Saturday, April 02, 2011

ਚੰਗਾ ਨਹੀਂਓ ਕੀਤਾ ਹੱਥ ਪਾ ਕੇ ਪੱਗ ਨੂੰ; ਸਾਂਭਿਆ ਨੀ ਜਾਣਾ ਮੱਚ ਪਈ ਅੱਗ ਨੂੰ


ਦਸਤਾਰ ਦੇ ਅਪਮਾਨ ਦਾ ਮਾਮਲਾ ਕਿਸੇ ਵੀ ਤਰਾਂ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ. ਅਸਲ ਵਿੱਚ ਇਸ ਸ਼ਰਮਨਾਕ ਹਰਕਤ ਨੇ ਵਿਦੇਸ਼ਾਂ ਵਿੱਚ ਦਸਤਾਰ ਦੇ ਅਪਮਾਨ ਵਿਰੁਧ ਚੱਲ ਰਹੇ ਸੰਘਰਸ਼ ਨੂੰ ਵੀ ਢਾਹ ਕਈ ਹੈ. ਬਹੁਤ ਸਾਰੇ ਯਾਦਗਾਰੀ ਗੀਤ ਰਚਨ ਵਾਲੇ ਅਮਰਦੀਪ ਸਿੰਘ ਗਿੱਲ ਹੁਰਾਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਜਿੰਦਗੀ ਦੇ ਕਈ ਰੰਗ ਬਹੁਤ ਹੀ ਨੇੜਿਓਂ ਹੋ ਕੇ ਦੇਖੇ ਹਨ. ਦਸਤਾਰ ਦੇ ਅਪਮਾਨ ਨੇ ਵੀ ਉਹਨਾਂ ਦੇ ਦਿਲ ਦਿਮਾਗ ਨੂੰ ਝੰਜੋੜਿਆ ਹੈ. ਹੁਣ ਉਹ ਇਸ ਮੁਦੇ ਨੂੰ ਲੈ ਕੇ ਸਾਰਿਆਂ ਨੂੰ ਹਲੂਣ ਰਹੇ ਹਨ. ਆਪਣੀ ਸਪਸ਼ਟਵਾਦੀ ਸੁਰ ਅਤੇ ਬੁਲੰਦ ਆਵਾਜ਼ ਨਾਲ ਉਹਨਾਂ ਸਾਫ਼ ਸਾਫ਼ ਲਿਖਿਆ ਹੈ ਕਿ 

ਚੰਗਾ ਨਹੀਂਓ ਕੀਤਾ ਹੱਥ ਪਾ ਕੇ ਪੱਗ ਨੂੰ; 

ਸਾਂਭਿਆ ਨੀ ਜਾਣਾ ਮੱਚ ਪਈ ਅੱਗ ਨੂੰ !

ਅਸੀਂ ਉਹਨਾਂ ਦੀ ਇਹ ਰਚਨਾ ਓਸੇ ਤਰਾਂ ਏਥੇ ਪ੍ਰਕਾਸ਼ਿਤ ਕਰ ਰਹੇ ਹਾਂ.--ਰੈਕਟਰ ਕਥੂਰੀਆ 

ਦਸਤਾਰ ਦਾ ਅਪਮਾਨ : ਕੁੱਝ ਸੰਸੇ ਕੁੱਝ ਸਵਾਲ !// ਅਮਰਦੀਪ ਸਿਘ ਗਿੱਲ 

ਗੁਰੂ - ਰੂਪ ਸਾਧ - ਸੰਗਤ ਜੀਓ !                                                  

                                                      ਵਾਹਿਗੁ੍ਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ !
                                                        _____________________________________
                                 ਸਾਰੇ ਪੰਜਾਬੀਆਂ , ਸਾਰੇ ਸਿੱਖਾਂ ਵਾਂਗ , ਸਾਰੇ ਸੂਝਵਾਨ , ਸੰਵੇਦਨਸ਼ੀਲ ਇਨਸਾਨਾਂ ਵਾਂਗ ਹੀ ਮੈਂ ਮੋਹਾਲੀ ਵਾਲੀ ਦੁਰਘਟਨਾ ਨਾਲ ਡਾਅਢਾ ਦੁੱਖੀ ਹਾਂ , ਇੱਕ ਪੰਜਾਬੀ ਪੁਲਿਸ ਵਾਲਾ , ਇੱਕ ਸਿੱਖ ਪੁਲਿਸ ਵਾਲਾ ਇਹ ਹੁਕਮ ਕਿਵੇਂ ਦੇ ਸਕਦਾ ਕਿ ਇੱਕ ਸਿੱਖ ਨੌਜਵਾਨ ਦੀ ਦਸਤਾਰ ਇੰਝ ਉਤਾਰ ਲਈ ਜਾਵੇ ? ਡੀ. ਐਸ. ਪੀ. ਪ੍ਰੀਤਮ ਸਿੰਘ ਦੇ ਮਨ ਵਿੱਚ ਉਸ ਵੇਲੇ ਕੀ ਚੱਲ ਰਿਹਾ ਸੀ ? ਦਸਤਾਰ ਲਾਹੁਣ ਵਾਲਾ ਕੁਲਭੂਸ਼ਨ ਕੀ ਸਿਰਫ ਆਪਣੇ "ਸਾਬ੍ਹ" ਦਾ ਹੁਕਮ ਹੀ ਵਜਾ ਰਿਹਾ ਸੀ ਜਾਂ ਉਸਦਾ ਨਜ਼ਰੀਆ ਮੁਜ਼ਾਹਰਾਕਾਰੀ ਨੌਜਵਾਨ ਦੇ ਸਿੱਖ ਹੋਣ ਕਾਰਨ ਐਨਾ ਖਤਰਨਾਕ ਹੋ ਗਿਆ ? ਜਗਜੀਤ ਸਿੰਘ ਜਿਸਦੀ ਕਿ ਦਸਤਾਰ ਲਾਹੀ ਗਈ ਉਹ ਸਿੱਖੀ ਸਰੂਪ ਨੂੰ ਕਾਇਮ ਰੱਖਣ ਵਾਲਾ ਗੰਭੀਰ ਨੌਜਵਾਨ ਦਿਖਾਈ ਦਿੰਦਾ ਹੈ , ਉਸਦੀ ਉਮਰ ਤੇ ਉਸਦੀ ਦਿੱਖ ਕੋਈ ਬਚਗਾਨਾ ਨਹੀਂ ਹੈ , ਫਿਰ ਕਿਸ ਗੰਦੀ ਸੋਚ ਅਧੀਨ ਇਹ ਕੁਕਰਮ ਕੀਤਾ ਗਿਆ ? ਕੀ ਸਟੇਟ ਦਾ ਹੁਕਮ ਸੀ ਇਹ ? ਕੀ ਇਹ ਕੋਈ ਸਿੱਖ ਵਿਰੋਧੀ ਸਾਜ਼ਿਸ਼ ਹੈ ? ਕੀ ਇਸਦੇ ਪਿੱਛੇ ਕੋਈ ਤੀਜੀ ਤਾਕਤ ਵੀ ਕੰਮ ਕਰ ਰਹੀ ਹੈ ? ਮੇਰੀ ਤੁੱਛ ਬੁੱਧੀ ਕੁੱਝ ਵੀ ਸਾਫ ਸਾਫ ਸਮਝ ਨਹੀਂ ਪਾ ਰਹੀ ਦੋਸਤੋ ! ਮੇਰਾ ਗੁੱਸਾ ਹਰ ਵਾਰ ਇਹ ਵੀਡੀਓ ਵੇਖ ਕੇ ਸਵਾਇਆ ਹੋ ਜਾਂਦਾ ਹੈ , ਜੋ ਲੋਕ ਖੁੱਦ ਦਸਤਾਰ ਨਹੀਂ ਬੰਨਦੇ ਉਨਾਂ ਦੇ ਗੁੱਸੇ ਦਾ ਵੀ ਇਹੋ ਹਾਲ ਹੈ । ਇਹ ਦਸਤਾਰ ਉਤਾਰਨ ਵਾਲਾ ਦ੍ਰਿਸ਼ ਮੇਰੇ ਜ਼ਹਿਨ 'ਚ ਡੂੰਘਾ ਛਪ ਗਿਆ ਹੈ , ਇਹ ਗੱਲ ਮੈਨੂੰ ਉਪਰਾਮ ਕਰ ਰਹੀ ਹੈ ਜਦਕਿ ਮੈਂ ਆਪਣੇ ਆਪ ਨੂੰ ਬੜਾ ਧਰਮ-ਨਿਰਪੱਖ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂ ਪਰ ਅੱਜ ਇਸ ਗੱਲ ਨਾਲ ਮੈਂ ਅੰਦਰੋਂ ਹਿੱਲ ਗਿਆ ਹਾਂ । " ਮੈਂ ਸਿੱਖ ਹਾਂ...ਸਿਰਫ ਸਿੱਖ ...ਗੁਰੂ ਦਸਮ ਪਿਤਾ ਦਾ ਸਿੱਖ " , ਇਹ ਆਵਾਜ਼ ਮੇਰੇ ਅੰਦਰ ਗੂੰਜ ਰਹੀ ਹੈ ।
         " ਨਾ ਸਿਰਫ ਪਹਿਰਾਵਾ ਹਾਂ ਨਾ ਇੱਕਲੀ ਦਿੱਖ ਹਾਂ
                ਮੈਂ ਤਾਂ ਗੁਰੂ ਜੀ ਤੇਰਾ ਅਮਲਾਂ ਤੋਂ ਹੀ ਸਿੱਖ ਹਾਂ "
                                                     ਮੈਨੂੰ ਇੱਥੇ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਚੁਰਾਸੀ ਦੇ ਸਿੱਖ ਕਤਲੇਆਮ ਤੋਂ ਬਾਅਦ ਖਾੜਕੂ ਲਹਿਰ 'ਚ ਕੁੱਦਣ ਵਾਲੇ ਸਿੱਖ ਨੌਜਵਾਨਾ ਦੀ ਮਨੋਸਥਿੱਤੀ ਅੱਜ ਮੈਂ ਵਧੇਰੇ ਚੰਗੀ ਤਰਾਂ ਸਮਝ ਪਾ ਰਿਹਾ ਹਾਂ , ਉਨਾਂ ਨੇ ਤਾਂ ਬਹੁਤ ਜ਼ਿਆਦਾ ਜ਼ੁਲਮ ਵੇਖਿਆ ਸੀ , ਉਨਾਂ ਦਾ ਪ੍ਰਤੀਕਰਮ ਉਹੀ ਹੋਣਾ ਸੀ ਜੋ ਉਨਾਂ ਨੇ ਵਿਖਾਇਆ ! ਮੈਂ ਅੱਜ ਪੰਜਾਬ ਸਰਕਾਰ ਨੂੰ ਇਹੋ ਕਹਿਣਾ ਚਾਹੁੰਨਾਂ ;
                                                               " ਚੰਗਾ ਨਹੀਂਓ ਕੀਤਾ ਹੱਥ ਪਾ ਕੇ ਪੱਗ ਨੂੰ
                                                                        ਸਾਂਭਿਆ ਨੀ ਜਾਣਾ ਮੱਚ ਪਈ ਅੱਗ ਨੂੰ
                                                                           ਤਾਕਤ 'ਚ ਅੰਨੇ ਹੋ ਕੇ ਵੇਲਾ ਭੁੱਲੋ ਨਾ
                                                                              ਇੱਕੋ ਸ਼ੇਰ ਬੜਾ ਲੇਲ੍ਹਿਆਂ ਦੇ ਵੱਗ ਨੂੰ "
                                                                   ਮੈ ਇੱਥੇ ਇਹ ਵੀ ਸਪਸ਼ਟ ਕਰਨਾ ਚਾਹਾਂਗਾ ਕਿ ਮੈਂ ਪਿਛਲੇ ਦਸ ਬਾਰਾਂ ਸਾਲ ਦਸਤਾਰ ਨਹੀਂ ਬੰਨੀ , ਪਰ ਹੁਣ ਦੁਬਾਰਾ ਸਿੱਖੀ ਸਰੂਪ ਅਖਤਿਆਰ ਕੀਤਾ ਹੈ , ਮੈਂ ਦਸਤਾਰ ਬਾਰੇ ਇੱਕ ਫਿਲਮ ਦੀ ਕਹਾਣੀ ਲਿਖਦੇ ਹੋਏ ਆਪਣੇ ਅੰਦਰ ਇਹ ਬਦਲਾਅ ਮਹਿਸੂਸ ਕੀਤਾ ਕਿ ਹੁਣ ਮੈਂਨੂੰ ਆਪਣੀ ਗੱਲ ਕਹਿਣ ਲਈ ਸਿੱਖੀ ਸਰੂਪ ਨੂੰ ਅਪਨਾਉਣਾ ਚਾਹੀਦਾ ਹੈ । ਸਿੱਖ ਧਰਮ ਹਮੇਸ਼ਾ ਮੇਰਾ ਮਨਪਸੰਦ ਵਿਸ਼ਾ ਰਿਹਾ ਹੈ । ਮੈਂ ਸਿੱਖ ਧਰਮ ਦਾ ਵਿਦਿਆਰਥੀ ਹਾਂ  , ਭਾਵੁਕ ਬੰਦਾ ਹਾਂ , ਮੈਂ ਜੇ ਹੁਣ ਸਿੱਖੀ ਸਰੂਪ ਧਾਰਨ ਕੀਤਾ ਹੈ ਤਾਂ ਇਸ ਗੱਲ ਤੇ ਮੈਂ ਇੰਨਾ ਪੱਕਾ ਹਾਂ ਕਿ ਨਾ ਤਾਂ ਮੈਂ ਦਾਹੜੀ ਨੂੰ ਕੈਂਚੀ ਲਾਉਣੀ ਹੈ ਨਾ ਕਦੇ ਖਿਜ਼ਾਬ ਲਾਉਣਾ ਹੈ ! ਮੇਰੇ ਬਾਪੂ ਜੀ ਵੀ ਸਾਰੀ ਉਮਰ ਇੰਝ ਹੀ ਰਹੇ ਹਨ , ਇੱਕ "ਕਾਮਰੇਡ" ਹੁੰਦੇ ਹੋਏ ਉਹ ਅਖੌਤੀ ਸਿੱਖਾਂ ਤੋਂ ਵੱਡੇ ਸਿੱਖ ਹਨ । ਮੇਰੇ ਅਜੋਕੇ ਰੂਪ ਦੀ ਸਭ ਤੋਂ ਪਹਿਲੀ ਖੁਸ਼ੀ ਮੇਰੇ ਬਾਪੂ ਜੀ ਨੂੰ ਹੀ ਹੋਈ ਹੈ ।
                                   ਮੈਨੂੰ ਉਨਾਂ ਸੱਜਣਾਂ ਤੇ ਬੜਾ ਵੱਡਾ ਵਿਸ਼ਵਾਸ਼ ਹੈ ਜੋ ਦਸਤਾਰ ਲਈ ਕਾਨੂੰਨੀ ਲੜਾਈ ਲੜ ਰਹੇ ਹਨ , ਸਰਦਾਰ ਨਵਕਿਰਨ ਸਿੰਘ ਜੀ ਜਾਂ ਕੋਈ ਵੀ ਹੋਰ ਸਤਿਕਾਰਯੋਗ ਸੱਜਣ । ਕੱਲ ਮੈਨੂੰ ਭਾਈ ਸਾਹਿਬ ਕਰਨੈਲ ਸਿੰਘ ਪੀਰ ਮੁਹੰਮਦ ਜੀ ਦਾ ਫੋਨ ਆਇਆ , ਇਸੇ ਵਿਸ਼ੇ ਤੇ ਗੱਲ ਹੋਈ , ਮੈਨੂੰ ਚੰਗਾ ਲੱਗਿਆ ਕਿ ਫੇਸਬੁੱਕ ਤੇ ਕੀਤੀ ਕੋਈ ਵੀ ਗੰਭੀਰ ਗੱਲ ਵੱਡੇ ਅਰਥ ਰੱਖ ਸਕਦੀ ਹੈ । ਮੇਰੀ ਇਹ ਕੋਸ਼ਿਸ਼ ਹਮੇਸ਼ਾਂ ਰਹੇਗੀ ਕਿ ਹੱਕ , ਸੱਚ ਲਈ , ਧਰਮ ਲਈ , ਆਪਣੇ ਲੋਕਾਂ ਲਈ ਮੈਂ ਆਪਣੀਆਂ ਰਚਨਾਵਾਂ 'ਚ ਆਪਣੀ ਸੋਚ ਦੀ ਗੱਲ ਕਰਦਾ ਰਹਾਂ , ਮੇਰੀ ਕਲਮ ਮੇਰੇ ਲੋਕਾਂ ਨੂੰ ਸਮਰਪਿਤ ਹੈ ! ਮੇਰਾ ਧਰਮ , ਮੇਰਾ ਵਿਰਸਾ , ਮੇਰਾ ਇਤਿਹਾਸ , ਮੇਰਾ ਮਾਣਯੋਗ ਸਭਿਆਚਾਰ ਹੀ ਮੇਰੀ ਸ਼ਕਤੀ ਹੈ !
                                                ਹੁਣ ਮੈਨੂੰ ਇਹ ਸਵਾਲ ਵੀ ਬੇਚੈਨ ਕਰ ਰਿਹਾ ਹੈ ਕਿ ਕੀ ਸਰਕਾਰ ਸੱਚਮੁੱਚ ਇੰਨਾਂ ਪੁਲਿਸ ਵਾਲਿਆਂ ਨੂੰ ਸਜ਼ਾ ਦੇਵੇਗੀ ? ਸਿੱਖ ਪ੍ਰਧਾਨ - ਮੰਤਰੀ , ਸਿੱਖ ਮੁੱਖਮੰਤਰੀ ਦੇ ਹੁੰਦੇ ਹੋਏ ਜਿਸ ਨਿਜ਼ਾਮ 'ਚ ਇਹ ਕਾਰਾ ਹੋ ਸਕਦਾ ਹੈ , ਕੀ ਉੱਥੇ ਇਨਸਾਫ ਦੀ ਉਮੀਦ ਰੱਖੀ ਜਾ ਸਕਦੀ ਹੈ ? ਕੀ ਉਹ ਪੁਲਿਸ ਵਾਲੇ ਸਿੱਖ ਜਗਤ ਦੀ ਚੀਸ ਸਮਝ ਸਕਦੇ ਨੇ ? ਦੇਸ਼ ਵਿਦੇਸ਼ 'ਚ ਬੈਠੇ ਪੰਜਾਬੀ , ਸਿੱਖ ਵੀਰਾਂ ਦੇ ਫੋਨ ਆ ਰਹੇ ਨੇ , ਇਸ ਘਟਨਾ ਦੇ ਵਿਰੁੱਧ ਉਨਾਂ ਦਾ ਗੁੱਸਾ ਬਿਆਨ ਨਹੀਂ ਹੋ ਸਕਦਾ ਪਰ ਦੁੱਖ ਦੀ ਗੱਲ ਇਹ ਹੈ ਕਿ ਰਾਜਨੀਤਕ ਪਾਰਟੀਆਂ ਅਤੇ ਪ੍ਰੈਸ ਦਾ ਯੋਗਦਾਨ ਹਾਲੇ ਕਾਫੀ ਨਹੀਂ ਹੈ ...ਚਲੋ ਖੈਰ ਸਭ ਦੇ ਆਪਣੇ ਆਪਣੇ ਹਿੱਤ ਨੇ.....ਵਿਦੇਸਾਂ 'ਚ ਦਸਤਾਰ ਦੀ ਬੇਇੱਜ਼ਤੀ ਵਿਰੁੱਧ ਬੋਲਣ ਵਾਲੇ ਨੇਤਾ ਹੁਣ ਚੁੱਪ ਹਨ....ਸੁਖਵੀਰ ਬਾਦਲ ਵੱਲੋਂ ਦਿੱਤੇ ਅਦਾਲਤੀ ਜਾਂਚ ਦੇ ਹੁਕਮ  ਜਾਂ ਸਿੱਖ ਡੀ. ਐਸ. ਪੀ . ਨੂੰ ਅਕਾਲ ਤਖਤ ਤੇ ਤਲਬ ਕਰਨ ਦੀ ਗੱਲ , ਮੇਰੇ ਅਨੁਸਾਰ ਸ਼ੱਕ ਦੇ ਘੇਰੇ 'ਚ ਹੈ , ਬਾਕੀ ਤੁਸੀਂ ਆਪ ਸਿਆਣੇ ਹੋ !
                                                                    ਮੈਂ ਵੀ ਆਪ ਸਭ ਵਾਂਗ ਇਹੋ ਚਾਹੁੰਦਾ ਹਾਂ ਕਿ ਪੁਲਸੀਆਂ ਨੂੰ ਐਸੀ ਸਜ਼ਾ ਮਿਲੇ ਕਿ ਭਵਿੱਖ 'ਚ ਫਿਰ ਐਸੀ ਦੁਰਘਟਨਾ ਨਾ ਹੋਵੇ , ਇਸ ਲਈ ਮੈਂ ਸਿਰਫ ਚਿੰਤਾ ਹੀ ਨਹੀਂ ਕਰਦਾ ਸਗੋਂ ਆਪਣੀ ਸਮਰੱਥਾ ਅਨੁਸਾਰ ਮੈਂ ਇਸ ਧਰਮ ਦੀ ਲੜਾਈ 'ਚ ਇੱਕ ਸਮਰਪਿਤ ਸਿਪਾਹੀ ਵਾਂਗ ਸਦਾ ਹਾਜ਼ਿਰ ਹਾਂ ਆਪਣੇ ਹਿੱਸੇ ਦੀ ਸ਼ਮਸ਼ੀਰ ਲੈ ਕੇ , ਪਰ ਸਰਕਾਰ ਬਾਰੇ ਮੇਰੇ ਵਿਚਾ੍ਰ ਇਹ ਨੇ ;
                                                                 " ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ,
                                                                  ਇਸ ਨਗਰੀ ਦੇ ਹਾਕਮ ਤੇ ਰਤਾ ਵਿਸ਼ਵਾਸ਼ ਨਹੀਂ,
                                                                  ਇਸ ਨਗਰੀ ਦਾ ਹਾਕਮ ਮੁੱਢ ਤੋਂ ਹੀ ਲੁਟੇਰਾ ਹੈ,
                                                                  ਉਸਦੇ ਮਹਿਲੀਂ ਚਿਣਿਆ ਹੋਇਆ ਹਰ ਸਿਰ ਮੇਰਾ ਹੈ,
                                                                  ਮੈਂ ਵੀ ਕਦੇ ਉਸ ਕੋਲੋਂ ਪਰ ਹਾਰ ਨਹੀਂ ਮੰਨੀ ,
                                                                  ਹਰ ਯੁੱਗ ਵਿੱਚ ਮੈਂ ਹੀ ਉਸਦੀ ਧੌਣ ਹੈ ਭੰਨੀ ,
                                                                  ਵੇਖ ਲਉ ਇਤਹਾਸ ਚੁੱਕ ਕੇ ਬੋਸ਼ੱਕ ਸਦੀਆਂ ਦਾ,
                                                                  ਮਿਲ ਜਾਵੇਗਾ ਲੇਖਾ ਜੋਖਾ ਇਸਦੀਆਂ ਬਦੀਆਂ ਦਾ,
                                                                  ਇਸ ਯੁੱਗ ਦੇ ਵਿੱਚ ਵੀ ਮੈਂ ਜੂਝਦੇ ਰਹਿਣਾ ਹੈ,
                                                                  ਦਸ਼ਮ ਪਿਤਾ ਦੇ ਸਿੰਘ ਨੇ ਕਦ ਜ਼ੁਲਮ ਸਹਿਣਾ ਹੈ,
                                                                  ਸੰਘਰਸ਼ ਨਾਲ ਹੀ ਕੌਮਾਂ ਦੀ ਤਕਦੀਰ ਬਦਲਦੀ ਹੈ,
                                                                  ਇਤਹਾਸ ਬਦਲਦੇ ਨੇ, ਤਸਵੀਰ ਬਦਲਦੀ ਹੈ,
                                                                  ਚਾਂਦਨੀ ਚੌਂਕ ਤੋਂ ਪੁੱਛ ਲਉ ਜਾਂ ਕੰਧ ਸਰਹੰਦ ਕੋਲੋਂ,
                                                                  ਪੁੱਛ ਵੇਖਣਾ ਮਾਛੀਵਾੜੇ ਦੇ ਬਿਖੜੇ ਪੰਧ ਕੋਲੋਂ,                    
                                                                  ਜਿਸ ਯੁੱਗ ਵਿੱਚ ਸ਼ਮਸ਼ੀਰ ਮਿਆਨੋਂ ਬਾਹਰ ਆਉਂਦੀ ਹੈ
                                                                  ਓਸ ਯੁੱਗ ਨੂੰ ਦੁਨੀਆ ਸਾਰੀ ਸੀਸ ਨਿਵਾਉਂਦੀ ਹੈ,
                                                                  ਇਸ ਹਾਕਮ ਦੇ ਦਰ ਤੇ ਮੈਂ ਹੱਥ ਬੰਨ ਨਹੀਂ ਖੜਨਾ,
                                                                  ਇਸ ਹਾਕਮ ਦਾ ਦਿੱਤਾ ਹੋਇਆ ਸਬਕ ਨਹੀਂ ਪੜਨਾ,
                                                                  ਇਸ ਹਾਕਮ ਨੂੰ ਜਦ ਮੇਰੇ ਦੁੱਖ ਦਾ ਅਹਿਸਾਸ ਨਹੀਂ,
                                                                  ਮੈਨੂੰ ਵੀ ਫਿਰ ਉਸ ਉੱਤੇ ਰਤਾ ਵਿਸ਼ਵਾਸ਼ ਨਹੀਂ,
                                                                  ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ...!"
                                                                                    ਮੈਂ ਚਾਹੁੰਦਾ ਹਾਂ ਕਿ ਇਹ ਲੜਾਈ ਰੁਕਣੀ ਨਹੀਂ ਚਾਹੀਦੀ , ਸਾਨੂੰ ਇਹ ਦੁਰਘਟਨਾ ਭੁੱਲਣੀ ਨਹੀਂ ਚਾਹੀਦੀ । ਹੋ ਸਕਦਾ ਮੈਂ ਗਲਤ ਹੋਵਾਂ , ਹੋ ਸਕਦਾ ਮੈਂ ਭਾਵੁਕ ਹੋਵਾਂ....ਪਰ ਮੈਂ ਤਾਂ ਅਜਿਹਾ ਹੀ ਹਾਂ , ਮੈਂ ਤਾਂ ਇੰਝ ਹੀ ਸੋਚਦਾ ਹਾਂ ! ਇੱਕ ਆਖਰੀ ਗੱਲ , ਇਹ ਬੇਇੱਜ਼ਤੀ ਇੱਕਲੇ ਜਗਜੀਤ ਸਿੰਘ ਦੀ ਨਹੀਂ ਸਾਡੀ ਸਭ ਦੀ ਹੈ ਪੂਰੀ ਸਿੱਖ ਕੌਮ ਦੀ ਹੈ , ਜਗਜੀਤ ਸਿੰਘ ਤਾਂ ਇੱਕ ਬਿੰਬ ਹੈ , ਬਿਲਕੁਲ ਉਵੇਂ ਜਿਵੇਂ "ਜਲ੍ਹਿਆਂ ਵਾਲਾ ਬਾਗ " ਇੱਕ ਬਿੰਬ ਹੈ , ਜਿਵੇਂ " ਸੰਨ ਚੁਰਾਸੀ " ਇੱਕ ਬਿੰਬ ਹੈ । ਇਹ ਮੇਰੀ ਸੋਚ ਹੈ ਮੇਰੀ ਭਾਵੁਕਤਾ ਹੈ ....ਜੋ ਵੀ ਹੈ ਇਹੋ ਮੇਰੇ ਅੰਦਰਲਾ ਸੱਚ ਹੈ ! ਆਖਿਰ 'ਚ ਬੱਸ ਇਹੋ ਕਹਿਣਾ ਹੈ ;

                  ਅਮਰਦੀਪ ਸਿੰਘ ਗਿੱਲ

                                                                      " ਪੱਗੜੀ ਸੰਭਾਲ ਸਿੰਘਾ ਪੱਗੜੀ ਸੰਭਾਲ ਓਏ !
                                                                         ਇਹੋ ਤੇਰੇ ਲਈ ਅੱਜ ਮੁੱਢਲਾ ਸਵਾਲ ਓਏ !
                                                                          ਪੱਗੜੀ ਏ ਸਿਰ ਉੱਤੇ ਤਾਂ ਹੀ ਸਿਰਦਾਰ ਤੂੰ
                                                                          ਅਣਖ ਨਾਲ ਜੀਣ ਦਾ ਸੱਚਾ ਹੱਕਦਾਰ ਤੂੰ
                                                                           ਕਾਇਮ ਰੱਖ ਸਿਰ ਦੇ ਕੇ ਏਸਦਾ ਜਲਾਲ ਓਏ !
                                                                            ਪੱਗੜੀ ਸੰਭਾਲ ਸਿੰਘਾ ਪੱਗੜੀ ਸੰਭਾਲ ਓਏ ! "
                                                                 *******************************************
                           ਵਾਹਿਗੁ੍ਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ !

1 comment:

Tarlok Judge said...

ਕਿਰਪਾ ਕਰਕੇ ਵੀਡੀਓ ਵੀ ਇਥੇ ਪੋਸਟ ਕਰੋ ਜੀ