Monday, June 13, 2011

ਜ਼ਿੰਦਗੀਂ -//-ਡਾ.ਅਮਰਜੀਤ ਟਾਂਡਾ

Monday, June 13, 2011 at 10:34am
ਰੰਗ ਬਿਰੰਗੇ ਸੁਪਨਿਆਂ ਦੇ ਚਮਨ ਵਰਗੀ ਕੋਈ ਜ਼ਿੰਦਗੀਂ ਨਹੀਂ ਹੁੰਦੀ
ਮਰੇ ਹੋਏ ਅਮਨ ਵਰਗੀ ਕੋਈ ਜ਼ਿੰਦਗੀਂ ਨਹੀਂ ਹੁੰਦੀ
ਪੁੱਤਾਂ ਨੂੰ ਉਡੀਕਦੀ ਪਵਨ ਵਰਗੀ ਕੋਈ ਜ਼ਿੰਦਗੀਂ ਨਹੀਂ ਹੁੰਦੀ
ਘਰਾਂ ਦੀਆਂ ਵਲਗਣਾਂ ਚ ਗੁਆਚੇ ਦਮਨ ਵਰਗੀ ਕੋਈ ਜ਼ਿੰਦਗੀਂ ਨਹੀਂ ਹੁੰਦੀ

ਨਾ ਹੀ ਕੋਈ ਜ਼ਿੰਦਗੀ ਵਰਗੀ ਪ੍ਰੀਭਾਸ਼ਾ ਤਾਰੀਖ ਚੋਂ ਲੱਭਦੀ ਹੈ
ਨਾ ਹੀ ਕੋਈ ਜ਼ਿੰਦਗੀ ਵਰਗੀ ਆਸ਼ਾ ਕਿਸੇ ਉਡੀਕ 'ਚੋਂ ਲੱਭਦੀ ਹੈ
ਨਾ ਹੀ ਕੋਈ ਜ਼ਿੰਦਗੀ ਕਿਸੇ ਸਮੇਂ ਦੀ ਲੀਕ ਚੋਂ ਲੱਭਦੀ ਹੈ
ਜ਼ਿੰਦਗੀ ਤਾਂ ਚਮਕਦੀ ਤੇਗ ਜਾਂ ਰਿਸ਼ਮ ਬਾਰੀਕ 'ਚੋਂ ਲੱਭਦੀ ਹੈ


ਜ਼ਿੰਦਗੀਂ ਮਿਲਦੀ ਹੈ-ਕਚਹਿਰੀ ਦੀ ਬੇਇਨਸਾਫ਼ ਹਵਾ ਦਾ ਕਤਲ ਕਰਕੇ
ਚਾਨਣ ਨੂੰ ਸਲੀਬੀਂ ਟੰਗੇ ਦੇਖ ਕੇ ਕਦੇ ਨਹੀਂ ਮਿਲੀ ਜ਼ਿੰਦਗੀਂ

ਜ਼ਿੰਦਗੀਂ ਮੁੱਖਬਰੀਆਂ ਦੀ ਅੰਸ਼ ਪਾਲਕ ਨੂੰ ਨਾ ਕਹੋ-
ਜ਼ਿੰਦਗੀਂ ਹਿੱਕਾਂ 'ਤੇ ਸੱਜਰੇ ਤਗਮੇ ਸਜਾਉਣ ਨੂੰ ਨਾ ਕਹਿਣਾ-
ਨਾ ਹੀ ਜ਼ਿੰਦਗੀਂ ਸੀਨੇ ਚ ਅਹਿਸਾਸਾਂ ਨੂੰ ਦਿਨ ਦਿਹਾਡ਼ੇ ਕੁਚਲ ਨੂੰ ਨਾ ਕਹੋ
ਨਾ ਜ਼ਿੰਦਗੀ ਹੁੰਦੀ ਹੈ-ਗੋਦੀ ਚੋਂ ਖੋ ਕੇ ਬੱਚਿਆਂ ਦਾ ਸਾਹਮਣੇ ਕਤਲ ਦੇਖਣ ਨੂੰ

ਜ਼ਿੰਦਗੀਂ ਹੁੰਦੀ ਹੈ-
ਖੰਜ਼ਰਾਂ ਚੋਂ ਪੀਣਾ ਸੁਰਖ ਤਵੀਆਂ ਤੇ ਗਾਉਣਾ
ਮੁਰੀਦਾਂ ਦੀ ਦਾਸਤਾਨ-ਜਾਂ ਸੱਥਰਾਂ ਤੇ ਸੌਣਾ 


ਉੱਧਡ਼ੇ ਜੇਹੇ ਅਰਮਾਨ ਸੀਣਾ ਕੋਈ ਜ਼ਿੰਦਗੀਂ ਨਹੀਂ ਹੁੰਦੀ
ਘਰਾਂ ਪੁੱਤਾਂ ਲਈ ਜੀਣਾ ਕੋਈ ਜ਼ਿੰਦਗੀਂ ਨਹੀਂ ਹੁੰਦੀ
ਜ਼ਹਿਰ ਸਜ਼ਾ ਵਾਂਗ ਪੀਣਾ ਕੋਈ ਜ਼ਿੰਦਗੀਂ ਨਹੀਂ ਹੁੰਦੀ
ਹੋਣਾ ਯਾਰਾਂ ਸਾਂਹਵੇਂ ਹੀਣਾ ਕੋਈ ਜ਼ਿੰਦਗੀਂ ਨਹੀਂ ਹੁੰਦੀ

ਖੇਡ਼ਿਆਂ ਨਾਲ ਨਿਭਾਉਣ ਦਾ ਸਵਾਦ ਹੈ ਜ਼ਿੰਦਗੀਂ
ਕੱਚਾ ਫ਼ਡ਼ ਠੱਲਣਾ ਚਨਾਬ ਹੈ ਜ਼ਿੰਦਗੀਂ

ਹਾਕਮ ਦਾ ਦਰ ਨਹੀਂ ਹੁੰਦੀ ਜ਼ਿੰਦਗੀਂ
ਦਫ਼ਤਰ ਕੰਮ,ਘਰ ਨਹੀਂ ਹੁੰਦੀ ਜ਼ਿੰਦਗੀਂ
ਮੌਤ ਦਾ ਡਰ ਨਹੀਂ ਹੁੰਦੀ ਜ਼ਿੰਦਗੀਂ
ਜ਼ਖ਼ਮੀ ਜੇਹੇ ਪਰ ਨਹੀਂ ਹੁੰਦੀ ਜ਼ਿੰਦਗੀਂ


ਯੁੱਧ ਲਈ ਸਜਾਉਣੇ ਪੁੱਤ ਜਵਾਬ ਹੈ ਜ਼ਿੰਦਗੀਂ
ਰਾਗ ਨਾਨਕ ਦਾ ਗਾਉਣਾ ਰਬਾਬ ਹੈ ਜ਼ਿੰਦਗੀ


ਜ਼ਮੀਨ ਦੀ ਮਿਣਤੀ ਨੂੰ ਜ਼ਿੰਦਗੀਂ ਨਾ ਕਹੋ
ਘਰਾਂ ਦੀ ਗਿਣਤੀ ਨੂੰ ਜ਼ਿੰਦਗੀਂ ਨਾ ਕਹੋ

ਬਣ ਸਕਦੀ ਹੈ ਜ਼ਿੰਦਗੀਂ ਰੇਤ ਕਣ ਜੋਡ਼ 2
ਸੂਹੇ 2 ਰੰਗ ਸਿਰਜ ਅਰਸ਼ਾਂ ਤੋਂ ਤਾਰੇ ਤੋਡ਼
ਜਾਂ ਜ਼ਿੰਦਗੀਂ ਕਹਿੰਦੇ ਹਨ-
ਸੱਜਰੇ ਸਿਆਡ਼ਾਂ ਚ ਕਿਰੇ ਅਧੂਰੇ ਸੁਪਨਿਆਂ ਨੂੰ ਜਵਾਨ ਹੁਂਦੇ ਤੱਕਣ ਲਈ
ਸਮੁੰਦਰੀ ਤੂਫ਼ਾਨ ਨੂੰ ਠੱਲਣ ਲਈ ਤੇ ਬੇਰਾਂ ਵਰਗੇ ਚਾਵਾਂ ਦੇ ਪੱਕਣ ਲਈ


ਬੁੱਧ ਬਿਨ ਜ਼ਿੰਦਗੀਂ ਨਹੀਂ ਹੁੰਦੀ-
ਯੁੱਧ ਬਿਨ ਜ਼ਿੰਦਗੀਂ ਨਹੀਂ ਹੁੰਦੀ
-



No comments: