Sunday, March 13, 2011

ਕਮਿਉਨਿਸਟਾਂ ਨੂੰ ਧਰਤੀ ਦੀ ਮਾਲਕੀ ਦੇ ਚਾਹਵਾਨ ਕਹਿਣਾ ਬਦ-ਤਮੀਜ਼ੀ


ਪਿਛਲੇ ਦਿਨੀਂ ਪ੍ਰਭਸ਼ਰਨਦੀਪ ਸਿੰਘ ਨੇ ਇੱਕ ਲੇਖ ਲਿਖਿਆ ਸੀ ਪੰਜਾਬ ਬਾਰੇ,ਪੰਜਾਬ ਦੇ ਸੰਘਰਸ਼ ਬਾਰੇ ਅਤੇ ਇਸ ਸੰਘਰਸ਼ ਵਿੱਚ ਖੱਬੇ ਪੱਖੀ ਤਾਕਤਾਂ ਦੀ ਭੂਮਿਕਾ ਬਾਰੇ. ‘ਪੰਜਾਬੀ ਕਾਮਰੇਡਾਂ ਦਾ ਸਿਧਾਂਤਿਕ ਪੈਂਤੜਾ’ ਨਾਮ ਵਾਲੀ ਇਸ ਲਿਖਤ ਨੂੰ ਤੁਸੀਂ ਪੰਜਾਬ  ਸਕਰੀਨ ਵਿੱਚ ਏਥੇ ਕਲਿੱਕ ਕਰ ਕੇ ਵੀ ਪੜ੍ਹ ਸਕਦੇ ਹੋ. ਹੁਣ ਇਸ ਦੇ ਜੁਆਬ ਵਿੱਚ ਇੱਕ ਲੇਖ ਲਿਖਿਆ ਹੈ ਡਾਕਟਰ ਸੁਖਦੀਪ ਨੇ. ਇਹ ਲੇਖ ਅਸਲ ਵਿੱਚ  ਪ੍ਰਭਸ਼ਰਨਦੀਪ ਸਿੰਘ ਹੁਰਾਂ ਦੀ ਲਿਖਤ  ਦਾ ਆਲੋਚਨਾਤਮਿਕ ਪ੍ਰਤੀਕਰਮ ਹੈ. ਇਸ ਬਾਰੇ ਤੁਸੀਂ ਕੀ ਸੋਚਦੇ ਹੋ ਤੁਹਾਡੇ ਸਾਰਿਆਂ ਦੇ ਵਿਚਾਰਾਂ ਦੀ ਉਡੀਕ  ਰਹੇਗੀ.ਪਹਿਲਾਂ ਪੜ੍ਹ ਲਓ ਡਾਕਟਰ  ਸੁਖਦੀਪ ਹੁਰਾਂ ਦਾ ਪ੍ਰਤੀਕਰਮ.--ਰੈਕਟਰ ਕਥੂਰੀਆ  

ਆਲੋਚਨਾਤਮਕ ਪ੍ਰਤੀਕਰਮ//ਡਾ: ਸੁਖਦੀਪ

ਵਿਦਵਾਨ ਦਾਰਸ਼ਨਿਕ ਸਾਹਿਬ ਨੇ ਆਪਣੇ ਆਰਟੀਕਲ ਦਾ ਨਾਮ ਤਾਂ ‘ਪੰਜਾਬੀ ਕਾਮਰੇਡਾਂ ਦਾ ਸਿਧਾਂਤਿਕ ਪੈਂਤੜਾ’ ਰੱਖ ਲਿਆ ਪਰ ਕਮਿਉਨਿਸਟ ਸਿਧਾਂਤ ਤੇ ਇੱਕ ਅੱਖਰ ਵੀ ਨਾ ਸਰਿਆ ਸਿਧਾਂਤ ਦੀ ਆਲੋਚਨਾ ਤਾਂ ਦੂਰ ਦੀ ਗੱਲ ਹੈ | ਮੈਂ ਸਿਰਫ ਉਹਨਾਂ ਦੇ ਲੇਖ ਦੀ ਆਲੋਚਨਾ ਦੇ ਦਾਇਰੇ ਵਿਚ ਰਹਿਣ ਦੀ ਕੋਸ਼ਿਸ਼ ਕਰਾਂਗਾ |
ਕਈ ਉੱਘੇ ਸਿੱਖ ਚਿੰਤਕ ਜੋ ਖੁਦ ਨੂੰ ਘੱਟ ਗਿਣਤੀ ਸਿੱਖ ਧਰਮ ਦੇ ਨੁਮਾਇੰਦੇ ਸਮਝਦੇ ਜਾਂ ਕਹਾਉਂਦੇ ਹਨ, ਅਕਸਰ ਹੀ ਆਪਣੀਆਂ ਲਿਖਤਾਂ ਵਿੱਚ ਸਟੇਟ (ਭਾਰਤੀ ਪੂੰਜੀਵਾਦੀ ਰਾਜ ਪ੍ਰਣਾਲੀ) ਨੂੰ ਬੇਪਰਦ ਨਹੀਂ ਕਰਦੇ ਜਿੰਨਾਂ ਕਿ ਮਜਦੂਰ ਜਮਾਤ ਦੀ ਵਿਚਾਰਧਾਰਾ ਅਰਥਾਤ ਮਾਰਕਸਵਾਦ ਅਤੇ ਮਜਦੂਰ ਜਮਾਤ ਦੇ ਨੁਮਾਇੰਦੇ ਅਰਥਾਤ ਕਮਿਉਨਿਟਾਂ ਦਾ ਇੱਕੋ ਥਾਂ ਵਿਰੋਧ ਕਰਦੇ ਹਨ | ਅਕਸਰ ਹੀ ਅਜਿਹਾ ਕਰਦੇ ਕਰਦੇ ਅੰਤ ਉਹ ਅਰਾਜਕਤਾਵਾਦ ਦੇ ਗੰਦੇ ਨਾਲੇ ਵਿਚ ਸਿਰ ਪਰਨੇ ਜਾ ਡਿੱਗਦੇ ਹਨ | ਇਹ ਲੱਕੜ-ਸਿਰੇ ਵਿਦਵਾਨ ਸਿਰਫ ਇੱਕ ਸਵਾਲ ਕਿ ਖਾਲਿਸਤਾਨ ਵਿੱਚ ਮਜਦੂਰ ਜਮਾਤ ਦੀ ਮੁਕਤੀ ਲਈ ਕੀ ਪ੍ਰੋਗਰਾਮ ਹੈ, ਨਾਲ ਅੱਗ-ਬਬੂਲਾ ਹੋ ਜਾਂਦੇ ਹਨ ਤੇ ਗਾਲੀ-ਗਲੋਚ ਦੀ “ਅਸਭਿਅਕ” ਭਾਸ਼ਾ ਤੱਕ ਪਤਾਲ ਵਿਚ ਗਰਕ ਜਾਂਦੇ ਹਨ |

ਕਮਿਉਨਿਸਟ ਕਦੇ ਨਹੀਂ ਕਹਿੰਦੇ ਕਿ  ਪੰਜਾਬ ਚਾਰ-ਪੰਜ ਦਹਾਕੇ ਪਹਿਲਾਂ ਹੱਸ ਰਿਹਾ ਸੀ, ਨੱਚ ਰਿਹਾ ਸੀ ਜਾਂ ਗਾ ਰਿਹਾ ਸੀ, ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਨਕਸਲਵਾੜੀ ਲਹਿਰ ਪੰਜਾਬ ਤੱਕ ਨਾ ਪਹੁੰਚੀ ਹੁੰਦੀ | ਬੇਸ਼ੱਕ ਉਹ ਮਾਰ੍ਕੇਬਾਜ਼ ਲਹਿਰ ਸੀ ਤੇ ਹੈ ਵੀ, ਜਿਸਨੂੰ ਇਹ ਵਿਦਵਾਨ ਸਿੱਖਾਂ ਦੀ ਆਜ਼ਾਦੀ ਦਾ ਸੰਘਰਸ਼ ਕਹਿੰਦੇ ਸਲਾਹੁੰਦੇ ਨਹੀਂ ਥੱਕਦੇ ਉਹ ਅਸਲ ਵਿਚ ਹੈ ਕੀ ? ਜੇਕਰ ਇਸ ਸਵਾਲ ਦੇ ਜਵਾਬ ਲਈ ਸਮੁੱਚੀ ਖਾਲਿਸਤਾਨ ਪੱਖੀ ਵਿਚਾਰਧਾਰਾ ਦੇ ਅੰਦਰ ਬਾਰੀਕੀ ਨਾਲ ਦੇਖਦੇ ਹਾਂ ਤਾਂ ਇਹ ਵਿਦਵਾਨ ਅੱਜ ਦੇ ਯੁੱਗ ਅਰਥਾਤ ਪੂੰਜੀਵਾਦ ਤੋਂ ਪੁਰਾਤਨ ਯੁੱਗ ਅਰਥਾਤ ਜਾਗੀਰਦਾਰੀ ਵੱਲ ਘਿਸਰਦੇ ਨਜਰ ਆਉਂਦੇ ਹਨ, ਕੁੱਲ ਮਿਲਕੇ ਪਿਛਾਂਹ ਖਿੱਚੂ ਬਣ ਜਾਂਦੇ ਹਨ | ਜੇਕਰ ਸਿਧਾਂਤਿਕ ਬਹਿਸ ਦੇ ਮੁੱਦੇ ‘ਤੇ ਆਈਏ ਤਾਂ ਇਹ ਵਿਦਵਾਨ ਝੱਟ ਲਾਲ ਪੀਲੇ ਹੋਣ ਲਗਦੇ ਹਨ ਅਤੇ ਪੰਜਾਬ ਦੇ ਮਸਲਿਆਂ ਤੇ ਆ ਜਾਂਦੇ ਹਨ | ਜੇ ਇਹ ਪੁੱਛੀਏ ਕਿ ਪੰਜਾਬ ਦੇ ਕਿਹੜੇ ਮਸਲੇ, ਤਾਂ ਅਨੰਦਪੁਰ ਦੇ ਮਤੇ ਵਾਲਾ ਛੁਣਛੁਣਾ ਚੁੱਕ ਅਨਹਦ ਨਾਦ ਛੇੜ ਬਹਿੰਦੇ ਹਨ | ਪਾਣੀਆਂ ਦਾ ਮੁੱਦਾ ਜਿਸ ਵਿਚ ਮੁੱਖ ਹੈ | ਪਾਣੀਆਂ ਦਾ ਮੁੱਦਾ ਬਿਨਾ ਸ਼ੱਕ ਸਿਰਫ ਕਿਸਾਨੀ ਦਾ ਮੁੱਦਾ ਹੈ, ਪੰਜਾਬ ਦੇ ਮਜਦੂਰ ਵਰਗ ਦਾ ਮੁੱਦਾ ਨਹੀਂ | ਪੂੰਜੀ ਦੇ ਯੁੱਗ ਵਿਚ ਦਿਨੋ-ਦਿਨ ਘੱਟ ਰਹੀ ਜਮੀਨ ਵਿਚ ਸਿਰਫ ਪਾਣੀ ਵਧ ਤੋਂ ਵਧ ਪਾਕੇ ਕਿੰਨਾ ਕੁ ਉਤਪਾਦਨ ਲਿਆ ਜਾ ਸਕਦਾ ਹੈ | ਪੂੰਜੀ ਦੇ ਯੁਗ ਵਿਚ ਛੋਟੀ ਕਿਸਾਨੀ ਵੱਡੀ ਕਿਸਾਨੀ ਵਿੱਚ ਗਰਕ ਜਾਣ ਤੋਂ ਕਿੰਨਾ ਕੁ ਚਿਰ ਬਚ ਸਕਦੀ ਹੈ | ਜਿਥੇ ਮੁੱਖ ਸਿਧਾਂਤ ਹੀ ਇਹ ਹੋਵੇ ਕਿ ਵੱਡੀ ਮੱਛੀ ਛੋਟੀ ਨੂੰ ਖਾਂਦੀ ਹੈ,  ਵੱਡਾ ਕਾਰਖਾਨਾ ਛੋਟੇ ਕਾਰਖਾਨੇ ਨੂੰ, ਵੱਡੀ ਦੁਕਾਨ ਛੋਟੀ ਦੁਕਾਨ ਨੂੰ, ਵੱਡੀ ਖੇਤੀ ਛੋਟੀ ਖੇਤੀ ਨੂੰ, ਹਰ ਕਿਸਮ ਦੇ ਛੋਟੇ ਮਾਲਕਾਂ ਦਾ ਇੱਕ ਨਾ ਇੱਕ ਦਿਨ ਮਜਦੂਰਾਂ ਵਿਚ ਬਦਲ ਜਾਣਾ ਲਾਜਮੀਂ ਹੈ | ਕਮਿਉਨਿਸਟ ਬਿਨਾ ਸ਼ੱਕ ਇਹ ਸੱਚ ਛੋਟੀ ਕਿਸਾਨੀ ਤੱਕ ਪਹੁੰਚਾਉਣ ਤੋਂ ਅਸਫਲ ਰਹੇ ਹਨ, ਜਿਸਦਾ ਸਿੱਧਾ ਫਾਇਦਾ ਪਿਛਾਂਹ ਖਿੱਚੂ ਫਾਸ਼ੀਵਾਦ ਨੇ ਉਠਾਇਆ |
ਕਮਿਉਨਿਸਟਾਂ ਦੀ ਨਜਰ ਵਿਚ ਸਮਸਿਆ ਜੂਝਣ ਵਾਲੇ ਲੋਕ ਨਹੀਂ ਸਗੋਂ ਉਹ ਵਿਚਾਰਧਾਰਾ ਸੀ ਜਿਸਨੇ ਧਰਮ ਦਾ ਚੋਲਾ ਪਾਕੇ ਮਰ ਰਹੀ ਕਿਸਾਨੀ ਅਤੇ ਕੁਝ ਮਜਦੂਰ ਜਮਾਤ ਦੇ ਲੋਕ ਪਿੱਛੇ ਲਾ ਲਏ | ਸਮਸਿਆ ਉਹ ਲੋਕ ਸਨ ਜੋ ਬੱਸਾਂ ਵਿਚੋਂ ਉਤਾਰ ਬੇਦੋਸ਼ਿਆਂ ਨੂੰ ਕਤਲ ਕਰ ਦਿੰਦੇ ਸਨ | ਸਮਸਿਆ ਵਿਅਕਤੀਗਤ ਕਤਲਾਂ ਦਾ ਦੌਰ ਸੀ |
ਜਿਸਨੂੰ ਇਹ ਵਿਦਵਾਨ ਧਰਤੀ ਨਾਲ ਮੁਹੱਬਤ ਕਹਿਕੇ ਕਸੀਸ ਵੱਟਦੇ ਹਨ ਅਸਲ ਵਿਚ ਉਹ ਇਹਨਾਂ ਦਾ ਖਤਮ ਹੋ ਰਹੀ ਮਾਲਕੀ ਪ੍ਰਤੀ ਹੇਰਵਾ ਹੈ | ਪੰਜਾਬ ਦੀ ਧਰਤੀ ਤੇ ਕਿਸਾਨਾਂ ਦੇ ਨਾਲ-ਨਾਲ ਬਹੁਤ ਵੱਡੀ ਗਿਣਤੀ ਵਿਚ ਖੇਤ ਮਜਦੂਰ ਵੀ ਵਸਦੇ ਹਨ ਜਿਹੜੇ ਧਰਤੀ ਦੀ ਕਿਸੇ ਵੀ ਰੂਪ ਦੀ ਮਾਲਕੀ ਤੋਂ ਸੱਖਣੇ ਹਨ ਜਿੰਨਾਂ ਦੀ ਵਾਫਰ ਕਦਰ (ਕਿਰਤ)  ਦੀ ਲੁੱਟ ਸਿੱਧੇ ਰੂਪ ਵਿਚ ਵੱਡੇ ਛੋਟੇ ਕਿਸਾਨ ਕਰਦੇ ਹਨ | ਜਿੰਨਾਂ ਮਜਦੂਰਾਂ ਦੀਆਂ ਔਰਤਾਂ ਕੱਖਾਂ ਦੀ ਥੱਬੀ ਪਿੱਛੇ ਅਸਮਤ ਲੁਟਾ ਬਹਿੰਦਿਆਂ ਹਨ, ਉਹਨਾਂ ਲੋਕਾਂ ਦੀ ਧਰਤੀ ਨਾਲ ਮੁਹੱਬਤ ਦਾ ਅੰਦਾਜਾ ਲਾਉਣਾ ਕਿੰਨਾ ਕੁ ਮੁਸ਼ਕਿਲ ਹੈ ? ਧਰਤੀ ਨਾਲ ਮੁਹੱਬਤ ਕਿਤੇ ਨਹੀਂ ਹੁੰਦੀ ਇਹ ਸਿਰਫ ਮਾਲਕੀ ਨਾਲ ਮੁਹੱਬਤ ਹੈ | ਇੱਕ ਸੱਚਾ ਕਮਿਉਨਿਸਟ ਉਹ ਹੈ ਜੋ ਆਪਣੇ ਅੰਦਰੋਂ ਹਰ ਤਰਾਂ ਦੀਆਂ ਬੁਰਜੂਆ ਪ੍ਰਵਿਰਤੀਆਂ ਨਿੱਜੀ ਮਾਲਕੀ ਵਾਲੀ ਸੋਚ ਨੂੰ ਖਤਮ ਕਰ ਰਿਹਾ ਹੋਵੇ ਅਤੇ ਕਰ ਦਿੱਤੀ ਹੋਵੇ | ਇਹ ਵਿਦਵਾਨ 1947 ਦੀਆਂ ਯਾਦਾਂ ਨੂੰ ਚੇਤੇ ਕਰ ਅੱਖਾਂ ਭਰ ਲੈਣ ਦਾ ਢੌਂਗ ਕਰਦੇ ਹਨ ਅਤੇ ਉਹਨਾਂ ਗੱਲਾਂ ਨੂੰ ਆਪਣੇ ਗਲੋਂ ਲਾਹ ਕੇ ਧੱਕੇ ਨਾਲ ਕਮਿਉਨਿਸਟਾਂ ਦੇ ਸਿਰ ਮੜਨ ਦੀ ਕੋਸ਼ਿਸ਼ ਕਰਦੇ ਹਨ, ਜੋ ਅਸਲ ਵਿਚ ਸਿੱਖ ਮੁਸਲਮਾਨ ਫਸਾਦ ਸਨ ਨਾ ਕਿ ਕਮਿਉਨਿਸਟ ਮੁਸਲਮਾਨ ਫਸਾਦ | ਪੰਜਾਬ ਦੀ ਧਰਤੀ ਤਾਂ ਕੀ ਕਮਿਉਨਿਸਟ ਸਮੁੱਚੀ ਧਰਤੀ ਨੂੰ ਹਰ ਕਿਸਮ ਦੇ ਨਿੱਜੀ ਕਬਜੇ ਤੋਂ ਮੁਕਤ ਕਰਨ ਦੀ ਰੀਝ ਪਾਲਦੇ ਹਨ ਅਤੇ ਕਮਿਉਨਿਸਟਾਂ ਨੂੰ ਧਰਤੀ ਦੀ ਮਾਲਕੀ ਦੇ ਚਾਹਵਾਨ ਕਹਿਣਾ ਇਹਨਾਂ ਸਿੱਖ-ਚਿੰਤਕਾਂ ਦੀ ਵੱਡੀ ਬਦ-ਤਮੀਜ਼ੀ ਹੈ | ਪੁਰਾਤਨ ਸਮਿਆਂ ਵਿੱਚ ਮਜਦੂਰ ਜਮਾਤ ਨੇ ਕਿਸਾਨੀ ਦਾ ਸਾਥ ਦੇਕੇ ਅਰਥਾਤ ਸਿਖ ਧਰਮ ਅਪਣਾਕੇ ਸਿਰਫ ਆਪਣੀ ਜਾਤ ਦਾ ਹੀ “ਸਿੱਖੀਕਰਨ” ਕੀਤਾ ਹੈ | ਉਹਨਾਂ ਦੇ ਆਰਥਿਕ, ਸਮਾਜਿਕ, ਭੌਤਿਕ ਹਾਲਾਤ ਨਹੀਂ ਬਦਲੇ, ਉਹ ਲੋਕ ਅੱਜ ਵੀ ਉਹੀ ਨੇ ਜੋ ਚਾਰ ਪੰਜ ਸੌ ਸਾਲ ਪਹਿਲਾਂ ਸਨ | ਸਿਰਫ ਸਾਡੇ ਸਿੱਖ, ਸਾਡੇ ਸਿੱਖ ਭਰਾ ਕਹੀ ਜਾਣਾ ਢੌਂਗ ਹੈ, ਮੀਸਣਾ-ਪਣ ਹੈ | ਇਹ ਸਿੱਖ ਚਿੰਤਕ ਕਮਿਉਨਿਸਟਾਂ ਨੂੰ  ਜਿੰਨਾਂ ਨੇ ਖਾਲਿਸਤਾਨੀ ਵਿਚਾਰਧਾਰਾ ਅਤੇ ਕੱਟੜ ਧਾਰਮਿਕਤਾ ਅਤੇ ਫਾਸ਼ੀਵਾਦ ਦਾ ਵਿਰੋਧ ਕੀਤਾ ਸਟੇਟ ਦੇ ਹੱਥਠੋਕੇ ਕਹਿੰਦੇ ਹਨ | ਮੈਂ ਇਹਨਾਂ ਨੂੰ ਦੱਸਣਾ ਚਾਹਾਂਗਾ ਕਿ ਫਾਸ਼ੀਵਾਦ ਦਾ ਵਿਰੋਧ ਕਰਨਾ ਅਤੇ ਜੇਕਰ ਪਾਵਰ ਵਿਚ ਹੋਣ ਤਾਂ ਸਖਤੀ ਨਾਲ ਕੁਚਲ ਦੇਣਾ ਕਮਿਉਨਿਸਟਾਂ ਦਾ ਪਹਿਲਾ ਕਰੱਤਵ ਹੈ, ਪੂੰਜੀਵਾਦੀ ਰਾਜ ਪ੍ਰਣਾਲੀ ਦਾ ਵਿਰੋਧ ਕਰਨਾ ਅਤੇ ਉਸਦੀ ਥਾਂ ਮਜਦੂਰ ਜਮਾਤ ਦੀ ਰਾਜਸੱਤਾ ਸਥਾਪਿਤ ਕਰਨਾ ਦੂਸਰਾ |
ਇਹ ਸਿਖ ਵਿਦਵਾਨ ਜਾਗੀਰਦਾਰੀ ਦੇ ਥੋਥੇ ਹੋ ਚੁੱਕੇ ਖੋਲ ਵਿਚ ਸੁੰਗੜਦੇ ਹੋਏ ਕਹਿੰਦੇ ਹਨ ਕਿ ਕਮਿਉਨਿਸਟ ਨਹੀਂ ਜਾਣਦੇ ਕਿ ਐਨਲਾਈਟਮੈਂਟ ਫਲਸਫੇ ਨਾਲ ਜੁੜੀ ਮੈਟਾਫਿਜਿਕਸ (ਅਧਿਆਤਮਵਾਦ) ਤੇ ਇਸ ਵਿਚੋਂ ਨਿਕਲਿਆ ਸਾਮਰਾਜਵਾਦੀ ਬਿਰਤਾਂਤ ਦੁਨੀਆਂ ਤੇ ਕਿਸ ਕਿਸਮ ਦੀਆਂ ਤਬਦੀਲੀਆਂ ਲਿਆ ਰਿਹਾ ਹੈ | ਇਸ ਗੱਲ ਦਾ ਜਵਾਬ 150 ਸਾਲ ਪਹਿਲਾਂ ਕਾਰਲ ਮਾਰਕਸ ਨੇ ਵਿਸਥਾਰ ਨਾਲ ਦਿੱਤਾ ਸੀ | ਕੀ ਕਮਿਉਨਿਸਟਾਂ ਦੀ ਸਮਝ ਤੋਂ ਪਰੇ ਹੋ ਸਕਦੀ ਹੈ ? ਇਹਨਾਂ ਦੀ ਅਕਲ ਤੇ ਹੱਸਿਆ ਹੀ ਜਾ ਸਕਦਾ ਹੈ | ਇਹ ਮਾਰਕਸ ਦੇ ਹੀਗਲ ਨਾਲ ਸੰਬੰਧਾਂ ਦੀ ਬੁਰਜੂਆ ਸਾਈਕਾਲੋਜਿਸਟ ਸਿਗ੍ਮ੍ਡ ਫਰਾਈਡ ਅਤੇ ਬੁਰਜੂਆ ਸਾਈਕਾਲੋਜਿਸਟ ਕਾਰਲ ਯੁੰਗ ਦੇ ਸੰਬੰਧਾਂ ਦੀ, ਨੀਤਸ਼ੇ, ਹਾਈਡਿਗਰ ਦੇ ਮੈਟਾਫਿਜਿਕਸ ਯਾਨੀ ਅਧਿਆਤਮਵਾਦ ਨਾਲ ਸੰਬੰਧ ਤੇ ਸਵਾਲ ਇੰਝ ਕਰਦੇ ਹਨ ਕੀ ਜਿਵੇਂ ਕੋਈ ਇਹਨਾਂ ਨੂੰ ਪੁੱਛੇ “ਰੇਲਵੇ ਇੰਜਣ ਦੀ ਕਾਰਜ਼ ਪ੍ਰਣਾਲੀ ਵਾਰੇ ਗੁਰਮੱਤ ਕੀ ਕਹਿੰਦੀ ਹੈ ?” ਇਹਨਾਂ ਵਿਦਵਾਨਾਂ ਦੀ ਇਹੋ ਜਿਹੇ ਮਰੇ ਹੋਏ ਸਵਾਲਾਂ ਦੇ ਨਿੱਤ ਰੂਬਰੂ ਹੁੰਦੇ ਆਪਣੀ ਸੋਚ ਚੋਂ ਵੀ ਸੜਾਂਦ ਮਾਰਨ ਲਗਦੀ ਹੈ ਇਹਨਾਂ ਤੇ ਸਿਰਫ ਹੱਸਿਆ ਜਾ ਸਕਦਾ ਹੈ |
ਇਹ ਵਿਦਵਾਨ ਕਮਿਉਨਿਸਟਾਂ ਤੇ ਇਲਜਾਮ ਲਾਉਂਦੇ ਹਨ ਕਿ ਇਹਨਾਂ ਦੀ ਕਵਿਤਾ ਅਰਥਾਤ ਮਜਦੂਰ ਜਮਾਤ ਦੀ ਕਵਿਤਾ ਤੇ ਗੀਤ ਪੰਜਾਬ ਦੇ ਗੀਤਾਂ ਨੂੰ ਖਾ ਗਈ | ਮੈਂ ਪੁਛਦਾ ਹਾਂ ਅੱਜ ਤੋਂ 50-60 ਸਾਲ ਪਹਿਲਾਂ ਪੰਜਾਬ ਦੇ ਜੋ ਗੀਤ ਸਨ ਉਹਨਾਂ ਵਿਚ ਖੂਹ, ਟਿੰਡਾਂ, ਬਲਦ,  ਪੈਲੀਆਂ, ਊਠ, ਮੇਲੇ, ਸ਼ਰਾਬਾਂ ਮੌਜ ਮਸਤੀ ਸੀ ਜੋ ਕਿ ਸਪਸ਼ਟ ਰੂਪ ਵਿਚ ਧਨੀ ਕਿਸਾਨੀ ਦੀਆਂ ਨਿਸ਼ਾਨੀਆਂ ਹਨ ਅਤੇ ਧਨੀ ਕਿਸਾਨੀ ਦੇ ਗੀਤ ਹਨ ਜਾਣ ਸਨ ਮਜਦੂਰ ਜਮਾਤ ਦੇ ਨਹੀਂ ਜੇਕਰ ਇਹਨਾਂ ਨੂੰ ਲਗਦਾ ਹੈ ਕਿ ਮਜਦੂਰ ਜਮਾਤ ਦੀ ਕਵਿਤਾ ਇਹਨਾਂ ਦੇ ਗੀਤਾਂ ਨੂੰ ਖਾ ਗਈ ਹੈ ਤਾਂ ਮੈਨੂੰ ਇਸ ਵਿਚ ਕੋਈ ਹੈਰਾਨੀ ਨਹੀਂ, ਇਹਨਾਂ ਦੇ ਢਿੱਡ ਮਰੋੜ ਉੱਠਣੇ ਲਾਜਮੀਂ ਹਨ ਹਾਂ ਇਹ ਵੀ ਸੱਚ ਹੈ ਕਿ ਕਮਿਉਨਿਸਟ ਵਿਚਾਰਧਾਰਾ ਵਾਲੇ ਲੇਖਾਂ ਤੇ ਕਿਤਾਬਾਂ ਨੇ ਸਮਾਜ ਦੇ ਆਪਸੀ ਸੰਬੰਧਾਂ (ਰਿਸ਼ਤਿਆਂ) ਦੇ ਨਕਾਬ ਨੂੰ  ਲੀਰੋ ਲੀਰ ਕੀਤਾ ਹੈ ਅਤੇ ਸਪਸ਼ਟ ਕੀਤਾ ਹੈ ਕਿ ਪੂੰਜੀਪਤੀ ਦੇ ਅਤੇ ਮਜਦੂਰ ਦੇ ਵਿਚਕਾਰ ਅਸਲ ਰਿਸ਼ਤਾ ਕੀ ਹੈ | ਇਹਨਾਂ ਨਕਾਬਾਂ ਦਾ ਫਾਇਦਾ ਫਾਸ਼ੀਵਾਦ ਅੱਜ ਵੀ ਉਠਾਉਣਾ ਚਾਹੁੰਦਾ ਹੈ, ਕਮਿਉਨਿਸਟਾਂ ਨੇ ਸਪਸ਼ਟ ਕੀਤਾ ਹੈ ਅਤੇ ਕਰ ਰਹੇ ਹਨ ਕੀ ਪੂੰਜੀਵਾਦ ਦੇ ਯੁੱਗ ਵਿਚ ਮਨੁੱਖ ਦੇ ਰਿਸ਼ਤਿਆਂ ਨੂੰ ਪੂੰਜੀ ਹੀ ਨਿਰਧਾਰਿਤ ਕਰਦੀ ਹੈ |  ਕਮਿਉਨਿਸਟ ਕਦੇ ਨਹੀਂ ਕਹਿੰਦੇ ਕਿ ਭਾਰਤ ਦੀ ਇੱਕ ਕੌਮੀ ਰਾਜ ‘ਤੇ ਹੋਈ ਕਾਇਮੀ ਇੱਕ ਕੁਦਰਤੀ ਵਰਤਾਰਾ ਹੈ ਆਖਿਰ ਭਾਰਤ ਦੀ ਕਾਇਮੀ ਕੋਈ ਭੂਚਾਲ ਜਾਂ ਸੁਨਾਮੀਂ ਲਹਿਰ ਨਾਲ ਨਹੀਂ ਹੋਈ | ਇਹਨਾਂ ਦੀ ਸੋਚ ਸਿਰਫ ਇਹੀ ਸਿੱਧ ਕਰਦੀ ਹੈ ਕਿ ਇਹ ਵਿਦਵਾਨ ਸਿਰਫ ਰਾਜਸੱਤਾ ਦੀ ਪ੍ਰਾਪਤੀ ਲਈ ਮਿਸਲਾਂ ਵੱਲ ਨੂੰ ਯੂ ਟਰਨ ਮਾਰਕੇ ਦੌੜ ਜਾਣਾ ਚਾਹੁੰਦੇ ਹਨ | ਇਹ ਲੋਕ ਵਕਤ ਦੇ ਪਹੀਏ ਨੂੰ ਪੁੱਠਾ ਗੇੜਾ ਦੇਣ ਦੀ ਨਾਕਾਮ ਜਿੱਦ ਕਰ ਰਹੇ ਹਨ |
ਫੋਕੋ ਜਿਸਦੇ ਵਿਚਾਰਾਂ ਨੂੰ ਯੂਰਪ ਨੇ ਲੱਗਭੱਗ  ਦੋ ਦਹਾਕੇ ਪਹਿਲਾਂ ਤਿਆਗ ਦਿੱਤਾ ਸੀ ਉਹਨਾਂ ਵਿਚਾਰਾਂ ਦੀ ਜੁਗਾਲੀ ਪਹਿਲਾਂ ਦਸ ਸਾਲ ਦਿੱਲੀ ਵਾਲਿਆਂ ਨੇ ਕੀਤੀ ਅਤੇ ਜਦ ਉਹਨਾਂ ਨੇ ਥੁੱਕਿਆ ਤਾਂ ਸਾਡੇ ਵਿਦਵਾਨਾਂ ਨੇ ਚੱਟਣਾ ਸ਼ੁਰੂ ਕਰ ਦਿੱਤਾ | ਫੋਕੋ ਦੇ ਉੱਤਰ-ਆਧੁਨਿਕਤਾਵਾਦ  ਦੀਆਂ ਧੱਜੀਆਂ ਦੁਨੀਆਂ ਦੇ ਕਮਿਉਨਿਸਟਾਂ ਨੇ ਕਦੋਂ ਦੀਆਂ ਉਡਾ ਦਿਤੀਆਂ ਹਨ | ਪੰਜਾਬੀ ਜੁਬਾਨ ਵਿਚ ਵੀ ਕੁਝ ਪੰਜਾਬ ਦੇ ਵਿਦਵਾਨਾਂ ਨੇ ਫੋਕੋ ਦੇ ਉੱਤਰ ਆਧੁਨਿਕਤਾਵਾਦ ਦੀਆਂ ਧੱਜੀਆਂ ਉਡਾਈਆਂ ਹਨ ਜੋ ਇਹ ਵਿਦਵਾਨ ਨਹੀਂ ਜਾਣਦੇ ਜਾਂ ਜਾਣਬੁਝ ਕੇ ਜਿਕਰ ਨਹੀਂ ਕਰਦੇ |
ਅੱਗੇ ਵਧਣ ਤੋਂ ਪਹਿਲਾਂ ਉੱਤਰ ਆਧੁਨਿਕਤਾ ਬਾਰੇ ਕੁਝ ਗੱਲਾਂ ਕਿ ਆਖਿਰ ਉੱਤਰ ਆਧੁਨਿਕਤਾਵਾਦ ਹੈ ਕੀ ਬਲਾ | ਇਸਨੂੰ ਸਮਝਣ ਲਈ ਉੱਤਰ ਆਧੁਨਿਕਤਾ ਵਾਦੀਆਂ ਤੱਕ ਪਹੁੰਚ ਬਨਾਉਣੀ ਪਵੇਗੀ | ਉੱਤਰ ਆਧੁਨਿਕਤਾਵਾਦੀ ਕਹਿੰਦੇ ਹਨ ਕਿ ਮਾਰਕਸਵਾਦ ਆਧੁਨਿਕ ਜਮਾਨੇ (ਸਅਨਤਾਂ ਦੇ ਜਮਾਨੇ) ਦੀ ਫਿਲਾਸਫੀ ਸੀ ਹੁਣ ਵਿੱਤੀ (ਬੈੰਕਿੰਗ) ਦੀ ਸਰਦਾਰੀ ਹੈ ਜਮਾਨਾ ਆਧੁਨਿਕ ਤੋਂ ਅੱਗੇ ਲੰਘ ਕੇ ਉੱਤਰ-ਆਧੁਨਿਕ ਹੋ ਗਿਆ ਹੈ ਇਸ ਲਈ ਮਾਰਕਸਵਾਦ ਗੁਜਰੇ ਜਮਾਨੇ ਦੀ ਗੱਲ ਹੈ, ਇਹ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਸਦੀਵੀ ਹੈ ਤੇ ਹਮੇਸ਼ਾ ਰਹੇਗੀ | ਇਹ ਹਨ ਉਹ ਚਗਲੇ ਹੋਏ ਉੱਤਰ-ਆਧੁਨਿਕਤਾਵਾਦੀ ਵਿਚਾਰ ਜਿੰਨਾਂ ਨੂੰ ਇਹ ਸਿਖ ਵਿਦਵਾਨ ਚੱਟ ਰਹੇ ਹਨ | ਅਸਲ ਵਿਚ ਉੱਤਰ ਆਧੁਨਿਕਤਾਵਾਦ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਸਭ ਤੋਂ ਭਿਅੰਕਰ ਅਤੇ ਕਰੂਪ ਚਿਹਰਾ ਹੈ |
ਜਿਹੜੇ ਖਾਲਿਸਤਾਨ ਪੱਖੀ ਸਿੱਖ ਵਿਦਵਾਨ ਇਹ ਕਹਿੰਦੇ ਹਨ ਕਿ ਹਕੂਮਤ ਖਿਲਾਫ਼ ਜੂਝਣ ਵਾਲੇ ਲੋਕ ਧਰਤੀ ਦੇ ਟੁਕੜੇ ਲਈ ਨਹੀਂ ਪਰ ਧਰਤੀ ਦੇ ਇਸ ਹਿੱਸੇ ‘ਤੇ ਆਪਣੀ ਤਰਜ਼ ਦੀ ਜਿੰਦਗੀ ਜਿਉਣ ਲਈ ਲੜੇ ਬੜੀ ਬੇਸ਼ਰਮੀ ਨਾਲ ਝੂਠ ਬੋਲਦੇ ਹਨ | ਵੱਖਰੀ ਸਿੱਖ ਸਟੇਟ ਦਾ ਮੁੱਦਾ, ਪਾਣੀਆਂ ਦਾ ਮੁੱਦਾ, ਰਾਜ ਦਾ ਮੁੱਦਾ, ਖਾਲਿਸਤਾਨ ਦਾ ਮੁੱਦਾ ਸਿਰਫ ਆਪਣੀ ਤਰਜ਼ ਤੇ ਜਿਉਣ ਲਈ ਨਹੀਂ ਸਗੋਂ ਧਰਤੀ ਦੇ ਟੁਕੜੇ ਤੇ ਮਾਲਕਾਨਾ ਹੱਕ ਲਈ ਹੈ | ਭਾਰਤ ਦਾ ਬੁਰਜੂਆ ਲੋਕਤੰਤਰ ਘੱਟੋ ਘੱਟ ਇੰਨੀ ਕੁ ਤਾਂ ਛੋਟ ਦਿੰਦਾ ਹੈ ਕਿ ਕੋਈ ਵੀ ਆਪਣੀ ਮਰਜੀ ਨਾਲ ਆਪਣੀ ਤਰਜ਼ ਤੇ ਜਿੰਦਗੀ ਜੀਵੇ, ਹਾਂ ਕੌਮੀਅਤ ਦੇ ਸਵਾਲ ਦਾ ਹੱਲ ਭਾਰਤ ਦਾ ਬੁਰਜੂਆ ਲੋਕਤੰਤਰ ਨਹੀਂ ਕਰੇਗਾ, ਇਸਦਾ ਹੱਲ ਦੂਰ ਭਵਿਖ ਵਿਚਲੇ ਸਮਾਜਵਾਦ ਵਿਚ ਹੀ ਸੰਭਵ ਹੈ | ਇਹ ਸਿਖ ਵਿਦਵਾਨ ਅਤੇ ਕਈ ਖੁਦ ਨੂੰ ਮਾਰਕਸਵਾਦੀ ਕਹਾਉਣ ਵਾਲੇ ਵੀ ਭਾਰਤ ਵਿਚ ਹੋਏ ਪੂੰਜੀਵਾਦੀ ਬਦਲਾਅ ਨੂੰ ਨਹੀਂ ਮੰਨ ਰਹੇ | ਉਹ ਨਹੀਂ ਸਮਝਦੇ ਕਿ ਜਰੂਰੀ ਨਹੀਂ ਕਿ ਪੂੰਜੀਵਾਦ ਹਰ ਜਗਾਹ ਫਰਾਂਸ ਦੀ ਤਰਜ਼ ਤੇ ਬੁਰਜੂਆ ਇਨਕਲਾਬ ਰਾਹੀਂ ਹੀ ਆਵੇ ਲੈਨਿਨ ਦੇ ਸ਼ਬਦਾਂ ਵਿਚ ਇਹ ਪਰਸ਼ੀਅਨ ਤਰੀਕੇ ਨਾਲ ਵੀ ਆ ਸਕਦਾ ਹੈ ਅਤੇ ਭਾਰਤ ਵਿਚ ਆਇਆ ਵੀ ਹੈ | ਭਾਰਤ ਦੇ ਸੰਗਠਿਤ ਰਾਜਸੱਤਾ ਜੋ ਕਿ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਫੌਜ ਨੂੰ ਅਤੇ ਪੁਲਸ ਨੂੰ ਲੋਕਾਂ ਤੋਂ ਉਗਰਾਹੇ ਟੈਕਸਾਂ ਤੇ ਪਾਲਦੀ ਹੈ ਨੂੰ ਚੰਦ ਕੁ ਬਹਾਦੁਰ ਲੋਕ ਹਥਿਆਰਾਂ ਦੇ ਬਲ ਤੇ ਜੇਕਰ ਪਲਟ ਦੇਣਾ ਚਾਹੁੰਦੇ ਹਨ ਤਾਂ ਇਹ ਉਹਨਾਂ ਦੀ ਬੇਵਕੂਫੀ ਹੈ | ਇਹ ਇੱਕ ਮਾਅਰਕੇਬਾਜ਼ ਰੁਝਾਨ ਹੈ, ਇਹੀ ਸਮਸਿਆ ਕੁਝ ਕਮਿਉਨਿਸਟਾਂ ਵਿੱਚ ਵੀ ਮਿਲਦੀ ਹੈ | ਅਜਿਹੇ ਲੜਨ ਅਤੇ ਮਰਨ ਵਾਲੇ ਲੋਕਾਂ ਨੂੰ ਦੇਵਤੇ ਬਣਾਕੇ ਪੂਜਣਾ ਸਿਰਫ ਅੰਨ੍ਹੀ ਸ਼ਰਧਾ ਹੈ | ਮਾਅਰਕੇਬਾਜ਼  ਲੋਕ ਰਾਜਸੱਤਾ ਉਲਟਾਉਣ ਲਈ ਵਿਸ਼ਾਲ ਜਾਗ੍ਰਿਤ ਲੋਕ ਲਹਿਰ ਨੂੰ ਸਮਝਣ ਦੀ ਖੇਚਲ ਹੀ ਨਹੀਂ ਕਰਦੇ |
ਆਖਰੀ ਗੱਲ ਪੂੰਜੀਵਾਦ ਵਿਚ ਛੋਟੀਆਂ ਮਾਲਕੀਆਂ ਦਾ ਦਿਨੋ-ਦਿਨ ਤਬਾਹ ਹੋਕੇ ਮਜਦੂਰ ਸਫਾਂ ਵਿੱਚ ਆ ਰਲਣਾ ਯਕੀਨੀ ਹੈ | ਮਜਦੂਰ ਜਮਾਤ ਸਮਾਜ ਦੀ ਸਭ ਤੋਂ ਹੇਠਲੀ ਪਰਤ ਦੀ ਮੁਕਤੀ ਨਾਲ ਹੀ ਸਭ ਜਮਾਤਾਂ ਦੀ ਮੁਕਤੀ ਜੁੜੀ ਹੋਈ ਹੈ | ਮਜਦੂਰ ਜਮਾਤ ਤਾਂ ਹੀ ਮੁਕਤ ਹੋ ਸਕਦੀ ਹੈ ਜੇਕਰ ਨਾਲੋ ਨਾਲ ਦੁੱਖ ਸਹਿ ਰਹੀਆਂ ਜਮਾਤਾਂ ਨੂੰ ਮੁਕਤ ਕਰ ਦਿੰਦੀ ਹੈ | ਇੱਕ ਪ੍ਰੋਲੇਤਾਰੀ ਮਜਦੂਰ ਹੀ ਸਭ ਤੋਂ ਵਧ ਇਨਕਲਾਬੀ ਹੈ | ਮਜਦੂਰ ਜਮਾਤ ਦੀ ਅਗਵਾਹੀ ਵਿੱਚ ਹੀ ਇਨਕਲਾਬ ਸਿਰੇ ਚੜ੍ਹ ਸਕਦੇ ਹਨ | ਸਮਾਜ ਦੇ ਦਿਮਾਗ ਵਿਚੋਂ ਬੁਰਜੂਆ ਪ੍ਰਵਿਰਤੀਆਂ ਖਤਮ ਕਰਨ ਲਈ ਜਿਆਦਾ ਤੋਂ ਜਿਆਦਾ ਸਭਿਆਚਾਰਕ ਇਨਕਲਾਬ ਚਲਾਉਣਾ ਲਾਜਮੀਂ ਹੈ |

5 comments:

roshan suchan said...

wadhia jvaab a comrade saahib ...

roshan suchan said...

wadhia likhya a comrade ,

Anonymous said...

No new light...only a rhetoric. Comrades are also emotionally attached to some ideas although they have failed miserably on the ground!

Anonymous said...

purely basis on moral human grounds..

Anonymous said...

is there anything for farmers in communist approach.....it does not seems from above discussion which only emphasise labour class....