Monday, April 25, 2011

ਦੇਸ਼ ਦੇ ਪੰਜ ਭ੍ਰਿਸ਼ਟ ਸੂਬਿਆਂ ਵਿੱਚ ਪੰਜਾਬ ਵੀ.

ਗੱਲ ਸ਼ਾਇਦ ਕਈਆਂ ਨੂੰ ਚੰਗੀ ਨਾਂ ਲੱਗੇ ਪਰ ਮੀਡੀਆ ਇਹੀ ਦੱਸ ਰਿਹਾ ਹੈ ਕਿ ਦੇਸ਼ ਦੇ ਪੰਜ ਭ੍ਰਿਸ਼ਟ ਸੂਬਿਆਂ ਵਿੱਚ ਪੰਜਾਬ ਵੀ ਸ਼ਾਮਿਲ ਹੈ. ਨਵੀਂ ਦਿੱਲੀ ਤੋਂ  ਖਬਰ ਏਜੰਸੀ ਭਾਸ਼ਾ ਦੇ ਹਵਾਲੇ ਨਾਲ 24 ਅਪ੍ਰੈਲ ਨੂੰ ਰਲੀਜ਼ ਹੋਈ ਖਬਰ  ਮੁਤਾਬਿਕ ਮਹਾਰਾਸ਼ਟਰ, ਰਾਜਸਥਾਨ, ਉੜੀਸਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ‘ਚ ਭ੍ਰਿਸ਼ਟਾਚਾਰ ਦੇ ਕ੍ਰਮਵਾਰ 4566, 3770, 2957, 2714 ਅਤੇ 2686 ਮਾਮਲੇ ਦਰਜ ਹੋਏ. ਝਾਰਖੰਡ ਵਿੱਚ ਭ੍ਰਿਸ਼ਟਾਚਾਰ ਦੇ 225 ਮਾਮਲੇ ਦਰਜ ਹੋਏ. ਤ੍ਰਿਪੁਰਾ, ਮਿਜ਼ੋਰਮ,  ਮਣੀਪੁਰ, ਗੋਆ ਅਤੇ  ਅੰਡੇਮਾਨ ਨਿਕੋਬਾਰ ਵਿਖੇ ਕ੍ਰਮਵਾਰ 15, 21, 25, 32 ਤੇ 23 ਮਾਮਲੇ ਦਰਜ ਹੋਏ. ਸਨ 2001 ਸਭ ਤੋਂ ਮਾੜਾ ਰਿਹਾ ਅਤੇ ਉਸ ਸਾਲ ਦੇਸ਼ ਭਰ ਵਿਚ ਕੁਲ 2990 ਮਾਮਲੇ ਦਰਜ ਕੀਤੇ ਗਏ. ਜਿਹੜੇ ਮਾਮਲੇ ਦਰਜ ਨਹੀਂ ਹੋ ਸਕੇ ਹੋਣੇ ਉਹਨਾਂ ਦਾ ਸ਼ਾਇਦ ਸਹੀ ਅੰਦਾਜ਼ਾ ਵੀ ਨਾ ਲਾਇਆ ਜਾ ਸਕੇ.  
ਖਬਰ ਵਿੱਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ‘ਤੇ ਦੇਸ਼ ਭਰ ‘ਚ ਛਿੜੀ ਬਹਿਸ ਦੇ ਪਿਛੋਕੜ ਵਿਚ ਇਹ ਗੱਲ ਜ਼ਖਮਾਂ ‘ਤੇ ਲੂਣ ਛਿੜਕਣ ਵਰਗੀ ਹੋ ਸਕਦੀ ਹੈ ਕਿ ਮਹਾਰਾਸ਼ਟਰ ਵਰਗਾ ਵੱਡਾ ਸੂਬਾ ਭ੍ਰਿਸ਼ਟਾਚਾਰ ਦੀ ਪੌੜੀ ‘ਤੇ ਸਭ ਤੋਂ ਉਪਰ ਖੜ੍ਹਾ ਹੈ ਪਰ ਇਥੇ ਦਰਜ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਗਿਣਤੀ ਦੇ ਮੁਕਾਬਲੇ ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਦੀ ਫੀਸਦੀ ਬਹੁਤ ਘੱਟ ਹੈ. ਇਸ ਸਬੰਧ ਵਿੱਚ  ਕੁਝ ਹੋਰ ਵੇਰਵਾ ਦੇਂਦੀਆਂ ਖਬਰ ਏਜੰਸੀ ਨੇ ਦੱਸਿਆ ਹੈ ਕਿ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਿਕ ਸੰਨ  2000 ਤੋਂ 2009 ਦਰਮਿਆਨ ਮਹਾਰਾਸ਼ਟਰ ‘ਚ ਭ੍ਰਿਸ਼ਟਾਚਾਰ ਦੇ ਕੁਲ 4566 ਮਾਮਲੇ ਦਰਜ ਕੀਤੇ ਗਏ ਸਨ ਅਤੇ ਇਨ੍ਹਾਂ ‘ਚੋਂ ਸਿਰਫ 27 ਫੀਸਦੀ ਮਾਮਲਿਆਂ ‘ਚ ਹੀ ਦੋਸ਼ੀਆਂ ਦੇ ਦੋਸ਼ ਸਾਬਤ ਹੋ ਸਕੇ. ਅੰਕੜਿਆਂ ‘ਤੇ ਨਜ਼ਰ ਮਾਰਨ ‘ਤੇ ਤੁਹਾਡੇ ਮਨ ਵਿੱਚ ਕੀ ਆ ਰਿਹਾ ਹੈ ਜ਼ਰੂਰ ਦੱਸੋ. ਹੋ ਸਕੇ ਤਾਂ ਇਸ ਗੰਭੀਰ ਸਮਸਿਆ ਦੇ ਕਾਰਣ ਵੀ ਦੱਸੋ ਅਤੇ ਇਸਦੇ ਹਲ ਵੀ. ਹੋ ਸਕਦਾ ਹੈ ਤੁਹਾਡੇ ਵਿਚਾਰ ਕੋਈ ਕ੍ਰਾਂਤੀ ਲਿਆ ਦੇਣ ਆਮ ਆਦਮੀ ਦਾ ਕੁਝ ਭਲਾ ਹੋ ਜਾਵੇ.   --ਰੈਕਟਰ ਕਥੂਰੀਆ 

No comments: