Wednesday, March 02, 2011

ਸੌ ਫੁੱਲ ਖਿੜਨ ਦਿਓ

ਅੱਜ ਕੱਲ ਦੇ ਦੌਰ ਵਿੱਚ ਮੁਖੌਟੇ ਪ੍ਰਧਾਨ ਹਨ. ਅਸਲ ਚਿਹਰੇ ਅਕਸਰ ਹੀ ਲੁਕੇ ਰਹਿ ਜਾਂਦੇ ਹਨ. ਸ਼ਾਇਦ ਤਾਂ ਹੀ ਇਸ ਦੌਰ ਨੂੰ  ਕਲਿਯੁਗੀ ਦੌਰ ਵੀ ਆਖਿਆ ਜਾਂਦਾ ਹੈ.ਇਹ ਉਹ ਦੌਰ ਹੈ ਜਿਸ ਵਿੱਚ ਜੋ ਦਿਸਦਾ ਹੈ ਉਹ ਹੁੰਦਾ ਨਹੀਂ ਅਤੇ ਜੋ ਹੁੰਦਾ ਹੈ ਉਹ ਦਿਸਦਾ ਨਹੀਂ. ਧਰਮ ਕਰਮ ਦੀ ਬੋਲੀ ਵਿੱਚ ਸ਼ਾਇਦ ਇਸ ਨੂੰ ਹੀ ਮਾਇਆ  ਦੀ ਮਾਇਆ ਕਿਹਾ ਜਾਂਦਾ ਹੈ.  ਇਸ ਦੌਰ ਵਿੱਚ ਆਮ ਤੌਰ ਤੇ ਸਹਿਣਸ਼ੀਲਤਾ ਘਟ ਜਾਂਦੀ ਹੈ.ਵਿਰੋਧੀ ਵਿਚਾਰਾਂ ਨੂੰ ਸੁਣਿਆ ਨਹੀਂ ਜਾਂਦਾ. ਇਸ ਖਤਰਨਾਕ ਦੌਰ ਵਿੱਚ ਚੱਲ ਰਹੀ ਫੇਸਬੁਕ ਤੇ ਵੀ ਅਜਿਹਾ ਵਰਤਾਰਾ ਕਈ ਵਾਰ ਦੇਖਣ ਨੂੰ ਮਿਲ ਜਾਂਦਾ ਹੈ ਪਰ ਮੈਂ ਹੈਰਾਨ ਹੋਇਆ ਇੱਕ ਗਰੁੱਪ ਨੂੰ ਦੇਖ ਕੇ. ਕਾਫੀ ਦੇਰ ਪਹਿਲਾਂ ਬਣੇ ਇਸ ਗਰੁੱਪ ਦਾ ਨਾਮ ਸੀ ਅਸੀਂ ਕਬਰ ਪੁੱਟਣੀ ਚਾਹੁੰਦੇ ਹਾਂ.ਸ਼ਾਇਦ ਇਸ ਨੂੰ ਬਣਾਉਣ ਪਿੱਛੇ ਖੱਬੇ ਪੱਖੀ ਸੋਚ ਵਿਚਾਰ ਵਾਲੇ ਕੁਝ ਸੱਜਣ ਸ਼ਾਮਿਲ ਸਨ.ਇਸ ਗਰੁੱਪ ਵਿੱਚ ਹੀ ਇੱਕ ਵਿਰੋਧੀ ਵਿਚਾਰ ਆਉਂਦਾ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕੀ ਤੁਸੀਂ ਅਜੇ ਕਬਰ ਪੁੱਟਣੀ ਚਾਹੁੰਦੇ ਹੋ ਅਤੇ ਅਸੀਂ ਕਬਰ ਪੁੱਟ ਚੁੱਕੇ ਹਨ. ਇਹ ਵਿਚਾਰ ਸ਼ਿਵਰਾਤਰੀ ਵਾਲੇ ਦਿਨ ਪੋਸਟ ਕੀਤਾ ਗਿਆ ਸੀ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ  ਪ੍ਰਭਸ਼ਰਣਬੀਰ  ਸਿੰਘ ਵੱਲੋਂ.. ਦੋ ਘੰਟਿਆਂ ਦੇ ਵਿੱਚ ਵਿੱਚ ਇਸ ਇੱਕ ਸਤਰ ਵਾਲੇ ਵਿਚਾਰ ਤੇ ਕਰੀਬ ਇੱਕੀ ਕੁਮੈਂਟ ਦਾਖਿਲ ਹੋਏ. ਇਸਤੇ ਟਿੱਪਣੀ ਕਰਦਿਆਂ ਸਭ ਤੋਂ ਪਹਿਲਾਂ ਸ਼ਾਇਦ ਇਕ਼ਬਾਲ ਗਿੱਲ ਹੁਰਾਂ ਨੇ ਬੜੇ ਹੀ ਪਿਆਰ ਅਤੇ ਸਤਿਕਾਰ ਵਾਲੇ ਸਲੀਕੇ ਨਾਲ ਪੁਛਿਆ ਅੱਗਿਓਂ ਜੁਆਬ ਮਿਲਿਆ," ਵਿਦੇਸ਼ੀ ਫਿਲਾਸਫੀਆਂ ਨੂੰ ਝੂਠ ਦੇ ਮੁਲੰਮੇ ਚਾੜ੍ਹ ਚਾੜ੍ਹ ਪੰਜਾਬ ਦੇ ਲੋਕਾਂ ਉੱਤੇ ਥੋਪਣ ਵਾਲੇ ਕਾਮਰੇਡਾਂ ਦੀ." ਦੇਖੋ ਲੋਕਤੰਤਰੀ ਭਾਵਨਾ ਪ੍ਰਤੀ ਕਿੰਨਾ ਆਦਰ ਅਤੇ ਪਿਆਰ ਹੈ ਕੀ ਇਸ ਤਰਾਂ ਦੀ ਸ਼ੁਰੂਆਤ ਦੇ ਬਾਵਜੂਦ ਵੀ ਬਹਿਸ ਅਜੇ ਜਾਰੀ ਹੈ ਅਤੇ ਉਸ ਵਿੱਚ ਲਗਾਤਾਰ ਵਿਰੋਧੀ ਵਿਚਾਰਾਂ ਵਾਲੀਆਂ ਪੋਸਟਾਂ ਆ ਰਹੀਆਂ ਹਨ. .
ਏਸੇ ਤਰਾਂ ਇੱਕ ਹੋਰ ਸਵਾਲ ਪੋਸਟ ਕੀਤਾ ਗਿਆ  ਹਰਪਾਲ ਸਿੰਘ ਵੱਲੋਂ. ਸੁਆਲ ਸੀ,' ਕਈਆਂ ਦਿਨਾਂ ਦਾ ਇੱਕ ਸੁਆਲ ਮੇਰੇ ਦਿਮਾਗ ਵਿੱਚ ਚੱਲ ਰਿਹਾ ਹੈ ਕੀ ਭਲਾ ਜੇ ਚੀਨ ਹਿੰਦੁਸਤਾਨ ਤੇ ਹਮਲਾ ਕਰ ਦੇਵੇ (ਜੋ ਅੱਜ ਕੱਲ ਬੜੀਆਂ ਬੜ੍ਹਕਾਂ ਮਾਰ ਰਿਹਾ ਹੈ) ਤਾਂ ਸਾਡੇ ਇਹ ਪੰਜਾਬੀ ਕਾਮਰੇਡ ਕਿਸਦੀ ਹਮਾਇਤ ਕਰਨਗੇ / ਮਾਓ-ਜੇ ਤੁੰਗ ਦੇ ਦੇਸ਼ ਦੀਆਂ ਫੌਜਾਂ ਦੀ ਜਾਂ ਦਾਂਤੇ ਵਾੜਾ 'ਚ ਮਾਓਵਾਦੀਆਂ ਦਾ ਖੂਨ ਪੀ ਰਹੀਆਂ ਫੌਜਾਂ ਦੀ ?ਇਸ ਸੁਆਲ ਤੇ ਵੀ ਤਿੰਨਾਂ ਘੰਟਿਆਂ ਦੇ ਵਿੱਚ ਵਿੱਚ ਵੀਹ ਟਿੱਪਣੀਆਂ ਆਈਆਂ ਜੋ ਬਹੁਤ ਹੀ ਤਿੱਖੀਆਂ ਸਨ.ਇਸ ਬਹਿਸ ਵਿੱਚ ਧੀਦੋ ਗਿੱਲ ਵੀ ਸ਼ਾਮਿਲ ਹਨ, ਅੰਗ੍ਰੇਜ਼ ਸੇਖਾ  ਵੀ, ਗੁਰਜਿੰਦਰ  ਮਾਂਗਟ ਵੀ ਇੰਦਰਜੀਤ ਸਿੰਘ ਵੀ  ਗਰੁੱਪ ਵਿੱਚ ਕਾਫੀ ਕੁਝ ਵਿਚਾਰਿਆ ਜਾ ਰਿਹਾ ਹੈ, ਕਿਉ ਵਿਦਵਾਨ ਆਪੋ ਆਪਣੇ ਨਿਸ਼ਾਨੇ ਲਾ ਰਹੇ ਹਨ...ਉਥੇ ਖਾਲਿਸਤਾਨ ਦੀ ਵੀ ਚਰਚਾ ਹੈ, ਸੰਤ ਭਿੰਡਰਾਂਵਾਲਿਆਂ ਦੀ ਵੀ ਅਤੇ ਪਾਸ਼ ਦੇ ਕਤਲ ਬਾਰੇ ਛੇੜੇ ਗਏ ਨਵੇਂ ਵਿਵਾਦ ਦੀ ਵੀ. ਇੱਕ ਕਵਿਤਾ ਦਾ ਜ਼ਿਕਰ ਅਰੂਰੀ ਹੈ....ਪਰ ਚਲੋ ਤੁਸੀਂ ਕਵਿਤਾ ਹੀ ਪੜ੍ਹ ਲਵੋ  ਜਿਸ ਨੂੰ ਪੋਸਟ ਕੀਤਾ ਗਿਆ ਹੈ ਹਿੰਦੁਸਤਾਨ ਟਾਈਮਜ਼ ਲਈ ਕੰਮ ਕਰਦੇ ਪੱਤਰਕਾਰ ਕਮਲਦੀਪ ਸਿੰਘ ਬਰਾੜ ਵੱਲੋਂ.ਇਹ ਕਵਿਤਾ ਹੈ:
ਅਸੀਂ ਲੜਾਂਗੇ ਸਾਥੀ , ਭਾਰਤ ਸਰਕਾਰ ਲਈ
ਅਸੀਂ ਲੜਾਂਗੇ ਸਾਥੀ, 'ਆਪਣਿਆਂ' ਦੀ ਹਾਰ ਲਈ
ਅਸੀਂ ਕੱਠੇ ਕਰਾਂਗੇ ਸਾਥੀ, ਅਮਰੀਕਾ ਦੇ ਡਾਲਰ
ਜਦੋਂ ਰੂਸੀ ਪਿਸਤੌਲ ਨਾ ਹੋਇਆ , ਸਰਕਾਰੀ ਬੰਦੂਕ ਹੋਵੇਗੀ,
'ਇੰਦਰਾ ਜੀ ਦੀ ਸ਼ਾਨ ਲਈ ,ਲੜਨ ਦੀ ਲੋੜ ਹੋਵੇਗੀ
ਅਸੀ ਲੜਾਂਗੇ ਸਾਥੀ
ਲੜੇ ਬਿਨਾਂ ਸਰਕਾਰੀ ਮਾਣ ਤਾਣ ਨਹੀਂ ਮਿਲਦਾ
ਅਸੀਂ ਲੜਾਂਗੇ
ਆਪਣੇ ਹਰਾਉਣ ਲਈ, ਬੇਗਾਨੇ ਜਿਤਾਉਣ ਲਈ
ਕਿ ਹਾਲੇ ਤੱਕ ਅਸੀਂ ਲੜੇ ਕਿਉਂ ਨਹੀਂ .......


ਜੁਆਬ ਵਿੱਚ ਇੰਦਰਜੀਤ ਸਿੰਘ ਨੇ ਲਿਖਿਆ :
ਤੁਸੀਂ ਲੜੋ ਸਾਥੀ , ਭਾਰਤ ਸਰਕਾਰ ਲਈ
ਤੁਸੀਂ ਲੜੋ ਸਾਥੀ,ਉਹਦੇ ਭਿੰਡਰਾਵਾਲੇ ਸਰਦਾਰ ਲਈ
ਤੁਸੀਂ ਲੜੋ ਸਾਥੀ,ਗਿਆਨੀ ਜ਼ੈਲ ਸਿੰਘ ਯਾਰ ਲਈ
ਤੁਸੀਂ ਲੜੋ ਸਾਥੀ,ਪੱਵਿਤਰ ਅਸਥਾਨਾਂ ਦੇ ਭੋਰਿਆਂ ਵਿਚ ਲੁੱਕ
ਤੁਸੀ ਤਾਂ ਲੜਦੇ ਰਹੇ ਹੋ ਲੋਕਾਂ ਦੇ ਘਰ ਵਿੱਚ ਜਾ
ਬਲਾਤਕਾਰੀ ਜ਼ੰਗ
ਅਜੇ ਤੱਕ ਤਾਂ ਸਿਰਫ ਲੜ੍ਹੀ ਹੈ ਜ਼ੰਗ "ਬੱਸਾਂ" ਤੱਕ
ਹੁਣ ਬੀਜ਼ੋ
ਹਰ ਮਾਸੂਮ ਦੇ ਦਿਲ ਵਿਚ ਨਫਰਤ ਦੇ ਬੀਜ਼
ਜਰਮਨ ਤੇ ਅਮਰੀਕਾਂ ਦੀਆਂ ਖੁੱਡਾਂ ਵਿੱਚ ਲੁੱਕ
ਅੱਗ ਲਾਉ ਤੇ
ਪੂਛਾਂ ਚੁੱਕ ਚੜ੍ਹ ਜਾਉ ਕੰਧ 'ਤੇ
ਭਾਰੀ ਹੋਈ ਜਾਣ ਦਿਉ
"ਖਾਲੜੇ" ਦੀ ਫਾਈਲ
ਤੁਸੀਂ ਲੜੋ ਸਾਥੀ,ਤੁਸੀਂ ਲੜੋ ਸਾਥੀ.

ਇਸ ਕਵਿਤਾ ਤੇ ਟਿੱਪਣੀ ਕਰਦਿਆਂ  ਲੋਕ ਰਾਜ ਹੁਰਾਂ ਨੇ ਇਸ ਕਵਿਤਾ ਦੇ ਲੇਖਕ ਅਤੇ ਇਸ ਗਰੁੱਪ ਨੂੰ ਬਣਾਉਣ ਵਾਲੇ ਇੰਦਰਜੀਤ ਨੂੰ ਸਲਾਹ ਦਿੱਤੀ ਕਿ ਸ਼ਬਦ ਸਾਥੀ ਕੱਟ ਕੇ ਭਾਈ ਕਰ ਲਵੋ. ਇਸ ਵਿੱਚ ਹੋਰ ਵੀ ਕਾਫੀ ਕੁਝ ਹੈ ਜਿਸਨੂੰ ਪੜ੍ਹਨ ਲਈ ਤੁਸੀਂ ਫੇਸਬੁਕ ਤੇ ਵੀ ਜਾ ਸਕਦੇ ਹੋ ਅਤੇ ਇਥੇ ਕਲਿੱਕ ਵੀ ਕਰ ਸਕਦੇ ਹੋ. ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ. -ਰੈਕਟਰ ਕਥੂਰੀਆ    

No comments: