Sunday, May 01, 2011

ਭਾਜਪਾ ਨੇਤਾ ਮੁਰਲੀ ਮਨੋਹਰ ਜੋਸ਼ੀ ਫੇਰ ਬਣੇ ਪੀ ਏ ਸੀ ਦੇ ਪ੍ਰਧਾਨ

ਨਵੀਂ ਦਿੱਲੀ: 2-ਜੀ ਮਾਮਲੇ ਵਿਚ ਪੀ.ਏ.ਸੀ. ਦੀ ਰਿਪੋਰਟ ਨੂੰ ਲੈ ਕੇ ਉੱਠੇ ਵਿਵਾਦਾਂ ਅਤੇ ਹੰਗਾਮੇ ਦੇ ਬਾਵਜੂਦ   ਉੱਘੇ ਭਾਜਪਾ ਨੇਤਾ ਮੁਰਲੀ ਮਨੋਹਰ ਜੋਸ਼ੀ ਨੂੰ ਅੱਜ ਫਿਰ ਤੋਂ ਲੋਕ ਲੇਖਾ ਸਮਿਤੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ. ਲੋਕ ਲੇਖਾ ਸਮਿਤੀ ਦੇ ਪ੍ਰਧਾਨ ਪਦ ਲਈ ਬਜ਼ੁਰਗ ਆਗੂ ਮੁਰਲੀ ਮਨੋਹਰ ਜੋਸ਼ੀ ਨੂੰ ਉਨ੍ਹਾਂ ਦੀ ਪਾਰਟੀ ਨੇ ਨਾਮਜਦ ਕੀਤਾ ਸੀ. ਇਸ ਨਾਮਜ਼ਦਗੀ ਤੋਂ ਬਾਅਦ ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਨੇ ਉਨ੍ਹਾਂ ਨੂੰ ਇੱਕ ਵਾਰ ਫੇਰ ਇਸ ਪਦ ਲਈ ਨਿਯੁਕਤ ਕਰ ਦਿੱਤਾ. ਕਾਬਿਲੇ ਜ਼ਿਕਰ ਹੈ ਕਿ ਪੀ.ਏ.ਸੀ.ਵੱਖ-ਵੱਖ ਵਿਭਾਗਾਂ ਤੇ ਮੰਤਰਾਲਿਆਂ ਦਾ ਵਿੱਤੀ ਆਡਿਟ ਕਰਦੀ ਹੈ. ਪੀ.ਏ.ਸੀ. ਦੀ ਪਹਿਲੀ ਸਮਿਤੀ ਦਾ ਕਾਰਜਕਾਲ ਕੱਲ ਖਤਮ ਹੋ ਗਿਆ ਸੀ. ਜੋਸ਼ੀ ਦੀ ਪ੍ਰਧਾਨ ਪਦ ‘ਤੇ ਨਿਯੁਕਤੀ ਅੱਜ ਤੋਂ ਹੀ ਪ੍ਰਭਾਵੀ ਹੋ ਗਈ ਹੈ ਅਤੇ ਤੇ ਉਨ੍ਹਾਂ ਦਾ ਕਾਰਜਕਾਲ ਇਕ ਸਾਲ ਦਾ ਹੋਵੇਗਾ. ਵਰਣਨਯੋਗ ਹੈ ਕਿ ਹਾਲ ਹੀ ਵਿਚ 77 ਸਾਲਾ ਜੋਸ਼ੀ 2-ਜੀ ਮਾਮਲੇ ਵਿਚ ਪੀ.ਏ.ਸੀ. ਦੀ ਰਿਪੋਰਟ ਨੂੰ ਲੈ ਕੇ ਉੱਠੇ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਸਨ. ਇਸ ਸਮਿਤੀ ਦੇ ਕੁਝ ਮੈਂਬਰਾਂ ਨੇ ਜੋਸ਼ੀ ‘ਤੇ ਦੋਸ਼ ਲਗਾਇਆ ਸੀ ਕਿ ਇਹ ਬਹੁ ਚਰਚਿਤ ਰਿਪੋਰਟ ਸਰਕਾਰ ਨੂੰ ਬਦਨਾਮ ਕਰਨ ਅਤੇ ਅਸਥਿਰ ਕਰਨ ਦੇ ਮੰਦਭਾਗੇ  ਇਰਾਦੇ ਨਾਲ ਤਿਆਰ ਕੀਤੀ ਗਈ ਹੈ. ਇਹਨਾਂ ਵਿਵਾਦਾਂ ਕਾਰਣ ਹੀ ਪੀ.ਏ.ਸੀ. ਦੀ ਪਹਿਲੀ ਸਮਿਤੀ ਦੀ 28 ਅਪ੍ਰੈਲ ਨੂੰ ਹੋਈ ਆਖਿਰੀ ਮੀਟਿੰਗ ਵਿਚ ਭਾਰੀ ਹੰਗਾਮਾ ਵੀ ਹੋਇਆ ਸੀ. ਇਸ ਨਿਯੁਕਤੀ ਨਾਲ ਇਹ ਗੱਲ ਵੀ ਸਾਫ਼ ਹੋ ਗਈ ਹੈ ਹੁਣ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਪੂਰੀ ਤਰਾਂ ਦ੍ਰਿੜ ਹੋ ਕੇ ਚੱਲ ਰਹੀ ਹੈ.

No comments: