Monday, April 18, 2011

ਚਿਹਰੇ ਅਤੇ ਕਿਰਦਾਰ--ਭਾਗ ਦੂਸਰਾ

ਰਾਜ ਸੱਤਾ ਲਈ ਕਿਸ ਕਿਸ ਨੇ ਕਿਸ ਕਿਸ ਦਾ ਖੂਨ ਵਹਾਇਆ ਇਹ ਸਚੀਆਂ ਕਹਾਣੀਆਂ ਇਨਸਾਨ ਨੂੰ ਹੈਰਾਨ ਕਰ ਦੇਂਦੀਆਂ ਹਨ.  ਚਿਹਰਿਆਂ ਉੱਤੇ ਚਿਹਰੇ ਲਗਾ ਕੇ ਚਲਦਾ ਇਹ ਸਿਲਸਿਲਾ ਰੌਂਗਟੇ ਖੜੇ ਕਰ ਦੇਂਦਾ ਹੈ. ਸੱਤਾ ਅਤੇ ਸਿਰਫ ਸੱਤਾ ਨਾਲ ਸਬੰਧਿਤ ਇਹ ਦੁਨੀਆ ਬੜੀ ਅਜੀਬ ਹੈ. ਇਸ ਬਾਰੇ ਸ਼ੁਰੂ ਕੀਤੀ ਵਿਸ਼ੇਸ਼ ਲੇਖ ਲੜੀ ਦਾ ਪਹਿਲਾ ਭਾਗ ਤੁਸੀਂ ਪੜ੍ਹ ਚੁੱਕੇ ਹੋ. ਹੁਣ ਪੇਸ਼ ਹੈ ਇਸਦਾ ਦੂਸਰਾ ਭਾਗ. ਇਸ ਬਾਰੇ ਤੁਹਾਡੇ ਅਨੁਭਵਾਂ ਦਾ ਵੀ ਸਵਾਗਤ ਹੈ. ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ. ਇਹ  ਸਾਰੀ ਖੋਜ  ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦੀ ਹੈ ਜਿਹਨਾਂ ਨੇ ਹੋਂਦ ਅਤੇ ਚਿਲੜ  'ਚ ਹੋਏ ਕਹਿਰੀ ਕਤਲ-ਏ-ਆਮ ਤੋਂ ਬਾਦ  ਹੋਰਨਾਂ ਇਲਾਕਿਆਂ ਦਾ ਵੀ ਪਤਾ ਲਗਾਇਆ ਹੈ.    -ਰੈਕਟਰ ਕਥੂਰੀਆ
ਖੂਨੀ ਪਟੌਦੀ ਮੱਚਦਾ ਗੁੜਗਾਉਂ // ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
 ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਫੌਜੀ ਕਾਰਵਾਈ ਬਲਿਊ ਸਟਾਰ ਆਪ੍ਰੇਸ਼ਨ ਦੌਰਾਨ ਢਾਅ-ਢੇਰੀ ਕਰਨ ਦੇ ਪ੍ਰਤੀਕਰਮ ਵਜੋਂ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਸੁਰੱਖਿਆ ਕਰਮੀਆਂ ਨੇ ਸਦਾ ਦੀ ਨੀਂਦ ਸੁਲਾਇਆ ਤਾਂ ਪੂਰੇ ਭਾਰਤ ਵਿੱਚ ਸਿੱਖਾਂ ਤੇ ਤਾਂ ਕਹਿਰ ਹੀ ਟੁੱਟ ਪਿਆ । ਪਹਿਲੀ ਨਵੰਬਰ 1984 ਤੋਂ 10 ਨਵੰਬਰ 1984 ਤੱਕ ਪੂਰੇ ਭਾਰਤ ਵਿੱਚ ਚਾਰੇ ਪਾਸੇ ਅੱਗ, ਮਾਰ-ਧਾੜ ਮੱਚੀ ਪਈ ਸੀ । ਇਹ ਗੱਲ ਵੀ ਚਿਟੇ ਦਿਨ ਵਾਂਗ ਸਾਫ਼ ਹੈ ਕਿ ਉਪਰੋਕਤ 10 ਦਿਨਾਂ ਦੌਰਾਨ ਪੰਜਾਬ ਵਿੱਚ (ਸਿੱਖਾ ਦੀ ਬਹਗਿਣਤੀ ਵਾਲ਼ੀ ਜਗ੍ਹਾ) ਇੱਕ ਵੀ ਹਿੰਦੂ ਦੀ ਹੱਤਿਆ ਨਹੀਂ ਹੋਈ । ਗੁੜਗਾਵਾਂ ਜੋ ਹਰਿਆਣੇ ਵਿੱਚ ਹੈ ਜਿਸ ਦੇ 60 ਕਿਲੋਮੀਟਰ ਦੇ ਘੇਰੇ ਵਿੱਚ 200 ਤੋਂ ਵੀ ਜਿਆਦਾ ਸਿੱਖ ਜਾਂ ਤਾਂ ਜਿੰਦਾ ਜਲਾਏ ਗਏ ਜਾ ਕਣਕ ਵੱਢਣ ਵਾਲੀਆਂ ਦਾਤੀਆਂ ਨਾਲ਼ ਵੱਡ-ਟੁੱਕ ਦਿਤੇ ਗਏ । ਲਗਭਗ 17 ਸਿੱਖ ਪਟੌਦੀ ਵਿੱਚ ਕਣਕ ਵੱਢਣ ਵਾਲੀਆਂ ਦਾਤੀਆਂ ਨਾਲ ਵੱਡੇ । ਹੋਦ ਵਿਖੇ 32 ਸਿੱਖਾਂ ਨੂੰ ਵੱਢਿਆ । ਪਟੌਦੀ ਰੇਲਵੇ ਸਟੇਸ਼ਨ ਤੇ ਸਿੱਖ ਫੌਜੀਆਂ ਨੂੰ ਗੱਡੀ ਵਿੱਚੋਂ ਉਤਾਰ ਕੇ ਵੱਢਿਆ ਗਿਆ। ਗੁੜਗਾਵਾਂ ਵਿੱਚ 47 ਸਿੱਖਾਂ ਨੂੰ ਜਿੰਦਾ ਜਲਾਇਆ ਗਿਆ । ਕਾਪਾਸਹੇੜਾ ਬਾਰਡਰ ਤੇ 40 ਤੋਂ 50 ਦੇ ਕਰੀਬ ਸਿੱਖ ਰਾਹਗੀਰਾਂ ਤੇ ਡਰਾਇਵਰਾਂ ਨੂੰ ਵੱਢਿਆ ਗਿਆ । ਗੁੜਗਾਵਾ ਕੋਲ਼ ਪਲਵਲ ਵਿੱਚ ਦਰਜਨ ਦੇ ਕਰੀਬ ਸਿੱਖਾਂ ਨੂੰ ਮਾਰਿਆ ਗਿਆ । ਰੇਵਾੜੀ ਵਿੱਚ ਸਿੱਖਾਂ ਦੀਆਂ ਦੁਕਾਨਾਂ ਨੂੰ ਅਗਨਭੇਂਟ ਕੀਤਾ ਗਿਆ । ਕਿੱਥੇ-ਕਿੱਥੇ ਦੀ ਗੱਲ ਸੁਣਾਵਾਂ । ਪਟੌਦੀ ਗੁੜਗਾਵਾਂ ਜਿਲ੍ਹੇ ਦਾ ਇੱਕ ਛੋਟਾ ਜਿਹਾ ਕਸਬਾ ਹੈ। ਇਥੇ ਸਿੱਖਾਂ ਦੀ ਗਿਣਤੀ ਨਾ-ਮਾਤਰ ਹੀ ਸੀ। ਦੋ ਨਵੰਬਰ 1984 ਨੂੰ ਜਿਹੜੀ ਭੀੜ ਨੇ ਪਟੌਦੀ ਵਿਖੇ ਵੱਢ-ਟੁੱਕ ਕੀਤੀ, ਉਸ ਭੀੜ ਦੀ ਅਗਵਾਈ ਇੱਕ ਭਗਵੇਂ ਚੋਲੇ ਵਾਲ਼ਾ ਸਾਧ ਕਰ ਰਿਹਾ ਸੀ । ਲੋਕਾਂ ਕੋਲ਼ ਦੰਗਈਆਂ ਦੀ ਲਿਸਟ ਤੱਕ ਹੈ, ਪਰ ਪੁਲਿਸ ਤੇ ਅਦਾਲਤਾਂ ਦਾ ਰਵੱਈਆ ਉਹੋ ਮਤਰੇਈ ਮਾਂ ਵਾਲ਼ਾ ਰਿਹਾ ਹੈ । ‘ਸਿੱਖਾਂ ਨੂੰ ਰੰਡੀ ਦੇ ਜੁਆਈ’ ਸਮਝਿਆ ਜਾਂਦਾ ਸੀ ਤੇ ਹੈ ।
ਪਟੌਦੀ, ਪਲਵਲ ਤੇ ਰੇਵਾੜੀ ਦੇ ਰੇਲਵੇ ਸਟੇਸ਼ਨਾਂ ਤੇ ਸਿੱਖ ਫੌਜੀਆਂ ਨੂੰ ਗੱਡੀ ਵਿੱਚੋਂ ਉਤਾਰ ਕੇ ਵੱਢਿਆ ਗਿਆ, ਜਿਸ ਦੀ ਕਿਤੇ ਵੀ ਕੋਈ ਰਿਪੋਰਟ ਨਹੀਂ ਮਿਲਦੀ। ਚਸਮਦੀਦ ਦੱਸਦੇ ਹਨ ਕਿ ਗੱਡੀਆਂ ਦੇ ਡੱਬੇ ਉਹਨਾਂ ਫੌਜੀਆਂ ਦੇ ਖੂਨ ਨਾਲ਼ ਲੱਥਪੱਥ ਸਨ। ਉਹਨਾਂ ਫੌਜੀਆਂ ਦੇ, ਜਿਨ੍ਹਾਂ ਨੇ ਜਾਨ ਤੇ ਖੇਡ ਕੇ ਪਾਕਿ ਹੱਥੋਂ, ਚੀਨ ਹੱਥੋਂ ਭਾਰਤ ਨੂੰ ਬਚਾਇਆ ਸੀ। ਉਹੋ ਫੌਜੀ ਜੋ ਕਦੇ ਨਾਂ ਬਰਫ਼ ਦੀ ਪਰਵਾਹ ਕਰਦਾ ਹੈ, ਨਾਂ ਕਦੇ ਧੁੱਪ ਦੀ, ਨਾਂ ਆਪਣੇ ਪਰਿਵਾਰ ਦੀ, ਉਸ ਦਾ ਆਪਣਾ ਵੀ ਕੋਈ ਨਾਮ ਨਹੀਂ ਹੁੰਦਾ ਬੱਸ ਨੰਬਰ ਹੁੰਦਾ ਹੈ, ਦੇਸ਼ ਲਈ ਮਰ ਮਿਟਣ ਲਈ, ਪਰ ਆਹ ਕੀ ? ਦੇਸ਼ ਵਾਸੀਆਂ ਆਪਣੇ ਹੀ ਰਾਖਿਆਂ ਨੂੰ ਵੱਢ-ਟੁੱਕ ਦਿੱਤਾ। ਜਿੰਨ੍ਹਾ ਦਾ ਕੋਈ ਰਿਕਾਰਡ ਵੀ ਨਹੀਂ, ਸਾਇਦ ਕਦੇ ਮਿਲੇਗਾ ਵੀ ਨਹੀਂ। ਇਸ ਦੀ ਤਸਦੀਕ ਕਰਨ ਲਈ 31 ਅਕਤੁਬਰ ਤੋਂ 10 ਨਵੰਬਰ ਤੱਕ ਜਿੰਨੇ ਵੀ ਸਿੱਖ ਫੌਜੀ ਛੁੱਟੀ ਗਏ ਉਹਨਾਂ ਦੀ ਵਾਪਿਸ ਹਾਜਰੀ ਤੋਂ ਪਤਾ ਲੱਗ ਸਕਦਾ ਹੈ। ਕੋਈ ਵੀ ਸਿੱਖ ਸਾਂਸਦ ਸੂਚਨਾ ਦੇ ਅਧਿਕਾਰ ਤਹਿਤ ਪਾਰਲੀਮੈਂਟ ਵਿੱਚ ਪ੍ਰਸ਼ਨ ਪੁੱਛ ਇਹਨਾਂ ਕਾਤਲਾ ਨੂੰ ਬੇਨਕਾਬ ਕਰ ਸਕਦਾ ਹੈ।
ਗੁੜਗਾਵਾਂ ਵਿੱਚ ਸਿੱਖਾਂ ਦੇ 292 ਘਰ ਸਨ। ਸਿਤਮ ਦੀ ਗੱਲ ਦੇਖੋ ਗੁੜਗਾਵਾਂ ਵਿੱਚ ਦੁਸ਼ਟਾਂ ਨੇ 292 ਦੇ 292 ਘਰਾਂ ਨੂੰ ਸਾੜ ਦਿੱਤਾ। ਅਸੀਂ ਅੱਜ ਤੱਕ ਜਲਿਆਂ ਵਾਲ਼ੇ ਬਾਗ ਦੀ ਗੱਲ ਕਰਦੇ ਹਾਂ, ਜਲਿਆਂ ਵਾਲ਼ੇ ਬਾਗ ਵਿੱਚ ਤਾਂ ਲੋਕੀ ਸਰਕਾਰ ਵਿਰੁੱਧ ਰੋਹ ਮੁਜਾਹਰਾ ਕਰ ਰਹੇ ਸੀ ਇਸ ਲਈ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ। ਨਵੰਬਰ 1984 ਵਿੱਚ ਘਰ-ਘਰ ਜਲਿਆਂ ਵਾਲ਼ਾ ਬਾਗ ਬਣਾ ਦਿੱਤਾ ਗਿਆ। ਕਿਸੇ ਵੀ ਸਿੱਖ ਦਾ ਕੋਈ ਵੀ ਕਸੂਰ ਨਹੀਂ ਸੀ, ਉਹਨਾਂ ਵਿਚਾਰੇ ਸਿੱਖਾਂ ਨੂੰ ਤਾਂ ਕੋਈ ਪਤਾ ਹੀ ਨਹੀਂ ਸੀ ਕਿ ਆਖਰ ਹੋ ਕੀ ਰਿਹਾ ਹੈ। ਗੁੜਗਾਵਾਂ ਵਿਖੇ ਪੂਰੇ 47 ਲੋਕਾਂ ਨੂੰ ਬੜੀ ਬੇ-ਰਹਿਮੀ ਨਾਲ ਮਾਰਿਆ ਗਿਆ। ‘ਜੈਕਮ ਪੁਰਾ’ ‘ਰੋਸ਼ਨ ਪੁਰਾ’ ‘ਨਿਊ ਕਲੋਨੀ’ ਇਹਨਾ ਤਿੰਨਾਂ ਕਲੋਨੀਆਂ ਦਾ ਸੱਭ ਤੋਂ ਜਿਆਦਾ ਨੁਕਸਾਨ ਕੀਤਾ ਗਿਆ। ਗੁੜਗਾਵਾਂ ਦੇ ਰਜਿਦਰਾ ਪਾਰਕ ਵਿੱਚ ਰਹਿੰਦੀ ਸਵਰਣ ਕੌਰ ਨੂੰ ਟੁੱਕੜੇ-ਟੁੱਕੜੇ ਕਰ ਕੇ ਮਾਰਿਆ ਗਿਆ । ਜਿਵੇਂ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟਿਆ ਸੀ, ਸਰਵਣ ਕੌਰ ਦੇ ਪਰਿਵਾਰ ਦੀ ਆਪਣੀ ਆਟਾ ਚੱਕੀ ਸੀ, ਉਸ ਆਟਾ ਚੱਕੀ ਵਿੱਚ ਪਵਿਾਰ ਦੇ 6 ਜੀਆਂ ਨੂੰ ਪੀਹ ਦਿੱਤਾ ਗਿਆ। ਮਾਰਨ ਵਾਲ਼ੀ ਭੀੜ ਇਹ ਮਿਥੀ ਫਿਰਦੀ ਸੀ ਕਿ ਅਜਿਹੀ ਮੌਤ ਮਾਰਨਾ ਹੈ ਤਾਂ ਜੋ ਸਿੱਖ ਦੁਬਾਰਾ ਕੁਸਕਣ ਦੀ ਹਿੰਮਤ ਨਾਂ ਕਰ ਸਕਣ ।
ਤੈਨੂੰ ਦਿੱਲੀਏ ਬਚਾਇਆ ਸੀਸ ਗੁਰਾਂ ਨੇ ਕਟਾਕੇ, ਤੂੰ ਕਰਜੇ ਉਤਾਰੇ ਟਾਇਰ ਗਲਾਂ ਵਿੱਚ ਪਾ ਕੇ ।
ਨਵੰਬਰ 1984 ਦਾ ਮਹੀਨਾਂ ਸਿੱਖਾਂ ਤੇ ਕਹਿਰ ਦੀ ਹਨੇਰੀ ਸੀ । ਇਹ ਸਰਕਾਰੀ ਸੋਚੀ ਸਮਝੀ ਸਾਜਿਸ਼ ਸੀ ਜੋ ਬਹੁਤ ਪਹਿਲਾ ਰਚੀ ਗਈ ਸੀ । ਹਰਿਆਣਾ ਵਿੱਚ ਏਸੀਅਨ ਖੇਡਾ ਮੌਕੇ ਹੀ ਸਿੱਖਾਂ ਨੂੰ ਜਲੀਲ ਕਰਨਾ ਸ਼ੁਰੂ ਕਰ ਦਿਤਾ ਸੀ । ਇਸ ਸ਼ਾਜਿਸ ਨੂੰ ਅੰਜਾਮ ਦੇਣ ਲਈ ਇੰਦਰਾ ਦੇ ਕਤਲ ਦਾ ਬਹਾਨਾ ਘੜਿਆ ਗਿਆ । ਇਹ ਸਾਰਾ ਕਾਰਾ ਕਰਵਾਇਆ ਕਿਵੇ ਹੈ ਤੇ ਕਿਸ ਨੇ ਕਰਵਾਇਆ ਇਹ ਸਮਝਣ ਵਾਲੀ ਗੱਲ ਹੈ । ਇੱਕ ਰਾਜ ਨੇਤਾ ਦਾ ਬਿਆਨ “ਜਬ ਬੜਾ ਪੇੜ ਗਿਰਤਾ ਹੈ ਧਰਤੀ ਤੋ ਹਿਲਤੀ ਹੀ ਹੈ” ਇਕ ਹੋਰ ਵੱਡੇ ਫਿਲਮੀ ਐਕਟਰ ਦਾ ਬਿਆਨ ਆਇਆ ਸੀ “ਖੁਨ ਕੇ ਛੀਟੇਂ ਪੰਜਾਬ ਤੱਕ ਜਾਨੇ ਚਾਹੀਏ” ਇਹਨਾਂ ਦੇ ਭੜਕਾਊ ਬਿਆਨਾ ਨੇ ਇਹ ਭਿਆਨਿਕ ਕਾਰੇ ਕਰਨ ਦੀ ਦੇਸ਼ ਦੇ ਕੋਨੇ-ਕੋਨੇ ਵਿੱਚ ਖੁੱਲ੍ਹ ਦਿਤੀ। ਦੂਸਰੀ ਗੱਲ ਇਹ ਵੀ ਧਿਆਨ ਦੇਣ ਯੋਗ ਹੈ ਕਿ ਜਦੋਂ ਕਿਸੇ ਇਲਾਕੇ ਵਿੱਚ ਯੋਜਨਾਬੱਧ ਤਰੀਕੇ ਸਾੜਫੂਕ ਤੇ ਕਤਲੇਆਮ ਹੋਇਆ ਹੋਵੇ ਉਸ ਦੀ ਸਿੱਧੀ ਜਵਾਬਦੇਹੀ ਉਸ ਇਲਾਕੇ ਦੇ ਐਮ.ਐਲ ਏ ਦੀ ਹੁੰਦੀ ਹੈ, ਜਾਂ ਏਦਾਂ ਵੀ ਕਹਿ ਸਕਦੇ ਹਾਂ ਐਡਾ ਵੱਡਾ ਕਾਰਾ ਐਮ. ਐਲ. ਏ. ਦੇ ਥਾਪੜੇ ਤੋਂ ਬਿਨਾ ਨਹੀਂ ਹੋ ਸਕਦਾ । ਐਮ.ਐਲ.ਏ. ਲੋਕਾਂ ਦੁਆਰਾ ਬਹੁ-ਗਿਣਤੀ ਦਾ ਚੁਣਿਆ ਨੁਮਾਇਦਾ ਹੁੰਦਾ ਹੈ, ਉਸ ਦੀ ਸਹਿ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ । ਉਸ ਤੋਂ ਅਗਲੀ ਜਵਾਬ ਦੇਹੀ ਡੀ.ਸੀ. ਅਤੇ ਐਸ.ਐਸ.ਪੀ ਦੀ ਬਣਦੀ ਹੈ । ਇਹਨਾਂ ਤਿੰਨਾਂ ਦੀ ਮਿਲੀ ਭੁਗਤ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ।
ਉਸ ਟਾਈਮ ਗੁੜਗਾਉਂ ਦਾ ਐਮ.ਐਲ.ਏ. ਕਾਗਰਸ ਪਾਰਟੀ ਦਾ ਨੌਜੁਆਨ ਵਰਕਰ ‘ਧਰਮਵੀਰ ਗਾਬਾ’, ਉਸ ਸਮੇਂ ਦਾ ਡੀ.ਸੀ. ‘ਭਗਤੀ ਪ੍ਰਸਾਦਿ’, ਐਸ.ਐਸ.ਪੀ. ‘ਸਿਨਹਾ’ ਸੀ । ਇਹਨਾਂ ਨੇ ਹੀ ਸੱਭ ਨੂੰ ਉਕਸਾਇਆ ਤੇ ਸਾਰਾ ਕੰਮ ਬੜੇ ਯੋਜਨਾਂਬੱਧ ਢੰਗ ਨਾਲ਼ ਕੀਤਾ ਤੇ ਕਰਵਾਇਆ । ਇਹਨਾਂ ਦਾ ਵੱਡੀ ਪੱਧਰ ਤੇ ਸਾੜ-ਫੂਕ ਕਰਨ ਦਾ ਤਰੀਕਾ ਕੁਝ ਵੱਖਰਾ ਸੀ। ਇਹਨਾਂ ਨੇ ਇੱਕ ਦਿਨ ਪਹਿਲਾਂ ਵੋਟਰ ਲਿਸਟਾਂ ਲਈਆਂ, ਉਹਨਾਂ ਵੋਟਰ ਲਿਸਟਾਂ ਨਾਲ਼ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕੀਤੀ ਗਈ। ਇਹਨਾਂ ਦੇ ਪਾਲਤੂ ਗੁੰਡਿਆਂ ਦੀ ਟੋਲੀ ਨੇ ਇਕੱਲੇ-ਇਕੱਲੇ ਸਿੱਖਾਂ ਦੇ ਘਰਾਂ ਤੇ ਕਰਾਸ ਦੇ ਨਿਸ਼ਾਨ ਲਗਾਏ ਗਏ ਤਾਂ ਜੋ ਸਿੱਖਾਂ ਦਾ ਇੱਕ ਵੀ ਘਰ ਨਾਂ ਬਚ ਸਕੇ। ਉਸ ਟੋਲੀ ਤੋਂ ਬਾਅਦ ਸਾੜਨ-ਫੂਕਣ ਵਾਲ਼ੀ ਟੋਲੀ ਆਉਂਦੀ, ਜਿਹਨਾਂ ਕੋਲ਼ ਚਿਟਾ ਪਾਊਡਰ, ਤੇਲ ਦੇ ਡਰੰਮ, ਮਾਚਿਸ, ਰਾਡਾਂ ਤੇ ਤ੍ਰਿਸੂਲ ਹੁੰਦੇ। ਇਹ ਟੋਲੀ ਘਰਾਂ ਨੂੰ ਅੱਗਾ ਲਗਾਉਂਦੀ, ਜੋ ਸਾਹਮਣੇ ਮਿਲਦਾ ਉਸ ਤੇ ਮਿੱਟੀ ਦਾ ਤੇਲ ਪਾ ਅੱਗ ਲਗਾ ਦਿੰਦੀ, ਧੀਆਂ-ਭੈਣਾਂ ਦੀਆਂ ਇਜਤਾਂ ਲੁੱਟਦੀ, ਇੱਜਤਾਂ ਲੁੱਟਣ ਤੋਂ ਬਾਅਦ ਮਿੱਟੀ ਦਾ ਤੇਲ ਜਾਂ ਪਾਊਡਰ ਛਿੜਕ ਕੇ ਅੱਗ ਲਗਾ ਦਿੰਦੀ। ਘੱਟੋ-ਘੱਟ ਸਿੱਖਾਂ ਦੇ ਘਰਾਂ ਨੂੰ ਫੁਕਦੇ ਤਾਂ ਜਰੂਰ ਤਾਂ ਜੋ ਅਗਰ ਜਿੰਦਾ ਬਚ ਵੀ ਜਾਣ ਤਾਂ ਭੁੱਖ ਨਾਲ਼ ਤੜਫ-ਤੜਫ ਕੇ ਮਰਨ ਲਈ ਮਜਬੂਰ ਹੋਣ ਜਾਂ ਕੇਸ ਕਤਲ ਕਰਵਾ ਹਿੰਦੂ ਰੂਪ ਵਟਾ ਸਦਾ ਲਈ ਧੌਣ ਨੀਵੀਂ ਕਰ ਕੇ ਰਹਿਣ। ਅੱਗ ਇਸ ਕਰਕੇ ਲਗਾਉਂਦੇ ਤਾਂ ਜੋ ਕੋਈ ਵੀ ਸਬੂਤ ਨਾਂ ਬਚੇ। ਕੁਦਰਤ ਦਾ ਭਾਣਾ ਦੇਖੋ 26 ਸਾਲਾਂ ਬਾਅਦ ‘ਹੋਦ’ ਵਿਖੇ ਸਬੂਤ ਉਵੇਂ ਦੇ ਉਵੇਂ ਮਿਲੇ ਹਨ। ਸਾਡੀ ਬਦਕਿਸਮਤੀ ਹੈ ਕਿ ਅਸੀਂ ਸੰਭਾਲਣੇ ਨਹੀਂ। ਸਾੜਨ-ਫੂਕਣ ਤੋਂ ਬਾਅਦ ਗੁਆਢੀ, ਜੋ ਹੁਣ ਆਪਣੇ ਆਪਣੇ ਆਪ ਨੂੰ ਸਿੱਖਾਂ ਦੇ ਹਮਦਰਦ ਸ਼ੋਅ ਕਰ ਰਹੇ ਹਨ, ਸਿੱਖਾਂ ਦੇ ਘਰ ਆਉਂਦੇ ਘਰਾਂ ਦੇ ਅੱਧ-ਜਲੇ, ਜਾਂ ਬਚੇ-ਖੁੱਚੇ ਸਮਾਨ ਨੂੰ ਲੁੱਟ ਕੇ ਲੈ ਜਾਂਦੇ। “ਰੱਤ ਪਿਤ ਕੁਤਿਓ ਚੱਟ ਜਾਉ”। ਇਹ ਤਿੰਨੋ ਟੋਲੀਆਂ ਦੇ ਲੋਕੀ ਬਰਾਬਰ ਦੇ ਕਸੂਰਵਾਰ ਹਨ।
ਧਰਮਵੀਰ ਗਾਬਾ ਜੋ ਕਿ ਪਾਕਿ ਪੰਜਾਬ ਤੋਂ ਉਜੜ ਕੇ ਆਇਆ ਪੰਜਾਬੀ ਪਰਿਵਾਰ ਨਾਲ਼ ਹੀ ਸਬੰਧਿਤ ਹੈ। ਸੋਚਣ ਵਾਲ਼ੀ ਗੱਲ ਹੈ ਕਿ ਗੰਗੂ ਵੀ ਪੰਜਾਬੀ ਸੀ। ਗਹੁ ਨਾਲ਼ ਦੇਖੀਏ ਇੰਦਰਾ ਵੀ ਪੰਜਾਬੀ ਹੀ ਸੀ। ਇਹਨਾ ਦੇ ਕਾਲ਼ੇ ਕਾਰਨਾਮੇ ਪੰਥ ਦੇ ਸਾਹਮਣੇ ਨੇ। ਧਰਮਵੀਰ ਗਾਬਾ ਨੇ ਆਪਣੇ ਆਪ ਨੂੰ ਸਿੱਖਾਂ ਦਾ ਕੱਟੜ ਦੁਸ਼ਮਣ ਸਾਬਤ ਕਰਨ ਲਈ ਤੇ ਆਪਣੀ ਸੀਟ ਨੂੰ ਸੀਮਿੰਟ ਲਗਾ ਕੇ ਪੱਕਾ ਕਰਨ ਲਈ ਸਿੱਖਾਂ ਦੀ ਲਹੂ ਮਿਝ ਦਾ ਸੀਮਿੰਟ ਲਗਾਇਆ। ਇਸ ਸ਼ਖਸ਼ ਨੂੰ ਇਸ ਦੀ ਪਾਰਟੀ ਨੇ 292 ਘਰਾਂ ਤੇ 47 ਸਿੱਖਾਂ ਨੂੰ ਸ਼ਹੀਦ ਕਰਨ ਦੇ ਤੋਹਫੇ ਵਜੋਂ 25 ਸਾਲਾ ਤੱਕ ਗੁੜਗਾਉਂ ਦਾ ਐਮ.ਐਲ.ਏ. ਰਹਿਣ ਦਾ ਮਾਣ ਬਖਸ਼ਿਆ । ਇਸ ਵਾਰ ਵੀ ਕਾਗਰਸ ਪਾਰਟੀ ਨੇ ਟਿਕਟ ਤਾਂ ਇਸੇ ਸਖਸ਼ ਨੂੰ ਦਿਤੀ ਸੀ, ਪਰ ਲੋਕਾ ਨੇ ਇਸ ਕਾਤਲ ਨੂੰ ਹਰਾ ਅਜਾਦ ਉਮੀਦਵਾਰ ਨੂੰ ਗੁੜਗਾਵਾਂ ਤੋਂ ਜਿਤਾ ਦਿਤਾ।
ਦਾਸ ਜਿਸ ਫੈਕਟਰੀ ਵੀ.ਐਂਡ.ਐਸ. ਇੰਟਰਨੈਸ਼ਨਲ ਵਿੱਚ ਕੰਮ ਕਰਦਾ ਸੀ, ਉਸ ਫੈਕਟਰੀ ਦਾ ਮਾਲਕ ਚੰਦਰ ਪ੍ਰਕਾਸ਼ ਗਾਬਾ ਇਸੇ ਧਰਮਵੀਰ ਗਾਬਾ ਦਾ ਰਿਸਤੇਦਾਰ ਹੈ । ਧਰਮਵੀਰ ਗਾਬਾ ਤੇ ਚੰਦਰ ਪ੍ਰਕਾਸ਼ ਗਾਬਾ ਦੋਵਾਂ ਦੇ ਸੰਬੰਧ ਭਰਾਵਾਂ ਤੋਂ ਵੀ ਜਿਆਦਾ ਹਨ। ਫੈਕਟਰੀ ਦਾ ਕੋਈ ਵੀ ਜਾਇਜ ਜਾ ਨਜਾਇਜ ਕੰਮ ਕਰਵਾਉਣਾ ਹੋਵੇ ਇਸੇ ਧਰਮਵੀਰ ਗਾਬਾ ਤੋਂ ਕਰਵਾਇਆ ਜਾਦਾ ਹੈ । ਚੰਦਰ ਪ੍ਰਕਾਸ਼ ਗਾਬਾ ਕੋ ਆਪਣੇ ਆਪ ਨੂੰ ਘਾਟੇ ਵਿੱਚ ਹੋਣ ਦਾ ਦਿਖਾਵਾ ਕਰਦਾ ਹੈ ਅਸਲ ਵਿੱਚ ਗੁੜਗਾਉਂ ਦੀ ਹਰੇਕ ਨੁੱਕਰ ਤੇ ਇਸ ਦੇ ਕਰੋੜਾ ਦੇ ਪਲਾਟ ਪਏ ਹਨ। ਕਈ ਪੌਸ਼ ਇਲਾਕਿਆਂ ਵਿੱਚ ਫੈਕਟਰੀਆਂ ਹਨ। ਇਸ ਸਖਸ ਦਾ ਅਸਲ ਕੰਮ ਬੈਂਕ ਤੋਂ ਫੈਕਟਰੀ ਦੇ ਨਾਮ 100 ਕਰੋੜ ਲੈ ਲੈਣਾ, 40 ਕਰੋੜ ਫੈਕਟਰੀ ਤੇ ਲਗਾ ਬਾਕੀ ਬੱਚਦੇ 60 ਕਰੋੜ ਦੀ ਆਪਣੇ ਨਾਮ ਪ੍ਰਾਪਰਟੀ ਖਰੀਦ ਲੈਣਾ ਹੈ। ਉਹ 40 ਕਰੋੜ ਦੀ ਫੈਕਟਰੀ 100 ਕਰੋੜ ਦਾ ਕਰਜਾ ਕਿਵੇਂ ਉਤਾਰੇਗੀ ? ਸੋਚਣ ਵਾਲੀ ਗੱਲ ਹੈ ? ਇਸ ਚੰਦਰ ਗਾਬਾ ਨੇ ਧਰਮਵੀਰ ਗਾਬਾ ਨਾਲ਼ ਯਾਰੀ ਤੇ ਰਿਸਤੇਦਾਰੀ ਨਿਭਾਉਣ ਲਈ ਰਾਸਤੇ ਦੇ ਕੰਡੇ ਨੂੰ ਸਾਫ ਕੀਤਾ ਹੈ। ਇਹਨਾਂ ਦਾ ਅਸਲ ਮਕਸਦ ਹੈ ਕਿ ਦਾਸ ਪਰਿਵਾਰਿਕ ਝਮੇਲਿਆਂ ਵਿੱਚ ਫਸ ਕੇ ਅਸਲ ਨਿਸ਼ਾਨੇ ਤੋਂ ਭਟਕ ਜਾਵੇਗਾ। ਬੱਸ ਵਾਹਿਗੁਰੂ ਅੱਗੇ ਏਹੋ ਅਰਦਾਸ ਹੈ ਕਿ ਸੱਚ ਬੋਲਣ ਤੇ ਲਿਖਣ ਦਾ ਬਲ ਬਖਸਣ। ਦਾਸ ਨੇ ਗੁੜਗਾਵਾਂ ਨੌਕਰੀ ਕਰਦਿਆਂ ਹੋਦ, ਪਟੌਦੀ, ਗੁੜਗਾਉਂ, ਰੇਵਾੜੀ, ਪਲਵਲ, ਦਿਲੀ ਦੇ ਸਾੜੇ ਗੁਰਦੁਆਰਿਆਂ ਆਦਿ ਆਸ-ਪਾਸ ਦੇ ਇਲਾਕਿਆ ਦੀ ਜਾਣਕਾਰੀ ਆਪ ਇਕੱਠੀ ਕੀਤੀ ਹੈ ਤੇ ਪੀੜਤ ਪਰਿਵਾਰਾਂ ਨੂੰ ਵੀ ਮਿਲਿਆ।
ਪਿੰਡ ਪਟੌਦੀ ਵਿੱਚ ਸ਼ਹੀਦ ਸਿੰਘਾਂ/ ਸਿੰਘਣੀਆਂ ਦੀ ਸੂਚੀ ਨਵੰਬਰ 1984
1 ਜੋਗਿੰਦਰ ਸਿੰਘ ਪੁੱਤਰ ਸ: ਗੰਗਾ ਸਿੰਘ ਗ੍ਰੰਥੀ ਸਿੰਘ
2. ਕਿਸ਼ਨ ਸਿੰਘ ਪੁੱਤਰ ਸ: ਗੋਪਾਲ ਸਿੰਘ
3. ਕਪੂਰ ਸਿੰਘ ਪੁੱਤਰ ਸ: ਕਿਸ਼ਨ ਸਿੰਘ
4. ਕੁਲਦੀਪ ਸਿੰਘ ਪੁੱਤਰ ਸ: ਕਿਸ਼ਨ ਸਿੰਘ
5. ਹਰਭਜਨ ਸਿੰਘ ਪੁੱਤਰ ਸ: ਕਿਸ਼ਨ ਸਿੰਘ
6. ਅਰਜਣ ਸਿੰਘ ਪੁੱਤਰ ਸ: ਮਹਿੰਦਰ ਸਿੰਘ
7. ਭਗਤ ਸਿੰਘ ਪੁੱਤਰ ਸ: ਮਹਿੰਦਰ ਸਿੰਘ
8. ਕਰਮਜੀਤ ਕੌਰ ਪੁੱਤਰੀ ਸ: ਗਿਆਨ ਸਿੰਘ
9. ਹਰਮੀਤ ਕੌਰ ਪੁੱਤਰੀ ਸ: ਗਿਆਨ ਸਿੰਘ
10. ਗੁਰਬਖਸ਼ ਸਿੰਘ ਪੁੱਤਰ ਸ: ਗਿਆਨ ਸਿੰਘ
11. ਹਰਨਾਮ ਸਿੰਘ ਪੁੱਤਰ ਸ; ਗੋਪਾਲ ਸਿੰਘ
12. ਅਵਤਾਰ ਸਿੰਘ ਪੁੱਤਰ ਸ: ਹਰਨਾਮ ਸਿੰਘ
13. ਫ਼ਤਹਿ ਸਿੰਘ ਪੁੱਤਰ ਸ: ਕਿਰਪਾਲ ਸਿੰਘ
14. ਅਮਰੀਕ ਸਿੰਘ ਪੁੱਤਰ ਸ਼: ਫ਼ਤਹਿ ਸਿੰਘ
15. ਸੁਰਜੀਤ ਸਿੰਘ ਪੁੱਤਰ ਸ: ਪੂਰਨ ਸਿੰਘ
16. ਹਰਮਿੰਦਰ ਸਿੰਘ ਪੁੱਤਰ ਸ: ਸੁਰਜੀਤ ਸਿੰਘ
17. ਗੁਰਮੁਖ ਸਿੰਘ ਪੁੱਤਰ ਸ: ਸੁਰਜੀਤ ਸਿੰਘ

ਗੁੜਗਾਉਂ ਵਿੱਚ ਸ਼ਹੀਦ ਸਿੰਘਾਂ/ ਸਿੰਘਣੀਆਂ ਦੀ ਸੂਚੀ ਨਵੰਬਰ 1984
1. ਸਵਰਣ ਕੌਰ ਪਤਨੀ ਸ: ਸੇਵਾ ਸਿੰਘ
2. ਜਤਿੰਦਰ ਸਿੰਘ ਪੁੱਤਰ ਸ: ਸੇਵਾ ਸਿੰਘ
3. ਸਤਿੰਦਰ ਸਿੰਘ ਪੁੱਤਰ ਸ: ਸੇਵਾ ਸਿੰਘ
4. ਕੁਲਦੀਪ ਕੌਰ ਪਤਨੀ ਸਤਿੰਦਰ ਸਿੰਘ
5. ਪਾਲ ਸਿੰਘ ਪੁੱਤਰ ਸ: ਬਲਵੰਤ ਸਿੰਘ
6. ਮਹਿੰਦਰ ਕੌਰ ਪਤਨੀ ਸ: ਪਾਲ ਸਿੰਘ
7. ਗੁਰਮੇਲ ਕੌਰ ਪੁੱਤਰੀ ਸ: ਪਾਲ ਸਿੰਘ
8. ਸੁੱਚਾ ਸਿੰਘ ਪੁੱਤਰ ਸ: ਪਾਲ ਸਿੰਘ
9. ਬੱਗਾ ਸਿੰਘ ਪੁੱਤਰ ਸ; ਪਾਲ ਸਿੰਘ
10. ਸੁਖਵਿੰਦਰ ਸਿੰਘ ਪੁੱਤਰ ਸ: ਪਾਲ ਸਿੰਘ
11. ਪਵਿਤਰ ਸਿੰਘ ਪੁੱਤਰ ਸ: ਪ੍ਰੇਮ ਸਿੰਘ
12. ਪ੍ਰਦੀਪ ਸਿੰਘ ਪੁੱਤਰ ਸ: ਪ੍ਰੇਮ ਸਿੰਘ
13. ਪਰਵਿੰਦਰ ਸਿੰਘ ਪੁੱਤਰ ਸ: ਪ੍ਰੇਮ ਸਿੰਘ
14. ਅਰਜਣ ਸਿੰਘ ਪੁੱਤਰ ਸ: ਮਹਿੰਦਰ ਸਿੰਘ
15. ਭਗਤ ਸਿੰਘ ਪੁੱਤਰ ਸ: ਮਹਿੰਦਰ ਸਿੰਘ
16. ਜਾਗੇ ਰਾਮ ਪੁੱਤਰ ਸ: ਨੱਥੀ ਰਾਮ
17. ਗੁਰਬਖਸ਼ ਸਿੰਘ ਪੁੱਤਰ ਸ: ਗਿਆਨ ਸਿੰਘ
18. ਕਰਮਜੀਤ ਕੌਰ ਪੁੱਤਰੀ ਸ: ਗਿਆਨ ਸਿੰਘ
19. ਹਰਮੀਤ ਕੌਰ ਪੁੱਤਰੀ ਸ: ਗਿਆਨ ਸਿੰਘ
20. ਹਰਮਿੰਦਰ ਸਿੰਘ ਪੁੱਤਰ ਸ: ਸੁਰਜੀਤ ਸਿੰਘ (ਟੀਡਾ ਪੁਰ)
21. ਬ੍ਰਹਮ ਸਿੰਘ ਪੁੱਤਰ ਸ: ਦਿਆਲ ਸਿੰਘ
22. ਗੋਪਾਲ ਸਿੰਘ ਪੁੱਤਰ ਸ: ਇੰਦਰ ਸਿੰਘ
23. ਦਲੀਪ ਸਿੰਘ ਪਤੀ ਸ੍ਰੀ ਮਤੀ ਮਨਮੋਹਨ ਕੌਰ
24. ਹਰਮਿੰਦਰ ਸਿੰਘ ਪਤੀ ਸੁਦੇਸ਼ ਕੌਰ (ਬਾਦਸਾਹ ਪੁਰ)
25. ਜੋਗਿੰਦਰ ਸਿੰਘ ਪਤੀ ਸ੍ਰੀ ਮਤੀ ਹਰਬੰਸ ਕੌਰ
26. ਜਤਿੰਦਰ ਸਿੰਘ ਪੁੱਤਰ ਸ: ਸੇਵਾ ਸਿੰਘ
27. ਜੋਧ ਸਿੰਘ ਪੁੱਤਰ ਸ: ਚਤੁਰ ਸਿੰਘ
28. ਜੋਗਿੰਦਰ ਸਿੰਘ ਪੁੱਤਰ ਸ: ਬਾਗ ਸਿੰਘ
29. ਦਯਾਬੀਰ ਕੌਰ ਪਤਨੀ ਸ: ਜੋਗਿੰਦਰ ਸਿੰਘ
30. ਮੋਹਨ ਸਿੰਘ ਪਤੀ ਸ੍ਰੀ ਮਤੀ ਮਹਿੰਦਰ ਕੌਰ
31. ਸੇਵਾ ਸਿੰਘ ਪਤੀ ਸ੍ਰੀ ਮਤੀ ਹਰਦਿਆਲ ਕੌਰ
32. ਗੁਰਬਖਸ਼ ਸਿੰਘ ਪਤੀ ਸ੍ਰੀ ਮਤੀ ਗੁਰਮੀਤ ਕੌਰ
33. ਸੁੰਦਰ ਕੌਰ ਪਤਨੀ ਗੁਰਬਚਨ ਸਿੰਘ
34. ਰਜਿੰਦਰਪਾਲ ਪੁੱਤਰ ਜਸਵੰਤ ਸਿੰਘ
35. ਅਵਤਾਰ ਸਿੰਘ ਪੁੱਤਰ ਸ: ਹਰਨਾਮ ਸਿੰਘ
36. ਸੁਰਜੀਤ ਸਿੰਘ ਪਤੀ ਸ੍ਰੀ ਮਤੀ ਸਾਂਤੀ ਦੇਵੀ
37. ਗੁਰਮੁੱਖ ਸਿੰਘ ਪੁੱਤਰ ਸ: ਸੁਰਜੀਤ ਸਿੰਘ
38. ਹਰਮਿੰਦਰ ਸਿੰਘ ਪੁੱਤਰ ਸ: ਸੁਰਜੀਤ ਸਿੰਘ
39. ਅਮਰੀਕ ਸਿੰਘ ਪੁੱਤਰ ਸ: ਫਤਿਹ ਸਿੰਘ
40. ਬਿਸ਼ਨ ਸਿੰਘ ਪੁੱਤਰ ਸ: ਕਿਰਪਾਲ ਸਿੰਘ
41. ਕਪੂਰ ਸਿੰਘ ਪੁੱਤਰ ਸ: ਕਿਸ਼ਨ ਸਿੰਘ
42. ਕੁਲਦੀਪ ਸਿੰਘ ਪੁੱਤਰ ਸ: ਕਿਸ਼ਨ ਸਿੰਘ
43. ਹਰਭਜਨ ਸਿੰਘ ਪੁੱਤਰ ਸ: ਕਿਸ਼ਨ ਸਿੰਘ
44. ਹਰਨਾਮ ਸਿੰਘ ਪੁੱਤਰ ਸ: ਕਿਰਪਾ ਸਿੰਘ
45. ਫਤਿਹ ਸਿੰਘ ਪੁੱਤਰ ਸ: ਕਿਰਪਾ ਸਿੰਘ
46. ਹਰਜਾਪ ਸਿੰਘ ਪਤੀ ਸ੍ਰੀ ਮਤੀ ਮਨਜੀਤ ਕੌਰ
47. ਪ੍ਰਕਾਸ਼ ਸਿੰਘ ਪਤੀ ਸਵਰਣਜੀਤ ਕੌਰਖੋਜ ਅਤੇ ਰਿਪੋਰਟ : ਇੰਜੀ.ਮਨਵਿੰਦਰ ਸਿੰਘ ਗਿਆਸਪੁਰ
ਮੋਬਾਈਲ ਫੋਨ ਨੰਬਰ:  9872099100
ਚਿਠੀ ਪੱਤਰ ਲੈ ਸੰਪਰਕ: 
317, ਪਿੰਡ ਗਿਆਸਪੁਰ, ਡਾਕ. ਢੰਡਾਰੀ ਕਲਾਂ.
ਜਿਲ੍ਹਾ .ਲੁਧਿਆਣਾ

No comments: