Saturday, April 23, 2011

84 ਦੀ ਘਟਨਾ ਕੋਈ ਭੁੱਲਣਯੋਗ ਨਹੀ, ਨਾਲੇ ਭੁੱਲੀਏ ਵੀ ਕਿਉਂ ?

ਇਹ ਹੈ ਇੱਕ ਅਜਿਹੀ ਸੱਚੀ ਕਹਾਣੀ ਜਿਸਦੇ ਸਾਰੇ ਤਥਅਜੇ ਵੀ ਬਾਹਰ ਨਹੀਂ ਆ ਸਕੇ. ਉਹ ਸਾਰਾ ਜ਼ੁਲਮ ਬਾਹਰ ਲਿਆਉਣ ਦੀ ਕੋਸ਼ਿਸ਼ ਜਾਰੀ ਹੈ.ਇੱਕ ਪਿੰਡ ਜਿਸ ਵਿੱਚੋਂ 84 ਦੇ ਫੱਟ ਅਜੇ ਤੱਕ ਵੀ ਰਿਸਦੇ ਨੇ ਨਾਮ ਵਾਲੇ ਲੇਖ ਨੂੰ ਪੜ੍ਹਕੇ ਵੀਰ ਬਲਵਿੰਦਰ ਸਿੰਘ ਜੀ ਨੇ ਦਾਸ ਨੂੰ ਫੇਸ-ਬੁੱਕ ਤੇ ਬੜੀ ਪਿਆਰੀ  ਕਵਿਤਾ ਲਿਖ ਕੇ ਭੇਜੀ ਹੈ. ਕਵਿਤਾ ਕੁਝ ਇਸ ਪ੍ਰਕਾਰ ਸੀ :-
ਕਾਗਜ ਤੇ ਕਲਮ ਨੂੰ ਲਹੂ ‘ਚ ਡੁਬੋ ਕੇ,
ਹੋਦ ਵਾਲੇ ਰੋਡੇ ਖੂਹ ਦੀ ਮੌਣ ਤੇ ਖਲੋ ਕੇ ।
ਰੁੱਸੇ-ਰੁੱਸੇ ਸ਼ਬਦਾਂ ਨੂੰ ਮਸਾਂ ਪਤਿਆਇਆ ਏ ।
ਇਹ ਆਰਟੀਕਲ-ਊਰਟੀਕਲ ਨੀ ਲਿਖਿਆ,
ਇੱਕ ਦੇਸੀ ਜਿਹਾ ਬੰਬ ਬਣਾਇਆ ਏ ।
ਐਤਕੀ ਖਾਲੀ ਜਗ੍ਹਾ ਤੇ ਸੁੱਟ ਫਾਂਸੀ ਨੀ ਚੜ੍ਹਾਂਗਾ,
ਕਾਤਲਾਂ ਦੇ ਬੂਥੇ ‘ਚ ਤੁੰਨ, ਕੀਰਤਨ ਸੋਹਲਾ ਪੜਾਂਗਾ ।

ਇਹ ਹੋਦ ਬਾਰੇ ਕੁਝ ਏਦਾਂ ਦਾ ਹੀ ਆਰਟੀਕਲ ਲਿਖਿਆ ਗਿਆ ਸੀ, ਜਿਸ ਦੇ ਕਾਰਨ ਹੀ ਹੋਦ ਪਿੰਡ ਅੱਜ ਸਿੱਖਾਂ ਦੀ ਹੋਂਦ ਬਣਨ ਦੀ ਤਿਆਰੀ ਵਿੱਚ ਹੈ। ਚਾਰ  ਮਾਰਚ 2011 ਤੋਂ 6 ਮਾਰਚ ਤੱਕ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਸਮਾਪਤੀ ਤੇ ਸ਼ਰਧਾਂਜਲੀ ਸਮਾਰੋਹ ਵਿੱਚ ਤਕਰੀਬਨ ਹਰੇਕ ਪਾਰਟੀ ਦੇ ਆਗੂ ਸ਼ਾਮਿਲ ਹੋਏ। ਸਾਰੀਆਂ ਪਾਰਟੀਆਂ ਦੀ ਸਮੂਲੀਅਤ ਇਹ ਦੱਸ ਗਈ ਕਿ ਸਾਡੇ ਜਿੰਨੇ ਮਰਜੀ ਵਿਚਾਰਧਾਰਕ ਮੱਤ-ਭੇਦ ਹੋਣ ਪਰ ਅਸੀਂ ਸਿੱਖ ਨਸਲਕੁਸ਼ੀ ਵਰਗੇ ਮੁੱਦਿਆਂ ਤੇ ਇਕੱਠੇ ਹਾਂ ਤੇ ਇਕੱਠੇ ਰਹਾਗੇ। ਸਾਡਾ ਇਕੱਠ ਸਰਕਾਰ ਨੂੰ ਇਹ ਸੁਨੇਹਾ ਜਰੂਰ ਪਹੁੰਚਾ ਗਿਆ ਕਿ 84 ਦੀ ਘਟਨਾ ਕੋਈ ਭੁੱਲਣਯੋਗ ਨਹੀ, ਨਾਲੇ ਭੁੱਲੀਏ ਵੀ ਕਿਉਂ ? ਹਜਾਰਾਂ ਲੋਕ ਤੁਸੀ ਜਿੰਦੇ ਸਾੜ ਦਿੱਤੇ, ਧੀਆਂ ਭੈਣਾ ਦੀ ਬੇਪਤੀ ਕੀਤੀ, ਛੋਟੇ-ਛੋਟੇ ਬੱਚਿਆ ਤੱਕ ਨੂੰ ਜਿੰਦਾ ਜਲ਼ਾ ਦਿੱਤਾ, ਐਫ. ਆਈ. ਆਰ ਤੱਕ ਨਹੀ ਲਿਖੀ । ਜਿਹੜੀ ਲਿਖੀ ਉਹ ਵੀ ਅੱਧ-ਪਚੱਧੀ। ਕਾਤਲ ਅੱਜ ਸਰੇਆਮ ਸਾਡਾ ਮੂੰਹ ਚਿੜਾਉਂਦੇ ਘੁੰਮਦੇ ਫਿਰਦੇ ਹਨ। ਗੋਧਰਾ ਕਾਂਡ ਵਾਲੇ 11 ਸਾਲਾ ਵਿੱਚ ਹੀ ਫਾਹੇ ਟੰਗ ਦਿੱਤੇ । ਘੱਟ-ਗਿਣਤੀਆਂ ਲਈ ਕਾਨੂੰਨ ਹੋਰ, ਤੁਹਾਡੇ ਆਪਣੇ ਲਈ ਕਾਨੂੰਨ ਹੋਰ ਅਜਿਹਾ ਕਿਉਂ ?
ਇਹ ਸ਼ਰਧਾਂਜਲੀ ਸਮਾਰੋਹ ਬਿਲਕੁਲ ਵਿਲੱਖਣ ਕਿਸਮ ਦਾ ਸੀ, ਕਿਉਂਕਿ ਸੰਸਾਰ ਦਾ ਕੋਈ ਵੀ ਐਸਾ ਪ੍ਰਾਣੀ ਨਹੀ ਹੋਣਾ ਜਿਸ ਦੀਆਂ ਅੰਤਿਮ ਰਸਮਾ 26 ਸਾਲਾਂ ਬਾਅਦ ਪੂਰੀਆਂ ਕੀਤੀਆਂ ਗਈਆਂ ਹੋਣ। ਅੰਤਿਮ ਅਰਦਾਸ ਵਿੱਚ ਹੋਦ ਪਿੰਡ ਦੇ ਸਹੀਦਾਂ ਦੇ ਨਾਲ਼-ਨਾਲ਼ ਉਹਨਾਂ ਸਾਰੇ ਸਿੰਘਾਂ ਦਾ ਧਿਆਨ ਵੀ ਧਰਿਆ ਗਿਆ ਜਿਨ੍ਹਾ ਦੀਆਂ ਅੰਤਿਮ ਰਸਮਾਂ ਅਜੇ ਤੱਕ ਨਹੀਂ ਹੋਈਆਂ । ਇਸ ਦੋ ਮਹੀਨੇ ਵਿੱਚ ਬੜੇ ਕੌੜੇ-ਮਿੱਠੇ ਤਜਰਬੇ ਵੀ ਹੋਏ। ਪੰਥ ਦੇ ਮਿੱਤਰ-ਦੁਸ਼ਮਣ ਚਿਹਰੇ ਵੀ ਦਿੱਖੇ। ਪਰ ਕਿਸੇ ਚੰਗੇ ਦਿਸਦੇ ਚਿਹਰੇ ਨੂੰ ਚੰਗਾ ਮਿਥ ਲੈਣਾ ਜਾਂ ਮਾੜਾ ਮਿਥ ਲੈਣਾ ਧੋਖਾ ਖਾਣਾ ਹੁੰਦਾ ਹੈ। ਸਿਆਣੇ ਕਹਿੰਦੇ ਨੇ, ‘ਗੁਰੂ ਦਾ ਸਿੱਖ ਕਦੇ ਸ਼ਿਕਾਇਤ ਨਹੀਂ ਕਰਦਾ ਸਗੋਂ ਤਜਰਬੇ ਤੋਂ ਸਿੱਖਦਾ ਹੈ’ । ਠੀਕ ਇਸੇ ਰਾਸਤੇ ਤੇ ਚੱਲਦਾ ਕਿਸੇ ਦੇ ਵੀ ਵਿਰੱਧ ਜਾਂ ਹੱਕ ਵਿੱਚ ਬੋਲਣਾ ਠੀਕ ਨਹੀ।
ਵਿਦੇਸ਼ਾ ਵਿੱਚ ਵੱਸਦੇ ਵੀਰਾਂ ਵਿੱਚੋਂ ਆਸਟਰੇਲੀਆ ਬੈਠੇ ਵੀਰ ਸਤਿੰਦਰ ਸਿੰਘ “ਸਾਬੀ ਬੋਹਾ” ਵੀਰ ਦਾ ਫੋਨ ਫ਼ਰਵਰੀ ਦਾ ‘ਫ਼ਤਿਹਨਾਮਾ’ ਪੜ੍ਹਦੇ ਹੀ ਸੱਭ ਤੋ ਪਹਿਲਾ ਆਇਆ। ਉਹਨਾਂ ਤੋਂ ਬਾਅਦ ਸਰੀ ਵੱਸਦੇ ਵੱਡੇ ਵੀਰ : ਹਰਕੀਰਤ ਸਿੰਘ ਜੀ ਨੇ ਵੀ ਪੂਰਨ ਸਹਿਯੋਗ ਦਿੱਤਾ। ਦੋਹਾਂ ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਇਹਨਾਂ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਵੀਰਾਂ ਨੇ ਜੋ ਹੌਸਲਾ ਦਿੱਤਾ, ਉਹ ਹੌਂਸਲਾ ਤੇ ਉਤਸ਼ਾਹ ਹੀ ਐਡਾ-ਵੱਡਾ ਪ੍ਰੋਗਰਾਮ ਕਰਵਾ ਗਿਆ। ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੀ ਰਹੀ ਕਿ ਗੁੜਗਾਉਂ ਦੇ ਸਾਰਿਆ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਇਕੱਠੇ ਕਰ ਪ੍ਰੋਗਰਾਮ ਉਲੀਕਿਆ ਗਿਆ। ਇੱਥੋਂ ਦੇ ਲੋਕਾਂ ਨੇ 84 ਦਾ ਮੰਜਰ ਅੱਖੀਂ ਦੇਖਿਆ ਹੈ, ਹੱਡੀ ਵੀ ਹੰਡਾਇਆ ਹੈ। ਜਿਕਰਯੋਗ ਹੈ ਕਿ 50 ਦੇ ਕਰੀਬ ਜਾਨਾਂ ਵੀ ਗਈਆ ਹਨ। ਸੰਨ1984 ਵਿੱਚ ਪੂਰੇ ਗੁੜਗਾਉਂ ਵਿੱਚ ਸਿੱਖਾਂ ਦੇ 294 ਘਰ ਹੁੰਦੇ ਸਨ। ਜਨੂੰਨੀਆਂ ਵਲੋਂ 294 ਦੇ 294 ਹੀ ਜਲ਼ਾ ਦਿੱਤੇ ਗਏ । ਇਹਨਾਂ ਨੂੰ ਕਈ ਦਿਨ ਸਰਨਾਰਥੀ ਕੈਂਪਾਂ ਵਿੱਚ ਵੀ ਰਹਿਣਾ ਪਿਆ ਸੀ। ਸ: ਸਾਧੂ ਸਿੰਘ ਸਾਹਨੀ ‘ਪ੍ਰਧਾਨ ਗੁਰਦੁਆਰਾ ਸਬਜੀ ਮੰਡੀ ਗੁੜਗਾਉਂ’ ਵਾਲੇ ਬੜੇ ਭਰੇ ਮਨ ਨਾਲ਼ ਦੱਸਦੇ ਹਨ, “ ਉਸ ਸਮੇਂ ਪੂਰਾ ਗੁੜਗਾਉਂ ਜਲ਼ ਰਿਹਾ ਸੀ, ਮੈ ਐਸ.ਐਸ.ਪੀ ਗੁੜਗਾਉਂ ਕੋਲ਼ ਗਿਆ ਉਸ ਨਾਲ਼ ਇਸ ਸਬੰਧੀ ਗੱਲ ਕੀਤੀ। ਉਹ ਕਹਿੰਦਾ ਸਾਡੇ ਕੋਲ਼ ਫਾਇਰ-ਬ੍ਰਿਗੇਡ ਦੀ ਕਮੀ ਸੀ। ਸਾਹਨੀ ਸਾਹਿਬ ਕਹਿੰਦੇ ਮੈ ਉਸ ਨੂੰ ਕਿਹਾ ਠੀਕ ਹੈ ਤੁਹਾਡੇ ਕੋਲ ਇੱਕ ਅੱਗ ਬੁਝਾਊ ਗੱਡੀ ਸੀ, ਤੁਸੀਂ ਕੋਈ ਇੱਕ ਘਰ ਦੱਸੋ ਜਿਸ ਦੀ ਅੱਗ ਬੁਝਾਈ ਹੋਵੇ”। ਮੈਨੂੰ ਕਹਿੰਦੇ ਸਰਦਾਰ ਜੀ ਸਾਰਾ ਪ੍ਰਸ਼ਾਸ਼ਨ ਹੀ ਦੰਗਈਆਂ ਨਾਲ਼ ਮਿਲਿਆ ਹੋਇਆ ਸੀ। ਗੁੜਗਾਉਂ ਦੇ ਨਜਦੀਕ ‘ਪਟੌਦੀ’ ਕਸਬੇ ਵਿੱਚ ਸਿੱਖਾਂ ਨੂੰ ਬੜੇ ਭਿਆਨਕ ਤਰੀਕੇ ਮਾਰਿਆ ਗਿਆ ਸੀ। ਦੋ ਨਵੰਬਰ 1984 ਨੂੰ ਕਣਕ ਵੱਢਣ ਵਾਲੀਆਂ ਦਾਤਰੀਆਂ ਨਾਲ਼ ਪੂਰੇ 17 ਸਿੱਖ ਵੱਡ ਦਿੱਤੇ ਗਏ ਸਨ। ਚਸ਼ਮਦੀਨ ਅੰਮ੍ਰਿਤ ਕੌਰ ਜੋ ਉਸ ਸਮੇਂ ਚੰਗੇ ਭਾਗੀ ਬਚ ਗਈ ਸੀ ਅਨੁਸਾਰ ਪਟੌਦੀ ਵਿਖੇ ਕੋਈ ਭਗਵੇ ਚੋਲ਼ੇ ਵਾਲਾ ਦੰਗਈਆਂ ਦੀ ਅਗਵਾਈ ਕਰ ਰਿਹਾ ਸੀ । ਇਸੇ ਕਾਰਨ ਸ਼ੁਰੂ ਵਿੱਚ ਸਾਰੇ ਭੈ-ਭੀਤ ਸਨ, ਸ਼ਾਇਦ ਸੋਚਦੇ ਹੋਣਗੇ ਕਿ ਇਹ ਸਾਨੂੰ ਬਲਦੀ ਦੇ ਬੂਥੇ ਵਿੱਚ ਧੱਕ ਰਿਹਾ ਹੈ। ਇਸੇ ਕਾਰਨ ਮੈਨੁੰ ਥੋੜੀ ਜਿਹੀ ਤਾਨਾਸ਼ਾਹੀ ਵੀ ਵਰਤਣੀ ਪਈ। ਕਈ ਵੀਰਾਂ ਨੇ ਬਾਅਦ ਵਿੱਚ ਮੱਧਮ ਪੁਰਖ ਰਾਹੀਂ ਸਿਕਾਇਤ ਵੀ ਕੀਤੀ ਕਿ ਪ੍ਰੋਗਰਾਮ ਤਾਂ ਪਹਿਲਾਂ ਹੀ ਮਿਥਿਆ ਹੋਇਆ ਸੀ, ਸਾਡੇ ਤੋਂ ਤਾਂ ਸਿਰਫ ਸਹੀ ਹੀ ਪੁਆਈ ਗਈ। ਸਾਇਦ ਉਹ ਠੀਕ ਵੀ ਸਨ, ਕਿਉਂਕਿ ਗੁੜਗਾਉਂ ਵਿੱਚ ਸੱਤ ਗੁਰਦਵਾਰੇ ਹਨ, ਪਟੌਦੀ ਵਿੱਚ ਇੱਕ ਗੁਰਦਵਾਰਾ, ਉਹਨਾ ਦੇ ਪ੍ਰਧਾਨ ਸਾਹਿਬਾਨਾਂ ਅਤੇ ਸੈਕਟਰੀ ਸਾਹਿਬਾਨਾਂ ਨਾਲ਼ ਅਗਰ ਇੱਕ ਮੱਤ ਹੋਣ ਲਈ ਸਲਾਹ ਕਰਨ ਲੱਗਦਾ ਤਾਂ ਸ਼ਾਇਦ ਮੀਟਿੰਗ ਰੌਲੇ ਰੱਪੇ ਨਾਲ਼ ਹੀ ਖਤਮ ਹੋ ਜਾਣੀ ਸੀ। ਚੰਗੀ ਗੱਲ ਇਹ ਹੋਈ ਕਿ ਕਿਸੇ ਵੀ ਕਮੇਟੀ ਨੇ ਕੋਈ ਵੀ ਕੰਮ ਵਿੱਚ ਦਖ਼ਲ ਅੰਦਾਜੀ ਨਹੀ ਕੀਤੀ। ਸਾਰਾ ਕੰਮ ਗੁਰੂ ਨਾਨਕ ਸੇਵਕ ਸੁਸਾਇਟੀ ਦੀ ਕਮਾਨ ਹੇਠ ਹੋਇਆ। ਗੁਰੂ ਨਾਨਕ ਸੇਵਕ ਸੁਸਾਇਟੀ ਦੇ ਵੀਰ ਸ:ਜਗਤਪਾਲ ਸਿੰਘ ਅਤੇ ਹਰਪਾਲ ਸਿੰਘ ਪਾਲੀ ਵੀਰਾਂ ਨੇ ਤਨ,ਮਨ,ਧਨ ਨਾਲ਼ ਖੂਬ ਸੇਵਾ ਕੀਤੀ। ਇਸ ਕੰਮ ਨੂੰ ਕਰਦੇ ਮੇਰੇ ਆਪਣੇ ਤੇ ਜਾਤੀ ਤੌਰ ਤੇ ਕੁਝ ਔਕੜਾਂ ਵੀ ਆਈਆਂ। ਪ੍ਰੋਗਰਾਮ ਹੋਣ ਕਾਰਨ 3 ਮਾਰਚ 2011 ਨੂੰ ਗਿਆਸਪੁਰ (ਲੁਧਿਆਣੇ) ਰਹਿੰਦੇ ਆਪਣੇ ਮਾਤਾ-ਪਿਤਾ ਜੀ ਨੂੰ ਗੁੜਗਾਵਾਂ ਬੁਲਾ ਲਿਆ ਸੀ। ਉਸੇ ਰਾਤ ਨੂੰ ਸਰਾਰਤੀ ਅਨਸਰਾਂ ਨੇ ਘਰ ਦੀ ਲੁੱਟ ਮਾਰ ਕੀਤੀ। ਘਰ ਦਾ ਸਾਰਾ ਸਮਾਨ ਲੈ ਗਏ । ਘਰੇ ਪਏ ਕੱਪੜਿਆਂ , ਹੱਥ ਲਿਖਤਾਂ ਨੂੰ ਬੁਰੀ ਤਰ੍ਹਾਂ ਖਰਾਬ ਕਰ ਗਏ। ਸ਼ਾਇਦ ਉਹਨਾਂ ਦੀ ਸ਼ਾਜਿਸ ਸੀ ਕਿ ਮੈਂ ਹੋਦ (ਚਿੱਲੜ) ਅਖੰਡ ਪਾਠ ਵਾਲਾ ਪਰੋਗਰਾਮ ਵਿੱਚੇ ਛੱਡ ਚੋਰੀ ਦੇਖ, ਘਰ ਨੂੰ ਭੱਜਾਂਗਾ। ਪਰ ਉਹਨਾਂ ਨੇ ਸਾਇਦ ਗਲਤ ਸਮਝ ਲਿਆ ਸੀ। ਜਿਸ ਦਿਨ ਦਾਸ ਨੇ ਇਹ ਕੰਮ ਅਰੰਭਿਆ ਸੀ ਉਸੇ ਦਿਨ ਮਨ ਵਿੱਚ ਆਇਆ ਸੀ ਕਿ ਭਾਰਤੀ "ਲੋਕਤੰਤਰ" ਨਾਲ਼ ਸਿੱਧੀ ਟੱਕਰ ਲੈ ਰਿਹਾ ਹਾਂ, ਸ਼ਹੀਦੀ ਵੀ ਹੋ ਸਕਦੀ ਹੈ। ਇਸੇ ਕਾਰਨ ਮਨ ਨੂੰ ਮਜਬੂਤ ਕਰ ਲਿਆ ਸੀ। ਇਹ ਗੱਲ ਵੀ ਪੱਕੀ ਹੈ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਹਨਾਂ ਦਾ ਕਰੂਰ ਚਿਹਰਾ ਕੁੱਲ ਦੁਨੀਆ ਨੂੰ ਦਿਖਾਉਂਦਾ ਰਹਾਂਗਾ। ਛੇ  ਮਾਰਚ ਭੋਗ ਵਾਲਾ ਸਮਾਗਮ ਬਹੁਤ ਹੀ ਵਧੀਆ ਰਿਹਾ। ਛੇ ਮਾਰਚ ਭੋਗ ਵਾਲੇ ਦਿਨ ਸ੍ਰੀ ਅਕਾਲ ਤਕਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਇਸੇ ਜਗ੍ਹਾ ਸਿੱਖ ਨਸਲਕੁਸ਼ੀ ਦੀ ਸਮਾਰਕ ਬਣਾਉਣ ਵਾਸਤੇ 50 ਲੱਖ ਰੁਪੈ ਰੱਖੇ ਹਨ। ਸ:ਕਰਨੈਲ ਸਿੰਘ ਪੀਰਮੁਹੰਮਦ ਨੇ 13 ਲੱਖ ਸਿੱਖਸ ਫਾਰ ਜਸਟਿਸ ਵਲੋਂ ਦੇਣ ਦਾ ਐਲਾਨ ਕੀਤਾ। ਸੰਤ ਬਲਜੀਤ ਸਿੰਘ ਦਾਦੂਵਾਲ ਨੇ ਇੱਕ ਲੱਖ ਰੁਪੈ ਦੇਣ ਦਾ ਐਲਾਨ ਕੀਤਾ। ਕੁਝ ਕੈਸ਼ ਰੁਪਏ ਸਟੇਜ ਦੇ ਉਪਰ ਬਿਨਾ ਪਰਚੀ ਤੋਂ ਵੀ ਇਕੱਠੇ ਹੋਏ, ਜੋ ਲੋਕਾਂ ਨੇ ਦਵਿੰਦਰ ਸਿੰਘ ਸੋਢੀ ਨੂੰ ਫੜਾਏ । ਸੱਭ ਦੀ ਪੂਰੀ ਡੀਟੇਲ ਤੇ ਕੈਸ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਜਨਰਲ ਸੈਕਟਰੀ ਦਵਿੰਦਰ ਸਿੰਘ ਸੋਢੀ ਦੇ ਕੋਲ਼ ਹੈ। ਦਾਸ ਪਰੋਗਰਾਮ ਦੇ ਇੰਤਜਾਮਾ ਦੇ ਚੱਕਰ ਵਿੱਚ ਪੂਰੇ ਪਰੋਗਰਾਮ ਦੀ ਮੂਵੀ ਬਣਾਉਣੀ ਹੀ ਭੁੱਲ ਗਿਆ। ਛੇ ਤਰੀਕ ਨੂੰ ਕੀਰਤਪੁਰ ਸਾਹਿਬ ਮਿੱਟੀ ਲੈ ਜਾਣ ਦਾ ਪਰੋਗਰਾਮ ਸੀ , ਉਹ ਕਿਵੇਂ ਮੁਲਤਵੀ ਹੋ ਗਿਆ ਪਤਾ ਹੀ ਨਹੀਂ ਲੱਗਾ। ਕੀਰਤਪੁਰ ਸਾਹਿਬ ਮਿੱਟੀ ਲੈ ਜਾਣ ਦਾ ਪ੍ਰੋਗਰਾਮ ਦੋ ਵਾਰ ਮੁਲਤਵੀ ਹੋਇਆ। ਪਹਿਲਾਂ 26 ਫਰਵਰੀ ਨੂੰ ਚੱਲਣਾ ਸੀ, 27 ਫਰਵਰੀ ਨੂੰ ਕੀਰਤਪੁਰ ਸਾਹਿਬ ਪਹੁੰਚਣਾ ਸੀ, ਉਸ ਨੂੰ ਵਿਦੇਸ਼ੀ ਵੱਸਦੀਆਂ ਸੰਗਤਾਂ ਦੇ ਹੁਕਮਾਂ ਨੂੰ ਸਿਰਮੱਥੇ ਮੰਨਦਿਆ ਮੁਲਤਵੀ ਕਰਨਾ ਪਿਆ। ਫਿਰ 6 ਮਾਰਚ ਵਾਲਾ ਕਿਵੇਂ ਮੁਲਤਵੀ ਹੋਇਆ ਕੋਈ ਸਮਝ ਨਹੀਂ ਆਈ, ਤਿਆਰੀ ਪੂਰੀ ਸੀ ਐਨ ਟਾਈਮ ਤੇ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਨੇ ਕਿਹਾ ਕਿ ਜਥੇਦਾਰ ਸਾਹਿਬ ਕਹਿ ਕੇ ਗਏ ਹਨ, ਏਦਾਂ ਤੁਸੀਂ ਮਿੱਟੀ ਨਹੀ ਲੈ ਜਾ ਸਕਦੇ। ਪੰਜ ਪਿਆਰੇ ਹੋਣੇ ਚਾਹੀਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਵੀ ਹੋਣੇ ਚਾਹੀਦੇ ਹਨ। ਅੱਜ ਦਾ ਪ੍ਰੋਗਰਾਮ ਕੈਂਸਲ ਕਰੋ ਅਸੀਂ ਚੱਲਦੇ ਹਾਂ, ਕੱਲ੍ਹ ਨੂੰ ਤੁਸੀਂ ਗੁੜਗਾਉਂ ਦੀਆਂ ਸੰਗਤਾਂ ਨੂੰ ਨਾਲ਼ ਲੈ ਕੇ ਚੰਡੀਗੜ੍ਹ ਆ ਜਾਣਾ। ਆਖਰ ਗੁੜਗਾਉਂ ਦੀਆਂ ਸੰਗਤਾਂ ਤੇ ਦਾਸ ਦਾ ਪੂਰਾ ਪਰਿਵਾਰ 8 ਮਾਰਚ ਨੂੰ ਚੱਲੇ ਤੇ 9 ਮਾਰਚ ਨੂੰ ਕੀਰਤਪੁਰ ਸਾਹਿਬ ਜਾ ਹੀ ਆਏ। ਇਸ  ਸਬੰਧ ਵਿੱਚ 32 ਬੰਦਿਆਂ ਦੀ ਸ਼ਹੀਦੀ ਦੇ ਸਬੂਤ ਵਜੋਂ ਕੀਰਤਪੁਰ ਸਾਹਿਬ ਰਜਿਸਟਰ ਵਿੱਚ ਵੀ ਦਾਸ ਨੇ ਦਰਜ ਕਰਵਾਇਆ। ਇਸ ਦੇ ਬਾਰ-ਬਾਰ ਮੁਲਤਵੀ ਹੋਣ ਦਾ ਅਸਲ ਕਾਰਨ ਮੇਰਾ ਆਪਣਾ ਮਨ ਹੀ ਇਸ ਨੂੰ ਪਾਖੰਡ ਆਖ ਰਿਹਾ ਸੀ ਪਰ ਫਿਰ ਵੀ ਦਾਸ ਕਿਸੇ ਦੀ ਭਾਵਨਾ ਨੂੰ ਆਹਤ ਨਹੀਂ ਸੀ ਕਰਨਾ ਚਹੁੰਦਾ, ਇਸੇ ਕਾਰਨ ਜੋ ਜਿਵੇਂ ਕਹੀ ਗਿਆ ਮੰਨੀ ਗਿਆ। ਸਾਇਦ ਇਸੇ ਕਾਰਨ ਇਸ ਵਿਚ ਆਪਣੀ ਡਿਕਟੇਰਟਸਿਪ ਨਹੀਂ ਘੋਟੀ, ਤਾਂ ਹੀ ਇਹ ਬੇ-ਪੈਂਦੇ ਦੇ ਲੋਟੇ ਵਾਗੂੰ ਕਦੇ ਏਧਰ ਕਦੇ ਉਧਰ ਨੂੰ ਲੁੜਕਦਾ ਗਿਆ। ਇਸਤੋਂ ਬਾਦ 11 ਮਾਰਚ ਨੂੰ ਦੁਬਾਰਾ ਆਪਣੀ ਨੌਕਰੀ ਨੂੰ ਜੁਆਇਨ ਕੀਤਾ। ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਹਨਾਂ ਧਰਮ-ਨਿਰਪੱਖਤਾ ਦਾ ਨਕਾਬ ਲਾਹ, ਗੰਗੂ ਦੀ ਰੂਹ ਨੂੰ ਸਾਹਮਣੇ ਲਿਆ ਨੌਕਰੀ ਤੋਂ ਜੁਆਬ ਦੇ ਦਿਤਾ। ਪੰਡਤ ਬਹੁਤ ਚਲਾਕ ਹੈ, ਪਿਠ ਵਿਚ ਵਾਰ ਵੀ ਕਰਦਾ ਹੈ ਤੁਹਾਡੇ ਨਾਲ਼ ਹਮਦਰਦੀ ਵੀ ਦਿਖਾਉਂਦਾ ਹੈ। ਗੱਲਾਂ-ਗੱਲਾ ਵਿੱਚ ਕਿਹਾ ਤੁਹਾਨੂੰ ਹੁਣ ਇਹ ਗੁੜਗਾਉਂ ਛੱਡ ਕੇ ਵੀ ਚਲੇ ਜਾਣਾ ਚਾਹੀਦਾ ਹੈ, ਕਿਉਂਕਿ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਇਹ ਸਾਨੂੰ ਗੁਲਾਮ ਹੀ ਸਮਝਦੇ ਨੇ “ਗੁਲਾਮ ਉਹ ਹਨ ਜਿਨ੍ਹਾ ਨੇ ਆਪਣੇ ਵਿਚਾਰਾਂ ਦੀ ਆਜਾਦੀ ਗੁਆ ਲਈ। ਵਾਹਿਗੁਰੂ ਅੱਗੇ ਏਹੋ ਅਰਦਾਸ ਹੈ ਕਿ ਕਿਸੇ ਦੇ ਪਰਨੇ ਪੈਣ ਤੋਂ ਬਚਾਵੇ ਤੇ ਵਿਚਾਰਾਂ ਦੀ ਆਜਾਦੀ ਬਖ਼ਸੀ ਰੱਖੇ।
ਆਖਰ ਵਿੱਚ ਦਾਸ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਦਾਸ ਅਜੇ ਤੱਕ ਕਿਸੇ ਵੀ ਪਾਰਟੀ ਨਾਲ਼ ਨਹੀਂ ਜੁੜਿਆ ਨਾਂ ਹੀ ਜੁੜਨਾ ਚਹੁੰਦਾ ਹਾਂ। ਦਾਸ ਇੱਕ ਨਿਮਾਣਾ ਜਿਹਾ ਲੇਖਕ ਹੈ, ਲੇਖਕ ਦਾ ਕੰਮ ਆਪਣੀ ਅਵਾਜ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ, ਲੋਕ ਆਪਣੀ ਸਮਝ ਅਨੁਸਾਰ ਕੁਝ ਵੀ ਕਰ ਸਕਦੇ ਹਨ। ਇਸੇ ਤਰੀਕੇ ਦਾਸ ਨੇ 9 ਮਾਰਚ 2011 ਤੱਕ ਜੋ ਕੀਤਾ ਉਹ ਸੱਭ ਸੰਗਤਾ ਦੇ ਸਾਹਮਣੇ ਹੈ। ਦਾਸ ਸੁਰੂ ਵਿੱਚ ਹੀ ਕਹਿ ਰਿਹਾ ਸੀ ਕਿ ਇਹ ਪੂਰਾ ਕੰਮ ਗੁਰੂ ਪੰਥ ਦਾ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਪੂਰੇ ਪਰਜੈਕਟ ਨੂੰ ਪੰਥ ਦੀ ਹਾਜਰੀ ਵਿੱਚ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਇਸ ਲਈ ਕੋਈ ਕਮੇਟੀ ਵੀ ਬਣੀ ਹੈ ਜਾਂ ਨਹੀਂ ਦਾਸ ਨੂੰ ਕੁਝ ਵੀ ਪਤਾ ਨਹੀਂ ਨਾ ਹੀ ਕੋਈ ਦਿਲਚਸਪੀ ਹੈ। ਹਾਂ ਅਗਰ ਸਿੱਖ ਸੰਗਤ ਕੋਈ ਜਿੰਮੇਵਾਰੀ ਦੇਣੀ ਚਾਹੇਗੀ ਤਾਂ ਅਜ਼ਾਦ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਡਿਕਟੇਟਰਸ਼ਿਪ ਵਿੱਚ ਪੰਥ ਲਈ ਕੁਝ ਵੀ ਕਰਨ ਲਈ ਤਿਆਰ ਹਾਂ। ਗੁਲਾਮ ਜਾਂ ਕਿਸੇ ਦਾ ਹੱਥ-ਠੋਕਾ ਬਣ ਕੇ ਕੁਝ ਵੀ ਨਹੀਂ ਕਰ ਸਕਦਾ। ਕੋਈ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ ਹੋਵੇ ਤਾਂ ਸੰਗਤ ਬਖ਼ਸਣਯੋਗ ਹੈ ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ।

ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ 
ਮੋ. 9136277750 // 9872099100




ਪਿੰਡ :ਗਿਆਸਪੁਰ, ਡਾਕ.ਢੰਡਾਰੀ ਕਲਾਂ.
ਜਿਲ੍ਹਾ ਲੁਧਿਆਣਾ।

1 comment:

gurmit kaur mit said...

84 nu bhul gye sare.ajje tak asi apna dhan maal luta ke suchet nhi hoye... dubara dhan kattha kari ja rahe han te ik hor 84 vargi ghatna da intejar karija rahe han,,,kyon nhi apne nu guru charna vich samarpit kar sake kyon guru di parteet ton vanjhe reh gye han...?ajje tak 300 saala visakhi mna ke kyon amrit di daat ton vanjhe ne sade bache?sabak nhi sikhya na asi 84 ton?jad ki guru sahib a hukam si "jab lag khalsa rahe niara tab lag tej diyon main sara,
jab eh gahe bipran ki reet main na karon inki parteet..."kyon ajje tak khalsa niara nahi ban sakeya.. bhul gye na 84 nu?????