Saturday, April 23, 2011

ਕੁੜੀਆਂ ਅਜੇ ਵੀ ਮਜਬੂਰ ਹਨ

ਸੀ ਡੀ ਵਾਲੇ ਇਸ ਆਧੁਨਿਕ ਯੁਗ ਵਿੱਚ ਕੈਸਟਾਂ ਵੀ ਗਏ ਗੁਜ਼ਰੇ ਜ਼ਮਾਨੇ ਦੀ ਗੱਲ ਹੋ ਚੁੱਕੀਆਂ ਹਨ  ਇਸ ਲਈ ਅੱਜ ਕੱਲ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਕਿ ਕੋਈ ਵੇਲਾ ਸੀ ਜਦੋਂ  ਰਿਕਾਰਡ ਵੱਜਿਆ ਕਰਦੇ ਸਨ, ਉਹਨਾਂ ਵਿੱਚ ਇੱਕ ਸੂਈ ਚੁਭਦੀ ਸੀ ਤੇ ਫਿਰ ਇਹਨਾਂ ਵਿਚੋਂ ਗੇਟ ਸੰਗੀਤ ਵਾਲੀ ਆਵਾਜ਼ ਨਿਕਲਿਆ ਕਰਦੀ ਸੀ.  ਇਹਨਾਂ ਨੂੰ ਜਿਆਦਾਤਰ ਲੋਕ ਤਵੇ ਆਖ ਕੇ ਹੀ ਬੁਲਾਂਦੇ ਸਨ. ਤਵਿਆਂ ਦੇ ਯੁਗ ਵਿੱਚ ਇੱਕ ਗੀਤ ਬੜਾ ਪ੍ਰਸਿਧ ਹੋਇਆ ਸੀ ...ਗੋਰਿਆਂ ਨੂੰ ਦਫ਼ਾ ਕਰੋ ਸਾਡਾ ਕਾਲਾ ਈ ਸਰਦਾਰ, 
ਕਾਲਾ ਸ਼ਾਹ ਕਾਲਾ ..
ਮੈਂ ਆਪ ਤਿੱਲੇ ਦੀ ਤਾਰ.....
ਪਰ ਅੱਜ ਕੱਲ ਉਹ ਗੱਲਾਂ ਨਹੀਂ ਰਹੀਆਂ. ਆਜ ਕੱਲ ਕੁੜੀਆਂ ਕਾਲਾ ਰੰਗ ਦੇਖ ਕੇ ਵਰਮਾਲਾ ਪਾਉਣ ਤੋਂ ਸਾਫ਼ ਸਾਫ਼ ਨਾਂਹ ਵੀ ਕਰ ਦੇਂਦੀਆਂ ਹਨ. ਇਹ ਕੁਝ ਵਾਪਰਿਆ ਸੀ ਦੋ ਤਿੰਨ ਦਿਨ ਪਹਿਲਾਂ ਪਠਾਨਕੋਟ ਵਿੱਚ. ਜਦੋਂ ਵੀ ਮੈਨੂੰ ਇਹ ਘਟਨਾ ਯਾਦ ਆਉਂਦੀ ਉਦੋਂ ਮੈਨੂੰ ਇਹ ਗੀਤ ਵੀ ਜ਼ਰੂਰ ਯਾਦ ਆਉਂਦਾ. ਖਬਰਾਂ ਮੁਤਾਬਿਕ ਪਠਾਨਕੋਟ ਵਿੱਚ ਇੱਕ ਸੋਹਨੀ ਸੁਨੱਖੀ ਦੁਲਹਨ ਨੇ ਜੈ-ਮਾਲਾ ਦੇ ਸਮੇਂ ਦੁਲਹਨ ਲਾੜੇ ਨੂੰ ਵਰਮਾਲਾ ਨਾ ਪਾਉਣ ਦੀ ਜ਼ਿੱਦ ‘ਤੇ ਅੜ ਗਈ ਤੇ ਬਿਨਾਂ ਵਰਮਾਲਾ ਦੀ ਰਸਮ ਪੂਰੀ ਕੀਤੇ ਸਟੇਜ ਤੋਂ ਉਠ ਕੇ ਚਲੀ ਗਈ. ਬਰਾਤ ਬੜੀ ਧੂਮਧਾਮ ਨਾਲ ਕਿਸੇ ਨਜ਼ਦੀਕੀ ਪਿੰਡੋਂ ਦੁਲਹਨ ਨੂੰ ਵਿਆਹੁਣ ਆਈ ਸੀ ਪਰ ਅਚਾਨਕ ਹਾਲਾਤ ਉਲਟਣ ਕਾਰਨ ਸਾਰੇ ਦੇਖਦੇ ਹੀ ਰਹਿ ਗਏ. ਲਾੜਾ ਵੀ ਬੜੇ ਜੋਸ਼ੋ ਖਰੋਸ਼ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕਰਦਾ ਹੋਇਆ ਆਪਣੇ ਸਾਥੀਆਂ ਸਣੇ ਪੰਡਾਲ ਅੰਦਰ ਆਇਆ. ਹਾਲਾਤ ਉਸ ਸਮੇਂ ਉਲਟ ਗਏ ਜਦੋਂ ਲਾੜਾ ਦੁਲਹਨ ਨੂੰ ਵਰਮਾਲਾ ਪਹਿਨਾਉਣ ਲੱਗਾ. ਲਾੜਾ ਉਸ ਸਮੇਂ ਹੱਕਾ-ਬੱਕਾ ਰਹਿ ਗਿਆ ਜਦੋਂ ਲੜਕੀ ਬਿਨਾਂ ਵਰਮਾਲਾ ਪਾਏ ਉਥੋਂ ਖਿਸਕ ਗਈ. ਲੜਕੀ ਨੇ ਉਸਦੇ ਕਾਲੇ ਰੰਗ ਨੂੰ ਦੇਖ ਕੇ ਆਪਣਾ ਫੈਸਲਾ ਬਦਲ ਲਿਆ.  ਇਸ ਘਟਨਾ ਨਾਲ ਦੋਨਾਂ ਪੱਖਾਂ ਦੇ ਲੋਕ ਹੱਕੇ-ਬੱਕੇ ਰਹਿ ਗਏ. ਜਦੋਂ ਲੜਕੀ ਕਾਫੀ ਸਮੇਂ ਬਾਅਦ ਵੀ ਪੰਡਾਲ ਵਿਚ ਵਰਮਾਲਾ ਪਾਉਣ ਲਈ ਨਾ ਆਈ ਤਾਂ ਹਾਲਾਤ ਦੁਖਦਾਈ ਬਣ ਗਏ. ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣਨ ਲਈ ਪੁਲਸ ਸਟੇਸ਼ਨ ਬੁਲਾਇਆ. ਡੀ. ਐੱਸ. ਪੀ. ਨਰੇਸ਼ ਡੋਗਰਾ ਨੇ ਮੀਡਿਆ ਨੂੰ ਦੱਸਿਆ ਕਿ ਦੋਨਾਂ ਪੱਖਾਂ ਦੇ ਬਿਆਨ ਕਲਮਬੱਧ ਕਰ ਲਏ ਗਏ ਹਨ ਅਤੇ ਕਾਨੂੰਨੀ ਵਿਸ਼ੇਸ਼ਕਾਰਾਂ ਦੀ ਸਲਾਹ ਲੈ ਕੇ ਕਾਰਵਾਈ ਕੀਤੀ ਜਾਵੇਗੀ. ਦੂਸਰੇ ਪਾਸੇ ਲੜਕੀ ਪੱਖ ਵਾਲਿਆਂ ਨੇ ਕਿਹਾ ਕਿ ਲੜਕੀ ਨੇ ਲੜਕੇ ਨੂੰ ਨਹੀਂ ਵੇਖਿਆ ਸੀ ਤੇ ਅੱਜ ਬਰਾਤ ਦੇ ਆਉਣ ‘ਤੇ ਜਦੋਂ ਲੜਕੀ ਨੇ ਆਪਣਾ ਪ੍ਰਾਹੁਣਾ ਦੇਖਿਆ ਤਾਂ ਉਸਨੂੰ ਨਾਪਸੰਦ ਕਰ ਦਿੱਤਾ. ਇਹ ਵੀ ਪਤਾ ਲੱਗਿਆ ਕਿ ਰਿਸ਼ਤਾ ਕਰਾਉਣ ਵਾਲੇ ਅੰਕਲ ਨੇ ਲੜਕੇ ਦੇ ਕਾਲੇ ਰੰਗ ਦੀ ਭਿਣਕ ਤੱਕ ਵੀ ਨਹੀਂ ਲੱਗਣ ਦਿੱਤੀ. ਇਸ ਮੌਕੇ ਤੇ ਲਾੜੀ ਦੀ ਭੈਣ ਨੇ ਪੂਰੀ ਹਿੰਮਤ ਨਾਲ ਉਸਦਾ ਸਾਥ ਦਿੱਤਾ ਅਤੇ ਮੀਡਿਆ ਸਾਹਮਣੇ ਵੀ ਕਿਹਾ ਕਿ ਅਸੀਂ ਆਪਣੀ ਸੋਹਣੀ ਕੁੜੀ ਦਾ ਵਿਆਹ ਇਸ ਲਾੜੇ ਨਾਲ ਨਹੀਂ ਕਰ ਸਕਦੇ.  ਭਾਵੇਂ ਇੱਕ ਵਾਰ ਦੀ ਥੋੜ੍ਹ  ਚਿਰੀ ਕੁੜੱਤਣ ਨੇ ਸਾਰਾ ਮਜ਼ਾ ਕਿਰਕਿਰਾ ਕਰ ਦਿੱਤਾ ਪਰ ਫਿਰ ਵੀ ਸਾਰੀ ਉਮਰ ਦੀ ਜਿੰਦਗੀ ਕੌੜੀ ਹੋਣ ਤੋਂ ਬਚ ਗਈ. ਇਸਦੇ ਨਾਲ ਹੀ ਇਹ ਗੱਲ ਵੀ ਇੱਕ ਵਾਰ ਫੇਰ ਜ਼ੋਰਦਾਰ ਢੰਗ ਨਾਲ ਉਭਰ ਕੇ ਸਾਹਮਣੇ ਆਈ ਹੈ ਕਿ ਆਹਮੋ ਸਾਹਮਣੇ ਦਿਖਾਉਣ ਅਤੇ ਗੱਲਬਾਤ ਕਰਾਉਣ ਤੋਂ ਬਿਨਾ ਕਦੇ ਵੀ ਇਸ ਤਰਾਂ ਦਾ ਵਿਆਹ ਕਰਾਇਆ ਹੀ ਨਹੀਂ ਜਾਣਾ ਚਾਹੀਦਾ. ਤੁਸੀਂ ਇਸ ਬਾਰੇ ਕਿ ਸੋਚਦੇ ਹੋ ਜ਼ਰੂਰ ਦੱਸਣਾ.  
ਇਸਦੇ ਨਾਲ ਹੀ ਇੱਕ ਮਾੜੀ ਖਬਰ ਮਿਲੀ ਹੈ ਜੈਪੁਰ ਤੋਂ. ਜੇ ਪਠਾਨਕੋਟ ਵਾਲੀ ਉੱਪਰਲੀ ਖਬਰ ਕੁੜੀਆਂ ਦੀ ਹਿੰਮਤ ਦਰਸਾਉਂਦੀ ਹੈ ਤਾਂ ਜੈਪੁਰ ਵਾਲੀ ਇਹ ਖਬਰ ਦਸਦੀ ਹੈ ਕਿ ਅੱਜ ਵੀ ਕੁੜੀਆਂ ਬਹੁਤ ਮਜਬੂਰ ਹਨ. ਜਦੋਂ ਸਰਕਾਰੇ ਦਰਬਾਰੇ ਅਤੇ ਲੋਕ ਦਰਬਾਰਾਂ ਵਿੱਚ ਜਾ ਕੇ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਉਹ ਬੇਹੱਦ ਮਜਬੂਰ ਹੋ ਕੇ ਆਤਮ ਹੱਤਿਆ ਦੇ ਰਾਹ ਤੁਰ ਪੈਂਦੀਆਂ ਹਨ. ਖਬਰ ਮੁਤਾਬਿਕ ਦਾਜ ਦੀ ਮੰਗ ਨੂੰ ਲੈ ਕੇ ਸਹੁਰਿਆਂ ਵਲੋਂ ਤੰਗ ਪ੍ਰੇਸ਼ਾਨ ਹੋਈ ਝੋਟਵਾੜਾ ਦੀ ਕੁੜੀ ਹਰਸ਼ਾ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਰਿਹਾਇਸ਼ ‘ਤੇ ਕਿਸੇ ਜ਼ਹਿਰੀਲੇ ਪਦਾਰਥ ਦਾ ਸੇਵਨ ਕਰ ਲਿਆ. ਘਟਨਾ ਦੀ ਸੂਚਨਾ ਮਿਲਦੇ ਹੀ ਸੀ. ਐੱਮ. ਹਾਊਸ ਦੇ ਅਫ਼ਸਰਾਂ ‘ਚ ਹਫੜਾ-ਦਫੜੀ ਮਚ ਗਈ. ਹਰਸ਼ਾਂ ਨੂੰ ਤੁਰੰਤ ਸਵਾਈ ਮਾਨ ਸਿੰਘ ਹਸਪਤਾਲ ‘ਚ ਭਰਤੀ ਕਰਵਾਇਆ ਗਿਆ. ਸੂਤਰਾਂ ਅਨੁਸਾਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਿਵਲ ਲਾਈਨ ਸਥਿਤ ਸਰਕਾਰੀ ਨਿਵਾਸ ‘ਤੇ ਜਦੋਂ ਲੋਕ ਮਸਲੇ ਸੁਣ ਰਹੇ ਸਨ ਉਦੋਂ ਝੋਟਵਾੜਾ ਖਾਤੀਪੁਰਾ ਦੇ ਸੁਦਾਮਾ ਨਗਰ ਦੀ ਵਸਨੀਕ ਹਰਸ਼ਾ ਕੰਵਰ ਆਪਣੇ ਸਹੁਰਿਆਂ ਵਿਰੁੱਧ ਦਾਜ ਖਾਤਿਰ  ਤੰਗ ਕਰਨ ਦੀ ਸ਼ਿਕਾਇਤ ਲੈ ਕੇ ਮੁੱਖ ਮੰਤਰੀ ਕੋਲ ਆਈ ਸੀ. ਇਸ ਲੋਕ ਸੁਣਵਾਈ ਦੌਰਾਨ ਹੀ ਇਸ ਕੁੜੀ ਨੇ ਕਦੋਂ ਜ਼ਹਿਰ ਖਾ ਲਿਆ ਇਸਦਾ ਪਤਾ ਉਥੇ ਮੌਜੂਦ ਅਫ਼ਸਰਾਂ ਨੂੰ ਵੀ ਨਹੀਂ ਲੱਗਿਆ ਜਦੋਂ ਉਸਦੀ ਤਬੀਅਤ ਵਿਗੜ ਗਈ ਅਤੇ ਉਸਦੇ ਮੂੰਹ ‘ਚੋਂ ਝੱਗ ਨਿਕਲਣ ਲੱਗੀ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਹਸਪਤਾਲ ਪਹੁੰਚਾਇਆ. ਦੱਸਿਆ ਜਾ ਰਿਹਾ ਹੈ ਕਿ ਉਹ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਦੇ ਲੋਕ ਦਰਬਾਰ ਪ੍ਰੋਗਰਾਮ ‘ਚ ਆਪਣੀ ਹੱਡ ਬੀਤੀ ਸੁਣਾ ਚੁੱਕੀ ਸੀ. ਇਸ ਘਟਨਾ ਨੇ ਇਹਨਾਂ ਲੋਕ ਦਰਬਾਰਾਂ ਦੇ ਉਹਨਾਂ ਕਾਰਨਾਂ ਵੱਲ ਵੀ ਧਿਆਨ ਦੇਣ ਦੀ ਲੋੜ ਤੇ ਜੋਰ ਦਿੱਤਾ ਹੈ ਜਿਹਨਾਂ ਕਾਰਣ ਫਰਿਆਦੀ ਸਿਸਟਮ ਤੋਂ ਇਸ ਹੱਦ ਤੱਕ ਨਿਰਾਸ਼ ਹੋ ਜਾਂਦਾ ਹੈ ਕਿ ਮੌਤ ਨੂੰ ਗਲੇ ਲਗਾਉਣਾ ਹੀ ਇੱਕੋ ਇੱਕ ਆਸਾਨ ਰਾਹ ਸਮਝਣ ਲੱਗ ਪੈਂਦਾ  ਹੈ  --ਰੈਕਟਰ ਕਥੂਰੀਆ 

1 comment:

gurmit kaur mit said...

ਕਿੰਨੇ ਸ਼ਰਮ ਦੀ ਗੱਲ ਹੈ ਕੀ ਜਿਸ ਜਮਾਨੇ ਚ ਕੁੜੀਆਂ ਸਪੇਸ ਤੇ ਵੀ ਜਾ ਆਈਆਂ ਨੇ ਉਸ ਜਮਾਨੇ ਚ ਇਨਸਾਫ਼ ਦੀ ਮੰਗ ਪਿਛੇ ਉਹਨਾ ਨੂੰ ਜਾਨ ਤਕ ਦੇਣੀ ਪਵੇ...?ਵੈਸੇ ਜੇ ਕੁੜੀ ਚਾਹੇ ਤਾਂ ਆਪਣੇ ਵਿਆਹ ਵੇਲੇ ਦਾਜ ਦੇ ਭੁਖਿਆਂ ਨੂੰ ਵੀ ਰਿਜੇਕ੍ਟ ਕਰ ਕਰ ਸਕਦੀ ਹੈ.| ਖੁਦ ਵੀ ਹੁਸ਼ਿਆਰ ਹੋਣ ਦੀ ਲੋੜ ਹੈ |