Saturday, March 12, 2011

ਅਸੀਂ ਕਦ ਸਚਾਈ ਵੱਲ ਮੂੰਹ ਕਰਾਂਗੇ....?


 ਜਸਵੰਤ ਸਿੰਘ ਖਾਲੜਾ
ਬਾਬਾ ਬੂਝਾ ਸਿੰਘ 
ਸਿੱਖ  ਕੌਮ ਦਾ ਸਿਧਾਂਤ ਅਤੇ ਸੰਕਲਪ ਸਰਬੱਤ ਦਾ ਭਲਾ ਹੈ. ਜ਼ਾਲਿਮ ਨਾਲ ਜੰਗ ਲੜਦਿਆਂ, ਮਰਦਿਆਂ-ਮਾਰਦਿਆਂ ਵੀ ਸਿੱਖ ਕੌਮ ਭਾਈ ਘਨਈਆ ਨੂੰ ਯਾਦ ਰੱਖਦੀ ਹੈ. ਇਹਨਾਂ ਸਿਧਾਂਤਾਂ ਤੋ ਲਾਂਭੇ  ਹੋ ਕੇ ਜਦੋਂ ਜਦੋਂ ਵੀ ਸਿੱਖ ਕੌਮ ਸਿਰਫ ਅਤੇ ਸਿਰਫ ਸੱਤਾ ਮੁਖੀ ਹੋਣ ਲੱਗ ਪਈ ਤਾਂ ਫਿਰ ਉਸ ਸਮੇਂ ਧਰਮ ਦੀ ਵਰਤੋਂ ਵੀ ਏਸ ਸੱਤਾ ਪ੍ਰਾਪਤੀ ਲਈ ਪੌੜੀ ਦੇ ਇੱਕ ਡੰਡੇ ਵਜੋਂ ਸ਼ੁਰੂ ਹੋ ਗਈ. ਮਾਮਲਾ ਭਾਵੇਂ ਜਲਿਆਂ ਵਾਲੇ ਬਾਗ ਦਾ ਸੀ ਤੇ ਭਾਵੇਂ ਜੂਨ-84 ਵੇਲੇ ਵਰਤੇ ਕਹਿਰ ਦਾ ਜੋ ਕੁਝ ਇਹਨਾਂ ਧਰਮ ਵਿਹੂਣੇ ਸੱਤਾ ਮੁਖੀ ਲੀਡਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੇ ਪਾਵਨ ਪਵਿੱਤਰ ਅਤੇ ਸਿਧਾਂਤਕ ਅਸਥਾਨ ਤੇ ਖੜੋ ਕੇ ਕੀਤਾ ਉਸਨੇ ਬਹੁਤ ਕੁਝ ਸੋਚਣ ਲਈ ਮਜਬੂਰ ਕੀਤਾ ਸੀ ਪਰ ਇਹ ਕਦੇ ਵੀ ਸੋਚਿਆ ਨਹੀਂ ਗਿਆ. ਛੇਤੀ ਹੀ ਸਭ ਕੁਝ ਰੌਲੇ ਰਪੇ ਵਿੱਚ ਦਬਾ ਦਿੱਤਾ ਗਿਆ, ਗੁਆ ਦਿਤਾ ਗਿਆ.ਜਦੋਂ ਪੰਜਾਬ ਵਿੱਚ ਅੱਸੀਵਿਆਂ ਦੌਰਾਨ ਹਿੰਸਾ ਦੀ ਅੰਨੀ ਹਨੇਰੀ ਝੁੱਲੀ ਤਾਂ ਬਸਾਂ ਵਿਚੋਂ ਕਢ ਕਢ ਕੇ ਇੱਕੋ ਫਿਰਕੇ ਦੇ ਲੋਕਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਉਣ ਵਾਲਾ ਸ਼ਰਮਨਾਕ ਕਾਰਾ ਵੀ ਹੋਇਆ. ਅਸਲ ਵਿੱਚ ਇਹ ਨਵੰਬਰ-84  ਵਰਗੀਆਂ ਘਟਨਾਵਾਂ ਦਾ ਮੁਢ ਬੰਨਿਆ ਜਾ ਰਿਹਾ ਸੀ. ਮਾਜੁਲ ਵਿੱਚ ਗੈਰ ਜੁੰਮੇਵਾਰੀ ਏਨੀ ਕਿ ਜਿਹਨਾਂ ਨੂੰ ਇਹਨਾਂ ਕਾਰਿਆਂ ਬਾਰੇ ਸਿਰਫ ਖਬਰ ਆਉਣ ਤੇ ਹੀ ਪਤਾ ਲੱਗਦਾ ਸੀ ਓਹ ਵੀ ਹੁੱਬ ਹੁੱਬ  ਕੇ ਜੁੰਮੇਵਾਰੀਆਂ ਲੈਣ ਲੱਗ ਪਾਏ. ਜਿਹਨਾਂ ਨੂੰ ਇਸ ਕਹਿਰ ਦਾ ਪਤਾ ਸਿਰਫ ਰੇਡੀਓ, ਟੀਵੀ ਜਾਂ ਫੇਰ ਸਵੇਰੇ ਸਵੇਰੇ ਅਖਬਾਰਾਂ ਤੋ ਲੱਗਿਆ ਕਰਦਾ ਸੀ ਓਹ ਵੀ ਬੜਾ ਮੁਸਕਰਾ ਕੇ ਇੱਕ ਦੂਜੇ ਨੂੰ ਪੁਛਿਆ ਕਰਦੇ ਸਨ ਅੱਜ ਫੇਰ ਕਿੰਨਾ ਸਕੋਅਰ ਹੋ ਗਿਆ ? ਸਕੋਅਰ ਪੁਛਣ ਅਤੇ ਦੱਸਣ ਵਾਲੀ ਇਸ ਬੋਲੀ ਅਤੇ ਅੰਦਾਜ਼ ਨੇ ਉਹਨਾਂ ਲੋਕਾਂ ਦੇ ਖਤਰਨਾਕ ਮਨਸੂਬਿਆਂ ਨੂੰ ਸਫਲ ਬਣਾਉਣ ਵਿੱਚ ਹੀ ਸਹਾਇਤਾ ਕੀਤੀ ਜਿਹੜੇ ਗੱਲ ਗੱਲ ਤੇ ਸਿੱਖਾਂ ਦੇ 12 ਵੱਜਣ ਵਾਲੇ ਚੁਟਕਲੇ ਸੁਣਾ ਸੁਣਾ ਕੇ ਸੁਆਦ ਲਿਆ ਕਰਦੇ ਸਨ. ਪੰਜਾਬ ਦੀ ਧਰਤੀ ਦੇ ਇਹਨਾਂ ਲੋਕਾਂ ਵਿਚਲੀ ਅਟੁੱਟ ਸਾਂਝ ਖੁਰਦੀ ਖੁਰਦੀ ਖਤਰਨਾਕ ਹੱਦ ਤੱਕ ਖੁਰ ਗਈ.ਇਸ ਪਿਆਰ ਨੂੰ ਤਾਰ ਤਾਰ ਕਰਨ ਦਾ ਤਜਰਬਾ ਬੜੀ ਸਫਲਤਾ ਨਾਲ ਕਰ ਲਿਆ ਗਿਆ ਸੀ. ਆਰਥਿਕ ਪਾੜਿਆਂ ਅਤੇ ਹੋਰ ਸਰਬ ਸਾਂਝੇ ਮਨੁੱਖੀ ਮਸਲਿਆਂ ਨੂੰ ਬੜੀ ਹੀ ਸਾਜਿਸ਼ੀ ਚਤੁਰਾਈ ਨਾਲ ਆਮ ਇਨਸਾਨ ਦੇ ਅਖੋਂ ਓਹਲੇ ਕਰ ਦਿੱਤਾ ਗਿਆ ਸੀ. ਇਨਸਾਨ ਦੀ ਪਛਾਣ ਸਿਰਫ ਪੱਗ ਦਾੜੀ ਨਾਲ ਹੋਣ ਲੱਗ ਪਈ ਸੀ.ਫਿਰ ਜਲਦੀ ਹੀ ਇਹ ਰੰਗ ਵੀ ਵੰਡ ਲਏ ਗਏ ਸਨ.ਕਿਸੇ ਨੇ ਨੀਲਾ ਰੰਗ ਰਾਖਵਾਂ ਕਰ ਲਿਆ ਸੀ, ਕਿਸੇ ਨੇ ਕੇਸਰੀ ਅਤੇ ਕਿਸੇ ਨੇ ਨੀਲਾ.ਇਨਸਾਨੀ ਖੂਨ ਨੂੰ ਕੁਦਰਤ ਵੱਲੋਂ ਸਿਰਫ ਲਾਲ ਮਿਲਿਆ ਹੈ ਇਸ ਹਕੀਕਤ ਨੂੰ ਗੰਧਲਾ ਕਰਨ ਅਤੇ ਝੁਠਲਾਉਣ ਦੀਆਂ ਨਾਪਾਕ ਹਰਕਤਾਂ ਬਾਰ ਬਾਰ ਹੋਈਆਂ.ਵਿਚਾਰਧਾਰਕ ਵਿਰੋਧੀਆਂ ਨੂੰ ਰਸਤੇ ਵਿਚੋਂ ਕਿਵੇਂ ਹਟਾਉਣਾ ਹੈ,ਇਸ ਦੇ ਬਹੁਤ ਸਾਰੇ ਢੰਗ ਤਰੀਕੇ ਵਰਤ ਕੇ ਵੇਖ ਲਏ ਗਏ ਸਨ. ਦਹਿਸ਼ਤ ਕਿਵੇਂ  ਪਾਉਣੀ ਹੈ, ਕਿਵੇਂ ਵਧਾਉਣੀ ਹੈ, ਆਮ ਲੋਕਾਂ ਦੇ ਨਾਲ ਨਾਲ ਪੁਲਿਸ ਅਤੇ ਪ੍ਰਸ਼ਾਸਨ ਨੂੰ ਕਿਵੇਂ ਬੇਬਸ ਅਤੇ ਮਜਬੂਰ ਕਰਕੇ ਕਿਸੇ ਵਿਸ਼ੇਸ਼ ਰਾਹ ਤੇ ਤੋਰਨਾ ਹੈ,ਇਹ ਸਭ ਕੁਝ ਸਫਲਤਾ ਨਾਲ ਕਰ ਕੇ ਦੇਖ ਲਿਆ ਗਿਆ ਸੀ.ਜਦੋਂ ਇਹ ਸਭ ਕੁਝ ਕੀਤਾ ਜਾ ਰਿਹਾ ਉਸ ਵੇਲੇ ਅਜਿਹੇ ਖਤਰਨਾਕ ਤਜਰਬਿਆਂ ਵਿੱਚ ਰੁਝੇ ਹੋਏ ਕੁਝ ਲੋਕਾਂ ਨੂੰ ਮਹਿਸੂਸ ਹੋਇਆ ਕਿ ਜਿੰਨ ਤਾਂ ਸਚੀਂ ਮੁਚੀਂ ਬੋਤਲ ਚੋਂ ਬਾਹਰ ਨਿਕਲ ਆਇਆ ਹੈ.ਫਿਰ ਸ਼ੁਰੂ ਹੋਇਆ ਇੱਕ ਨਵਾਂ ਤਜਰਬਾ. ਉਸ ਜਿੰਨ ਨੂੰ ਬੜੀ ਹੀ ਕਾਰੀਗ਼ਰੀ ਨਾਲ ਵਾਪਿਸ ਬੋਤਲ ਵਿੱਚ ਪਾ ਕੇ ਵੀ ਦੇਖ ਲਿਆ ਗਿਆ. ਪੰਜਾਬ ਨੂੰ ਪ੍ਰਯੋਗਸ਼ਾਲਾ ਬਣਾ ਕੇ ਬਹੁਤ ਸਾਰੇ ਤਜਰਬੇ ਕਰ ਲਏ ਗਏ ਸਨ. ਫੁੱਟ ਪਾਓ ਅਤੇ ਰਾਜ ਕਰੋ ਵਾਲੀ ਨੀਤੀ ਦੇ ਨਾਲ ਨਾਲ ਕਨ੍ਫ਼ਿਊਜ਼ ਐਂਡ ਰੂਲ ਵਾਲੀ ਨੀਤੀ ਦਾ ਜਾਦੂ ਵੀ ਪਰਖ ਲਿਆ ਗਿਆ ਸੀ. ਅਕਾਲੀ ਰਾਜ ਵਿੱਚ ਹੋਏ ਆਪ੍ਰੇਸ਼ਨ ਬਲੈਕ ਥੰਡਰ ਨਾਲ ਆਪ੍ਰੇਸ਼ਨ ਬਲਿਊ ਸਟਾਰ ਦੇ ਜਾਇਜ਼ ਹੋਣ ਦੀ ਮੋਹਰ ਲੱਗ ਚੁੱਕੀ ਸੀ. ਨਵੰਬਰ-84 ਤਾਂ ਇੱਕ ਤਰਾਂ ਨਾਲ ਬਾਈਪ੍ਰੋਡਕਟ ਸੀ ਜਿਵੇਂ ਕਣਕ ਦੇ ਨਾਲ ਭੂਸਾ ਉੱਗ ਆਉਂਦਾ ਹੈ.ਅਸਲੀ ਨਿਸ਼ਾਨੇ ਤਾਂ ਕੁਝ ਹੋਰ ਹੀ ਸਨ ਜਿਹਨਾਂ ਨੂੰ ਅਸੀਂ ਅਜੇ ਵੀ ਨਹੀਂ ਸਮਝ ਸਕੇ.
ਇੰਜੀ.ਮਨਵਿੰਦਰ ਸਿੰਘ
ਇਕ਼ਬਾਲ ਗਿੱਲ
ਛੱਬੀਆਂ ਸਾਲਾਂ ਤੱਕ ਇਨਸਾਫ਼ ਨਾਲ ਹੁੰਦੇ ਮਜ਼ਾਕ ਅਤੇ ਹੁਣ ਹੋਂਦ ਅਤੇ ਚਿਲੜ ਦਾ ਸਾਹਮਣੇ ਆਉਣਾ. ਇਹ ਸਭ ਕੁਝ ਲਈ ਸਿੱਖ ਪੰਥ ਅਤੇ ਪੰਜਾਬ ਦੀ ਉਹ ਲੀਡਰਸ਼ਿਪ ਵੀ ਪੂਰੀ ਤਰਾਂ ਜਿੰਮੇਵਾਰ ਹੈ ਜਿਸ ਨੂੰ ਬਾਬਾ ਬੂਝਾ ਸਿੰਘ ਦੀ ਸ਼ਹਾਦਤ ਨੇ ਨਹੀਂ ਹਲੂਣਿਆ ਅਤੇ ਉਹ ਲੀਡਰ ਸ਼ਿਪ  ਵੀ ਜਿਸਨੂੰ ਜਸਵੰਤ ਸਿੰਘ ਖਾਲੜਾ ਨਾਲ ਵਰਤਿਆ ਕਹਿਰ ਨਜਰ ਨਹੀਂ ਆਇਆ.ਹੋਰਾਂ ਨੂੰ ਤਾਂ ਛੱਡੋ ਜਿਹਨਾਂ ਪਰਿਵਾਰਾਂ ਨੇ ਇਹ ਜ਼ੁਲਮ ਹੱਡੀਂ ਹੰਢਾਏ ਓਹ ਵੀ ਗੈਸ ਏਜੰਸੀਆਂ ਅਤੇ ਪੈਟ੍ਰੋਲ ਪੰਪਾਂ ਵਾਲੀ ਝਾਕ ਵਿੱਚ ਗੁਆਚ ਗਏ. ਕਿਸੇ ਨੇ ਕਦੇ ਇਹ ਨਹੀਂ ਪੁਛਿਆ ਕਿ ਪੁਲਿਸ ਦੇ ਜਿਹੜੇ ਜਵਾਨ ਇਸ ਦੌਰ ਨੇ ਨਿਗਲ ਲਏ ਸਨ ਓਹ ਇਸ ਧਰਤੀ ਦੇ ਕਿ ਲੱਗਦੇ ਸਨ? ਕਿ ਓਹ ਕਿਸੇ ਦੇ ਪੁੱਤ, ਭਰਾ ਜਾਂ ਪਿਤਾ ਨਹੀਂ ਸਨ ? ਸਾਰਿਆਂ ਨੂੰ ਬਲਦੀ ਦੇ ਬੂਥੇ ਦੇ ਕੇ ਫਾਇਦਾ ਕੌਣ ਲੈਂਦਾ ਰਿਹਾ ? ਏਹੋ ਜਿਹੇ ਬਹੁਤ ਸਾਰੇ ਸੁਆਲ ਅਜੇ ਵੀ ਹਵਾ ਵਿੱਚ ਹਨ. ਏਸੇ ਦੌਰਾਨ ਗੁੜਗਾਵਾਂ ਵਿਚਲੀ ਇੱਕ ਬਹੁ ਕੌਮੀ ਕੰਪਨੀ ਵਿੱਚ ਇੰਜੀਨੀਅਰ ਵੱਜੋਂ ਕੰਮ ਕਰਦੇ ਮਨਵਿੰਦਰ ਸਿੰਘ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ. ਉਸਦੇ ਘਰ ਲੁੱਟ ਮਾਰ ਕਰਕੇ ਉਸਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਹਰਾਸ ਕਰਨ ਦੀ ਖਤਰਨਾਕ ਕੋਸ਼ਿਸ਼ ਵੀ ਹੋਈ ਹੈ ਪਰ ਇਸ ਸਭ ਕੁਝ ਤੋਂ ਟਾਲਾ ਵੱਟਦਿਆਂ ਸਾਡੇ ਇਹ ਭੋਲੇ ਭਾਲੇ ਲੋਕ ਕਦੇ ਇਸ ਨੂੰ ਬਾਦਲ ਪਖੀ ਸਿਆਸਤ ਦੱਸ ਰਹੇ ਹਨ ਤੇ ਕਦੇ ਕੋਈ ਹੋਰ ਨਾਮ ਦੇ ਰਹੇ ਹਨ. ਮਨਵਿੰਦਰ ਸਿੰਹੁਰਾਂ ਨੇ ਜੋ ਤਥ ਭੇਜੇ ਓਹ ਪੰਜਾਬ ਸਕਰੀਨ ਵਿੱਚ ਪੜ੍ਹੇ ਜਾ ਸਕਦੇ ਹਨ ਏਥੇ ਕਲਿਕ ਕਰਕੇ . ਉਹਨਾ ਕਿਹਾ ਹੈ ਕਿ ਹੋਂਦ ਚਿਲੜ ਵਿੱਚ ਵਰਤੇ ਕਹਿਰ ਦਾ ਸ਼ਿਕਾਰ ਹੋਈ ਹਰ ਇਮਾਰਤ ਸ਼ੀਸ਼ੇ ਵਿੱਚ ਸੰਭਾਲੀ ਜਾਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ ਨਸਲਾਂ ਦੇਖ ਸਕਣ ਕਿ ਕਿਸੇ ਵੇਲੇ ਇਸ ਤਰਾਂ ਦਾ ਲੋਕ ਤੰਤਰ ਵੀ ਹੋਇਆ ਕਰਦਾ ਸੀ. ਤੁਸੀਂ ਇਸ ਬਾਰੇ ਕੀ ਸੋਚਦੇ ਹੋ ? ਕਾਰਸੇਵਾ ਵਾਲਾ ਪਹਿਲੂ ਇਸ ਨੂੰ ਇਸੇ ਤਰਾਂ ਸੰਭਾਲਨ ਦੇਵੇਗਾ ਜਾਂ ਨਹੀਂ ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਪਰ ਸਚ  ਨੂੰ ਸਚ ਆਖਣ ਵਿੱਚ ਯਕੀਨ ਰਖਣ ਵਾਲੇ ਸਰਗਰਮ ਸਾਥੀ ਅਤੇ ਕਲਮਕਾਰ ਇਕ਼ਬਾਲ ਗਿੱਲ ਹੁਰਾਂ ਨੇ 12 ਮਾਰਚ 2011 ਨੂੰ ਸਵੇਰੇ  9 ਵੱਜ ਕੇ ਚਾਰ ਮਿੰਟਾਂ  ਤੇ..ਜੋ ਗੱਲ ਇੱਕ ਸੁਨੇਹੇ ਵਿੱਚ ਆਖੀ ਹੈ ਉਸਨੂੰ ਇੱਕ ਵਾਰ ਜ਼ਰੂਰ ਪੜ੍ਹੋ ਅਤੇ ਇਸ  ਵਿਚਲਾ ਦਰਦ ਪਛਾਣੋ. ਉਹਨਾਂ ਕਿਹਾ,"ਪੰਜਾਬ ਸਕਰੀਨ ਤੇ ਲੇਖ ਪੜ ਰਿਹਾ ਸਾਂ, ਦੁਖੀ ਹੋਇਆ ਹਾਂ ਪੜਕੇ, ਕਿ ਅਸੀਂ ਕਦ ਸਚਾਈ ਵੱਲ ਮੂੰਹ ਕਰਾਂਗੇ ਇਸ ਸ਼ਰਮਨਾਕ ਘਟਨਾ ਨੂੰ ਵੀ "ਪੰਥ ਦਾ ਮਸਲਾ" | ਮਨੁਖਤਾ ਦਾ ਮਸਲਾ ਆਖਦਿਆਂ ਨੂੰ ਪਤਾ ਨਹੀਂ ਕੀ ਸ਼ਰਮ ਆਉਂਦੀ ਹੈ | ਅਸਲ ਵਿਚ ਆਖਣਾ ਵੀ ਔਖਾ ਹੈ | ਮੇਰੇ ਆਪਣੇ ਪਿੰਡ ਦੀ ਘਟਨਾ ਯਾਦ ਆਉਂਦੀ ਹੈ ਜਦ ਪਿੰਡ ਵਿਚ ਦੁਕਾਨ ਤੇ ਬੈਠਾ ਸਹਿਜ ਰਾਮ ਗੋਲੀਆਂ ਨਾਲ ਭੁੰਨ ਦਿਤਾ ਗਿਆ ਉਹਨਾਂ ਦਾ ਪੂਰਾ ਪਰਿਵਾਰ ਇਸ ਘਟਨਾ ਦੇ ਸਹਿਮ ਕਾਰਨ ਪੰਜਾਬ ਛਡ ਗਿਆ | ਸ਼ਰਧਾ ਰਾਮ ਦਾ ਪੋਤਾ 10 ਲਖ ਦੀ ਫਿਰੌਤੀ ਲਈ ਉਠਾ ਲਿਆ ਗਿਆ ਜੋ ਪੈਸੇ ਦੇਣ ਬਾਅਦ ਵਾਪਿਸ ਹੋਇਆ ਉਹ ਵੀ ਇਥੋਂ ਡਰ ਕਾਰਨ ਉੱਜੜ ਪਤਾ ਨਹੀਂ ਕਿਥੇ ਜਾ ਵਸੇ | ਡਰਕੇ 3-4 ਪਰਿਵਾਰ ਵੀ ਉਸ ਵਕਤ ਪਿੰਡ ਛਡ ਗਏ | ਇਹ ਮੇਰੇ ਛੋਟੇ ਜਿਹੇ ਪਿੰਡ ਦੀਆਂ ਘਟਨਾਵਾਂ ਹਨ | ਪੂਰੇ ਪੰਜਾਬ ਵਿਚ ਹੋਈਆਂ ਅਜਿਹੀਆਂ ਘਟਨਾਵਾਂ ਦਾ ਤੁਹਾਨੂੰ ਮੇਰੇ ਤੋਂ ਵਧ ਪਤਾ ਹੋਵੇਗਾ | ਇੰਝ ਨਹੀਂ ਆਖ ਰਿਹਾ ਕਿ ਇਹਨਾਂ ਘਟਨਾਵਾਂ ਨੂੰ ਹੋਂਦ ਵਾਲੇ ਸ਼ਰਮਨਾਕ ਕਤਲੇਆਮ ਨਾਲ ਜੋੜਕੇ ਦੇਖਿਆ ਜਾਵੇ | ਆਖਣ ਦਾ ਅਰਥ ਇੰਨਾ ਹੈ ਕਿ ਅਸੀਂ ਹੋਂਦ ਵਾਲੀ ਘਟਨਾ ਦੇ ਇਨਸਾਫ਼ ਲਈ ਮਨੁਖਤਾ ਦੇ ਇੱਕ ਵੱਡੇ ਹਿੱਸੇ ਨੂੰ ਸ਼ਰਮ ਦੇ ਮਾਰੇ ਹੀ ਨਾਲ ਰਲਣ ਨੂੰ ਨਹੀਂ ਆਖ ਸਕਦੇ | ਮਨੁਖਤਾ ਦੇ ਕਾਤਿਲ ਮਨੁਖਾਂ ਵਿਚ ਪਾਏ ਇਸ ਪਾੜ ਦਾ ਫਾਇਦਾ ਉਠਾ ਰਹੇ ਹਨ | ਸ਼ਾਇਦ ਤਦੇ ਹੀ ਇਨਸਾਫ਼ ਲਈ ਕੀਤੀ ਸਾਡੀ ਹਾਲ ਪਾਰਿਆ ਇੱਕ ਧਿਰ ਦੀ ਪ੍ਰਤੀਕਰਮਿਕ ਖਾਮੋਸ਼ੀ ਦੇ ਹੇਠ ਦਬਕੇ ਰਹਿ ਜਾਂਦੀ ਹੈ |
 ਮਨਵਿੰਦਰ ਸਿੰਘ ਹੁਰਾਂ ਦੀ ਲਿਖਤ ਬਾਰੇ ਜਤਿੰਦਰ ਲਸਾੜਾ ਜੀ ਨੇ ਕਿਹਾ ਹੈ ਸਾਡੇ ਬਜੁਰਗਾਂ ਆਖਿਆ ਕਿ ਕਲਯੁਗ ਆ ਗਿਆ, ਕਾਲੇ ਜੇ ਯੁਗ ਦੇ ਓਹ ਵਰੇ ਇਹ ਕਿਹੜੇ ਸਾਲ ਆ ?
 ਇਸ ਬਾਰੇ ਇੱਕ ਸਰਬ ਪ੍ਰਵਾਨਿਤ ਅਤੇ ਮਜ਼ਬੂਤ ਲੋਕ ਰਾਏ ਕਾਇਮ ਕਰਨ ਲਈ ਤੁਹਾਡੇ ਕੀ ਵਿਚਾਰ ਹਨ...ਜ਼ਰੂਰ ਦੱਸਣਾ.-ਰੈਕਟਰ ਕਥੂਰੀਆ  

No comments: