Friday, March 11, 2011

ਉਹ ਰਾਹ ਜਿਸ ਤੇ ਤੁਰ ਕੇ ਸਿਧਾਰਥ, ਗੋਤਮ ਬੁੱਧ ਹੋ ਗਿਆ ਸੀ.....!

ਸਾਧਨਾ 'ਚ ਲੀਨ ਸਿਧਾਰਥ (ਫੋਟੋ ਧੰਨਵਾਦ ਸਹਿਤ:ਗਣੇਸ਼)
ਸਿਰਜਨਾ  ਦੇ ਪਲ ਇਤਿਹਾਸਿਕ ਹੋਣ ਜਾਂ ਨਾ ਹੋਣ ਪਰ ਚਮਤਕਾਰੀ ਜ਼ਰੂਰ ਹੁੰਦੇ ਹਨ. ਓਹ ਬਹੁਤ ਕੁਝ ਅਜਿਹਾ ਦਿਖਾਉਂਦੇ ਹਨ ਜਿਸ ਨੂੰ ਦੇਖਣਾ ਛੇਤੀ ਕਿਤੇ ਸੰਭਵ ਹੀ ਨਹੀਂ ਹੁੰਦਾ. ਜਦੋਂ ਇਸ ਨੂੰ ਦੇਖ ਲਿਆ ਜਾਂਦਾ ਹੈ ਤਾਂ ਉਸਨੂੰ ਹੂ-ਬ-ਹੂ ਬਿਆਨ ਕਰਨਾ ਜੇ ਅਸੰਭਵ ਨਹੀਂ ਤਾਂ ਬੇਹੱਦ ਮੁਸ਼ਕਿਲ ਜ਼ਰੂਰ ਹੁੰਦਾ ਹੈ. ਇਹ ਸਭ ਕੁਝ ਇੱਕ ਅਜਿਹੀ ਅੰਤਰ ਯਾਤਰਾ ਦੇ ਬਿਰਤਾਂਤ ਦੱਸਣ ਵਾਂਗ ਹੁੰਦਾ ਹੈ ਜਿਹੜੀ ਸਾਰਿਆਂ ਦੀ ਕਿਸਮਤ ਵਿੱਚ ਹੀ ਨਹੀਂ ਹੁੰਦੀ. ਜਿਸ ਨੇ ਕਦੇ ਕਦਾਈਂ ਇਹ ਅੰਤਰ ਯਾਤਰਾ ਕੀਤੀ ਹੁੰਦੀ ਹੈ ਉਹ ਇਸ ਦੀਆਂ ਰਮਜ਼ਾਂ ਨੂੰ ਸਮਝ ਵੀ ਲੈਂਦਾ ਹੈ ਅਤੇ ਇਹਨਾਂ ਦਾ ਆਨੰਦ ਵੀ ਮਾਣ ਵੀ ਲੈਂਦਾ ਹੈ. ਇਆ ਆਪਣੇ ਦਿਲ ਦਿਮਾਗ ਵਿਚ ਫੈਲੇ ਅਸਮਾਨ ਵਿੱਚ ਉਡਾਰੀ ਲਾਉਣ ਵਰਗਾ ਜਾਂ ਫੇਰ ਅੰਦਰਲੇ ਸਮੁੰਦਰਾਂ ਵਿੱਚ ਗੋਤੇ ਲਾ ਕੇ ਅਨਮੋਲ ਰਤਨ ਲਭਣ ਵਰਗਾ ਅਹਿਸਾਸ ਹੁੰਦਾ ਹੈ. ਇਸ ਅੰਦਰ ਦੀ ਯਾਤਰਾ ਨਾਲ ਹੀ ਸਮਝ ਪੈਂਦੀ ਹੈ ਸਚਮੁਚ ਅੰਦਰ ਕੋਈ ਬ੍ਰਹਿਮੰਡ ਵੀ ਹੋ ਸਕਦਾ ਹੈ.ਬਾਕੀਆਂ ਲਈ ਤਾਂ ਇਹ ਕਿਸੇ ਨਾ ਸਮਝ ਆਉਣ ਵਾਲੀ ਕਵਿਤਾ ਵਾਂਗ ਵੀ ਹੋ ਸਕਦੀ ਹੈ...ਕੁਝ ਲੋਕ ਇਸ ਬਿਰਤਾਂਤ ਦੇ ਸ਼ਬਦਾਂ ਨੂੰ ਕੁਝ ਹੋਰ ਅਪਮਾਨ ਜਨਕ ਢੰਗ ਨਾਲ ਵੀ ਆਖ ਸਕਦੇ ਹਨ. ਓਹ ਆਪਣੀ ਥਾਂ ਤੇ ਠੀਕ ਹੁੰਦੇ ਹਨ ਕਿਓਂਕਿ ਉਹਨਾਂ ਨੂੰ ਕੁਝ ਸਮਝ ਹੀ ਨਹੀਂ ਆਇਆ ਹੁੰਦਾ. ਜਿਹਨਾਂ ਕੁਝ ਲੋਕਾਂ ਨੂੰ ਇਹ ਪੱਲੇ ਪੈਂਦਾ ਹੈ ਓਹ ਇਸ ਦੇ ਮਜ਼ੇ ਦਾ ਵਟਾਂਦਰਾ ਵੀ ਕਰਦੇ ਹਨ ਭਾਵੇਂ ਕਦੇ ਕਦੇ ਹੀ ਸਹੀ. ਇਸ ਤਰਾਂ ਦਾ ਸੰਵਾਦ ਪਿਛਲੇ ਦਿਨੀਂ ਫੇਸਬੁਕ ਤੇ ਵੀ ਮਹਿਸੂਸ ਹੋਇਆ. ਚਾਹਤ ਸੀ ਸ਼ਾਇਦ ਡਾਕਟਰ ਸੁਸ਼ੀਲ ਰਹੇਜਾ ਜੀ ਦੀ ਅਤੇ ਉਸ ਨੂੰ ਸਲਾਮ ਕੀਤੀ ਸ਼ਸ਼ੀ ਸਮੁੰਦਰਾ ਨੇ. ਇਸ ਤੇ ਟਿੱਪਣੀ ਕਰਦਿਆਂ  ਲੋਕ ਰਾਜ ਜੀ ਨੇ ਇਸ ਨੂੰ ਹੋਰਨਾਂ ਲਈ ਵੀ ਆਸਾਨ ਕਰਦਿਆਂ  ਕਿਹਾ ਰਹੇਜਾ ਜੀ ਦੀ ਕਵਿਤਾ ਨੇ ਮੈਨੂੰ ਸਵਾਮੀ ਰਾਮ ਤੀਰਥ ਦਾ ਓਹ ਵਕ਼ਤ ਯਾਦ ਦੁਆ ਦਿੱਤਾ ਜਦੋਂ ਓਹ ਰਿਸ਼ੀਕੇਸ਼ ਗਏ ਸਨ ਤੇ ਗੰਗਾ ਵਿਚ ਚੁਭੀ ਮਾਰਨ ਤੋਂ ਬਾਅਦ ਓਹ ਸਾਰੇ ਸਵਾਲ ਜਿਹੜੇ ਪਹਿਲਾਂ ਹੀ ਉਨ੍ਹਾਂ ਦੇ ਮਨ ਵਿਚ ਖਲਲ ਪਾ ਰਹੇ ਸਨ, ਇੱਕ ਦਮ ਸਾਹਮਣੇ ਆ ਖੜੇ ਹੋਏ ਕੀ ਮੈਂ ਕੀ ਹਾਂ, ਕੀ ਕਰ ਰਿਹਾ ਹਾਂ , ਕਿਓਂ  ਕਰ ਰਿਹਾ ਹਾਂ ??......ਤੇ ਤੀਰਥ ਰਾਮ ਦਾ ਰਾਮ ਤੀਰਥ ਬਣਨ ਦਾ ਸਫ਼ਰ ਸ਼ੁਰੂ ਹੋ ਗਿਆ............ਸੋ, ਥੋੜਾ ਡਰ ਵੀ ਲੱਗਿਆ!!..ਲਾਓ ਪਹਿਲਾਂ ਪੜ੍ਹੋ ਸ਼ਸ਼ੀ ਸਮੁੰਦਰਾ ਹੁਰਾਂ ਦੀ ਉਹ ਕਵਿਤਾ:

ਸੁਸ਼ੀਲ ਰਹੇਜਾ ਜੀ ਦੀ ਚਾਹਤ ਨੂੰ ਸੱਜਦਾ...

ਮੈਂ ਦੇਖਨਾ ਚਾਹੁੰਦਾ ਹਾਂ : ਨਦੀਆਂ / ਨਾਲੇ / ਸਮੁੰਦਰ / ਰੁਖ
ਬਾਗ / ਜੰਗਲ / ਜੀਵ / ਜੰਤੂ  / ਪ੍ਰਾਣੀ |
ਮੈਂ ਸੁਣਨਾ ਚਾਹੁੰਦਾ ਹਾਂ : ਪਾਣੀਆਂ ਦੀ ਕਲ ਕਲ / ਬੱਦਲਾਂ ਦੀ ਗੜ ਗੜ / ਹਵਾਵਾਂ ਦੀ ਸ਼ਾਂ ਸ਼ਾਂ |
ਮੈਂ ਉਚਾਰਨਾ ਚਾਹੁੰਦਾ ਹਾਂ : ਸ਼ਬਦ / ਪਾਠ / ਮੰਤਰ / ਵੇਦ, ਵਦਾੰਗ, ਉਪਨਿਸ਼ਦ |
ਮੈਂ ਤਿਆਗਣਾ ਚਾਹੁੰਦਾ ਹਾਂ : ਝੂਠੇ ਹੰਕਾਰ / ਅਸੁਰੀ ਮਕਰ / ਪੂਰਨ ਅਵਗੁਣ |
ਮੈਂ ਧਿਆਉਣਾ ਚਾਹੁੰਦਾ ਹਾਂ : ਓਮ / ਏਕਮ ਕਾਰ / ਓਂਕਾਰ / ਮਹਾਂ ਸ਼ਕਤੀ |
ਮੈਂ ਵਿਲੀਨ ਹੋਣਾ ਚਾਹੁੰਦਾ ਹਾਂ : ਬ੍ਰਹਮਾਂ / ਵਿਸ਼ਨੂੰ / ਮਹੇਸ਼ ਵਿੱਚ |
ਮੈਂ ਬਣਨਾ ਚਾਹੁੰਦਾ ਹਾਂ : ਨਿਰ-ਵਿਕਾਰ / ਨਿਰਭੈ / ਨਿਰਵੈਰ / ਅਕਾਲ ਮੂਰਤ |
                                                    ਸੁਸ਼ੀਲ ਰਹੇਜਾ 1 / 9 / 11
ਏਸ ਕਵਿਤਾ ਦੇ ਜਵਾਬ ਵਿੱਚ ਲੋਕ ਰਾਜ ਜੀ :
ਤੁਸੀਂ ਦੇਖਣਾ ਚਾਹੁੰਦੇ ਹੋ / ਆਪਣਾ ਪਰਛਾਵਾਂ
ਤ੍ਰੇਲ ਦੇ ਤੁਪਕੇ 'ਚ / ਤੁਸੀਂ ਸੁਣਨਾ ਚਾਹੁੰਦੇ ਹੋ
ਛੱਤ 'ਤੇ ਟਪਕਦੀਆਂ / ਮੀਂਹ-ਕਣੀਆਂ ਦਾ ਸੰਗੀਤ 
ਤੁਸੀਂ ਝਾਕਣਾ ਚਾਹੁੰਦੇ ਹੋ / ਆਪਣੇ ਹੀ ਅੰਦਰ 
ਤੁਸੀਂ ' ਓਸ਼ੋ ' ਬਣਨਾ ਚਾਹੁੰਦੇ ਹੋ !! 
ਸੁਸ਼ੀਲ ਜੀ ਦੀ ਕਵਿਤਾ ਦੇ ਰੰਗ ਵਿੱਚ ਮੇਰੇ ਖ਼ਿਆਲ ਤੇ ਅਹਿਸਾਸ :
ਇਨਸਾਨ ਪ੍ਰਾਕ੍ਰਿਤੀ ਦਾ ਇੱਕ ਅੰਗ ਹੈ | ਏਸ ਲਈ, ਅਚੇਤ ਜਾਂ ਸੁਚੇਤ ਓਹ ਇਹਦੇ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ | ਕੰਕ੍ਰੀਟ ਦੇ ਸ਼ਹਿਰ, ਬਾਜ਼ਾਰ, ਸੜਕਾਂ,ਘਰਾਂ ਤੇ ਦਫਤਰਾਂ ਦੇ ਸ਼ੋਰ ਵਿੱਚ ਓਹ ਉਨ੍ਨਾ ਚਿਰ ਹੀ ਖੁਸ਼ ਰਹੇਗਾ ਜਿਨ੍ਹਾ ਚਿਰ ਓਹ ਸੁੱਤਾ ਪਿਆ ਹੈ | ਜਾਗਣ 'ਤੇ, ਓਹ ਇਸ ਸਭ ਕਾਸੇ ਤੋਂ ਦੂਰ ਕੁਦਰਤ ਮਾਂ ਦੀ ਗੋਦ ਵਿੱਚ ਅਲੋਪ ਹੋ ਜਾਣਾ ਲੋਚੇਗਾ |
ਏਥੇ ਕਵੀ ਦੀ ਉਪਰਾਮਤਾ ਜਿਵੇਂ ਹਥ ਲਾ ਕੇ ਦੇਖੀ ਤੇ ਮਹਿਸੂਸ ਕੀਤੀ ਜਾ ਸਕਦੀ ਹੈ | ਮੈਂ ਤੋਂ ਨਿਰਾਕਾਰ ਹੋਣ ਦੀ ਖਾਹਿਸ਼, ਕੁਦਰਤ ਨਾਲ ਅਭੇਦ ਹੋਣ ਦੀ ਖਾਹਿਸ਼ | ਕਦੇ ਕਦੇ, ਚਾਹਤ ਤੇ ਕਰਮ ਵਿੱਚ ਬੱਸ ਇੱਕ ਕਦਮ ਦਾ ਹੀ ਫ਼ਾਸਲਾ ਹੁੰਦਾ ਹੈ ਜੋ, ਅਚਾਨਕ, ਮਿਟ ਜਾਂਦਾ ਹੈ...
ਇਹ ਕਵਿਤਾ ਪੜ੍ਹਦਿਆਂ ਮੈਂ ਉਸ ਜੰਗਲ ਵਿੱਚ ਚਲੀ ਗਈ ਹਾਂ ਜਿਥੇ ਨਦੀ ,ਨਾਲੇ,ਝਰਨਿਆਂ ਦੀ ਕਲ ਕਲ ਵਿੱਚ ਕੋਈ ਭਿਖਸ਼ੂ ਸਮਾਧੀ 'ਚ ਲੀਨ ਓਮ ਏਕਮ ਕਾਰ ਉਚਾਰ ਰਿਹੈ | ਰਲੀਆਂ-ਮਿਲੀਆਂ ਆਵਾਜ਼ਾਂ ਆ ਰਹੀਆਂ ਹਨ...ਇੱਕ ਆਨੰਤ ਨਾਦ | ਜੰਗਲ 'ਚੋਂ ਬਾਹਰ ਆਉਣ ਨੂੰ ਮਨ ਨਹੀਂ ਕਰਦਾ...ਬਾਹਰਲਾ ਸ਼ੋਰ ਸੁਣਨ ਨੂੰ ਮਨ ਨਹੀਂ ਕਰਦਾ...ਰੁਕ ਜਾਂਦੀ ਹਾਂ, ਤੇ ਮਨ 'ਚ ਕਈ ਸਵਾਲ ਉਠ ਆਉਂਦੇ ਹਨ :
ਹੇ ਭਿਖਸ਼ੂ, / ਕਿਹੜੀ ਭਟਕਣ ਸੀ ਓਹ / ਉਪਰਾਮਤਾ / ਜੋ ਇਸ ਜੰਗਲ ਵਿੱਚ ਲੈ ਆਈ ਤੁਹਾਨੂੰ ?
ਕੀ ਬੇ-ਅਰਥ ਹੋ ਗਈ ਸੀ ਦੁਨੀਆਦਾਰੀ ? ਸਾਰੀ ਤਹਿਜ਼ੀਬ ?
ਲੁਭਾਉਂਦੇ ਨਹੀਂ ਸੀ ਹੁਣ ਓਹ ਹਾਸੇ ਤੇ ਮਜ਼ਾਕ ?
ਓਹ ਰਿਸ਼ਤੇ / ਓਹ ਦਾਅਵੇ / ਓਹ ਪਿਆਰ ?
ਓਹ ਮਹਿਫ਼ਿਲਾਂ / ਓਹ ਦੋਸਤੀਆਂ / ਓਹ ਨਾਚ, ਗਾਣੇ, ਤੇ ਤਾਲ ?
ਹੇ ਭਿਖਸ਼ੂ, / ਤੁਰਨ ਲੱਗਿਆਂ / ਰੋਕਿਆ ਨਹੀਂ ਸੀ ਕਿਸੇ ਨੇ ਤੁਹਾਨੂੰ ?
ਰੋਈ ਨਹੀਂ ਸੀ ਮਾਂ, ਪਤਨੀ ਜਾਂ ਪ੍ਰੇਮਿਕਾ ਗਲ ਨਾਲ ਲੱਗ ਕੇ ?
ਜਾਂ ਫਿਰ, ਤੁਰ ਆਏ ਸੀ ਕਿਸੇ ਰਾਤ, ਚੁੱਪਚਾਪ, ਸਿਧਾਰਥ ਵਾਂਗੂੰ, ਇਸ ਜੰਗਲ ਦੇ ਰਸਤੇ ?
ਅਲੋਪ ਹੋ ਰਹੀ ਹੈ, ਰੁਖਾਂ ਥੀਂ ਝਰਦੀ ਪਛਮ ਦੀ ਲਾਲੀ 
ਉੱਤਰ ਆਈ ਹੈ ਰਾਤ / ਜਾਗ ਉਠਿਆ ਹੈ ਜੰਗਲ / ਤੇ ਹਰ ਜੀਵ ਤੇ ਜੰਤੂ |
ਮੈਂ ਕਦਮ ਪੁੱਟਦੀ ਹਾਂ / ਪਰ, ਰੁਕ ਜਾਂਦੀ ਹਾਂ / ਤੇ ਅਖਾਂ ਮੁੰਦ / ਸਮਾਧੀ ਲਾ 
ਉਚਾਰਨ ਲੱਗਦੀ ਹਾਂ : ਓਮ / ਏਕਮ ਕਾਰ / ਓਂਕਾਰ 
ਵਿਲੀਨ ਹੋ ਜਾਂਦੀ ਹਾਂ ਮੈਂ / ਜੰਗਲ ਵਿੱਚ / ਰਾਤ ਵਿੱਚ / ਆਵਾਜ਼ਾਂ ਵਿੱਚ 
ਤੇ ਬਣ ਜਾਂਦੀ ਹਾਂ : ਨਿਰ-ਵਿਕਾਰ / ਨਿਰਭੈ / ਨਿਰਵੈਰ /ਅਕਾਲ ਮੂਰਤ |
                                                            ਸ਼ਸ਼ੀ ਸਮੁੰਦਰਾ (3 / 5 / ੧੧)


ਅਮਨਦੀਪ ਸਿੰਘ ਬੋਪਾਰਾਇ ਨੇ ਇਸ ਬਾਰੇ ਟਿਪਣੀ ਕਰਦਿਆਂ ਕਿਹਾ  ਲੋਕ ਰਾਜ ਜੀ, ਤੁਸੀਂ ਮੇਰੇ ਮਨ ਦੀ ਗਲ ਕਰ ਦਿੱਤੀ। ਦੂਰੋਂ ਖੜੋ ਕੇ ਮਨ ਨੂੰ ਵੇਖਦਾ ਹਾਂ ਤੇ ਪੁਛਦਾ ਹਾਂ, ਤੂੰ ਕੀ ਕਰ ਰਿਹਾ ਏਂ? ਕਿਉਂ ਕਰ ਰਿਹਾ ਏਂ। ਤੇ ਮਨ ਮੁਸਕਾ ਦੇਂਦਾ ਏ, ਜਿਵੇਂ ਕੇ ਕੋਈ ਚੋਰੀ ਕਰਨ ਤੋਂ ਇਕ ਦਮ ਪਹਿਲਾਂ ਫੜਿਆ ਜਾਵੇ, ਤੇ ਫਿਰ ਹੌਲੀ ਜੇਹੀ ਬੋਲਦਾ ਏ...... ਹਉਮੈਂ, ਲੋਭ ਵਿੱਚ ਹੋਰ ਹਉਮੈਂ, ਕਾਮ, ਮੋਹ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾਂ। ਕੁਝ ਕੂ ਦੇਰ ਟਲ ਜਾਂਦਾ ਏ, ਪਰ ਜਲਦੀ ਹੀ ਫੇਰ ਚੋਰੀ ਕਰਨ ਦੀ ਤਿਆਰੀ ਕਰ ਲੈਂਦਾ ਏ। ਤੇ ਸਿਲਸਿਲਾ ਚਲਦਾ ਰਹਿਂਦਾ ਏ

ਸਤੀਸ਼ ਬੇਦਾਗ ‎.ਹੁਰਾਂ ਆਖਿਆ ਮੈਂ ਨਤਮਸਤਕ ਹਾਂ ਰਹੇਜਾ ਸਾਹਬ ਦੇ ਵਿਚਾਰਾਂ ਅੱਗੇ ਅਤੇ ਓਹਨਾ ਦੀ ਲੇਖਣੀ ਅੱਗੇ, ਇਕ ਸ਼ੇ'ਰ ਅਰਜ਼ ਕਰ ਰਿਹਾਂ :

ਵੋ ਜ਼ੇਰੇ-ਅਕਸ ਕੌਨ ਹੈ ਪੇਹਚਾਨਤਾ ਹੂੰ ਮੈਂ
ਹਰ ਜਨਮ ਆਬਗੀਨੇ ਮੇਂ ਉਤਰਾ ਕੀਆ ਹੂੰ ਮੈਂ !

ਤਰਲੋਕ ਸਿੰਘ ਜੱਜ  ਬ- ਕਮਾਲ ਹੈ ਸਭ ਕੁਝ ਤੇ ਉਸ ਤੋਂ ਵੀ ਬ-ਕਮਾਲ ਹੈ ਸ਼ਸ਼ੀ ਸਾਹਿਬਾ ਦੀ ਪਹਿਚਾਨ ਕਰਨ ਵਾਲੀ ਤੀਸਰੀ ਅਖ ਜਿਸਨੇ ਸੁਸ਼ੀਲ ਰਹੇਜਾ ਦਾ ਤੇ ਉਸਦੀ ਨਜ਼ਮ ਦਾ ਪ੍ਰਸੰਸਾਤਮਕ, ਆਲੋਚਨਾਤਮਕ , ਸ਼ਰਧਾਤਮਕ ਅਧਿਅਨ ਕਰਕੇ ਸਭ ਦੇ ਸਾਹਮਣੇ ਪੇਸ਼ ਕੀਤਾ ? ਅਸੀਂ ਮਾਣ ਕਰ ਸਕਦੇ ਹਾਂ ਕਿ ਸਾਡੇ ਵਿਚਕਾਰ ਤੇ ਖਾਸ ਤੌਰ ਤੇ ਮੇਰੇ ਨਜਦੀਕ ਹੈ ਏਨਾ ਪਿਆਰਾ ਸ਼ਾਇਰ ਤੇ ਫਿਲਾਸਫਰ | ਨਾਲ ਹੀ ਇੱਕ ਵਿਗੋਚਾ ਵੀ ਕੇ ਮੇਰੀ ਤੀਸਰੀ ਅਖ ਮਿੱਤਰਾਂ ਦੀ ਏਨੀ ਨੇੜਿਓਂ ਰਹਿ ਕੇ ਵੀ ਪਹਿਚਾਨ ਕਿਓਂ ਨਹੀ ਕਰ ਸਕਦੀ.

ਮੋਹਿੰਦਰ ਰਿਸ਼ਮ ਜੀ ਨੇ ਕਿਹਾ  
ਇਕੋ ਮੰਜ਼ਿਲ ਵੱਲ, ਇਕੋ ਵੇਲੇ, ਤਿੰਨ ਅਲਗ ਰਾਹਾਂ ਤੋਂ, ਤੁਰਦੇ ਰਾਹੀ ਮੇਰੀ ਨਜ਼ਰ ਵੇਖ ਰਹੀ ਹੈ.....! ਤਿੰਨ ਵੀ ਕਿਉਂ ਇਕੋ ਰਾਹ ਕਹਿਣੀ ਚਾਹੀਦੀ ਹੈ....ਸੁਸ਼ੀਲ ਜੀ, ਸ਼ਸ਼ੀ ਜੀ ਅਤੇ ਲੋਕ ਰਾਜ ਜੀ....!ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਇਹ ਰਾਹ ਉਹੀ ਹੈ ਜਿਸ ਤੇ ਤੁਰ ਕੇ ਸਿਧਾਰਥ,
ਗੋਤਮ ਬੁੱਧ ਹੋ ਗਿਅ ਸੀ.........!


ਜਗਦੀਸ਼ ਕੌਰ ਜੀ ਨੇ ਕਿਹਾ  ਚੰਗੀ ਲਗਦੀ ਹੈ ਸਿਧ-ਗੋਸ਼ਟ, ਤੁਸੀਂ ਬਹੁਤ ਸਲੀਕੇ ਨਾਲ ਤੋਰਦੇ ਹੋ ..ਇਸਨੂੰ ਆਪ ਵਿਚ ਸ਼ਾਮਲ ਹੋ ਕੇ..ਲਗਦਾ ਹੈ ਜਿਵੇਂ ਕੁਦਰਤ ਨੂੰ ਸਿਰਜਦਾ ਖੁਦ ਕਾਦਰ.. ਮੁੜ ਰਾਹ ਤਲਾਸ਼ਦਾ..ਆਨੰਦ-ਵਿਭੋਰ ਵੀ ਹੁੰਦਾ ਤੁਰਿਆ ਜਾਂਦਾ ਹੋਵੇ..ਤੇ ਮੰਜ਼ਿਲ ਵੀ ਉਸਦੀ ਆਪਣੀ ਸਿਰਜਣਾ ਹੀ ਹੋਵੇ..ਤੇ ਫਿਰ ਇਸ ਤੋਂ ਪਾਰ ਜਾਣਾ..ਕਿੰਨੀ ਅਜੀਬ ਗੱਲ ਹੈ ਮਨੁੱਖ ਦੀ..ਸਾਥ ਤਲਾਸ਼ਦਾ..ਕਿਉਂ ਅਚਾਨਕ ਤ੍ਰਬਕ ਜਾਂਦਾ ਹੈ ਕਦੇ..ਇਹ ਸਾਥ ਤੋਂ..ਫੇਰ ਅਸਲ ਕੀ ਹੈ ਜਿਸਦੀ ਤਲਾਸ਼ ਸਦੀਵੀ ਹੈ..???????ਸਿਰਜਕ ਹੋਣਾ..ਸਿਰਜਣਾ ਦਾ ਹਿੱਸਾ ਹੋਣਾ..ਜਾਂ ਬ੍ਰਹਿਮੰਡ ਦੇ ਸੰਗੀਤ ਦੀ ਬਸ ਧੁਨੀ ਨੂੰ ਸੁਣਨਾ..?????ਮੰਤਰ-ਮੁਗਧ...!!!


ਆਪਣੇ ਅਗਲੇ ਕੁਮੈਂਟ ਵਿੱਚ ਜਗਦੀਸ਼ ਕੌਰ ਜੀ ਨੇ ਆਖਿਆ 
ਇਹ ਸਥਿਤੀ ਸ਼ਵ-ਆਸਣ ਦੀ ਉਸ ਫੀਲਿੰਗ ਵਰਗੀ ਹੈ ਜਦੋਂ ਤੁਸੀਂ ਹਲਕੇ-ਫੁੱਲ ਕੁਦਰਤ ਉਪਰੋਂ ਤੈਰਦੇ ਲੰਘ ਰਹੇ ਹੁੰਦੇ ਹੋ..ਭੈਅ-ਮੁਕਤ..ਆਨੰਦ-ਵਿਭੋਰ..
ਸ਼ਸ਼ੀ ਸਮੁੰਦਰਾ ਜੀ ਨੇ ਕੁਝ ਹੋਰ ਦਸਦਿਆਂ ਕਿਹਾ...  
ਸੋਚ ਰਹੀ ਹਾਂ : ਸੁਸ਼ੀਲ ਜੀ ਆਪਣੇ ਮਨ ਦੀ ਇੱਕ ਅਜਿਹੀ ਕਹਾਣੀ / ਖਾਹਿਸ਼ ਦੱਸਣ ਲੱਗੇ ਕਿ ਸਾਨੂੰ ਵੀ ਉਧਰ ਨਾਲ ਲੈ ਤੁਰੇ ਜਿਥੋਂ ਮੁੜਨਾ ਮੁਸ਼ਕਿਲ ਸੀ | ਮੈਂ ਤਾਂ ਖੈਰ ਵਰ੍ਹਿਆਂ ਤੋਂ ਇੱਕਲੀ ਘੁੰਮਦੀ ਹੀ ਰਹੀ ਹਾਂ ; ਕਦੇ ਪਹਾੜੀ ਰਸਤਿਆਂ 'ਤੇ, ਕਦੇ ਮਾਰੂਥਲਾਂ ਵਿੱਚ, ਤੇ ਕਦੇ ਜੰਗਲਾਂ ਵਿੱਚ | ਪਰ, ਹੁਣ, ਆਹ ਪੂਰਾ ਕਾਫ਼ਲਾ ! ਮੈਂ ਤਾਂ ਇਹਦਾ ਕਦੇ ਕਿਆਸ ਵੀ ਨਹੀਂ ਸੀ ਕੀਤਾ ! ਸਚੀਂ,ਕਦੇ ਵੀ ਨਹੀਂ |
ਤੇ, ਤ੍ਰੇਲ ਦੇ ਤੁਪਕੇ 'ਚ ਕਣੀਆਂ ਦਾ ਸੰਗੀਤ ਸੁਣਾਉਣ ਵਾਲੇ ਲੋਕ ਰਾਜ ਜੀ...ਤੇ ਸਾਥ ਆਏ ਤੁਸੀਂ ਸਾਰੇ ਏਸ ਜੰਗਲ ਵਿੱਚ ਕੁਦਰਤ ਨੂੰ ਦੇਖਣ, ਮਾਨਣ...ਇੱਕ ਆਨੰਤ ਨਾਦ ਸੁਣਦੇ...ਤੇ ਫੇਰ, ਤੁਸੀਂ ਵੀ ਰੁਕ ਗਏ, ਵਿਲੀਨ ਹੋ ਗਏ...
ਰੱਬ ਕਰੇ ਇਹ ਕਾਫ਼ਲਾ ਇਓਂ ਹੀ ਬਣਿਆ ਰਹੇ,ਇੱਕ ਕਾਰਵਾਂ ਚਲਦਾ ਰਹੇ...
ਸ਼ਾਇਦ, ਇਸ ਧਰਤੀ ਦੇ ਸਫ਼ਰ ਦਾ ਇਹੋ ਅਰਥ ਹੋਵੇ...
ਸ਼ਾਇਦ, ਸਮੁਚੇ ਕਾਰਵਾਂ ਦਾ ਇਹੋ ਮਕਸਦ ਹੋਵੇ...
ਮਿਹਰਬਾਨੀ !


ਤੁਹਾਨੂੰ ਇਹ ਕਾਫ਼ਿਲਾ ਕਿਵੇਂ ਲੱਗਿਆ ਜ਼ਰੂਰ ਦੱਸਣਾ....ਰੈਕਟਰ ਕਥੂਰੀਆ  

3 comments:

Jatinder Lasara ( ਜਤਿੰਦਰ ਲਸਾੜਾ ) said...

Thank you Kathuria Sahib. I'm so luky being friend of great friends...!!!

Anonymous said...

ਜੋ ਬ੍ਰਹਿਮੰਡੇ ਸੋਈ ਪਿੰਡੇ..ਦੀ ਡਗਰ ਤੇ ਤੁਰਦੇ ਕਾਫਲੇ ਨੂੰ ਤੁਸੀਂ ਹੋਰ ਪਾਸਾਰ ਦਿੱਤਾ ਹੈ..ਕਵਿਤਾ ਦੀ ਕੋਡਿੰਗ/ਡੀਕੋਡਿੰਗ ..ਤੇ ਕਵਿਤਾ ਨੂੰ ਪਲਮਣ ਦਾ ਰਾਹ ਦਿੱਤਾ ਹੈ..ਬਹੁਤ ਚੰਗਾ ਲਗਿਆ ਹੈ..ਜਗਦੀਸ਼

karamvakeelvakeel said...

ਗਿਆਨ ਦੀ ਗਲ ਮੁਕਤੀ ਦੀ ਗਲ ਸੋਚਣਾ ਹੀ ਵੱਡੀ ਗਲ ਏ ਮੁਕਤ ਹੋਣ ਦੀ ਓਹ ਹੀ ਸੋਚ ਸਕਦਾ ਏ ਜੋ ਤ੍ਰਿਪਤ ਹੋਣ ਦੇ ਰਾਹ ਤੇ ਏ, ਪਰ ਅਜੇ ਦੇ ਸਮਾਜ ਵਿਚ ਤਾਂ ਹੋਰ ਹੋਰ ਹੋਰ ਪਾਉਣ ਦੀ ਹੀ ਹੋੜੵ ਲਗੀ ਹੋਈ ਏ ਸੋ ਇਸ ਤੂੰ ਵੀ ਮਾਨਵਤਾ ਨੂੰ ਬਚਾਉਣ ਦੀ ਸਾਡੀ ਕਲਾਮ ਕਰਨ ਦੀ ਹੀ ਜਿਮੇਵਾਰੀ ਏ. ਡਾਕ੍ਟਰ ਰਹੇਜਾ ਜੀ ਕਮਾਲ ਦੀ ਰੂਹ ਨੇ ਇਕ ਦੇਰ ਤਾਕ ਗੋਰੀ ਤੇ ਮਨੀ ਜਾਨ ਵਾਲੀ ਨਜ਼ਮ ਉਨਾ ਪਠਾਕ ਵਰਗ ਦੀ ਸਖਨੀ ਝੋਲੀ ਪੈ ਏ ਅਸ਼ ਅਸ਼ ਕਰ ਉਠਇਆ ਏ ਮਨ. ਸ਼ਾਲਾ ਉਨਾ ਤੇ ਸ਼ਸ਼ੀ ਸਮੁੰਦਰਾਂ ਦੀ ਕਲਾਮ ਇੰਜ ਹੀ ਸਮਾਜ ਸੇਵਾ ਚ ਲਾਗੀ ਰਹੇ ਤੇ ਹੋਰਨਾ ਸਾਡੇ ਵਰਗੇ ਅਗੇਆਨੀਆਂ ਨੂੰ ਵੀ ਗਯਾਨ ਦੀ ਗੁਰਤੀ ਦੇਂਦੀ ਰਹੇ
ਕਰਮ ਸਿੰਘ ਵਕੀਲ ਮੋਬਾਇਲ: 8054980446