Tuesday, May 31, 2011

ਭਾਰਤੀ ਹਾਕੀ ਦਾ ਗੋਲਡਨ ਹਸਤਾਖ਼ਰ ਸੀ --ਜੌਸਿਫ਼ ਗਾਲੀਬਾਲਡੀ

ਉਹਨਾਂ ਭਲੇ ਵੇਲਿਆਂ ਦੀ ਗੱਲ ਹੈ ਜਦੋਂ ਬਗੈਰ ਕਿਸੇ ਊਚ-ਨੀਚ,ਬਗੈਰ ਕਿਸੇ ਜਾਤੀ ਧਰਮ ਨੂੰ ਵੇਖਦਿਆਂ ਭਾਰਤੀ ਹਾਕੀ ਟੀਮ ਓਲੰਪਿਕ ਖੇਡਾਂ ਵਿੱਚ ਬਿਹਤਰ ਕਾਰਗੁਜ਼ਾਰੀ ਦਿਖਾ ਕਿ ਦੇਸ਼ ਵਾਂਸੀਆਂ ਤੋਂ ਰੱਜਵਾਂ ਪਿਆਰ-ਸਤਿਕਾਰ ਲਿਆ ਕਰਦੀ ਸੀ। ਉਦੋਂ ਇਹਨਾਂ ਟੀਮਾਂ ਵਿੱਚ ਭਾਵੇਂ ਬਹੁ ਧਰਮਾਂ ਦੇ ਖਿਡਾਰੀ ਹੋਇਆ ਕਰਦੇ ਸਨ,ਪਰ ਟੀਮ ਇੱਕ-ਜੁਟਤਾ ਨਾਲ ਹਿੱੱਸਾ ਲਿਆ ਕਰਦੀ ਸੀ। ਕਈ ਖਿਡਾਰੀ ਅਜਿਹੇ ਸਨ, ਜਿੰਨਾਂ ਨੂੰ ਲੋਕ ਪੂਜਦੇ ਸਨ,ਇਹਨਾਂ ਹੀ ਨਾਮੀ ਖਿਡਾਰੀਆਂ ਨੇ 1936 ਬਰਲਿਨ(ਜਰਮਨੀ) 'ਚ ਜਪਾਨ ਨੂੰ 9-0 ਨਾਲ,ਅਮਰੀਕਾ ਨੂੰ 7-0 ਨਾਲ,ਹੰਗਰੀ ਨੂੰ 4-0 ਨਾਲ,ਫ਼ਰਾਂਸ ਨੂੰ 10-0 ਨਾਲ,ਅਤੇ ਫ਼ਾਈਨਲ ਵਿੱਚ ਮੇਜ਼ਬਾਨ ਜਰਮਨੀ ਨੂੰ 8-1 ਨਾਲ ਹਰਾਕੇ ਸੋਨ ਤਮਗਾ ਜਿੱਤਿਆ ਸੀ,ਅਤੇ ਹਾਲੈਂਡ ਦਾ ਤੀਜਾ ਸਥਾਨ ਰਿਹਾ ਸੀ,ਭਾਰਤ ਦੀ ਇਸ ਟੀਮ ਵਿੱਚ ਰਿਚਰਡ ਐਲਿਨ, ਕਪਤਾਨ ਮੇਜਰ ਧਿਆਂਨ ਚੰਦ ,ਅਲੀ ਦਾਰਾ, ਲੀਓਨਲ ਇਮਿੱਟ, ਸਾਈਦ ਜ਼ਫ਼ਰ, ਪੀਟਰ ਫ਼ਰਨਾਂਡੇਜ਼,ਇਰਨੈਸਟ ਗਡਸਿਰ ਕੁਲਿਨ, ਅਹਮਿਦ ਖ਼ਾਨ,ਮੁਹੰਮਦ ਹੁਸੈਨ, ਮਿਰਜ਼ਾ ਮਸੂਦ,ਅਸ਼ਾਨ ਖ਼ਾਨ, ਕੈਰਲਿ ਮਾਇਚੀ,ਬਾਬੂ ਨਿਮਾਲ,ਜੋਸਿਫ਼ ਫਿਲਿਪਸ,ਸ਼ਾਬਾਨ ਸ਼ਹਾਬ-ਉਦ -ਦੀਨ,ਜੀ ਐਸ ਗਰੇਵਾਲ,ਰੂਪ ਸਿੰਘ,ਕਾਰਲਾਇਲ ਤਪਸਿਲ,ਅਤੇ ਏਸੇ ਹੀ ਟੀਮ ਦਾ ਇੱਕ ਹੋਰ ਨਾਮੀ ਖਿਡਾਰੀ ਸੀ ਜੌਸਿਫ਼ ਗਾਲੀਬਾਰਡੀ, ਜਿਸ ਨੇ ਹਾਫ਼ ਬੈਕ ਵਜੋਂ 5 ਮੈਚ ਇਸ ਟੀਮ ਵੱਲੋਂ ਖੇਡੇ।
1936 ਦੀ ਸੋਨ ਤਮਗਾ ਜੇਤੂ ਟੀਮ
1936 ਦੀ ਸੋਨ ਤਮਗਾ ਜੇਤੂ ਟੀਮ ਦੇ ਇਸ ਖਿਡਾਰੀ ਦਾ ਜਨਮ 10 ਜਨਵਰੀ 1915 ਨੂੰ ਕੋਲਕਾਤਾ ਵਿੱਚ ਹੋਇਆ,ਬਚਪਨ ਵਿੱਚ ਹੀ ਫ਼ੀਲਡ ਹਾਕੀ ਅਤੇ ਫ਼ੁਟਬਾਲ ਖੇਡਣ ਦਾ ਉਸ ਨੂੰ ਸ਼ੌਕ ਸੀ। ਪੂਰੇ ਨਾਂਅ ਜੋਸਿਫ਼ ਡੇਵਿਲੇ ਥੌਮਸ ਗਾਲੀਬਾਲਡੀ,ਆਮ ਨਾਅ ਜੋਇ ਗਾਲੀਬਾਰਡੀ ਜਾਂ ਕਈ ਸਾਥੀ ਖਿਡਾਰੀ ਜੇ ਡੀ ਟੀ ਡੀ ਗਾਲੀਬਾਲਡੀ ਵੀ ਕਿਹਾ ਕਰਦੇ ਸਨ ਉਹਨਾਂ ਦਿਨਾਂ ਵਿੱਚ 1928 ਅਤੇ 1932 ਦੀ ਓਲੰਪਿਕ ਜੇਤæ ਟੀਮ ਦਾ ਬਹੁਤ ਮਾਣ-ਸਤਿਕਾਰ ਸੀ,ਉਸ ਸਮੇਂ ਬੰਗਾਲ -ਨਾਗਪੁਰ ਦੀ ਟੀਮ ਵਿੱਚ ਖੇਡਣ ਵਾਲੇ ਗਾਲੀਬਾਲਡੀ ਹਾਕੀ ਦੀਆਂ ਇਹਨਾਂ ਜਿੱਤਾਂ ਤੋਂ ਪ੍ਰਭਾਵਿਤ ਹੋ ਹੋਰ ਮਿਹਨਤ ਕਰਨ ਲਈ ਜੁਟ ਗਏ।ਮਿਹਨਤ ਰੰਗ ਲਿਆਈ ਅਤੇ ਉਸਦੀ ਚੋਣ 1936 ਦੀ ਓਲੰਪਿਕ ਟੀਮ ਲਈ ਹੋ ਗਈ।
ਭਾਰਤ ਵਿੱਚ ਵਿਆਹ ਕਰਵਾਉਣ ਵਾਲਾ ਇਹ ਖਿਡਾਰੀ 1956 ਵਿੱਚ ਇੰਗਲੈਂਡ ਦੇ ਵਾਲਥੋਮਸਟੋ (ਲੰਡਨ) ਵਿੱਚ ਆਪਣੇ ਮਾਤਾ-ਪਿਤਾ, 4 ਭੈਣ ਭਰਾਵਾਂ ਅਤੇ 7 ਬੱਚਿਆਂ ਸਮੇਤ ਜਾ ਵਸਿਆ। ਹਾਕੀ ਤੋਂ ਸੰਨਿਆਸ ਲੈਣ ਮਗਰੋਂ ਵੀ ਇਹ ਖਿਡਾਰੀ ਅਤੇ ਇਸ ਦੇ ਨਾਲ ਹੀ ਫੁੱਲਬੈਕ ਵਜੋਂ ਖੇਡਣ ਵਾਲੇ ਤੇ ਪਨੈਲਟੀ ਕਾਰਨਰ ਦੇ ਮਾਹਿਰ, ਸੀ ਤਪਸਿਲ ਨੇ ਹਾਕੀ ਨਾਲੋਂ ਨਾਤਾ ਨਾ ਤੋੜਦਿਆਂ ਹੋਰ ਖਿਡਾਰੀਆਂ ਨੂੰ ਤਿਆਰੀ ਕਰਵਾਉਣ ਦਾ ਕੰਮ ਜਾਰੀ ਰੱਖਿਆ,ਗਾਲੀਬਾਲਡੀ ਨੇ 1948,1952,1956,ਦੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਲੇਸਲੀ ਕਲਾਡੀਅਸ ਨੂੰ ਪੂਰੀ ਤਿਆਰੀ ਕਰਵਾਈ, ਅਤੇ ਲੈਸਲੀ ਕਲਾਡੀਅਸ 1960 ਦੀਆਂ ਰੋਮ ਓਲੰਪਿਕ ਸਮੇਂ ਭਾਰਤੀ ਟੀਮ ਦਾ ਕਪਤਾਨ ਬਣਿਆਂ।
        ਭਾਰਤ ਵਿੱਚ ਵਿਸ਼ੇਸ਼ ਕਰ ਮੀਡੀਏ ਵਿੱਚ ਕਦੇ ਕਿਸੇ ਨੇ ਇਸ ਖਿਡਾਰੀ ਬਾਰੇ ਗੱਲ ਨਹੀਂ ਕੀਤੀ ,ਜਿਵੇਂ ਮੇਜਰ ਧਿਆਂਨ ਚੰਦ ਦਾ ਭਰਾ ਰੂਪ ਸਿੰਘ ਗੁੰਮਨਾਮੀਆਂ ਦਾ ਸ਼ਿਕਾਰ ਬਣਿਆਂ ਰਿਹਾ,ਏਵੇ ਗਾਲੀਬਾਲਡੀ ਨਾਲ ਬੀਤੀ,ਇਹਨਾਂ ਹੀ ਹਾਲਾਤਾਂ ਦਾ ਸ਼ਿਕਾਰ ਇਹ ਖਿਡਾਰੀ 96 ਸਾਲਾਂ ਦੀ ਉਮਰ ਵਿੱਚ 17 ਮਈ 2011 ਮੰਗਲਵਾਰ ਨੂੰ ਇਸ ਜਗਤ ਤੋਂ ਸਦਾ ਸਦਾ ਲਈ ਰੁਖ਼ਸਤ ਹੋ ਗਿਆ। ਜਿਸ ਨੂੰ ਅੱਜ ਅਰਥਾਤ 31 ਮਈ 
ਮੰਗਲਵਾਰ ਵਾਲੇ ਦਿਨ 12 ਵਜੇ ਇਸਾਈ ਮੱਤ ਦੀਆਂ ਰਸਮਾਂ ਅਨੁਸਾਰ ਆਵਰ ਲੇਡੀ ਅਤੇ ਸੇਂਟ ਜੌਰਜ ਗਿਰਜਾ ਘਰ ਵਿੱਚ ਅੰਤਮ ਵਿਦਾਇਗੀ ਦਿੱਤੀ ਗਈ।1936 ਓਲੰਪਿਕ ਖੇਡਾਂ ਚੋਂ ਸੋਨ ਤਮਗਾ ਜਿੱਤਣ ਵਾਲੀ ਟੀਮ ਦਾ ਇਹ ਆਖਰੀ ਜੀਵਤ ਖਿਡਾਰੀ ਸੀ। ਸੱਭ ਹਾਕੀ ਪ੍ਰੇਮੀ ,ਖੇਡ ਜਗਤ ਨਾਲ ਜੁੜੇ ਹੋਰ ਲੋਕ ਉਸ ਨੂੰ ਸਲਾਮ ਕਰਦੇ ਹਨ ਅਤੇ ਉਸਦੀ ਆਤਮਿਕ ਸ਼ਾਂਤੀ ਲਈ ਰੱਬ ਅੱਗੇ ਦੁਆ ਕਰਦੇ ਹਨ। --ਰਣਜੀਤ ਸਿੰਘ ਪ੍ਰੀਤ

No comments: