਡੋਲਨ ਨਾ ਦੇਣਾ  ਕੋਈ ਆਸਾਨ ਨਹੀਂ ਹੁੰਦਾ. ਮੇਨਕਾ ਗਾਂਧੀ ਨਾਲ ਮਿਲਿਆਂ ਬੜਾ ਚਿਰ ਹੀ ਗਿਆ ਹੈ ਪਰ ਅੱਜ ਵੀ ਯਾਦ ਹਨ ਮੈਨੂੰ ਓਹ ਦਿਨ ਜਿਹਨਾਂ ਵਿੱਚ ਉਸਨੇ ਆਪਣੀ ਅੰਦਰਲੀ ਪ੍ਰਤਿਭਾ ਨੂੰ ਸਾਬਿਤ ਕੀਤਾ ਸੀ. ਐਮਰਜੰਸੀ ਤੋਂ ਬਾਅਦ ਜਿਹਨਾਂ ਕੁਝ ਕੁ ਕਾਰਨਾਂ ਨੇ ਇੰਦਰਾ ਗਾਂਧੀ ਨੂੰ ਦੋਬਾਰਾ ਸੱਤਾ ਵਿੱਚ ਲਿਆਂਦਾ ਉਹਨਾਂ ਵਿੱਚ ਮੇਨਕਾ ਗਾਂਧੀ ਅਤੇ ਉਸਦੀ ਦੇਖ ਰੇਖ ਹੇਠ ਛਪਣ ਵਾਲੇ ਅੰਗ੍ਰੇਜ਼ੀ ਰਸਾਲੇ  ਸੂਰੀਆ ਇੰਡੀਆ ਦੇ ਰੋਲ ਨੂੰ ਕਿਸੇ ਵੀ ਤਰਾਂ ਘਟਾ ਕੇ ਨਹੀਂ ਦੇਖਿਆ ਜਾ ਸਕਦਾ. ਮੇਨਕਾ ਇਸਦੀ ਸੰਸਥਾਪਕ ਸੀ. ਫਾਊਂਡਰ ਐਡੀਟਰ ਸੀ. ਇਸ ਰਸਾਲੇ ਨਾਲ ਮੇਨਕਾ ਨੇ ਇਹ ਸਾਬਿਤ ਕੀਤਾ ਸੀ ਕਿ ਜਬ ਤੋਪ ਮੁਕਾਬਿਲ ਹੋ ਤੋ ਅਖਬਾਰ ਨਿਕਾਲੋ. ਬੁਰੀ ਤਰਾਂ ਹਾਰੀ ਇੰਦਰਾ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ ਉਸਨੇ ਜਿੱਤ ਦਾ ਨਵਾਂ ਰਸਤਾ ਦਿਖਾਇਆ ਸੀ. ਚਿਕਮੰਗਲੂਰ  ਵਾਲੀ ਉਹ ਇਤਿਹਾਸਿਕ ਜਿੱਤ ਇੱਕ ਅਜਿਹੀ ਜਿੱਤ ਸੀ ਜਿਸਦਾ ਬਦਲਾ ਨਾਂ ਤਾਂ ਇੰਦਰਾ ਗਾਂਧੀ ਚੁਕਾ ਸਕਦੀ ਸੀ ਤੇ ਨਾਂ ਹੀ ਕਾਂਗਰਸ ਪਾਰਟੀ. 
ਇਹ ਕਿਸਮਤ ਦੀ ਕਰੋਪੀ ਕਹੋ ਜਾਂ ਰੱਬ ਦੀ ਮਰਜ਼ੀ ਕਿ ਸਿਰਫ ਸਤਾਰਾਂ-ਅਠਾਰਾਂ ਵਰ੍ਹਿਆਂ ਦੀ ਉਮਰ ਵਿੱਚ ਸੰਜੇ ਗਾਂਧੀ ਨਾਲ ਲਵ ਮੈਰਿਜ ਕਰਨ ਵਾਲੀ ਮੇਨਕਾ ਸਿਰਫ 23 ਸਾਲਾਂ ਦੀ ਉਮਰ ਵਿੱਚ ਹੀ ਵਿਧਵਾ ਹੋ ਗਈ. ਉਸ ਵੇਲੇ ਉਸਦਾ ਬੇਟਾ ਸਿਰਫ ਤਿੰਨਾ ਕੁ ਮਹੀਨਿਆ ਦਾ ਸੀ. ਛੇਤੀ ਹੀ ਮੇਨਕਾ ਨੂੰ ਇੰਦਰਾ ਪਰਿਵਾਰ ਨੇ ਘਰੋਂ ਕਢ ਦਿੱਤਾ ਅਤੇ  ਉਹ ਆਪਣੇ ਬੇਟੇ ਨੂੰ ਕੁਛੜ ਚੁੱਕੀ ਸੜਕ ਤੇ ਆ ਗਈ ਇੱਕ ਵਾਰ ਇੱਕ ਨਵੀਂ ਜੰਗ ਲੜਨ ਲਈ. ਜਦੋਂ ਮਾਰਚ 1982 ਵਿੱਚ ਸੰਜੇ ਵਿਚਾਰ ਮੰਚ ਦਾ ਐਲਾਨ ਕੀਤਾ ਗਿਆ ਤਾਂ ਮੈਨੂੰ ਵੀ ਲੱਗਿਆ ਕਿ ਏਨਾ ਸੌਖਾ ਤਾਂ ਨਹੀਂ ਹੁੰਦਾ ਪਾਰਟੀਆਂ ਖੜਾ ਕਰਨਾ ਅਤੇ ਫਿਰ ਉਹਨਾਂ ਨੂੰ ਚਲਾਉਣਾ ਪਰ ਮੇਨਕਾ ਡਟੀ ਰਹੀ. ਜਲੰਧਰ ਵਿੱਚ ਸ਼ਿਵਕੰਵਰ ਸਿੰਘ ਸੰਧੂ ਅਤੇ ਉਸਦੇ ਸਾਥੀ ਬਹੁਤ ਜ਼ਿਆਦਾ ਸਰਗਰਮ ਸਨ. ਦਿਨ ਵੇਲੇ ਅਸੀਂ ਅਕਸਰ ਮਿਲਦੇ ਸਨ ਪਰ ਇੱਕ ਦਿਨ ਰਾਤ ਨੂੰ ਵੀ ਮੁਲਾਕਾਤ ਹੋਈ. ਦਿੱਲੀਓਂ ਕੋਈ ਉਡਦੀ ਉਡਦੀ ਖਬਰ ਆਈ ਤਾਂ ਮੈਨੂੰ ਜਾਪਿਆ ਕਿ ਇਸਦੀ ਪੁਸ਼ਟੀ ਇਸ ਵੇਲੇ ਸਿਰਫ ਸ਼ਿਵਕੰਵਰ ਸੰਧੂ ਹੀ ਕਰ ਸਕਦਾ ਹੈ. ਪਰ ਉਹਨਾਂ ਦਿਨਾਂ ਵਿੱਚ ਮੋਬਾਇਲ ਫੋਨ ਤਾਂ ਕੀ ਲੈੰਡ ਲਾਈਨ ਫੋਨ ਵੀ ਆਮ ਨਹੀਂ ਸਨ ਹੁੰਦੇ. ਕਿਸੇ ਨਾ ਕਿਸੇ ਤਰਾਂ ਮੈਂ ਅਤੇ ਮੇਰੇ ਕੈਮਰਾਮੈਨ ਨੇ ਇਸ ਮੰਚ ਦਾ ਦਫਤਰ ਲਭਿਆ ਅਤੇ ਜਾ ਪਹੁੰਚੇ. ਅੰਦਰ ਮਾਹੌਲ ਆਸ ਦੇ ਐਨ ਉਲਟ ਸੀ. ਪਰਾਲੀ ਉੱਤੇ ਦਰੀਆਂ ਵਿਛੀਆਂ ਸਨ ਅਤੇ ਉਹਨਾਂ 'ਤੇ ਬਿਰਾਜਮਾਨ ਸਨ ਇਸ ਮੰਚ ਦੇ ਪਹਿਲੀ ਕਤਾਰ ਵਾਲੇ ਸਾਰੇ ਲੀਡਰ. ਚਾਹ ਦਾ ਕੱਪ ਮੀਨ੍ਦੀਆਂ ਅਹਿਸਾਸ ਹੋਇਆ ਕਿ ਇਹ ਨੌਜਵਾਨ ਜ਼ਰੂਰ ਕੁਝ ਕਰ ਗੁਜ਼ਾਰੰਗੇ. ਦੋ ਚਾਰ ਦਿਨ ਹੀ ਲੰਘੇ ਕਿ ਸਾਰੀਆਂ ਅਖਬਾਰਾਂ ਦੀਆਂ ਹੈਡ ਲਾਈਨਾਂ ਇਸ ਮੰਚ ਦੀਆਂ ਖਬਰਾਂ ਨਾਲ ਹੀ ਭਰੀਆਂ ਸਨ.ਦਿੱਲੀ ਵਿੱਚ ਲਾਠੀਚਾਰਜ ਹੋਇਆ ਸੀ ਤੇ ਕਈਆਂ ਦੇ ਡਾਂਗਾਂ ਵੱਜੀਆਂ ਸਾਂ. ਸ਼ਿਵਕੰਵਰ ਸਿੰਘ ਸੰਧੂ ਦੇ ਡਾਂਗ ਵੱਜਣ ਨਾਲ ਉਸਦਾ ਸਿਰ ਫਟ ਗਿਆ ਸੀ ਸੋ ਖੂਨ ਨਾਲ ਲਾਥ ਪਾਠ ਹੋਏ ਸ਼ਿਵਕੰਵਰ ਸਿੰਘ ਸੰਧੂ ਦੀ ਫੋਟੋ ਬੜੀ ਉਭਰ ਕੇ ਲੱਗੀ ਹੋਈ ਸੀ. ਆਖਿਰ ਉਸਨੇ ਲੀਡਰੀ ਦਾ ਮੁਲ ਅਦਾ ਕਰ ਦਿੱਤਾ ਸੀ. ਇਹ ਦੌਰ ਵੀ ਲੰਘ ਗਿਆ ਅਤੇ ਮੇਨਕਾ ਗਾਂਧੀ ਮੰਤਰੀ ਬਣ ਗਈ. ਮੰਤਰਾਲਾ ਮਿਲਣ ਮਗਰੋਂ ਉਸਨੇ ਪ੍ਰਦੂਸ਼ਣ ਕੰਟ੍ਰੋਲ ਕਰਨ ਅਤੇ ਫੇਰ ਜੀਵ ਜੰਤੂਆਂ ਲਈ ਜੋ ਕੁਝ ਕੀਤਾ ਉਸ ਨੂੰ ਦੇਖ ਕੇ ਸਚਮੁਚ ਇਹੀ ਲੱਗਦਾ ਹੈ ਕਿ ਜਿਸਨੇ ਕੁਝ ਕਰਨਾ ਹੋਵੇ ਉਸ ਲਈ  ਬੜੇ ਰਸਤੇ ਅਤੇ ਜਿਸਨੇ ਕੁਝ ਨਾ ਕਰਨਾ ਹੋਵੇ ਉਸ ਲਈ ਰੁਕਾਵਟਾਂ ਅਤੇ ਬਹਾਨੇ ਬੜੇ. ਇੱਕ ਲੰਮੇ ਗੈਪ ਮਗਰੋਂ ਮੇਨਕਾ ਨਾਲ ਮੁਲਾਕਾਤ ਹੋਈ ਜ਼ਿਲਾ ਸੰਗਰੂਰ ਦੇ ਪਿੰਡ ਕੈਂਬੋਵਾਲ ਵਿਖੇ ਜਿਥੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਮਨਾਈ ਜਾਂਦੀ ਹੈ. ਉਹਨਾਂ ਦਿਨਾਂ ਵਿੱਚ ਮੈਂ ਉਥੇ ਜਨਸੱਤਾ ਅਖਬਾਰ ਲਈ ਕੰਮ ਕਰਦਾ ਸਾਂ. ਇਹ ਸਭ ਕੁਝ ਮੈਨੂੰ ਯਾਦ ਆਇਆ ਹੈ ਮੇਨਕਾ ਗਾਂਧੀ ਦੇ ਨਵੇਂ ਬਿਆਨ ਨਾਲ. ਯੂਪੀ ਦੀ ਆਂਵਲਾ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਐਮ ਪੀ ਮੇਨਕਾ ਗਾਂਧੀ ਨੇ ਬੜੇ ਹੀ ਸਾਫ਼ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ  ਸਵਿਸ ਬੈਂਕਾ ‘ਚ ਜਮਾ ਭਾਰਤੀਆਂ ਦੇ ਕੁੱਲ ਕਾਲੇਧਨ ਦਾ ਅੱਧਾ ਹਿੱਸਾ ਕਾਂਗਰਸ ਦੇ ਮੰਤਰੀਆਂ ਦਾ ਹੈ. ਮੇਨਕਾ ਨੇ ਸ਼ਨੀਵਾਰ 19 ਜੂਨ ਦੀ ਰਾਤ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਨੇ ਸੀ.ਬੀ.ਆਈ ਨੂੰ ਆਪਣੇ ਹੱਥਾਂ ‘ਚ ਲਿਆ ਹੋਇਆ ਹੈ, ਤੇ ਉਹ ਆਪਣੀ ਜ਼ਰੂਰਤ ਮੁਤਾਬਿਕ ਉਸਦੀ ਵਰਤੋ ਕਰਦੀ ਹੈ. ਇਸ ਬਿਆਨ ਵਿੱਚ ਕਈ ਇਸ਼ਾਰੇ ਹਨ, ਕਈ ਰਮਜ਼ਾਨ ਹਨ, ਕਈ ਗੱਲਾਂ ਹਨ.
ਬਿਆਨ ਮੁਤਾਬਿਕ ਮੇਨਕਾ ਗਾਂਧੀ ਨੇ ਕਿਹਾ ਕਿ ਲੋਕਪਾਲ ਲਈ ਮੁਹਿੰਮ ਚਲਾ ਰਹੇ ਅੰਨਾ ਹਜ਼ਾਰੇ ਤੇ ਕਾਲੇਧਨ ਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਅੰਦੋਲਨ ਕਰ ਰਹੇ ਯੋਗ ਗੁਰੂ ਬਾਬਾ ਰਾਮਦੇਵ ਪ੍ਰਤੀ ਕਾਂਗਰਸ ਦਾ ਵਰਤਾਰਾ ਕਿਸੇ ਵੀ ਤਰਾਂ ਨਾਲ ਠੀਕ ਨਹੀ ਹੈ. ਬੀਜੇਪੀ ਐਮ ਪੀ ਨੇ ਕਿਹਾ ਕਿ ਬੈਂਕ ‘ਚ ਕਾਂਗਰਸ ਨੇਤਾਵਾਂ ਦਾ ਕਾਲਾਧਨ ਜਮਾਂ ਹੈ ਇਸ ਲਈ ਪਾਰਟੀ ਇਸ ਮੁੱਦੇ ਨੂੰ ਲੈ ਕੇ ਉਠਣ ਵਾਲੀ ਹਰ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ. ਜਿਥੋਂ ਤੱਕ ਮੈਨੂੰ ਯਾਦ ਹੈ ਤਾਂ ਮੇਨਕਾ ਗਾਂਧੀ ਨੇ ਕਦੇ ਵੀ ਕੋਈ ਬਿਆਨ ਬਿਨਾ ਕਿਸੇ ਅਧਾਰ ਦੇ ਨਹੀਂ ਦਿੱਤਾ. ਹੁਣ ਜੇ ਉਸਨੇ ਕੁਝ ਬੋਲਿਆ ਹੈ ਤਾਂ ਉਸ ਕੋਲ ਜਾਣਕਾਰੀ ਵੀ ਪੂਰੀ ਹੋਵੇਗੀ. ਮੇਨਕਾ ਗਾਂਧੀ ਨੇ ਇਹ ਵੀ ਕਿਹਾ ਕਿ ਬੋਫੋਰਸ ਤੋਪਾਂ ਦੀ ਦਲਾਲੀ ਵਾਲਾ ਪੈਸਾ ਵੀ ਸਵਿਸ ਬੈੰਕਾਂ ਵਿੱਚ ਹੀ ਜਮਾ ਕਰਾਇਆ ਗਿਆ ਸੀ. ਮੇਨਕਾ ਗਾਂਧੀ ਨੇ ਇਹ ਵੀ ਕਿਹਾ ਹੈ ਕਿ ਬੋਫੋਰਸ ਤੋਪਾਂ ਦੀ ਦਲਾਲੀ ਦਾ ਪੈਸਾ ਸਿਧਾ ਇਟਲੀ ਦੇ ਇੱਕ ਬੈੰਕ ਵਿੱਚ ਜਮਾ ਕਰਾਇਆ ਗਿਆ ਸੀ ਕਿਓਂਕਿ ਬੋਫੋਰਸ ਮੁਖੀ ਇਹਨਾਂ ਦੇ ਪਿੰਡ ਦਾ ਹੀ ਸੀ. ਮੇਨਕਾ ਗਾਂਧੀ ਨੇ ਦਿਗ ਵਿਜੇ ਸਿੰਘ ਨੂੰ ਵੀ ਲੰਮੇ ਹਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਇਸ ਜਨਰਲ ਸੱਕਤਰ ਦੀ ਭਾਸ਼ਾ ਅਤੇ ਭਾਸ਼ਣ ਪੂਰੀ ਤਰਾਂ ਸਡ਼ਕ ਛਾਪ ਹੈ. ਦਿਗ ਵਿਜੇ ਸਿੰਘ ਦੇ ਅੰਦਾਜ਼ ਤੇ ਤਿੱਖਾ ਵਾਰ ਕਰਦਿਆਂ ਮੇਨਕਾ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਤਾਂ ਅਜਿਹੀ ਭਾਸ਼ਾ ਕੋਈ ਪਸੰਦ ਨਹੀਂ ਕਰਦਾ ਲੱਗਦਾ ਹੈ ਕਿ ਇਹ ਸਭ ਕਿਸੇ ਵਿਦੇਸ਼ੀ ਦੇ ਇਸ਼ਾਰੇ ਤੇ ਹੀ ਬੋਲਿਆ ਜਾ ਰਿਹਾ ਹੈ. ਕਾਲੇ ਧੰਨ ਨਾਲ ਜੁੜੇ ਇਸ ਸਾਰੇ ਵਿਵਾਦ ਬਾਰੇ ਆਪਣੀ ਖਾਮੋਸ਼ੀ ਨੂੰਤੋੜਦਿਆਂ ਮੇਨਕਾ ਗਾਂਧੀ ਨੇ ਲਿਹਾਜ਼ ਮਨਮੋਹਨ ਸਿੰਘ ਦਾ ਵੀ ਨਹੀਂ ਕੀਤਾ ਅਤੇ ਕਿਹਾ ਕਿ ਜੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ ਤਾਂ ਜ਼ਰੂਰ ਬਣਨ ਕਿਓਂਕਿ ਇਸ ਦੇਸ਼ ਵਿੱਚ ਪ੍ਰਧਾਨ ਮੰਤਰੀ ਬੰਨਣ ਲਈ ਕਿਸੇ ਕਾਬਲੀਅਤ ਦੀ ਤਾਂ ਕੋਈ ਲੋੜ ਹੀ ਨਹੀਂ.ਮੌਜੂਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸਦੀ ਮਿਸਾਲ ਹਨ. ਜੇ ਮੇਨਕਾ ਗਾਂਧੀ ਨੇ ਹੁਣ ਅਚਾਨਕ ਏਨਾ ਕੁਝ ਕਿਹਾ ਹੈ ਤਾਂ ਇਸ ਵਿੱਚ ਜ਼ਰੂਰ ਕੋਈ ਰਾਜ਼ ਹੈ. ਜੇ ਮੇਨਕਾ ਗਾਂਧੀ ਵਿੱਚ ਮੌਜੂਦ ਸੁੱਤਾ ਪਿਆ ਪੱਤਰਕਾਰ ਜਾਗ ਪਿਆ ਤਾਂ ਉਹ ਕਈ ਸਨਸਨੀ ਖੇਜ਼ ਪ੍ਰਗਟਾਵੇ ਸਬੂਤਾਂ ਸਮੇਤ ਕਰ ਸਕਦੀ ਹੈ. ਹੁਣ ਦੇਖਣਾ ਇਹ ਹੈ ਕਿ ਮੇਨਕਾ ਗਾਂਧੀ ਕਾਂਗਰਸ ਪਾਰਟੀ ਦੇ ਇਹਨਾਂ ਪਹੁੰਚੇ ਹੋਏ ਪੂੰਜੀ ਪਤੀਆਂ ਦੇ ਨਾਵਾਂ ਦਾ ਖੁਲਾਸਾ ਕਦੋਂ ਕਰਦੀ ਹੈ !  ਰੈਕਟਰ ਕਥੂਰੀਆ 

1 comment:

Anonymous said...

mainu nanhi lagta ki hun menka koi aisa kam karegi