Tuesday, May 24, 2011

ਮੁੰਬਈ ਵਿੱਚ ਕੀਤਾ ਗਿਆ 85 ਕਲਾਕਾਰਾਂ ਦਾ ਸਨਮਾਣ

ਪੰਜਾਬ ਸਰਕਾਰ ਦਾ ਮਾਣਮੱਤਾ ਕਦਮ:ਪੰਜਾਬੀ ਅਕਾਦਮੀ ਦੀ ਕੀਤੀ ਜਾਵੇਗੀ ਸਥਾਪਨਾ 
ਚੰਡੀਗਡ਼੍ਹ:ਪੰਜਾਬ ਸਰਕਾਰ ਨੇ ਬੀਤੀ ਸ਼ਾਮ ਮੁੰਬਈ ਦੀ ਧਰਤੀ ‘ਤੇ ਇਕ ਸ਼ਾਨਦਾਰ ਸਮਾਗਮ ਵਿਰਸਾ-2011 ਦਾ ਆਯੋਜਨ ਕਰਦਿਆਂ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ  ਵਿਰਸੇ ਨੂੰ  ਦੁਨੀਆ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਵਿਚ ਬਾਲੀਵੁੱਡ ਅਤੇ ਸਮੁੱਚੇ ਮਨੋਰੰਜਨ ਜਗਤ ਦੀ ਭੂਮਿਕਾ ਨੂੰ ਮਾਨਤਾ ਦਿੰਦਿਆਂ ਉੱਘੇ ਪੰਜਾਬੀ ਕਲਾਕਾਰਾਂ ਅਤੇ ਫਿਲਮਸਾਜ਼ਾਂ ਨੂੰ ਸਨਮਾਨਿਤ ਕੀਤਾ। ਪੰਜਾਬ ਸਰਕਾਰ ਵਲੋਂ ਰਾਜ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ  ਸੇਵਾ ਸਿੰਘ ਸੇਖਵਾਂ ਨੇ ਯਸ਼ ਚੋਪਡ਼ਾ, ਓਮ ਪੁਰੀ, ਦਾਰਾ ਸਿੰਘ, ਪ੍ਰੇਮ ਚੋਪਡ਼ਾ, ਗੁਲ ਪਨਾਗ, ਪੂਨਮ ਢਿੱਲੋਂ, ਰਮਾ ਵਿਜ ਅਤੇ ਮਨਮੋਹਨ ਸਿੰਘ, ਜਸਪਿੰਦਰ ਨਰੂਲਾ, ਸੋਨੂੰ ਸੂਦ, ਨੀਰੂ ਬਾਜਵਾ, ਦਿਵਿਆ ਦੱਤਾ, ਭੁਪਿੰਦਰ-ਮਿਤਾਲੀ ਅਤੇ ਨਵਨੀਤ ਨਿਸ਼ਾ ਸਮੇਤ 85  ਉੱਘੇ ਪੰਜਾਬੀਆਂ ਨੂੰ  ਉਨ੍ਹਾਂ ਦੀ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਪ੍ਰਚਾਰ ਅਤੇ ਪਸਾਰ ਵਿਚ ਭੂਮਿਕਾ ਲਈ ਵਿਸ਼ੇਸ਼ ਐਵਾਰਡ ਦਿੱਤੇ ।  ਪੰਜਾਬ ਭਾਸ਼ਾ ਵਿਭਾਗ ਵਲੋਂ ਕਰਵਾਏ ਗਏ ਆਪਣੇ 29ਵੇਂ ਸਰਬ ਭਾਰਤੀ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਵਿਰਸਾ-2011 ਦੀ ਪ੍ਰਧਾਨਗੀ ਕਰਦਿਆਂ  ਸੇਖਵਾਂ ਨੇ ਐਲਾਨ ਕੀਤਾ ਕਿ ਮਨੋਰੰਜਨ ਜਗਤ ਦੇ ਵੱਡੇ ਪੰਜਾਬੀ ਹਸਤਾਖਰਾਂ ਦੀ ਸਰਗਰਮ ਸ਼ਮੂਲੀਅਤ ਨਾਲ ਫਿਲਮ, ਟੈਲੀਵਿਜ਼ਨ, ਰੇਡੀਓ ਅਤੇ ਹੋਰ ਮਨੋਰੰਜਨ ਵਿਧਾਵਾਂ ਵਿਚ  ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਉਭਾਰਨ ਲਈ ਇਕ ਪੰਜਾਬੀ ਅਕਾਦਮੀ ਦੀ ਸਥਾਪਨਾ ਕੀਤੀ ਜਾਵੇਗੀ। 
ਸੇਖਵਾਂ ਨੇ ਕਿਹਾ ਕਿ ਪੰਜਾਬੀ ਅਦਾਕਾਰਾਂ ਅਤੇ ਫਿਲਮਸਾਜ਼ਾਂ ਦੀ ਮਨੋਰੰਜਨ ਦੀਆਂ ਵੱਖ -ਵੱਖ ਵਿਧਾਵਾਂ ਰਾਹੀਂ ਪੰਜਾਬੀ ਭਾਸ਼ਾ ਦੇ ਪ੍ਰੋਤਸ਼ਾਹਨ ਲਈ ਭੂਮਿਕਾ ਨੂੰ ਕਦੇ ਵੀ ਅਣਗੌਲਿਆ  ਨਹੀਂ ਕੀਤਾ ਜਾ ਸਕਦਾ, ਕਿਉਂਕਿ ਦੇਸ਼ ਦੀ ਵੰਡ ਉਪਰੰਤ ਫਿਲਮ ਸਨਅਤ ਲਾਹੌਰ ਤੋਂ ਮੁੰਬਈ ਤਬਦੀਲ ਹੋਈ ਤਾਂ ਇਸ ਨੂੰ ਪੱਕੇ ਪੈਰੀਂ ਕਰਨ ਵਿਚ ਕਪੂਰ, ਚੋਪਡ਼ਾ, ਅਨੰਦ ਅਤੇ ਦਿਓਲ ਆਦਿ ਪਰਿਵਾਰਾਂ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਪੰਜਾਬ ਦੇ ਭਾਸ਼ਾ ਵਿਭਾਗ ਨੂੰ ਬੇਹੱਦ ਸੰਖੇਪ ਸਮੇਂ ਅੰਦਰ ਅਜਿਹਾ ਪ੍ਰਭਾਵਸ਼ਾਲੀ ਸਮਾਗਮ ਰਚਨ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਮੀਡੀਆ ਮਨੋਰੰਜਨ ਜਗਤ ਵਲੋਂ ਮਿਲੇ ਜਬਰਦਸਤ ਹੁੰਗਾਰੇ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਦੇਸ਼ ਅਤੇ ਵਿਦੇਸ਼ ਦੇ ਵੱਖ -ਵੱਖ ਹਿੱਸਿਆਂ ਵਿਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਿਯਮਤ ਰੂਪ ਵਿਚ ਪੰਜਾਬ ਲੈ ਕੇ ਆਉਣ ਤਾਂ ਕਿ ਉਹ ਖੁਦ ਆਪਣੀਆਂ ਜਡ਼੍ਹਾਂ, ਭਾਸ਼ਾ ਅਤੇ ਨਿਵੇਕਲੇ ਸੱਭਿਆਚਾਰ ਦਾ ਅਹਿਸਾਸ ਕਰ ਸਕਣ।  ਉਨ੍ਹਾਂ ਇਸ ਮੌਕੇ ਵਿਰਸਾ-2011 ਨੂੰ ਸਫਲ ਬਣਾਉਣ ਵਿਚ ਦੋ ਮੁੰਬਈ ਵਾਸੀ ਪੰਜਾਬੀਆਂ ਗੁਰਿੰਦਰ ਪਾਲ ਸਿੰਘ ਬਾਵਾ ਅਤੇ ਸਵਰਨ ਸਲਾਰੀਆ ਅਤੇ ਆਈ.ਟੀ.ਐੱਫ.ਟੀ. ਐਜੂਕੇਸ਼ਨ ਗਰੁੱਪ ਚੰਡੀਗਡ਼੍ਹ ਦੇ ਚੇਅਰਮੈਨ ਮੇਜਰ ਗੁਲਸ਼ਨ ਸ਼ਰਮਾ ਦੇ ਅਣਥੱਕ ਯਤਨਾਂ ਅਤੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਭਾਸ਼ਾ ਵਿਭਾਗ ਦੀ ਡਾਇਰੈਕਟਰ ਬਲਬੀਰ ਕੌਰ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਭਾਗ ਵਲੋਂ ਪੰਜਾਬੀ ਦੇ ਨਾਲ-ਨਾਲ ਹੋਰਨਾਂ ਭਾਸ਼ਾਵਾਂ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਸੰਖੇਪ ਵੇਰਵਾ ਦਿੱਤਾ। ਸਾਬਕਾ ਸੰਸਦੀ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਆਪਣੀ  ਜ਼ਿੰਦਗੀ ਦੇ ਤਜਰਬਿਆਂ ‘ਚੋਂ ਸੱਭਿਆਚਾਰ ਅਤੇ ਵਿਰਾਸਤ ਦੀ ਪ੍ਰਫੁੱਲਤਾ ਲਈ ਅਹਿਮ ਸੁਝਾਅ ਦਿੱਤੇ।  ਪ੍ਰੋਗਰਾਮ ਦੇ ਆਰੰਭ ਵਿਚ ਉਭਰ ਰਹੀ ਸੂਫੀ ਗਾਇਕਾ ਡਾ. ਮਮਤਾ ਜੋਸ਼ੀ ਨੇ ਆਪਣੇ ਨਿਵੇਕਲੇ ਸੂਫੀ ਗਾਇਨ ਸਦਕਾ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਉੱਘੇ ਪੰਜਾਬੀ ਹਾਸਰਸ ਕਲਾਕਾਰਾਂ ਗੁਰਪ੍ਰੀਤ ਘੁੱਗੀ ਅਤੇ ਰਾਣਾ ਰਣਬੀਰ ਨੇ ਹਾਸਿਆਂ ਦੀ ਖੂਬ ਛਹਿਬਰ ਲਾਈ।  ਸਮੁੱਚੇ ਪ੍ਰੋਗਰਾਮ ਦੌਰਾਨ ਡਾ. ਸਤੀਸ਼ ਵਰਮਾ ਨੇ ਮੰਚ ਦੇ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਪੰਜਾਬ ਸਰਕਾਰ ਵਲੋਂ ਸਨਮਾਨਿਤ ਕੀਤੀਆਂ ਗਈਆਂ 85 ਉਘੀਆਂ ਸ਼ਖਸੀਅਤਾਂ ਵਿਚ ਪ੍ਰੀਕਸ਼ਤ ਸਾਹਨੀ, ਰਜ਼ਾ ਮੁਰਾਦ, ਵੀਰੂ ਦੇਵਗਨ, ਉੱਤਮ ਸਿੰਘ, ਅਜੀਤ ਸਿੰਘ ਦਿਓਲ,  ਬੂਟਾ ਸਿੰਘ ਸ਼ਾਦ, ਰਵਿੰਦਰ ਪੀਪਟ, ਗੁਰਦਾਸ ਮਾਨ, ਹਰਮੀਤ ਸਿੰਘ, ਰਮਾ ਵਿਜ, ਦਿਵਿਆ ਦੱਤਾ, ਭੂਮਿਕਾ ਚਾਵਲਾ, ਸੁਰਵੀਨ ਚਾਵਲਾ, ਭੁਪਿੰਦਰ ਸਿਆਨ, ਰਾਕੇਸ਼ ਬੇਦੀ, ਅਮਰੀਕ ਗਿੱਲ, ਜੈਦੇਵ ਕੁਮਾਰ, ਸੁਭਾਸ਼ ਸਹਿਗਲ, ਮੋਹਨ ਬੱਗਡ਼, ਰਮਨ ਕੁਮਾਰ, ਰਾਣਾ ਜੰਗਬਹਾਦਰ, ਨਰੇਸ਼ ਮਲਹੋਤਰਾ, ਗੁੱਡੂ ਧਨੋਆ, ਹੰਸ ਰਾਜ ਹੰਸ, ਸੋਨੂੰ ਸੂਦ, ਨੀਰੂ ਬਾਜਵਾ, ਦੀਪ ਢਿੱਲੋਂ, ਦਲਜੀਤ  ਕੌਰ, ਦੀਪਕ ਸੇਠ-ਰਮੇਸ਼ਵਰੀ, ਅਜ਼ੀਮ ਪਾਰਕਰ, ਅਰੁਨ ਬਖਸ਼ੀ,  ਓਮਕਾਰ ਭਾਖਡ਼ੀ, ਅਮਰਿੰਦਰ ਗਿੱਲ, ਗੁਰਪ੍ਰੀਤ ਘੁੱਗੀ, ਰਣਵਿਜੈ, ਵਿਕਰਮ ਘੁੰਮਣ, ਨਵਨੀਤ ਸਿੰਘ, ਕੰਵਲਜੀਤ ਸਿੰਘ ਸੰਧੂ, ਕੁਲਵੰਤ ਸਿੰਘ ਕੋਹਲੀ,   ਚਰਨਜੀਤ  ਸਿੰਘ ਸਪਰਾ, ਡਾ. ਅਜੀਤ ਸਿੰਘ, ਡਾਇਰੈਕਟਰ ਗੁਰੂ ਨਾਨਕ ਖਾਲਸਾ ਕਾਲਜ ਮੁੰਬਈ,  ਡਾ. ਪੀ.ਐੱਸ.ਪਸਰੀਚਾ ਸਾਬਕਾ ਡੀ.ਜੀ.ਪੀ. ਮਹਾਂਰਾਸ਼ਟਰ, ਡਾ. ਭੁਪਿੰਦਰ ਸਿੰਘ ਮਿਨਹਾਸ, ਮੇਜਰ ਕੁਲਦੀਪ ਕੌਸ਼ਲ ਅਤੇ ਮਿਸ ਅਵੰਤਿਕਾ ਸ਼ਰਮਾ  ਸ਼ਾਮਲ ਹਨ। ਇਸ ਤੋਂ ਇਲਾਵਾ ਸਵਰਗੀ ਪੰਜਾਬੀ ਕਲਾਕਾਰਾਂ ਮਹਿੰਦਰ ਕਪੂਰ, ਮਨੋਹਰ ਦੀਪਕ, ਅਨੰਦ ਬਖਸ਼ੀ, ਵਿਵੇਕ ਸ਼ੌਕ, ਮੰਜੂ, ਮਨੋਜ ਪੁੰਜ ਅਤੇ ਸੂਰਜ ਸਨੀਮ ਨੂੰ ਵੀ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। 

No comments: