Wednesday, March 16, 2011

ਪਹਿਲ-ਤਾਜ਼ਗੀ ਦੀ ਅਵਸਥਾ


ਦੁਨੀਆ ਭਰ ਵਿੱਚ ਬੇਚੈਨੀ ਜਾਰੀ ਹੈ. ਬਹੁਤ ਸਾਰੇ ਲੋਕ ਤਰਾਂ ਤਰਾਂ ਦੇ ਦੁੱਖ ਸੁੱਖ ਸਹਿ ਕੇ ਵੀ ਆਪੋ ਆਪਣੇ ਨਿਸ਼ਾਨੇ ਲਈ ਸੰਘਰਸ਼ ਕਰ ਰਹੇ ਹਨ. ਨਾਂ ਤਾਂ ਕੋਈ ਲਾਲਚ ਉਹਨਾਂ ਨੂੰ ਆਪਣੇ ਰਸਤੇ ਤੋਂ ਏਧਰ ਓਧਰ ਕਰ ਸਕਿਆ ਅਤੇ ਨਾਂ ਹੀ ਕੋਈ ਜਬਰ ਜ਼ੁਲਮ. ਉਹਨਾਂ ਦੇ ਅੰਦਰ ਦੀ ਸ਼ਕਤੀ ਉਹਨਾਂ ਨੂੰ ਮਘਦਿਆਂ ਅੰਗਾਰਿਆਂ ਉੱਤੇ ਵੀ ਮੁਸਕਰਾਉਂਦਿਆਂ   ਰੱਖਦੀ ਹੈ. ਆਖਿਰ ਕੀ ਹੈ ਇਹ ਜਾਦੂ ? ਇਸ ਕ੍ਰਿਸ਼ਮੇ  ਬਾਰੇ ਬੜਾ ਕੁਝ ਕਿਹਾ ਸੁਣਿਆ ਜਾ ਸਕਦਾ ਹੈ.ਇਸ ਬਾਰੇ ਬੜੀ ਹੀ ਸਾਦਗੀ ਨਾਲ ਇੱਕ ਛੋਟਾ ਜਿਹਾ ਇਸ਼ਾਰਾ ਕੀਤਾ ਹੈ ਹਰਪਾਲ ਸਿੰਘ ਹੁਰਾਂ ਨੇ ਆਪਣੀ ਇਸ ਪੋਸਟ ਵਿੱਚ. ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਇਸ ਵਾਰ ਵੀ ਪੂਰੀ ਤੀਬਰਤਾ ਨਾਲ ਰਹੇਗੀ.-ਰੈਕਟਰ ਕਥੂਰੀਆ  


ਮਾਰਕਸਵਾਦ ਬਾਰੇ ਪ੍ਰੋ .ਹਰਿੰਦਰ ਸਿੰਘ ਮਹਿਬੂਬ ਦੇ ਵਿਚਾਰ/

ਜਦੋਂ ਕੌਮਾਂ ਆਪਣੇ ਜਨ੍ਮਦਾਤਾ ਪੈਗੰਬਰਾਂ ਦੇ ਨੇੜੇ ਹੁੰਦੀਆਂ ਹਨ ,ਤਾਂ ਉਹਨਾਂ ਦੀ ਫਿਤਰਤ ਵਿਚ ਆਪਣੇ ਮਜ੍ਹਬ ਦੀਆਂ ਬਹੁਤ ਤਾਜ਼ਾ ਅਤੇ ਮੌਲਿਕ ਰਮਜ਼ਾਂ ਹੁੰਦੀਆਂ ਹਨ। ਉਹਨਾਂ ਦੇ ਸੁਪਨਿਆਂ ,ਆਸਾਂ ਅਤੇ ਚੜਦੀ ਕਲਾ ਦੀ ਚੇਤਨਾ ਵਿਚ ਉਹਨਾਂ ਦੇ ਜਨਮਦਾਤਿਆਂ ਦੇ ਇਸ਼ਾਰੇ ਭਰਪੂਰ ਮਾਤਰਾ ਵਿਚ ਹੁੰਦੇ ਹਨ। ਉਹਨਾਂ ਦੀ ਕਹਿਣੀ ਅਤੇ ਕਰਨੀ ਵਿਚ ਗੁਰੂ-ਪੈਗੰਬਰ ਦੀ ਅਤਿ ਨੇੜੇ ਦੀ ਛੋਹ ਹੁੰਦੀ ਹੈ। ਅਜਿਹੇ ਹਾਲਾਤ ਵਿਚ ਕੌਮਾਂ ਦੀ ਸਮੂਹਿਕ ਚੇਤਨਾ ਜ਼ਰਖੇਜ਼,ਚਮਤਕਾਰੀ ਅਤੇ ਬਾਰੀਕ ਹੁੰਦੀ ਹੈ। ਉਦੋਂ ਇਹ ਚੇਤਨਾ ਕਿਸੇ ਪ੍ਰਕਾਰ ਦੇ ਵਿਰੋਧ-ਵਿਕਾਸ ਦੇ ਅਸੂਲ ਦੀ ਸਰਦਾਰੀ ਕਬੂਲ ਨਹੀਂ ਕਰਦੀ, ਅਤੇ ਇਹ ਹਰ ਕਿਸਮ ਦੇ ਆਰਥਿਕ ਪ੍ਰਭਾਵ ਤੋਂ ਆਜ਼ਾਦ ਹੁੰਦੀ ਹੈ। ਉਦੋਂ ਇਸਦੀ ਗਤੀ ਆਮ ਇਤਿਹਾਸ ਨਾਲੋਂ ਤਾਕਤਵਰ ਅਤੇ ਤੀਬਰ ਹੁੰਦੀ ਹੈ , ਕਿਉਂਕਿ ਉਦੋਂ ਇਤਿਹਾਸ ਇਸ ਵਿਚੋਂ ਜਨਮ ਲੈਂਦੇ ਹਨ। ਇਸੇ ਸਮੇਂ ਨੂੰ ਮਜ੍ਹਬਾਂ ਦੀ ਪਹਿਲ-ਤਾਜ਼ਗੀ ਦੀ ਅਵਸਥਾ ਕਿਹਾ ਜਾਂਦਾ ਹੈ।
ਸਮਾਂ ਬੀਤਣ ਨਾਲ ਬਹੁਤ ਸਾਰੇ ਕਾਰਨਾਂ ਅਧੀਨ ਮਜ੍ਹਬਾਂ ਦੀ ਉਪਰੋਕਤ ਪਹਿਲ ਤਾਜ਼ਗੀ ਕਮਜ਼ੋਰ ਪੈਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਇਸਦੀ ਤੀਬਰਤਾ ਘਟਦੀ ਹੈ ,ਤਾਂ ਕੌਮਾਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ ਅਤੇ ਸਿੱਟੇ ਵਜੋਂ ਇਹਨਾਂ ਦੀ ਕਹਿਣੀ ਅਤੇ ਕਰਨੀ ਬਾਹਰਲੇ ਹਾਲਾਤ (ਪੈਦਾਵਰੀ ਸ਼ਕਤੀਆਂ )ਦੇ ਅਧੀਨ ਹੋ ਜਾਂਦੀ ਹੈ। ਭਾਵੇਂ ਵਿਅਕਤੀਗਤ ਅਤੇ ਸਮੂਹਿਕ ,ਕੇਵਲ ਕਮਜ਼ੋਰ ਮਨਾਂ ਉੱਤੇ ਹੀ ਮਾਰਕਸੀ ਵਿਸ਼ਲੇਸ਼ਣ ਦੀਆਂ ਮੱਦਾਂ ਲਾਗੂ ਹੁੰਦੀਆਂ ਹਨ। ਮਜ੍ਹਬਾਂ ਅਤੇ ਕੌਮਾਂ ਦੇ ਸ਼ਕਤੀਸ਼ਾਲੀ ਮਨ ਆਪਣੀ ਆਜ਼ਾਦ ਹਸਤੀ ਵਿਚ ਵਿਚਰਦੇ ਹਨ,ਅਤੇ ਇਹ ਪੈਦਾਵਰੀ ਸ਼ਕਤੀਆਂ ਦੇ ਪ੍ਰਭਾਵ ਦੀ ਅਗਵਾਈ ਅਤੇ ਵਿਰੋਧ-ਵਿਕਾਸ ਦੇ ਨਿਯਮ ਦੀ ਰਚਨਾ ਤੋਂ ਬਾਗੀ ਹੁੰਦੇ ਹਨ। ਸੋ ਜਦੋਂ ਮਜ੍ਹਬਾਂ ਦੀ ਪਹਿਲ-ਤਾਜ਼ਗੀ ਦਾ ਜੋਸ਼ ਮੱਠਾ ਪੈਂਦਾ ਹੈ,ਤਾਂ ਕੇਵਲ ਥੋੜ੍ਹੇ ਸਮੇਂ ਲਈ ਮਾਰਕਸਵਾਦੀ ਚਿੰਤਨ ਦੀ ਚੜ੍ਹਤਲ ਦਾ ਰਾਹ ਤਿਆਰ ਹੁੰਦਾ ਹੈ। ਮਿਸਾਲ ਲਈ , ਈਸਾਈਅਤ ਦੇ ਕਮਜ਼ੋਰ ਪੈ ਚੁੱਕੇ ਮਨ ਦੇ ਵਿਰੋਧ ਵਿਚੋਂ ਹੀ ਮਾਰਕਸ ਦੀ ਫਿਲਾਸਫੀ ਦਾ ਸਿਰ ਉੱਚਾ ਹੋਇਆ। " .......ਸਹਿਜੇ ਰਚਿਓ ਖਾਲਸਾ ਪੰਨਾ ੧੬

1 comment:

Iqbal Gill said...

ਅਸਲ ਵਿਚ ਹਰਿੰਦਰ ਜੀ ਨੇ ਹਰ ਗੱਲ ਨੂੰ ਧਾਰਮਿਕਤਾ ਦੀ ਨਜਰ ਤੋਂ ਦੇਖਿਆ ਹੈ ਇਸ ਲਈ ਕੌਮ ਦੀ ਪਰਿਭਾਸ਼ਾ ਸੀਮਤ ਹੋ ਗਈ, ਤੇ ਆਰਥਿਕਤਾ ਦੇ ਪ੍ਰਭਾਵ ਨੂੰ ਦਰ-ਕਿਨਾਰ ਕਰ ਦਿਤਾ ਗਿਆ ਹੈ ਅਤੀਤ ਵਿਚ ਜਾਂ ਅੱਜ ਕੋਈ ਸਮਾਂ ਅਜਿਹਾ ਨਹੀਂ ਰਿਹਾ ਕਿ ਆਰਥਿਕਤਾ ਪ੍ਰਭਾਵੀ ਨਾ ਰਹੀ ਹੋਵੇ | ਪੂਰੀ ਗੱਲ ਆਖਣ ਲਈ ਲੇਖ ਦੀ ਜਰੂਰਤ ਪਵੇਗੀ | ਮੇਰੀ ਨਜਰ ਵਿਚ ਉਪਰੋਕਤ ਲਿਖਤ ਵਿਚ ਅਧਿਆਤਮਵਾਦੀ ਨਜ਼ਰੀਆ ਪ੍ਰਧਾਨ ਹੋਣ ਕਾਰਨ ਤਥ ਵਿਖਰ ਗਏ ਹਨ |