Saturday, April 09, 2011

ਲੱਖ ਲਾਲ ਸਲਾਮਾਂ ਨੇ, ਪੰਜਾਬ ਦੇ ਸ਼ੇਰਾਂ ਨੂੰ

ਓਹ ਦਿਨ ਸੀ 09 ਅਪ੍ਰੈਲ 1991 ਦਾ. ਫਰੀਦਕੋਟ ਜ਼ਿਲੇ ਦੇ ਪਿੰਡ ਸੇਵੇਵਾਲਾ ਵਿੱਚ ਚੱਲ ਰਿਹਾ ਸੀ ਸਭਿਆਚਾਰਕ    ਸਮਾਗਮ. ਉਸ ਸਮਾਗਮ ਵਿੱਚ ਮੌਜੂਦ ਸਨ ਖੱਬੇ ਪੱਖੀ ਵਿਚਾਰਧਾਰਾ ਵਾਲੇ ਓਹ ਲੋਕ ਜਿਹੜੇ ਦਹਿਸ਼ਤ ਦੇ ਉਹਨਾਂ ਕਾਲੇ ਦਿਨਾਂ ਵਿੱਚ ਵੀ ਚੱਟਾਨ ਵਾਂਗ ਖੜੇ ਸਨ ਜਬਰ ਦੇ ਖਿਲਾਫ਼. ਜਬਰ ਭਾਵੇਂ ਕਿਸੇ ਵੀ ਧੀਰ ਵੱਲੋਂ ਹੋ ਰਿਹਾ ਸੀ ਪਰ ਉਸਨੂੰ ਚੁਨੌਤੀ ਦੇ ਰਹੇ ਸਨ ਇਸ ਤਰਾਂ ਦੇ ਬਹਾਦਰ ਲੋਕ. ਇਹ ਓਹ ਦਿਨ ਸਨ ਜਦੋਂ ਪੰਜਾਬ ਦੀ ਹਵਾ ਵੀ ਸਹਿਮ ਗਈ ਸੀ. ਲੋਕ ਡਰ ਡਰ ਕੇ ਸਾਹ ਲੈਂਦੇ ਸਨ. ਆਪਣੇ ਆਪ ਨੂੰ ਲੀਡਰ ਅਖਵਾਉਣ ਵਾਲਿਆਂ ਦੇ ਤੌਰ ਤਰੀਕੇ ਦੋਹਰੇ ਮਿਆਰਾਂ ਵਾਲੇ ਹੋ ਗਏ ਸਨ. ਉਸ ਕਾਲੇ ਦੌਰ ਵਿੱਚ ਸ਼ਾਂਤ ਮਈ ਢੰਗ ਨਾਲ ਪ੍ਰੋਗ੍ਰਾਮ ਦੇਖ ਰਹੇ ਲੋਕਾਂ ਤੇ ਕੀਤੀ ਗਈ ਅੰਨੇਵਾਹ ਗੋਲੀਆਂ ਦੀ ਵਾਛੜ. ਮੇਘ ਰਾਜ ਭਗਤੂਆਣਾ, ਜਗਪਾਲ ਸੇਲਬ੍ਰਹਾ ਅਤੇ ਮਾਤਾ ਸਦਾਂ ਕੌਰ ਸਮੇਤ 18 ਵਿਅਕਤੀ ਮਾਰੇ ਗਏ. ਸ਼ਾਂਤਮਈ ਢੰਗ ਨਾਲ ਬੈਠ ਕੇ ਪ੍ਰੋਗਰਾਮ ਦੇਖ ਰਹੇ ਇਹਨਾਂ ਨਿਹੱਥੇ  ਲੋਕਾਂ ਦੇ ਇਸ ਕਤਲ-ਏ-ਆਮ ਦੀ ਜਿੰਮੇਵਾਰੀ ਉਹਨਾਂ ਨੇ ਲਈ ਜਿਹੜੇ ਖੁਦ ਨੂੰ ਖਾਲਿਸਤਾਨੀ ਜੁਝਾਰੂ ਆਖਦੇ ਸਨ. ਪਤਾ ਨਹੀਂ ਇਸ ਤਰਾਂ ਦੀਆਂ ਕ੍ਤਲਾਮਾਂ ਕਰਕੇ ਉਹ ਕਿਸ ਸ੍ਟ੍ਰੇਟ ਦੇ ਖਿਲਾਫ਼ ਲੜਾਈ ਲੜ ਰਹੇ ਸਨ ?  ਉਸ ਸ਼ਹਾਦਤ ਨੂੰ ਸਲਾਮ ਆਖਦਿਆਂ ਇੱਕ ਕਵਿਤਾ ਲਿਖੀ ਹੈ ਨਰਿੰਦਰ ਕੁਮਾਰ ਜੀਤ ਨੇ ਜਿਸ ਨੂੰ ਏਥੇ ਵੀ ਦਰਜ ਕੀਤਾ ਜਾ ਰਿਹਾ ਹੈ. ਹ੍ਮੇਸ਼ਾਨਾ ਦੀ ਤਰਾਂ ਤੁਹਾਡੇ ਵਿਚਾਰਾਂ ਦੀ ਉਡੀਕ ਇਸ ਵਾਰ ਵੀ ਬਣੀ ਰਹੇਗੀ.  --ਰੈਕਟਰ ਕਥੂਰੀਆ 

ਸੇਵੇਵਾਲਾ ਦੇ ਸ਼ਹੀਦਾਂ ਨੂੰ 
ਅਣਖੀਲੇ ਯੋਧਿਆਂ ਨੂੰ ਜਾਂਬਾਜ਼ ਦਲੇਰਾਂ ਨੂੰ
ਲੱਖ ਲਾਲ ਸਲਾਮਾਂ ਨੇ, ਪੰਜਾਬ ਦੇ ਸ਼ੇਰਾਂ ਨੂੰ

ਸਤਲੁਜ ਦੇ ਪਾਣੀਆਂ ਨੂੰ, ਸਾਡੇ ਮੰਡ ਤੇ ਰੋਹੀਆਂ ਨੂੰ
ਜਦ ਜ਼ਹਿਰ ਵਰੋਲੇ ਨੇ, ਚਹੁੰ ਪਾਸਿਓਂ ਘੇਰ ਲਿਆ।
ਜ਼ਿੰਦਗੀ ਸੀ ਨਰਕ ਬਣੀ, ਹਰ ਬੂਹੇ ਸਿਵਾ ਬਲੇ,
ਲਾਸ਼ਾਂ ਦੇ ਢੇਰ ਲੱਗੇ, ਹਰ ਪਾਸੇ ਨੇਰ੍ਹ ਪਿਆ।
ਉਹ ਜਾਨ ਤਲੀ ਧਰਕੇ, ਇਸ ਜਹਿਰ ਵਰੋਲੇ ਨੂੰ,
ਸ਼ਾਹ ਕਾਲੀਆਂ ਰਾਤਾਂ ਨੂੰ, ਵੰਗਾਰਨ ਆ ਨਿੱਕਲੇ।
ਲੱਖ ਲਾਲ ਸਲਾਮਾਂ ਨੇ, ਐਹੋ ਜਿਹੇ ਸ਼ੇਰਾਂ ਨੂੰ.....

ਚਾਹੇ ਪਾਰੋ (ਪਾਰਬਤੀ) ਕਤਲ ਹੋਵੇ, ਜਾਂ ਕਤਲ ਰੰਧਾਵੇ ਦਾ
ਸੜਕਾਂ 'ਤੇ ਵਹਿ ਤੁਰਿਆ, ਹੜ੍ਹ ਰੋਹ ਦੇ ਲਾਵੇ ਦਾ
ਜਦ ਬੱਸ ਕਿਰਾਇਆਂ ਨੂੰ, ਸਰਕਾਰ ਵਧਾਇਆ ਸੀ,
ਇਨ੍ਹਾਂ ਲੋਕ ਯੋਧਿਆਂ ਨੇ, ਤੂਫ਼ਾਨ ਉਠਾਇਆ ਸੀ।
ਹਰ ਲੋਕ-ਲਹਿਰ ਮੂਹਰੇ, ਹੱਕ-ਸੱਚ ਦੇ ਘੋਲਾਂ ਨੂੰ,
ਨਾਰ੍ਹਿਆਂ ਦੀ ਸ਼ਕਲ ਮਿਲੀ, ਸੰਗਰਾਮੀ ਬੋਲਾਂ ਨੂੰ,
ਲੱਖ ਲਾਲ ਸਲਾਮਾਂ ਨੇ................
ਐਸ.ਪੀ ਚਾਹੇ ਮਾਨ ਹੋਵੇ, ਜਾਂ ਗੋਬਿੰਦ ਰਾਮ ਹੋਵੇ,
ਲੋਕਾਂ 'ਤੇ ਜਦ ਝਪਟੇ, ਇਹ ਹਿੱਕਾਂ ਤਾਣ ਉੱਠੇ।
ਜਦ ਜੋਰ ਸਟੇਨਾਂ ਦੇ, ਫਿਰਕੂ ਬਘਿਆੜਾਂ ਨੇ,
ਸੂਹੇ ਫੁੱਲ ਲੂਹ ਸੁੱਟੇ, ਕੁੱਝ ਲੋਕ-ਗਦਾਰਾਂ ਨੇ।
ਏ.ਕੇ ਸੰਤਾਲੀ ਦਾ, ਡਰ ਜ਼ਰਾ ਨਾ ਮੰਨਿਆਂ ਸੀ,
ਲੋਕਾਂ ਨੂੰ ਕਰ 'ਕੱਠੇ, ਦਹਿਸ਼ਤ ਨੂੰ ਭੰਨਿਆ ਸੀ
ਲੱਖ ਲਾਲ ਸਲਾਮਾਂ ਨੇ....................
ਕਿਰਤੀ ਕਾਮਿਆਂ 'ਤੇ, ਮਜ਼ਦੂਰ ਕਿਸਾਨਾਂ 'ਤੇ,
ਲੋਕਾਂ ਲਈ ਜੂਝ ਰਹੇ, ਸਿਰਲੱਥ ਜੁਆਨਾਂ 'ਤੇ,
ਵਿੱਚ ਸੇਵੇਵਾਲਾ ਦੇ, ਖ਼ੂਨੀ ਉਡਵਾਇਰਾਂ ਨੇ,
ਆ ਹਮਲਾ ਕੀਤਾ ਸੀ, ਲੁੱਕ ਛਿਪ ਕੇ ਕਾਇਰਾਂ ਨੇ।
ਵਣਜਾਰੇ ਚਾਨਣ ਦੇ, ਲੋਕਾਂ ਸੰਗ ਵਫ਼ਾ ਕਮਾ,
ਸੂਹੇ ਪਰਚਮ ਲਈ, ਗਏ ਜ਼ਿੰਦਗੀ ਘੋਲ ਘੁਮਾ।
ਲੱਖ ਲਾਲ ਸਲਾਮਾਂ ਨੇ...................
ਵਿੱਚ ਮੌਤ ਦੀ ਵਾਛੜ ਦੇ, ਉਹ ਡਟ ਕੇ ਰਹੇ ਖੜੇ,
ਸੰਗਰਾਮੀ ਪਿਰਤਾਂ ਪਾ, ਉਹ ਰਣ ਵਿੱਚ ਜੂਝ ਮਰੇ।
ਇੱਕ ਸੁਰਖ਼ ਸਵੇਰ ਲਈ, ਉਹ ਜਾਨਾਂ ਵਾਰ ਗਏ।
ਕਿਰਤੀ ਦੇ ਸੁਪਨਿਆਂ ਦੇ, ਰੰਗ ਹੋਰ ਨਿਖਾਰ ਗਏ।
ਜੱਦ ਤੱਕ ਦੁਨੀਆਂ 'ਤੇ, ਜਾਬਰ ਨੇ ਰਹਿਣਾ ਹੈ,
ਇਨ੍ਹਾਂ ਲੋਕ-ਯੋਧਿਆਂ ਨੇ, ਜੰਮਦੇ ਹੀ ਰਹਿਣਾ ਹੈ।
ਲੱਖ ਲਾਲ ਸਲਾਮਾਂ ਨੇ..............
.

                                            --ਨਰਿੰਦਰ ਕੁਮਾਰ ਜੀਤ

No comments: