Monday, May 16, 2011

ਹੁਣ ਅੰਮ੍ਰਿਤਸਰ ਹਵਾਈ ਅੱਡੇ ਵਿੱਚ ਲੱਗੀ ਕਿਰਪਾਨ ਤੇ ਰੋਕ

ਅੰਮ੍ਰਿਤਸਰ ਤੋਂ ਇੱਕ ਚਿੰਤਾਜਨਕ ਖਬਰ ਆਈ ਹੈ. ਕਿਰਪਾਨ ਦਾ ਮੁੱਦਾ ਫੇਰ ਗਰਮਾ ਗਿਆ ਹੈ. ਸੀ.ਆਈ.ਐੱਸ.ਐੱਫ.  ਵਲੋਂ 26 ਅਪ੍ਰੈਲ ਦੇ ਹੁਕਮਾਂ ਮੁਤਾਬਕ ਹੁਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਕੋਈ ਵੀ ਅੰਮ੍ਰਿਤਧਾਰੀ ਸਿੱਖ ਮੁਲਾਜ਼ਮ ਛੋਟੀ ਕ੍ਰਿਪਾਨ ਧਾਰਨ ਕਰ ਕੇ ਡਿਊਟੀ ਨਹੀਂ ਦੇ ਸਕੇਗਾ। ਇਸ ਹਵਾਈ ਅੱਡੇ ਵਿੱਚ ਕੰਮ ਕਰਦੇ ਅਮਲੇ ਫੈਲੇ ਵਿੱਚ 30 ਤੋਂ ਵਧ ਅੰਮ੍ਰਿਤਧਾਰੀ ਸਿੱਖ ਮੁਲਾਜ਼ਮ ਵੀ ਸ਼ਾਮਿਲ ਹਨ ਜੋ ਹੁਣ ਕ੍ਰਿਪਾਨ ਉਤਾਰ ਕੇ ਜਾਂਚ ਕਰਵਾਉਣ ਤੋਂ ਬਾਅਦ ਹੀ ਡਿਊਟੀ ਦੇਣ ਜਾਂਦੇ ਹਨ। ਇਸ ਮਸਲੇ ਨੂੰ ਲੈ ਕੇ ਕੁਝ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕਡ਼ ਨੂੰ ਦਖਲ ਦੇਣ ਲਈ ਚਿੱਠੀ ਵੀ ਲਿਖੀ ਹੈ। ਏਸੇ ਸੰਬੰਧ ਵਿੱਚ ਹੀ ਸਰਕਾਰ ਕੋਲੋਂ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ ਕਿ ਜੇ ਕੋਈ ਅੰਮ੍ਰਿਤਧਾਰੀ ਸਿੱਖ ਮੁਸਾਫਰ 6 ਇੰਚ ਦੀ ਕ੍ਰਿਪਾਨ ਧਾਰਨ ਕਰ ਕੇ ਹਵਾਈ ਸਫਰ ਕਰ ਸਕਦਾ ਹੈ ਤਾਂ ਏਥੇ ਕੰਮ ਕਰਦੇ ਸਿੱਖ ਅੰਮ੍ਰਿਤਧਾਰੀ ਮੁਲਾਜ਼ਮਾਂ ‘ਤੇ ਇਹ ਰੋਕ ਕਿਉਂ ਲਾਈ ਗਈ ਹੈ। ਏਅਰ ਇੰਡੀਆ ਦੇ ਇਕ ਸੁਰੱਖਿਆ ਮੁਲਾਜ਼ਮ ਨੇ ਮੀਡਿਆ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕਿਹਾ ਕਿ ਜੇ ਭਾਰਤ ਦੇ ਕਿਸੇ ਹੋਰ ਹਵਾਈ ਅੱਡੇ ‘ਤੇ ਅਜਿਹੀ ਰੋਕ ਨਹੀਂ ਹੈ ਤਾਂ ਫਿਰ ਅੰਮ੍ਰਿਤਸਰ ਦੇ ਹਵਾਈ  ਅੱਡੇ ਦੇ ਮੁਲਾਜ਼ਮਾਂ ‘ਤੇ ਕਿਉਂ ਸ਼ੱਕ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ 1977 ਤੋਂ ਅਪ੍ਰੈਲ 2011 ਤਕ ਅਜਿਹੀ ਰੋਕ ਕਿਸੇ ਵੀ ਸੁਰੱਖਿਆ ਏਜੰਸੀ ਨੇ ਨਹੀਂ ਲਾਈ ਸੀ। ਓਧਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕਡ਼ ਤੇ ਸਕੱਤਰ ਦਲਮੇਘ ਸਿੰਘ ਨੇ ਉਕਤ ਹੁਕਮਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੋਈ ਵੀ ਸਿੱਖ ਆਪਣੇ ਧਾਰਮਿਕ ਚਿੰਨ੍ਹ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ। ਜਦੋਂ ਮੁਸਾਫਰਾਂ ਲਈ ਛੋਟੀ ਕ੍ਰਿਪਾਨ ਧਾਰਨ ਕਰ ਕੇ ਸਫਰ ਕਰਨ ‘ਤੇ ਕੋਈ ਮਨਾਹੀ ਨਹੀਂ ਤਾਂ ਫਿਰ ਇਥੋਂ ਦੇ ਮੁਲਾਜ਼ਮਾਂ ਨਾਲ ਇਹ ਵਿਤਕਰਾ ਕਿਓਂ ? ਕਾਬਿਲੇ ਜ਼ਿਕਰ ਹੈ ਕਿ ਇਹ ਸਭ ਕੁਝ ਉਸ ਵੇਲੇ ਹੋ ਰਿਹਾ ਹੈ ਜਦੋਂ ਸਿੱਖ ਜਗਤ ਵਿਦੇਸ਼ਾਂ ਵਿਚਹ ਆਪਣੀ ਵੱਖਰੀ ਪਛਾਣ ਅਤੇ ਦਸਤਾਰ ਦੀ ਲੜਾਈ ਲੜ ਰਿਹਾ ਹੈ. ਮੈਨੂੰ ਯਾਦ ਆ ਰਹੇ ਹਨ ਇਸ ਮੁੱਦੇ ਬਾਰੇ ਇਕ਼ਬਾਲ ਸਿੰਘ ਰਾਮੂਵਾਲੀਆ ਦੇ ਵਿਚਾਰ. ਇਹਨਾਂ ਵਿਹਾਰਾਂ ਵਿੱਚ ਕਿਹਾ ਗਿਆ ਸੀ ਕਿਰਪਾਨ ਵਰਗੇ ਮਸਲਿਆਂ ਨੂੰ ਲਚਕਾ ਨਾਲ ਨਜਿੱਠਣ ਦੀ ਬਜਾਏ, ਅਡ਼ੀਅਲ ਅਤੇ ਟਕਰਾਊ ਵਤੀਰਾ ਧਾਰ ਕੇ ਕਿਧਰੇ ਅਸੀਂ ਕੈਨੇਡਾ ਦੇ ਨਰਮ-ਚਿੱਤ ਲੋਕਾਂ ਦੀ ਹਮਦਰਦੀ ਨਾ ਗੁਆ ਬੈਠੀਏ! ਕਿਰਪਾਨਾਂ ਲਈ ਤੇ ਹੈਲਮਟਾਂ ਤੋਂ ਬਿਨਾਂ ਮੋਟਰਸਾਈਕਲ ਚਲਾਉਣ ਵਰਗੀਆਂ ਸਹੂਲਤਾਂ ਲਈ ਅਡ਼ੀ ਕਰਦਿਆਂ-ਕਰਦਿਆਂ ਕਿਧਰੇ ਅਸੀਂ ਦਸਤਾਰਾਂ, ਭਾਸ਼ਾਵਾਂ ਅਤੇ ਹੋਰ ਰਿਆਇਤਾਂ ਉੱਪਰ ਹੀ ਫਰਾਂਸ ਵਾਂਗ ਪਾਬੰਦੀਆਂ ਨਾ ਲੁਆ ਬੈਠੀਏ! ਇਸ ਪੂਰੀ ਲਿਖਤ ਨੂੰ ਤੁਸੀਂ ਏਥੇ ਕਲਿਕ ਕਰਕੇ ਵੀ ਪੜ੍ਹ ਸਕਦੇ ਹੋ.
ਜਦ ਜਦ ਵੀ ਕਿਰਪਾਨ ਦੀ ਗਲ ਤੁਰਦੀ ਹੈ ਤਾਂ ਸਿਮਰਨਜੀਤ ਸਿੰਘ ਮਾਨ ਹੁਰਾਂ ਦੇ ਸਿਰੜ ਦੀ ਯਾਦ ਵੀ ਜ਼ਰੂਰ ਆਉਂਦੀ ਹੈ. ਕਿਰਪਾਨ ਤੋਂ ਬਿਨਾ ਸੰਸਦ ਭਵਨ ਵਿੱਚ ਨਾ ਵੜਨ ਦੀ ਜਿੱਦ ਨੇ ਉਦੋਂ ਵੀ ਕਿਰਪਾਨ ਦਾ ਮਸਲਾ ਕੌਮਾਂਤਰੀ ਬਣਾ ਦਿੱਤਾ ਸੀ.  ਕਿਰਪਾਨ ਦੀ ਇਸ ਜਿੱਦ ਬਾਰੇ ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ ਦੇ ਪ੍ਰਧਾਨ ਅਤੇ ਸਾਬਕਾ ਐਮ ਪੀ ਅਤਿੰਦਰ ਪਾਲ ਸਿੰਘ ਨੇ ਵੀ ਕਾਫੀ ਕੁਝ ਕਿਹਾ. ਉਸ ਲੰਮੀ ਲਿਖਤ ਦੀਆਂ ਕੁਝ ਸਤਰਾਂ ਇਸ ਪ੍ਰਕਾਰ ਹਨ:ਮਾਨ ਦੇ ਦੋ ਵਾਰ ਲੋਕ ਸਭਾ ਲਈ ਮੈਂਬਰ ਚੁਣੇ ਜਾਣ ਤੋਂ ਬਾਅਦ ਉਸ ਵਲੋਂ ਸਿੱਖ ਮਸਲਿਆਂ, ਖ਼ਾਸ ਕਰ ਖ਼ਾਲਸਤਾਨ ਅਤੇ ਇਸ ਦੀ ਵਿਚਾਰਧਾਰਾ ਪ੍ਰਤੀ ਰੱਖੇ ਗਏ ਮੋਨ ਵਰਤ ਤੋਂ ਇਹੋ ਲੱਗਦਾ ਅਤੇ ਸਾਬਤ ਹੁੰਦਾ ਹੈ ਕਿ ਮਾਨ ਅਤੇ ਅੰਜੈਂਸੀਆਂ ਵਿਚਕਾਰ ਹੋਏ ਗੁਪਤ ਸਮਝੋਤੇ ਦੀ ਇਹ ਮਦ ਸੀ ਕਿ ਉਹ ਖ਼ਾਲਸਤਾਨ ਦੇ ਮੁੱਦੇ ਉਪਰ ਸੰਸਦ ਵਿਚ ਕੋਈ ਕੰਮ ਨਹੀਂ ਕਰਨਗੇ । ਅਗਰ ਕੰਮ ਕਰਨਗੇ ਤਾਂ ਖ਼ਾਲਸਤਾਨ ਦੇ ਸਿਧਾਂਤ ਨੂੰ ਬਦਨਾਮ ਕਰਨ ਹਿਤ ਹੀ ਕੰਮ ਕਰਨਗੇ । ਲੋਕ ਸਭਾ ਦੇ ਅੰਦਰ ਮਾਨ ਦੇ ਮੂੰਹ ਵਿਚ ਖ਼ਾਲਸਤਾਨ ਦੇ ਸਿਧਾਂਤ ਤੇ ਪਈਆਂ ਰਹੀਆਂ ਘੁੰਗਣੀਆਂ ਇਸ ਨੂੰ ਸਾਬਤ ਕਰਦੀਆਂ ਹਨ ।  ਅਗਰ ਪਹਿਲੀ ਵਾਰ ਮਾਨ ਲੋਕ ਸਭਾ ਵਿਚ ਜਾਂਦਾ ਤਾਂ ਕੌਮ ਨੇ ਇਸ ਤੋਂ ਸਿਰਫ਼ ਇਹੋ ਉਮੀਦ ਰੱਖੀ ਹੋਈ ਸੀ ਕਿ ਮਾਨ ਸੰਸਦ ਵਿਚ ਖ਼ਾਲਸਤਾਨ ਤੇ ਡੱਟ ਕੇ ਬੋਲੇਗਾ ਅਤੇ ਸਿੱਖਾਂ ਨੂੰ ਇਨਸਾਫ ਦਿਵਾਏਗਾ । ਪਰ ਆਪਣੇ ਆਕਾਵਾ ਨੂੰ ਇਹ ਸ਼੍ਰੀ ਜੇਠਮਲਾਨੀ ਜੀ ਦੇ ਕਹੇ ਅਨੁਸਾਰ ਇਸ ਦੇ ਵਿਪਰੀਤ “ਵਚਨ” ਦੇ ਚੁੱਕਿਆ ਸੀ । ਇਸ ਨੇ ਗੁਰੂ ਪੰਥ ਤੋਂ ਅਤੇ ਗੁਰੂ ਪੰਥ ਦੇ ਮਾਰਗ ਤੋਂ ਭਗੋਡ਼ਾ ਹੋਣਾ ਠੀਕ ਸਮਝਿਆ । ਇਸ ਹਿਤ ਇਸ ਦੇ ਸ਼ਾਤਰ ਪੁਲਸੀਆਂ ਦਿਮਾਗ ਨੇਂ ਪੁਲਸੀਆਂ ਹੀ ਕਾਢ ਕੱਢੀ ਕਿ ਪੰਥ ਨੂੰ ਮਾਰਨ ਹਿਤ ਪੰਥਕ ਮੁੱਦਾ ਹੀ ਚੁੱਕ ਲਿਆ ਜਾਵੇ ਤੇ ਇਸ ਨੇਂ “ਕਿਰਪਾਨ” ਨੂੰ ਝੂਠ ਮੂਠ ਦਾ ਮੁੱਦਾ ਬਣਾ ਲਿਆ ਜਿਹਡ਼ਾ ਕਿ ਮੁੱਦਾ ਹੈ ਹੀ ਨਹੀਂ ਸੀ। ਇਸ ਨੂੰ ਰੱਜ ਕੇ ਉਭਾਰਿਆ ਇਸ ਦੇ ਆਕਾਵਾਂ ਨੇ । ਤੇ ਇੰਜ ਪੰਥ ਨੂੰ ਹਾਰ ਦੇ ਕੇ ਵੀ ਪੰਥਕ ਬਣੇ ਰਹੇ । ਅਸੀ ਸਾਰੇ ਹੀ ਲੋਕ ਸਭਾ ਮੈਂਬਰ ਕ੍ਰਿਪਾਨ ਧਾਰਨ ਕਰਕੇ ਹੀ ਹਾਊਸ ਵਿਚ ਗਏ ਸਾਂ । ਇਸ ਗੱਲ ਨੂੰ ਨਾ ਕਿਸੇ ਗੋਲਿਆ ਅਤੇ ਨਾਂਹ ਹੀ ਧਿਆਨ ਵਿੱਚ ਰੱਖਿਆ । ਪੰਜਾਬ ਵਿਚਲੀ ਪ੍ਰੈਸ ਅਤੇ ਮੀਡਿਆ ਤਾਂ ਪਹਿਲਾਂ ਹੀ ਸਰਕਾਰੀ ਪੱਖ ਅੱਗੇ ਗੋਡਾ ਟੇਕੂ ਪਹੁੰਚ ਅਪਣਾ ਚੁੱਕਾ ਸੀ । ਜਿਸ ਕਰਕੇ ਸੱਚ ਜਾਣਦੇ ਹੋਏ ਵੀ ਸਭ ਝੂਠ ਦਾ ਸਾਥ ਦੇ ਰਹੇ ਸਨ ਅਤੇ ਅੱਜ ਤਕ ਦੇ ਰਹੇ ਹਨ । ਇਸ ਪੂਰੀ ਲਿਖਤ ਨੂ ਤੁਸੀਂ ਏਥੇ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋ.
ਹੁਣ ਫਿਰ ਕਿਰਪਾਨ ਦਾ ਮਸਲਾ ਗਰਮਾ ਗਿਆ ਹੈ.ਕੀ ਕਿਤੇ ਇਸ ਵਾਰ ਵੀ ਸਿੱਖ ਪੰਥ ਨੂੰ ਦਰਪੇਸ਼ ਗੰਭੀਰ ਮਸਲੇ ਇਸ ਰੌਲੇ ਗੌਲੇ ਵਿੱਚ ਇਧਰ ਓਧਰ ਕੀਤੇ ਜਾਣ ਦੀ ਹੀ ਕੋਈ ਚਾਲ ਤਾਂ ਨਹੀਂ ? ਜੇ ਇਹ ਸਭ ਕੁਝ ਇਤ੍ਫ਼ਾਕ਼ਿਨ ਹੀ ਹੋਇਆ ਹੈ ਤਾਂ ਵੀ ਸੋਚਣ ਵਾਲੀਆਂ ਕਈ ਗੱਲਾਂ ਹਨ. --ਰੈਕਟਰ ਕਥੂਰੀਆ  

ਕਿਧਰੇ ਅਸੀਂ ਹੋਰ ਰਿਆਇਤਾਂ ਉੱਪਰ ਵੀ ਪਾਬੰਦੀਆਂ ਨਾ ਲੁਆ ਬੈਠੀਏ




No comments: