Friday, March 18, 2011

ਹਰ ਵਾਰ ਅਰਥਪੂਰਨ ਗੱਲ ਕਰਨ ਵਾਲੇ ਜਸਵੰਤ ਸਿੰਘ ਅਮਨ


ਕਹਿੰਦੇ ਨੇ ਵਕ਼ਤ ਰੁਕਤਾ ਨਹੀਂ ਕਿਸੀ ਕੇ ਲਿਏ. ਸਮੇਂ ਦੀ ਗੱਲ ਕਰਦਿਆਂ ਭਾਈ ਵੀਰ ਸਿੰਘ ਹੁਰਾਂ ਨੇ ਵੀ ਇਹੀ ਕਿਹਾ ਸੀ.

ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, 

ਫੜ ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ,  

ਕਿਵੇਂ ਨ ਸੱਕੀ ਰੋਕ ਅਟਕ ਜੋ ਪਾਈ ਭੰਨੀ. 


ਤ੍ਰਿੱਖੇ ਅਪਣੇ ਵੇਗ ਗਿਆ ਟਪ ਬੰਨੇ ਬੰਨੀ।

 

ਇਹਨਾਂ ਅਨਮੋਲ ਤੁਕਾਂ ਦੀ ਯਾਦ ਇੱਕ ਵਾਰ ਫੇਰ ਕਰਾਈ ਹਰ ਵਾਰ ਕੁਝ ਚੰਗਾ ਚੰਗਾ ਦੱਸਾਂ ਵਾਲੇ ਕਲਮਕਾਰ ਜਸਵੰਤ ਸਿੰਘ ਅਮਨ ਨੇ ਪਿਛਲੇ ਦਿਨੀਂ ਇੱਕ ਟੀਵੀ ਮੁਲਾਕਾਤ ਦੌਰਾਨ. ਪ੍ਰੋਗਰਾਮ ਲੰਮਾ ਸੀ ਪਰ ਉਸ ਵਿਚਲੀ ਗੱਲਬਾਤ ਏਨੀ ਦਿਲਚਸਪ ਕਿ ਵਿੱਚ ਆਉਂਦੀ ਆਉਂਦੀ ਗੀਤਾਂ ਦੀ ਬ੍ਰੇਕ ਵੀ ਬੜੀ ਮਾੜੀ ਲੱਗਦੀ ਸੀ. ਉਸ ਪ੍ਰੋਗਰਾਮ ਵਿੱਚ ਸਮੇਂ ਦੀ ਅਹਿਮੀਅਤ ਬਾਰੇ ਵਿਸਥਾਰ ਨਾਲ ਚਾਨਣਾ ਪਾਉਣ ਵਾਲੇ ਜਸਵੰਤ ਸਿੰਘ ਅਮਨ ਆਪਣੀਆਂ ਲਿਖਤਾਂ ਵਿੱਚ ਵੀ ਜ਼ਿੰਦਗੀ ਨੂੰ ਵਧ ਤੋਂ ਵਧ ਅਰਥ ਪੂਰਨ ਬਣਾਉਣ ਵਾਲੇ  ਵਿਚਾਰਾਂ ਨੂੰ ਹੀ ਲੋਕਾਂ ਸਾਹਮਣੇ ਰੱਖਦੇ ਹਨ. ਮੈਂ ਕਦੇ ਵੀ ਉਹਨਾਂ ਨੂੰ ਕਿਸੇ ਵਿਅਰਥ ਜਾਂ ਨਿਰਥਰਕ  ਸ਼ਬਦ ਦੀ ਵਰਤੋਂ ਕਰਦਿਆਂ ਨਹੀਂ ਦੇਖਿਆ. ਪੜ੍ਹਾਈ ਦੇ ਮਾਮਲੇ ਵਿੱਚ ਵੀ ਉਹ ਬੜਾ ਚੁਣ ਚੁਣ ਕੇ ਪੜ੍ਹਦੇ ਹਨ. ਪੂਰੋ ਏਕਾਗ੍ਰਤਾ ਅਤੇ ਬਾਰੀਕੀ ਨਾਲ ਪੜ੍ਹਨ ਮਗਰੋਂ ਉਸਦਾ ਲਾਹਾ ਸਾਰਿਆਂ ਵਿੱਚ ਵੰਡ ਦੇਂਦੇ ਹਨ. ਅੱਜ ਕੱਲ ਵਿੱਚ ਹੀ ਉਹਨਾਂ ਪਾਲ ਸਾਰਤਰ ਬਾਰੇ ਇੱਕ ਖਾਸ ਲਿਖਤ ਨਵਾਂ ਜ਼ਮਾਨਾ  ਵਿੱਚ ਵੀ ਪੜ੍ਹੀ. ਇਸ ਨੂੰ ਪੜ੍ਹਨ ਮਗਰੋਂ ਉਹਨਾਂ ਕੁਝ ਇਸ ਤਰਾਂ ਦਸਿਆ...."6 ਮਾਰਚ ਦੇ ਨਵਾਂ ਜਮਾਨਾ ਵਿਚ ਜੰਗ ਬਹਾਦੁਰ ਗੋਇਲ ਦਾ ਪਾਲ ਸਾਰਤਰ ਬਾਰੇ ਇੱਕ ਲੇਖ ਛਪਿਆ ਹੈ । ਮੇਰੇ ਵਿਚਾਰ ਵਿਚ ਇਹ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਹੈ!ਉਸ ਵਿਚੋਂ ਕੁਝ ਗੱਲਾਂ ਸਾਂਝੀਆਂ  ਕਰ ਰਿਹਾ ਹਾਂ:ਪਾਲ ਸਾਰਤਰ ਫਰਾਂਸ ਦਾ ਮਹਾਨ ਚਿੰਤਕ  ਸੀ ਜੋ ਮਾਰਕਸਵਾਦ ਵਿਚ ਵਿਸ਼ਵਾਸ ਰਖਦਾ ਸੀ । ਉਸ ਅਨੁਸਾਰ ਆਤਮਾ -ਪ੍ਰਮਾਤਮਾ ਵਰਗੇ ਨਿਰ੍ਮੂਲ ਵਿਸ਼ਿਆਂ ਤੇ ਬਹਿਸ ਤਿਆਗ ਕੇ ਮਨੁੱਖਤਾ ਸਾਹਮਣੇ ਦਰਪੇਸ਼ ਮੁਸ਼ਕਿਲਾਂ ਤੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਇੱਕ ਚੰਗੇ ਸਮਾਜ ਦੀ ਰਚਨਾ ਸੰਭਵ ਹੋ ਸਕੇ! ਉਸ ਅਨੁਸਾਰ ਬੁੱਧੀਜੀਵੀ ਆਪਣੇ ਸਮੇਂ ਦੀ ਜ਼ਮੀਰ ਹੁੰਦੇ ਹਨ ; ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਸਮਾਜਿਕ ਤੇ ਰਾਜਨੀਤਕ ਘਟਨਾਵਾਂ ਤੇ ਤਿੱਖੀ ਨਜ਼ਰ ਰੱਖਣ ਤੇ ਉਸ ਤੇ ਆਪਣਾ ਢੁਕਵਾਂ ਪ੍ਰਤੀਕਰਮ ਦੇਣ!ਸਾਰਤਰ ਨੇ ਹਮੇਸ਼ਾ ਆਪਣੇ ਜ਼ਮੀਰ ਦੀ ਆਵਾਜ਼ ਸੁਣੀ ਤੇ ਆਪਣੇ ਹੀ ਦੇਸ਼ ਫਰਾਂਸ ਦਾ ਵੀ ਵਿਰੋਧ ਕੀਤਾ ਜਦੋਂ ਉਸ ਨੇ ਅਲਜੀਰੀਆ ਤੇ ਕਬਜਾ ਕੀਤਾ । ਅਲਜੀਰੀਆ ਦੇ ਨੋਬਲ ਇਨਾਮ ਜੇਤੂ ਕਾਮੂ ਨਾਲ ਉਹਦੀ ਕਾਫੀ ਦੇਰ ਦੋਸਤੀ ਰਹੀ ; ਉਹ ਦੋਵੇਂ ਮੰਨਦੇ ਸਨ ਕਿ ਸਮਾਜ ਦੀ ਬਣਤਰ ਹੀ ਕੁਝ ਐਸੀ ਹੈ ਜੋ ਜ਼ਿੰਦਗੀ ਦੀ ਅਰਥ-ਹੀਣਤਾਦੇ ਅਹਿਸਾਸ ਨੂੰ ਪੈਦਾ ਕਰਦੀ ਹੈ । "ਰਾਜ ਦੀ ਸਾਰੀ ਸ਼ਕਤੀ ਅਤੇ ਸੰਪੱਤੀ ਮੁਠੀ ਭਰ ਲੋਕਾਂ ਦੇ ਹੱਥ  ਵਿਚ ਹੁੰਦੀ ਹੈ ਤੇ ਸਮਾਜ ਦੀ ਬਹੁ ਗਿਣਤੀ ਗਰੀਬੀ, ਬਿਮਾਰੀ ਅਤੇ ਬੇਚਾਰਗੀ ਨੂੰ ਝੱਲਣ ਲਈ ਮਜਬੂਰ ਹੈ!ਜੇ ਕੋਈ ਅਜੇਹੀ ਅਨਿਆ ਪੂਰਨ ਵਿਵਸਥਾ ਦੇ ਵਿਰੋਧ ਵਿਚ ਖੜਾ ਹੁੰਦਾ ਹੈ ਤਾਂ ਰਾਜ, ਪ੍ਰਸ਼ਾਸਨ ਦੀ ਮਸ਼ੀਨਰੀ , ਕਾਨੂੰਨ , ਕਚਹਿਰੀ ਅਤੇ  ਗਿਰਜਾ ਘਰ ਉਸ ਨੂੰ ਫਾਹੇ ਟੰਗ ਦੇਂਦੇ ਹਨ! ਅਜਿਹੇ ਹਾਲਾਤ ਵਿਚ ਉਸਾਰੂ ਸੋਚ ਵਾਲੇ ਲੋਕ ਜਾਂ ਤਾਂ ਜ਼ਿੰਦਗੀ ਤੋਂ ਉਪਰਾਮ ਹੋ ਜਾਂਦੇ ਹਨ ਜਾਂ ਪਾਗਲ ਖਾਨਿਆਂ ਵਿਚ ਭਰਤੀ" (ਕਾਮੂ)

 ਜਦੋਂ ਕਾਮੂ ਨੇ ਰੂਸ ਵਿਚ ਸਟਾਲਿਨ ਦੀਆਂ ਨੀਤੀਆਂ ਦੇ ਵਿਰੋਧ ਵਿਚ "ਵਿਦ੍ਰੋਹੀ" ਨਾਵਲ ਲਿਖਿਆ ਤਾਂ ਦੋਨਾਂ ਵਿਚ ਮੱਤ ਭੇਦ ਪੈਦਾ ਹੋ ਗਏ! ਸਾਰਤਰ ਦਾ ਵਿਚਾਰ ਸੀ ਕਿ ਜੇ ਇਨਕਲਾਬੀ ਹਕੂਮਤ ਨੇ ਨਿਰਨਾ ਕੀਤਾ ਹੈ ਕਿ ਇਨਕਲਾਬ ਨੂੰ ਅੱਗੇ ਤੋਰਨ ਲਈ ਪ੍ਰੈਸ ਦੀ ਆਜ਼ਾਦੀ ਤੇ ਰੋਕ ਲਾਓਣ ਦੇ ਨਾਲ ਯਾਤਨਾ ਕੈੰਪ ਜਾਂ ਮੌਤ ਦੀ ਸਜ਼ਾ ਵੀ ਜ਼ਰੂਰੀ ਸਮਝੀ ਜਾਂਦੀ ਹੈ ਤਾਂ ਇਨਕਲਾਬ ਪੱਖੀ ਲੋਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਗੂਆਂ ਦੇ  ਫੈਸਲੇ ਦੇ ਸਨਮੁਖ ਆਪਣੇ "ਨੈਤਿਕ ਵਿਚਾਰਾਂ" ਨੂੰ ਤਿਲਾਂਜਲੀ ਦੇ ਦੇਣ ! ਪਰ ਕਾਮੂ ਦਾ ਵਿਚਾਰ ਸੀ ਕਿ ਜ਼ੁਲਮ ਜ਼ੁਲਮ ਹੈ ਭਾਂਵੇਂ  ਉਹ ਹਿਟਲਰ ਕਰੇ ਜਾਂ ਸਟਾਲਿਨ! ਸਾਰਤਰ ਨੇ 1964 ਵਿਚ ਨੋਬਲ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ ! ਨੋਬਲ ਪੁਰਸਕਾਰ ਕਮੇਟੀ ਨੂੰ ਉਸ ਨੇ ਲਿਖਿਆ "ਮਾਣ ਸਨਮਾਨ ਦੀ ਪ੍ਰਥਾ ਬੁਰਜੂਆ ਸਮਾਜ ਦੀ ਦੇਣ ਹੈ ਅਤੇ ਮੈਂ ਅਜੇਹੀ ਕਿਸੇ ਵੀ ਸੰਸਥਾ ਨਾਲ ਜੁੜਨਾ ਨਹੀਂ ਚਾਹੁੰਦਾ , ਭਾਂਵੇਂ ਉਹ ਸੰਸਥਾ ਤੁਹਾਡੀ ਸੰਸਥਾ ਵਾਂਗ ਕਿੰਨੀ ਹੀ ਸਨਮਾਨਤ ਕਿਓਂ ਨਾ ਹੋਵੇ"। 15 .4 .1980 ਉਸ ਦਾ ਪੈਰਿਸ ਵਿਖੇ ਦੇਹਾੰਤ ਹੋ ਗਿਆ !

ਏਸੇ ਤਰਾਂ ਜਸਵੰਤ ਸਿੰਘ ਅਮਨ ਜੀ ਨੇ ਗੁਰਮਤਿ ਤੇ ਮਨਮਤਿ ਬਾਰੇ ਵੀ ਕਈ ਚੇਤਨਤਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ.ਇੱਕ ਵਾਰ ਉਹਨਾਂ ਕਿਹਾ,"ਗੁਰੂ ਨਾਨਕ ਦੇਵ ਜੀ ਦਾ ਧਰਮ ਦੁਨੀਆਂ ਦੇ ਬਾਕੀ ਧਰਮਾਂ ਤੋਂ ਇਸ ਗੱਲੋਂ ਵਿੱਲਖਣ ਹੈ ਕਿ ਇਸ ਵਿਚ ਅਕਾਲ ਪੁਰਖ ਅਤੇ ਮਨੁੱਖ ਵਿਚਕਾਰ ਕੋਈ ਵਿਚੋਲਾ ਨਹੀਂ ਮਿਥਿਆ ਗਿਆ!ਗੁਰੂ ਸਾਹਿਬ ਨੇਂ ਕਿਤੇ ਨਹੀਂ ਕਿਹਾ ਕਿ ਤੁਸੀਂ ਕੇਵਲ ਮੇਰੇ ਰਾਹੀਂ ਹੀ ਪ੍ਰਮਾਤਮਾ ਨੂੰ ਮਿਲ ਸਕਦੇ ਹੋ! ਓਹਨਾਂ ਨੇ  ਸਿੱਖ ਦੀ ਡੋਰ ਸਿੱਧੀ ਵਾਹਿਗੁਰੂ ਦੇ ਹਥ ਫੜ੍ਹਾਈ ਹੈ "ਪ੍ਰਭੁ ਡੋਰੀ ਹਾਥ ਤੁਮ੍ਹਾਰੇ"। ਇੱਸੇ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੇਂ ਆਪਣੇ ਸਿੱਖ  ਨੂੰ ਖਾਲਸਾ ਹੋਣ ਦਾ ਰੁਤਬਾ ਦਿੱਤਾ! ਪਰ ਅੱਜ ਅਸੀਂ ਆਪ, ਫਿਰ ਤੋਂ ਵਿਚੋਲਿਆਂ ਦੇ ਚੁੰਗਲ ਵਿਚ ਫਸ ਰਹੇ ਹਾਂ !ਅਕਾਲ ਪੁਰਖ ਅੱਗੇ ਸਿੱਧੀ ਅਰਦਾਸ  ਕਰਨ ਦੀ ਬਜਾਏ ਅਸੀਂ ਗ੍ਰੰਥੀ  ਸਿੰਘਾਂ ਨੂੰ ਅਰਦਾਸ ਲਈ ਲਭਦੇ ਫਿਰਦੇ ਹਾਂ !  ਅਰਦਾਸ "ਭੇਟਾ" ਦਾ ਰਿਵਾਜ਼ ਆਮ ਹੋ ਗਿਆ ਹੈ ! ਗੁਰੂ ਸਾਹਿਬ ਦਾ ਫੁਰਮਾਨ ਹੈ "ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ", ਜਨ ਤੇ ਅਕਾਲ ਪੁਰਖ ਵਿਚਕਾਰ ਗ੍ਰੰਥੀ ਦੀ ਕੀ ਭੂਮਿਕਾ ਹੈ ਮੇਰੀ ਸਮਝ ਤੋਂ ਬਾਹਰ ਹੈ ! ਤੁਹਾਡੀ ਸਮਝ ਵਿਚ ਕੁਝ ਆਇਆ ਹੋਵੇ ਤਾਂ ਜਰੂਰ ਦੱਸਣਾ ! ਕਦੋਂ ਤੱਕ ਅਸੀਂ ਗੁਰੂ ਦੇ ਹੁਕਮ ਦੀ ਨਿਰਾਦਰੀ ਕਰਦੇ ਅਤੇ ਸਹਿੰਦੇ ਰਹਾਂਗੇ ?

ਪਿੱਛੇ ਜਹੇ ਸੰਗਰਾਦ ਆਈ ਤਾਂ ਉਹ ਵੀ ਗੁਰ ਦਵਾਰੇ ਗਾਏ. ਜੋ ਕੁਝ ਉਥੇ ਜਾ ਕੇ ਦੇਖਿਆ. ਉਸ ਬਾਰੇ ਉਹਨਾਂ ਕਿਹਾ," ਅੱਜ ਚੇਤ ਮਹੀਨੇ ਦੀ ਸੰਗਰਾਂਦ ਹੈ । ਰੋਜ਼ ਵਾਂਗ ਗੁਰਦਵਾਰੇ ਗਿਆ । ਆਮ ਨਾਲੋਂ ਜਿਆਦਾ ਸੰਗਤ ਸੀ ! ਜਿੰਨਾ ਮਰਜ਼ੀ ਪ੍ਰਚਾਰ ਹੋ ਰਿਹਾ ਹੈ ਕਿ ਸਿਖੀ ਵਿਚ ਸੰਗਰਾਂਦ, ਮੱਸਿਆ ਆਦਿ ਦਾ ਕੋਈ ਮਹਤਵ ਨਹੀਂ ਹੈ , ਪਰ ਆਮ ਸਿਖ ਦੀ ਮਾਨਸਿਕਤਾ ਵਿਚੋਂ ਇਹ ਭਰਮ ਨਿੱਕਲ ਨਹੀਂ ਰਿਹਾ! ਜਿਵੇਂ ਜਿਵੇਂ ਪ੍ਰੋਗ੍ਰਾਮ ਸਮਾਪਤੀ ਵੱਲ ਵਧ ਰਿਹਾ ਸੀ, ਸੰਗਤ ਦੀ ਆਮਦ ਵੀ ਵਧ ਰਹੀ ਸੀ ;ਜਿਵੇਂ ਹਾਜਰੀ ਲੁਆਣ ਦੀ ਕਾਹਲ ਹੋਵੇ; ਸੰਗਰਾਂਦ ਵਾਲੇ ਦਿਨ ਕੜ੍ਹੀ ਚੌਲ ਦਾ ਲੰਗਰ ਹੁੰਦਾ ਹੈ !ਇਸ ਕਾਰਨ ਅਰਦਾਸ ਤੋਂ ਬਾਅਦ ਮੱਥਾ ਟੇਕਣ ਵਾਲਿਆਂ ਦੀ ਲੰਬੀ ਕਤਾਰ ਲੱਗ ਗਈ , ਜਿਵੇਂ ਆਮ ਕੇ ਆਮ ਗੁਠਲਿਓਂ ਕੇ ਦਾਮ ਵਾਲੀ ਗੱਲ ਹੋਵੇ! ਨਾਲੇ ਮਹੀਨੇ ਦੀ ਹਾਜਰੀ ਲੁਆਓ ਨਾਲੇ  ਲੰਗਰ ਛਕੋ!ਇਹੀ ਧਰਮ ਰਹਿ ਗਿਆ ਹੈ । ਲੰਗਰ ਵਿਚ ਸਾਰੇ ਰੱਜੇ ਪੁੱਜੇ ਸਰਦਾਰ. ਲੋੜਵੰਦ ਕੋਈ ਵੀ ਨਹੀਂ ! ਮੇਰੀ ਜਾਚੇ ਲੰਗਰ ਦਾ ਇਹ ਉਦੇਸ਼ ਤਾਂ ਕਦੀ ਵੀ ਨਹੀਂ ਸੀ! ਤੁਹਾਡਾ ਕਿ ਖਿਆਲ ਹੈ ?

ਉਹਨਾਂ ਕਵਿਤਾ ਵਿੱਚ ਵੀ ਆਪਣੇ ਵਿਚਾਰਾਂ ਨੂੰ ਬੜੇ ਹੀ ਦਿਲਚਸਪ ਢੰਗ ਨਾਲ ਪੇਸ਼ ਕੀਤਾ ਹੈ. ਆਪਣੇ ਇੱਕ ਵਿੰਗ ਵਿੱਚ ਉਹਨਾਂ ਲਿਖਿਆ;

ਇੱਕ ਵਿਅੰਗ

ਠੇਕੇ ਸ਼ਰਾਬ ਦੇਸੀ ਜਿਸ ਦਿਨ ਦੇ ਖੁੱਲ ਗਏ ਨੇ
ਪਿੰਡਾਂ ਦੇ ਸਭ ਸ਼ਰਾਬੀ ਕੁੱਪ ਵਾਂਗ ਫੁੱਲ ਗਏ ਨੇ
ਕੁਝ ਲੋਕਾਂ ਦੀ ਤਾਂ ਆਦਤ ਐਵੇਂ ਹੈ ਰੋਈ ਜਾਣਾ
ਹਰ ਥਾਂ ਤੇ ਲੱਤ ਅੜਾਓਣੀ ਪਰੇਸ਼ਾਨ  ਹੋਈ ਜਾਣਾ
ਹਰ ਗੱਲ ਚ ਮੀਨ ਮੇਖਾਂ ਐਵੇਂ ਨੇ ਕਢੀ ਜਾਂਦੇ
ਜਿਸ ਡਾਲ ਤੇ ਨੇ ਬਹਿੰਦੇ ਉਸੇ ਨੂੰ ਵਢੀ ਜਾਂਦੇ
ਠੇਕੇ ਖੁੱਲਣ ਤੋਂ ਪਹਿਲਾਂ ਕੁਝ ਹਾਲ ਸੀ ਪਿੰਡਾਂ ਦਾ ?
ਸੁੱਕੇ ਖੂਹਾਂ ਦੇ ਉੱਤੇ ਜੰਗਾਲੀਆਂ ਟਿੰਡਾਂ  ਦਾ ?
ਸੂਰਜ ਦੇ ਡੁੱਬਦੇ ਹੀ ਹੋ ਜਾਣ ਗਲੀਆਂ ਸੁੰਨੀਆਂ
ਹਨੇਰੇ ਚ ਬਾਹਰ ਆਓਂਦੇ ਮੁੰਨੇ ਤੇ ਨਾ ਹੀ ਮੁੰਨੀਆਂ
ਮਿੱਟੀ ਸੀ ਪੈਂਦੀ ਸਿਰ ਤੇ ਸਾਇਕਲ ਸੀ ਜਦ ਵੀ ਲੰਘਦਾ
ਕੁੱਤੇ ਵੀ ਭੌਂਕਦੇ ਸੀ ਜਦ ਵੀ ਕੋਈ ਸੀ ਖੰਘਦਾ
ਹੋ ਗਈਆਂ ਰੌਣਕਾਂ ਨੇ ਠੇਕੇ ਨੇ ਜਦ ਸੇ ਖੁੱਲੇ
ਗਲੀਆਂ ਚ ਹੋਈ ਜਗਮਗ ਮਹਿਕਾਂ ਦੇ ਆਓਣ ਬੁੱਲੇ
ਲਾਟੂ ਨੇ ਰੰਗ ਬਿਰੰਗੇ ਰੰਗੀਨ ਨਾਲੇ ਝੰਡੀਆਂ
ਹੁਣ ਵੀ ਨਬ੍ਜ਼ ਪਛਾਣੋਂ ਨਾ ਪਾਵੋ ਐਵੇਂ ਵੰਡੀਆਂ
ਪਾਣੀ ਛਿੜਕ ਸ਼ਾਮੀ ਮਿੱਟੀ ਬਿਠਾ ਨੇ ਦੇਂਦੇ
ਠੰਢੀ ਫਿਜ਼ਾ ਚ ਕੁਰਸੀ , ਤੇ ਮੇਜ਼ ਡਾਹ ਨੇ ਦੇਂਦੇ
ਕੁੱਤੇ ਨਾ ਭੌਂਕਦੇ ਹੁਣ ਕੰਮੀ ਜੋ ਜਾ ਨੇ ਲੱਗੇ
ਚੱਟਦੇ ਨੇ ਮੂੰਹ ਉਹਨਾਂ ਦੇ ਪੀ ਕੇ ਜੋ ਜਾ ਨੇ ਡਿੱਗੇ
ਰੁਜਗਾਰ ਦੇ ਵੀ ਸਾਧਨ ਹੁਣ ਹੋ ਗਏ ਨੇ ਚੰਗੇ
ਕੋਈ ਤਲ ਰਿਹਾ ਹੈ ਮਛੀ ਮੁਰਗੇ ਕਿਸੇ ਨੇ ਟੰਗੇ
ਮਹਾਤੜ ਗਰੀਬ ਛੋਲੇ ਤੜਕਾ ਕੇ ਦੇਈ ਜਾਂਦੇ
ਖਾਲੀ ਹੀ ਬੋਤਲਾਂ ਨੂੰ ਵੇਚੀ ਕਈ ਨੇ ਜਾਂਦੇ
ਠੇਕੇ ਸ਼ਰਾਬ ਦੇਸੀ ਜਿਸ ਦਿਨ ਦੇ ਖੁੱਲ ਗਏ ਨੇ
ਪਿੰਡਾਂ ਦੇ ਸਭ ਸ਼ਰਾਬੀ ਕੁੱਪ ਵਾਂਗ ਫੁੱਲ ਗਏ ਨੇ.
ਜਸਵੰਤ ਸਿੰਘ ਅਮਨ ਹੁਰਾਂ ਦੀ ਕਲਮ ਸਾਧਨਾ ਦਾ ਰੰਗ ਤੁਹਾਨੂੰ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਣਾ. ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਦੀ ਉਡੀਕ ਬਾਨੀ ਰਹੇਗੀ.--ਰੈਕਟਰ ਕਥੂਰੀਆ 

1 comment:

ART ROOM said...

ਅਮਨ ਸਾਹਿਬ ਤਾਂ ਅਮਨ ਸਾਹਿਬ ਹਨ ....ਸੰਜੀਦਾ ਲੇਖਕ ...ਇਮਾਨਦਾਰ ਮਨੁਖ ....