Monday, June 06, 2011

ਮਾਮਲਾ ਪੰਜਾਬ ਅਤੇ ਭਗਤ ਸਿੰਘ ਦੀ ਵਿਚਾਰਧਾਰਕ ਤਸਵੀਰ ਦਾ

ਜਦੋਂ ਪ੍ਰੋ:ਪੂਰਨ ਸਿੰਘ ਜੀ ਦਾ ਮੁਖਡ਼ਾ ਸਤਿਗੁਰਾਂ ਵਲ ਨੂੰ ਹੋਇਆ ਤਾਂ ਇਹਨਾਂ ਨੇ ਪੰਜਾਬ ਦੇ ਬੇਪ੍ਰਵਾਹ ਨੌਜਵਾਨਾਂ ਦੀ ਗੱਲ ਕੀਤੀ। ਗੁਰੂ ਦੀ ਗੱਲ ਕੀਤੀ ਤੇ ਪੁਕਾਰ ਉਠੇ “ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾ ਤੇ” ਪੰਜਾਬ ਦੇ ਸਾਰੇ ਗੁਰਸਿੱਖ ਵਿਦਵਾਨ ਇਹੀ ਆਖਣ ਲੱਗੇ ਤਾਂ ਇਹ ਇਕ ਤਰਾਂ ਆਖਾਣ ਹੀ ਬਣ ਗਿਆ। ਆਪ ਨੇ ਲਿਖਿਆ
ਇਹ ਬੇਪ੍ਰਵਾਹ ਪੰਜਾਬ ਦੇ
ਮੌਤ ਨੂੰ ਮਖੌਲਾਂ ਕਰਨ।
ਮਰਨ ਥੀਂ ਨਹੀਂ ਡਰਦੇ
ਜਾਨ ਕੋਹ ਆਪਣੀ ਵਾਰ ਦੇਂਦੇ।
ਪਰ ਟੈਂ ਨਾ ਮੰਨਣ ਕਿਸੇ ਦੀ
ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰ ਕੇ।
ਅਖਡ਼ਖਾਂਦ ਅਲਬੇਲੇ ਧੁਰ ਥੀਂ ਸਤਿਗੁਰਾਂ ਦੇ
ਅਜਾਦ ਕੀਤੇ ਇਹ ਬੰਦੇ।
ਪੰਜਾਬ ਨਾ ਹਿੰਦੂ ਨਾ ਮੁਸਲਮਾਨ
ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ਤੇ।

ਪ੍ਰੋ: ਪੂਰਨ ਸਿੰਘ ਜੀ ਦਾ ਪਿਛੋਕਡ਼ ਸਿੱਖ ਧਰਮ ਨਾਲ ਸਬੰਧਤ ਸੀ। ਪ੍ਰੋ: ਪੂਰਨ ਸਿੰਘ ਨੇ ਮੁਢਲੀ ਸਿਖਿਆ ਮੋਲਵੀਆਂ ਤੇ ਗ੍ਰੰਥੀਆਂ ਤੋਂ ਪ੍ਰਾਪਤ ਕੀਤੀ। ਹਰੀਪੁਰ ਦੇ ਇਕ ਮਿਉਨਸਪਲ ਬੋਰਡ ਤੋਂ ਮਿਡਲ ਸਕੂਲ ਦੀ ਵਿਦਿਆ ਪ੍ਰਾਪਤ ਕੀਤੀ। ਸੰਨ  1897 ਵਿਚ ਆਪ ਨੇ ਰਾਵਲਪਿੰਡੀ ਦੇ ਮਿਸ਼ਨ ਹਾਈ ਸਕੂਲ ਤੋਂ ਮੈਟਰਿਕ ਪਾਸ ਕੀਤੀ। ਇਸ ਤੋਂ ਮਗਰੋਂ ਆਪ ਲਹੌਰ ਆ ਗਏ । ਲਹੌਰ ਡੀ. ਏ. ਵੀ. ਕਾਲਜ ਵਿਚੋਂ ਐਫ. ਏ. ਪਾਸ ਕੀਤੀ। ਜਿਵੇਂ ਕਿ ਆਮ ਸਿੱਖ ਨੌਜਵਾਨ ਬਹੁਮਤ ਦੀ ਦਾਬ ਹੇਠ ਆ ਕੇ ਜਾਂ ਹੀਣ ਭਾਵਨਾ ਵੱਸ ਸਿੱਖੀ ਤੋਂ ਮੂੰਹ ਫੇਰ ਲੈਂਦੇ ਹਨ ਇਵੇਂ ਹੀ ਪ੍ਰੋ: ਪੂਰਨ ਸਿੰਘ ਭੀ ਸਿੱਖੀ ਤੋਂ ਭਗੌਡ਼ੇ ਹੋ ਗਏ ਸਨ। ਉਚੇਰੀ ਵਿਦਿਆ ਦੀ ਪ੍ਰਾਪਤੀ ਲਈ ਆਪ ਜਪਾਨ ਚਲੇ ਗਏ। ਜਪਾਨ ਤੋਂ ਆਪ ਨੇ ਰਸਾਇਣ ਵਿਗਿਆਨ ਦੀ ਡਿਗਰੀ ਹਾਸਲ ਕੀਤੀ। ਜਪਾਨੀ ਸਭਿਆਚਾਰ ਤੋਂ ਪ੍ਰਭਾਵਿਤ ਹੋ ਕੇ ਆਪ ਨੇ ਜਪਾਨੀ ਬੋਲੀ ਸਿੱਖੀ ਅਤੇ ਬੁੱਧ ਧਰਮ ਧਾਰਨ ਕਰ ਲਿਆ। 20 ਸਤੰਬਰ 1902 ਨੂੰ ਟੋਕੀਉ ਯੁਨੀਵਰਸਿਟੀ ਤੋਂ ਫਾਰਮੈਸਿਉ ਐਟੀਕਲ ਕਮਿਸਟਰੀ ਵਿਚ ਦਾਖਲਾ ਲੈ ਲਿਆ। ਇਥੇ ਹੀ ਆਪ ਦਾ ਮੇਲ ਇਕ ਬੇਰਾਗੀ ਸਾਧੂ ਰਾਮ ਤੀਰਥ ਨਾਲ਼ ਮੇਲ ਹੋਇਆ। ਇਸ ਸਬੰਧ ਵਿਚ ਆਪ ਨੇ ਲਿਖਿਆ :
ਉਹ ਬੈਰਾਗੀ ਬੁਲਾਉਦਾ ਰਹਿ ਗਿਆ
ਆਉ ਬੇਠੋ ਆਖਦਾ ।
ਮੈਂ ਨਸ ਖਲੋਤਾ
ਆਯਾ ਆਯਾ ਆਖਦਾ । (ਖੁਲੇ ਮੈਦਾਨ)

ਅਖੀਰ ਆਪ ਬੋਧੀ ਤੋਂ ਬੈਰਾਗੀ ਸਾਧੂ ਬਣ ਗਏ। 1963 ਵਿਚ ਪ੍ਰੋ:ਪੂਰਨ ਸਿੰਘ ਜੀ ਨੇ ਇਕ ਪੱਤਰ ਥੰਡਰਿੰਗ ਡਾਨ ਕੱਢਿਆ। ਵਿਦਿਅਕ ਖੇਤਰ ਵਿੱਚ 28 ਸਤੰਬਰ 1903 ਨੂੰ ਆਪ ਰਸਾਇਣ ਵਿਗਿਆਨ ਦੀ ਉਚ ਡਿਗਰੀ ਮਿਲੀ ਅਤੇ ਵਿਕਟੋਰੀਆ ਡਾਇਮੰਡ ਜੁਬਲੀ ਇਨਸਟੀਚਿਊਟ ਦੇ ਪ੍ਰਿੰਸੀਪਲ ਬਣ ਗਏ। ਸੰਨ 1904 ਵਿਚ ਆਪ ਨੇ ਵਿਆਹ ਕਰਵਾ ਲਿਆ ਅਤੇ ਦੇਹਰਾਦੂਨ ਵਿਖੇ ਪੱਕੇ ਵਸ ਗਏ। ਸਰਕਾਰ ਨੇ ਆਪ ਨੂੰ ਰੇਸ਼ੇ ਪੈਦਾ ਕਰਨ ਲਈ ਜਮੀਨ ਵੀ ਦਿਤੀ ਸੀ। ਸੰਨ
1912 ਦੀ ਗੱਲ ਹੈ ਲਹੌਰ ਵਿਖੇ ਸਿੱਖ ਵਿਦਿਅਕ ਕਾਨਫਰੰਸ ਹੋਈ। ਇਥੇ ਆਪ ਜੀ ਦਾ ਮੇਲ ਭਾਈ ਵੀਰ ਸਿੰਘ ਜੀ ਨਾਲ਼ ਹੋਇਆ। ਇਹਨਾਂ ਦੋਹਾਂ ਰੂਹਾਂ ਦੀ ਇਕ ਬੰਦ ਕਮਰੇ ਵਿਚ 6 ਘੰਟੇ ਦੀ ਮੁਲਾਕਾਤ ਹੋਈ। ਮੀਟਿੰਗ ਤੋਂ ਬਾਅਦ ਆਪ ਅੰਮ੍ਰਿਤ ! ਅੰਮ੍ਰਿਤ !! ਕੂਕਦੇ ਬਾਹਰ ਨਿਕਲੇ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਆਪ ਗੁਰੂ ਵਾਲ਼ੇ ਬਣ ਗਏ। ਖਾਲਸਾ ਸਮਾਚਾਰ ਵਿਚ ਆਪ ਨੇ ਲੇਖ ਲਿਖਣੇ ਸ਼ੁਰੂ ਕਰ ਦਿਤੇ। ਗੁਰਮਤਿ ਦੇ ਗਹਿਨ ਅਧਿਐਨ ਤੋਂ ਬਾਅਦ ਆਪ ਨੂੰ ਪਤਾ ਲਗਿਆ ਕਿ ‘ਖਾਲਸਾ ਮਨੁੱਖਤਾ ਦੀ ਸ਼ਿਖਰ ਹੈ’ ਆਪ ਨੇ ਗੁਰਮਤਿ ਵਾਰੇ ਅੰਗਰੇਜੀ ਵਿੱਚ ਬਹੁਤ ਸਾਹਿਤ ਰਚਿਆ। ਪੰਜਾਬੀ ਵਿੱਚ ਵੀ ਸਾਹਿਤ ਦੀ ਸਿਰਜਨਾ ਕੀਤੀ। ਇਸ ਦੀ ਪੁਸ਼ਟੀ ਆਪ ਨੇ ਇਸ ਤਰ੍ਹਾਂ ਕੀਤੀ “ਪੰਜਾਬੀ ਬੋਲੀ ਮੈਂ ਮਾਂ ਦੇ ਦੁੱਧ ਨਾਲ਼ ਇੰਨੀ ਨਹੀਂ ਸਿੱਖੀ ਹੁਣ ਵੀ ਪੈਂਤੀ ਦੇ ਕਈ ਅੱਖਰ ਮੈਨੂੰ ਲਿਖਣੇ ਨਹੀਂ ਆਉਂਦੇ। ਪਰ ਮੈਂ ਘਰ ਆਇਆ, ਬਾਪੂ ਨੇ ਦਿਲਾਸਾ ਦਿਤਾ । ਉਹ ਗੁਰੂ ਜੀ ਦੀ ਮੇਹਰ ਦਾ ਦਰਵਾਜਾ ਜਿਥੋਂ ਮੈਂ ਨੱਸ ਕੇ ਚਲੇ ਗਿਆ ਸੀ, ਮੁਡ਼ ਲਿਆ, ਮੈਨੂੰ ਅੰਦਰ ਮੁਡ਼ ਦਾਖਲ ਕੀਤਾ ਗਿਆ। ਮੈਂ ਬਖਸਿਆ ਗਿਆ, ਗੁਰੂ ਜੀ ਦੇ ਦੇਸ਼, ਸਿੱਖੀ, ਕੇਸ਼ ਤੇ ਗੁਰੂ ਜੀ ਦੇ ਚਰਨਾ ਦਾ ਪਿਆਰ ਮੁਡ਼ ਮਿਲਿਆ। ਉਸ ਸੁਭਾਗੀ ਘਡ਼ੀ ਗੁਰੂ ਜੀ ਦੇ ਦਰ ਤੇ ਇਕ ਮਹਾਂਪੁਰਖ ਦੇ ਦੀਦਾਰ ਹੋਏ, ਪਰ ਆਪ ਜੀ ਦੀ ਕਿਰਪਾ ਕਟਾਖਯ ਨਾਲ਼ ਪੰਜਾਬੀ ਸਾਹਿਤ ਦਾ ਸਾਰਾ ਬੋਧ ਤੇ ਖਿਆਲ ਦੀ ਉਡਾਰੀ ਆਈ। ਕਵਿਤਾ ਵੀ ਮਿਲੀ ਤੇ ਉਸ ਦੀ ਮੇਹਰ ਦੀ ਨਜ਼ਰ ਵਿਚ, ਉਸੇ ਮਿੱਠੇ ਸਾਧ ਬਚਨ ਵਿਚ ਮੈਨੂੰ ਪੰਜਾਬੀ ਬੋਲੀ ਆਪ ਮੁਹਾਰੇ ਆਈ” (ਖੁੱਲੇ ਲੇਖ) ਆਪ ਜੀ ਦਾ ਪੰਜਾਬੀ ਸਾਹਿਤ ਰਚਨਾ ਕਾਲ 1926 ਤੋਂ ਸੁਰੂ ਹੋਇਆ। ਆਪ ਗੁਰਮਤ ਨੂੰ ਪੂਰਨ ਤੌਰ ਤੇ ਸਮਰਪਤ ਹੋ ਗਏ। ਅਖੀਰ ਆਪ ਗੁਰਮਤ ਪ੍ਰਚਾਰ ਦੇ ਚਮਕਦੇ ਸਿਤਾਰੇ ਬਣੇ। ਅੰਤ 31 ਮਾਰਚ 1931 ਨੁੰ ਆਪ ਅਕਾਲ ਚਲਾਣਾ ਕਰ ਗਏ। 
ਇਕ ਚੰਗੇ ਭਲੇ ਸਿੱਖ ਪਿਛੋਕਡ਼ ਵਾਲੇ 22 ਸਾਲਾ ਨੋਜਵਾਨ ਸਰਦਾਰ ਭਗਤ ਸਿੰਘ ਜੀ ਨੂੰ ਧੱਕੇ ਨਾਲ਼ ਹੀ ਕਮਿਉਨਿਸਟ ਬਣਾਈ ਜਾ ਰਹੇ ਹਨ। ਸਰਦਾਰ ਭਗਤ ਸਿੰਘ ਨਾਲ਼ ਸਬੰਧਤ ਕੋਈ ਦਸਤਾਵੇਜ਼ ਨਹੀਂ ਮਿਲ਼ ਰਿਹਾ ਫਿਰ ਵੀ ਉਹਨਾਂ ਨੂੰ ਮਾਰਕਸਵਾਦ ਨਾਲ਼ ਜੋਡ਼ ਰਹੇ ਹਨ। ਸਰਦਾਰ ਭਗਤ ਸਿੰਘ ਜੀ ਨੇ ਜ੍ਹੇਲ਼ ਵਿੱਚ ਸਾਲ ਡੇਢ ਸਾਲ ਮਾਰਕਸਵਾਦ ਤੇ ਲੈਨਨਵਾਦ ਪਡ਼ਿਆ। ਇਸੇ ਸਬੰਧ ਵਿਚ ਉਸਦੀ ਡਾਇਰੀ ਵਿਚ ਕਿਤੇ-ਕਿਤੇ ਕਿਤਾਬਾਂ ਦੇ ਨੋਟ ਆਦਿ ਹਨ। ਕਾਰਲ ਮਾਰਕਸ 1818 ਨੂੰ ਜਰਮਨੀ ਦੇ ਰਾਈਸਲੈਂਡ ਵਿੱਚ ਯਹੂਦੀ ਪਰਿਵਾਰ ਵਿੱਚ ਜਨਮਿਆ । ਇਸ ਸਮੇਂ ਨੈਪੋਲੀਅਨ ਬੋਨਾਪਾਰਟ ਦਾ ਯੁੱਗ ਖਤਮ ਹੋ ਗਿਆ ਸੀ। ਯੂਰਪ ਵਿੱਚ ਉਦਯੋਗਿਕ ਕ੍ਰਾਂਤੀ ਆ ਗਈ ਸੀ, ਇਸ ਨਾਲ਼ ਪੂਜੀਵਾਦ ਤੇ ਮਜਦੂਰ ਵਰਗ ਪੈਦਾ ਹੋ ਗਿਆ ਸੀ। ਕਾਰਲ ਮਾਰਕਸ ਨੇ ਡਰਲੋ ਯੁਨੀਵਰਸਿਟੀ ਵਿੱਚ ਪਡ਼ਾਈ ਕੀਤੀ ਤੇ 1842 ਵਿੱਚ ਇੱਕ ਅਖਬਾਰ ਵਿੱਚ ਕੰਮ ਕੀਤਾ, ਕਾਰਲ ਮਾਰਕਸ ਦੀ ਲੇਖਣੀ ਕਾਰਨ ਇਹ ਛੇਤੀ ਹੀ ਬੰਦ ਹੋ ਗਿਆ। ਆਪ ਨੂੰ ਦੇਸ਼ ਵੀ ਛੱਡਣਾ ਪਿਆ । ਕਾਰਲ ਮਾਰਕਸ ਫਰਾਂਸ ਚਲਾ ਗਿਆ ਤੇ ਮਜਦੂਰਾਂ ਦੇ ਹੱਕ ਵਿੱਚ ਕੁਝ ਕਰਨਾ ਲੋਚਿਆ, ਪਰ ਫਰਾਂਸ ਵਿੱਚੋਂ ਵੀ ਕੱਢ ਦਿਤਾ ਗਿਆ । ਸੰਨ 1845 ਈ. ਵਿੱਚ ਏਂਜਲਜ ਨਾਲ਼ ਮਿਲ਼ ਕੇ ਬਰੌਸਲਸ ਵਿੱਚ ਕੌਮਿਊਨਿਸਟ ਮੈਨੂਫੈਸਟੋ ਬਣਾਇਆ ਤੇ ਆਪ ਲੰਡਨ ਪਹੁੰਚ ਗਿਆ। ਪਹਿਲਾਂ ਕੇਵਲ ਉਦਯੋਗਿਕ ਮਜਦੂਰ ਹੀ ਮੰਨੇ ਜਾਂਦੇ ਸਨ ਅਤੇ ਇਹਨਾ ਆਪਣੇ ਝੰਡੇ ਵਿੱਚ ਕੇਵਲ ਹਥੌਡ਼ਾ ਹੀ ਰੱਖਿਆ ਸੀ। ਰੂਸ ਵਿੱਚ ਕਮਿਉਨਿਸਟ ਦੇ ਲਾਲ ਝੰਡੇ ਵਿੱਚ ਹਥੌਡ਼ੇ ਨਾਲ਼ ਦਾਤੀ ਨੂੰ ਵੀ ਮਿਲਾਇਆ ਗਿਆ। ਸੰਨ 1888 ਵਿੱਚ ਕਾਰਲ ਮਾਰਕਸ ਦੀ ਮੌਤ ਹੋ ਗਈ ਤੇ ਕਈ ਲਿਖਤਾਂ ਪਿਛੇ ਛੱਡ ਗਿਆ। ਹੈਰਾਨੀ ਦੀ ਗੱਲ ਹੈ ਕਿ ਮਾਰਕਸਵਾਦ ਪੈਦਾ ਯੂਰਪ ਵਿੱਚ ਹੋਇਆ ਤੇ ਲਾਗੂ ਰੂਸ ਵਿੱਚ ਹੋਇਆ, ਰੂਸ ਵਾਲ਼ਿਆਂ ਕੌਮਊਨਿਸਟ ਵਿਚਾਰਧਾਰਾ ਤੋਂ ਤੋਬਾ ਕਰ ਲਈ ਤੇ 1989 ਵਿੱਚ ਰੂਸ ਟੁੱਟ ਗਿਆ। ਹੁਣ ਲੋਕੀ ਮਹਿਸੂਸ ਕਰ ਰਹੇ ਨੇ ਕਿ ਚੀਨ ਵਿੱਚ ਇਹ ਵਿਚਾਰਧਾਰਾ ਪ੍ਰਫੁੱਲਤ ਹੋ ਰਹੀ ਹੈ, ਪਰ ਅਸਲ ਉਹ ਮਾਰਕਸਵਾਦੀ ਵਿਚਾਰਧਾਰਾ ਨਹੀਂ ਉਹ ਇੱਕ ਮਿਲਗੋਭਾ ਜਿਹਾ ਹੈ। ਚੀਨ ਦੇ ਲਾਲ ਝੰਡੇ ਵਿਚ 4 ਛੋਟੇ ਸਿਤਾਰੇ ਹਨ, ਇਕ ਵੱਡਾ ਸਿਤਾਰਾ ਹੈ। ਛੋਟੇ ਸਿਤਾਰੇ; ਉਦਯੋਗਿਕ ਮਜਦੂਰ, ਖੇਤ ਮਜਦੂਰ, ਦੁਕਾਨਦਾਰ ਛੋਟੇ ਤੇ ਫੁਟਕਲ ਮਜਦੂਰਾਂ ਦੀ ਪ੍ਰਤੀਨਿਧਤਾ ਕਰਦੇ ਹਨ, ਜਦਕਿ ਵੱਡਾ ਸਿਤਾਰਾ ਚੀਨ ਦੇਸ਼ ਦੇ ਦੇਸ਼ ਭਗਤ ਪੂੰਜੀਪਤੀਆਂ ਦੀ ਪ੍ਰਤੀਨਿਧਤਾ ਕਰਦਾ ਹੈ ।
ਸਰਦਾਰ ਭਗਤ ਸਿੰਘ ਨੂੰ ਤਕਰੀਬਨ ਮਾਰਕਸਵਾਦ ਅਤੇ ਲੈਨਿਨਵਾਦ ਦਾ ਸਹਿਤ ਹੀ ਪਡ਼ਨ ਨੂੰ ਦਿਤਾ ਗਿਆ। ਇਹ ਸਾਹਿਤ ਭੀ ਉਸਨੇ ਤਕਰੀਬਨ ਜੇਲ਼ ਵਿਚ ਹੀ ਪਡ਼ਿਆ ਸੀ। ਅਸਲ ਵਿੱਚ ਸਰਦਾਰ ਭਗਤ ਸਿੰਘ ਜੀ ਦੀ ਜ਼ਿੰਦਗੀ ਨੂੰ ਪਲਟਾਣ ਵਾਲ਼ੇ ਭਾਈ ਰਣਧੀਰ ਸਿੰਘ ਜੀ ਹੀ ਸਨ।
ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਜਨਮ 7-07-1878 ਨੂੰ ਹੋਇਆ ਅਤੇ 16 ਅਪ੍ਰੈਲ 1961 ਨੂੰ ਅਕਾਲ ਚਲਾਣਾ ਕਰ ਗਏ। ਭਾਈ ਸਾਹਿਬ ਜੀ ਦੇ ਪਿਤਾ ਸਰਦਾਰ ਨੱਥਾ ਸਿੰਘ ਜੀ ਨਾਭਾ ਹਾਈ ਦੇ ਜੱਜ ਸਨ। ਭਾਈ ਸਾਹਿਬ ਜੀ ਨੇ ਬੀ.ਏ. ਤੱਕ ਵਿਦਿਆ ਪ੍ਰਾਪਤ ਕੀਤੀ ਅਤੇ ਤਹਿਸੀਲਦਾਰ ਬਣ ਗਏ। 09 ਮਈ 1915 ਨੂੰ ਇਕ ਬਗਾਵਤ ਦੇ ਕੇਸ ਵਿਚ ਇਕ ਨਾਭੇ ਨਜਰਬੰਦ ਹੋ ਗਿਆ, ਤੇ ਆਪ ਨੂੰ 17-06-1915 ਨੂੰ ਲੁਧਿਆਣੇ ਲਿਆਂਦਾ ਗਿਆ। ਤਾਰੀਖ 30 ਮਾਰਚ  1916 ਨੂੰ ਬਗਾਵਤ ਦੇ ਕੇਸ ਦਾ ਫੈਸਲਾ ਇਸ ਤਰਾਂ ਹੋਇਆ: “ਤੇਰੇ ਉਤੇ ਬਗਾਵਤ ਦਾ ਜ਼ੁਲਮ ਸਾਬਤ ਹੋ ਗਿਆ ਹੈ। ਇਸ ਲਈ ਤੈਨੂੰ ਫਾਂਸੀ ਜਾਂ ਉਮਰ ਕੈਦ ਦੀ ਸਜਾ ਅਤੇ ਜਾਇਦਾਦ ਦੀ ਜਬਤੀ ਦਾ ਹੁਕਮ ਮਿਲਦਾ ਹੈ”। ਇਸ ਜ਼ੁਰਮ ਹੇਠ ਆਪ 16 ਸਾਲਾਂ ਦੇ ਅਰਸੇ ਦੌਰਾਨ  ਆਪ ਵੱਖ ਵੱਖ ਜੇਲ੍ਹਾਂ ਵਿਚ ਰਹੇ। ਇਹਨਾਂ ਦੇ ਸੱਚੇ ਹੋਣ ਦਾ ਲੋਹਾ ਹਰ ਜੇਲ੍ਹ ਅਧਿਕਾਰੀ ਨੇ ਮੰਨਿਆ। ਇਹਨਾਂ 16 ਸਾਲ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਕਿਸੇ ਬੇ-ਅੰਮ੍ਰਿਤੀਏ ਹਥੋਂ ਅੰਨ ਜਲ ਨਹੀਂ ਛੱਕਿਆ । ਚਾਲੀ ਚਾਲੀ ਦਿਨ ਆਪ ਨੇ ਭੁੱਖ ਹਡ਼ਤਾਲ਼ ਰੱਖੀ। ਇਹ ਸਾਰਾ ਸਮਾਂ ਆਪ ਨੇ ਗੁਰੂ ਦੀ ਬਾਣੀ ਗਾਉਂਦਿਆਂ ਕੱਢਿਆ। ਇਹਨਾਂ ਕਰਕੇ ਸਰਕਾਰ ਨੂੰ ਜੇਹਲ ਦੇ ਨਿਯਮ ਤਕ ਬਦਲਣੇ ਪਏ। ਕੁਝ ਹਿੰਦੂ ਦਰੋਗਿਆਂ ਨੇ ਆਪ ਦਾ ਅੰਮ੍ਰਿਤ ਭੰਗ ਕਰਨ ਦਾ ਪੂਰਾ ਤਾਣ ਲਗਾਇਆ । ਇਹ ਦਰੋਗੇ ਸਨ ਮੁਲਤਾਨ ਜੇਹਲ ਦਾ ‘ਸਦਾਨੰਦਜਹਾਰੀ ਬਾਗ ਦਾ ਪੰਡਤ ‘ਵਧਾਵਾ ਰਾਮ’ ਅਤੇ ਨਾਗਪੁਰ ਜੇਹਲ ਦਾ ‘ਨੀਲ ਕੰਠ ਸੂਰੀਆ ਨਾਰਾਇਣ ਜਟਾਰ’।
16-05-1930 ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਗਪੁਰ ਜੇਹਲ ਤੋਂ ਲਹੋਰ ਸੈਂਟਰਲ ਜੇਹਲ ਆ ਗਏ। ਇਥੇ ਹੀ ਸਰਦਾਰ ਭਗਤ ਸਿੰਘ ਨਜਰਬੰਦ ਸਨ ਅਤੇ ਫਾਂਸੀ ਦੀ ਉਡੀਕ ਕਰ ਰਹੇ ਸਨ। ਭਗਤ ਸਿੰਘ ਤੇ ਭਾਈ ਰਣਧੀਰ ਸਿੰਘ ਜੀ ਦਾ ਮੇਲ ਵਰਜਿਤ ਸੀ। ਸਰਦਾਰ ਭਗਤ ਸਿੰਘ ਜੀ ਨੇ ਬਾਬਾ ਚੂਹਡ਼ ਸਿੰਘ ਰਾਹੀਂ ਇਕ ਚਿੱਠੀ ਭੇਜੀ ਕਿ ਉਹ ਭਾਈ ਸਾਹਿਬ ਨੂੰ ਮਿਲਣਾ ਚਾਹੁੰਦੇ ਹਨ। ਭਾਈ ਸਾਹਿਬ ਨੇ ਕਿਹਾ ਕਿ ਭਗਤ ਸਿੰਘ ਦੇ ਕੇਸ ਕਤਲ ਕੀਤੇ ਹਨ ਇਸ ਲਈ ਉਹ ਨਹੀਂ ਮਿਲਣਾ ਚਾਹੁੰਦੇ। ਭਗਤ ਸਿੰਘ ਹੈਰਾਨ ਹੋ ਗਿਆ ਕਿ ਸਾਰਾ ਹਿੰਦੂਸਤਾਨ ਉਸ ਦੀ ਜੈ ਜੈ ਕਾਰ ਕਰ ਇਹਾ ਹੈ, ਇਹ ਰਣਧੀਰ ਸਿੰਘ ਕਹਿੰਦਾ ਕਿ ਕੇਸ ਕੱਟੇ ਹੋਣ ਕਾਰਨ ਮਿਲਣਾ ਨਹੀਂ। ਭਗਤ ਸਿੰਘ ਨੇ ਫਿਰ ਸੁਨੇਹਾ ਭੇਜਿਆ,(ਜ੍ਹੇਲ ਚਿੱਠੀਆਂ ਅਨੁਸਾਰ),“ਉਹ ਜੋ ਕੁਝ ਕਹਿਣਗੇ ਮੈਂ ਮੰਨਾਂਗਾ, ਪਰ ਉਹ ਮੈਨੂੰ ਮਿਲਣ ਜ਼ਰੂਰ”। ਜਗਮੋਹਨ ਸਿੰਘ ਜੀ ਨੇ ਇਸ ਦੀ ਪੁਸ਼ਟੀ ਇਸ ਤਰਾਂ ਕੀਤੀ ਹੈ, “ਮੈਂ ਸਿੱਖੀ ਦੀ ਬੰਦ ਬੰਦ ਕਟਾਉਣ ਦਾ ਕਾਇਲ ਹਾਂ, ਅਜੇ ਤਾਂ ਮੈਂ ਇਕ ਬੰਦ (ਕੇਸ) ਕਟਾਇਆ ਹੈ। ਉਹ ਵੀ ਪੇਟ ਲਈ ਨਹੀਂ ਦੇਸ਼ ਲਈ, ਤੇ ਜਲਦੀ ਹੀ ਗਰਦਨ ਵੀ ਕਟਵਾਵਾਂਗਾ । ਇਕ ਸਿੱਖ ਦੀ ਤੰਗ ਨਜ਼ਰੀ ਤੇ ਤੰਗ ਦਿਲੀ ਦਾ ਗਿਲਾ ਜ਼ਰੂਰ ਰਹੇਗਾ”। ਅਖੀਰ ਇਹਨਾਂ ਦੋਹਾਂ ਪਵਿਤਰ ਰੂਹਾਂ ਨੇ ਇਕ ਦੂਜੇ ਨੂੰ ਮਿਲਣ ਦਾ ਮਨ ਬਣਾ ਲਿਆ।
4 ਅਕਤੂਬਰ 1930 ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਰਿਹਾਈ ਦਾ ਦਿਨ ਸੀ । ਸਰਕਾਰ ਇਹਨਾਂ ਦੀ ਰਿਹਾਈ ਚੁੱਪ-ਚਾਪ ਕਰ ਦੇਣਾ ਚਾਹੁੰਦੀ ਸੀ । ਰਿਹਾਈ ਵੀ ਸੂਰਜ ਛਿਪਣ ਤੋਂ ਬਾਅਦ ਇਕੱਲਿਆਂ ਕੱਢਣਾ ਚਾਹੁੰਦੀ ਸੀ। ਸੰਗਤ ਦੇ ਇਕੱਠ ਤੋਂ ਅੰਗਰੇਜ ਸਰਕਾਰ ਘਬਰਾਈ ਹੋਈ ਸੀ । ਸਰਕਾਰ ਨੂੰ ਇਹੀ ਹੱਲ ਲੱਭਿਆ ਕਿ 6 ਵਜੇ ਤੋਂ ਬਾਅਦ ਭਗਤ ਸਿੰਘ ਤੇ ਭਾਈ ਸਾਹਿਬ ਦੀ ਮਿਲਣੀ ਕਰਵਾ ਦਿਤੀ ਜਾਵੇ । ਇਹਨਾਂ ਦੀ ਮਿਲਣੀ ਹੋਈ । ਭਗਤ ਸਿੰਘ ਨੇ ਸਾਫ ਮੰਨਿਆ ਕਿ ਹਿੰਦੋਸਤਾਨ ਵਿਚ ਪ੍ਰਸਿਧੀ ਲੈਣ ਵਾਸਤੇ ਹੀ ਉਹਨਾਂ ਨੇ ਕੇਸਾਂ ਦਾ ਕਤਲ ਕਰਵਾਇਆ ਹੈ । ਭਾਈ ਸਾਹਿਬ ਨੇ ਸਿੰਘਾਂ ਦੀਆਂ ਸ਼ਹੀਦੀਆਂ, ਭਾਈ ਤਾਰੂ ਸਿੰਘ ਦੀ ਸਾਖੀ, ਗੁਰੂ ਅਰਜਨ ਦੇਵ ਜੀ ਦੀ ਸਾਖੀ, ਗੁਰੂ ਤੇਗ ਬਹਾਦਰ ਜੀ ਦੀ ਸਾਖੀ, ਸਾਹਿਬਜਾਦਿਆਂ ਦੀ ਸਾਖੀ ਸੁਣਾਈ । ਸਰਦਾਰ ਭਗਤ ਸਿੰਘ ਦੇ ਮਨ ਨੇ ਪਲਟਾ ਖਾਧਾ ।
ਇਹ ਢਾਈ ਤਿੰਨ ਘੰਟੇ ਦੀ ਵਾਰਤਾਲਾਪ ਦਾ ਜੋ ਅਸਰ ਹੋਇਆ ਉਹ ਭਾਈ ਸਾਹਿਬ ਨੇ ਜੇਹਲ ਚਿੱਠੀਆਂ ਵਿਚ ਲਿਖਿਆ ਹੈ, ਜੋ ਕਿ ਇਸ ਪ੍ਰਕਾਰ ਹੈ : “ਸੋ ਆਪ ਨੂੰ ਇਸ ਤੋਂ ਅਧਿਕ ਸੱਚੀ ਖੁਸ਼ੀ ਨਹੀਂ ਹੋਵੇਗੀ ਕਿ ਅੱਜ ਤੋਂ ਆਪ ਦਾ ਪਿਆਰਾ ਭਗਤ ਸਿੰਘ ਆਤਮ ਜੀਵਨੀ ਆਸਤਕ ਭਗਤ ਸਿੰਘ ਹੈ ਅਤੇ ਆਤਮਕ ਨਿਸਚੇ ਨੂੰ ਨਿਸਚਿਤ ਕਰਦਾ ਹੋਇਆ ਹੀ ਜਾਨ ਦੇਵੇਗਾ ਅਤੇ ਹੁਣ ਆਪ ਨੂੰ ਭਰੋਸਾ ਦੁਆਉਂਦਾ ਹੈ ਕਿ ਅੱਜ ਤੋਂ ਆਪਣਾ ਦਾਡ਼ਾ ਕੇਸ ਕਦੇ ਨਹੀਂ ਕਟਾਵਾਂਗਾ ਅਤੇ ਸਿੱਖ ਨਿਸਚੇ ਵਿਚ ਆਤਮ ਔਜੀ ਚਡ਼ਾਈ ਕਰੇਗਾ”। (ਜੇਲ੍ਹ ਚਿੱਠੀਆਂ ਪੰਨਾ 456) ਇਸ ਤੋਂ ਵਧੀਆ ਤੇ ਸੱਚੀ ਗਵਾਹੀ ਸਾਨੂੰ ਹੋਰ ਕਿਧਰਿਉਂ ਭੀ ਨਹੀਂ ਮਿਲ਼ ਸਕੇਗੀ । ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਇਹ ਪੁਸਤਕ ਜੇਲ੍ਹ ਚਿੱਠੀਆਂ ਬਾਰੇ ਪ੍ਰਸਿਧ ਹਸਤੀ ਭਾਈ ਵੀਰ ਸਿੰਘ ਨੇ ਆਪਣੀ ਅਮੋਲਕ ਰਾਇ 29-05-1936 ਨੂੰ ਦਿਤੀ ਸੀ, ਜੋ ਕਿ ਪੁਸਤਕ ਵਿਚ ਅੰਕਤ ਹੈ । ਸਰ ਜੋਗਿੰਦਰ ਸਿੰਘ ਜੀ ਵਜੀਰ ਖੇਤੀਬਾਡ਼ੀ ਮੰਤਰੀ ਪੰਜਾਬ ਨੇ ਭੀ ਆਪਣੀ ਅਮੋਲਕ ਰਾਇ 15-05-1936 ਵਿਚ ਦਿਤੀ ਹੈ । ਭਾਈ ਸਾਹਿਬ ਜੀ ਦੀ ਸਚਾਈ ਦਾ ਲੋਹਾ ਅੰਗਰੇਜ਼ ਸਰਕਾਰ ਨੇ ਵੀ ਮੰਨਿਆ ਹੈ। 

ਲੇਖਕ:ਗੁਰਮੇਲ ਸਿੰਘ ਖਾਲਸਾ

ਸਰਦਾਰ ਭਗਤ ਸਿੰਘ ਦੇ ਫਾਂਸੀ ਲਗਣ ਪਿਛੋਂ ਅਖ਼ਬਾਰਾਂ ਵਿੱਚ ਇਹ ਸਿਲਸਿਲਾ ਛਿਡ਼ਿਆ ਸੀ ਕਿ ਉਸਦਾ ਨਿਸਚਾ ਸਿੱਖੀ ਵਿੱਚ ਸੀ । ਕਸੂਰ ਦੇ ਗ੍ਰੰਥੀ ਭਾਈ ਨੱਥਾ ਸਿੰਘ ਦਾ ਬਿਆਨ ਅਖ਼ਬਾਰਾਂ ਵਿੱਚ ਛਪਿਆ ਸੀ ਕਿ ਸੰਸਕਾਰ ਵੇਲ਼ੇ ਭਗਤ ਸਿੰਘ ਦੇ ਕੇਸ਼ ਸਨ । ਸਰਕਾਰ ਨੇ ਵੀ ਐਲਾਨ ਕੀਤਾ ਸੀ ਕਿ ਉਸਦਾ ਮ੍ਰਿਤਕ ਸੰਸਕਾਰ ਸਿੱਖ ਧਰਮ ਅਨੁਸਾਰ ਕਰਵਾਇਆ ਗਿਆ ਸੀ । ਬੰਬਈ ਦੇ ਬਲਟਿਜ਼ ਅਖ਼ਬਾਰ ਦੇ 26-03-1949 ਦੇ ਪਰਚੇ ਵਿੱਚ ਭਗਤ ਸਿੰਘ ਦਾ ਕੇਸਾਂ ਵਾਲਾ ਫੋਟੋ ਛਪਿਆ ਸੀ ਜਿਸ ਦਾ ਬਲਾਕ ਪੁਸਤਕ ਜੇਲ੍ਹ ਚਿਠੀਆਂ ਪੰਨਾ 457 ਤੇ ਛਪਿਆ ਹੋਇਆ ਹੈ (ਇਹ ਤਸਵੀਰ ਨੰਗੇ ਸਿਰ ਜੂਡ਼ੇ ਵਾਲੀ ਮੰਜੀ ਤੇ ਬੈਠੇ ਦੀ ਹੈ ) ਇਹ ਫੋਟੋ ਭਗਤ ਸਿੰਘ ਜੀ ਦੇ ਫਾਂਸੀ ਲਗਣ ਤੋਂ ਕੁਝ ਚਿਰ ਪਹਿਲਾਂ ਦਿੱਲੀ ਦੇ ਸੱਜਣ ਸ਼ਾਮ ਲਾਲ ਨੇ ਖਿੱਚਿਆ ਸੀ । ਇਹ ਤੋਂ ਸਾਫ ਪਤਾ ਲਗਦਾ ਹੈ ਕਿ ਭਾਈ ਸਾਹਿਬ ਦੇ ਬਚਨਾ ਦੇ ਅਸਰ ਕਰਕੇ ਭਗਤ ਸਿੰਘ ਸਿੱਖ ਨਿਸਚੇ ਵਿੱਚ ਆ ਕੇ ਕੇਸ਼ਾਧਾਰੀ ਹੋਇਆ ਸੀ” ( ਫੁੱਟ ਨੋਟ ਪੁਸਤਕ ਜੇਲ੍ਹ ਚਿੱਠੀਆਂ ਪੰਨਾ 457 )
ਜਿਵੇਂ ਸੰਸਾਰ ਪ੍ਰਸਿਧ ਮੋਨਾਲਿਜ਼ਾ ਦੀ ਫੋਟੋ ‘ਵਿੰਚੀ ਕੋਡ’ ਵਿਚ ਹੈ ਅਤੇ ਬੁੱਧੀਜੀਵੀਆਂ ਨੇ ਇਸ ਕੋਡ ਤੋਂ ਪਰਦਾ ਲਾਹ ਕੇ ਬਹੁਤ ਸਾਰੇ ਭੇਦ ਪ੍ਰਗਟ ਕੀਤੇ ਹਨ । ਇਸੇ ਤਰ੍ਹਾਂ ਸਰਦਾਰ ਭਗਤ ਸਿੰਘ ਜੀ ਦੀ ਇਸ ਤਸਵੀਰ ਵਿਚੋਂ ਭੀ ਸਿੱਖ ਪੰਥ ਦੀ ਕਹਾਣੀ ਪ੍ਰਗਟ ਹੁੰਦੀ ਹੈ, ਅਗਰ ਸਰਦਾਰ ਭਗਤ ਸਿੰਘ ਦੀ ਠੀਕ ਤਰੀਕੇ ਖੋਜ਼ ਕੀਤੀ ਜਾਵੇ ਤਾਂ ਸਾਡਾ ਅੱਜ ਦਾ ਨੌਜਵਾਨ ਜੋ ਘੋਨ ਮੋਨ ਹੋਇਆ, ਨਸ਼ਿਆਂ ਵਿੱਚ ਗਡ਼ੁੱਚ ਹੋਇਆ ਫਿਰਦਾ ਹੈ ਸਿੱਖ ਧਰਮ ਦੀ ਮੁੱਖ ਧਾਰਾ ਵਿੱਚ ਆ ਜਾਵੇਗਾ । ਇਸ ਕੰਮ ਲਈ ਸਾਡੇ ਸਿੱਖੀ ਨੂੰ ਪ੍ਰਣਾਏ ਵਿਦਵਾਨਾਂ ਨੂੰ ‘ਰਾਨਾ ਡੇ’ ਅਤੇ ‘ਰਵਿੰਦਰ ਨਾਥ’ ਦੀਆਂ ਉਹਨਾ ਰਚਨਾਵਾਂ ਨੂੰ ਧਿਆਨ ਨਾਲ਼ ਘੋਖਣਾ ਪਵੇਗਾ ਜਿਹਡ਼ੀਆਂ ਉਹਨਾਂ ਸਿੱਖਾਂ ਨਾਲ਼ ਸਬੰਧਤ ਲਿਖੀਆਂ ਸਨ। ਸਾਡੇ ਅਜੋਕੇ ਰਾਜਨੀਤਕ ਨੇਤਾਵਾਂ ਨੂੰ ਤਾਂ ਸਾਡਾ ਨੌਜਵਾਨ ਘੋਨ-ਮੋਨ ਅਤੇ ਨਸ਼ਿਆਂ ਵਿੱਚ ਗਡ਼ੁਚ ਹੀ ਸੂਤ ਬੈਠਦਾ ਹੈ।
ਸਰਦਾਰ ਭਗਤ ਸਿੰਘ ਜੀ ਦੀ ਅੰਤਮ ਇੱਛਾ ਅੰਮ੍ਰਿਤ ਛੱਕਣ ਦੀ ਸੀ ਜਾਂ ਫਿਰ ਪੁਰਾਤਨ ਸਿੰਘ ਸੂਰਮਿਆਂ ਵਾਂਗ ਬੰਦ-ਬੰਦ ਕਟਵਾ ਕੇ ਸ਼ਹੀਦ ਹੋਣ ਦੀ। ਅੰਗਰੇਜ ਸਰਕਾਰ ਨੇ ਬੰਦ-ਬੰਦ ਤਾਂ ਕਟ ਦਿਤਾ ਪਰ ਸਰਦਾਰ ਭਗਤ ਸਿੰਘ ਨੂੰ ਅੰਮ੍ਰਿਤ ਨਹੀਂ ਛਕਾਇਆ। ਅੱਜ ਅਸੀਂ ਅਜਾਦ ਹਾਂ ? ਭਾਈ ਬਲਵੰਤ ਸਿੰਘ ਜੀ ਰਾਜੋਆਣਾ ਜਿਹਨਾਂ ਨੂੰ ਫਾਂਸੀ ਦੀ ਸਜਾ ਹੋਈ ਹੈ ਉਹਨਾਂ ਨੇ ਆਪਣੀ ਅੰਤਮ ਇੱਛਾ ਅੰਮ੍ਰਿਤ ਛਕਣ ਦੀ ਪ੍ਰਗਟ ਕੀਤੀ ਹੈ। ਇਹਨਾ ਨੂੰ ਅੰਮ੍ਰਿਤ ਨਹੀੰ ਛਕਾਇਆ ਜਾ ਰਿਹਾ। ਇਹਨਾਂ ਨੂੰ ਪਤਾ ਹੈ ਕਿ ਪਡ਼ਿਆਂ ਲਿਖਿਆਂ ਦਾ ਅੰਮ੍ਰਿਤ ਛਕਣਾ ਇਕ ਇਨਕਲਾਬ ਹੈ।
ਸਰਦਾਰ ਭਗਤ ਸਿੰਘ ਦੇ ਪੂਰਨਿਆਂ ਤੇ ਚੱਲਣ ਵਾਲ਼ੇ ਸੰਮੂਹ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਅੱਛੀ ਵਿਦਿਆ ਪ੍ਰਾਪਤ ਕਰਕੇ, ਗੁਰੂ ਵਾਲ਼ੇ ਬਣ ਕੇ ਸੰਘਰਸ਼ ਕਰਨ ਤਾਂ ਸਫਲਤਾ ਉਹਨਾ ਦੇ ਪੈਰ ਚੁੰਮੇਗੀ ਅਤੇ ਸਰਦਾਰ ਭਗਤ ਸਿੰਘ ਜੀ ਨੂੰ ਸੱਚੀ ਸਰਧਾਂਜਲੀ ਹੋਵੇਗੀ। ਨੌਜਵਾਨੋ ! ਗੁਰੂ ਵਲ ਨੂੰ ਮੋਡ਼ਾ ਪਾ ਲਵੋ। ਗੁਰੂ ਤੋਂ ਬਗੈਰ ਸਾਡੀ ਮੌਤ ਹੈ। ਪ੍ਰੌ.ਪੂਰਨ ਸਿੰਘ ਜੀ ਨੇ ਸੱਚ ਕਿਹਾ ਹੈ : ‘ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਂ ਤੇ’...
ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਂ ਤੇ’ --ਗੁਰਮੇਲ ਸਿੰਘ ਖਾਲਸਾ (ਗਿਆਸਪੁਰਲ਼ੁਧਿਆਣਾ ਲੇਖਕ:ਗੁਰਮੇਲ ਸਿੰਘ ਖਾਲਸਾ


ਸੰਪਾਦਕੀ ਟਿੱਪਣੀ: 
ਟੋਪੀਆਂ ਵਾਲੇ, ਟੋਪਾਂ ਵਾਲੇ, ਜੂੜਿਆਂ ਵਾਲੇ ਅਤੇ ਪੱਗਾਂ ਵਾਲੇ ਅੱਜ ਵੀ ਬਹੁਤ ਹਨ ਪਰ ਭਗਤ ਸਿੰਘ ਕਿੱਥੇ ਹੈ ? ਅਸਲ ਵਿੱਚ ਭਗਤ ਸਿੰਘ ਦੀ ਸ਼ਖਸੀਅਤ ਉਸਦੇ ਵਿਚਾਰਾਂ ਬਿਨਾ ਨਾਂ ਪੂਰੀ ਹੋ ਸਕਦੀ ਹੈ ਤੇ ਨਾਂ ਹੀ ਸਪਸ਼ਟ. ਉਹ ਹਰ ਉਸ ਇਨਸਾਨ ਵਿੱਚ ਅੱਜ ਵੀ ਮੌਜੂਦ ਹੈ ਜਿਹੜਾ ਉਹਨਾਂ ਵਿਚਾਰਾਂ ਉੱਤੇ ਅੱਜ ਵੀ ਉਸੇ ਸ਼ਿੱਦਤ ਨਾਲ ਤੁਰਨ  ਲਈ ਤਿਆਰ ਹੈ. ਭਗਤ ਸਿਓੰਘ ਵਾਂਗ ਹੀ ਲੋਕ ਹਿਤਾਂ ਲਈ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਰੂਪਾਂ ਸਰੂਪਾਂ ਵਿੱਚ ਬਹੁਤ ਕੁਝ ਕੀਤਾ ਜਿਸ ਨੂੰ ਅੱਜ ਵੀ ਬੜੇ ਹੀ ਫਖਰ ਨਾਲ ਯਾਦ ਕੀਤਾ ਜਾਂਦਾ ਹੈ ਇਸੇ ਤਰਾਂ ਆਪਣੇ ਹੀ ਲੋਕਾਂ ਨਾਲ ਗਦਾਰੀਆਂ ਵਰਗੇ ਸ਼ਰਮਨਾਕ ਕੁਕਰਮ ਵੀ ਬਹੁਤ ਸਾਰੇ ਲੋਕਾਂ ਨੇ ਕੀਤੇ ਜਿਹਨਾਂ ਦੇ ਰੂਪ ਸਰੂਪ ਬਹੁਤ ਹੀ ਸਨਮਾਨਿਤ ਸਨ. ਉਹਨਾਂ ਨੂੰ ਨੂੰ ਬੜੀ ਨਫਰਤ ਨਾਲ ਯਾਦ ਕੀਤਾ ਜਾਂਦਾ ਹੈ. ਸ਼ਹੀਦ ਦੇ ਵਿਚਾਰਾਂ, ਮਕਸਦ ਅਤੇ ਕੁਰਬਾਨੀ ਵਾਲੀ ਭਾਵਨਾ ਨੂੰ ਅੱਖੋਂ ਪਰੋਖੇ ਕਰਕੇ ਕੀਤਾ ਗਿਆ ਕੋਈ ਵੀ ਵਾਵੇਲਾ ਸਿਰਫ ਸ਼ਹੀਦਾਂ ਦੇ ਅਕਸ ਨੂੰ ਧੁੰਦਲਾ ਕਰਨ ਵਾਲਿਆਂ ਲਈ ਸਹਾਇਕ ਸਾਬਿਤ ਹੁੰਦਾ ਹੈ. ਅਖੀਰ ਵਿੱਚ ਪ੍ਰੋਫੈਸਰ ਚਮਨ ਲਾਲ ਹੁਰਾਂ ਵੱਲੋਂ  ਪ੍ਰਗਟਾਈ ਗਈ ਇਹੀ ਚਿੰਤਾ ਕਿ ਕੋਈ ਭਗਤ ਸਿੰਘ ਦੀ ਅਸਲ ਤਸਵੀਰ ਕਿਓਂ ਨਹੀਂ ਲਈ ਕੇ ਆਉਂਦਾ ???? ਇਸ ਬਾਰੇ ਪੂਰੀ ਪੋਸਟ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ....! 


"ਕੋਈ ਭਗਤ ਸਿੰਘ ਦੀ ਅਸਲ ਤਸਵੀਰ ਅੱਗੇ ਨਹੀ ਲੈ ਕੇ ਆਓਂਦਾ"


ਨੋਟ: ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਭੇਜੋ ਜੇ ਤੁਹਾਡੇ ਵਿਚਾਰਾਂ ਨਾਲ ਸਾਡੀ ਕੋਈ ਸਹਿਮਤੀ ਨਾ ਹੋਈ ਤਾਂ ਵੀ ਵਿਚਾਰਕ ਸੁਤੰਤ੍ਰਤਾ ਦਾ ਸਨਮਾਨ ਕਰਦਿਆਂ ਉਹਨਾਂ ਨੂੰ ਯੋਗ ਥਾਂ ਜ਼ਰੂਰ ਦਿੱਤੀ ਜਾਏਗੀ. 

No comments: