Sunday, March 20, 2011

ਇੰਜੀ.ਮਨਵਿੰਦਰ ਸਿੰਘ ਦੇ ਸਨਮਾਣ ਵਿੱਚ ਸਮਾਰੋਹਾਂ ਦਾ ਸਿਲਸਿਲਾ ਸ਼ੁਰੂ

ਜ਼ਿੰਦਗੀ ਬੜੀ ਮਹਿੰਗੀ ਹੈ. ਕੁਝ ਵੀ ਮੁਫ਼ਤ ਵਿੱਚ ਨਹੀਂ ਮਿਲਦਾ. ਹਰ ਇੱਕ ਨੂੰ ਹਰ ਵਾਰ ਹਰ ਚੀਜ਼ ਦੀ ਕੀਮਤ ਅਦਾ ਕਰਨੀ ਹੀ ਪੈਂਦੀ ਹੈ. ਜਿਹੜੇ ਕੋਈ ਚੀਜ਼ ਮੁਫ਼ਤ ਪ੍ਰਾਪਤ ਕਰਨ ਦਾ ਭੁਲੇਖਾ ਪਾਲ ਵੀ ਲੈਂਦੇ ਹਨ ਉਹਨਾਂ ਨੂੰ ਬਹੁਤ ਬਾਅਦ ਵਿੱਚ ਜਾ ਕੇ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਮੁਫ਼ਤ ਵਾਲਾ ਇਹ ਸੌਦਾ ਬਹੁਤ ਮਹਿੰਗਾ ਪੈ ਗਿਆ. ਇਸ ਗੱਲ ਨੂੰ ਯਾਦ ਰਖਦਿਆਂ ਹੋਦ ਅਤੇ ਚਿਲੜ ਪਿੰਡ ਵਿੱਚ ਹੋਏ ਅਣਮਨੁੱਖੀ ਕਤਲ-ਏ-ਆਮ ਦਾ ਪਰਦਾ ਫਾਸ਼ ਕਰਨ ਵਾਲੇ ਇੰਜੀ. ਮਨਵਿੰਦਰ ਸਿੰਘ ਨੇ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣੀ, ਇਸਦਾ ਕਿਹਾ ਮੰਨਿਆ ਅਤੇ ਫਿਰ ਇਸ ਕਿਹਾ ਮੰਨਣ ਦੀ ਕੀਮਤ ਵੀ ਅਦਾ ਕੀਤੀ.ਜ਼ਮੀਰ ਤੇ ਬੋਝ ਬਣੀ ਨੌਕਰੀ ਨੂੰ ਲੱਤ ਮਾਰ ਦਿੱਤੀ. ਘਰ ਵਿੱਚ ਹੋਈ ਚੋਰੀ ਅਤੇ ਨੌਕਰੀ ਛੱਡਣ ਮਗਰੋਂ ਜਦੋਂ ਇੱਕ ਵਾਰ ਸਾਰਾ ਭਵਿੱਖ ਹਨੇਰੇ ਵਿਹ੍ਚ ਡੁੱਬਦਾ ਨਜਰ ਆ ਰਿਹਾ ਸੀ ਉਦੋਂ ਵੀ ਕੌਮ ਦੇ ਇਸ ਬਹਾਦਰ ਸਿਪਾਹੀ ਨੇ ਹਰ ਵਾਰ ਇਹੀ ਕਿਹਾ ਕਿ ਮੈਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਹੈ.  ਇਹਨਾਂ ਮੁਸ਼ਕਲਾਂ ਅਤੇ ਹਨੇਰੀਆਂ ਦੀ ਪਰਵਾਹ ਕੀਤੇ ਬਗੈਰ ਜਦੋਂ  ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਐਤਵਾਰ ਨੂੰ ਆਪਣੇ ਜੱਦੀ ਪਿੰਡ ਗਿਆਸਪੁਰਾ (ਲੁਧਿਆਣੇ) ਪਹੁੰਚੇ ਤਾਂ ਸਿੱਖ ਸੰਗਤਾਂ ਆਖਾਂ ਵਿਛਾਈ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਸਨ। 
ਪਿੰਡ ਵਿਚਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ-੨ ਅਤੇ ਗਿਆਸਪੁਰਾ ਦੇ ਨੌਜਵਾਨਾ ਦੀ ਨਵੀਂ ਪ੍ਰਬੰਧਕ ਕਮੇਟੀ ਨੇ ਇਲਾਕਾ ਨਿਵਾਸੀਆਂ ਦੇ ਭਰਵੇਂ ਇਕੱਠ ਵਿੱਚ ਗੁਰਦਵਾਰਾ ਸਾਹਿਬ ਵਿਖੇ ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ। ਨੌਜਵਾਨ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਖਾਲਸਾ, ਮੀਤ ਪ੍ਰਧਾਨ ਪ੍ਰਭਜੋਤ ਸਿੰਘ ਖਾਲਸਾ ਅਤੇ ਵੱਡੀ ਕਮੇਟੀ ਦੇ ਪ੍ਰਧਾਨ ਸਾਧੂ ਸਿੰਘ ਨੇ ਇਸ ਦਲੇਰ ਇੰਜੀਨੀਅਰ ਨੂੰ ਗੁਰੂ ਦੀ ਬਖਸ਼ਸ ਸਿਰੋਪਾ ਭੇਂਟ ਕੀਤਾ। ਪ੍ਰਬੰਧਕ ਕਮੇਟੀ ਦੇ ਸਕੱਤਰ ਹਰਬੰਸ ਸਿੰਘ ਨੇ ਸੰਗਤਾਂ ਨਾਲ਼ ਵਿਚਾਰ ਸਾਝੇ ਕਰਦਿਆ ਕਿਹਾ ਕਿ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਦਾ ਨਾਮ ਚਮਕਾਉਣ ਵਾਲਾ ਕੰਮ ਕੀਤਾ ਹੈ, ਪੂਰੇ ਨਗਰ ਨੂੰ ਇਹਨਾਂ ਦੇ ਕੀਤੇ ਕੰਮ ਤੇ ਮਾਣ ਹੈ। ਅੱਜ ਪੂਰਾ ਪਿੰਡ ਇਹਨਾਂ ਦੇ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਖੜ੍ਹਾ ਹੈ। ਇੰਜੀ.ਮਨਵਿੰਦਰ ਸਿੰਘ ਨੇ ਪ੍ਰਭਾਵਸਾਲੀ ਲੈਕਚਰ ਕਰਦਿਆਂ ਨੌਜੁਆਨਾ ਨੂੰ ਅੱਛੀ ਪੜਾਈ ਦੇ ਨਾਲ਼-ਨਾਲ਼ ਨਸ਼ੇ ਤਿਆਗਣ ਦਾ ਹੋਕਾ ਦਿਤਾ। ਉਹਨਾ ਕਿਹਾ ਕਿ ਗੁਰੂ ਦੇ ਲੜ ਲੱਗੇ ਬਿਨਾ ਗਤੀ ਨਹੀਂ ਹੋ ਸਕਦੀ। 
ਭਰਵੇਂ ਇਕੱਠ ਵਿੱਚ ਕਰਨੈਲ ਸਿੰਘ ਖਾਲਸਾ ਫੌਜੀ, ਜਸਪਾਲ ਸਿੰਘ ਖਾਲਸਾ, ਹਰਦੇਵ ਸਿੰਘ ਖਾਲਸਾ, ਉਜਾਗਰ ਸਿੰਘ, ਸੂਬੇਦਾਰ ਸ. ਅਮਰ ਸਿੰਘ, ਸੁਬੇਗ ਸਿੰਘ,ਗੁਰਮੇਲ ਸਿੰਘ ਖਾਲਸਾ, ਜਿੰਦਰ ਕੌਰ, ਰਮਨਜੀਤ ਕੌਰ, ਅੰਮ੍ਰਿਤ ਕੌਰ, ਗੁਰਦੇਵ ਕੌਰ,ਹਰਬੰਸ ਕੌਰ, ਕੁਲਦੀਪ ਕੌਰ, ਰਾਣੀ, ਭਾਗ ਕੌਰ ਆਦਿ ਸੈਕੜੇ ਲੋਕਾਂ ਨੇ ਸਮੂਲੀਅਤ ਕੀਤੀ।
ਇਸੇ ਤਰਾਂ ਪਿੰਡ ਲੁਹਾਰਾ ਅਤੇ ਗੁਰਸਿੱਖ ਫੇਮਲੀ ਕਲੱਬ ਦੀਆਂ ਸੰਗਤਾਂ ਨੇ ਹੋਲੇ ਮਹੱਲੇ ਦਾ ਪਰੋਗਰਾਮ ਚੜੂਦੀ ਕਲਾ ਨਾਲ਼ ਮਨਾਇਆ। ਇਸ ਪ੍ਰੋਗਰਾਮ ਵਿੱਚ ਸਿਮਰਜੀਤ ਸਿੰਘ ਬੈਂਸ ਅਤੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਮੁੱਖ ਮਹਿਮਾਨ ਵਜੋ ਸਾਮਿਲ ਹੋਏ। ਹੋਲੇ ਮਹੱਲੇ ਦਾ ਪਰੋਗਰਾਮ ਮਨਾਉਂਦਿਆ ਨੋਜੁਆਨਾ ਦੀਆਂ ਖਾਲਸਾਈ ਖੇਡਾਂ ਵੀ ਕਰਵਾਈਆ ਗਈਆਂ। ਬੱਚਿਆਂ ਦੇ ਧਾਰਮਿਕ ਮੁਕਾਬਲੇ ਵੀ ਕਰਵਾਏ ਗਏ। ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਇਸ ਮੌਕੇ ਤੇ  ਚਰਨ ਸਿੰਘ ਲੁਹਾਰਾ ਅਤੇ ਹਰਭਜਨ ਸਿੰਘ, (ਸਿੱਖ ਮਿਸਨਰੀ ਕਾਲਜ) ਲੁਧਿਆਣੇ ਦੇ ਸਾਰੇ ਅਹੁਦੇਦਾਰ ਸਾਮਿਲ ਹੋਏ। ਇਹਨਾਂ ਤੋਂ ਇਲਾਵਾ ਗੁਰਸਿਖ ਫੈਮਲੀ ਕਲੱਬ ਦੇ ਸਾਰੇ ਅਹੁਦੇਦਾਰ ਅਤੇ ਮੈਂਬਰ ਵੀ ਸਾਮਿਲ ਹੋਏ। 
ਇਹਨਾਂ ਸਨਮਾਣ ਸਮਾਰੋਹਾਂ ਦੀ ਇਸ ਸ਼ੁਰੂਆਤ ਨੇ ਬੜਾ ਸਪਸ਼ਟ ਇਸ਼ਾਰਾ ਦੇ ਦਿੱਤਾ ਹੈ ਕਿ ਹੁਣ ਸਿੱਖ ਕੌਮ ਨਾਂ ਤਾਂ ਅਤੀਤ ਵਿੱਚ ਹੋਏ ਇਸ ਜ਼ੁਲਮੋ ਸਿਤਮ ਨੂੰ ਭੁੱਲਣ ਵਾਲੀ ਕੋਈ ਸਲਾਹ ਸੁਣੇਗੀ ਅਤੇ ਨਾਂ ਹੀ ਇਨਸਾਫ਼ ਦੀ ਜੰਗ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਨੀਤੀ ਨੂੰ ਸਵੀਕਾਰ ਕਰੇਗੀ.    --ਰੈਕਟਰ ਕਥੂਰੀਆ 

No comments: