Saturday, May 28, 2011

ਏਸ ਛਾਨਣੀ ਦੀਆਂ ਵੀ ਅੱਗੋਂ ਇੱਕਤਰ ਸੌ ਕਿਸਮਾਂ ਨੇ


The FIFTH WAGHA
پنجواں واہگہ
ਪੰਜਵਾਂ ਵਾਹਗਾ
ਜਸਟਿਸ ਸੱਯਦ ਆਸਿਫ਼ ਸ਼ਾਹਕਾਰ

ਇਹ ਅਜਿਹਾ ਵਾਹਗਾ ਏ ਜਿਹਦੇ ਬਾਰੇ ਗੱਲ ਕਰਨਾ ਵੀ ਮਨਾਈ ਏ। ਵਾਹਗੇ ਦੀ ਇਹ ਕੰਧ ਦੇਖਣ ਨੂੰ ਤੇ ਮਜ਼ਹਬ ਦੇ ਨਾਂ ਤੇ ਉਸਾਰੀ ਲਗਦੀ ਏ ਪਰ ਅਸਲ ਵਿਚ ਇਹਦਾ ਮਜ਼ਹਬ ਨਾਲ਼ ਦੂਰ ਦੂਰ ਦਾ ਵੀ ਸੰਬੰਧ ਨਹੀਂ ਸਗੋਂ ਇਹ ਪਖੰਡ (ਮੁਨਾਫ਼ਕਤ) ਤੇ ਦੋਹਰੇ ਇਖ਼ਲਾਕੀ ਮਿਆਰਾਂ ਤੇ ਖਲੋਤੀ ਏ।

ਇੰਜ ਤੇ ਤੀਜੀ ਦੁਨੀਆ ਦਾ ਹਰ ਬੰਦਾ ਭਾਰਾਂ ਥੱਲੇ ਦੱਬਿਆ ਹੋਇਆ ਪਰ ਪੰਜਾਬੀ ਭਾਰਾਂ ਦੀਆਂ ਬਹੁਤੀਆਂ ਪੰਡਾਂ  ਚੁੱਕੀਆਂ ਹੋਈਆਂ ਨੇ ਤੇ ਭਾਰਾਂ ਦੀਆਂ ਇਹ ਪਿੰਡਾਂ ਨਾ ਸਿਰਫ਼ ਉਹਦੀ ਜ਼ਿੰਦਗੀ ਦਾ ਫ਼ੈਸਲਾ ਕਰਦੀਆਂ  ਨੇ ਸਗੋਂ ਉਹਦੀ ਮੌਤ ਦਾ ਫ਼ੈਸਲਾ ਵੀ ਇਹੋ ਪੰਡਾਂ  ਕਰਦੀਆਂ ਨੇ ਜਦ ਤੀਕ ਉਹਨੂੰ ਇਹ ਪਿੰਡਾਂ ਇਜ਼ਾਜ਼ਤ ਨਾਮਾ ਨਹੀਂ ਦਿੰਦੀਆਂ ਉਦੋਂ ਤੱਕ ਨਾ ਤੇ ਉਹ ਕਬਰ ਵਿਚ ਵਡ਼ਦਾ ਏ ਤੇ ਨਾ ਈ ਸੂਏ ਵਿਚ ਲੰਮਾ ਪੈਂਦਾ ਏ। ਅਸਲ ਵਿਚ ਤੇ ਉਹਦੇ ਮਰਨ ਨਾਲ਼ ਵੀ ਇਹ ਭਾਰ ਲਹਿੰਦਾ ਨਹੀਂ ਛਿਡ਼ੀ ਥਾਂ ਬਦਲ ਲੈਂਦਾ। ਮਾਂ ਪਿਓ ਆਪਣਾ ਇਹ ਭਾਰ ਲਾਹ ਕੇ ਆਪਣੇ ਬਾਲਾਂ ਤੇ ਲੱਦ ਕੇ ਅਗਾਂਹ ਹੁੰਦੇ ਨੇਂ।
ਇਹ ਭਾਰ ਪੰਜਾਬੀਆਂ ਦੇ ਬਾਲਾਂ ਦੇ ਵਿਆਹ ਨੇ। ਇੰਜ ਤੇ ਪੁੱਤਰਾਂ ਦਾ ਵਿਆਹ ਵੀ ਭਾਰ ਏ ਪਰ ਅਸਲ ਭਾਰ ਧੀਆਂ ਨੇ। ਪੰਜਾਬੀ ਦੇ ਘਰ ਇੱਕ ਧੀ ਜੰਮਦੀ ਈ ਭਾਰ ਬਣ ਕੇ ਏ। ਉਹਦੇ ਜੰਮਣ ਤੇ ਨਾ ਤੇ ਕੋਈ ਸ਼ਰੀਂਹ ਦੇ ਪੱਤਿਆਂ ਦਾ ਸਿਹਰਾ ਬੂਹੇ ਉੱਤੇ ਬੰਨ੍ਹਣ ਆਉਂਦਾ ਤੇ ਨਾ ਈ ਸ਼ਰੀਕ ਬਰਾਦਰੀ ਮੁਬਾਰਕਾਂ ਦੇਣ ਲਈ ਭੱਜੀ ਆਉਂਦੀ ਏ ਸਗੋਂ ਉਹਦਾ ਸਵਾਗਤ   ਕੀਰਨਿਆਂ ਨਾਲ਼ ਕੀਤਾ ਜਾਂਦਾ ਏ। ਪੁਰਾਣੇ ਜ਼ਮਾਨੇ ਵਿਚ ਪੰਜਾਬੀ ਏਸ ਭਾਰ ਤੋਂ ਬਚਣ  ਲਈ ਜੰਮਦਿਆਂ ਧੀਆਂ ਦਾ ਈ ਗੱਲ ਘੁੱਟ  ਦਿੰਦੇ ਸਨ ਪਰ ਅੱਜ ਉਹਨੂੰ ਇਨ੍ਹਾਂ ਕੀਰਨਿਆਂ ਤੋਂ ਬਚਣ ਲਈ ਧੀ ਦਾ ਗੱਲ ਘੁੱਟਣ  ਦੀ ਲੋਡ਼ ਨਹੀਂ ਰਹੀ। ਪੰਜਾਬੀ ਇਹਦਾ ਇਕ ਮਾਡਰਨ ਹੱਲ ਲੱਭ ਲਿਆ ਏ ਪਈ ਧੀ ਨੂੰ ਜੰਮਣ ਈ ਨਾ ਦਿਓ। ਨਾ ਰਵੇ ਬਾਂਸ ਤੇ ਨਾ ਵੱਜੇ ਵੰਝਲੀ। ਚਡ਼੍ਹਦੇ ਪੰਜਾਬ ਵਿਚ ਡਾਕਟਰ ਚਾਰ ਟਿਕੀਆਂ ਦੀ ਖ਼ਾਤਿਰ ਡਾਕਟਰ ਤੋਂ ਜੱਲਾਦ ਬਣ ਗਿਆ ਏ। ਉਹ ਮਾਂ ਦੇ ਢਿੱਡ ਵਿਚ ਈ ਪਤਾ ਕਰ ਲੈਂਦਾ ਕਿ ਇਹ ਧੀ ਏ ਜਾਂ ਪੁੱਤਰ ਏ ਜੇ ਕੁਡ਼ੀ ਹੋਵੇ ਤੇ ਫਿਰ ਉਹਦਾ ਅੱਧ ਬਣਿਆ ਸਰੀਰ ਕੱਚਾ ਕੱਢ ਕੇ ਪਿਓ ਦੇ ਹੱਥ ਫਡ਼ਾਉਂਦਾ ਏ। ਪੰਜਾਬ ਵਿਚ ਪਹਿਲੇ ਇਹ ਕੰਮ ਕੰਵਾਰੀਆਂ ਮਾਂਵਾਂ ਆਪਣਾ ਗੁਨਾਹ ਲੁਕਾਉਣ ਲਈ ਸੱਤਾਂ ਪਡ਼ਦਿਆਂ ਵਿਚ ਕਰਦੀਆਂ ਸਨ ਪਰ ਅੱਜ ਇਹ ਕੰਮ ਵਿਆਹੀਆਂ ਹੋਈਆਂ ਕਰਦੀਆਂ ਨੇ ਫ਼ਰਕ ਸਿਰਫ਼ ਏਨਾ ਏ ਕਿ ਕੰਵਾਰੀ ਲਈ ਇਹ ਗੁਨਾਹ ਉਹਦੀ ਕੁੱਖ ਵਿਚ ਪਲ ਰਿਹਾ ਬਾਲ ਹੁੰਦਾ ਏ, ਉਹ ਭਾਂਵੇਂ ਧੀ ਏ ਜਾਂ ਪੁੱਤਰ ਏ ਪਰ ਇੱਕ ਵਿਆਹੀ ਪੰਜਾਬਣ ਲਈ ਇਹ ਪਾਪ ਉਹਦੀ ਕੁੱਖ ਵਿਚ ਪਲ ਰਹੀ ਧੀ ਏ ਤੇ ਉਹ ਏਸ” ਗੁਨਾਹ” ਤੋਂ ਲੁਕ  ਛਿਪ  ਕੇ ਜਾਨ  ਨਹੀਂ ਛੁਡ਼ਾਉਂਦੀ,ਸਗੋਂ ਸਾਰੇ ਜਹਾਂ ਦੇ ਸਾਮ੍ਹਣੇ ਕਰਦੀ ਏ।
ਪੰਜਾਬੀ ਦੇ ਘਰ ਜਦ ਧੀ ਜੰਮ ਈ ਪੈਂਦੀ ਏ ਤੇ ਇਹਦੇ ਭਾਰ ਬਣਨ ਦੀ ਪਹਿਲੀ ਸ਼ਕਲ ਉਹਦੀ ਰਾਖੀ ਹੁੰਦੀ ਏ। ਜੇ ਉਹਦੀ ਇਹ ਧੀ ਵਿਆਹ ਤੋਂ ਪਹਿਲਾਂ ਕਿਸੇ ਬੰਦੇ ਨਾਲ਼ ”ਖ਼ਰਾਬ” ਹੋ ਜਾਂਦੀ ਏ ਤੇ ਉਹ ਸ਼ਰੀਕਾਂ ਤੇ ਬਰਾਦਰੀ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ ਤੇ ਇਹ ਉਹਦੀ ਮੁੱਛ ਦਾ ਮਸਲਾ ਬਣ ਜਾਂਦਾ ਏ ਤੇ ਉਹ ਆਪਣੀ ਮੁੱਛ ਬਚਾਉਣ ਲਈ ਆਪਣੀ ਧੀ ਨੂੰ ਕਤਲ ਕਰ ਦਿੰਦਾ ਤੇ ਉਹਦੇ ਲਹੂ ਵਿਚ ਆਪਣੀਆਂ ਮੁੱਛਾਂ ਨੂੰ ਲਬੇਡ਼ ਕੇ, ਉਨ੍ਹਾਂ ਨੂੰ ਅਕਡ਼ਾ ਕੇ ਤੇ ਤਾਅ ਦੇ ਕੇ ਬਰਾਦਰੀ ਤੇ ਸ਼ਰੀਕਾਂ ਵਿਚ ਟੁਰਨ ਦਾ ਇਜ਼ਾਜ਼ਤ ਨਾਮਾ ਲੈ ਕੇ ਆ ਜਾਂਦਾ ਏ। ਸਦਕਾ ਜਾਈਏ ਏਸ ਪਿਓ ਦੇ ਤੇ ਏਸ ਬਰਾਦਰੀ ਦੇ ਜੋ ਇਕ ਸ਼ਖ਼ਸ ਦੇ ਦੋ ਘਡ਼ੀ ਪਿਆਰ ਕਰਨ ਦੇ ਬਦਲੇ ਵਿਚ ਉਹਦੇ ਕੋਲੋਂ ਜ਼ਿੰਦਗੀ ਖੋਹ ਲੈਂਦੇ ਨੇ। ਇਹ ਪਿਓ ਰੱਬ ਤੇ ਕਾਨੂੰਨ ਦੀ ਨਜ਼ਰ ਵਿਚ ਕਾਤਲ ਏ ਪਰ ਇਹਨੂੰ ਕਾਤਲ ਕਹਿਣ ਦੀ ਥਾਂ ਗ਼ੈਰਤਮੰਦ ਤੇ ਹੀਰੋ ਕਿਹਾ ਜਾਂਦਾ ਏ। ਉਹਨੂੰ ਗ਼ੈਰਤ ਦਾ ਇਹ ਤਮਗ਼ਾ ਦੇਣ ਵਾਲਿਆਂ ਵਿਚ ਕਾਨੂੰਨ ਦੇ ਰਾਖੇ ਤੇ ਧਰਮ ਦੇ ਵੱਡੇ ਵੱਡੇ ਪ੍ਰਚਾਰਕ ਹੁੰਦੇ ਨੇ।
ਜੇ ਏਸ ਪੰਜਾਬੀ ਪਿਓ ਦੀ ਇਹ ਧੀ ”ਖ਼ਰਾਬ’‘ ਨਹੀਂ ਹੁੰਦੀ ਤੇ ਕਤਲ ਹੋਣੋ ਬਚ ਜਾਂਦੀ ਏ ਤੇ ਫਿਰ  ਉਹ ਉਹਦੇ ਲਈ ਵਰ ਲੱਭਣ ਤੁਰ ਪੈਂਦਾ ਏ ਤੇ ਏਸ ਕੰਮ ਲਈ ਉਹ ਕਈ ਛਾਨਣੀਆਂ ਵਰਤਦਾ ਜਿਹਨਾਂ ਰਾਹੀਂ ਉਹ ਛਾਣ ਕੇ ਵਰ ਲੱਭਦਾ ਏ। ਪੰਜਾਬ ਵਿਚ ਇਨ੍ਹਾਂ ਛਾਨਣੀਆਂ ਦਾ ਘਾਟਾ ਨਹੀਂ ਏ ਸਗੋਂ ਰੰਗ ਰੰਗ ਦੀਆਂ ਛਾਨਣੀਆਂ ਦੀ ਇੱਕ ਵੱਡੀ ਸਾਰੀ ਮੰਡੀ ਏ। ਜਿਹਨੂੰ ਜਿਹੋ ਜਿਹੀ ਛਾਨਣੀ ਦੀ ਲੋਡ਼ ਏ ਉਹ ਆਪਣੀ ਮਰਜ਼ੀ ਦੀ ਛਾਨਣੀ ਲੈ ਆਉਂਦਾ ਏ। ਪਹਿਲੀ ਛਾਨਣੀ ਮਜ਼ਹਬ ਯਾਂ ਧਰਮ ਦੀ ਏ। ਇਹ ਛਾਨਣੀ ਇਕ ਪੰਜਾਬੀ ਨੂੰ ਛਾਣ ਕੇ ਮੁਸਲਮਾਨ ਹਿੰਦੂ, ਸਿੱਖ ਤੇ ਈਸਾਈ ਵੱਖਰਾ ਕਰ ਦਿੰਦੀ ਏ। ਦੂਜੀ ਛਾਨਣੀ ਫ਼ਿਰਕਿਆਂ ਦੀ ਏ ਇਹ ਇਕ ਸਿੱਖ ਨੂੰ ਛਾਣ ਕੇ ਅਕਾਲੀ, ਨਾਮਧਾਰੀ, ਨਿਰੰਕਾਰੀ, ਰਾਧਾ ਸਵਾਮੀ, ਰਾਮਗਡ਼੍ਹੀਆ ਤੇ ਖ਼ੋਰੇ ਹੋਰ ਕੀ ਕੀ ਕੱਢ ਕੇ ਵੱਖਰਾ ਕਰ  ਲੈਂਦੀ ਏ, ਇਸੇ ਤਰਾਂ ਦੀ ਛਾਨਣੀ ਮੁਸਲਮਾਨ ਪੰਜਾਬੀ ਕੋਲ਼ ਵੀ ਏ ਜੋ ਛਾਣ ਕੇ ਵਿਚੋਂ ਸੁੰਨੀ  ,ਸ਼ੀਆ, ਵਹਾਬੀ, ਮਿਰਜ਼ਈ, ਦਿਓ ਬਣਦੀ, ਨਕਸ਼ਬੰਦੀ ਤੇ ਖ਼ੋਰੇ ਹੋਰ ਕੀ ਕੀ ਕੱਢ ਕੇ ਵੱਖਰਾ ਕਰ ਦਿੰਦੀ ਏ। ਇਹੋ ਜਿਹਾਂ ਛਾਨਣੀਆਂ ਪੰਜਾਬੀਆਂ,  ਹਿੰਦੂਆਂ ਤੇ ਈਸਾਈਆਂ ਕੋਲ਼ ਵੀ ਨੇ। ਇਨ੍ਹਾਂ ਛਾਨਣੀਆਂ ਮਗਰੋਂ ਇੱਕ ਅਜਿਹੀ ਛਾਨਣੀ ਦੀ ਵਾਰੀ ਆਉਂਦੀ ਏ ਜਿਹਦੀ ਹਰ ਮਜ਼ਹਬ ਤੇ ਧਰਮ ਵਿਚ ਮਨਾਹੀ ਏ । ਇਹ ਛਾਨਣੀ ਪੰਜਾਬੀ ਦੇ ਪਖੰਡ ਦੀ ਸਿਖ਼ਰ ਏ। ਪੰਜਾਬੀ ਦਾ ਜਦੋਂ ਦਿਲ ਕਰਦਾ ਏ ਉਹ ਮੁਸਲਮਾਨ,ਹਿੰਦੂ, ਸਿੱਖ ਤੇ ਈਸਾਈ ਬਣ ਜਾਂਦਾ ਏ। ਜਦ ਉਹਨੂੰ ਇਹ ਗੱਲ ਨਹੀਂ ਪੁੱਜਦੀ ਤੇ ਉਹ ਧਰਮ ਦੀ ਵਰਦੀ ਲਾਹ ਕੇ ਗੋਤ ਦੀ ਵਰਦੀ ਪਾ ਲੈਂਦਾ ਤੇ ਮਜ਼ਹਬ ਤੇ ਧਰਮ ਨੂੰ ਠਿੱਠ ਤੇ ਮਾਰ ਦਿੰਦਾ। ਇਹ ਛਾਨਣੀ ਜ਼ਾਤਾਂ ਤੇ ਗੋਤਾਂ ਦੀ ਏ। ਸਿੱਖ ਧਰਮ ਵਿਚ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਭ ਗੁਰੂਆਂ ਏਸ ਛਾਨਣੀ ਦੀ ਨਿੰਦਿਆ ਕੀਤੀ ਏ। ਇਸਲਾਮ ਵਿਚ ਨਬੀ ਪਾਕ ਤੋਂ ਲੈ ਕੇ ਸਭ ਇਸਲਾਮੀ ਹਸਤੀਆਂ ਏਸ ਛਾਨਣੀ ਨੂੰ ਭੈਡ਼ਾ ਕਿਹਾ ਏ ਤੇ ਇਹਦੀ ਵਰਤੋਂ ਦੀ ਮਨਾਹੀ  ਦਾ ਹੁਕਮ ਦਿੱਤਾ ਏ । ਈਸਾਈ ਮਜ਼ਹਬ ਵਿਚ ਵੀ ਏਸ ਛਾਨਣੀ ਦੀ ਮਨਾਹੀ ਏ । ਏਸ ਛਾਨਣੀ ਦੀਆਂ ਵੀ ਅੱਗੋਂ ਇੱਕਤਰ ਸੌ ਕਿਸਮਾਂ ਨੇ। ਸਿੱਖ ਜੱਟ ਜਦ ਇਹ ਛਾਨਣੀ ਵਰਤਦਾ ਏ ਤੇ ਆਪਣੀ ਧੀ ਲਈ ਵਰ ਲੱਭਣ ਲਈ ਉਹ ਏਸ ਛਾਨਣੀ ਰਾਹੀਂ ਪਹਿਲੇ ਤੇ ਆਪਣੀ ਗੋਤ ਇਕ ਪਾਸੇ ਕਰ ਲੈਂਦਾ ਏ ਫਿਰ  ਆਪਣੀ ਪਤਨੀ ਦੀ ਗੋਤ ਵੱਖਰੀ ਕਰ ਲੈਂਦਾ ਏ ਫਿਰ  ਨਾਨਕੇ ਪਿੰਡ ਦੀ ਵਾਰੀ ਆਉਂਦੀ ਏ ਪਈ ਮੁੰਡਾ ਨਾਨਕੇ ਪਿੰਡ ਦਾ ਨਾ ਹੋਵੇ ਫਿਰ ਦਾਦਕੇ ਪਿੰਡ ਦਾ ਵੀ ਨਾ ਹੋਵੇ। ਆਮ ਤੌਰ ਤੇ ਸਾਰੇ ਮੁਸਲਮਾਨ ਪੰਜਾਬੀ ਤੇ ਖ਼ਾਸ ਤੌਰ ਤੇ ਜੱਟ ਪੰਜਾਬੀ ਆਪਣੇ ਸਿੱਖ ਜੱਟ ਭਰਾ ਦੇ ਉਲਟ ਕਰਦੇ ਨੇ ਉਹ ਸਭ ਤੋਂ ਪਹਿਲਾਂ ਕੁਡ਼ੀ ਲਈ ਵਰ ਆਪਣੇ ਭਰਾ, ਭੈਣ, ਸਾਲੇ ਤੇ ਸਾਲ਼ੀ ਦੇ ਘਰੋਂ ਲੱਭਦਾ ਏ ਫ਼ਿਰ ਉਹਦੇ ਚਾਚੇ,ਤਾਏ ਫੂਫੀ ਤੇ ਮਾਸੀ ਦੇ ਪੁੱਤਰਾਂ ਜਾਂ ਧੀਆਂ  ਦੇ ਮੁੰਡਿਆਂ ਦੀ ਵਾਰੀ ਆਉਂਦੀ ਏ ਜੇ ਉਹਨੂੰ ਇੰਜ ਘਰੋਂ ਰਿਸ਼ਤਾ ਨਾ ਲੱਭੇ ਤੇ ਉਹਨੂੰ ਵਖ਼ਤ ਪੇ ਜਾਂਦਾ ਏ ਕਿਉਂ ਜੇ ਜੱਟਾਂ ਵਿਚ ਆਪਣੀ ਗੋਤ ਦੇ ਉੱਚੇ ਹੋਣ ਦਾ ਇਕ ਮੁਕਾਬਲਾ ਏ ਹਰ ਜੱਟ ਦੂਜੀ ਗੋਤ ਦੇ ਜੱਟ ਨੂੰ ਆਪਣੇ ਤੋਂ ਹੀਣਾ ਸਮਝਦਾ ਏ। ਇਹੋ ਗੱਲ ਰਾਜਪੂਤਾਂ ਗੁੱਜਰਾਂ ਤੇ ਹੋਰ ਗੋਤਾਂ ਵਿਚ ਵੀ ਏ ਮੁਸਲਮਾਨਾਂ ਵਿਚ ਏਸ ਛਾਨਣੀ ਦੀ ਵਰਤੋਂ ਸਭ ਤੋਂ ਕੱਟਡ਼ ਤੇ ਕਰਡ਼ੀ ਸਯੱਦਾਂ ਵਿਚ ਏ। ਸੱਯਦ ਆਪਣੀ ਕੁਡ਼ੀ ਦਾ ਰਿਸ਼ਤਾ ਸਿਰਫ਼ ਸਯੱਦਾਂ ਵਿਚ ਕਰਦਾ ਏ। ਉਹਦੇ ਲਈ ਮੁਸਲਮਾਨਾਂ ਦੀਆਂ ਬਾਕੀ ਸਾਰੀਆਂ ਗੋਤਾਂ ਉੱਮਤੀ ਯਾਨੀ ਰਈਅਤ ਜਾਂ ਪੈਰੋਕਾਰ ਨੇ। ਮੁਸਲਮਾਨ ਸੱਯਦ ਆਪਣੇ ਵਰਤਾਰੇ ਵਿਚ ਹਿੰਦੂ ਬ੍ਰਹਾਮਣ ਤੋਂ ਵੀ ਚਾਰ ਚੁੱਕੇ ਵੱਧ ਏ। ਉਹ ਸਰਦਾਰ, ਪਾਕ ਤੇ ਨੂਰੀ(ਉਹ ਬਾਕੀ ਇਨਸਾਨਾਂ ਤਰਾਂ ਮਿੱਟੀ ਚੋਂ ਨਹੀਂ ਬਣਿਆ ਸਗੋਂ ਨੂਰ ਚੋਂ ਬਣਿਆ) ਏ। ਏਸ ਪਾਰੋਂ ਉਹ (ਪਵਿੱਤਰ) ਏ ਤੇ ਬਾਕੀ ਸਭ ਗੋਤਾਂ ਘਟੀਆ ਨੇ।
ਏਸ ਮਗਰੋਂ ਮਾਲੀ ਹਾਲਤ ਦੀ ਛਾਨਣੀ ਆਉਂਦੀ ਏ, ਕੁਡ਼ੀ ਦੇ ਰਿਸ਼ਤੇ ਦਾ ਇਹ ਕੰਮ ਇਕ ਤਰਾਂ ਦਾ ਸੌਦਾ ਹੁੰਦਾ ਏ । ਮੁੰਡਾ ਕੀ ਕੰਮ ਕਰਦਾ ਏ ? ਕੁਡ਼ੀ ਨੂੰ ਰੋਟੀ ਦੇ ਸਕਦਾ ਏ ਜਾਂ ਨਹੀਂ? ਜੇ ਉਹ ਬਾਹਰ ਰਹਿੰਦਾ ਏ ਤੇ ਕੀ ਉਹਦੇ ਰਾਹੀਂ ਕੁਡ਼ੀ ਦੇ ਘਰ ਵਾਲੇ ਬਾਹਰ ਜਾ ਸਕਦੇ ਨੇ ਜਾਂ ਨਹੀਂ ? ਇਹ ਉਹ ਖ਼ਾਸ ਛਾਨਣੀਆਂ ਨੇ ਜਿਹਦੀ ਕੋਈ ਨਾ ਕੋਈ ਸ਼ਕਲ ਹਰ ਪੰਜਾਬੀ ਵਰਤਦਾ ਏ , ਏਸ ਤੋਂ ਵੱਖ ਹੋਰ ਵੀ ਕਈ ਛਾਨਣੀਆਂ ਨੇ।
ਇਹ ਛਾਨਣੀਆਂ ਸਿਰਫ਼ ਪੰਜਾਬ ਤੱਕ ਮਹਿਦੂਦ ਨਹੀਂ ਹਨ ਸਗੋਂ ਜਦ ਇਕ ਪੰਜਾਬੀ ਬਾਹਰ ਤੁਰ ਜਾਂਦਾ ਏ ਤੇ ਇਹ ਛਾਨਣੀਆਂ ਉਹ ਆਪਣੇ ਨਾਲ਼ ਵੀ ਲੈ ਜਾਂਦਾ ਏ। ਬਾਹਰ (ਖ਼ਾਸ ਤੌਰ ਤੇ ਪੱਛਮੀ ਦੁਨੀਆ ਤੇ ਅਸਟਰੇਲੀਆ) ਜਾ ਕੇ ਜਦ ਇਕ ਪੰਜਾਬੀ ਕੁਡ਼ੀ ਨੂੰ ਆਜ਼ਾਦੀ ਦਾ ਮੌਕਾ ਮਿਲਦਾ ਏ ਤੇ ਉਹ ਛਾਨਣੀਆਂ ਦੇ ਏਸ ਜਾਲ਼ ਨੂੰ ਤੋਡ਼ਨ ਦੀ ਕੋਸ਼ਿਸ਼ ਕਰਦੀ ਏ ਕਦੇ ਕਦੇ ਤੇ ਉਹ ਕਾਮਯਾਬ ਹੋ ਜਾਂਦੀ ਏ ਪਰ ਬਹੁਤੀ ਵਾਰੀ ਉਹਨੂੰ ਇਹਦਾ ਮਹਿੰਗਾ ਮੁੱਲ ਭਰਨਾ ਪੈਂਦਾ ਜਿਹਦੇ ਵਿਚ ਉਹਦਾ ਕਤਲ ਵੀ ਸ਼ਾਮਿਲ ਹੁੰਦਾ। ਮਾਂ ਪਿਓ ਉਹਨੂੰ ਧੋਖਾ ਦੇ ਕੇ ਪੰਜਾਬ ਲੈ ਆਉਂਦੇ ਨੇ, ਇਥੇ ਆ ਕੇ ਕਤਲ ਕਰ ਦਿੰਦੇ ਨੇ ਜੇ ਉਹ ਕਤਲ ਨਾ ਹੋਵੇ ਤੇ ਉਹਨੂੰ ਪੱਛਮ ਵਿਚ ਮਹਿੰਗੀ ਕੀਮਤ ਦੇਣੀ ਪੈਂਦੀ ਏ।
ਇਕ ਪੰਜਾਬੀ ਕੁਡ਼ੀ ਮੁੰਡੇ ਦੀ ਏਸ ਬਗ਼ਾਵਤ ਮਗਰੋਂ ਪੰਜਾਬੀ ਦੇ ਪਖੰਡ ਤੇ ਦੋਹਰੇ ਇਖ਼ਲਾਕੀ ਮਿਆਰਾਂ ਦਾ ਭਾਂਡਾ ਫੁੱਟਦਾ ਏ। ਉਹਦਾ ਪਹਿਲਾ ਵਿਤਕਰਾ ਮੁੰਡੇ ਕੁਡ਼ੀ ਰਾਹੀਂ ਜ਼ਾਹਰ ਹੁੰਦਾ ਏ। ਜੇ ਮੁੰਡਾ ਬਗ਼ਾਵਤ ਕਰ ਕੇ ਵਿਆਹ ਕਰ ਲਵੇ ਤੇ ਉਹਦੇ ਮਾਂ ਪਿਓ ਕੁਝ ਨਖ਼ਰਿਆਂ ਮਗਰੋਂ ਉਹਨੂੰ ਕਬੂਲ ਕਰ ਲੈਂਦੇ ਨੇ।
ਮੈਂ ਸੱਯਦ ਹਾਂ ਤੇ ਸਯੱਦਾਂ ਦੀ ਇਕ ਅੰਤ ਕੱਟਡ਼ ਗੋਤ ਨਾਲ਼ ਮੇਰਾ ਤਾਅਲੁੱਕ ਏ। ਮੇਰੀ ਪਤਨੀ ਸਵੀਡਿਸ਼ ਈਸਾਈ ਗੋਰੀ ਏ ਉਹ ਕਿੱਤੇ ਜਾਂ ਪੇਸ਼ੇ ਰਾਹੀਂ ਵਕੀਲ ਏ ਤੇ ਸਰਕਾਰ ਦੀ ਇਕ ਵੱਡੀ ਅਫ਼ਸਰ ਏ ਉਹ ਇਕ ਅਮੀਰ ਆਦਮੀ ਦੀ ਧੀ ਏ ਤੇ ਉਹਦੇ ਸਾਰੇ ਭੈਣ ਭਰਾ ਕਰੋਡ਼ਪਤੀ ਨੇ। ਅੱਜ ਤੀਕ ਨਾ ਤੇ ਮੇਰੇ ਪਰਿਵਾਰ ਚੋਂ ਤੇ ਨਾ ਈ ਮੁਸਲਮਾਨ ਪੰਜਾਬੀਆਂ ਚੋਂ ਕੋਈ ਬੰਦਾ ਉਹਨੂੰ ਮਿੱਥੇ ਤੇ ਵੱਟ ਪਾ ਕੇ ਨਹੀਂ ਮਿਲਿਆ ਏ। ਜੇ ਮੈਂ ਉਹਦੀ ਥਾਂ ਤੇ ਕਿਸੇ ਗ਼ਰੀਬ ਸਿੱਖਣੀ ਜਾਂ ਗੂੰਹ ਚੱਕਣ  ਵਾਲੀ ਈਸਾਈ ਚੂਹਡ਼ੀ ਨਾਲ਼ ਵਿਆਹ ਕਰ ਲੈਂਦਾ ਤਾਂ ਸਭ ਨੇ ਮੇਰਾ ਹੁੱਕਾ ਪਾਣੀ ਬੰਦ ਕਰ ਦੇਣਾ ਸੀ।
ਕਰਤਾਰ ਸਿੰਘ ਵਿਰਕ ਚੌਧਰੀ ਬੰਦਾ ਸੀ। ਸਰਕਾਰੇ ਦਰਬਾਰੇ ਉਹਨੂੰ ਕੁਰਸੀ ਮਿਲਦੀ ਸੀ ਪੂਰੀ ਪੰਚਾਈਤ ਵਿਚ ਉਹਦੀ ਗੱਲ ਵੱਡੀ ਮੰਨੀ ਜਾਂਦੀ। ਉਹ ਹਮੇਸ਼ਾ ਨੀਲੀ ਪੱਗ ਬੰਨ੍ਹਦਾ। ਗੁਰਦਵਾਰੇ ਤੇ ਧਾਰਮਿਕ ਹਲਕਿਆਂ ਵਿਚ ਉਹਨੂੰ ਆਦਰ ਮਾਣ ਮਿਲਦਾ। ਉਹਨੇ ਸਾਰੀਆਂ ਛਾਨਣੀਆਂ ਵਰਤ ਕੇ ਆਪਣੀ ਕੁਡ਼ੀ ਲਈ ਇਕ ਸੰਧੂ ਜੱਟ ਮੁੰਡਾ ਲੱਭਿਆ ਤੇ ਰਾਠ ਸਿੱਖਾਂ ਦੇ ਰਸਮਾਂ ਰਿਵਾਜਾਂ ਮੁਤਾਬਿਕ ਆਪਣੀ ਕੁਡ਼ੀ ਦਾ ਵਿਆਹ ਕੀਤਾ। ਏਸ ਜੌਡ਼ੇ ਦੇ ਦੋ ਬਾਲ ਵੀ ਹੋ ਗਏ। ਵਿਰਕ ਜੀ ਦਾ ਕਿਸੇ ਤਰਾਂ ਦਾਅ ਲੱਗ ਗਿਆ ਤੇ ਉਹ ਪੱਛਮ ਆ ਗਏ। ਉਨ੍ਹਾਂ ਆਪਣੀ ਧੀ ਤੇ ਆਪਣੇ ਜਵਾਈ ਨੂੰ ਵੀ ਉਥੇ ਸੱਦ ਲਿਆ। ਪੱਛਮ ਆ ਕੇ ਸੰਧੂ ਜੀ ਦੀ ਜੂਨ ਬਦਲ ਗਈ ਤੇ ਉਹ ਇੱਕ ਹਰਾਮ ਦਾ ਬਣ ਗਿਆ ਤੇ ਆਪਣੇ ਆਪ ਨੂੰ ਮੁਹੰਮਦ ਸ਼ਾਹ ਰੰਗੀਲਾ ਸਮਝਣ ਲੱਗ ਪਿਆ ਉਹਨੇ ਸ਼ਰਾਬ ਤੇ ਖ਼ੈਰ ਪੀਣੀ ਈ ਸੀ ਨਾਲ਼ ਉਹ ਗੋਰੀਆਂ ਜ਼ਨਾਨੀਆਂ ਦਾ ਸ਼ੌਕੀਨ ਬਣ ਗਿਆ ਤੇ ਗੋਰੀਆਂ ਇੰਜ ਹੰਢਾਉਣ ਲੱਗ ਪਿਆ ਜਿਵੇਂ ਉਹ ਕੋਈ ਵਰਤਣ ਵਾਲੀਆਂ ਚੀਜ਼ਾਂ ਹੋਣ। ਸੰਧੂ ਦੀ ਪਤਨੀ ਹਰ ਜ਼ੁਲਮ ਤੇ ਜ਼ਿਆਦਤੀ ਬਰਦਾਸ਼ਤ ਕੀਤੀ ਪਰ ਸਬਰ ਕਰ ਕੇ ਘਰ ਬੈਠੀ ਰਹੀ। ਹੁਣ ਸੰਧੂ ਸਾਹਿਬ ਉਹਦੇ ਸਾਮ੍ਹਣੇ ਗੋਰੀਆਂ ਘਰ ਵੀ ਲਿਆਉਣ ਲੱਗ ਪਏ ਉਹ ਫਿਰ ਵੀ ਸਬਰ ਕਰ ਕੇ ਬੈਠੀ ਰਹੀ। ਇਕ ਦਿਨ ਸੰਧੂ ਸਾਹਿਬ ਇਕ ਗੋਰੀ ਪੱਕੀ ਘਰ ਲੈ ਆਏ ਉਹ ਫਿਰ  ਵੀ ਬੈਠੀ ਰਹੀ; ਆਖ਼ਿਰ ਸੰਧੂ ਜੀ ਆਪਣੀ ਏਸ ਸਿੱਖ ਪਤਨੀ ਨੂੰ ਮਾਰ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ। ਉਹ ਰੋਂਦੀ ਪਿੱਟਦੀ ਮਾਪਿਆਂ ਵੱਲ ਆ ਗਈ ਤੇ ਪਿੱਛੋਂ ਸੰਧੂ ਸਾਹਿਬ ਨੂੰ ਖੁੱਲੀ ਛੁੱਟੀ ਮਿਲ ਗਈ ਤੇ ਉਹ ਆਪਣਾ ਮੌਜ ਮੇਲਾ ਕਰਦੇ ਰਹੇ ਤੇ ਉਨ੍ਹਾਂ ਆਪਣੀ ਸਿੱਖ ਪਤਨੀ ਨੂੰ ਕੁੱਟਿਆ ਤੇ ਮਾਰਿਆ। ਉਹ ਕਈ ਸਾਲ ਮਾਪਿਆਂ ਦੇ ਘਰ ਬੈਠੀ ਰਹੀ। ਖ਼ੈਰ ਇਕ ਦਿਨ ਤਲਾਕ ਹੋ ਗਿਆ ਤੇ ਵਿਰਕ ਸਾਹਿਬ ਉਹਦੇ ਲਈ ਨਵਾਂ ਵਰ ਲੱਭਣ ਲਈ ਫਿਰ ਛਾਨਣੀਆਂ ਫਡ਼ ਲਈਆਂ। ਏਸ ਕੰਮ ਵਿਚ ਕਈ ਸਾਲ ਹੋਰ ਲੰਘ ਗਏ ਤੇ ਕੋਈ ਕੰਮ ਦਾ ਜੱਟ ਮੁੰਡਾ ਨਾ ਲੱਭਾ। ਆਖ਼ਿਰ ਤੰਗ ਆ ਕੇ ਏਸ ਕੁਡ਼ੀ ਆਪੇ ਮੁੰਡਾ ਲੱਭ ਲਿਆ ਤੇ ਚੁੱਪ ਕਰ ਕੇ ਵਿਆਹ ਕਰ ਲਿਆ। ਸਾਰੇ ਘਰ ਵਿਚ ਭੂਚਾਲ ਆ ਗਿਆ। ਏਸ ਮੁੰਡੇ ਵਿਚ ਕੋਈ ਖ਼ਰਾਬੀ ਨਹੀਂ ਸੀ। ਉਹ ਸੋਹਣਾ ਸੀ, ਜਵਾਨ ਸੀ, ਨਾਲ਼ ਡਾਕਟਰ ਸੀ ਪਰ ਉਹ ਮੁਸਲਮਾਨ ਪੰਜਾਬੀ ਸੀ। ਸਰਦਾਰ ਕਰਤਾਰ ਸਿੰਘ ਵਿਰਕ ਨੂੰ ਲੋਕਾਂ ਬੋਲੀਆਂ ਮਾਰ ਮਾਰ ਕੇ ਉਹਦਾ ਨੱਕ ਵਿਚ ਦਮ ਕਰ ਦਿੱਤਾ ਉਹਨਾਂ ਆਪਣੀ ਕੁਡ਼ੀ ਨਾਲ਼ ਬਾਈਕਾਟ ਕੀਤਾ ਤੇ ਸ਼ਹਿਰ ਛੱਡ ਕੇ ਤੁਰ ਗਏ।
ਚੌਧਰੀ ਸਰਦਾਰ ਮੁਹੰਮਦ ਵਿਰਕ ਲਹਿੰਦੇ ਪੰਜਾਬ ਦੇ ਜ਼ਿਲੇ ਗੁਜਰਾਤ ਦੇ ਇਕ ਪਿੰਡ ਦਾ ਰਹਿਣ ਵਾਲਾ ਸੀ ਨਾਰਵੇ ਲਈ ਵੀਜ਼ੇ ਖੁੱਲੇ ਤੇ ਉਹ ਆਪਣੀ ਬਰਾਦਰੀ ਨਾਲ਼ ਸਾਮਾਨ ਬਣਾ ਕੇ ਨਾਰਵੇ ਆ ਗਏ ਇਥੇ ਆ ਕੇ ਉਨ੍ਹਾਂ ਧੁੱਸ  ਕੇ ਕੰਮ ਕੀਤਾ ਪਿੰਡ ਵਿਚ ਸੰਗਮਰਮਰ ਦੀ ਵੱਡੀ ਸਾਰੀ ਕੋਠੀ ਪਾ ਲਈ। ਬਾਲ ਵੱਡੇ ਹੋ ਗਏ ਤੇ ਉਨ੍ਹਾਂ ਨੂੰ ਨਾਲ਼ ਲੈ ਕੇ ਪਾਕਿਸਤਾਨ ਤੁਰ ਗਏ। ਇਕ ਮਹੀਨੇ  ਮਗਰੋਂ ਈ ਬਾਲਾਂ ਰੌਲ਼ਾ ਪਾ ਦਿੱਤਾ ਤੇ ਪਾਕਿਸਤਾਨ ਵਿਚ ਰਹਿਣ ਤੋਂ ਇਨਕਾਰ ਕਰ  ਦਿੱਤਾ ਉਹ ਵਾਪਸ ਨਾਰਵੇ ਆ ਗਏ। ਬਾਲ ਵੱਡੇ ਹੋ ਗਏ ਸਨ ਤੇ ਉਨ੍ਹਾਂ ਦੇ ਵਿਆਹੁਣ  ਦੀ ਵਾਰੀ ਆ ਗਈ। ਉਨ੍ਹਾਂ ਦੀ ਧੀ ਨਾਰਵੇ ਵਿਚ ਜੰਮੀ ਪਲ਼ੀ ਸੀ ਉਹਨੇ ਬਰਾਦਰੀ ਦੇ ਕਿਸੇ ਪੇਂਡੂ ਮੁੰਡੇ ਨਾਲ਼ ਵਿਆਹ ਕਰਨ ਤੋਂ ਇਨਕਾਰ ਦਿੱਤਾ। ਚੌਧਰੀ ਸਰਦਾਰ ਮੁਹੰਮਦ ਵਿਰਕ ਪੱਗ ਲਾਹ ਕੇ ਉਹਦੇ ਪੈਰਾਂ ਤੇ ਰੱਖੀ ਤੇ ਮਿੰਨਤ ਕਰਦਿਆਂ ਕਿਹਾ: ”ਪੱਤਰਾ ਤੂੰ ਜਿੱਤੀ ਤੇ ਮੈਂ ਹਾਰਿਆ,ਜਾ ਤੋਂ ਆਪਣੀ ਮਰਜ਼ੀ ਦਾ ਮੁੰਡਾ ਲੱਭ ਲੈ ਪਰ ਮੇਰੀ ਇਕ ਮਿੰਨਤ ਏ। ਇੱਕ ਤੇ ਇਹ ਮੁੰਡਾ ਗੋਰਾ ਨਾ ਹੋਵੇ ਦੂਜਾ ਇਹ ਜੱਟ ਹੋਵੇ।”
ਕੁਡ਼ੀ ਵਾਅਦਾ ਕਰ ਲਿਆ। ਕੁਝ ਮਹੀਨਿਆਂ ਮਗਰੋਂ ਉਹਨੇ ਆਪਣੇ ਮਾਂ ਪਿਓ ਨੂੰ ਖ਼ਬਰ ਦਿੱਤੀ ਕਿ ਉਹਨੇ ਮੁੰਡਾ ਲੱਭ ਲਿਆ ਏ ਤੇ ਇਹ ਮੁੰਡਾ ਨਾ ਤੇ ਗੋਰਾ ਏ ਸਗੋਂ ਚੀਮਾ ਜੱਟ ਏ। ਉਹ ਬਹੁਤ ਖ਼ੁਸ਼ ਹੋਏ ਤੇ ਜ਼ਿੱਦ ਕਰਨ ਲੱਗ ਪਏ ਕਿ ਉਹ ਮੁੰਡਾ ਛੇਤੀ ਤੋਂ ਛੇਤੀ ਉਨ੍ਹਾਂ ਨੂੰ ਮਿਲਾਏ। ਖ਼ੈਰ ਇਕ ਦਿਨ ਕੁਡ਼ੀ ਮੁੰਡੇ ਨੂੰ ਘਰ ਲਿਆਉਣ ਦਾ ਵਾਅਦਾ ਕੀਤਾ। ਮਾਂ ਪਿਓ ਨੂੰ ਚਾਅ ਚਡ਼੍ਹ ਗਏ। ਸਵੇਰੇ ਤੋਂ  ਘਰ ਵਿਚ ਖਾਣੇ ਪੱਕਣ ਲੱਗ ਪਏ। ਮੁੰਡੇ ਲਈ ਤੁਹਫ਼ੇ ਖ਼ਰੀਦੇ ਗਏ।
ਮਿੱਥੇ ਵੇਲੇ ਤੇ ਕੁਡ਼ੀ ਮੁੰਡਾ ਲੈ ਆਈ। ਉਹਨੇ ਘਰ ਦੀ ਟੱਲੀ ਵਜਾਈ ਤੇ ਉਹਦੇ ਪਿਓ ਬੂਹਾ ਖੋਲਿਆ ਉਹਨੇ ਦੇਖਿਆ ਕਿ ਉਹਦੀ ਧੀ ਨਾਲ਼ ਇਕ ਸਿੱਖ ਖਲੋਤਾ ਸੀ।
ਏਸ ਮਗਰੋਂ ਚੌਧਰੀ ਸਰਦਾਰ ਮੁਹੰਮਦ ਵਿਰਕ ਨਾਲ਼ ਜੋ ਹੋਈ ਉਹ ਸਰਦਾਰ ਕਰਤਾਰ ਸਿੰਘ ਤੋਂ ਕੋਈ ਵੱਖ ਨਹੀਂ ਸੀ। ਚੌਧਰੀ ਸਰਦਾਰ ਮੁਹੰਮਦ ਦੀ ਨਾਰਵੇ ਵਿਚ ਰਹਿੰਦੀ ਬਰਾਦਰੀ ਉਹਦਾ ਹੁੱਕਾ  ਪਾਣੀ ਬੰਦ ਕਰ ਦਿੱਤਾ।
ਇਹੋ ਜਿਹੀਆਂ  ਹੋਰ ਵੀ ਮਿਸਾਲਾਂ ਮਿਲਣਗੀਆਂ ।
ਅੱਜ ਜੇ ਪੰਜਾਬੀ ਦੇ ਸਾਰੇ ਕੱਪਡ਼ੇ ਲਹਾ ਕੇ ਤੇ ਉਹਨੂੰ ਘਾਹ ਦੀ ਨਿੱਕੀ ਜਿਹੀ ਤਡ਼ਾਗੀ ਬੰਨ੍ਹਵਾ ਕੇ ਤੇ ਉਹਦੇ ਹੱਥ ਵਿਚ ਪੱਥਰ ਦਾ ਹਥੌਡ਼ਾ ਫਡ਼ਾ ਕੇ ਜੰਗਲ਼ ਵੱਲ ਘੱਲ  ਦਿੱਤਾ ਜਾਵੇ ਤੇ ਕਿਹਾ ਜਾਵੇ:”ਜਾ, ਸ਼ਿਕਾਰ ਕਰ ਤੇ ਗ਼ਾਰਾਂ ਵਿਚ ਰਹਿ”।
ਉਹ ਕਦੇ ਨਹੀਂ ਜਾਵੇਗਾ ਸਗੋਂ ਤੁਹਾਡੇ ਦਿਮਾਗ਼ ਦੀ ਸਿਹਤ ਤੇ ਸ਼ੱਕ ਕਰੇਗਾ ਪਰ ਹਕੀਕਤ ਵਿਚ ਜਦ ਉਹ ਆਪਣੀ ਧੀ ਦਾ ਰਿਸ਼ਤਾ ਕਰਦਾ ਏ ਤੇ ਇਹੋ ਕਰਦਾ ਏ। ਇਤਿਹਾਸ ਸਾਨੂੰ ਦੱਸਦਾ ਏ ਕਿ ਪਹਿਲੇ ਇਨਸਾਨ ਦੀ ਪੂਛ ਹੁੰਦੀ ਸੀ ਫਿਰ  ਉਹਦੇ ਅਗਾਂਹ ਵਧਣ ਨਾਲ਼ ਹੌਲੀ ਹੌਲੀ ਇਹ ਗ਼ਾਇਬ ਹੋ ਗਈ । ਪੰਜਾਬੀ ਭਾਂਵੇਂ ਬਹੁਤ ਗੱਲਾਂ ਵਿਚ ਮਾਡਰਨ ਹੋ ਗਿਆ, ਪਰ ਉਹਦੇ ਨਾਲ਼ ਇਹ ਪੂਛ ਹਾਲੇ ਤੀਕ ਲੱਗੀ ਹੋਈ ਏ। ਇਹ ਪੂਛ ਉਹਦਾ ਕਬੀਲੀ ਰਿਵਾਜਾਂ ਰਾਹੀਂ ਆਪਣੀ ਧੀ ਦਾ ਰਿਸ਼ਤਾ ਕਰਨਾ ਏ। ਇਹ ਸਿਰਫ਼ ਇਕ ਕਬੀਲੀ ਰਸਮ ਈ ਨਹੀਂ ਸਗੋਂ ਇੱਕ ਵਾਹਗਾ ਬਾਡਰ ਵੀ ਏ। ਪੰਜਾਬੀ ਗੋਰੀ ਨੂੰਹ ਤੇ ਗੋਰੇ ਜਵਾਈ ਨੂੰ ਕਬੂਲ ਕਰਕੇ ਫੁੰਡਦਾ ਏ, ਪਰ ਵਾਹਗੇ ਦੇ ਆਰਪਾਰ ਰਹਿੰਦੇ ਪੰਜਾਬੀ ਨੂੰ ਇਨਸਾਨ ਈ ਮੰਨਣ ਨੂੰ ਤਿਆਰ ਨਹੀਂ,  ਏ ਜਦ ਕੇ ਕੁੱਝ ਪੀਹਡ਼੍ਹੀਆਂ ਪਹਿਲਾਂ ਇਹ ਇਕੋ ਖ਼ੂਨ ਸਨ, ਇਨ੍ਹਾਂ ਦੇ ਦਾਦੇ ਪਡ਼ਦਾਦੇ ਇਕੋ ਸਨ। ਪੰਜਾਬੀ ਵਿਚ ਕਿਹਾ ਜਾਂਦਾ ਏ ਆਪਣਾ ਮਾਰੇਗਾ ਵੀ ਤੇ ਛਾਂਵੇਂ ਲਿਆ ਕੇ ਪਰ ਪੰਜਾਬੀ ਏਸ ਮਸਲੇ ਤੇ ਆਪਣੇ ਕੋਲੋਂ ਛਾਂਵੇਂ ਮਰਨ ਦੀ ਥਾਂ ਪਰਾਏ ਕੋਲੋਂ ਧੁੱਪੇ ਮਰਨ ਨੂੰ ਤਿਆਰ ਏ। ਚਲੋ ਇਹ ਕੰਧ ਕਿਸੇ ਹੱਦ ਤੱਕ ਹਿੰਦੂਆਂ ਤੇ ਸਿੱਖਾਂ ਵਿਚ ਢਹਿ  ਗਈ ਏ ਪਰ ਔਰੰਗਜ਼ੇਬ, ਬੰਦਾ ਬਹਾਦਰ ਤੇ ਅੰਗਰੇਜ਼ ਦੀ ਖਡ਼ੀ ਕੀਤੀ ਇਹ ਕੰਧ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਵਿਚ ਇਸੇ ਦੀ ਇਸੇ ਤਰਾਂ ਕਾਇਮ ਏ, ਤੇ ਇਹ ਕੰਧ ਇਨ੍ਹਾਂ ਉੱਤੇ ਹੱਸਦੀ ਏ ਤੇ ਇਹ ਉਹਦੀ ਪੂਜਾ ਤੇ ਲੱਗੇ ਹੋਏ ਨੇ।
ਇਹ ਉਹ ਵਾਹਗੇ ਵਾਲੀ ਕੰਡ ਏ ਜੋ ਮੁਸਲਮਾਨ , ਹਿੰਦੂ , ਸਿੱਖ ਤੇ ਈਸਾਈ ਪੰਜਾਬੀ ਆਪਣੇ ਵਿਚਕਾਰ ਖਲ੍ਹਾਰ ਕੇ ਖਲੋਤਾ ਏ । ਹੁਣ ਸਵਾਲ ਇਹ ਹੈ ਕਿ ਕੀ ਇਹ ਕੰਧ ਸਾਰੀਆਂ ਪੰਜਾਬੀਆਂ ਲਈ ਏ?

ਨਹੀਂ।
ਇਥੇ ਪੰਜਾਬੀ ਦੇ ਪਖੰਡHypocracy)  ਏ  ਇਹ ਦੂਹਰੇ  ਇਖ਼ਲਾਕੀ ਮਿਆਰਾਂ Double morals ਦਾ ਪੋਲ ਏ ਪਹਿਲਾ ਪਖੰਡ (Hypocracy) ਤੇ ਮੁੰਡੇ ਤੇ ਕੁਡ਼ੀ ਦਾ ਫ਼ਰਕ ਏ । ਮੁੰਡੇ ਨੂੰ ਬਹੁਤ ਹੱਦ ਤੱਕ ਆਜ਼ਾਦੀ  ਏ ਪਰ ਕੁਡ਼ੀ ਲਈ ਮਨਾਹੀ ਏ। ਦੂਜਾ ਪਖੰਡ ਤਬਕਿਆਂ Classes ਤੇ ਮੁਆਸ਼ੀ (ਆਰਥਿਕ ) ਊਂਚ ਨੀਚ ਦਾ ਏ।
ਸਰਦਾਰਨੀ ਸਤਨਾਮ ਕੌਰ ਇਕ ਵੱਡੇ ਜਾਗੀਰਦਾਰ ਦੀ ਧੀ ਸੀ। ਵੰਡ ਤੋਂ ਪਹਿਲਾਂ ਉਹਦੇ ਮਾਂ ਪਿਓ ਉਹਨੂੰ ਇੰਗਲੈਂਡ ਪਡ਼੍ਹਨ ਘੱਲਿਆ। ਓਥੇ ਈ ਪੰਜਾਬ ਦੇ ਸਭ ਤੋਂ ਵੱਡੇ ਜਾਗੀਰਦਾਰ ਤੇ ਪੰਜਾਬ ਦੇ ਚੀਫ਼ ਮਨਿਸਟਰ ਸਿਰ ਸਿਕੰਦਰ ਹਯਾਤ ਟਿਵਾਣਾ ਦਾ ਪੁੱਤਰ ਮਹਿਮੂਦ ਵੀ ਪਡ਼੍ਹਨ ਆਇਆ ਹੋਇਆ ਸੀ। ਦੋਨਾਂ ਨੂੰ ਇਕ ਦੂਜੇ ਨਾਲ਼ ਇਸ਼ਕ ਹੋ ਗਿਆ। ਉਨ੍ਹਾਂ ਵਿਆਹ ਕਰ ਲਿਆ। ਨਾ ਮਹਿਮੂਦ ਨੂੰ ਕਿਸੇ ਕੁਝ ਕਿਹਾ ਤੇ ਨਾ ਈ ਸਤਨਾਮ ਕੌਰ ਨੂੰ। ਉਹਦੇ ਮਾਂ ਪਿਓ ਵਡ਼ਨ ਤੁਰੇ। ਉਹ ਸਤਨਾਮ ਕੌਰ ਤੋਂ ਸਤਨਾਮ ਮਹਿਮੂਦ ਬਣ ਗਈ ਤੇ ਸਿੱਖ ਦੀ ਸਿੱਖ ਈ ਰਹੀ। ਆਪ ਇਕ ਜਾਗੀਰਦਾਰ ਦੀ ਧੀ ਤੇ ਇਕ ਵੱਡੇ ਮੁਸਲਮਾਨ ਜਾਗੀਰਦਾਰ ਦੀ ਪਤਨੀ ਹੋਣ ਪਾਰੋਂ ਉਸ ਪਾਕਿਸਤਾਨ ਵਿਚ ਸਿਖ਼ਰ ਦੀ ਜ਼ਿੰਦਗੀ ਗੁਜ਼ਾਰੀ, ਉਹ ਉਤਲੇ ਤਬਕੇ ਕਲਾਸ ਦੀਆਂ ਪਾਰਟੀਆਂ ਦੀ ਜਾਨ ਹੁੰਦੀ ਸੀ ਤੇ ਹਰ ਥਾਂ ਉਹਨੂੰ ਸਲਾਮ ਹੁੰਦੇ ਸਨ।
ਕਰਤਾਰ ਸਿੰਘ ਦੁੱਗਲ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਦਾ ਮਹਾਨ ਲਿਖਾਰੀ ਏ। ਏਸ ਤੋਂ ਵੱਖ ਉਹਦਾ ਰੇਡੀਓ ਨਾਲ਼ ਵੀ ਤਾਅਲੁੱਕ ਸੀ, ਉਹਦਾ ਤੇ ਆਇਸ਼ਾ ਦਾ ਇਸ਼ਕ ਹੋਇਆ ਉਨ੍ਹਾਂ ਵਿਆਹ ਕਰ ਲਿਆ ਕਰਤਾਰ ਸਿੰਘ ਦੁੱਗਲ ਸਿੱਖ ਤੇ ਆਯਸ਼ਾ ਮੁਸਲਮਾਨ ਈ ਰਹੀ ਤੇ ਇਹ ਜੋਡ਼ਾ ਕਬੂਲ ਹੋ ਗਿਆ, ਏਸ ਤੋਂ ਵੱਖ ਸਾਨੂੰ ਫ਼ਿਲਮੀ ਦੁਨੀਆ ਵਿਚ ਵੀ ਕਈ ਮਿਸਾਲਾਂ ਮਿਲਦੀਆਂ ਨੇਂ। ਨਰਗਿਸ ਇਕ ਹਿੰਦੂ ਸੁਨੀਲ ਦੱਤ ਨਾਲ਼ ਵਿਆਹ ਕੀਤਾ। ਸ਼ਾਹਰੁਖ਼ ਦੀ ਪਤਨੀ ਹਿੰਦੂ ਏ ਆਮਿਰ ਖ਼ਾਨ ਦੀ ਵੀ ਪਤਨੀ ਹਿੰਦੂ ਏ। ਗੱਲ ਸਿਰਫ਼ ਫ਼ਿਲਮੀ ਦੁਨੀਆ, ਜਾਗੀਰਦਾਰਾਂ ਤੇ ਅਦਬੀ (ਸਾਹਿਤਿਕ) ਸਟਾਰਜ਼ ਦੀ ਨਹੀਂ ਏ ਤਾਰੀਖ਼ ਵੀ ਇਹੋ ਜਿਹੀਆਂ ਮਿਸਾਲਾਂ ਨਾਲ਼ ਭਰੀ ਪਈ ਏ ਜਿਥੇ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਰਿਸ਼ਤੇ ਹੋਏ। ਰਾਣੀ ਜੋਧਾਂ ਸਾਹਨ  ਹਿੰਦੂ ਰਾਜਪੂਤਾਂ ਦੀ ਧੀ ਸੀ ਉਨ੍ਹਾਂ ਆਪਣੇ ਹੱਥੀਂ ਅਕਬਰ ਨੂੰ ਵਿਆਹ ਕੇ ਦਿੱਤੀ ਇਹ ਕੋਈ ਇਕੱਲੀ ਹਿੰਦੂ ਰਾਣੀ ਨਹੀਂ ਸੀ ਜੋ ਮੁਗ਼ਲਾਂ ਦੇ ਹਰਮ ਦਾ ਹਿੱਸਾ ਬਣੀ ਸਗੋਂ ਹੋਰ ਵੀ ਹਿੰਦੂ ਔਰਤਾਂ ਮੁਗ਼ਲ ਬਾਦਸ਼ਾਹਾਂ ਤੇ ਮੁਸਲਮਾਨ ਨਵਾਬਾਂ ਦੇ ਨਿਕਾਹ ਵਿਚ ਆਈਆਂ।
ਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਿਆਰੀ ਪਤਨੀ ਮੋਰਾਂ ਸਰਕਾਰ ਮੁਸਲਮਾਨ ਸੀ। ਰਾਜਾ ਰਣਜੀਤ ਸਿੰਘ ਨੂੰ ਇਹ ਏਨੀ ਪਿਆਰੀ ਸੀ ਕਿ ਜਦ ਉਹ ਮੁਹਿੰਮਾਂ ਤੇ ਜਾਂਦਾ ਸੀ ਤੇ ਆਪਣੀਆਂ ਰਾਣੀਆਂ ਦੀ ਫ਼ੌਜ ਚੋਂ ਇਕੱਲੀ ਮੋਰਾਂ ਨੂੰ ਨਾਲ਼ ਲੈ ਕੇ ਜਾਂਦਾ ਸੀ,ਜੇ ਕਿਸੇ ਵਜ੍ਹਾ ਤੋਂ ਉਹਨੂੰ ਨਾਲ਼ ਨਹੀਂ ਸੀ ਲੈ ਜਾ ਸਕਦਾ ਤੇ ਸ਼ਰਾਬ ਪੀ ਕੇ ਉਹਨੂੰ ਮੋਰਾਂ ਦੀ ਯਾਦ ਦਾ ਦੌਰਾ ਪੇ ਜਾਂਦਾ ਸੀ ਤੇ ਉਹ ਉਹਦੇ ਵਿਛੋਡ਼ੇ ਵਿਚ ਰੋਂਦਾ ਤੇ ਰੌਲ਼ਾ ਪਾਉਂਦਾ ਸੀ। ਏਸ ਇਸ਼ਕ ਤੇ ਨਾ ਕਿਸੇ ਸਿੱਖ ਨੂੰ ਇਤਰਾਜ਼ ਸੀ ਤੇ ਨਾ ਕਿਸੇ ਮੁਸਲਮਾਨ ਨੂੰ। ਵੱਡੇ ਵੱਡੇ ਮੁਸਲਮਾਨ ਤੇ ਸਿੱਖ ਜਰਨੈਲ, ਵਜ਼ੀਰ, ਮਸ਼ੀਰ ਤੇ ਨਵਾਬ ਮੋਰਾਂ ਸਰਕਾਰ ਨੂੰ ਜਾ ਕੇ ਸਲਾਮ ਕਰਦੇ ਸਨ ।ਮੁਸਲਮਾਨਾਂ ਤੇ ਸਿੱਖਾਂ ਦੇ ਏਸ ਤਰਾਂ ਦੇ ਰਿਸ਼ਤਿਆਂ ਦੀਆਂ ਹੋਰ ਮਿਸਾਲਾਂ ਵੀ ਇਤਿਹਾਸ (ਤਾਰੀਖ਼ )ਵਿਚ ਮਿਲਦੀਆਂ ਨੇ। ਰਾਜ ਤੇ ਤਾਕਤ ਵਿਚੋਂ ਹਿੱਸਾ ਲੈਣ  ਲਈ ਹਾਕਮਾਂ ਜਾਂ ਹਾਕਮ ਕੌਮ ਨੂੰ ਆਪਣੀਆਂ ਕੁਡ਼ੀਆਂ ਦੇ ਰਿਸ਼ਤੇ ਦੇਣ ਦੀ ਰੀਤ ਬਹੁਤ ਪੁਰਾਣੀ ਏ ਤੇ ਇਹ ਅੱਜ ਤੀਕ ਵੀ ਚਾਲੂ ਏ। ਅੱਜ ਦੀ ਦੁਨੀਆ ਦਾ ਹਾਕਮ ਗੋਰਾ ਏ। ਪੱਛਮ ਵਿਚ ਅੱਜ ਜੇ ਇਕ ਪਾਸੇ ਇਕ ਪੰਜਾਬੀ ਮਰਦ ਕਿਸੇ ਗੋਰੀ ਨਾਲ਼ ਵਿਆਹ ਕਰ ਕੇ ਆਕਡ਼ ਕੇ ਫਿਰਦਾ ਏ ਤਾਂ ਦੂਜੇ ਪਾਸੇ ਜੇ ਇੱਕ ਪੰਜਾਬਣ ਵੀ ਕਿਸੇ ਤਕਡ਼ੇ ਗੋਰੇ ਨਾਲ਼ ਵਿਆਹ ਕਰ ਲੈਂਦੀ ਏ ਤੇ ਕੋਈ ਤੂਫ਼ਾਨ ਖਡ਼੍ਹਾ ਨਹੀਂ ਹੁੰਦਾ। ਮਜਾਲ ਜੇ ਕੋਈ ਉਹਦੇ ਵੱਲ ਉਂਗਲ ਕਰਨ ਦੀ ਜ਼ੁਰੱਤ ਕਰੇ ਤੇ ਕਿਸੇ ਪੰਜਾਬੀ ਜਾਂ ਏਸ ਕੁਡ਼ੀ ਦੇ ਰਿਸ਼ਤੇਦਾਰ ਨੂੰ ਕੋਈ ਇਤਰਾਜ਼ ਹੋਵੇ। ਏਸ ਗੋਰੇ ਨੂੰ ਨਾ ਸਿਰਫ਼ ਕਬੂਲ ਕਰ ਲਿਆ ਜਾਂਦਾ ਏ ਸਗੋਂ ਉਹਨੂੰ ਮਿਲਣਾ ਫ਼ਖ਼ਰ ਵੀ ਸਮਝਿਆ ਜਾਂਦਾ ਏ । ਮੈਂ ਸਟਾਕ ਹਾਲਮ ਵਿਚ ਕਈ ਅਜਿਹੀਆਂ ਮੁਸਲਮਾਨ ਤੇ ਸਿੱਖ ਪੰਜਾਬਣਾਂ ਨੂੰ ਜਾਣਦਾ ਹਾਂ ਜੋ ਸਵੀਡਿਸ਼ ਗੋਰਿਆਂ ਨਾਲ਼ ਵਿਆਹੀਆਂ ਹੋਈਆਂ ਨੇ  । ਕੋਈ ਮੁਸਲਮਾਨ ਤੇ ਸਿੱਖ ਇਨ੍ਹਾਂ ਗੋਰਿਆਂ ਨੂੰ ਨੱਕ ਚਾਡ਼੍ਹ ਕੇ ਨਹੀਂ ਮਿਲਦਾ ਤੇ ਇਨ੍ਹਾਂ ਕੁਡ਼ੀਆਂ ਦੇ ਮਾਂ ਪਿਓ ਚਾਅ ਨਾਲ  ਆਪਣੇ ਗੋਰੇ ਜਵਾਈ ਦੀ ਗੱਲ ਕਰਦੇ ਨੇ ।
ਕਈ ਵਾਰ ਗੋਰਾ ਰੰਗ ਵੀ ਮਾਅਨੇ ਨਹੀਂ ਰੱਖਦਾ ਸਿਰਫ਼ ਪੱਛਮ ਦਾ ਬੰਦਾ ਹੋਣਾ ਜ਼ਰੂਰੀ ਏ। ਸਰਦਾਰ ਹਰਜੀਤ ਸਿੰਘ ਪੱਛਮ ਵਿਚ ਰਹਿੰਦਾ ਏ ਤੇ ਉਹਦੇ ਕੋਲ਼ ਰੱਬ ਦਾ ਦਿੱਤਾ ਸਭ ਕੁਝ ਏ । ਉਹਦੀ ਇਕੋ ਧੀ ਏ ਜੋ ਮੂੰਹ ਵਿਚ ਸੋਨੇ ਦਾ ਚਮਚਾ ਲੈ ਕੇ ਜੰਮੀ । ਪਡ਼੍ਹ ਲਿਖ ਕੇ ਵਿਹਲੀ ਹੋਈ ਤੇ ਚੰਗੀ ਨੌਕਰੀ ਲੱਭ ਗਈ । ਮਾਂ ਪਿਓ ਉਹਦੇ ਨਾਲ਼ ਉਹਦੇ ਲਈ ਕੋਈ ਜੱਟ ਸਿੱਖ ਵਰ ਲੱਭਣ ਦੀ ਗੱਲ ਕੀਤੀ ਤੇ ਉਹਨੇ ਮੋਡ਼ ਦਿੱਤਾ ਤੇ ਕਿਹਾ:” ਮੈਂ ਆਪਣਾ ਵਰ ਆਪੇ ਲੱਭਾਂਗੀ”।
ਮਾਂ ਪਿਓ ਉਡੀਕਣ ਲੱਗ ਪਏ ਪਈ ਧੀ ਰਾਣੀ ਕਦੋਂ ਹੋਣ ਵਾਲੇ ਜਵਾਈ ਦੀ ਖ਼ਬਰ ਦੇਵੇਗੀ। ਬਹੁਤਾ ਚਿਰ ਨਾ ਲੱਗਾ ਜੇ ਖ਼ਬਰ ਆ ਗਈ। ਮਾਂ ਪਿਓ ਚਾਈਂ ਚਾਈਂ ਏਸ ਹੋਣ ਵਾਲੇ ਜਵਾਈ ਨੂੰ ਘਰ ਸੱਦਿਆ। ਜਵਾਈ ਨੂੰ ਦੇਖ ਕੇ ਉਨ੍ਹਾਂ ਤੇ ਹਜ਼ਾਰਾਂ ਘਡ਼ੇ ਪਾਣੀ ਪੇ ਗਿਆ। ਇਹ ਕਾਲ਼ਾ ਸੀ। ਬਰਾਦਰੀ ਵਿਚ ਗਲਾਂ ਹੋਈਆਂ। ਮਾਂ ਪਿਓ ਆਪਣੀ ਧੀ ਨੂੰ ਸਮਝਾਇਆ ਉਹਦੀਆਂ ਮਿੰਨਤਾਂ ਕੀਤੀਆਂ ਪਰ ਉਹ ਨਾ ਮੰਨੀ ਆਖ਼ਿਰ ਮਾਂ ਪਿਓ ਹਾਰ ਕੇ ਹਥਿਆਰ ਸੁੱਟ ਦਿੱਤੇ ਵਿਆਹ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਹਰਜੀਤ  ਸਿੰਘ ਦੇ ਨੱਕ ਦਾ ਮਸਲਾ ਸੀ,  ਉਹਨੇ ਵਿਆਹ ਲਈ ਸਾਰਾ ਜ਼ੋਰ ਲਾ ਦਿੱਤਾ ਤੇ ਵਿਆਹ ਦੀਆਂ ਧੁੰਮਾਂ ਪੇ ਗਈਆਂ। ਏਸ ਕੁਡ਼ੀ ਦੇ ਇਕ ਰਿਸ਼ਤੇਦਾਰ ਮੈਨੂੰ ਏਸ ਵਿਆਹ ਦੀ ਧੂਮਧਾਮ ਦੀ ਕਹਾਣੀ ਸੁਣਾਈ। ਕਹਾਣੀ ਸੁਣ ਕੇ ਮੈਂ ਉਹਨੂੰ ਇਕ ਸਵਾਲ ਪੁੱਛਿਆ:”ਜੇ ਏਸ ਕਾਲੇ ਈਸਾਈ ਦੀ ਥਾਂ ਇਕ ਮੁਸਲਮਾਨ ਪੰਜਾਬੀ ਹੁੰਦਾ ਤਾਂ ਕੀ ਇਹ ਵਿਆਹ ਇਸੇ ਤਰਾਂ ਧੂਮਧਾਮ ਨਾਲ਼ ਹੁੰਦਾ?”।
ਮੇਰਾ ਸਵਾਲ ਸੁਣ ਕੇ ਟੈਲੀਫ਼ੋਨ ਦੇ ਦੂਜੇ ਪਾਸੇ ਇੱਕ ਨਾ ਮੁੱਕਣ ਵਾਲੀ ਚੁੱਪ ਦਾ ਰਾਜ ਹੋ ਗਿਆ।
ਹਾਕਮ ਕੌਮ ਵਿਚ ਵਿਆਹ ਕਰਨ ਦੀ ਇਕ ਮਿਸਾਲ ਹੋਰ ਵੀ ਏ। ਅੱਜ ਪੱਛਮ ਤੇ ਪੂਰਬੀ ਪੰਜਾਬ ਵਿਚ ਇਹ ਆਮ ਰਿਵਾਜ ਏ ਕਿ ਸਿੱਖ ਤੇ ਹਿੰਦੂ ਆਪਸ ਵਿਚ ਵਿਆਹ ਕਰਦੇ ਨੇ,ਇਹ ਨਹੀਂ ਕਿ ਸਿਰਫ਼ ਸਿੱਖ ਮਰਦ ਈ ਹਿੰਦੂ ਕੁਡ਼ੀਆਂ ਨਾਲ਼ ਵਿਆਹ ਕਰਦੇ ਨੇ ਸਗੋਂ ਸਿੱਖ ਕੁਡ਼ੀਆਂ ਵੀ ਹਿੰਦੂਆਂ ਨਾਲ਼ ਵਿਆਹ ਕਰਦੀਆਂ ਨੇ । ਇਨ੍ਹਾਂ ਵਿਚ ਸਭ ਗੋਤਾਂ ਦੀਆਂ ਕੁਡ਼ੀਆਂ ਹੁੰਦੀਆਂ ਨੇ ਜੱਟ , ਰਾਜਪੂਤ, ਲੁਬਾਣੇ, ਖੱਤਰੀ ਤਰਖਾਣ ਵਗ਼ੈਰਾ ਵਗ਼ੈਰਾ ਪਰ ਇਨ੍ਹਾਂ ਕੁਡ਼ੀਆਂ ਚੋਂ ਨਾ ਤੇ ਕਦੇ ਕਿਸੇ ਕੁਡ਼ੀ ਨੂੰ ਵੱਢਿਆ ਗਿਆ ਤੇ ਨਾ ਈ ਏਸ ਕੁਡ਼ੀ ਦੇ ਮਾਪੇ ਸ਼ਰੀਕਾਂ ਤੇ ਬਰਾਦਰੀ ਦੇ ਮਿਹਣਿਆਂ ਤੋਂ ਤੰਗ ਹੋ ਕੇ ਸ਼ਹਿਰ ਛੱਡ ਗਏ। ਹੁਣ ਜੇ ਕੋਈ ਸਿੱਖਣੀ ਕਿਸੇ ਮੁਸਲਮਾਨ ਨਾਲ਼ ਵਿਆਹ ਕਰ ਲਏ ਤੇ ਇਹ ਕਬੂਲ ਨਹੀਂ ਏ। ਇਹਦੀ ਇਹ ਵਜ੍ਹਾ ਨਹੀਂ ਏ ਕਿ ਹਿੰਦੂ ਤੇ ਸਿੱਖ,  ਧਰਮ ਇਕ ਦੂਜੇ ਦੇ ਬਹੁਤੇ ਨੇਡ਼ੇ ਨੇ , ਹਕੀਕਤ ਵਿਚ ਇਸਲਾਮ ਤੇ ਸਿੱਖ ਧਰਮ ਚਾਚੇ ਤਾਏ ਦੇ ਪੁੱਤਰਾਂ ਵਾਂਗੂੰ ਨੇ ਫਿਰ  ਇਹ ਵਿਤਕਰਾ ਕਿਉਂ ? ਅਸਲ ਗੱਲ ਇਹ ਹੈ ਕਿ ਸਿੱਖ ਹਿੰਦੂ ਨੂੰ ਆਪਣਾ ਹਾਕਮ ਮੰਨ ਚੁੱਕਿਆ ਏ।
ਏਸ ਪਖੰਡHypocracy) ਦੀ ਇਕ ਕਲਾਸੀਕਲ ਮਿਸਾਲ ਸੰਨ ਸੰਤਾਲ਼ੀ ਦੀ ਵੰਡ ਏ। ਵੰਡ ਵੇਲੇ ਲੱਖਾਂ ਪੰਜਾਬੀ ਔਰਤਾਂ ਲੁੱਟਦੇ ਮਾਲ ਵਾਂਗੂੰ ਲੁੱਟ ਕੇ ਲੈ ਜਾਈਆਂ ਗਈਆਂ। ਮੁਸਲਮਾਨ ਪੰਜਾਬੀਆਂ ਹਿੰਦੂ ਸਿੱਖ ਔਰਤਾਂ ਲੁੱਟੀਆਂ ਤੇ ਹਿੰਦੂਆਂ ਸਿੱਖਾਂ ਮੁਸਲਮਾਨ ਔਰਤਾਂ। ਇਨ੍ਹਾਂ ਵਿਚੋਂ ਕੁਝ ਤੇ ਫ਼ੌਜ ਬਰਾਮਦ ਕਰ ਕੇ ਮਾਪਿਆਂ ਨੂੰ ਪਹੁੰਚਾ ਦਿੱਤੀਆਂ ਪਰ ਫਿਰ  ਵੀ ਕਈ ਲੱਖ ਔਰਤਾਂ ਲੁੱਟਣ ਵਾਲਿਆਂ ਦੀ ਮਲਕੀਅਤ ਰਹੀਆਂ ਤੇ ਦੋਨਾਂ ਦੇਸਾਂ ਦੇ ਸਮਾਜਾਂ ਇਨ੍ਹਾਂ ਨੂੰ ਕਬੂਲ ਕਰ ਲਿਆ ਤੇ ਅੱਜ ਉਹ ਨਾਨੀਆਂ ਦਾਦੀਆਂ ਬਣ ਚੁੱਕੀਆਂ ਨੇ। ਇਨ੍ਹਾਂ ਔਰਤਾਂ ਚੋਂ ਕਿਸੇ ਦੀ ਗੋਤ ਲੁੱਟਣ ਵਾਲੀ ਦੀ ਗੋਤ ਦੇ ਮੁਤਾਬਿਕ ਸੀ ਜਾਂ ਨਹੀਂ ਏਸ ਗੱਲ ਨੂੰ ਪਾਸੇ ਰੱਖ ਦਿੱਤਾ ਗਿਆ ਤੇ ਇਹ ਔਰਤਾਂ ਬਾਲ ਜੰਮਣ ਲੱਗ ਪਈਆਂ। ਹੁਣ ਏਸ ਪਖੰਡ ਦਾ ਦਿਲਚਸਪ ਪੱਖ ਇਹ ਹੈ ਕਿ ਵੰਡ ਵੇਲੇ ਜੇ ਕੋਈ ਸਿੱਖ ਔਰਤ ਕਿਸੇ ਮੁਸਲਮਾਨ ਮਰਦ ਨੂੰ ਜਾਂ ਕੋਈ ਮੁਸਲਮਾਨ ਔਰਤ ਕਿਸੇ ਹਿੰਦੂ ਸਿੱਖ ਮਰਦ ਨੂੰ ਲੁੱਟਦੇ ਮਾਲ ਵਾਂਗੂੰ ਲੁੱਟ ਕੇ ਲੈ ਜਾਂਦੀ ਤੇ ਇਹਨੂੰ ਆਪਣਾ ਘਰ ਵਾਲਾ ਬਣਾ ਕੇ ਇਹਦੇ ਬਾਲ ਜੰਮਣ ਲੱਗ ਪੈਂਦੀ ਤੇ ਏਸ ਗੱਲ ਨੂੰ ਕਿਸੇ ਵੀ ਕਬੂਲ ਨਹੀਂ ਸੀ ਕਰਨਾ ਜਦ ਕੇ ਗੱਲ ਇਕੋ ਏ। ਇਕ ਔਰਤ ਲੁੱਟ ਦਾ ਮਾਲ ਬਣ ਕੇ ਗ਼ੈਰ ਮਜ਼ਹਬ ਤੇ ਓਪਰੀ ਗੋਤ ਦੇ ਮਰਦ ਦੇ ਬਾਲ ਜਮ ਸਕਦੀ ਏ ਪਰ ਇੱਕ  ਔਰਤ ਲੁੱਟ ਦਾ ਮਾਲ ਬਣਾਏ ਮਰਦ ਦੇ ਬਾਲ ਨਹੀਂ ਜਮ ਸਕਦੀ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸਾਰਾ ਪਖੰਡ(Hypocracy) ਤੇ ਦੂਹਰੇ  ਇਖ਼ਲਾਕੀ ਮਿਆਰ Double morals ਕਿਉਂ ਨੇ। ਏਸ ਸਵਾਲ ਦਾ ਜਵਾਬ ਸਾਨੂੰ ਤਾਰੀਖ਼ ਜਾਂ ਇਤਿਹਾਸ ਦਿੰਦਾ। ਪੰਜਾਬੀ ਸਮਾਜ ਚੋਂ ਚੋਂ ਦਾ ਮੁਰੱਬਾ ਏ। ਡਾਰਵਿਨ ਤੇ ਕਾਰਲ ਮਾਰਕਸ ਦੇ ਇਨਸਾਨੀ ਸਮਾਜ ਦੇ ਇਤਿਹਾਸ ਦੇ ਨਜ਼ਰੀਏ ਦੇ ਉਲਟ ਇਹ ਸਮਾਜ ਫ਼ਿਤਰੀ ਇਰਤਕਾਈ ਅਮਲ Evolutionary process ਰਾਹੀਂ ਨਹੀਂ ਬਣਿਆ ਸਗੋਂ ਏਸ ਸਮਾਜ ਨੂੰ ਰੰਗ ਰੰਗ ਦੀ ਬਣਾਉਟੀ ਟਾਕੀ ਲੱਗੀ ਹੋਈ ਏ। ਏਸ ਦੀ ਵੱਡੀ ਵਜ੍ਹਾ ਧਾਡ਼ਵੀ ਨੇ ਜਿਹਨਾਂ ਏਸ ਸਮਾਜ ਨੂੰ ਫ਼ਿਤਰੀ ਅਮਲ ਰਾਹੀਂ ਅਗਾਂਹ ਵਧਣ ਦਾ ਮੌਕਾ ਈ ਨਹੀਂ ਦਿੱਤਾ ਸਗੋਂ ਆਪਣੇ ਆਪਣੇ ਸਮਾਜ ਦੀ ਟਾਕੀ ਇਹਨੂੰ ਲਾਉਂਦੇ ਰਹੇ ਇਹ ਧਾਡ਼ਵੀ ਸਮਾਜ ਉਹ ਕਦਰਾਂ Valuesਤੇ ਨਾਰਮਜ਼ Normsਇਹਦੇ ਤੇ ਮਡ਼੍ਹਦੇ ਰਹੇ ਜੋ ਅਸਲ ਵਿਚ ਤੇ ਧਾਡ਼ਵੀ ਸਮਾਜ ਦੇ ਆਪਣੇ ਇਰਤਕਾਈ ਅਮਲ Evolutionary process ਦੇ ਨਤੀਜੇ ਵਿਚ ਬਣੇ ਸਨ ਤੇ ਇਨ੍ਹਾਂ ਇਸ ਸਮਾਜ ਦੀਆਂ ਲੋਡ਼ਾਂ ਪੂਰੀਆਂ ਕਰਨੀਆਂ ਸਨ । ਏਸ ਦੀ ਸਭ ਤੋਂ ਉਘਡ਼ਵੇਂ ਮਿਸਾਲ ਅੰਗਰੇਜ਼ ਦੀ ਏ। ਅੰਗਰੇਜ਼ ਜਿਹਡ਼ੇ ਸਮਾਜੀ ਮਾਡਲ ਇਥੇ ਲਿਆ ਕੇ ਲਾਗੂ ਕੀਤੇ ਉਹ ਅਸਲ ਵਿਚ ਪੱਛਮੀ ਸਮਾਜ ਦੇ ਇਰਤਕਾਈ ਅਮਲ Evolutionary process ਚੋਂ ਲੰਘਣ ਮਗਰੋਂ ਬਣੇ ਸਨ। ਏਸ ਗੱਲ ਨੂੰ ਡਾਰਵਿਨ ਤੇ ਕਾਰਲ ਮਾਰਕਸ ਦੇ ਨਜ਼ਰੀਏ ਰਾਹੀਂ ਇੰਜ ਨਿਤਾਰਿਆ ਜਾ ਸਕਦਾ ਏ ਕਿ ਇਨਸਾਨ ਦਾ ਪਹਿਲਾ ਸਮਾਜ ਸਾਂਝਾ ਸਮਾਜ ਸੀ ਏਸ ਵਿਚੋਂ ਗ਼ੁਲਾਮੀ ਦਾ ਸਮਾਜ ਨਿਕਲਿਆ ਫਿਰ  ਇਹ ਸਮਾਜ ਸ਼ਕਲ ਬਦਲ ਕੇ ਕਬੀਲਿਆਂ ਦਾ ਸਮਾਜ ਬਣ ਗਿਆ । ਏਸ ਸਮਾਜ ਦੇ ਮਰਨ ਮਗਰੋਂ ਇਹਦੇ ਚੋਂ ਜਾਗੀਰਦਾਰੀ ਦਾ ਸਮਾਜ ਨਿਕਲਿਆ। ਜਾਗੀਰਦਾਰੀ ਸਮਾਜ ਦੇ ਮਰਨ ਮਗਰੋਂ ਇੰਡਸਟ੍ਰੀਅਲ ਸਮਾਜ ਨਿਕਲਿਆ। ਯਾਦ ਰਹੇ ਕਿ ਜਾਗੀਰਦਾਰੀ ਸਮਾਜ ਦੇ ਮਰਨ ਮਗਰੋਂ ਤੇ ਇੰਡਸਟ੍ਰੀਅਲ ਸਮਾਜ ਦੇ ਜੰਮਣ ਵਿਚਕਾਰ ਵੇਲੇ ਦੀ ਜੋ ਵਿੱਥ ਏ ਉਹ ਥੋਡ਼ੀ ਏ ਏਸ ਤੋਂ ਪਹਿਲਾਂ ਦੇ ਸਮਾਜਾਂ ਦੇ ਮਰਨ ਤੇ ਨਵੇਂ ਸਮਾਜਾਂ ਦੇ ਜੰਮਣ ਵਿਚਕਾਰ ਵੇਲੇ ਦੀ ਵਿੱਥ ਸੈਂਕਡ਼ੇ ਤੇ ਹਜ਼ਾਰਾਂ ਸਾਲਾਂ ਦੀ ਏ। ਅੰਗਰੇਜ਼ ਦੇ ਹਿੰਦੁਸਤਾਨ ਤੇ ਕਬਜ਼ਾ ਕਰਨ ਵੇਲੇ ਉੱਥੇ ਕਬੀਲਿਆਂ Tribal ਦਾ ਸਮਾਜ ਸੀ ਕਿਧਰੇ ਇਹਦੀ ਸ਼ਕਲ ਖ਼ਾਲਸ ਕਬੀਲਿਆਂ Tribe  ਦੀ ਸੀ ਤੇ ਕਿਧਰੇ ਰਜਵਾਡ਼ਿਆਂ ਤੇ ਨਿੱਕੀਆਂ ਨਿੱਕੀਆਂ ਬਾਦਸ਼ਾਹੀਆਂ ਦੀ। ਅੰਗਰੇਜ਼ ਆ ਕੇ ਕਬੀਲਿਆਂ ਦੇ Tribalਏਸ ਸਮਾਜ ਨੂੰ ਭੰਨ ਕੇ ਉਥੇ ਯੂਰਪੀ ਜਾਗੀਰਦਾਰੀ ਨਿਜ਼ਾਮ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜੋ ਇੱਕ ਫ਼ਿਤਰੀ ਅਮਲ ਨਹੀਂ ਸੀ ਸਗੋਂ ਬਣਾਉਟੀ ਸੀ । ਪੱਛਮ ਵਿਚ ਕਬੀਲਿਆਂ ਦੇ Tribalਸਮਾਜ ਤੋਂ ਜਾਗੀਰਦਾਰੀ ਸਮਾਜ ਵਿਚ ਤਬਦੀਲ ਹੋਣ ਵਿਚ ਜੋ ਸੈਂਕਡ਼ੇ ਹਜ਼ਾਰਾਂ ਸਾਲ ਲੱਗੇ ਅੰਗਰੇਜ਼ ਇਨ੍ਹਾਂ ਨੂੰ ਕੁਝ ਸਾਲਾਂ ਵਿਚ ਇਸ ਦੀ ਕੋਸ਼ਿਸ਼ ਕੀਤੀ। ਹਾਲੇ ਇਹ ਜਾਗੀਰਦਾਰੀ ਸਮਾਜ ਬਣਿਆ ਈ ਨਹੀਂ ਸੀ ਜੇ ਉਹਨੇ ਇਥੇ ਇੰਡਸਟ੍ਰੀਅਲ ਸਮਾਜ ਦੀ ਵੀ ਨੀਹਂ  ਰੱਖ ਦਿੱਤੀ। ਇਹਦਾ ਨਤੀਜਾ ਇਹ ਹੋਇਆ ਕਿ ਇਹ ਸਮਾਜ ਚੋਂ ਚੋਂ ਦਾ ਮੁਰੱਬਾ ਬਣ ਗਿਆ। ਅਸਲ ਵਿਚ ਪੰਜਾਬ ਵਿਚ ਜੋ ਸਮਾਜ ਹਾਲੇ ਤੀਕ ਸਭ ਤੋਂ ਭਾਰਾ ਏ। ਇਹ ਕਬੀਲਿਆਂ ਦਾTribal ਸਮਾਜ ਏ। ਸਰਹੱਦ,ਸਿੰਧ ਤੇ ਬਲੋਚਿਸਤਾਨ ਦੀਆਂ ਸਰਹੱਦਾਂ ਨਾਲ਼ ਲਗਦੇ ਪੰਜਾਬੀ ਇਲਾਕਿਆਂ ਵਿਚ ਹਾਲੇ ਵੀ ਇਹ ਸਮਾਜ ਆਪਣੀ ਅਸਲੀ ਸੂਰਤ ਵਿਚ ਮੌਜੂਦ ਏ। ਏਸ ਤੋਂ ਵੱਖ ਬਾਰਾਂ ਵਿਚ ਵਸਦੇ ਪੁਰਾਣੇ ਲੋਕ ਵੀ ਇਸੇ ਸਮਾਜ ਵਿਚ ਰਹਿ ਰਹੇ ਨੇ। ਉਹ ਇਲਾਕੇ ਜਿਥੇ ਉਹਨੇ ਜਾਗੀਰਦਾਰੀ ਨਿਜ਼ਾਮ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਓਥੇ ਦਾ ਜਾਗੀਰਦਾਰ ਘੱਟ ਤੇ ਕਬੀਲੇ ਦਾ ਸਰਦਾਰ ਬਣ ਗਿਆ ਇਹ ਜਾਗੀਰਦਾਰ ਭਾਂਵੇਂ ਵੱਡੇ ਸ਼ਹਿਰਾਂ ਦੇ ਮਾਡਰਨ ਇਲਾਕਿਆਂ  ਵਿਚ ਰਹਿੰਦਾ ਏ ਪਰ ਇਹਦਾ ਰਹਿਣ ਸਹਿਣ ਤੇ ਵਰਤਾਰਾ ਕਬੀਲੇ ਦੇ ਸਰਦਾਰਾਂ ਵਾਲਾ ਏ ।
ਅੰਗਰੇਜ਼ ਮੁਖ਼ਤਲਿਫ਼ ਇਲਾਕਿਆਂ ਚੋਂ ਕਬੀਲੇ Tribes ਤੋਡ਼ ਕੇ ਏਸ ਕਬੀਲੇ ਦੇ ਬੰਦੇ ਨਵੇਂ ਬਣਾਏ ਪਿੰਡਾਂ ਤੇ ਚੱਕਾਂ  ਵਿਚ ਲਿਆਕੇ ਆਬਾਦ ਕੀਤੇ। ਏਸ ਨਾਲ਼ ਇਹ ਪਿੰਡ ਤੇ ਚੱਕ  ਨਿੱਕੇ ਨਿੱਕੇ ਮਨੀ ਕਬੀਲੇ Tribes ਬਣ ਗਏ। ਮਜ਼ੇ ਦੀ ਗੱਲ ਇਹ ਹੈ ਕਿ ਭਾਂਵੇਂ ਅੱਜ ਪੰਜਾਬ ਦੇ ਸ਼ਹਿਰਾਂ ਤੇ ਨਵੇਂ ਵਸਾਏ ਪਿੰਡਾਂ ਤੇ ਚੁੱਕਾਂ ਵਿਚ ਕਬੀਲਿਆਂ Tribes ਦੀ ਪੁਰਾਣੀ ਸ਼ਕਲ ਨਹੀਂ ਏ ਪਰ ਪੂਰੇ ਪੰਜਾਬ ਵਿਚ ਰਹਿਤ ਦੇ ਢੰਗ , ਕਦਰਾਂ Values  ਤੇ ਨੋਰਮਜ਼  Norms ਹਾਲੇ ਤੀਕ ਕਬੀਲੀ Tribalਸਮਾਜ ਦੇ ਨੇ। ਪੂਰਬੀ ਪੰਜਾਬ ਵਿਚ ਅੱਜ ਭਾਂਵੇਂ ਨਾ ਤੇ ਪੁਰਾਣੇ ਕਬੀਲੇ Tribesਮੌਜੂਦ ਨੇ ਤੇ ਨਾ ਈ ਜਾਗੀਰਦਾਰੀ ਪਰ ਪੰਜਾਬੀ ਦੀ ਸੋਚਣੀ , ਉਹਦੀਆਂ ਕਦਰਾਂ Valuesਤੇ ਨਾਰਮਜ਼ Normsਹਾਲੇ ਤੀਕ ਕਬੀਲੀ Tribalਸਮਾਜ ਦੇ ਨੇ । ਏਸ ਗੱਲ ਦੇ ਦੋ ਸਬੂਤ ਨੇ ਪਹਿਲਾ ਗੋਤਾਂ ਤੇ ਕੌਮਾਂ ਦੀ ਪਕਡ਼,  ਦੂਜਾ ਸਬੂਤ ਪੰਜਾਬੀ ਦਾ ਬਰਾਦਰੀ ਸ਼ਰੀਕਾਂ ਦੇ ਜਾਲ਼ ਵਿਚ ਫਸਿਆ ਹੋਣਾ ਏ ਤੀਜਾ ਉਹਦੀ ਵੰਡਾਂ ਦੀ ਆਦਤ ਏ। ਉਹ ਹਮੇਸ਼ਾ ਕਿਸੇ ਨਾ ਕਿਸੇ ਵੰਡਦਾ ਕੈਦੀ ਏ ਇਹ ਕਬੀਲੀ Tribalਵੰਡ ਕਦੇ ਮਜ਼ਹਬ ਕਦੇ ਫ਼ਿਰਕੇ ਕਦੇ ਗੋਤ ਦੀ ਸ਼ਕਲ ਵਿਚ ਹੁੰਦੀ ਏ ਕਬੀਲੀ Tribalਸਮਾਜ ਵਿਚ ਇਕ ਫ਼ਰਦ ਨੂੰ ਆਪਣੀ ਰਾਖੀ ਲਈ ਕਿਸੇ ਨਾ ਕਿਸੇ ਕਬੀਲੇ Tribe ਨਾਲ਼ ਜਡ਼ਨਾ ਪੈਂਦਾ ਸੀ। ਦੁਸ਼ਮਣ ਕਬੀਲਾ Tribe ਜਾਂ ਦੁਸ਼ਮਣ ਕਬੀਲੇ Tribe ਦੇ ਫ਼ਰਦ ਦੀ ਇਕ ਸ਼ਕਲ ਈ ਸ਼ਰੀਕ ਏ। ਇਕ ਔਰਤ ਨੂੰ ਮਲਕੀਅਤ ਸਮਝਣਾ ਇਹ ਵੀ ਕਬੀਲੀ Tribal ਸਮਾਜ ਦੀ ਲਾਹਨਤ ਏ । ਇਕ ਪੰਜਾਬੀ ਜਦ ਆਪਣੀ ਧੀ ਲਈ ਛਾਨਣੀਆਂ ਫਡ਼ ਕੇ ਵਰ ਲੱਭਦਾ ਏ ਤੇ ਉਹਦਾ ਇਹ  ਅਮਲ ਅਸਲ ਵਿਚ ਕਬੀਲੀ Tribal ਸਮਾਜ ਦਾ ਵਰਤਾਰਾ ਏ। ਆਪਣੀਆਂ ਕੁਡ਼ੀਆਂ ਨੂੰ ਮਾਰਨਾ,ਉਨ੍ਹਾਂ ਦੇ ਮੱਝ ਗਾਂ ਵਾਂਗੂੰ ਰਿਸ਼ਤੇ ਕਰਨੇ ਇਹ ਕਬੀਲੀ Tribalਸਮਾਜ ਦੀ ਪੱਕੀ ਨਿਸ਼ਾਨੀ ਏ ਜਿੱਥੇ ਵੀ ਕੋਈ ਕੌਮ ਜਿਨੀ ਬਹੁਤੀ ਪਿਛਾਂ ਖਿਚੂ ਕਬੀਲੀ Tribal ਸਮਾਜ ਵਿਚ ਰਹਿ ਰਹੀ ਹੋਵੇਗੀ ਓਥੇ ਈ ਓਨੀਆਂ ਬਹੁਤੀਆਂ ਔਰਤਾਂ ਗ਼ੈਰਤ ਦੇ ਨਾਂ ਤੇ ਕਤਲ ਕੀਤੀਆਂ ਜਾਣ ਗੀਆਂ   ।
ਪੰਜਾਬੀ ਨੂੰ ਇਹ ਕਬੀਲੀTribal ਕਦਰਾਂ Valuesਤੇ ਨੋਰਮਜ਼ Normsਏਨੇ ਪਿਆਰੇ ਨੇ ਜਦ ਉਹ ਬਾਹਰ ਵੀ ਆ ਜਾਂਦਾ ਏ ਤੇ ਨਵੇਂ ਸਮਾਜ ਵਿਚ ਇਨ੍ਹਾਂ ਨੂੰ ਸੀਨੇ ਨਾਲ਼ ਲਾਈ ਰੱਖਦਾ ਏ
ਉਹ ਨਵੇਂ ਸਮਾਜ ਵਿਚ ਘੋਲ਼ ਕਰਕੇ ਕਾਮਯਾਬੀ ਦੀ ਸਿਖ਼ਰ ਤੇ ਪਹੁੰਚ ਜਾਵੇਗਾ ਉਹ ਇਥੋਂ ਦੀਆਂ ਯੂਨੀਵਰਸਿਟੀਆਂ ਦਾ ਪ੍ਰੋਫ਼ੈਸਰ ਬਣ ਜਾਵੇਗਾ , ਹਰ ਗੱਲ ਵਿਚ ਮਾਡਰਨ ਹੋ ਜਏਗਾ, ਉਹ ਮਾਡਰਨ ਤੇ ਮਹਿੰਗੇ ਘਰ ਵਿਚ ਰਵੇਗਾ ਮਾਡਰਨ ਕੱਪਡ਼ੇ ਪਾਵੇਗਾ, ਮਾਡਰਨ ਗੱਲਾਂ ਕਰੇਗਾ ਪਰ ਜਦ ਆਪਣੀ ਕੁਡ਼ੀ ਦੇ ਰਿਸ਼ਤੇ ਦੀ ਗੱਲ ਹੋਵੇਗੀ ਤੇ ਉਹ ਕਬੀਲੀ Tribalਇਨਸਾਨ ਬਣ ਜਾਵੇਗਾ  ।ਮੈਂ ਜਦ ਕਿਸੇ ਅਜਿਹੇ ਪੰਜਾਬੀ ਬਾਰੇ ਸੋਚਦਾ ਹਾਂ ਤੇ ਮੇਰੇ ਜ਼ਿਹਨ ਵਿਚ ਇਕ ਫ਼ਿਲਮ ਚੱਲਦੀ ਏ ਪਈ ਇਕ ਬੰਦੇ ਟਸਕੀਡੋ ਪਾਇਆ ਹੋਇਆ ਏ ਉਹਦੇ ਹੱਥ ਵਿਚ ਸ਼ੈਮਪੇਨ ਦਾ ਗਲਾਸ ਤੇ ਉਹਨੇ ਬੋਲਦਾਂ ਵਾਲਾ ਗੱਡਾ ਜੋਇਆ ਹੋਇਆ ਤੇ ਅਮਰੀਕਾ ਦੀ ਕਿਸੇ ਹਾਈਵੇ ਤੇ ਲੱਗਾ ਜਾ ਰਿਹਾ ਏ।
ਇਹ ਕਬੀਲੀ Tribalਕਦਰਾਂ Valuesਤੇ ਨਾਰਮਜ਼ Norms ਉਹ ਜੋਕਾਂ ਨੇ ਜੋ ਇਕ ਪੰਜਾਬੀ ਦੇ ਜ਼ੋਰ, ਅਕਲ, ਇਲਮ, ਮਾਲ ਤੇ ਕੌਮਪ੍ਰਸਤੀ ਨੂੰ ਚਿੰਬਡ਼ੀਆਂ ਹੋਈਆਂ ਨੇ, ਉਹ ਇਨ੍ਹਾਂ ਨੂੰ ਲਾਹ ਕੇ ਸੁੱਟਣ ਦੀ ਥਾਂ ਜਦ ਇਨ੍ਹਾਂ ਚੋਂ ਕੋਈ ਜੋਕ ਉਹਦੇ ਸਰੀਰ ਨਾਲੋਂ ਲਹਿ  ਕੇ ਜ਼ਮੀਨ ਤੇ ਡਿੱਗ ਪੈਂਦੀ ਏ ਤੇ ਇਹ ਉਹਨੂੰ ਚੁੱਕ ਕੇ ਫਿਰ  ਆਪਣੇ ਸਰੀਰ ਨਾਲ਼ ਚਮੋਡ਼ ਲੈਂਦਾ ਏ।
ਅਸਲ ਵਿਚ ਇਨ੍ਹਾਂ ਜੋਕਾਂ ਤੋਂ ਜਾਨ  ਛੁਡ਼ਾਉਣਾ ਕੋਈ ਔਖਾ ਕੰਮ ਨਹੀਂ ਏ,  ਤੇ ਏਸ ਦਾ ਹੱਲ ਦੋ ਸਿੱਧੇ ਸਿੱਧੇ ਪੇਂਡੂ ਪੰਜਾਬੀਆਂ ਪਿਆਰ ਤੇ ਪੱਗ ਵਟਾਈ ਦੇ ਰਿਸ਼ਤੇ ਰਾਹੀਂ ਕੱਢਿਆ । ਇਨ੍ਹਾਂ ਇਹ ਰਿਸ਼ਤਿਆਂ ਤੇ ਧਰਮਾਂ ਵਾਲਾ ਵਾਹਗਾ ਢਾ ਕੇ ਪਰਾਂਹ ਮਾਰਿਆ । ਮੇਰੇ ਨਜ਼ਦੀਕ ਇਹ ਸਾਰੀ ਪੰਜਾਬੀ ਕੌਮ ਲਈ ਮਾਡਲ ਨੇ। ਇਨ੍ਹਾਂ ਨਾਲ਼ ਮੇਰੀ ਮੁਲਾਕਾਤ ਵਾਹਗੇ ਬਾਡਰ ਤੇ ਲਾਏ ਗਏ ਰਾਜਾ ਪੋਰਸ ਮੇਲੇ  ਤੇ ਹੋਈ । ਇਨ੍ਹਾਂ ਵਿਚੋਂ ਇਕ ਸਿੱਖ ਤੇ ਦੂਜਾ ਮੁਸਲਮਾਨ ਸੀ । ਦੋਨੋਂ ਜੱਟ ਤੇ ਇਕੋ ਪਿੰਡ ਵਿਚ ਜੰਮੇ,   ਨਿੱਕੇ ਹੁੰਦਿਆਂ ਇਕੱਠੇ ਖੇਡੇ ਤੇ ਵੱਡੇ ਹੋਏ ਤੇ ਪੱਗ ਵੱਟ ਭਰਾ ਬਣ ਗਏ। ਵੰਡ ਦਾ ਹਨੇਰ ਝੁੱਲਿਆ  ਤੇ ਏਸ ਮੁਸਲਮਾਨ ਜੱਟ ਪਾਕਿਸਤਾਨ ਜਾਣ ਦੀ ਕਰ ਲਈ,  ਉਹਦੀ ਤਿਆਰੀ ਦੇਖ ਕੇ ਉਹਦੇ ਪੱਗ ਵੱਟ ਭਰਾ ਸਿੱਖ ਨੂੰ ਗ਼ਸ਼ ਪੈਣ  ਲੱਗ ਪਏ,  ਉਹਦੇ ਗ਼ਸ਼ ਦੇਖ ਕੇ ਏਸ ਮੁਸਲਮਾਨ ਪਾਕਿਸਤਾਨ ਜਾਣ ਦਾ ਇਰਾਦਾ ਛੱਡ ਦਿੱਤਾ ਪਰ ਉਹਦੀ ਪਤਨੀ ਪਾਕਿਸਤਾਨ ਜਾਣ ਵਿਚ ਈ ਜਾਣ ਦੀ ਈਮਾਨ ਸਮਝੀ । ਦੋਵੇਂ  ਆਪਣੀ ਆਪਣੀ ਗੱਲ ਤੇ ਅਡ਼ ਗਏ । ਇਕ ਨੇ ਪਾਕਿਸਤਾਨ ਚੁਣ ਲਿਆ ਤੇ ਦੂਜੇ ਨੇ ਯਾਰੀ ਤੇ ਆਪਣਾ ਪਿੰਡ । ਆਪਣੀ ਪਤਨੀ ਤੇ ਬਾਲਾਂ ਦੇ ਜਾਣ ਮਗਰੋਂ ਉਹ ਇਕੱਲਾ ਹੋ ਗਿਆ ਉਹਨੂੰ ਇਕੱਲਿਆਂ ਦੇਖ ਕੇ ਉਹਦੇ ਸਿੱਖ ਭਰਾ ਦੇ ਦਿਲ ਨੂੰ ਰੁੱਗ  ਭਰਿਆ ਜਾਵੇ ਉਹਨੇ ਆਪਣੀ ਸਾਲ਼ੀ ਦਾ ਵਿਆਹ ਉਹਦੇ ਨਾਲ਼ ਕਰਦਿੱਤਾ । ਨਾ ਕਿਸੇ ਮੁਸਲਮਾਨ ਆ ਕੇ ਰੌਲ਼ਾ ਪਾਇਆ ਤੇ ਨਾ ਈ ਸਿੱਖਾਂ ਦਾ ਕੋਈ ਜਥਾ ਗੰਡਾਸੇ ਚੁੱਕ ਕੇ ਆਇਆ। ਵਿਆਹ ਵਾਰੀ ਫੇਰੇ ਵੀ ਹੋਏ ਤੇ ਨਿਕਾਹ ਵੀ ਪਡ਼੍ਹਿਆ ਗਿਆ। ਉਹ ਮੁਸਲਮਾਨ ਦਾ ਮੁਸਲਮਾਨ ਰਿਹਾ ਤੇ ਉਹਦੀ ਪਤਨੀ ਸਿੱਖ । ਏਸ ਜੌਡ਼ੇ ਚੋਂ ਜੋ ਬਾਲ ਜੰਮੇ  ਉਹ ਇਨਸਾਨ ਈ ਜੰਮੇ । ਕੋਈ ਰਿੱਛ ਤੇ ਬਾਂਦਰ ਨਹੀਂ ਸਨ,  ਉਹ ਬਿਲਕੁਲ ਉਨ੍ਹਾਂ ਬਾਲਾਂ ਵਰਗੇ ਸਨ ਜੋ ਜੱਟ ਸਿੱਖ ਸਿੱਖਣੀ ਤੇ ਜੱਟ ਸਿੱਖਣੀ ਤੇ ਹਿੰਦੂ ਧਰਮਾਂ  ਚੋਂ ਜੰਮੇ।
ਉਹ ਵਿਹਡ਼ੇ ਵਿਚ ਬਹਿ ਕੇ ਹੁੱਕਾ  ਪੀਂਦੇ  ਏ ਤੇ ਉਹਦੀ ਸਿੱਖ ਪਤਨੀ ਪਾਠ ਕਰਦੀ ਏ। ਦੋਹਵੇਂ ਪੱਗ ਵੱਟਾ ਭਰਾ ਨਾਨੇ ਦਾਦੇ ਬਣ ਗਏ ਨੇਂ ਪਰ ਅੱਜ ਵੀ ਉਸੇ ਤਰਾਂ ਪੱਗ ਵੱਟ ਭਰਾ ਨੇ। ਇਨ੍ਹਾਂ ਸਿੱਧੇ ਸਾਧੇ ਪੇਂਡੂਆਂ ਜੱਟਾਂ ਉਹ ਦੀਵਾ ਬਾਲਿਆ ਏ ਜੋ ਵੱਡੇ ਵੱਡੇ ਵਿਦਵਾਨ ਤੇ ਧਾਰਮਿਕ ਨਹੀਂ ਬਾਲ ਸਕੇ। 
ਜਸਟਿਸ ਸੱਯਦ ਆਸਿਫ਼ ਸ਼ਾਹਕਾਰ
ਇਹ ਦੀਵਾ ਬਾਲ਼ਨਾ ਕੋਈ ਔਖਾ ਨਹੀਂ ਏ ਸਿਰਫ਼ ਇਹਦੀ ਲਾਟ ਨੂੰ ਜਗਾਉਣ ਦੀ ਲੋਡ਼ ਏ । ਗੱਲ ਸਿਰਫ਼ ਇਤਨੀ ਏ ਕਿ ਏਸ ਨੂੰ ਜਗਾਉਣ ਲਈ ਧਰਮਾਂ ਫ਼ਿਰਕਿਆਂ ਗੋਤਾਂ ਤੇ ਦੁਕਾਨਦਾਰੀਆਂ ਦੇ ਪਖੰਡਾਂ (Hypocracy) ਤੇ ਦੋਹਰੇ ਇਖ਼ਲਾਕੀ ਮਿਆਰਾਂ Double morals ਦੀ ਵਰਦੀ ਲਾਹ ਕੇ ਪੰਜਾਬੀ ਤੇ  ਅੱਜ ਦਾ  ਇਨਸਾਨ ਬਣਨ ਦੀ ਲੋਡ਼ ਏ। 
ਨਵੀਂ ਪੰਜਾਬੀ ਪੀਡ਼੍ਹੀ ਦੇ ਉਹ ਲੋਕ ਜੋ ਮਜ਼ਹਬਾਂ , ਧਰਮਾਂ, ਫ਼ਿਰਕਿਆਂ, ਜ਼ਾਤਾਂ,ਗੋਤਾਂ ਤੇ ਦੁਕਾਨਦਾਰੀਆਂ ਦੇ ਪਖੰਡਾਂ ਤੇ ਦੋਹਰੇ ਇਖ਼ਲਾਕੀ ਮਿਆਰਾਂ ਦੀਆਂ ਜੋਕਾਂ ਤੋਂ ਆਜ਼ਾਦ ਹੋਣਾ ਚਾਂਹਦੇ ਨੇ ਉਨ੍ਹਾਂ ਲਈ ਇਕੋ ਸੁਨੇਹਾ ਏ: ”ਬਗ਼ਾਵਤ,
ਬਗ਼ਾਵਤ ,
ਬਗ਼ਾਵਤ ,
ਬਗ਼ਾਵਤ ,
ਬਗ਼ਾਵਤ ,
ਬਗ਼ਾਵਤ

ਤੇ ਅਣਥੱਕ ਬਗ਼ਾਵਤ ”।
ਤੁਸੀਂ ਪੰਜਾਬੀ ਕੌਮ ਦੇ ਹੀਰੋ ਬੰਣੁਗੇ ਤੇ ਇਤਿਹਾਸ, ਤਾਰੀਖ਼ ਤੁਹਾਨੂੰ ਸਲਾਮ ਕਰੇਗੀ।

No comments: