Sunday, June 19, 2011

ਸਿਧਾਂਤ ‘ਤੇ ਭਾਰੀ ਰਾਜਨੀਤੀ: ਸਮਾਜਵਾਦੀਆਂ ਦਾ ਮਕਸਦ ਕੀ ?

ਕੀ ਖਾਲਿਸਤਾਨ ਦੇ ਵਿਰੋਧ ਨੂੰ ‘ਸਿੱਖ ਸਿਧਾਂਤ ਦਾ ਵਿਰੋਧ’ ਸਮਝਨਾ ਸਹੀ ਹੈ ?
ਕੱਲ ਮੇਰੀ ਇੱਕ ਬਹੁਤ ਹੀ ਅਜੀਜ਼ ਦੋਸਤ ਨਾਲ ਇੱਕ ਖਾਸ ਮੁੱਦੇ ਤੇ ਗੱਲ ਹੋਈ. ਮਸਲਾ ਸੀ ਪੰਜਾਬ ਵਿਚ ਹੋਏ ਅੰਦੋਲਨ ਤੇ ਉਹਨਾਂ ਵਿਚ ਸਿਧਾਂਤਕ ਕਮਜੋਰੀ ਦਾ,  ਸਮਾਜਵਾਦੀ ਸਿਧਾਂਤ ਤੇ ਸਿੱਖ ਸਿਧਾਂਤ ਵਿਚ ਅੰਤਰ ਦਾ . ਅਸੀਂ ਬਹੁਤ ਹੀ ਆਸਾਨੀ ਨਾਲ ਇਸ ‘ਤੇ ਸਹਿਮਤ ਸਾਂ ਕੇ ਕੁਝ ਕੁ ਗੱਲਾਂ ਨੂੰ ਛਡ ਕੇ ਦੋਨਾਂ ਸਿਧਾਂਤਾ ਵਿਚ ਕੋਈ ਖਾਸ ਫਰਕ ਨਹੀਂ ਹੈ .
ਆਪਣੇ ਸਮੇਂ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਜੋ ਸਿਧਾਂਤ ਪੇਸ਼ ਕੀਤਾ , ਉਸ ਸਮੇਂ ਵਿਚ ਸ਼ਾਇਦ ਹੀ ਕੋਈ ਹੋਰ ਵਿਅਕਤੀ ਇਸ ਤਰਾਂ ਦਾ ਸਿਧਾਂਤ ਪੇਸ਼ ਕਰ ਸਕਦਾ. ਇਹ ਜਰੂਰ ਹੈ ਕੇ ਇਤਿਹਾਸਿਕ ਉਥਲ ਪੁਥਲ ਦੇ ਦੌਰਾਨ ਦੋਨਾਂ ਸਿਧਾਂਤਾ ਨੂੰ  ਕੁਝ ਤੋਡ਼ ਮਰੋਡ਼ ਦਿੱਤਾ ਗਿਆ ਹੈ ਪ੍ਰੰਤੂ ਬੁਨਿਆਦੀ ਤੌਰ ਤੇ ਦੋਨੋਂ ਸਿਧਾਂਤ ਬਰਾਬਰੀ ਦੀ ਗੱਲ ਕਰਦੇ ਹਨ
ਜੇਕਰ ਇਹ ਦੋਨੋਂ ਸਿਧਾਂਤਾ ਦੇ ਪੈਰੋਕਾਰ ਸਮੇਂ ਸਮੇਂ ਤੇ ਕਈ ਕਾਰਨਾਂ ਕਰਕੇ ਖਰੇ ਨਹੀਂ ਉੱਤਰੇ ਤਾਂ ਇਸ ਵਿਚ ਸਿਧਾਂਤ ਦੀ ਕੋਈ ਵਿਸ਼ੇਸ ਕਮੀ ਨਹੀਂ ਹੈ . ਬਲਕਿ ਇਹ ਕਮੀਆਂ ਵਿਅਕਤੀ ਵਿਸ਼ੇਸ਼ ਨੇ , ਨਾ ਕੇ ਸਿਧਾਂਤਿਕ . ਅਜਿਹੇ ਵਿਚ ਕੀ ਸਿਰਫ ਵਿਅਕਤੀ ਵਿਸ਼ੇਸ ਨੂੰ ਲੈ ਕੇ ਆਪਸ ਵਿਚ ਝਗਡ਼ਦੇ ਰਹਿਣਾ ਸਮਝਦਾਰੀ ਹੈ ?
ਹੁਣ ਤੱਕ ਦੀਆਂ ਮੈਂ ਜਿੰਨੀਆਂ ਵੀ ਬਹਿਸਾਂ ਦੇਖੀਆਂ ਹਨ , ਉਹਨਾਂ ਵਿਚ ਸਿਧਾਂਤਕ ਪਹੁੰਚ ਦੂਰ ਦੂਰ ਤੱਕ ਨਜਰ ਨਹੀਂ ਆਈ , ਸਿਰਫ ਵਿਅਕਤੀ ਵਿਸ਼ੇਸ ਦੀ ਗੱਲ ਕੀਤੀ ਜਾਂਦੀ ਰਹੀ ਹੈ .
ਪੰਜਾਬ ਦੇ ਦੋਨਾਂ ਸਿਧਾਂਤਾ ਦੇ ਪੈਰੋਕਾਰਾਂ ਸਾਹਮਣੇ ਦੋ ਪ੍ਰਮੁਖ ਸਵਾਲ ਮੈਂ ਅੱਜ ਛੱਡਣਾ ਚਾਹੁੰਦਾ ਹਾਂ :-
. ਦੋਨਾਂ ਸਿਧਾਂਤਾ ਦੇ ਵਿਚਕਾਰ ਬੁਨਿਆਦੀ ਅੰਤਰ ਕੀ ਹੈ ?
. ਵਿਅਕਤੀ ਵਿਸ਼ੇਸ ਨੂੰ ਛੱਡ ਕੇ ਕੀ ਬਰਾਬਰੀ ਦੇ ਸਮਾਜ ਦੀ ਗੱਲ ਤੇ ਸਹਿਮਤੀ ਨਾਲ ਅੱਗੇ ਨਹੀਂ ਵਧਿਆ ਜਾ ਸਕਦਾ ?

ਇਸਤੋਂ ਇਲਾਵਾ ਹਥਲੇ ਸਵਾਲਾਂ ਦਾ ਕੋਈ ਜਵਾਬ ਦੇਣਾ ਚਾਹੇ ਤਾਂ ਦੇ ਸਕਦਾ ਹੈ . ਪਰ ਇਹਨਾਂ ਨੂੰ ਸਿਧਾਂਤਕ ਬਹਿਸ ਨਹੀਂ ਕਿਹਾ ਜਾ ਸਕਦਾ –

. ਕੁਝ ਕੁ ਜਨੂੰਨੀ ਸਿੱਖਾਂ ਦੁਆਰਾ ਖਾਲਿਸਤਾਨ ਦੀ ਮੰਗ (ਜੋ ਅੱਜ ਕੀਤੀ ਜਾ ਰਹੀ) ਕੀ ਸਾਰੇ ਮਸਲਿਆਂ ਦਾ ਹੱਲ ਹੈ?
. ਕੀ ਧਰਮ ਇੱਕ ਨਿੱਜੀ ਮਸਲਾ ਨਹੀਂ ਹੋਣਾ ਚਾਹਿਦਾ ? ਇਸਨੂੰ ਸਮਾਜਿਕ ਰੂਪ ਦੇ ਕੇ ਰਾਜਨੀਤੀ ਦੇ ਹੱਥਾਂ ਵਿਚ ਕਿਉਂ ਖੇਡਣ ਦਿੱਤਾ ਜਾਂਦਾ ਹੈ ?
. ਪੰਜਾਬ ਦੇ ਸੰਤਾਪ ਲਈ ਕੀ ਸਿਰਫ ਬਹੁ–ਗਿਣਤੀ ਨੂੰ ਦੋਸ਼ ਦੇਣਾ ਜਾਇਜ਼ ਹੈ , ਕੀ ਘੱਟ-ਗਿਣਤੀਆਂ ਦੇ ਆਪਣੇ ਨੁਮਾਇਦਿਆਂ ਨੇ ਘੱਟ ਗਿਣਤੀਆਂ ਨਾਲ ਇਨਸਾਫ਼ ਕੀਤਾ ਹੈ ?
. ਸਮਾਜਵਾਦੀਆਂ ਦਾ ਮਕਸਦ ਕੀ ਸਿਰਫ ਵੋਟ ਰਾਜਨੀਤੀ ਜਾਂ ਮਾਰਕੇਬਾਜੀ ਤੱਕ ਸੀਮਿਤ ਨਹੀਂ ਰਿਹਾ?
. ਸਮਾਜਵਾਦੀ ਸਿਰਫ ਇੱਕ ਵਿਸ਼ੇਸ ਮੁੱਦਾ – “ਖਾਲਿਸਤਾਨ ਦੇ ਵਿਰੋਧ” ਤੱਕ ਸੀਮਿਤ ਕਿਓਂ ਰਹੇ ?
. ਕੀ ਖਾਲਿਸਤਾਨ ਦੇ ਵਿਰੋਧ ਨੂੰ ‘ਸਿੱਖ ਸਿਧਾਂਤ ਦਾ ਵਿਰੋਧ’ ਸਮਝਨਾ ਸਹੀ ਹੈ ?

ਬੇਸ਼ੱਕ ਸਿਧਾਂਤ ਨੂੰ ਉਸਦੇ “ਲਾਗੂ ਕਰਨ ਵੇਲੇ ਦੇ ਹਲਾਤਾਂ” ਨਾਲੋਂ ਤੋਡ਼ ਕੇ ਦੇਖਣਾ ਗਲਤ ਹੋਵੇਗਾ , ਬਦਲਦੇ ਹਲਾਤਾਂ ਵਿਚ ਇਹਨਾਂ ਨੂੰ ਲਾਗੂ ਕਰਣ ਦੇ ਤਰੀਕੇ ਵਖਰੇ ਹੋ ਸਕਦੇ ਹਨ . ਪਰ ਇਸ ਨਾਲ ਸਿਧਾਂਤਕ ਬੁਨਿਆਦ ਨੂੰ ਅੱਖੋ ਪਰੋਖੇ ਕਰ ਦੇਣਾ ਕਿੰਨਾ ਕੁ ਜਾਇਜ਼ ਹੈ . ਕਿਰਤੀ ਦੀ ਗੱਲ ਗੁਰੂ ਨਾਨਕ ਨੇ ਸੋਲਵੀ ਸਦੀ ਵਿਚ ਕੀਤੀ , ਕਿਰਤੀ (ਬੇਸ਼ਕ ਜਗੀਰੂ ਤੋਂ ਪ੍ਰਬੰਧ ਪੂੰਜੀਵਾਦ ਹੋ ਚੁਕਾ ਸੀ)  ਦੀ ਗੱਲ ਮਾਰਕਸ ਉੰਨੀਵੀਂ ਸਦੀ ਵਿਚ ਕਰਦਾ ਹੈ. ਗੁਰੂ ਨਾਨਕ ਨੇ ਇੱਕ ਵਿਸ਼ੇਸ ਸਿਧਾਂਤ ਨੂੰ ਜਨਮ ਦਿੱਤਾ ਜਿਸਦੇ ਪੈਰੋਕਾਰ ਸਿੱਖ ਅਖਵਾਏ , ਤੇ ਮਾਰਕਸੀ ਸਿਧਾਂਤ ਦੇ ਪੈਰੋਕਾਰ ਸਮਾਜਵਾਦੀ ਅਖਵਾਏ . ਸਮੇਂ ਦੇ ਨਾਲ ਦੋਨੋ ਸਿਧਾਂਤਾ ਦੇ ਪੈਰੋਕਾਰ ਆਪਣੇ ਸਿਧਾਂਤਾਂ ਤੋਂ ਦੂਰ ਹੁੰਦੇ ਚਲੇ ਗਏ, ਆਪਸੀ ਸਮਾਨਤਾਵਾਂ (ਜੋ ਕੇ ਬਹੁਤ ਜਿਆਦਾ ਨੇ ) ਨੂੰ ਛੱਡ ਕੇ ਕੁਝ ਅਸਮਾਨਤਾਵਾਂ ਦਾ ਰਾਜਨੀਤੀ ਨੇ ਬਹੁਤ ਲਾਭ ਲਿਆ ਤੇ ਬਰਾਬਰੀ ਦੇ ਸਮਾਜ ਦੀ ਲਹਿਰ ਨੂੰ ਕੁਰਾਹੇ ਪਾਇਆ.
ਜੇਕਰ ਪੰਜਾਬ ਦਾ ਕੋਈ ਵਿਸ਼ੇਸ ਵਿਅਕਤੀ ਅੱਜ ਇਹ ਕਹੇ ਕੇ “ਉਹ ਪੰਜਾਬੀ ਨਾ ਹੋ ਕੇ ਅੰਤਰ ਰਾਸ਼ਟਰਵਾਦੀ ਹੈ ਤਾਂ ਮੈਂ ਸੋਚਦਾ ਹਾਂ ਕੇ ਇਸਤੋਂ ਮੂਰਖਤਾਪੂਰਣ ਗੱਲ ਨਹੀਂ ਹੋ ਸਕਦੀ”, ਖੇਤਰੀ , ਧਾਰਮਿਕ, ਭਾਸ਼ਾਈ ਤੇ ਹੋਰ ਸਭ ਤਰਾਂ ਦੀਆਂ ਵਿਖਰੇਤਾਵਾਂ ਤੋਂ ਉੱਪਰ ਹੋਣਾ ਬੁਰੀ ਗੱਲ ਨਹੀਂ ਹੈ , ‘ਪੰਜਾਬੀ’ ਇੱਕ ਕੌਮੀਅਤ ਹੈ , ਤੇ ਇਸ ਨਾਲ ਅਸੀਂ ਆਪਣੇ ਜਨਮ ਤੋਂ ਹੀ ਜੁਡ਼ ਜਾਂਦੇ ਹਾਂ, ਪੰਜਾਬੀਅਤ ਸਾਡੀ ਮਾਨਸਿਕਤਾ ਦਾ ਹਿੱਸਾ ਬਣ ਜਾਂਦੀ ਹੈ , ਪੰਜਾਬੀਅਤ ਕਿਸੇ ਵਿਸ਼ੇਸ ਧਰਮ ਜਾਂ ਜਾਤ ਨਾਲ ਸੰਬਧਿਤ ਨਹੀਂ ਹੈ .

ਮੇਰੀ ਇਸ ਮੁੱਦੇ ਤੇ ਸਮਝ ਹੋ ਸਕਦਾ ਕੋਰੀ ਹੋਵੇ , ਪਰ ਜਿੰਨਾ ਨੂੰ ਅਸੀਂ ਸਮਝਦਾਰ ਮੰਨਦੇ ਹਾਂ ,ਘੱਟੋ ਘਟ ਉਹਨਾਂ ਦੇ ਵਿਚਾਰਾਂ ਦੀ ਉਡੀਕ ਰਹੇਗੀ.

ਧੰਨਵਾਦ –
ਗੁਰਜਿੰਦਰ ਮਾਂਗਟ
97810-79797

No comments: