Wednesday, March 09, 2011

ਚਲੋ ਚਿੰਗਾਰੀ ਸੁਲਗੀ ਹੈ.. ਗਿਆਨ ਦਾ ਭਾਂਬੜ ਵੀ ਬਣੇਗੀ.


ਕੱਲ ਰਾਤ ਮਹਿਲਾ ਦਿਵਸ ਦੇ ਮੌਕੇ ਤੇ ਖਬਰਾਂ ਦੇਖ ਰਿਹਾ ਸਾਂ ਤਾਂ ਇੱਕ ਖਬਰ ਆਈ ਕਿ ਦੇਸ਼ ਦੀ ਰਾਜਧਾਨੀ ਵਿੱਚ ਇੱਕ ਨੌਜਵਾਨ ਲੜਕੀ ਦੀ ਹੱਤਿਆ ਕਰ ਦਿੱਤੀ ਗਈ. ਮਨ ਵਿੱਚ ਆਇਆ ਕਿ ਕੀ ਸੋਚਦੀ ਹੋਵੇਗੀ ਉਹ ਆਪਣੇ ਅੰਤਲੇ ਵੇਲੇ ਇਸ ਅੰਤਰਰਾਸ਼ਟਰੀ ਦਿਨ ਬਾਰੇ ਅਤੇ ਇਸਨੂੰ ਮਨਾਉਣ ਲਈ ਹੁੰਦੇ ਰੌਲੇ ਰੱਪੇ ਵਾਲੇ ਅਡੰਬਰਾਂ  ਬਾਰੇ ? ਕੀ ਆਇਆ ਹੋਵੇਗਾ ਉਸ ਬੇਰਹਿਮ ਕਾਤਿਲ ਦੇ ਮਨ ਵਿੱਚ ਜਿਸ ਨੇ ਇਸ ਨਾਰੀ ਦਿਵਸ ਦੇ ਮੌਕੇ ਤੇ ਉਸਨੂੰ ਕਤਲ ਕਰ ਦਿੱਤਾ? ਕੀ ਸੋਚਦੀਆਂ ਹੋਣਗੀਆਂ ਕਤਲ ਕੀਤੀ ਗਈ ਉਸ ਮੁਟਿਆਰ ਦੀਆਂ ਸਹੇਲੀਆਂ ਅਤੇ ਹੋਰ ਪਰਿਵਾਰਿਕ ਔਰਤਾਂ? ਦਿਮਾਗ ਵਿੱਚ ਇਹ ਲੜੀ ਅਜੇ ਚੱਲ ਹੀ ਰਹੀ ਸੀ ਕਿ ਇੱਕ ਹੋਰ ਖਬਰ ਆਈ ਕਿ ਸੂਰਤ ਵਿੱਚ ਇੱਕ ਗਰਭਵਤੀ ਔਰਤ ਨੂੰ ਹਸਪਤਾਲ 'ਚੋਂ ਕਢ ਦਿੱਤਾ ਗਿਆ ਕਿਓਂਕਿ ਉਸ ਲਈ ਹਸਪਤਾਲ ਵਿੱਚ ਕੋਈ ਬੈਡ ਖਾਲੀ ਨਹੀਂ ਸੀ. ਉਸ ਨੇ ਖੁੱਲੇ ਅਸਮਾਨ  ਹੇਠਾਂ ਆਪਣੇ ਦੋ ਬੱਚਿਆਂ ਨੂੰ ਜਨਮ ਦਿੱਤਾ. ਇੱਕ ਕੁੜੀ ਤੇ ਇੱਕ ਮੁੰਡਾ. ਦਿਮਾਗ ਵਿੱਚ ਫਿਰ ਖਿਆਲ ਆਇਆ ਕਿ ਕੀ ਸੋਚਦੀ ਹੋਵੇਗੀ ਇਹ ਮਾਂ ਇਸ ਮਹਿਲਾ ਦਿਵਸ ਬਾਰੇ ਜੋ ਉਸਨੂੰ ਅਜਿਹੇ ਨਾਜ਼ੁਕ ਮੌਕੇ ਤੇ ਇੱਕ ਬੈਡ ਵੀ ਨਾ ਦੇ ਸਕਿਆ. ਅਜਿਹੀਆਂ ਖਬਰਾਂ ਨਾਲ ਮਨ ਉਦਾਸ ਹੋ ਗਿਆ. ਸਵੇਰੇ ਇੱਕ ਮਿੱਤਰ ਨਾਲ ਚੰਡੀਗੜ੍ਹ ਜਾਣਾ ਸੀ ਸੋ ਅਧੀ ਰਾਤ ਹੋਈ ਤਾਂ ਸੋਚਿਆ ਕਿ ਹੁਣ ਸੌਂ ਜਾਣਾ ਚਾਹੀਦਾ ਹੈ ਤਾਂ ਕਿ ਸਵੇਰੇ ਜਲਦੀ ਉਠਿਆ ਜਾ ਸਕੇ.ਪਰ ਨੀਂਦ ਕਿਥੇ. ਤਿੰਨ ਕੁ ਵਜੇ ਫਿਰ ਕੰਪਿਊਟਰ ਆਨ ਕੀਤਾ ਤਾਂ ਸਾਹਮਣੇ ਸੀ ਸ਼ਸ਼ੀ ਸਮੁੰਦਰਾ ਵੱਲੋਂ ਟੈਗ ਕੀਤੀ ਇੱਕ ਨਵੀਂ ਪੋਸਟ. . 
ਮੇਰੇ ਲਈ 'ਵੁਮਨਜ਼ ਡੇ ' ਦਾ ਮਤਲਬ :ਸ਼ਸ਼ੀ ਦੀ ਰਚਨਾ ਸੀ ਪੜ੍ਹਨੀ ਹੀ ਪੈਣੀ ਸੀ ਕਿਓਂਕਿ ਸ਼ਸ਼ੀ ਬਹੁਤ ਘੱਟ ਲਿਖਦੀ ਹੈ ਪਰ ਜਦੋਂ ਲਿਖਦੀ ਹੈ ਤਾਂ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੀ ਹੈ. ਵਾਵਰੋਲਿਆਂ ਨੂੰ ਜਗਾਉਣ, ਉਹਨਾਂ ਦਾ ਰਿਮੋਟ ਕੰਟ੍ਰੋਲ ਆਪਣੇ ਕੋਲ ਰੱਖਣ ਅਤੇ ਫਿਰ ਸਾਰੀਆਂ ਬੇਚੈਨੀਆਂ ਦੇ ਬਾਵਜੂਦ ਸ਼ਾਂਤੀ ਵਰਤਾਉਣ ਦੀ ਕਲਾ ਵਿੱਚ ਉਸ ਨੂੰ ਰੱਬੀ  ਮੁਹਾਰਤ ਹਾਸਿਲ ਹੈ.ਉਸਦੀ ਲਿਖਤ ਪੜ੍ਹ ਕੇ ਤੁਸੀਂ ਕੀ ਸੋਚਦੇ ਹੋ ਮਹਿਲਾ ਦਿਵਸ ਬਾਰੇ ਜ਼ਰੂਰ ਦੱਸਣਾ. -ਰੈਕਟਰ ਕਥੂਰੀਆ 
ਮੇਰੇ ਲਈ 'ਵੁਮਨਜ਼ ਡੇ ' ਦਾ ਮਤਲਬ
*** ਕਿ, ਮੇਰੀਆਂ ਧੀਆਂ ਆਪਣੀ ਮਰਜੀ ਦੇ ਵਾਲ ਬਣਾ, ਤੇ ਕਪੜੇ ਪਾ ਬਾਜ਼ਾਰ 'ਚ ਤੁਰ ਸਕਣ | ਤੇ ਆਦਮੀ ਉਨ੍ਹਾਂ ਨੂੰ ਦੇਖ ਉਨ੍ਹਾਂ ਦੇ ਕਰੈਕਟਰ ਬਾਰੇ ਜਜਮੈਂਟ ਬਣਾਉਂਦੇ ਸੀਟੀਆਂ ਤੇ ਅਖਾਂ ਨਾ ਮਾਰਨ,ਮਜ਼ਾਕ ਕਰਕੇ ਨਾ ਹੱਸਣ, ਚੂੰਢੀਆਂ ਨਾ ਵਢਣ !
***ਕਿ, ਓਹ ਸਕੂਲ, ਕਾਲਜ, ਯੂਨੀਵਰਸਿਟੀ ਵਿੱਚ ਮੁੰਡਿਆਂ ਬਰਾਬਰ ਪੜ੍ਹ ਸਕਣ | ਤੇ ਇਨ੍ਹਾਂ ਵਿਦਿਅਕ ਸੰਸਥਾਵਾਂ ਦਾ ਮਾਹੌਲ ਅਜਿਹਾ ਨਾ ਹੋਵੇ ਜਿਥੇ ਉਨ੍ਹਾਂ ਨੂੰ ਸਿਰ ਝੁਕਾ ਡਰ ਡਰ ਕੇ ਤੁਰਨਾ ਪਵੇ !
***ਕਿ, ਜੇ ਓਹ ਚਾਹੁਣ ਤਾਂ ਆਪਣੀ ਯੋਗਤਾ ਮੁਤਾਬਿਕ ਨੌਕਰੀ ਜਾਂ ਬਿਜ਼ਨਸ ਕਰ ਸਕਣ ! ਤੇ ਕੰਮ 'ਤੇ ਮਰਦ ਬੌਸਾਂ ਤੇ ਹੋਰਾਂ ਵੱਲੋਂ ਉਹਨਾ ਨੂੰ ਕਿਸੇ ਤਰੀਕੇ ਵਰਤਣ / ਬਲੈਕ ਮੇਲ ਕਰਨ ਦੀ ਕੋਸ਼ਿਸ਼ ਨਾ ਕੀਤਾ ਜਾਵੇ !   
***ਕਿ, ਉਨ੍ਹਾਂ ਨੂੰ ਆਪਣੀ ਮਰਜੀ ਦਾ ਦੋਸਤ / ਪਤੀ ਚੁਣਨ ਜਾਂ ਨਾ ਚੁਣਨ ਦਾ ਹੱਕ ਹੋਵੇ | ਤੇ ਓਹ ਕਿਸੇ ਦੀ ਵੀ ਨਜ਼ਰ ਵਿੱਚ " ਬੇਗਾਨਾ ਧਨ " ਤੇ " ਬਿਗਾਨੇ ਘਰ ਦੀਆਂ " ਬਣ ਕੇ ਸਾਰੀ ਜ਼ਿੰਦਗੀ ਕੱਟਣ ਲਈ ਮਜਬੂਰ ਨਾ ਹੋਣ !
***ਕਿ, ਵਿਆਹ ਕਰਨ 'ਤੇ ਉਨ੍ਹਾਂ ਨੂੰ ਮਾਪਿਆਂ ਦਾ ਜੱਦੀ ਨਾਮ ਛੱਡ, ਸਹੁਰਿਆਂ ਦਾ ਨਾਮ ਰਖਣ ਲਈ ਮਜਬੂਰ ਨਾ  ਕੀਤਾ ਜਾਵੇ ! 
***ਕਿ, ਇੱਕ ਅਜਿਹਾ ਸਮਾਜ ਬਣੇ ਜਿਥੇ ਮੁੰਡੇ / ਮਰਦ ਹਰ ਪੈਰ 'ਤੇ ਉਹਨਾ ਨੂੰ ਬਲੈਕ ਮੇਲ ਨਾ ਕਰ ਸਕਣ !
***ਕਿ, ਦੁਨੀਆਂ ਵਿੱਚ ਓਹ ਅਜਿਹਾ ਤਮਾਸ਼ਾ ਨਾ ਬਨਣ ਜਿਵੇਂ ਮੈਨੂੰ, ਉਨ੍ਹਾਂ ਦੀ ਮਾਂ ਨੂੰ,ਬਣਾਇਆ ਗਿਆ...!
***ਕਿ, ਓਹ ਸਭ ਤਸੀਹੇ ਜਿਹੜੇ ਮੈਨੂੰ ਝੱਲਣੇ ਪਏ, ਉਨ੍ਹਾਂ 'ਚੋਂ ਮੇਰੀਆਂ ਧੀਆਂ ਨੂੰ ਨਾ ਲੰਘਣਾ ਪਵੇ !
***ਕਿ, ਲੋਕ ਮੇਰੇ ਕੋਲ ਆ ਕੇ ਅਫ਼ਸੋਸ ਨਾ ਕਰਨ ਕਿ ਮੇਰੇ ਸਿਰਫ਼ ਕੁੜੀਆਂ ਜੰਮੀਆਂ, ਮੁੰਡੇ ਨਹੀਂ !
                                           ਸ਼ਸ਼ੀ ਸਮੁੰਦਰਾ 3 / 8 / 11 (ਪੋਸਟਿੰਗ ਟਾਈਮ:ਰਾਤ 10:37) 
ਇਸ ਬਾਰੇ ਲੋਕ ਰਾਜ ਜੀ ਨੇ ਕਿਹਾ,"ਤੁਹਾਡੇ ਨਾਲ ਸਹਿਮਤ ਹਾਂ....ਵੈਸੇ ਜਦੋਂ ਅਸੀਂ ਹਰ ਥਾਂ ਬਰਾਬਰੀ ਦੀ ਗੱਲ ਕਰਦੇ ਹਾਂ, ਓਥੇ ਅੱਜ ਦਾ ਦਿਨ ਰਾਖਵਾਂ ਰਖ ਕੇ ਅਸੀਂ ਇਹ ਕਬੂਲ ਕਰ ਰਹੇ ਲੱਗਦੇ ਹਾਂ ਕੀ ਬਰਾਬਰੀ ਅਜੇ ਹੈ ਨਹੀਂ ਤੇ ਇਸ ਵਾਸਤੇ ਸੁਚੇਤ ਯਤਨ ਕਰਨ ਦੀ ਲੋੜ ਹੈ.


ਸਾਡੀ ਇਕ ਬੇਟੀ ਹੀ ਹੈ ਤੇ ਹੋਰ ਕੋਈ ਔਲਾਦ ਨਾ ਪੈਦਾ ਕਰਨ ਦਾ ਸਾਡਾ ਸੁਚੇਤ ਫੈਸਲਾ ਸੀ ਜਿਸ ਤੇ ਅੜੇ ਰਹਿਣ ਲਈ ਸਾਨੂ ਬਹੁਤ ਸਾਰੇ ਨਜਦੀਕੀ ਤੇ ਦੂਰ ਦੇ ਰਿਸ਼ਤੇਦਾਰਾਂ ਨੂ ਚੁੱਪ ਵੀ ਕਰਵਾਉਣਾ ਪਿਆ...
ਜਦੋਂ ਬੇਟੀ ਦਾ ਜਨਮ ਹੋਇਆ ਸੀ, ਮੈਂ ਉਦੋਂ ਚੰਡੀਗੜ੍ਹ ਸੀ ਪੀ.ਜੀ.ਆਈ. ਵਿਚ.....ਲੇਬਰ ਰੂਮ ਵਾਲਿਆਂ ਲਈ ਜਦੋਂ ਮੈਂ ਮਿਠਾਈ ਲਈ ਕੇ ਗਿਆ ਤਾਂ ਕਈਆਂ ਨੂ ਲੱਗਿਆ ਕੀ ਸ਼ਾਇਦ ਮੈਨੂ ਭੁਲੇਖਾ ਲੱਗ ਗਿਆ ਹੈ......ਕਈਆਂ ਦੇ ਚੇਹਰੇ ਯਾਦ ਕਰ ਕੇ ਮੈਨੂ ਅਜੇ ਵੀ ਹਾਸਾ ਆ ਜਾਂਦਾ ਹੈ......ਆਪਣੇ ਡਿਪਾਰਟਮੈਂਟ ਵਿਚ ਮਿਠਾਈ ਵੰਡਦੇ ਹੋਏ ਵੀ ਕੁਝ ਦੇ ਰਿਐਕ੍ਸ੍ਹ੍ਨ ਐਸੇ ਹੀ ਸਨ.

ਕੁਝ ਮਹੀਨੇ ਪਹਿਲਾਂ ਮੈਂ ਆਪਣੇ ਸਟੇਟਸ ਵਿਚ ਵੀ ਲਿਖਿਆ ਸੀ ਕਿ ਜਦੋਂ ਅਸੀਂ ਆਪਣੀਆਂ ਧੀਆਂ ਨੂ ਇਹ ਕਹਿੰਦੇ ਹਾਂ ,"ਤੂੰ ਤਾਂ ਮੇਰਾ ਪੁੱਤ ਹੈਂ" ਜਾਂ ਹੋਰ ਗੱਲਾਂ ਤੇ ਵੀ "ਪੁਤਾਂ ਵਰਗੀ ਧੀ" ਕਹਿੰਦੇ ਰਹਿੰਦੇ ਹਾਂ ਤਾਂ ਅਸਲ ਵਿਚ ਅਸੀਂ ਧੀ ਨੂੰ ਉਸ ਦੇ 'ਪੁਤ ਨਾ ਹੋਣ ਦਾ' ਹੀ ਐਹਸਾਸ ਕਰਵਾ ਰਹੇ ਹੁੰਦੇ ਹਾਂ .....ਮੰਨਿਆ ਕਿ ਅਜੇਹਾ ਕੋਈ ਜਾਂ ਬੁਝ ਕੇ ਨਹੀਂ ਕਰਦਾ, ਪਰ ਸਾਡੀ ਤਰਬੀਅਤ ਹੀ ਇਸ ਤਰਾਂ ਹੋਈ ਹੈ ਸਦੀਆਂ ਤੋਂ ਕਿ ਇਹ ਗੱਲਾਂ ਸਾਡੇ ਸਹਿਜ ਵਤੀਰੇ ਦਾ ਹਿੱਸਾ ਬਣ ਗਈਆਂ ਨੇ, ਜਿਨ੍ਹਾਂ ਨੂ ਸੁਚੇਤ ਹੋ ਕੇ ਪਛਾਨਣ ਤੇ ਬਦਲਣ ਦੀ ਲੋੜ ਹੈ.
 ਡਾਕਟਰ ਸੁਸ਼ੀਲ ਰਹੇਜਾ ਨੇ ਕਿਹਾ ਕੀ ਕਾਸ਼ ...ਸਭ ਦੇ ਮਨਾਂ ਵਿਚ ਹੀ ਤੁਹਾਡੇ ਵਰਗੇ ਵਿਚਾਰ ਸਮਾ ਜਾਣ ......
ਮੋਹਿੰਦਰ ਰਿਸ਼ਮ ਹੁਰਾਂ ਕਿਹਾ ਲੋਕ ਰਾਜ ਜੀ, ਤੁਹਾਡਾ  ਕੋਮੈੰਟ  ਪੜ੍ਹ ਕੇ ਮੇਨੂੰ ਰਸ਼ਪਿੰਦਰ ਰਸ਼ਿਮ ਦਾ ਨਾਵਲ "ਔਰਤ ਮਨਫ਼ੀ ਮਰਦ" ਯਾਦ ਆ  ਗਿਆ ਹੈ....!
ਇਕ਼ਬਾਲ ਗਿੱਲ ਜੀ ਨੇ ਕਿਹਾ ਕਿ ਮਨ ਖੁਸ਼ ਹੋ ਗਿਆ ਇਹ ਜਾਣਕੇ ਕਿ ਅਸੀਂ ਸਹੀ ਪਾਸੇ ਵੱਲ ਸਫਰ ਕਰ ਰਹੇ ਹਾਂ ਉਹ ਵਕਤ ਛੇਤੀ ਆ ਜਾਵੇਗਾ ਜਿਹਾ ਤੁਸੀਂ ਸੁਪਨਾ ਡਿਠਾ ਹੈ |
ਮਨਜੀਤ ਹਰਜਾਈ ਹੁਰਾਂ ਕਿਹਾ  ਮੇਂ ਤੁਹਾਡੇ ਵਿਚਾਰਾਂ ਨਾਲ ਬਿਲਕੁਲ ਸੇਹ੍ਮਤ ਹਾਂ. ਤੁਹਾਡਾ ਨਜ਼ਰੀਆ ਬਿਲ ਕੁਲ ਵਾਜਿਬ ਹੈ. 

ਮੇਂ ਇਹ ਕੇਹਨਾ ਚਾਹਵਾਂ ਗਾ ਕੇ ਮੇਰੀਆਂ ਧੀਆਂ ਨੂੰ ਇਹ ਵੀ ਅਧਿਕਾਰ ਮਿਲਣਾ ਚਾਹਿਦਾ ਹੈ,
ਕਿ ਸਮਾਜ ਵਿਚ ਰਹਿ  ਕੇ ਓਹ ਆਪਣੀ ਜਿੰਦਗੀ ਦਾ ਸਚਾ ਅਤੇ ਸਹੀ ਰਾਹ ਚੁਣ ਸਕਣ
ਅਤੇ ਇਕ ਸਭਿਅਕ ਅਤੇ ਅਜਾਦ ਜਿੰਦਗੀ ਜੀ ਸਕਣ. ਧੰਨਵਾਦ ਸਹਿਤ.

ਦਿਲਾਵਰ ਚਾਹਲ  ਵੀ ਸ਼ਸ਼ੀ ਜੀ ਨਾਲ ਪੂਰੀ ਤਰਾਂ ਸਹਿਮਤ ਹਨ  
ਗੁਰਮੀਤ ਬਚੜਾ ਜੀ ਵੀ ਅਤੇ  ਜਤਿੰਦਰ ਲਸਾੜਾ ਜੀ ਵੀ.  ਗਗਨਦੀਪ ਢਿੱਲੋਂ ਨੇ ਇਸ ਨੂੰ ਮਹਾਨ ਵਿਚਾਰ ਦੱਸਿਆ . 
ਪਰਮਿੰਦਰ ਸਿੰਘ ਨੇ ਬੜੇ ਜ਼ੋਰਦਾਰ ਢੰਗ ਨਾਲ ਸ਼ਸ਼ੀ ਜੀ ਦਾ ਸਮਰਥਾ ਕੀਤਾ ਅਤੇ  ਨੌਜਵਾਨ ਪੱਤਰਕਾਰ ਤਰਸੇਮ  ਦੇਓਗਨ ਨੇ ਕਿਹਾ ਕਿ ਅਸਲ  ਮਸਲਾ ਤਾਂ ਇਹੀ ਹੈ.. ਚਲੋ ਚਿੰਗਾਰੀ ਸੁਲਗੀ  ਹੈ.. ਗਿਆਨ ਦਾ ਭਾਂਬੜ ਵੀ ਬਣੇਗੀ.. ਅਮੀਨ. ਆਪਣੀ ਪੋਸਟ ਸਕਰਿਪਟ ਵਿੱਚ ਸ਼ਸ਼ੀ ਸਮੁੰਦਰਾ ਨੇ ਲਿਖਿਆ. ਤੇ ਇਹ ਵੀ ਕਿ ਲੋਕਾਂ ਵਿੱਚ ਮੇਰੀਆਂ ਧੀਆਂ ਆਪਣੀਆਂ ਇਨਸਾਨੀ ਕਦਰਾਂ-ਕੀਮਤਾਂ ਕਰਕੇ ਜਾਣੀਆਂ ਜਾਣ, ਨਾ ਕਿ ਉਨ੍ਹਾਂ ਦੇ ਰੰਗ,ਕੱਦ-ਬੁੱਤ, ਅਖਾਂ, ਨੱਕ, ਮੂੰਹ ਕਰਕੇ, ਅਤੇ,ਨਾ ਹੀ ਕੋਈ ਡਿਗਰੀਆਂ ਤੇ ਪੁਜੀਸ਼ਨਾ ਕਰਕੇ ! ਤੁਸੀਂ ਇਸ ਨਾਲ ਸਹਿਮਤ ਹੋ ਨਾ?ਤੁਹਾਡੇ ਵਿਚਾਰਾਂ ਦੀ ਉਡੀਕ ਵਿੱਚ--ਰੈਕਟਰ ਕਥੂਰੀਆ 

No comments: