Sunday, March 06, 2011

ਕਿਤੇ ਸਿਰਫ ਚੋਣ ਸ਼ੋਸ਼ਾ ਹੀ ਨਾ ਬਣ ਜਾਣ ਹੋਂਦ ਅਤੇ ਚਿਲੜ !

ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ
ਨਵੰਬਰ-84 ਵਿੱਚ ਸਿੱਖ ਜਗਤ ਦੇ ਖਿਲਾਫ਼ ਇੱਕ ਸੋਚੀ ਸਮਝੀ ਸਾਜ਼ਿਸ਼ ਅਧੀਨ ਚਲਾਈ ਗਈ ਹਨੇਰੀ ਦੌਰਾਨ ਕੀ ਕੀ ਵਾਪਰਿਆ  ਉਹ ਸਭ ਕੁਝ ਸਿੱਖ ਹਿਰਦਿਆਂ ਤੇ ਹਮੇਸ਼ਾਂ ਲਈ ਉਕਰਿਆ ਗਿਆ ਹੈ. ਹੁਣ ਛੱਬੀਆਂ ਸਾਲਾਂ ਮਗਰੋਂ  ਹਰਿਆਣਾ ਦੇ ਜ਼ਿਲਾ ਰਿਵਾੜੀ 'ਚ ਪੈਂਦੇ ਦੋ ਪਿੰਡਾਂ ਹੋਂਦ ਅਤੇ ਚਿਲੜ ਵਿੱਚ ਵਾਪਰੇ ਅਣ ਮਨੁੱਖੀ ਕਹਿਰ ਨੇ ਇੱਕ ਹੋਰ ਸੁਆਲ ਖੜਾ ਕੀਤਾ ਸੀ ਕਿ ਅਜਿਹੇ ਲੁੱਕੇ ਹੋਏ ਮਾਮਲੇ ਹੋਰ ਕਿੰਨੇ ਕੁ ਹੋ ਸਕਦੇ ਹਨ. ਸਿਖਾਂ ਦਾ ਕਤਲੇ ਆਮ ਕਰਨ ਲਈ ਤੁਰੀ ਭੀੜ ਨੇ ਇਹੀ ਕਾਰਾ ਕਿਸੇ ਹੋਰ ਪਿੰਡ ਜਾਂ ਕਸਬੇ 'ਚ ਨਾ ਵਰਤਾਇਆ ਹੋਵੇ ਇਹ ਕਿਵੇਂ ਹੋ ਸਕਦਾ ਹੈ ? ਇਹ ਸੁਆਲ ਪੰਜਾਬ ਸਕਰੀਨ ਵਿੱਚ ਵੀ ਉਠਾਇਆ ਗਿਆ ਸੀ. ਸਿੱਖ ਜਗਤ ਨੇ ਅਜੇ ਛੇ ਮਾਰਚ ਵਾਲਾ ਰੋਸ ਵਖਾਵਾ ਵੀ ਕਰਨਾ ਸੀ ਕਿ ਇਸ ਤੋਂ ਪਹਿਲਾਂ ਹੀ ਇੱਕ ਹੋਰ ਖਬਰ ਆ ਗਈ. ਇਸ ਖਬਰ ਵਿਹ੍ਚ ਦੱਸਿਆ ਗਿਆ ਕਿ  ਪਿੰਡ ਪਟੌਧੀ ਵਿੱਚ ਵੀ ਇਹ ਕੁਝ ਵਾਪਰਿਆ ਸੀ ਅਤੇ ਉਥੇ 17 ਸਿੱਖਾਂ  ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ.. ਇਸ ਹਕੀਕਤ  ਨੂੰ ਸਾਹਮਣੇ ਲਿਆਂਦਾ ਹੈ ਖੋਜੀ ਪੱਤਰਕਾਰੀ ਵਿੱਚ ਇੱਕ ਨਵਾਂ ਇਤਿਹਾਸ ਰਚਣ ਵਾਲੀ ਤਹਿਲਕਾ ਟੀਮ ਨੇ. ਇਸ ਟੀਮ  ਨੇ ਆਪਣੇ ਪਰਚੇ ਵਿੱਚ ਜੋ ਕੁਝ ਦੱਸਿਆ ਹੈ ਉਸ ਨੂੰ ਤੁਸੀਂ ਸਿੱਖ ਸਿਆਸਤ 'ਤੇ ਵੀ ਪੜ੍ਹ ਸਕਦੇ ਹੋ ਏਥੇ ਕਲਿੱਕ ਕਰਕੇ. ਪਰ ਇਹ ਸਭ ਕੁਝ ਦੇਖ ਕੇ ਇੱਕ ਗੱਲ ਤਾਂ ਸਮਝ ਆਉਂਦੀ ਹੈ ਕਿ ਸਰਕਾਰਾਂ ਆਪਣੀਆਂ ਸਾਰੀਆਂ ਵਧੀਕੀਆਂ ਨੂੰ ਅਕਸਰ ਕਾਮਯਾਬ ਹੋ ਜਾਂਦੇ ਹਨ ਪਰ ਇਹ ਸਮਝ ਨਹੀਂ ਆਉਂਦੀ ਕਿ ਉਹਨਾਂ ਵਧੀਕੀਆਂ ਨੂੰ ਸਹਿਣ ਕਰਨ ਵਾਲੇ ਇਹਨਾਂ ਜਖਮਾਂ ਨੂੰ ਬੇਨਕਾਬ ਕਰਨ ਵਿੱਚ ਏਨਾ ਲੇਟ ਕਿਵੇਂ ਹੋ ਜਾਂਦੇ ਹਨ. 
ਸੀਨੇ ਫੱਟ ਲੱਗੇ, 26 ਸਾਲ ਬੀਤ ਗਏ ਨੇ
ਹੁਣ ਵੀ ਜੋ ਕੁਝ ਸਾਹਮਣੇ ਆਇਆ ਹੈ ਉਸ ਲਈ ਸਿਖਸ ਫਾਰ ਜਸਟਿਸ ਅਤੇ ਸਿਖ ਸਟੂਡੈਂਟਸ ਫੈਡਰੇਸ਼ਨ ਦੀ ਤਾਰੀਫ਼ ਕਰਨੀ ਬਣਦੀ ਹੈ. ਸਿੱਖ ਕੌਮ ਨੂੰ ਇਸ ਮੁੱਦੇ ਤੇ ਇੱਕ ਮਤ ਵੀ ਹੋਣਾ ਚਾਹੀਦਾ ਹੈ ਪਰ ਇਸ ਸਾਰੇ ਘਟਨਾ ਕ੍ਰਮ ਬਾਰੇ .ਜੋ ਪ੍ਰਤੀਕਰਮ ਆ ਰਹੇ ਹਨ ਉਹਨਾਂ ਵਿੱਚੋਂ ਇਹ ਸਾਫ਼ ਝਲਕਦਾ ਹੈ ਕਿ ਸਿੱਖ ਜਗਤ ਨੂੰ ਖਦਸ਼ਾ ਹੈ ਕਿ ਕਿਤੇ ਇਹ ਵੀ ਸਿਰਫ ਇੱਕ ਚੋਣ ਮੁੱਦਾ ਨਾ ਬਣ ਜਾਵੇ. ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਹੈ ਕਿ ਸਾਕਾ ਨੀਲਾ  ਤਾਰਾ ਦੀਆਂ ਨਿਸ਼ਾਨੀਆਂ ਨੂੰ ਆਪਣੇ ਹਥੀਂ ਮਿਟਾਉਣ ਵਾਲੇ ਹੋਂਦ ਚਿਲੜ ਦੀ ਯਾਦਗਾਰ ਕਿਵੇਂ ਬਣਾਉਣਗੇ....? ਇਸ ਪਾਰਟੀ ਨੇ ਇਸ ਸਬੰਧ ਵਿੱਚ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਦਾ ਵੀ ਹਵਾਲਾ ਦਿੱਤਾ ਹੈ ਅਤੇ ਯਾਦ ਕਰਾਇਆ ਹੈ ਕਿ ਕਿਸ ਤਰਾਂ ਜੋਰਾਂ ਸ਼ੋਰਾਂ ਨਾਲ  ਕੀਤੇ ਗਏ ਐਲਾਨਾਂ ਦੇ ਬਾਵਜੂਦ ਵੀ ਇਸ ਇਤਿਹਾਸਿਕ ਹਵੇਲੀ ਦੇ ਕੁਝ ਬਚੇ  ਹੋਏ ਖੰਡਰ ਡਿੱਗਣ ਦੀ ਉਡੀਕ ਕਰ ਰਹੇ ਹਨ. ਪਾਰਟੀ ਵੱਲੋਂ ਇਸ ਹਵੇਲੀ ਦੇ ਤਾਜ਼ਾ  ਫੋਟੋਗ੍ਰਾਫ਼ ਵੀ ਜਾਰੀ ਕੀਤੇ ਗਏ ਹਨ.ਪਾਰਟੀ ਦੇ ਸੱਕਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਜਥੇਬੰਦਕ  ਸੱਕਤਰ ਭਾਈ ਸੰਤੋਖ ਸਿੰਘ ਸਲਾਣਾ ਦੇ ਬਿਆਨ ਨੂੰ ਤੁਸੀਂ ਏਥੇ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋ. 
ਭੁਪਿੰਦਰ ਸਿੰਘ ਨਿਮਾਣਾ
ਖਾਲਸਾ ਪੰਚਾਇਤ ਵੱਲੋ ਜਾਰੀ ਪ੍ਰੈਸ ਨੋਟ 
ਏਸੇ ਦੌਰਾਨ ਸ਼੍ਰੋਮਣੀ ਖਾਲਸਾ ਪੰਚਾਇਤ ਨੇ ਵੀ ਏਸ ਮੁੱਦੇ ਤੇ ਬੜੀ ਤਿੱਖੀ ਟਿੱਪਣੀ ਕੀਤੀ ਹੈ. ਇਸ ਜਥੇਬੰਦੀ ਦੇ  ਸਹਿਰੀ ਕਨਵੀਨਰ ਭੁਪਿੰਦਰ ਸਿੰਘ ਨਿਮਾਣਾ ਨੇ ਕਿਹਾ ਹੈ ਕਿ ਹੋਂਦ ਚਿਲੜ  ਕਾਂਡ ਦੀ ਯਾਦਗਾਰ ਬਣਾਉਣ ਦੇ ਐਲਾਨ ਸਿਰਫ ਇੱਕ ਚੋਣ ਮੁੱਦੇ ਦਾ ਹਿੱਸਾ ਹਨ. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਧਾਨ ਸਭਾ ਦੀਆਂ ਆਉਂਦੀਆਂ  ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਇਹ ਪ੍ਰਚਾਰ ਅਸਲ ਵਿੱਚ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਦੀ ਇੱਕ ਸਾਜਿਸ਼ ਹੈ. ਉਹਨਾਂ ਕਿਹਾ ਕਿ ਜਿਸ ਸ਼੍ਰੋਮਣੀ ਕਮੇਟੀ ਨੇ ਸਾਕਾ ਨੀਲਾ ਤਾਰਾ ਦੀ ਹਰ ਨਿਸ਼ਾਨੀ ਨੂੰ ਲਭ ਲਭ ਕੇ ਖੁਦ ਆਪਣੇ ਹੱਥੀਂ ਮਿਟਾਇਆ ਹੋਵੇ ਉਹ ਸ਼੍ਰੋਮਣੀ ਕਮੇਟੀ ਹੁਣ ਹੋਂਦ ਅਤੇ ਚਿਲੜ ਦੇ ਮਾਮਲੇ ਵਿੱਚ ਯਾਦਗਾਰ ਬਣਾਉਣ ਦੀਆਂ ਗੱਲਾਂ ਕਿਸ ਮੂੰਹ ਨਾਲ ਕਰ ਰਹੀ ਹੈ.. ਸ੍ਰ. ਨਿਮਾਣਾ ਨੇ ਇਹ ਵੀ ਕਿਹਾ ਕਿ ਖਾਲਸਾ ਹੈਰੀਟੇਜ ਬਣਾ ਕੇ ਦੇਣ ਦੇ ਵਾਅਦੇ ਵੀ ਬਾਦਲ ਸਰਕਾਰ ਨੇ ਬੜੇ ਜੋਰ ਸ਼ੋਰ ਨਾਲ ਕੀਤੇ ਸਨ ਪਰ ਉਹਨਾਂ ਤੇ ਅਮਲ ਅੱਜ ਤੱਕ ਨਹੀਂ ਹੋਇਆ. ਉਹਨਾਂ ਇਸ ਸੰਬੰਧ ਵਿੱਚ ਐਲਾਨੀ ਗਈ ਰਕਮ ਅਤੇ ਖਰਚ ਕੀਤੀ ਗਈ ਰਕਮ ਦਾ ਵੇਰਵਾ ਵੀ ਦਿੱਤਾ ਅਤੇ ਕਿਹਾ ਕਿ  214 ਕਰੋੜ ਰੁਪੇ ਖਰਚ ਕਰਕੇ ਵੀ ਅਜੇ ਤੱਕ ਕੇਵਲ ਕੰਧਾਂ ਹੀ ਖੜੀਆਂ ਕੀਤੀਆਂ ਗਈਆਂ ਹਨ.ਉਹਨਾਂ ਦਾ ਇਹ  ਪੂਰਾ  ਬਿਆਨ ਤੁਸੀਂ ਨਾਲ ਦਿੱਤੀ ਗਈ ਪ੍ਰੈਸ ਨੋਟ ਵਾਲੀ ਤਸਵੀਰ ਤੇ ਕਲਿੱਕ ਕਰ ਕੇ ਵੀ ਪੜ੍ਹ ਸਕਦੇ ਹੋ. ਖਾਲਸਾ ਪੰਚਾਇਤ ਨੇ ਕਿਹਾ ਕਿ ਸਿੱਖ ਜਗਤ ਨੂੰ ਉਹਨਾਂ ਲੂੰਬੜ ਚਾਲਾਂ ਤੋਂ ਪੂਰੀ ਤਰਾਂ ਸੁਚੇਤ ਰਹਿਣਾ ਚਾਹੀਦਾ ਹੈ ਜੋ ਕਿ ਇਹਨਾਂ ਲੀਡਰਾਂ ਵੱਲੋਂ ਕਈ ਵਾਰ ਵਰਤੀਆਂ ਗਈਆਂ ਹਨ.. ਕਾਬਿਲੇ ਜ਼ਿਕਰ ਹੈ ਕਿ ਖਾਲਸਾ ਪੰਚਾਇਤ ਨੇ ਸਿੱਖ ਸਿਧਾਂਤਾਂ ਨੂੰ ਅਧਾਰ ਬਣਾ ਕੇ ਕਈ ਵਾਰ ਅਕਾਲੀ ਲੀਡਰਸ਼ਿਪ ਨੂੰ ਵੀ ਚੁਨੌਤੀ ਦਿੱਤੀ.ਅਤੇ ਇਸ ਮਕਸਦ ਲਈ ਖਾਲਸਾ ਪੰਚਾਇਤ ਦੇ ਆਗੂਆਂ ਅਤੇ ਵਰਕਰਾਂ ਨੇ ਸਰਕਾਰ ਦੀ ਸਖਤੀ ਦਾ ਵੀ ਸਾਹਮਨ ਕੀਤਾ ਪਰ ਪੂਰੀ ਤਰਾਂ ਸ਼ਾਂਤ ਮਈ ਰਹੀ ਕੇ.ਇਸ ਸਬੰਧੀ ਤੁਸੀਂ ਕਿ ਸੋਚ ਰਹੇ ਹੋ ਜ਼ਰੂਰ ਦੱਸਣਾ. ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ.  --ਰੈਕਟਰ ਕਥੂਰੀਆ 

No comments: