Wednesday, May 25, 2011

ਚੋਣ ਜੰਗ ਦੀਆਂ ਭਾਰੀ ਤਿਆਰੀਆਂ ਨੇ

ਪੰਜਾਬ ਵਿਚ ਜਿਲ੍ਹਾ ਜਲੰਧਰ ਅਤੇ ਕਪੂਰਥਲਾ ਦੇ ਤੇਜ਼ੀ ਨਾਲ ਬਦਲ ਰਹੇ ਸਿਆਸੀ ਸਮੀਕਰਨ
ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਮਾਹੌਲ ਵਿਚ ਵੀ ਮੌਸਮ ਵਾਂਗ ਹੀ ਗਰਮੀ ਦਿਨ ਬਾ ਦਿਨ ਵੱਧਦੀ ਹੀ ਜਾ ਰਹੀ ਹੈ.ਜਿਥੇ ਕੈਪਟਨ ਸਾਹਿਬ ਦੀ ਪੀ ਪੀ ਸੀ ਦੀ ਪੂਰੀ ਟੀਮ ਦੀ ਚੋਣ ਹੋ ਚੁੱਕੀ ਹੈ,ਉਥੇ ਹੀ ਅਕਾਲੀ ਦਲ ਦੇ ਕਪਤਾਨ ਸੁਖਬੀਰ ਬਾਦਲ ਦੀ ਰਾਜ ਸੱਤਾ 'ਤੇ ਕਾਬਜ਼ ਟੀਮ ਅਤੇ ਨਵੀ ਨਵੀ ਉਭਰੀ ਮਨਪ੍ਰੀਤ ਬਾਦਲ ਦੀ ਕਪਤਾਨੀ ਵਾਲੀ ਪੀ ਪੀ ਪੀ ਦੀ ਟੀਮ ਵਿਧਾਨ ਸਭਾ ਦੀਆਂ ਚੋਣਾਂ ਦਾ ਮੈਚ ਖੇਡਣ ਨੂੰ ਤਿਆਰ ਹਨ.ਪੰਜਾਬ ਦੇ ਤਿੰਨੋ ਪਾਸੇ ਯਾਨੀ ਕਿ ਮਾਝੇ, ਮਾਲਵੇ ਅਤੇ ਦੋਆਬਾ ਵਿਚ ਮੀਟਿੰਗਾਂ ਅਤੇ ਵਰਕਰਾਂ ਦੀ ਭਰਤੀ ਪੂਰੇ ਜੋਰਾਂ ਸ਼ੋਰਾਂ ਨਾਲ ਚਲ ਰਹੀ ਹੈ.ਮਾਝੇ ਵਿਚ ਅਕਾਲੀ ਦਲ ਬੀ.ਜੇ.ਪੀ ਆਪਣੇ ਫਾਇਰ ਬ੍ਰਾਂਡ ਨੇਤਾ ਬਿਕਰਮਜੀਤ ਮਜੀਠੀਆਂ, ਨਵਜੋਤ ਸਿੱਧੂ ਅਤੇ ਮਾਝੇ ਦੇ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ ਕਾਰਨ ਮਜਬੂਤ ਸਥਿਤੀ ਵਿਚ ਹੈ, ਉਥੇ ਹੀ ਮਾਲਵੇ ਵਿਚ ਕਮਾਨ ਕਾਂਗਰਸ ਅਤੇ ਅਕਾਲੀ ਦਲ ਦੇ ਕਪਤਾਨ ਖੁਦ ਦੇ ਹੱਥਾਂ ਵਿਚ ਹੀ ਰੱਖ ਕੇ ਚਲ ਰਹੇ ਹਨ.ਅਕਾਲੀ ਦਲ ਨਾਲ ਰੁੱਸ ਕੇ ਗਿਆ ਪੀ ਪੀ ਪੀ ਦਾ ਕਪਤਾਨ ਵੀ ਇਸੇ ਖੇਤਰ ਵਿਚ ਸਰਗਰਮ ਹੋਵੇਗਾ.

ਗੱਲ ਦੋਆਬੇ ਖੇਤਰ ਦੀ
ਪੰਜਾਬ ਦਾ ਦੋਆਬਾ ਏਰੀਆਂ ਸਭ ਤੋ ਜਿਆਦਾ ਸ਼ਹਿਰੀਕਰਣ ਦੇ ਅਸਰ ਹੇਠ ਆਇਆ ਹੈ,ਬਹੁਤੇ ਪਰਿਵਾਰਾਂ ਵਿਚੋ ਕੋਈ ਇੱਕ ਨਾ ਇੱਕ ਇਨਸਾਨ ਬਾਹਰਲੇ ਮੁਲਕਾਂ ਵਿਚ ਵੱਸਿਆ ਹੋਇਆ ਹੈ,ਇੰਡਸਟਰੀ ਵੀ ਕਾਫੀ ਹੈ,ਕੁਲ ਮਿਲਾ ਕੇ ਆਰਥਿਕ ਪੱਖੋ ਮਜਬੂਤ ਹੈ,ਜਿਸ ਕਾਰਨ ਇਸ ਖੇਤਰ ਦੇ ਕਾਫੀ ਲੋਕ ਰਾਜਨੀਤੀ ਨਾਲ ਜੁੜੇ ਹੋਏ ਹਨ ਜਾ ਇਹ ਕਹਿ ਲਵੋ ਕੀ ਰਾਜਨੀਤੀ ਵਿਚ ਕਾਫੀ ਦਿਲਚਸਪੀ ਰੱਖਦੇ ਹਨ.ਇਹ ਖੇਤਰ ਕਾਫੀ ਸਮੇ ਤੋ ਕਾਂਗਰਸ ਦਾ ਗੜ੍ਹ ਸੀ ਪਰ ਪਿਛਲੇ ਵਿਧਾਨ ਸਭਾ ਇਲੈਕਸ਼ਨ ਵਿਚ ਕਾਂਗਰਸ ਦਾ ਲਗਭਗ ਪੂਰੀ ਤਰ੍ਹਾ ਇਸ ਖੇਤਰ ਵਿਚੋ ਸਫਾਇਆ ਹੀ ਹੋ ਗਿਆ ਸੀ,ਦੋਆਬੇ ਦੀਆਂ 25 ਸੀਟਾਂ ਵਿਚ 20 ਸੀਟਾਂ ਤੇ ਅਕਾਲੀ ਦਲ ਬੇ.ਜੇ.ਪੀ ਮੋਰਚਾ ਮਾਰ ਗਈ,ਕਾਂਗਰਸ ਸਿਰਫ ਕਪੂਰਥਲੇ ਦੀਆਂ ਦੋ ਸੀਟਾਂ ਜਾ ਨਕੋਦਰ ਸੀਟ ਬਚਾਉਣ ਵਿਚ ਹੀ ਕਾਮਯਾਬ ਹੋ ਸਕੀ.2007 ਵਿਚ ਕਪੂਰਥਲੇ ਅਤੇ ਜਲੰਧਰ ਦੀਆਂ 14 ਸੀਟਾਂ ਵਿਚੋ 11 ਸੀਟਾਂ ਆਕਲੀ ਦਲ ਕੋਲ ਸਨ.ਪਰ ਇਸ ਵਾਰ ਸਭ ਤੋ ਜਿਆਦਾ ਤੇਜੀ ਨਾਲ ਇਨ੍ਹਾ ਹੀ ਜਿਲ੍ਹਿਆਂ ਦੇ ਸਿਆਸੀ ਸਮੀਕਰਣ ਬਦਲ ਰਹੇ ਹਨ.ਰਾਜਨੀਤਿਕ ਹਲਕਿਆ ਵਿਚ ਤੇਜੀ ਨਾਲ ਵਾਪਰੀਆਂ ਘਟਨਾਵਾਂ ਨੇ ਇਸ ਖੇਤਰ ਦੇ ਸਿਆਸੀ ਸਮੀਕਰਣ ਨੂੰ ਬੜੀ ਤੇਜ਼ੀ ਪ੍ਰਭਾਵਤ ਕੀਤਾ ਹੈ ,ਜਿਵੇ ਕੀ ਬੀ ਜੇ ਪੀ ਦੇ ਗੱਲ ਆ ਪਿਆ "ਰਾਜ ਖੁਰਾਨਾ" ਰਿਸ਼ਵਤ ਕਾਂਡ ਜਿਸ ਵਿਚ ਕਾਲੀਆ ਸਮੇਤ ਬੀ ਜੇ ਪੀ ਦੇ ਕਈ ਹੋਰ ਲੀਡਰ ਪਿਸ ਗਏ ਹਨ,ਪ੍ਰਿੰਸ ਮੱਕੜ ਵੱਲੋ ਗੋਲੀ ਮਾਰ ਕੇ ਆਪਣੇ ਹੀ ਦੋਸਤ ਗਿਕੀ ਦਾ ਕਤਲ ਅਤੇ ਮੋਹਨ ਲਾਲ ਬੰਗਾ ਤੇ ਲੱਗ ਰਹੇ ਕਤਲ ਦੇ ਦੋਸ਼ਾਂ ਨੇ ਸੱਤਾ ਧਿਰ ਨੂੰ ਪੂਰੀ ਤਰ੍ਹਾ ਨਾਲ ਬੈਕ ਫੁੱਟ ਤੇ ਧਕੇਲ ਦਿੱਤਾ ਹੈ,ਉੱਥੇ ਹੀ ਕਾਂਗਰਸ ਪਾਰਟੀ ਵੱਲੋ ਆਪਣੇ ਧਾਕੜ ਨੇਤਾ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਦਾ ਜਨਰਲ  ਸੱਕਤਰ ਬਣਾ ਦੇਣਾ ਵੀ ਵਿਰੋਧੀ ਧਿਰ ਲਈ ਕਿਸੇ ਮੁਸ਼ਕਿਲ ਤੋ ਘੱਟ ਨਹੀ ਹੈ,

ਗੱਲ ਜਲੰਧਰ ਦੀ
ਜਲੰਧਰ ਸ਼ਹਿਰ ਦੀਆ ਸਾਰੀਆਂ ਵਿਧਾਨ ਸਭਾ ਸੀਟਾਂ ਉਪਰ 2007 ਵਿਚ ਅਕਾਲੀ ਦਲ ਬੀ ਜੇ ਪੀ ਦਾ ਕਬਜਾ ਸੀ.ਜਲੰਧਰ ਕੈੰਟ ਤੋ ਅਕਾਲੀ ਦਲ ਦੇ ਜਗਸੀਰ ਬਰਾੜ ਕਾਂਗਰਸ ਪਾਰਟੀ ਦੀ ਉਮੀਦਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ  ਦੀ ਬੇਟੀ ਗੁਰਕੰਵਲ ਕੌਰ ਨੂੰ ਹਰਾ ਕੇ ਇਹ ਚੋਣ ਜਿੱਤੇ ਸਨ,ਪਰ ਜਗਸੀਰ ਬਰਾੜ ਹੁਣ  ਮਨਪ੍ਰੀਤ ਬਾਦਲ ਨਾਲ ਜਾ ਚੁੱਕੇ ਹਨ,ਇਸ ਲਈ ਇਸ ਹਲਕੇ ਤੋ ਅਕਾਲੀ ਦਲ ਨੂੰ ਨਵੇ ਉਮੀਦਵਾਰ ਨੂੰ ਮੈਦਾਨ ਵਿਚ ਉਤਰਨਾ ਪਵੇਗਾ,ਜਿਸ ਲਈ ਇਹ ਰਾਹ ਅਸਾਨ ਨਹੀ ਹੋਵੇਗੀ,ਵੈਸੇ ਇਸ ਹਲਕੇ ਤੋ ਰਾਇਪੁਰ ਅਤੇ ਮੱਕੜ ਦੇ ਨਾਮ ਚਰਚਾ ਵਿਚ ਹਨ,ਕਿਉਕੀ  ਸਰਬਜੀਤ ਮੱਕੜ ਦਾ ਆਪਣਾ ਵਿਧਾਨ ਸਭਾ ਹਲਕਾ ਰਿਜਰਵ ਸੀਟ ਬਣ ਗਿਆ ਹੈ,ਜਿਸ ਕਰਨ ਉਹ ਕਪੂਰਥਲੇ ਅਤੇ ਕੈੰਟ ਵਿਚਕਾਰ ਲਟਕੇ ਹੋਏ ਹਨ. ਹਲਕਾ ਜਲੰਧਰ ਸਾਊਥ:-ਇਸ ਹਲਕੇ ਤੋ ਕਾਂਗਰਸ ਦੇ ਸਾਬਕਾ ਪ੍ਰਧਾਨ ਮੋਹਿੰਦਰ ਸਿੰਘ ਕੇ.ਪੀ ਚਾਹੇ ਕੀ ਪਿਛਲੀ ਵਿਧਾਨ ਸਭਾ ਦੀ ਚੋਣ ਅਕਾਲੀ ਦਲ ਦੇ ਭਗਤ ਚੁਨੀ ਲਾਲ ਤੋ ਹਾਰ ਗਏ ਸਨ ,ਪਰ ਉਹ ਜਲੰਧਰ ਤੋ ਲੋਕ ਸਭਾ ਦੀ ਚੋਣ ਵਿਚ ਗਾਇਕ ਹੰਸ ਰਾਜ ਹੰਸ ਜੋ ਅਕਾਲੀ ਦਲ ਦੇ ਉਮੀਦਵਾਰ ਸਨ ਨੂੰ ਹਰਾਉਣ ਵਿਚ ਕਾਮਯਾਬ ਰਹੇ,ਹੁਣ ਵੀ ਇਸ ਵਿਧਾਨ ਸਭਾ ਹਲਕੇ ਤੋ ਉਹਨਾ ਦਾ ਚੋਣ ਲੜਨ ਲਗਭਗ ਤੈਅ ਹੈ ਅਤੇ ਉਹ ਚੋਣ ਜਿੱਤਣ ਲਈ ਵੀ ਮਜਬੂਤ ਸਥਿਤੀ ਵਿਚ ਹਨ.
ਵਿਧਾਨ ਸਭਾ ਹਲਕਾ ਜਲੰਧਰ ਨੋਰਥ:- ਇਸ ਹਲਕੇ ਵਿਚ ਕਾਂਗਰਸ ਦੇ ਘਾਗ ਨੇਤਾ ਅਵਤਾਰ ਹੈਨਰੀ ਪਿਛਲੀ ਚੋਣ ਬੀ ਜੇ ਪੀ ਦੇ ਪਹਿਲੀ ਵਾਰ ਚੋਣ ਲੜ ਰਹੇ ਕੇ.ਡੀ ਭੰਡਾਰੀ ਕੋਲੋ ਹਾਰ ਗਏ ਸਨ,ਭੰਡਾਰੀ ਉਸ ਤੋ ਬਆਦ ਬੀ ਜੇ ਪੀ ਵਿਚ ਇੱਕ ਮਜਬੂਤ ਨੇਤਾ ਵੱਜੋ ਉਭਰੇ ਹਨ,ਉਹ ਬਾਦਲ ਸਾਬ ਦੇ ਵੀ ਕਾਫੀ ਨਜਦੀਕੀ ਹਨ,ਅਕਾਲੀ ਦਲ ਵਿਚ ਵੀ ਉਨ੍ਹਾ ਦੀ ਚੰਗੀ ਪੈਠ ਹੈ,ਡੀ.ਏ.ਵੀ ਫਲਾਈ ਓਵਰ ਅਤੇ ਮਕਸੂਦਾਂ ਫਲਾਈ ਓਵਰ ਬਣਵਾ ਕੇ ਲੋਕਾਂ ਵਿਚ ਇੱਕ ਇਮਾਨਦਾਰ ਨੇਤਾ ਵੱਜੋ ਉਭਰੇ ਹਨ.ਮਨੋਰੰਜਨ ਕਾਲੀਆ ਦੇ ਰਿਸ਼ਵਤ ਕੇਸ ਵਿਚ ਉਲਝ ਜਾਣ ਮਗਰੋ ਹੁਣ ਉਹੀ ਨੇਤਾ ਹਨ ਜਿਨ੍ਹਾ ਦੇ ਹੱਥ ਪੂਰੇ ਜਲੰਧਰ ਦੀ ਬੀ ਜੇ ਪੀ ਦੀ ਕਮਾਂਡ ਹੋਵੇਗੀ,ਅਵਤਾਰ ਹੈਨਰੀ ਲਈ ਇਸ ਵਾਰੀ ਵੀ ਚੋਣ ਜਿੱਤਣਾਂ ਅਸਾਨ ਨਹੀ ਹੋਵੇਗਾ.
ਜਲੰਧਰ ਸੈਂਟਰਲ:- ਇਸ ਵਿਧਾਨ ਸਭਾ ਹਲਕੇ ਤੋ ਪਿਛਲੀ ਵਾਰ ਬੀ ਜੇ ਪੀ ਦੇ ਮਨੋਰੰਜਨ ਕਾਲੀਆ ਤਿਕੋਣੇ ਮੁਕਾਬਲੇ ਵਿਚ ਜਿੱਤ ਪ੍ਰਾਪਤ ਕਰਨ ਵਿਚ ਸਫਲ ਹੋ ਗਏ ਸਨ.ਇਸ ਹਲਕੇ ਤੋ ਕਾਂਗਰਸ ਦੇ ਤਜਿੰਦਰ ਬਿੱਟੂ ਅਤੇ ਅਜਾਦ ਉਮੀਦਵਾਰ ਦੇ ਤੋਰ ਤੇ ਸ਼ੀਤਲ ਵਿਜ ਚੋਣ ਮੈਦਾਨ ਵਿਚ ਸਨ.ਪਰ ਇਸ ਵਾਰ ਰਿਸ਼ਵਤ ਕੇਸ ਵਿਚ ਉਲਝ ਚੁੱਕੇ ਕਾਲੀਆ ਜੀ ਲਈ ਰਾਹ ਬਹੁਤ ਹੀ ਮੁਸਕਿਲ ਹੈ, ਪਿਛਲੀ ਵਾਰ ਕਾਂਗਰਸ ਦੀ ਹਾਰ ਦਾ ਮੁੱਖ ਕਾਰਨ ਰਹੇ ਟਿਕਟ ਨਾ ਮਿਲਣ ਤੋ ਨਾਰਾਜ਼ ਕਾਂਗਰਸ ਦੇ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਦੀ ਵੀ ਘਰ ਵਾਪਸੀ ਹੋ ਚੁੱਕੀ ਹੈ.
ਨਕੋਦਰ ਵਿਧਾਨ ਸਭਾ ਸੀਟ :-ਇਸ ਸੀਟ ਉਪਰ ਪਿਛਲੀ ਕਾਫੀ ਸਮੇ ਤੋ ਕਾਂਗਰਸ ਪਾਰਟੀ ਦਾ ਕਬਜਾ ਹੈ,ਕਾਂਗਰਸ ਦੇ ਅਮਰਜੀਤ ਸਮਰਾ ਇਸ ਸੀਟ ਦੇ ਮਜਬੂਤ ਦਾਵੇਦਾਰ ਹਨ ਪਰ ਹੁਣ ਗੁਰਬਿੰਦਰ ਸਿੰਘ ਅਟਵਾਲ ਵੀ ਕੈਪਟਨ ਸਾਬ ਕੋਲ ਇਸ ਸੀਟ ਲਈ ਆਪਣਾ ਦਾਵਾ ਪੇਸ਼ ਕਰ ਚੁੱਕੇ ਹਨ ਕਿਉ ਕੀ ਨਵੀ ਹੱਦਬੰਦੀ ਅਨੁਸਾਰ ਗੁਰਬਿੰਦਰ ਸਿੰਘ ਅਟਵਾਲ ਦੇ ਵਿਧਾਨ ਸਭਾ ਹਲਕੇ ਨੂਰਮਹਿਲ ਦੇ 80 ਪਿੰਡ ਨਕੋਦਰ ਵਿਧਾਨ ਸਭਾ ਹਲਕੇ ਵਿਚ ਚਲੇ ਗਏ ਹਨ .ਦੂਸਰੇ ਪਾਸੇ ਅਕਾਲੀ ਦਲ ਵਲੋ ਪਿਛਲੀ ਵਾਰ ਇਸ ਸੀਟ ਕੁਲਦੀਪ ਸਿੰਘ ਵਡਾਲਾ ਉਮੀਦਵਾਰ ਸਨ ਜੋ ਇਹ ਚੋਣ ਹਾਰ ਗਏ ਸਨ,ਇਸ ਵਾਰ ਉਨ੍ਹਾਂ ਦੇ ਬੇਟੇ ਗੁਰਪ੍ਰਤਾਪ ਸਿੰਘ ਵਡਾਲਾ ਵਲੋ ਇਸ ਸੀਟ ਤੋ ਚੋਣ ਲੜਨਾਂ ਤੈਅ ਹੈ ਕਿਉ ਕੀ ਇਸ ਸੀਟ ਲਈ ਦੂਜੇ ਦਾਵੇਦਾਰ ਗੁਰਮੀਤ ਸਿੰਘ ਦਾਦੂਵਾਲ ਮਨਪ੍ਰੀਤ ਦੀ ਪਾਰਟੀ ਵਿਚ ਜਾ ਚੁੱਕੇ ਹਨ.ਜਿਸ ਕਰਨ ਨਕੋਦਰ ਸੀਟ ਤੇ ਮੁਕ਼ਾਬਲਾਂ ਇਸ ਵਾਰ ਦਿਲਚਸਪ ਰਹੇਗਾ.
ਕਰਤਾਰਪੁਰ ਵਿਧਾਨ ਸਭਾ ਸੀਟ:- ਇਸ ਸੀਟ ਤੋ ਸਾਬਕਾ ਕਾਂਗਰਸੀ ਮੰਤਰੀ ਚੌਧਰੀ ਜਗਜੀਤ ਸਿੰਘ ਅਕਾਲੀ ਦਲ ਦੇ ਅਵਿਨਾਸ਼ ਚੰਦਰ ਤੋ ਚੋਣ ਹਾਰ ਗਏ ਸਨ,ਇਸ ਵਾਰ ਵੀ ਉਨ੍ਹਾ ਲਈ ਇਹ ਮੁਕ਼ਾਬਲਾਂ ਜਿੱਤਣਾ ਅਸਾਨ ਨਹੀ ਹੋਵੇਗਾ.ਵੈਸੇ ਵੀ ਇਸ ਸੀਟ ਤੋ ਉਨ੍ਹਾਂ ਤੋ ਇਲਾਵਾਂ ਕਾਫੀ ਸਮਾਂ ਪਹਿਲਾ ਅਕਾਲੀ ਦਲ ਛੱਡ ਕੇ ਆਏ ਦਲਿਤ ਨੇਤਾ ਡਾ.ਰਾਮ ਲਾਲ ਜੱਸੀ ਵੀ ਟਿਕਟ ਲਈ ਕੈਪਟਨ ਸਾਬ ਕੋਲ ਦਾਵੇਦਾਰੀ ਪੇਸ਼ ਕਰ ਚੁੱਕੇ ਹਨ

ਨੂਰਮਹਿਲ ਵਿਧਾਨ ਸਭਾ ਸੀਟ:- ਇਸ ਤੋ ੨੦੦੭ ਵਿਚ ਅਕਾਲੀ ਦਲ ਗੁਰਦੀਪ ਸਿੰਘ ਭੁੱਲਰ ਚੋਣ ਜਿੱਤ ਗਏ ਸਨ,ਪਰ ਉਨ੍ਹਾ ਦੀ ਮੌਤ ਹੋ ਜਾਣ ਕਾਰਨ ਬਾਈ-ਇਲੈਕਸ਼ਨ ਹੋਈ ਜਿਸ ਵਿਚ ਫਿਰ ਦੁਬਾਰਾ ਅਕਾਲੀ ਦਲ ਦੀ ਉਮੀਦਵਾਰ ਗੁਰਦੀਪ ਸਿੰਘ ਭੁੱਲਰ ਦੀ ਪਤਨੀ ਰਾਜ ਮੋਹਿੰਦਰ ਕੌਰ ਜਿੱਤਣ ਵਿਚ ਕਾਮਯਾਬ ਰਹੀ,ਇਥੋ ਕਾਂਗਰਸ ਦੇ ਉਮੀਦਵਾਰ ਗੁਰਬਿੰਦਰ ਸਿੰਘ ਅਟਵਾਲ ਹੁਣ ਨਕੋਦਰ ਤੋ ਚੋਣ ਲੜਨ ਦੇ ਚਾਹਵਾਂਨ ਹਨ,ਦੇਖਿਆ ਜਾਵੇ ਤਾਂ ਅਕਾਲੀ ਦਲ ਦੀ ਸਥਿਤੀ ਅਜੇ ਵੀ ਇਸ ਹਲਕੇ ਤੋ ਮਜਬੂਤ ਹੈ.
ਇਸ ਤੋ ਇਲਾਵਾਂ ਲੋਹੀਆਂ ਸੀਟ ਤੋ ਅਜੀਤ ਸਿੰਘ ਕੋਹਾੜ ਮਜਬੂਤ ਸਥਿਤੀ ਵਿਚ ਹਨ ਕਿਉ ਕੀ ਉਥੇ ਕਾਂਗਰਸ ਦੀ ਗੁੱਟਬਾਜੀ ਸੀ ਡੀ ਕੰਬੋਜ਼ ਅਤੇ ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਲਾਲੀ ਵਿਚਕਾਰ ਜਿਓ ਦੀ ਤਿਓ ਕਾਇਮ ਹੈ.ਇਸ ਵਾਰ ਬ੍ਰਿਜ ਭੁਪਿੰਦਰ ਲਾਲੀ ਦਾ ਗੁਰੁੱਪ ਜਿਆਦਾ ਤਾਕਤਵਰ ਨਜ਼ਰ ਆ ਰਿਹਾ ਹੈ ਆਦਮਪੁਰ ਹਲਕੇ ਦੇ ਰਿਜਰਵ ਹੋ ਜਾਣ ਕਾਰਨ ਇਸ ਹਲਕੇ ਤੋ ਇਸ ਵਾਰ ਨਵੇ ਉਮੀਦਵਾਰ ਮੈਦਾਨ ਵਿਚ ਹੋਣਗੇ.ਫਿਲੌਰ ਤੋ ਸਵਰਨ ਸਿੰਘ ਫਿਲੌਰ ਪਿਛਲੀ ਵਾਰ ਚੌਧਰੀ ਸੰਤੋਖ ਸਿੰਘ ਬਿਲਕੁਲ ਮਾਮੂਲੀ ਜਿਹੇ ਫ਼ਰਕ ਨਾਲ ਜਿੱਤ ਗਏ ਸਨ,ਇਸ ਵਾਰ ਵੀ ਮੁਕਬਲਾਂ ਸਖ਼ਤ ਹੋਣ ਦੀ ਹੀ ਉਮੀਦ ਹੈ.
.ਗੱਲ ਜਿਲ੍ਹਾ ਕਪੂਰਥਲਾ ਦੀ
ਕਪੂਰਥਲੇ ਜਿਲ੍ਹੇ ਅਧੀਨ ਕੁਲ ਚਾਰ ਵਿਧਾਨ ਸਭਾ ਹਲਕੇ ਕਪੂਰਥਲਾ,ਸੁਲਤਾਨਪੁਰ ਲੋਧੀ, ਭੁੱਲਥ ਅਤੇ ਫਗਵਾੜਾ ਹਨ, ਕਪੂਰਥਲਾ ਸ਼ਹਿਰ ਹੀ ਰਾਣਾ ਗੁਰਜੀਤ ਸਿੰਘ ਦਾ ਵਿਧਾਨ ਸਭਾ ਹਲਕਾ ਹੈ ਜੋ ਇਸ ਵਾਰ ਪੀ ਪੀ ਸੀ ਦੇ ਜਰਨਲ ਸਕਤਰ ਚੁਣ ਹੋਏ ਹਨ ,ਪਿਛਲੇ ੩੪ ਸਾਲਾਂ ਬਆਦ ਪੀ ਪੀ ਸੀ ਦੇ ਕਿਸੇ ਉਚ ਅਹੁਦੇ ਲਈ ਕਪੂਰਥਲੇ ਜਿਲ੍ਹੇ ਵਿਚੋ ਕਿਸੇ ਵਿਅਕਤੀ ਦੀ ਚੋਣ ਹੋਈ ਹੈ.ਕਪੂਰਥਲੇ ਜਿਲ੍ਹੇ ਦੀਆਂ ਚਾਰ ਸੀਟਾਂ ਉਪਰ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਮੁਕਾਬਲਾਂ ਬਹੁਤੀ ਵਾਰ ਦੋ ਦੋ ਨਾਲ ਬਰਾਬਰ ਹੀ ਰਿਹਾ ਹੈ.ਇਸ ਵਾਰ ਕਪੂਰਥਲੇ ਜਿਲ੍ਹੇ ਦੀ ਇੱਕ ਹੋਰ ਵੱਡੀ ਤੇ ਹੈਰਾਨੀ ਜਨਕ ਘਟਨਾ ਕਾਂਗਰਸ ਦੇ ਮੋਹਰਲੀ ਕਤਾਰ ਦੇ ਨੇਤਾ ਸੁਖਪਾਲ ਖੈਹਿਰਾ ਦੀ ਜਗ੍ਹਾ ਕਾਂਗਰਸ ਦੇ ਕਪੂਰਥਲੇ ਜਿਲ੍ਹੇ ਤੋ ਹਰਜੀਤ ਸਿੰਘ ਪਰਮਾਰ ਦੀ ਜਿਲ੍ਹਾ ਪ੍ਰਧਾਨ ਵੱਜੋ ਚੋਣ ਹੈ,ਜਿਸ ਨੂੰ ਲੈ ਕੇ ਚਰਚਾ ਹੈ ਕੀ ਖੈਹਿਰਾਂ ਗੁਰੁੱਪ ਨਾਰਾਜ਼ ਚਲ ਰਿਹਾ ਹੈ,ਉਹ ਅਤੇ ਨਵਤੇਜ ਚੀਮਾ ਰਾਣਾ ਗੁਰਜੀਤ ਸਿੰਘ ਵਲੋ ਜਰਨਲ ਸੱਕਤਰ ਬਣਨ ਤੋ ਬਆਦ ਕੀਤੀ ਗਈ ਪਾਰਟੀ ਵਿਚ ਵੀ ਗੈਰ ਹਾਜ਼ਰ ਹੀ ਰਿਹੇ.

ਕਪੂਰਥਲਾ ਵਿਧਾਨ ਸਭਾ ਸੀਟ
ਇਸ ਸੀਟ ਉਪਰ ਰਾਣਾ ਗੁਰਜੀਤ ਸਿੰਘ ਦੇ ਚੋਣ ਲੜਨ ਤੋ ਮਗਰੋ ਪੂਰੀ ਤਰ੍ਹਾ ਕਾਂਗਰਸ ਦਾ ਕਬਜਾ ਹੋ ਚੁੱਕਾ ਹੈ,ਉਹ ਖੁਦ ਜਾਂ ਉਨ੍ਹਾਂ ਦਾ ਪਰਿਵਾਰ ਇਸ ਸੀਟ ਤੋ ਲਗਤਾਰ ਤਿੰਨ ਵਿਧਾਨ ਸਭਾ ਚੋਣ ਜਿੱਤ ਚੁੱਕਾ ਹੈ,ਇੱਕ ਵਾਰ ਉਹ ਖੁਦ ਇੱਕ ਵਾਰ ਉਨ੍ਹਾ ਦੀ ਭਰਜਾਈ ਸੁੱਖੀ ਰਾਣਾ ਅਤੇ ਇੱਕ ਵਾਰ ਉਨ੍ਹਾਂ ਦੀ ਪਤਨੀ ਰਾਜਬੰਸ ਕੌਰ ਰਾਣਾ ਚੋਣ ਜਿੱਤ ਚੁਕੇ ਹਨ.ਚਾਹੇ ਕੀ ਰਾਣਾ ਸਾਬ ਨਵੀ ਹਲਕਾ ਬੰਦੀ ਅਨੁਸਾਰ ਨਵੀ ਬਣੀ ਖੰਡੂਰ ਸਾਹਿਬ ਲੋਕ ਸਭਾ ਸੀਟ ਹਾਰ ਗਏ ਸਨ ਪਰ ਇਸ ਵਿਚ ਵੀ ਜੇ ਦੇਖਿਆ ਜਾਵੇ ਤਾਂ ਕਪੂਰਥਲੇ ਜਿਲ੍ਹੇ ਵਿਚੋ ਉਨ੍ਹਾਂ ਨੂੰ ਪੂਰਾ ਸਮਰਥਨ ਮਿਲਿਆ ਸੀ ਅਤੇ ਕਪੂਰਥਲਾ ਹਲਕੇ ਵਿਚੋ ਉਨ੍ਹਾ ਦੀ ਲੀਡ ਬਰਕਰਾਰ ਰਹੀ ਸੀ. ਦੂਜੇ ਪਾਸੇ ਅਕਾਲੀ ਦਲ ਦੇ ਸਾਬਕਾ ਮੰਤਰੀ ਰਘਬੀਰ ਸਿੰਘ ਇਥੋ ਇਹ ਤਿੰਨੋ ਚੋਣ ਲਗਾਤਾਰ ਹਾਰੇ ਹਨ,ਜੇ ਏਸ ਵਾਰ ਵੀ ਅਕਾਲੀ ਦਲ ਵਲੋ ਸਾਬਕਾ ਮੰਤਰੀ ਰਘਬੀਰ ਸਿੰਘ ਨੂੰ ਹੀ ਟਿਕਟ ਦਿੱਤੀ ਜਾਂਦੀ ਹੈ ਤਾਂ ਇਹ ਸਿਧਾ ਸਿਧਾ ਹਾਰ ਕਬੂਲਣ ਵਾਲੀ ਹੀ ਗੱਲ ਹੋਵਗੀ,ਵੈਸੇ ਅਕਾਲੀ ਦਲ ਦੇ ਸਰਬਜੀਤ ਮੱਕੜ ਵੀ ਇਸ ਸੀਟ ਤੋ ਚੋਣ ਲੜਨ ਦੇ ਚਾਹਵਾਂਨ ਹਨ,ਪਰ ਕੁਲ ਮਿਲਾ ਕੇ ਇਸ ਸੀਟ ਤੇ ਕਾਂਗਰਸ ਦੀ ਸਥਿਤੀ ਬਹੁਤ ਹੀ ਮਜਬੂਤ ਹੈ.

ਭੁੱਲਥ ਵਿਧਾਨ ਸਭਾ ਹਲਕਾ
ਇਸ ਵਿਧਾਨ ਸਭਾ ਹਲਕੇ ਤੋ ਅਕਾਲੀ ਦਲ ਅਤੇ ਕਾਂਗਰਸ ਦੇ ਦਿਗਜ ਆਹਮੋ ਸਾਹਮਣੇ ਰਹੇ ਹਨ.ਅਕਾਲੀ ਦਲ ਦੀ ਉਮੀਦਵਾਰ ਸ਼ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਪਿਛਲੀ ਵਾਰ ਵਿਧਾਨ ਸਭਾ ਚੋਣ ਕਾਂਗਰਸ ਦੇ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਟਕਸਾਲੀ ਅਕਾਲੀ ਆਗੂ ਸੁਖਜਿੰਦਰ ਸਿੰਘ ਖੈਹਿਰਾ ਦੇ ਪੁੱਤਰ ਸੁਖਪਾਲ ਖੈਹਿਰਾ ਕੋਲੋ ਹਾਰ ਗਏ ਸਨ.ਚਾਹੇ ਇਸ ਵਾਰ ਜਿਲ੍ਹੇ ਦੀ ਪ੍ਰਧਾਨਗੀ ਗਵਾ ਚੁੱਕੇ ਸੁਖਪਾਲ ਖੈਹਿਰਾ ਹੁਣ ਪਹਿਲੀ ਵਾਲੀ ਸਥਿਤੀ ਵਿਚ ਨਹੀ ਹਨ,ਪਰ ਫਿਰ ਵੀ ਅਕਾਲੀ ਦਲ ਲਈ ਇਹ ਵਿਧਾਨ ਸਭਾ ਸੀਟ ਜਿੱਤਣਾ ਆਸਾਨ ਨਹੀ ਹੋਵੇਗਾ. ਪਰ ਕਾਂਗਰਸ ਦੀ ਪੀ ਪੀ ਸੀ ਵਿਚ ਸੁਖਪਾਲ ਖੈਹਿਰਾ ਦੀ ਅਣਦੇਖੀ ਅਤੇ ਕਾਰਨ ਦੱਸੋ ਨੋਟਿਸ ਜਾਰੀ ਹੋਣੇ ਪੂਰੇ ਹਲਕੇ ਵਿਚ ਚਰਚਾ ਦਾ ਵਿਸ਼ਾ ਜ਼ਰੂਰ ਹੈ.

ਸੁਲਤਾਨਪੁਰ ਲੋਧੀ ਵਿਧਾਨ ਸਭਾ
ਇਸ ਵਿਧਾਨ ਸਭਾ ਸੀਟ ਉਪਰ ਅਕਾਲੀ ਦਲ ਪਿਛਲੇ ਲਮੇ ਸਮੇ ਤੋ ਕਾਬਜ਼ ਹੈ,ਬੀਬੀ ਉਪਿੰਦਰਜੀਤ ਕੌਰ ਇਥੋ ਲਗਾਤਾਰ ਤਿੰਨ ਚੋਣ ਜਿੱਤ ਚੁੱਕੇ ਹਨ,ਕਾਂਗਰਸ ਪਾਰਟੀ ਇਸ ਸੀਟ ਤੋ ਹਰ ਵਾਰ ਨਵਾ ਉਮੀਦਵਾਰ ਹੀ ਮੈਦਾਨ ਵਿਚ ਉਤਾਰਦੀ ਰਹੀ ਹੈ,ਇਸ ਹਲਕੇ ਵਿਚ ਕਾਂਗਰਸ ਦੀ ਗੁੱਟਬਾਜ਼ੀ ਵੀ ਅਕਾਲੀ ਦਲ ਦੇ ਹੱਕ ਵਿਚ ਭੁਗਤਦੀ ਰਹੀ ਹੈ.ਪਿਛਲੀ ਵਾਰ ਕਾਂਗਰਸ ਦੀ ਉਮੀਦਵਾਰ ਨਵਤੇਜ ਚੀਮਾ ਇਸ ਹਲਕੇ ਤੋ ਬੁਰੀ ਤਰ੍ਹਾ ਹਾਰੇ ਸਨ,ਉਨ੍ਹਾਂ ਤੋ ਪਹਿਲਾ ਕਾਂਗਰਸ ਵਲੋ ਇਸ ਸੀਟ ਤੇ ਚੋਣ ਲੜਨ ਵਾਲੇ ਰਾਜਨਬੀਰ ਕਈ ਵਾਰ ਪਾਰਟੀ ਬਦਲੀ ਕਰ ਚੁੱਕੇ ਹਨ.ਉਥੇ ਹੀ ਚਰਚਾ ਹੈ ਕੀ ਇਸ ਵਾਰ ਇਹ ਸੀਟ ਰਾਣਾ ਗੁਰਜੀਤ ਸਿੰਘ ਦੇ ਕਰੀਬੀ ਸਮਝੇ ਜਾਂਦੇ ਹਰਮਿੰਦਰ ਸਿੰਘ ਨੂੰ ਮਿਲਣੀ ਤੈਅ ਹੈ.ਪਰ ਉਨ੍ਹਾਂ ਲਈ ਇਸ ਭਾਰੀ ਗੁੱਟਬਾਜ਼ੀ ਵਿਚ ਇਹ ਚੋਣ ਜਿਤਣਾ ਬਹੁਤ ਹੀ ਮੁਸ਼ਕਿਲ ਜਾਪ ਰਿਹਾ ਹੈ.

ਫਗਵਾੜਾ ਵਿਧਾਨ ਸਭਾ ਹਲਕਾ
ਰਾਜ ਖੁਰਾਨਾ ਕਾਂਡ ਦਾ ਪਰਛਾਵਾ ਇਸ ਹਲਕੇ ਉਪਰ ਵੀ ਹੈ.ਇਸ ਵਾਰ ਇਸ ਹਲਕੇ ਤੋ ਦੁਬਾਰਾ ਜਿਤਣਾ ਸਵਰਨਾ ਰਾਮ ਲਈ ਆਸਾਨ ਨਹੀ ਲੱਗ ਰਿਹਾ.ਹਰਜੀਤ ਸਿੰਘ ਪਰਮਾਰ ਦਾ ਕਪੂਰਥਲੇ ਜਿਲ੍ਹੇ ਦਾ ਪਰਧਾਨ ਚੁਣੇ ਜਾਣਾ ਵੀ ਜੋਗਿੰਦਰ ਸਿੰਘ ਮਾਨ ਲਈ ਕਿਨਾ ਕੁ ਫਾਇਦੇਮੰਦ ਹੁੰਦਾ ਹੈ,ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ.ਕੁਲ ਮਿਲਾ ਕੇ ਇਸ ਵਾਰ ਵੀ ਕਪੂਰਥਲੇ ਦੀਆਂ ਚਾਰ ਸੀਟਾਂ ਤੇ ਮੁਕ਼ਾਬਲਾਂ ਦੋ ਦੋ ਨਾਲ ਬਰਾਬਰ ਵਾਲੀ ਸਥਿਤੀ ਵਿਚ ਹੀ ਲੱਗ ਰਿਹਾ ਹੈ/
ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਅਜੇ ਵੀ ਅਕਾਲੀ ਦਲ ਬੀ ਜੇ ਪੀ ਲਈ ਕਪੂਰਥਲੇ ਜਲੰਧਰ ਵਿਚ ਸਭ ਕੁਝ ਖਤਮ ਵਾਲੀ ਗੱਲ ਨਹੀ ਹੈ.ਜਿਥੇ ਉਸਦੀ ਚਾਰ ਸੀਟਾਂ ਤੇ ਸਥਿਤੀ ਮਜਬੂਤ ਹੈ ਉਥੇ ਹੀ ਦੋ ਤਿੰਨ ਸੀਟਾਂ ਉਪਰ ਉਹ ਸਖ਼ਤ ਟੱਕਰ ਦੇਣ ਦੀ ਸਥਿਤੀ ਵਿਚ ਹੈ.ਆਉਣ ਵਾਲੇ ਸਮੇ ਵਿਚ ਸਿਆਸੀ ਘਟਨਾਵਾਂ ਕਿਸ ਦੇ ਹੱਕ ਵਿਚ ਭੁਗਤਦੀਆਂ ਹਨ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ.ਪਰ ਅਜੇ ਤੱਕ ਕਪੂਰਥਲਾ ਜਲੰਧਰ ਵਿਚ ਦੋਵਾ ਪਾਰਟੀਆਂ ਦੀ ਸਥਿਤੀ ਬਰਾਬਰ ਹੀ ਜਾਪ ਰਹੀ ਹੈ
ਇੰਦਰਜੀਤ ਕਾਲਾ ਸੰਘਿਆਂ
98768-49453

1 comment:

Bhushan said...

मतदान से पूर्व राजनीतिक स्थिति का विस्तृत ब्यौरा देने के लिए आभार. इंदरजीत काला संघियाँ के कमेंट ज़ोरदार रहे.