Saturday, March 19, 2011

ਸ਼ਹੀਦਾਂ ਨੂੰ ਸ਼ਰਧਾਂਜਲੀ ਦਾ ਇੱਕ ਅੰਦਾਜ਼ ਇਹ ਵੀ ਹੁੰਦਾ ਹੈ...!

ਸ਼ਹੀਦਾਂ ਨੂੰ ਯਾਦ ਕਰਨ ਦਾ ਅੰਦਾਜ਼ ਵੀ ਆਪੋ ਆਪਣਾ ਹੁੰਦਾ ਹੈ. ਇਸ ਵਾਰ ਇਸ ਗੱਲ ਦੀ ਯਾਦ ਦੁਆਈ ਹੈ ਸਤਿੰਦਰ ਸਿੰਘ ਸ਼ਾਹ ਨੇ. ਉਹਨਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ  ਸ਼ਰਧਾਂਜਲੀ ਅਰਪਿਤ ਕਰਨ ਲਈ ਇੱਕ ਵੱਖਰੀ ਕਿਸਮ ਦਾ ਆਯੋਜਨ ਕੀਤਾ ਹੈ. ਘਰ ਵਿੱਚ ਦਾਦਾ ਜੀ ਦੇ ਅਕਾਲ ਚਲਾਣਾ ਕਰ ਜਾਣ ਦੀ ਅਤਿਅੰਤ  ਦੁੱਖਦਾਈ ਘਟਨਾ ਦੇ ਬਾਵਜੂਦ ਵੀ ਉਹ ਆਪਣੇ ਇਸ ਆਯੋਜਨ ਨੂੰ ਕਾਮਯਾਬ ਕਰਨ ਲਈ ਯਤਨਸ਼ੀਲ ਹਨ. ਪ੍ਰਾਪਤ ਵੇਰਵੇ ਮੁਤਾਬਿਕ ਇਸ ਇਵੈਂਟ ਵਿੱਚ ਸ਼ਾਮਿਲ ਹੋਣ ਵਾਲਿਆਂ ਨੇ ਸ਼ਹੀਦਾਂ ਨੂੰ ਯਾਦ ਕਰਨ ਜਾਂ  ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਆਪਣਾ ਖੂਨ ਦਾਨ ਕਰਨਾ ਹੋਵੇਗਾ.ਖੂਨ ਦਾਨ ਕਰਨ ਦੀ ਥਾਂ ਹੋਵੇਗੀ ਖੂਨ ਦਾਨੀ ਦਾ ਨੇੜਲਾ ਹਸਪਤਾਲ. ਇਸ ਮਕਸਦ ਲਈ ਖੂਨ ਦਾਨ ਕਰਨ ਦਾ ਸਮਾਂ ਹੋਵੇਗਾ 23 ਮਾਰਚ ਨੂੰ ਤੜਕੇ ਛੇ ਵਜੇ ਤੋਂ ਸ਼ਾਮ ਦੇ ਸਾਢੇ ਛੇ ਵਜੇ ਤੱਕ. ਇਸ ਬਾਰੇ ਹੋਰ ਵੇਰਵਾ ਤੁਸੀਂ ਪੜ੍ਹ ਸਕਦੇ ਹੋ ਏਥੇ ਕਲਿੱਕ ਕਰਕੇ.
ਖੂਨ ਦਾਨ ਦਾ ਉਪਰਾਲਾ ਅੱਗੇ ਪਿਛੇ ਵੀ ਕਦੇ ਮਾੜਾ ਨਹੀਂ ਗਿਣਿਆ ਜਾਂਦਾ. ਖੂਨ ਦਾਨ ਨਾਲ ਕੋਈ ਨਾ ਕੋਈ ਅਨਮੋਲ ਜ਼ਿੰਦਗੀ ਬਚਦੀ ਹੈ ਅਤੇ ਉਸ ਇਨਸਾਨੀ ਜ਼ਿੰਦਗੀ ਨਾਲ ਹੀ ਇੱਕ ਨਵੀਂ ਤਾਕਤ ਮਿਲਦੀ ਹੈ ਉਸ ਨਾਲ ਜੁੜੇ ਇੱਕ, ਦੋ ਜਾਂ ਕਈ ਵਾਰ ਦੋ ਤੋਂ ਵੀ ਜ਼ਿਆਦਾ ਪਰਿਵਾਰਾਂ ਨੂੰ. ਇਸ ਲਈ ਕਈ ਲੋਕ ਕਿਸੇ ਨਾ ਕਿਸੇ ਅਨਮੋਲ ਜ਼ਿੰਦਗੀ ਨੂੰ ਬਚਾਉਣ ਲਈ ਕਿੰਨੀ ਕਿੰਨੀ ਵਾਰ ਖੂਨ ਦਾਨ ਦੇ ਚੁੱਕੇ ਹਨ ਇਸਦੀ ਸਹੀ ਸਹੀ ਗਿਣਤੀ ਉਹਨਾਂ ਨੂੰ ਖੁਦ ਵੀ ਯਾਦ ਨਹੀਂ ਰਹਿੰਦੀ.ਕਿਸੇ ਲੋੜਵੰਦ ਵਿਅਕਤੀ ਦਾ ਪਤਾ ਲੱਗਣ ਤੇ ਅਜਿਹੇ ਖੂਨ ਦਾਨੀ ਕਿਸੇ ਫਰਿਸ਼ਤੇ ਵਾਂਗ ਚੁਪਚਾਪ ਆਉਂਦੇ ਹਨ, ਆਪਣਾ ਟੈਸਟ ਕਰਵਾਉਂਦੇ ਹਨ ਅਤੇ ਖੂਨ ਦੇ ਕੇ ਚੁੱਪਚਾਪ ਚਲੇ ਜਾਂਦੇ ਹਨ. ਇਹਨਾਂ ਲੋਕਾਂ ਨੇ ਕਈ ਥਾਵਾਂ ਤੇ ਕਲੱਬ ਵੀ ਬਣਾਏ ਹੋਏ ਹਨ. ਜੇ ਕਿਸੇ ਵੇਲੇ ਇੱਕ ਅਧ ਯੂਨਿਟ ਨਾਲ ਕੰਮ ਨਾ ਸਰੇ ਤਾਂ ਅਜਿਹੇ ਵਿਅਕਤੀ ਸਿਰਫ ਇੱਕ ਫੋਨ ਕਾਲ ਨਾਲ ਹੀ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਤੁਰੰਤ ਸੱਦ ਲੈਂਦੇ ਹਨ. ਇਹਨਾਂ ਸੰਸਥਾਵਾਂ ਜਾਂ ਕਲੱਬਾਂ ਦੇ ਇਹਨਾਂ ਮੈਂਬਰਾਂ ਦੇ ਨਾਵਾਂ ਸਾਹਮਣੇ ਉਹਨਾਂ ਦਾ ਫੋਨ ਨੰਬਰ ਅਤੇ ਬਲੱਡ ਗਰੁੱਪ ਵੀ ਲਿਖਿਆ ਹੁੰਦਾ ਹੈ. ਇਹ ਸਭ ਲੋਕ ਬਿਨਾ ਕਿਸੇ ਉਚੇਚ ਦੇ ਅਚਾਨਕ ਉਦੋਂ ਕੰਮ ਆਉਂਦੇ ਹਨ ਜਦੋਂ ਖੂਨ ਦੇਣ ਦੀ ਗੱਲ ਸੁਣ ਕੇ ਨਜ਼ਦੀਕੀ ਰਿਸ਼ਤੇਦਾਰ ਵੀ ਇਧਰ ਓਧਰ ਖਿਸਕ ਜਾਂਦੇ ਹਨ ਜਾਂ ਫੇਰ ਕੋਈ ਆਨਾ ਬਹਾਨਾ ਸੋਚਣ ਲੱਗ ਪੈਂਦੇ ਹਨ. ਮੈਂ ਇਹਨਾ ਫਰਿਸ਼ਤਿਆਂ ਵਰਗੇ ਲੋਕਾਂ ਨੂੰ ਕਾਫੀ ਸਮੇਂ ਤੋਂ ਦੇਖ ਰਿਹਾ ਹਾਂ. ਅਜਿਹੇ ਚੰਗੇ ਲੋਕ ਘੱਟ ਹਨ ਪਰ ਫੇਰ ਵੀ ਹਰ ਥਾਂ ਮੌਜੂਦ ਮਿਲਦੇ ਹਨ. ਦੁਨੀਆ ਦੇ ਹਰ ਕੋਨੇ ਵਿੱਚ.  
ਦੂਜੇ ਪਾਸੇ ਤਸਵੀਰ ਦਾ ਦੂਜਾ ਪਹਿਲੂ ਵੀ ਹੈ. ਬਹੁਤ ਸਾਰੇ ਲੋਕ ਪੇਟ ਭਰਨ ਲਈ ਵੀ ਖੂਨ ਦਾਨ ਦੇ ਨਾਮ ਥੱਲੇ ਆਪਣਾ ਖੂਨ ਵੇਚਦੇ ਹਨ. ਮੀਡੀਆ ਵਿੱਚ ਇਹਨਾਂ ਮਜਬੂਰ ਲੋਕਾਂ ਬਾਰੇ ਕਈ ਕਈ ਵਾਰ ਆਉਂਦਾ ਰਿਹਾ ਹੈ. ਇਹਨਾਂ ਮਜਬੂਰ ਲੋਕਾਂ ਬਾਰੇ ਕਦੇ ਕਿਸੇ ਸ਼ਾਇਰ ਨੇ ਲਿਖਿਆ ਵੀ ਸੀ..ਜਿਸਦਾ ਇੱਕ ਮਿਸਰਾ ਮੈਨੂੰ ਅੱਜ ਵੀ ਯਾਦ ਹੈ..ਪਾਨੀ ਕੀ ਆਰਜੂ ਮੇਂ ਲਹੂ ਬੇਚਤੇ ਹੁਏ. ਕਿਓਂਕਿ ਇਹ ਲੋਕ  ਮਜਬੂਰ ਹੁੰਦੇ ਹਨ ਇਸ ਲਈ ਜਿਥੇ ਕੋਈ ਮਜਬੂਰੀ ਹੋਵੇ ਉਥੇ ਮਜਬੂਰੀ ਦਾ ਫਾਇਦਾ ਉਠਾਉਣ ਵਾਲੇ ਜੇ ਪੈਦਾ ਨਾਂ ਹੋਣ ਤਾਂ ਕਿਤਿਓਂ ਦੂਰੋਂ ਚੱਲ ਕੇ ਵੀ ਉਸ ਥਾਂ ਤੇ ਪਹੁੰਚ ਜਾਂਦੇ ਹਨ. 
ਇਹ ਲੋਕ ਵੀ ਇਹਨਾਂ ਮਜਬੂਰ ਦਾਨੀਆਂ ਦੀਆਂ ਸੂਚੀਆਂ ਆਪਣੇ ਕੋਲ ਰੱਖਦੇ ਹਨ. ਖੂਨ ਦੀ ਲੋੜ ਵਾਲੀ ਐਮਰਜੰਸੀ ਦਾ ਪਤਾ ਲੱਗਦਿਆਂ ਹੀ ਇਹ ਲੋਕ ਤੁਰੰਤ ਪਹੁੰਚ ਜਾਂਦੇ ਹਨ ਲੋੜਵੰਦ ਮਰੀਜ਼ ਦੇ ਪਰਿਵਾਰ ਕੋਲ ਅਤੇ ਪੇਸ਼ ਕਰਦੇ ਹਨ ਆਪਣੀਆਂ ਸੇਵਾਵਾਂ. ਇਹਨਾਂ ਸੇਵਾਵਾਂ ਬਦਲੇ ਇਹਨਾਂ ਨੂੰ ਮੂੰਹ ਮੰਗੀ ਕੀਮਤ ਮਿਲ ਜਾਂਦੀ ਹੈ. ਅਜਿਹੀ ਹਾਲਤ ਵਿੱਚ ਜੇ ਕੋਈ ਖੂਨ ਦਾਨੀ ਇਹਨਾਂ ਲੋਕਾਂ ਦੇ ਵਸ ਪੈ ਜਾਵੇ ਤਾਂ ਸ਼ਾਇਦ ਕਦੇ ਪਤਾ ਨਾਂ ਲੱਗ ਸਕੇ ਕਿ ਇਹ ਉਸਦੇ ਦਾਨ ਕੀਤੇ ਖੂਨ ਦਾ ਕੀਹ ਮੁੱਲ ਵੱਟਣਗੇ ?  ਇਸ ਲਈ ਚੰਗਾ ਇਹੀ ਹੋਵੇਗਾ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਖੂਨ ਦਾਨ ਦਾ ਇਹ  ਉਪਰਾਲਾ ਰੈਡ ਕ੍ਰਾਸ ਜਾਂ ਕਿਸੇ ਹੋਰ ਵੱਕਾਰੀ ਸੰਸਥਾ ਜਾਂ ਗਰੁੱਪ ਦੀ ਦੇਖ ਰੇਖ ਹੇਠ ਸਾਰਿਆਂ ਦੇ ਸਹਿਯੋਗ ਨਾਲ ਕਰਾਇਆ ਜਾਵੇ.. ਜੇ ਤੁਰੰਤ ਇਸ ਦਾ ਪ੍ਰਬੰਧ ਨਾ ਹੋ ਸਕੇ ਤਾਂ ਕੇਵਲ ਦਾਨੀ ਸੱਜਣਾਂ ਕੋਲੋਂ ਫਾਰਮ ਭਰਵਾ ਕੇ ਰੱਖ ਲਏ ਜਾਣ ਇਹ ਸਾਰਾ ਕੰਮ ਆਨ ਲਾਈਨ ਵੀ ਹੋ ਸਕਦਾ ਹੈ.ਸਤਿੰਦਰ ਸ਼ਾਹ ਸਿੰਘ ਜੀ ਦੇ ਇਸ ਉਪਰਾਲੇ ਅਤੇ ਸ਼ਰਧਾਂਜਲੀ ਦੇ ਇਸ ਅੰਦਾਜ਼ ਨੂੰ ਹੋਰ ਸਰਲ ਅਤੇ ਸਫਲ ਬਣਾਉਣ ਲਈ ਤੁਸੀਂ ਕੀ ਸੋਚ ਰਹੇ ਹੋ, ਕੀ ਦੱਸਣਾ ਚਾਹੁੰਦੇ ਹੋ ਜ਼ਰੂਰ ਦੱਸੋ. ਤੁਹਾਡੇ ਵਿਚਾਰਾਂ ਦੀ ਉਡੀਕ ਜਾਰੀ ਰਹੇਗੀ. ਸਤਿੰਦਰ ਸ਼ਾਹ ਸਿੰਘ ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ.ਨੰਬਰ ਹਨ: ਇਹ ਨੰਬਰ ਹਨ 9463666057ਜਾਂ 9463666057ਤੇ ਜਾਂ ਫੇਰ 9871663065 : ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਦੀ ਉਡੀਕ ਵਿੱਚ -ਤਾਂ ਕੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਾ ਇਹ ਉਪਰਾਲਾ ਹੋਰ ਸਫਲ ਬਣ ਸਕੇ.--ਰੈਕਟਰ ਕਥੂਰੀਆ 

1 comment:

Iqbal Gill said...

ਬਹੁਤ ਚੰਗਾ ਉੱਦਮ ਹੈ ਜੀ ਅਸੀਂ ਵੀ ਪਿੰਡ ਵਿਚ ਭਾਈ ਘਨਈਆ ਸੇਵਾ ਸੋਸਾਇਟੀ ਬਣਾਈ ਹੋਈ ਹੈ ਤਕਰੀਬਨ ੪੦੦ ਮੈਂਬਰ ਹਨ, ਕੋਲ ਇੱਕ ਐਂਬੂਲੈਂਸ ਵੀ ਹੈ ਜੋ ਖਾਸ ਕਰਕੇ ਆਪਣੇ ਇਲਾਕੇ ਵਿਚ ਰੋਡ ਐਕਸੀਡੈਂਟ ਦੀ ਸਾਂਭ ਸੰਭਾਲ, ਅਤੇ ਡਲਿਵਰੀ ਕੇਸਾਂ ਨੂੰ ਸਮੇਂ ਸਿਰ ਸਹਾਇਤਾ ਹਿਤ ਰੱਖੀ ਹੋਈ ਹੈ | ਇਹ ਕਾਰਜ਼ ਬਹੁਤ ਜਰੂਰੀ ਹੈ ਇਸ ਸਮੇਂ ਦੀ ਲੋੜ ਹੈ ਅਮੀਰ ਤਾਂ ਖਰੀਦ ਵੀ ਲਵੇਗਾ ਚੰਗਾ ਹੈ ਕਿ ਅਸੀਂ ਕਿਸੇ ਲੋੜਵੰਦ ਦੇ ਕੰਮ ਆ ਸਕੀਏ | ਬਹੁਤ ਖੁਸ਼ੀ ਹੋਈ ਇਹ ਜਾਣਕੇ ਕਿ ਸ਼ਹੀਦਾਂ ਨੂੰ ਸਰਧਾਂਜਲੀ ਪਿਆਰੇ ਢੰਗ ਨਾਲ ਦੇਣ ਦਾ ਸੋਚਿਆ |