Thursday, May 05, 2011

ਮੇਰੇ "ਮਹਾਨ" ਦੇਸ਼ ਦੀਆਂ "ਮਹਾਨ" ਬਾਤਾਂ

“ਲੋਕਾਂ ਦਾ ਸਬਰ ਜਵਾਬ ਦੇ ਚੁਕਿਐ । ਭਰਿਸਟਾਚਾਰ ਨੂੰ ਪੂਰੀ ਤਾਕਤ ਨਾਲ਼ ਖਤਮ ਕਰੋ”--ਪ੍ਰਧਾਨ ਮੰਤਰੀ । ਇਹ ਬਿਆਨ ਸਾਡੇ ਪ੍ਰਧਾਨ ਮੰਤਰੀ ਡ. ਮਨਮੋਹਨ ਸਿੰਘ ਜੀ ਨੇ 21 ਅਪਰੈਲ ਨੂੰ ਵਿਗਿਆਨ ਭਵਨ ਵਿੱਚ ਮਨਾਏ ਗਏ ‘ਸਿਵਲ ਸਰਵਿਸਿਜ ਦਿਵਸ’ ਮੌਕੇ ਪ੍ਰਸਾਸਕੀ ਅਫਸਰਾਂ ਨੂੰ ਸੰਬੋਧਨ ਕਰਦਿਆਂ ਕਹੇ । ਠੀਕ ਉਸੇ ਦਿਨ ਪੰਜਾਬ ਦੇ ਮਾਨਚੈਸਟਰ ਸ਼ਹਿਰ ਲੁਧਿਆਣਾ ਵਿੱਚ ਵੀ ਘਟਨਾ ਘਟੀ ਜੋ ਸਾਰੇ ਚੇਤੰਨ ਵਰਗ ਦਾ ਧਿਆਨ ਮੰਗਦੀ ਹੈ। ਉਸੇ ਦਿਨ ਰੰਗੇ ਹੱਥੀ ਰਿਸ਼ਵਤ ਲੈਂਦੇ ਫੜੇ ਜੋਨਲ ਕਮਿਸ਼ਨਰ ਅਮਰਜੀਤ ਸਿੰਘ ਸੇਖੋਂ  ਨੂੰ 36 ਘੰਟਿਆਂ ਵਿੱਚ ਹੀ ‘ਬਗੈਰ ਰਿਮਾਂਡ ਲਏ’ ਰਿਹਾ ਕੀਤਾ ਗਿਆ।  
ਸ਼ਿਕਾਇਤ ਕਰਤਾ ਰਵਿੰਦਰ ਸਿੰਘ
ਗੱਲ ਏਦਾਂ ਹੋਈ ਕਿ ਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ, ਮਕਾਨ ਨੰ. 8764, ਗਲੀ ਨੰਬਰ 23, ਕੋਟ ਮੰਗਲ ਸਿੰਘ ਨਗਰ, ਲੁਧਿਆਣਾ ਨੂੰ ਮਕਾਨ ਉਸਾਰੀ ਸੰਬੰਧੀ ਕਾਰਪੋਰੇਸ਼ਨ ਵਲੋਂ 38144 ਰੁਪੈ ਦਾ ਨੋਟਿਸ ਆਇਆ ਸੀ। ਇਸ ਨੋਟਿਸ ਨੂੰ ਘੱਟ ਕਰਵਾਉਣ ਵਾਸਤੇ 15  ਅਪ੍ਰੈਲ 2011 ਵਾਲੇ ਦਿਨ ਰਵਿਦਰ ਸਿੰਘ ਕਾਰਪੋਰੇਸਨ ਦੇ ਜੋਨਲ ਕਮਿਸ਼ਨਰ ਅਮਰਜੀਤ ਸਿੰਘ ਸੇਖੋਂ ਨੂੰ ਮਿਲਿਆ ਤੇ ਪੈਸੇ ਘੱਟ ਕਰਵਾਉਣ ਦੀ ਬੇਨਤੀ ਕੀਤੀ। ਕਮਿਸ਼ਨਰ ਸੇਖੋਂ ਨੇ ਕਿਹਾ ਕਿ ਇਹ ਘੱਟ ਨਹੀਂ ਹੋਣੇ, ਬਲਕਿ ਜੇ ਜਮ੍ਹਾਂ ਨਹੀਂ ਕਰਵਾਏ ਤਾਂ ਥੋੜੇ ਚਿਰ ਵਿੱਚ ਹੀ 60,000 ਰੁਪੱਈਆ ਬਣ ਜਾਵੇਗਾ। ਤੁਸੀਂ ਮੈਨੂੰ ਵੀਹ ਹਜਾਰ ਦੇਵੋ ਤੁਹਾਡਾ ਸੱਭ ਰਫਾ-ਦਫਾ ਕਰਵਾ ਦੇਵਾਂਗਾ।
ਰਵਿੰਦਰ ਸਿੰਘ ਨੇ ਕਿਹਾ ਕਿ ਜੇ ਵੀਹ ਹਜਾਰ ਤੁਹਾਨੂੰ ਦੇਣੇ ਨੇ ਤਾ ਅਠਾਰਾਂ ਹਜਾਰ ਹੋਰ ਪਾ ਕੇ ਪੂਰਾ ਕਲੀਅਰ ਹੀ ਕਿਉਂ ਨਾਂ ਕਰਵਾਵਾਂ। ਤੁਸੀਂ ਇਹ ਪੈਸੇ ਘੱਟ ਕਰੋ। ਜੋਨਲ ਕਮਿਸ਼ਨਰ ਨੇ ਕਿਹਾ ਕਿ ਮੇਰੇ ਨਾਲ਼ ਦੋ ਬੰਦੇ ਹੋਰ ਨੇ, ਤਿੰਨ ਮੈਂਬਰੀ ਕਮੇਟੀ ਹੈ ਜਿਆਦਾ ਕਰਦੇ ਹੋ ਤਾਂ ਤੁਸੀਂ 15 ਹਜਾਰ ਦੇ ਦੇਵੋ ਤੁਹਾਡਾ ਮਸਲਾ ਹੱਲ ਹੋ ਜਾਵੇਗਾ। ਰਵਿੰਦਰ ਸਿੰਘ ਨੇ ਕਿਹਾ ਕਿ ਮੇਰੇ ਕੋਲ਼ ਹੁਣ ਤਾਂ ਪੈਸੇ ਹੈ ਨਹੀਂ ਦੋ-ਚਾਰ ਦਿਨਾਂ ਤੱਕ ਬੰਦੋਬਸਤ ਕਰਕੇ ਤੁਹਾਨੂੰ ਮਿਲਦਾ ਹਾਂ।
ਰਵਿੰਦਰ ਸਿੰਘ ਨੇ ਇਹ ਗੱਲ ਆਪਣੇ ਦੋਸਤ ਤਰਲੋਚਨ ਸਿੰਘ ਨਾਲ਼ ਸਾਝੀ ਕੀਤੀ। ਦੋਵਾਂ ਨੇ ਮਿਲ਼ ਕੇ ਭਰਿਸਟਾਚਾਰੀਆਂ ਦਾ ਮੱਕੂ ਠੱਪਣ ਦੀ ਵਿਉਂਤ ਬਣਾਈ। ਉਹ 19  ਅਪ੍ਰੈਲ 2011 ਨੂੰ ਵਿਜੀਲੈਂਸ ਦਫਤਰ ਗਏ। ਉਥੇ ਰੀਡਰ ਅਮਨ ਨੂੰ ਮਿਲੇ। ਰੀਡਰ ਨੇ ਡੀ.ਐਸ.ਪੀ. ਗੁਰਚਰਨ ਸਿੰਘ ਨਾਲ ਗੱਲ ਕਰਵਾਈ । ਡੀ.ਐਸ.ਪੀ ਸਾਹਿਬ ਨੇ ਇਹਨਾਂ ਦੋਵਾਂ ਨੂੰ ਸਖਤੀ ਨਾਲ਼ ਪੁੱਛਿਆ ਕਿ ਜੇ ਇਹ ਗੱਲ ਝੂਠ ਨਿਕਲੀ ਤਾਂ ਤੁਹਾਡੇ ਤੇ ਪਰਚਾ ਦਰਜ ਕਰਕੇ ਤੁਹਾਨੂੰ ਗ੍ਰਿਫਤਾਰ ਕਰ ਲਵਾਂਗਾ, ਜੋ ਗੱਲ ਕਰਨੀ ਹੈ ਸੋਚ ਕੇ ਸੱਚੀ ਕਰਿਓ। ਅਗਰ ਤੁਹਾਡੀ ਗੱਲ ਸੱਚੀ ਹੋਈ ਫਿਰ ਚਾਹੇ ਕੋਈ ਵੀ ਹੋਵੇ ਉਸ ਨੂੰ ਛੱਡਾਂਗਾ ਨਹੀਂ। 
ਦੋਵਾਂ ਨੇ ਡੀ.ਐਸ.ਪੀ. ਸਾਹਿਬ ਨੂੰ ਯਕੀਨ ਦੁਆਇਆ। ਡੀ.ਐਸ.ਪੀ. ਸਾਹਿਬ ਨੇ ਉਹਨਾਂ ਕੋਲ਼ੋ ਹਜ਼ਾਰ-ਹਜ਼ਾਰ ਦੇ ਪੰਦਰਾਂ ਨੋਟ ਫੜ੍ਹ ਕੇ ਡੀਟੇਲ ਬਣਾਈ, ਬਿਆਨ ਰਿਕਾਰਡ ਕੀਤੇ ਤੇ ਦਸਤਖਤ ਕਰਵਾਏ। ਡੀਟੇਲ ਬਣਾਏ ਨੋਟਾਂ ਨੂੰ ਕੈਮੀਕਲ ਲਗਾ ਕੇ ਰਵਿੰਦਰ ਸਿੰਘ ਦੀ ਜੇਬ ਵਿੱਚ ਪਾ ਦਿਤੇ। ਡੀ.ਐਸ.ਪੀ.ਸਾਹਿਬ ਨੇ ਰੇਡ ਵਾਸਤੇ ਦੋ ਟੀਮਾਂ ਬਣਾਈਆਂ, ਇਕ ਦੀ ਅਗਵਾਈ ਡੀ.ਐਸ.ਪੀ.ਸਾਹਿਬ ਨੇ ਖੁਦ ਕੀਤੀ, ਦੂਸਰੀ ਟੀਮ ਦੀ ਅਗਵਾਈ ਰੀਡਰ ਨੇ ਕੀਤੀ, ਦੋਵਾਂ ਟੀਮਾਂ ਵਿੱਚ ਕੁੱਲ ਪੰਦਰਾ-ਸੋਲ਼ਾਂ ਮੁਲਾਜਮ ਸਨ।
ਰਵਿੰਦਰ ਸਿੰਘ ਤੇ ਤ੍ਰਿਲੋਚਨ ਸਿੰਘ ਨੂੰ ਪਹਿਲਾਂ ਭੇਜ ਦਿਤਾ, ਉਹਨਾਂ ਵਿੱਚੋਂ ਇਕ ਨੂੰ ਹਿਦਾਇਤ ਕੀਤੀ ਕਿ ਜਦੋਂ ਕਮਿਸ਼ਨਰ ਪੈਸੇ ਫੜ੍ਹ ਲਵੇ ਤਾਂ ਉਹ ਬਾਹਰ ਆ ਕੇ ਪੱਗ ਠੀਕ ਕਰਨ ਲੱਗ ਜਾਵੇ, ਉਹਨਾਂ ਇੰਝ ਹੀ ਕੀਤਾ। ਤਿਰਲੋਚਨ ਸਿੰਘ ਜਲਦੀ ਹੀ ਬਾਹਰ ਆ ਗਿਆ। ਦੋਵਾਂ ਪਾਰਟੀਆਂ ਨੇ ਕਮਿਸ਼ਨਰ ਦੇ ਦਫਤਰ ਤੇ ਛਾਪਾ ਮਾਰ ਲਿਆਂ। ਕਮਿਸ਼ਨਰ ਨੇ ਪੈਸੇ ਛੁਪਾ ਲਏ। ਵਿਜੀਲੈਂਸ ਵਾਲ਼ਿਆਂ ਕਮਿਸ਼ਨਰ ਨੂੰ ਫੜ੍ਹ ਲਿਆ। ਇਕ ਨੇ ਕਮਿਸ਼ਨਰ ਦਾ ਗੁੱਟ ਫੜਿਆ ਤੇ ਦੂਸਰੇ ਨੂੰ ਜਲਦੀ ਹੀ ਗਿਲਾਸ ਵਿੱਚ ਪਾਣੀ ਲਿਆਉਣ ਲਈ ਕਿਹਾ। ਜਦੋਂ ਕਮਿਸ਼ਨਰ ਦਾ ਹੱਥ ਪਾਣੀ ਵਾਲ਼ੇ ਗਿਲਾਸ ਵਿੱਚ ਡੁਬੋਇਆ ਤਾਂ ਪਾਣੀ ਕੈਮੀਕਲ ਦੇ ਰਿਐਕਸ਼ਨ ਕਾਰਨ ਰੰਗੀਨ ਹੋ ਗਿਆ। ਉਹਨਾਂ ਨੂੰ ਯਕੀਨ ਹੋ ਗਿਆ ਕਿ ਕਮਿਸ਼ਨਰ ਨੇ ਕੈਮੀਕਲ ਯੁਕਤ ਨੋਟ ਫੜ੍ਹੇ ਹਨ। ਡੀ.ਐਸ.ਪੀ. ਨੇ ਕਿਹਾ ਕੈਸ਼ ਕਿਥੇ ਹੈ ? ਕਮਿਸ਼ਨਰ ਮੰਨਿਆ ਨਹੀਂ। ਡੀ.ਐਸ.ਪੀ. ਨੇ ਗੁੱਸੇ ਨਾਲ਼ ਮੁਲਾਜਮਾ ਨੂੰ ਡਾਂਗ ਲਿਆਉਣ ਲਈ ਹੁਕਮ ਦਿਤਾ। ਤੁਰੰਤ ਹੀ ਪੈਸੇ ਮਿਲ਼ ਗਏ। ਕਮਿਸ਼ਨਰ ਨੂੰ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਵਾਲ਼ਿਆਂ ਪਰਚਾ ਦਰਜ ਕਰ ਲਿਆ। ਦਫਤਰ ਵਿੱਚ ਹਾ-ਹਾ-ਕਾਰ ਮੱਚ ਗਈ। ਮੇਅਰ ਤੱਕ ਨੂੰ ਭਾਜੜਾਂ ਪੈ ਗਈਆਂ। ਮੇਅਰ ਸਾਹਿਬ ਨੇ ਚਾਰ ਘੰਟਿਆ ਦੇ ਅੰਦਰ ਹੀ ਕਮਿਸ਼ਨਰ ਨੂੰ ਕਲੀਨ ਚਿੱਟ ਦੇ ਦਿਤੀ। ਕਾਰਪੋਰੇਸ਼ਨ ਦਫ਼ਤਰ ਵਿੱਚ ਵਿਜੀਲੈਂਸ ਖਿਲਾਫ ਨਾਹਰੇਬਾਜੀ ਸ਼ੁਰੂ ਹੋ ਗਈ। ਨਾਹਰੇਬਾਜੀ ਕਰਨ ਵਿੱਚ ਅਕਾਲੀ ਕੌਸਲਰ, ਕਾਗਰਸੀ ਕੌਸਲਰ ਦੋਵੇਂ ਹੀ ਕਿੱਲ-ਕਿੱਲ ਕੇ ਵਿਜੀਲੈਂਸ ਖਿਲਾਫ ਨਾਹਰੇ ਲਗਾ ਰਹੇ ਸਨ। ਅਦਾਲਤਾਂ ਦਾ ਕੰਮ ਇਹਨਾਂ ਆਪਣੇ ਜਿਮੇ ਲੈ ਲਿਆ ਸੀ । ਕੀ ਇਹ ਲੋਕ ਸੇਵਕਾ ਨੂੰ ਅਦਾਲਤਾਂ ਤੇ ਵਿਸਵਾਸ ਨਹੀ। 

ਸਪੱਸ਼ਟ ਸੀ ‘ਚੋਰ ਚੋਰ ਮੌਸੇਰੇ ਭਾਈ’. ਵਿਚਾਰੇ ਕੱਚੇ ਰੱਖੇ ਮੁਲਾਜਮ, ਗਰੀਬ ਮਜਦੂਰ, ਸਫਾਈ ਸੇਵਕ ਧਨਾਢ ਕਮਿਸ਼ਨਰ ਦੇ ਹੱਕ ਵਿੱਚ ਨਾਹਰੇ ਲਗਾ ਰਹੇ ਸਨ। ਮਜਦੂਰ ਯੁਨੀਅਨ ਦਾ ਨੇਤਾ ਉਸ ਦਿਨ ਛੁੱਟੀ ਤੇ ਸੀ, ਕੁਝ ਵੀ ਨਾ ਜਾਣਦੇ ਹੋਏ ਉਸ ਨੇ ਫੋਨ ਤੇ ਹੀ ਪ੍ਰੋਟੈਸ਼ਟ ਨੂੰ ਮੈਨੇਜ ਕੀਤਾ। ਗਰੀਬਾਂ ਦਾ ਕੇਹਾ ਦੁਰਭਾਗ ਹੈ। ਕਮਿਸ਼ਨਰ ਸਾਹਿਬ ਦੇ ਹੱਕ ਵਿੱਚ ਵਕੀਲ ਯੁਨੀਅਨਾ ਵੀ ਆ ਗਈਆਂ । ਹੁਣ ਸੁਣਨ ਵਿੱਚ ਆਇਆ ਹੈ ਕਿ ਇਸ ਕੇਸ ਦੀ ਜਾਂਚ ਪੁਲਿਸ ਕਰੇਗੀ। ਜਦੋਂ ਕਿ ਪੁਲਿਸ ਦੀ ਜਾਂਚ ਵਿਜੀਲੈਂਸ ਵਾਲ਼ੇ ਕਰਦੇ ਨੇ ਤੇ ਵਿਜੀਲੈਂਸ ਤੋਂ ਉਪਰ ਸੀ.ਬੀ.ਆਈ.। ਚਾਹੀਦਾ ਤਾ ਇਹ ਸੀ ਕਿ ਜਾਂਚ ਸੀ.ਬੀ.ਆਈ. ਕਰਦੀ ਤਾਂ ਗੱਲ ਜਚਦੀ ਵੀ ਸੀ। ਹੁਣ ਏਸ ਕਮਿਸ਼ਨਰ ਨੂੰ ਬਚਾਉਣ ਤੇ ਸੱਭ ਦਾ ਜੋਰ ਲੱਗਿਆ ਹੋਇਆ ਹੈ। ਸਾਇਦ 15 ਦਿਨਾ ਤੱਕ ਕਮਿਸ਼ਨਰ ਬਰੀ ਵੀ ਹੋ ਜਾਵੇ ।
ਇਸ ਸੰਬੰਧ ਵਿਚ ਗੁਰਬਾਣੀ ਦਾ ਫ਼ੁਰਮਾਣ ਹੈ:
ਪਾਉੜੀ
ਜਿਨਾ ਅੰਦਰਿ ਕੂੜੁ ਵਰਤੈ ਸਚ ਨ ਭਾਵਈ ॥
ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ॥ (ਪੰਨਾ 646)


ਜਿਨ੍ਹਾਂ ਦੇ ਅੰਦਰ ਝੂਠ ਭਰਿਆ ਹੋਵੇ, ਉਹਨਾਂ ਨੂੰ ਸੱਚ ਚੰਗਾ ਹੀ ਨਹੀਂ ਲਗਦਾ। ਜੇ ਕੋਈ ਸੱਚ ਬੋਲ ਪਵੇ ਤਾਂ ਝੂਠਾ ਸੱੜ-ਭੁੱਜ ਜਾਂਦਾ ਹੈ। ਝੂਠਿਆਂ ਨੇ ਤਾਂ ਝੂਠ ਨਾਲ ਹੀ ਰੱਜਣਾ ਹੁੰਦਾ ਹੈ, ਜਿਵੇਂ ਕਾਂ ਗੰਦਗੀ ਖਾ ਕੇ ਰੱਜਦਾ ਹੈ।
ਇਹ ਨੇ ਮੇਰੇ "ਮਹਾਨ" ਦੇਸ਼ ਦੀਆਂ "ਮਹਾਨ" ਬਾਤਾਂ!          --ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ 
ਏਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਲੁਧਿਆਣਾ ਦੇ ਜੋਨਲ ਕਮਿਸ਼ਨਰ ਅਮਰਜੀਤ ਸਿੰਘ ਸੇਖੋਂ ਦੀ ਬਾਦਲ ਦਲ ਨਾਲ ਸਬੰਧਤ ਸੱਤਾਧਾਰੀ ਨੇਤਾਵਾਂ ਵਲੋਂ ਘਡ਼ੀ ਗਈ ਕਥਿਤ ਸ਼ਾਜਿਸ ਅਤੇ ਸਿਆਸੀ ਦਬਾਅ ਹੇਠ ਵਿਜੀਲੈਂਸ ਵਲੋਂ ਰਿਸਵਤ ਲੈਣ ਸਬੰਧੀ ਗ੍ਰਿਫਤਾਰੀ ਅਤੇ ਦਫਤਰ ਵਿਚ ਸ: ਸੇਖੋਂ ਦੀ ਦਸਤਾਰ ਜਬਰੀ ਉਤਾਰ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਬੇਅਦਬੀ ਕਰਨ ਤੇ ਉਨ੍ਹਾਂ ਨੂੰ ਬੇਇਜਤ ਕਰਨ ਦੀ ਘਟਨਾ ਨੂੰ ਅੱਤ ਸ਼ਰਮਨਾਕ ਕਰਾਰ ਦਿੰਦੇ ਹੋਏ ਮੰਗ ਕੀਤੀ ਹੈ ਕਿ ਇਸ ਇਮਾਨਦਾਰ ਅਫਸਰ ਨੂੰ ਇਮਾਨਦਾਰੀ ਦੀ ਸਜ਼ਾ ਦੇਣ ਦੇ ਇਸ ਸੰਗੀਨ ਮਾਮਲੇ ਦੀ ਜਲਦੀ ਤੇ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਅਤੇ ਉਨ੍ਹਾਂ ਦੇ ਸਿਅਸੀ ਸਰਪ੍ਰਸਤਾਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ।
ਪਾਰਟੀ ਦੇ ਪ੍ਰਬੰਧਕੀ ਦਫਤਰ ਲੁਧਿਆਣਾ ਤੋਂ ਜਾਰੀ ਇਕ ਸਾਂਝੇ ਪ੍ਰੈਸ ਬਿਆਨ ਵਿਚ ਪਾਰਟੀ ਦੇ ਜਨਰਲ ਸਕੱਤਰ ਅਮਰੀਕ ਸਿੰਘ ਈਸਡ਼ੂ, ਜਥੇਬੰਧਕ ਸਕੱਤਰ ਜਸਵੀਰ ਸਿੰਘ ਖੰਡੂਰ ਨੇ ਕਿਹਾ ਹੈ ਕਿ ਅਮਰਜੀਤ ਸਿੰਘ ਇਕ ਇਮਾਨਦਾਰ ਅਤੇ ਸਿਆਸੀ ਪ੍ਰਭਾਵ ਤੋਂ ਮੁਕਤ ਰਹਿ ਕੇ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਵਾਲੇ ਅਫਸਰ ਵਜੋਂ ਜਾਣੇ ਜਾਂਦੇ ਹਨ। ਸ਼ੱਕ ਹੈ ਕਿ ਇਹ ਕਾਰਾ ਬਾਦਲ ਦਲ ਦੀ ਲੁਧਿਆਣਾ ਇਕਾਈ ਦੇ ਉਨ੍ਹਾਂ ਯੂਥ ਆਗੂਆਂ ਦੀ ਕਰਤੂਤ ਹੈ ਜਿੰਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ ਸਹਿਰ ਦੇ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਤੇ ਸਿਆਸੀ ਵਿਰੋਧੀਆਂ ਨੂੰ ਉੱਚ ਸਿਆਸੀ ਸਰਪ੍ਰਸਤੀ ਦਾ ਦਬਦਬਾ ਦੇਕੇ ਲੁੱਟ ਤੇ ਗੁੰਡਾਗਰਦੀ ਮਚਾਈ ਹੋਈ ਹੈ। ਜਿਹਡ਼ਾ ਵੀ ਇੰਨ੍ਹਾਂ ਦਾ ਵਿਰੋਧ ਕਰਦਾ ਹੈ ਉਨ੍ਹਾਂ ਅਧਿਕਾਰੀਆਂ ਦੀ ਕੁੱਟ ਮਾਰ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਇਹ ਲੋਕ ਲੁਧਿਆਣਾ ਵਿਖੇ ਤਾਇਨਾਤ ਤਹਿਸੀਲਦਾਰ ਗੁਰਜਿੰਦਰ ਸਿੰਘ ਬੈਨੀਪਾਲ ਦੀ ਉਨ੍ਹਾਂ ਦੇ ਦਫਤਰ ਵਿਚ ਕੁੱਟ ਮਾਰ ਕਰਕੇ ਉਸਦੀ ਦਸਤਾਰ ਦੀ ਬੇਪਤੀ ਕਰ ਚੁੱਕੇ ਹਨ।ਭਾਂਵੇ ਉਸ ਕੇਸ ਦਾ ਮੁਕੱਦਮਾ ਅਜੇ ਅਦਾਲਤ ਵਿਚ ਹੈ ਪਰ ਸਿਆਸੀ ਪੱਧਰ ਤੇ ਬਾਦਲ ਦਲ ਵਲੋਂ ਇੰਨ੍ਹਾਂ ਦੇ ਕਾਲੇ ਕੰਮਾਂ ਨੂੰ ਰੋਕਣ ਲਈ ਕੋਈ ਪਹਿਲਕਦਮੀ ਨਹੀਂ ਕੀਤੀ ਗਈ ।ਸਗੋਂ ਇਸਦੇ ਉਲਟ ਬਾਦਲ ਦਲ ਦੇ ਸ਼ੀਨੀਅਰ ਆਗੂਆਂ ਨੇ ਜੇਲ੍ਹਾਂ ਵਿਚ ਇੰਨ੍ਹਾਂ ਨਾਲ ਮੁਲਾਕਾਤਾਂ ਕਰਕੇ ਇੰਨ੍ਹਾਂ ਨੂੰ ਅਜਿਹੇ ਕੁਕਰਮ ਕਰਨ ਦੀ ਸਹਿ ਦੇਣ ਦੇ ਸੰਕੇਤ ਦਿੱਤੇ।
ਜਦੋ ਵੀ ਸਿਆਸੀ ਧਿਰਾਂ ਨੇ ਸ਼ਾਂਤਮਈ ਤਰੀਕੇ ਨਾਲ ਇੰਨ੍ਹਾਂ ਦਾ ਵਿਰੋਧ ਕਰਨ ਦੀ ਕੋਸ਼ਿਸ ਕੀਤੀ ਉਸ ਸਮੇਂ ਇੰਨ੍ਹਾਂ ਨੇ ਆਪਣੇ ਪਾਲੇ ਗੁੰਡਿਆਂ ਨਾਲ ਉਨ੍ਹਾਂ ਦੇ ਮੂੰਹ ਡਾਂਗਾਂ ਨਾਲ ਕੁੱਟਕੇ ਬੰਦ ਕਰਨ ਦੇ ਯਤਨ ਕੀਤੇ । ਇਸ ਸਬੰਧ ਵਿਚ ਲੁਧਿਆਣਾ ਦੇ ਸਰਕਟ ਹਾਊਸ ਦੇ ਬਾਹਰ ਸ਼ਾਂਤਮਈ ਤਰੀਕੇ ਨਾਲ ਮੁਜਾਹਰੇ ਕਰ ਰਹੇ ਅੰਮ੍ਰਿਤਸਰ ਅਕਾਲੀ ਦਲ ਉਪਰ ਵਾਪਰੀ ਕੁਝ ਸਮਾਂ ਪਹਿਲਾਂ ਦੀ ਉਹ ਘਟਨਾ ਹੈ ਜਿਸ ਵਿਚ ਇੰਨ੍ਹਾਂ ਨੇ ਨਿਹੱਥੇ ਸਿਆਸੀ ਵਿਰੋਧੀਆਂ ਉਪਰ ਹਮਲਾ ਕਰਕੇ ਉਸ ਪਾਰਟੀ ਦੇ ਜਿਲਾ ਪ੍ਰਧਾਨ ਸਮੇਤ ਅਨੇਕ ਵਰਕਰਾਂ ਨੂੰ ਜਖਮੀ ਕੀਤਾ ਅਤੇ ਜਿਸ ਸਬੰਧੀ ਕੇਸ ਅਜੇ ਵੀ ਪੁਲੀਸ ਕੋਲ ਬਿੰਨ੍ਹਾਂ ਕਾਰਵਾਈ ਤੋਂ ਪੈਂਡਿੰਗ ਪਿਆ ਹੈ।ਇਸ ਵਿਚ ਸ਼ੱਕ ਦੀ ਕੋਈ ਗੁਜਾਇੰਸ ਨਹੀਂ ਹੈ ਕਿ ਉੱਚ ਸਿਆਸੀ ਸਰਪ੍ਰਸਤੀ ਕਾਰਣ ਹੁਣ ਤਕ ਜਿਲਾ ਅਧਿਕਾਰੀ ਜਾਂ ਬਾਦਲ ਦਲ ਦੇ ਸਥਾਨਕ ਆਗੂ ਇੰਨ੍ਹਾਂ ਦਾ ਵਿਰੋਧ ਕਰਨ ਦੀ ਜੁਰੱਅਤ ਨਹੀਂ ਕਰ ਸਕੇ।
ਉਨ੍ਹਾਂ ਕਿਹਾ ਕਿ ਇੰਨ੍ਹਾਂ ਘਟਨਾਵਾਂ ਵਿਚ ਸ਼ਾਮਲ ਦੋਸ਼ੀ ਜਾਂ ਸ਼ੱਕੀ ਸਤਾਧਾਰੀ ਦਲ ਨਾਲ ਸਬੰਧਤ ਨੇਤਾਵਾਂ ਦੀ‘ਕਰਤੂਤ ਸ਼ੈਲੀ' ਵਿਚ ਸਿੱਖਾਂ ਦੀਆਂ ਦਸਤਾਰਾਂ ਲਾਹਕੇ ਉਨ੍ਹਾਂ ਦੀ ਬੇਪੱਤੀ ਕਰਨਾ ਰਿਹਾ ਹੈ। ਉਪਰੋਕਤ ਵਾਪਰੀਆਂ ਤਿੰਨ੍ਹਾਂ ਘਟਨਾਵਾਂ ਤੌਂ ਇਹ ਮਹੱਤਵਪੂਰਣ ਪਹਿਲੂ ਸਾਹਮਣੇ ਆਉਂਦਾ ਹੈ। ਇਸ ਲਈ ਬਾਦਲ ਦਲ ਤੇ ਉਸ ਪਾਰਟੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕਡ਼ ਲਈ ਇਹ ਸਪੱਸਟ ਕਰਨਾ ਜਰੂਰੀ ਹੈ ਕਿ ਕੀ ਸਿੱਖਾਂ ਦੀਆਂ ਪੱਗਾਂ ਲਾਹ ਕੇ ਉਨ੍ਹਾਂ ਨੂੰ ਬੇਪੱਤ ਕਰਨਾ ਉਨ੍ਹਾਂ ਦੀ ਪਾਰਟੀ ਦਾ ਮੁਖ ਏਜੰਡਾ ਹੈ ਜਿਸਨੂੰ ਇਹ ਲੋਕ ਲਾਗੂ ਕਰ ਰਹੇ ਹਨ? ਜੇ ਨਹੀਂ ਤਾਂ ਉਹ ਇਸ ਵਾਰੇ ਚੁਪ ਕਿਉਂ ਹਨ?
ਉਨ੍ਹਾਂ ਨੇ ਜੋਰਦਾਰ ਮੰਗ ਕੀਤੀ ਕਿ ਅਮਰਜੀਤ ਸਿੰਘ ਵਿਰੁੱਧ ਦਰਜ ਕੇਸ ਵਾਪਸ ਲੈ ਕੇ ਉਨ੍ਹਾਂ ਨੂੰ ਬਾ-ਇੱਜਤ ਰਿਹਾ ਕੀਤਾ ਜਾਵੇ, ਇਹ ਸ਼ਾਜਿਸ ਰੱਚਣ ਦੀ ਜਾਂਚ ਕਰਕੇ ਦੋਸ਼ੀਆਂ ਤੇ ਸਾਜ਼ਿਸੀ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਵਿਜੀਲੈਂਸ ਅਧਿਕਾਰੀਆਂ ਵਲੋਂ ਸਿਆਸੀ ਪ੍ਰਭਾਵ ਹੇਠ ਇਹ ਗਲਤ ਕਾਰਵਾਈ ਕਰਨ ਅਤੇ ਇਕ ਸਿੱਖ ਅਧਿਕਾਰੀ ਦੀ ਦਸਤਾਰ ਦੀ ਬੇਪੱਤੀ ਕਰਨ ਦੇ ਦੋਸ਼ ਹੇਠ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਕੇ ਦੰਡਤ ਕੀਤਾ ਜਾਵੇ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਤਹਿਸੀਲਦਾਰ ਬੈਨੀਪਾਲ ਦੀ ਦਫਤਰ ਵਿਚ ਕੁੱਟਮਾਰ ਤੇ ਉਸਦੀ ਦਸਤਾਰ ਦੇ ਬੇਪੱਤੀ ਦੇ ਕੇਸ ਪ੍ਰਤੀ ਵੀ ਗੰਭੀਰਤਾ ਦਿਖਾਉਂਦੇ ਹੋਏ ਪੀਡ਼ਤ ਅਫਸਰ ਨੂੰ ਜਲਦੀ ਇਨਸਾਫ ਦਿਤਾ ਜਾਵੇ। 

ਹੁਣ ਦੇਖਣਾ ਇਹ ਹੈ ਕਿ ਕਿਤੇ ਸਿਆਸੀ ਰੰਗਾਂ ਵਿੱਚ ਰਿਸ਼ਵਤ ਵਾਲੇ ਮਾਮਲੇ ਦੀ ਹਕੀਕਤ ਕਿਤੇ ਖੁਰਦ ਬੁਰਦ ਹੋ ਕੇ ਹੀ ਨਾਂ ਰਹੀ ਜਾਏ ? ਇਸ ਸਾਰੇ ਮਾਮਲੇ ਵਿੱਚ ਇਨਸਾਫ਼ ਕਿਸ ਨੂੰ ਅਤੇ ਕਦੋਂ ਮਿਲਦਾ ਹੈ ਇਸਦਾ ਪਤਾ ਸਮਾਂ ਆਉਂਣ ਤੇ ਹੀ ਲੱਗ ਸਕੇਗਾ ? ਜੇ ਇਹ ਸਚਮੁਚ ਹੀ ਸਾਜਿਸ਼ ਹੈ ਤਾਂ ਇਹ ਹੋਰ ਵੀ ਗੰਭੀਰ ਮਾਮਲਾ ਹੈ ਜਿਸਦੀ ਹਕੀਕਤ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ....ਬਿਊਰੋ ਰਿਪੋਰਟ 

No comments: