Wednesday, March 23, 2011

ਕਿਥੇ ਹਨ ਸ਼ਹੀਦ ਭਗਤ ਸਿੰਘ ਦੀਆਂ 4 ਕਿਤਾਬਾਂ ਦੇ ਖਰੜੇ ?

ਪਿੰਡ ਹੋਂਦ ਅਤੇ ਚਿਲੜ ਵਾਲਾ ਹਿਰਦੇ ਵੇਧਕ ਮਾਮਲਾ ਸਾਹਮਣੇ ਲਿਆਉਣ ਵਾਲੇ ਇੰਜੀਨੀਅਰ ਮਨਵਿੰਦਰ ਸਿੰਘ ਦੇ  ਪਿਤਾ ਗੁਰਮੇਲ ਸਿੰਘ ਖਾਲਸਾ ਵੀ ਬੜੇ ਖੋਜੀ ਸੁਭਾਅ ਦੇ ਹਨ. ਉਹਨਾਂ ਨੇ ਗਦਰ ਪਾਰਟੀ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਸਬੰਧਿਤ ਇਤਿਹਾਸ ਤੇ ਵੀ ਕਾਫੀ ਖੋਜ ਕੇਤੀ ਹੈ. ਆਪਣੀ ਇਸ ਖੋਜ ਭਰਪੂਰ ਰਿਪੋਰਟ ਵਿੱਚ ਉਹਨਾਂ ਜੋ ਕੁਝ ਦੱਸਿਆ ਹੈ ਉਸੁਨ ਉਹਨਾਂ ਏ ਸ਼ਬਦਾਂ ਵਿੱਚ ਹੀ ਤੁਹਾਡੇ ਸਾਹਮਣੇ ਰੱਖਿਆ ਜਾ ਰਿਹਾ ਹੈ. ਆਪਣੀ ਇਸ ਰਿਪੋਰਟ ਵਿੱਚ ਬਹੁਤ ਸਾਰੀਆਂ ਹੋਰਨਾਂ ਗੱਲਾਂ ਦੇ ਨਾਲ ਉਹਨਾਂ ਦੱਸਿਆ ਹੈ ਕਿ ਸ਼ਹੀਦ ਭਗਤ ਸਿੰਘ ਨੇ ਆਪਣੇ ਆਖਿਰੀ ਦਿਨਾਂ ਵਿੱਚ ਚਾਰ ਕਿਤਾਬਾਂ ਵੀ ਲਿਖੀਆਂ ਸਨ. ਉਹਨਾਂ ਇਹ ਵੀ ਦਸਿਆ ਹੈ ਕਿ ਭਗਤ ਸਿੰਘ ਦੀ ਲਿਖਤ ਵਜੋਂ ਪ੍ਰਚਾਰੀ ਜਾਂਦੀ ਦਸਤਾਵੇਜ਼"ਮੈਂ ਨਾਸਤਕ ਕਿਓਂ ਹਾਂ" ਦਾ ਖਰੜਾ ਕਿਸੇ ਕੋਲ ਵੀ ਨਹੀਂ ? ਇਹ ਕਿਸ ਨੇ ਲਿਖਿਆ...ਅਜਿਹੇ ਕਈ ਸੁਆਲਾਂ ਦੇ ਜੁਆਬ ਇਸ ਰਿਪੋਰਟ ਵਿੱਚ ਹਾਂ. ਇਸ ਦੇ ਨਾਲ ਹੀ ਹਨ ਬਹੁਤ ਸਾਰੇ ਹੋਰ ਸੁਆਲ ਜੋ ਅੱਜ ਵੀ ਜੁਆਬ ਮੰਗਦੇ ਹਨ. ਤੁਹਾਡੇ ਪ੍ਰਤੀਕਰਮ ਦੀ ਉਡੀਕ ਵਿੱਚ . ;--ਰੈਕਟਰ ਕਥੂਰੀਆ 

ਸ਼ਹੀਦ ਭਗਤ ਸਿੰਘ ਪੱਗ ਵਾਲ਼ਾ ਜਾਂ ਟੋਪ ਵਾਲ਼ਾ//ਗੁਰਮੇਲ ਸਿੰਘ ਖਾਲਸਾ
ਸ਼ਹੀਦ ਭਗਤ ਸਿੰਘ ਜੀ ਦਾ ਸਮਾਂ 28-09-1907 ਤੋਂ 23-03-1931 ਤੱਕ ਦਾ ਸੀ, ਇਸ ਨੂੰ ਸਿੱਖਾਂ ਦਾ ਸੁਨਿਹਰੀ ਯੁੱਗ ਵੀ ਕਿਹਾ ਜਾ ਸਕਦਾ ਹੈ। ਇਸ ਸਮੇਂ ਮਹਾਤਮਾ ਗਾਂਧੀ ਨੇ ਸਿੱਖਾਂ ਨੂੰ ਤਾਰ ਰਾਹੀਂ ਵਧਾਈ ਭੇਜੀ ਜਿਸ ਤੇ ਲਿਖਿਆ ਸੀ ਕਿ ਉਹਨਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ। ਇਸੇ ਸਮੇਂ ਵਿਚ ਅਖ਼ਬਾਰ ਬੰਦੇ ਮਾਤਰਮ ਦੇ 17 ਅਪ੍ਰੈਲ 1928 ਵਾਲੇ  
ਅੰਕ ਵਿਚ ਲਾਲਾ ਲਾਜਪਤ ਰਾਏ ਨੇ ਲਿਖਿਆ:
"ਸਵਰਾਜ ਕਾ ਜੋ ਰਾਜ ਹੋ ਅਪਨੇ ਦੇਸ਼ ਮੇ,
ਹੋਗਾ ਤੁਮਾਰੇ ਹਾਥ ਮੇਂ ਝੰਡਾ ਅਕਾਲੀਓ।
ਭਾਰਤ ਕੇ ਹਮ ਕਪੂਤ ਹੈਂ ਔਰ ਆਪ ਹੋ ਸਪੂਤ,
ਘਰ ਘਰ ਮੇਂ ਹੋ ਰਹਾ ਹੈ ਯਹੀ ਚਰਚਾ ਅਕਾਲੀਓ।"

ਬੇਸ਼ੱਕ ਸ਼ਹੀਦ ਭਗਤ ਸਿੰਘ ਜੀ ਵੀ ਇਸੇ ਸਿੱਖ ਸਮਾਜ ਦਾ ਅੰਗ ਹਨ। ਹਿੰਦੂ ਸੁਰੂ ਤੋਂ ਹੀ ਸਿੱਖ ਸਮਾਜ ਦਾ ਦੁਸਮਣ ਰਿਹਾ ਹੈ, ਇਸ ਦੀ ਤਸਦੀਕ ਸਰਕਾਰ ਹਿੰਦ ਦੇ ਸੀ.ਆਈ.ਡੀ. ਦੇ ਪ੍ਰਮੁੱਖ ਮਿਸਟਰ ਡੀ. ਪੈਟਰੀ ਨੇ 11 ਅਗਸਤ 1911 ਨੂੰ ਇਕ ਖ਼ੁਫੀਆ ਰਿਪੋਰਟ ਵਿਚ ਜੋ 'ਸਿੱਖ ਰਾਜਨੀਤੀ ਦੇ ਉਤਰਾਅ ਝੜਾਅ 1900-1911' ਦੇ ਨਾਂ ਤੇ ਭਾਰਤ ਵਿਖੇ ਨੈਸ਼ਨਲ ਆਰਕਵੀਜ਼ ਦਿੱਲੀ ਵਿਚ ਸਾਂਭੀ ਪਈ ਹੈ ਇਸ ਦੇ ਪੈਰਾ 63 ਤੇ ਲਿਖਿਆ ਹੈ ,"ਹਿੰਦੂ ਮੱਤ ਮੁੱਢ ਤੋਂ ਹੀ ਸਿੱਖੀ ਦਾ ਸਤਰੂ ਚਲਿਆ ਆ ਰਿਹਾ ਹੈ,ਕਿਉਂਕਿ ਸਿੱਖ ਗੁਰੂਆਂ ਨੇ ਜਾਤਪਾਤ,ਜੋ ਕਿ ਬ੍ਰਾਹਮਣੀ ਮੱਤ ਦੀ ਅਧਾਰਸ਼ਿਲਾ ਹੈ,ਦੀ ਭਰਪੂਰ ਅਤੇ ਸਫਲ ਮੁਖਾਲਫਤ ਕੀਤੀ ਹੈ। ਇਸ ਕਾਰਨ ਹਿੰਦੂਆਂ ਦੀ ਇਹ ਨਿਸ਼ਚਿਤ ਨੀਤੀ ਹੈ ਕਿ ਸਿੱਖ ਧਰਮ ਦਾ ਵਿਨਾਸ਼ ਕੀਤਾ ਜਾਵੇ ਅਤੇ ਉਹ ਆਪਣੇ ਬੱਚਿਆਂ ਨੂੰ ਸਿੱਖੀ ਗ੍ਰਹਿਣ ਕਰਨ ਤੋਂ ਵੀ ਰੋਕਦੇ ਹਨ। ਜਿਹੜੇ ਸਿੱਖੀ ਗ੍ਰਹਿਣ ਕਰ ਚੁੱਕੇ ਹਨ ਅਤੇ ਜੋ ਅੰਮ੍ਰਿਤਧਾਰੀ ਸਿੱਖ ਹਨ ਉਹਨਾਂ ਨੂੰ ਹਿੰਦੂ ਹਰ ਪ੍ਰਕਾਰ ਦੇ ਹੀਲੇ ਅਤੇ ਲਾਲਚ ਵਰਤ ਕੇ ਸਿੱਖੀ ਤੋਂ ਪਤਿਤ ਕਰਨ ਲਈ ਸਦੀਵ ਤਤਪਰ ਰਹਿੰਦੇ ਹਨ। ਹਿੰਦੂ ਮੱਤ ਨੇ ਬੁੱਧ ਮੱਤ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਮੁਕਾਇਆ ਹੈ ਅਤੇ ਸਿੱਖਾਂ ਨੂੰ ਖਤਮ ਕਰਨ ਵਿਚ ਬਹੁਤ ਹੱਦ ਤੱਕ ਸਫਲ ਹੋ ਚੁੱਕੇ ਹਨ"। (ਸਾਚੀ ਸਾਖੀ 69) ਡਾ.ਬੀ.ਆਰ.ਅੰਬੇਦਕਰ ਜੀ ਨੇ ਕਿਹਾ ਸੀ ਕਿ ਉਹ ਹਿੰਦੂ ਰਹਿ ਕੇ ਨਹੀਂ ਮਰੇਗਾ। ਉਸ ਨੇ ਗਾਂਧੀ ਜੀ ਨੂੰ ਦੱਸਿਆ ਕਿ ਉਹ ਸਿੱਖ ਧਰਮ ਧਾਰਨ ਕਰਨ ਜਾ ਰਿਹਾ ਹੈ। ਮਹਾਤਮਾ ਗਾਂਧੀ ਬੇਚੈਨ ਹੋ ਗਏ,ਤੇ ਕਿਹਾ,"ਉਹ ਹੋਰ ਜੋ ਮਰਜ਼ੀ ਧਰਮ ਧਾਰਨ ਕਰੇ ਪਰ ਸਿੱਖ ਧਰਮ ਧਾਰਨ ਨਾ ਕਰੇ"। ਇਸ ਲਈ ਡਾ.ਅੰਬੇਦਕਰ ਸਾਹਿਬ ਨੇ ਬੁੱਧ ਧਰਮ ਧਾਰਨ ਕਰ ਲਿਆ ਸੀ। ਅੰਮ੍ਰਿਤਾ ਪ੍ਰੀਤਮ ਦੇ ਮਾਤਾ ਪਿਤਾ ਸਿੱਖ ਧਰਮ ਦੇ ਉੱਚ ਕੋਟੀ ਦੇ ਪ੍ਰਚਾਰਕ ਸਨ। ਅੰਮ੍ਰਿਤਾ ਪ੍ਰੀਤਮ ਆਪ ਵੀ ਅੱਛੀ ਪੜ੍ਹੀ ਲਿਖੀ ਸੀ। ਸ਼੍ਰੀ ਮਤੀ ਇੰਦਰਾ ਗਾਂਧੀ ਨਾਲ ਨੇੜਤਾ ਪ੍ਰਾਪਤ ਕਰਨ ਲਈ ਜਾਂ ਸਹੇਲੀ ਬਣਨ ਲਈ ਉਸ ਨੇ ਸਿੱਖ ਧਰਮ ਨੂੰ ਤਿਆਗ ਦਿੱਤਾ ਸੀ। ਪੰਜਾਬ ਦੀਆਂ ਮਾਂਵਾਂ, ਭੈਣਾਂ ਅਤੇ ਧੀਆਂ ਵਿਚ ਸਿਗਰਟ ਨੋਸ਼ੀ ਦੀ ਬਿਮਾਰੀ ਤਾਂ ਹੁਣ ਤੱਕ ਵੀ ਵੇਖਣ ਵਿਚ ਨਹੀਂ ਆਉੰਦੀ ਪਰ ਅੰਮ੍ਰਿਤਾ ਪ੍ਰੀਤਮ ਨੇ ਇਹ ਸਿੱਧ ਕਰਨ ਲਈ ਕਿ ਉਹ ਸਿੱਖ ਨਹੀਂ ਹੈ,ਉਹਨੇ ਸਿਗਰਟਾਂ ਪੀਤੀਆਂ, ਕੇਸ ਕਟਾਏ,ਗੱਲ ਕੀ ਕਿ ਇਹਨੇ ਚਾਰੇ ਬਜ਼ਰ ਕੁਰਹਿਤਾਂ ਸ਼ਰੇਆਮ ਕੀਤੀਆਂ ਸਨ ਤਾਂ ਕਿਤੇ ਜਾ ਕੇ ਇੰਦਰਾ ਗਾਂਧੀ ਨੇ ਇਹਨੂੰ ਪੱਕੀ ਸਹੇਲੀ ਬਣਾਇਆ। ਹੈਰਾਨੀ ਦੀ ਗੱਲ ਇਹ ਕਿ ਇਹ ਸਹੇਲੀਆਂ ਵੀ ਇੰਨੀਆਂ ਪੱਕੀਆਂ ਬਣੀਆਂ ਕਿ ਇਹ ਦੋਨੋਂ ੩੧ ਅਕਤੂਬਰ ਨੂੰ ਹੀ ਇਸ ਦੁਨੀਆਂ ਤੋਂ ਵਿਦਾ ਹੋਈਆਂ ਸਨ। ਅੰਮ੍ਰਿਤਾ ਪ੍ਰੀਤਮ ਨੇ 86 ਵਰਿਆਂ ਦੀ ਉਮਰ ਭੋਗੀ ਅਤੇ 86 ਹੀ ਕਿਤਾਬਾਂ ਲਿਖੀਆਂ ਹਨ। ਸੰਨ 1947 ਦੀ ਦੇਸ਼ ਵੰਡ ਵੇਲੇ ਬੀਬੀਆਂ ਤੇ ਹੋਏ ਜ਼ੁਲਮਾਂ ਲਈ ਇਸ ਨੇ ਇਕ ਹਾਅ ਦਾ ਨਾਅਰਾ ਇਕ ਕਵਿਤਾ ਵਿਚ(ਅੱਜ ਆਖਾਂ ਵਾਰਸ ਸ਼ਾਹ ਨੂੰ…) ਦੇ ਰੂਪ ਵਿਚ ਮਾਰਿਆ ਸੀ। ਇਸ ਕਵਿਤਾ ਨਾਲ ਹੀ ਇਸ ਦੀ ਚੜ੍ਹਤ ਹੋ ਗਈ ਸੀ। ਨਵੰਬਰ 1984 ਦੌਰਾਨ ਦਿੱਲੀ ਵਿਖੇ ਇਹਦੇ ਸਾਹਮਣੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਗਈ,ਬੀਬੀਆਂ ਤੇ ਭਿਆਨਕ ਜ਼ੁਲਮ ਹੋਏ,ਇਸ ਸਮੇਂ ਇਹਦੀ ਕਲਮ ਤਕਰੀਬਨ ਚੁੱਪ ਹੀ ਰਹੀ. ਇਸ ਚੁੱਪ ਦਾ ਇਨਾਮ ਇਹਨੂੰ ਰਾਜ ਸਭਾ ਦੀ ਮੈੰਬਰੀ ਅਤੇ ਵਿਦੇਸ਼ਾਂ ਦੀਆਂ ਸੈਰਾਂ ਦੇ ਰੂਪ ਵਿਚ ਮਿਲਿਆ। ਪਿੱਛੇ ਜਿਹੇ ਰੌਲਾ ਪਿਆ ਸੀ ਕਿ ਸਰਕਾਰ ਅੰਮ੍ਰਿਤਾ ਪ੍ਰੀਤਮ ਦੇ ਨਾਮ ਤੇ ਗੁਰੂ ਨਾਨਕ ਦੇਵ ਯੂਨਿਵਰਸਿਟੀ ਅੰਮ੍ਰਿਤਸਰ ਵਿਖੇ ਇਹਦੇ ਨਾਮ ਤੇ ਚੇਅਰ ਸਥਾਪਤ ਕਰਨ ਜਾ ਰਹੀ ਹੈ। ਸਿੱਖਾਂ ਦੇ ਵਿਰੋਧ ਕਾਰਨ ਇਹ ਨਾ ਹੋ ਸਕਿਆ। ਸਿੱਖਾਂ ਦਾ ਖੁਰਾਖ਼ੋਜ ਮਿਟਾਉਣ ਦੇ ਇਹ ਇਹਨਾਂ ਦੇ ਤਰੀਕੇ ਹਨ।
ਸ਼ਹੀਦ ਭਗਤ ਸਿੰਘ ਜੀ ਦਾ ਜਨਮ 28 ਸਤੰਬਰ 1907 ਨੂੰ ਬੰਗੇ ਚੱਕ ਨੰਬਰ 105 ਜ਼ਿਲਾ ਲਾਇਲਪੁਰ ਵਿਖੇ ਹੋਇਆ। ਆਪ ਜੀ ਦੇ ਦਾਦਾ ਸ: ਅਰਜਣ ਸਿੰਘ ਜੋ ਕਿ ਇਕ ਵੈਦ ਸਨ। ਪਿਤਾ ਸ: ਕਿਸ਼ਨ ਸਿੰਘ,ਮਾਤਾ ਵਿਦਿੱਆਵਤੀ ਜੀ ਸਨ। ਵੱਡੇ ਭਾਈ ਦਾ ਨਾਮ ਸ.ਜਗਤ ਸਿੰਘ ਜੀ,ਜੋ ਕਿ 11 ਸਾਲਾਂ ਦੀ ਉਮਰ ਵਿਚ ਹੀ ਅਕਾਲ ਚਲਾਣਾ ਕਰ ਗਏ ਸਨ। ਚਾਰ ਛੋਟੇ ਭਾਈ ਸ.ਕੁਲਬੀਰ ਸਿੰਘ, ਸ.ਕੁਲਤਾਰ ਸਿੰਘ, ਸ.ਰਣਵੀਰ ਸਿੰਘ ਅਤੇ ਸ.ਰਜਿੰਦਰ ਸਿੰਘ ਜੀ ਸਨ। ਆਪ ਜੀ ਦੀਆਂ ਤਿੰਨ ਭੈਣਾਂ, ਬੀਬੀ ਅਮਰ ਕੌਰ, ਬੀਬੀ ਸੁਮਿੱਤਰਾ ਕੌਰ ਅਤੇ ਸਕੁੰਤਲਾ ਕੌਰ ਜੀ ਸਨ। ਆਪ ਜੀ ਦੇ ਚਾਚਾ ਸ.ਅਜੀਤ ਸਿੰਘ ਜੀ ਸਨ ਜੋ ਕਿ 'ਪੱਗੜੀ ਸੰਭਾਲ ਜੱਟਾ' ਲਹਿਰ ਦੇ ਆਗੂ ਸਨ। ਇਹਨਾਂ ਦੀਆਂ ਪੱਗਾ ਦਾ ਰੰਗ ਬਸੰਤੀ ਹੋਣ ਕਰਕੇ ਇਕ ਗਾਣਾ ਪ੍ਰਚੱਲਿਤ ਹੋ ਗਿਆ ਸੀ:- "ਮੇਰਾ ਰੰਗ ਦੇ ਬਸੰਤੀ ਚੋਲਾ'। ਸ਼ਹੀਦ ਭਗਤ ਸਿੰਘ ਵੀ ਬਸੰਤੀ ਪੱਗ ਹੀ ਬੰਨਦੇ ਸਨ। 18 ਸਾਲਾਂ ਦੀ ਉਮਰ ਤੱਕ ਭਗਤ ਸਿੰਘ ਇਕ ਰਿਸ਼ਟ-ਪੁਸ਼ਟ ਦਰਸ਼ਣੀ ਸਿੰਘ ਬਣ ਗਏ,ਉਹਨਾਂ ਦਾ ਕੱਦ 6 ਫੁੱਟ ਲੰਬਾ ਸੀ । ਉਹਨਾਂ ਨੇ ਇਕ ਨਾਮਧਾਰੀ ਸਿੰਘ ਪਾਸੋਂ ਗੱਤਕਾ ਸਿੱਖਿਆ, ਤੇ ਉਹ ਗੱਤਕੇ ਦੇ ਅੱਛੇ ਖਿਡਾਰੀ ਸਨ। ਦਸ ਨੰਬਰ ਦੇ ਤਾਂ ਉਹਦੇ ਬੂਟ ਆਉੰਦੇ ਸਨ। ਇਹਨਾਂ ਬੂਟਾਂ ਦੇ ਦਰਸ਼ਨ ਸ.ਜਗਮੋਹਨ ਸਿੰਘ ਜੀ ਦੀ ਪੁਸਤਕ ਦੇ ਪੰਨਾ ਨੰ: 14 ਤੇ ਫੋਟੋ ਦੇ ਰੂਪ ਵਿਚ ਕਰ ਸਕਦੇ ਹਾਂ ।
1922 ਵਿਚ ਸ਼ਹੀਦ ਭਗਤ ਸਿੰਘ ਨੇ ਨੈਸ਼ਨਲ ਕਾਲਜ ਲਾਹੌਰ ਦਾਖਲਾ ਲੈ ਲਿਆ। ਸ: ਜਗਮੋਹਨ ਸਿੰਘ ਜੀ ਲਿਖਦੇ ਹਨ,"ਭਗਤ ਸਿੰਘ ਲਾਹੌਰ ਤੋਂ ਲਾਇਲਪੁਰ ਜਾਂਦੇ ਹੋਏ ਨਨਕਾਣੇ ਸਾਹਿਬ ਗਏ ਅਤੇ ਸਾਰੇ ਸਾਕੇ ਦਾ ਹਾਲ ਦੇਖਿਆ। ਘਰ ਆਉਂਦੇ ਹੋਏ ਸ਼ਹੀਦਾਂ ਦਾ ਕੈਲੰਡਰ ਵੀ ਲੈਂਦੇ ਆਏ। ਸਾਰੇ ਪੰਜਾਬ ਅੰਦਰ ਇਸ ਘਟਨਾ ਦੇ ਰੋਸ ਵੱਜੋਂ ਕਾਲੇ ਰੰਗ ਦੀ ਪੱਗ ਬੰਨੀ ਜਾਣ ਲੱਗੀ। ਭਗਤ ਸਿੰਘ ਵੀ ਕਾਲੀ ਪੱਗ ਬੰਨਣ ਲੱਗ ਪਏ ਅਤੇ ਉਹਨਾਂ ਗੁਰਮੁਖੀ ਲਿਪੀ ਵੀ ਸਿੱਖਣੀ ਸ਼ੁਰੂ ਕਰ ਦਿੱਤੀ। ਮਾਰਚ 1924 ਵਿਚ ਜੈਤੋ ਦਾ ਮੋਰਚਾ ਲੱਗ ਚੁੱਕਾ ਸੀ ਤੇ ਸ਼ਹੀਦੀ ਜੱਥੇ ਜੈਤੋ ਨੂੰ ਜਾ ਰਹੇ ਸਨ। ਸਰਕਾਰ ਨੇ ਐਲਾਨ ਕੀਤਾ ਕਿ ਜੱਥੇ ਨੂੰ ਕੋਈ ਪਾਣੀ ਤੱਕ ਨਾ ਪਿਲਾਵੇ। ਇਸ ਦਾ ਚੈਲੰਜ ਲੈੰਦੇ ਹੋਏ ਭਗਤ ਸਿੰਘ ਨੇ ਤੇਹਰਵੇੰ ਸ਼ਹੀਦੀ ਜੱਥੇ ਨੂੰ ਆਪਣੇ ਪਿੰਡ ਬੰਗੇ ਲਿਆਏ, ਪੁਲਿਸ ਦੀ ਨਾਕਾਬੰਦੀ ਹੁੰਦੇ ਹੋਏ ਲੰਗਰ ਛਕਾਇਆ। ਜੋ ਕਿ ਪਹਿਲਾਂ ਹੀ ਕਮਾਦਾਂ ਦੇ ਖੇਤਾਂ ਵਿਚ ਰੱਖਿਆ ਹੋਇਆ ਸੀ। ਇਸ ਵਿਚ ਰੋਡੇ ਪਿੰਡ ਦੇ ਮੁਜ਼ਾਰਿਆਂ ਵਲੋਂ ਵੀ ਮਦਦ ਮਿਲੀ ਸੀ,ਪਰ ਕਿਸੇ ਜ਼ਿਮੀਦਾਰ ਜਾਂ ਸਫੈਦਪੋਸ਼ ਵਲੋਂ ਨਹੀਂ,ਉਹ ਤਾਂ ਉਲਟ ਫੜਾਉਣ ਦੇ ਯਤਨਾਂ ਵਿਚ ਸਨ। ਇਸ ਕੰਮ ਨੇ ਜੱਥੇ ਦਾ ਹੋਂਸਲਾ ਤਾਂ ਵਧਾਇਆ ਹੀ ਨਾਲ ਹੀ ਅੰਗਰੇਜ਼ਾਂ ਨੂੰ ਚੁਣੌਤੀ ਵੀ ਦਿੱਤੀ। ਲੋਕਾਂ ਦੇ ਹੌਂਸਲੇ ਵੀ ਵੱਧੇ। ਜੱਥੇ ਨੂੰ ਬੜਾ ਜਜ਼ਬਾਤੀ ਲੈਕਚਰ ਦਿੱਤਾ, ਜਿਸ ਬਾਰੇ ਪਿੰਡ ਦੇ ਮਰਾਸੀ ਨੇ ਦੱਸਿਆ ਕਿ ਉਹ ਸੁਣ ਕੇ ਬੜੀ ਦੇਰ ਰੋਂਦਾ ਰਿਹਾ। ਇਸ ਹੌਂਸਲੇ ਵਾਲੇ ਕੰਮ ਕਰਕੇ ਭਗਤ ਸਿੰਘ ਦੇ ਪੁਲਿਸ ਵਾਰੰਟ ਨਿਕਲ ਗਏ। ਇਸ ਤੋਂ ਬਾਅਦ ਭਗਤ ਸਿੰਘ ਰੂਹਪੋਸ਼ ਹੋ ਗਏ"। ਭਗਤ ਸਿੰਘ ਦੇ ਰੂਹਪੋਸ਼ ਹੋਣ ਤੋਂ ਬਾਅਦ ਉਹਨਾਂ ਦਾ ਸਾਰਾ ਇਤਿਹਾਸ ਰਲਗੱਡ ਕਰ ਦਿੱਤਾ ਗਿਆ।
ਭਾਰਤ ਦੀ ਚੋਟੀ ਦੇ ਰਾਜਨੀਤਿਕ ਸ਼੍ਰੀ ਕੁਲਦੀਪ ਨਈਅਰ ਜੀ ਦੀ ਪੁਸਤਕ 'ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਤਜ਼ਰਬੇ' ਇਸ ਕਿਤਾਬ ਦੇ ਟਾਈਟਲ ਪੰਨੇ ਦੀ ਪਹਿਲੀ ਸਤਰ ਹੈ: 'ਭਗਤ ਸਿੰਘ ਦਾ ਜੀਵਨ ਇਤਿਹਾਸ ਦੀ ਸਰਵਸ੍ਰੇਸ਼ਟ ਵਿਡੰਬਣਾ ਹੈ' ਅਤੇ ਟਾਈਟਲ ਪੰਨੇ ਦੇ ਅੰਤ ਵਿਚ ਫਾਂਸੀ ਦੇਣ ਦਾ ਹੁਕਮ ਹੈ। ਇਹ ਕਿਤਾਬ ਬਹੁਤ ਹੀ ਸਾਵਧਾਨੀ ਨਾਲ ਲਿਖੀ ਗਈ ਹੈ,ਮਕਸਦ ਹੈ ਸੱਪ ਵੀ ਮੱਰ ਜਾਵੇ ਤੇ ਸੋਟਾ ਵੀ ਬੱਚ ਜਾਵੇ। ਇਸ ਕਿਤਾਬ ਨੂੰ ਲਿਖਣ ਦੀ ਤੀਬਰ ਪ੍ਰੇਰਣਾ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਤੋਂ ਮਿਲੀ, ਇਸ ਦੀ ਪੁਸ਼ਟੀ ਭੂਮਿਕਾ ਵਿਚ ਲਿਖਦੇ ਕਹਿੰਦੇ ਹਨ, "ਫਿਰ ਵੀ ਭਗਤ ਸਿੰਘ ਬਾਰੇ ਪੁਸਤਕ ਲਿਖਣ ਦਾ ਖਿਆਲ ਮੇਰੇ ਮੰਨ ਵਿਚ ਧੁੱਖਦਾ ਰਿਹਾ। ਮੇਰਾ ਇਹ ਵਿਸ਼ਵਾਸ ਸੀ ਕਿ ਅਮਲੀ ਤੌਰ ਤੇ ਭਗਤ ਸਿੰਘ ਬਾਰੇ ਸਭ ਕੁਝ ਲਿਖਿਆ ਜਾ ਚੁੱਕਾ ਹੈ। ਐਨ ਉਸ ਸਮੇਂ ਮੈਨੂੰ ਪੂਨੇ ਵਿਚ ਭਾਰਤੀ ਫ਼ੋਜ ਦੇ ਸਾਬਕਾ ਮੁਖੀ ਏ.ਐਸ.ਵੈਦਯ ਦੇ ਕਤਲ ਦੇ ਦੋਸ਼ ਵਿਚ ਫ਼ਾਂਸੀ ਦੀ ਸਜ਼ਾ ਦੀ ਉਡੀਕ ਕਰ ਰਹੇ ਹਰਜਿੰਦਰ ਸਿੰਘ ਤੇ ਸੁਖਜਿੰਦਰ ਸਿੰਘ ਦਾ ਪੱਤਰ ਮਿਲਿਆ। ਜੋ ਕੁਝ ਉਹਨਾਂ ਨੇ ਪੱਤਰ ਵਿਚ ਲਿਖਿਆ ਸੀ ਉਸ ਨੇ ਮੈਨੂੰ ਭਗਤ ਸਿੰਘ ਬਾਰੇ ਪੁਸਤਕ ਲਿਖਣ ਲਈ ਝੰਝੋੜਿਆ"। ਕਿੰਨਾ ਚੰਗਾ ਹੁੰਦਾ ਅਗਰ ਕੁਲਦੀਪ ਨਈਅਰ ਸਾਹਿਬ ਉਸ ਪੱਤਰ ਨੂੰ ਹੂ ਬ ਹੂ ਇਸ ਪੁਸਤਕ ਵਿਚ ਦੇ ਦਿੰਦੇ । ਹਰਜਿੰਦਰ ਸਿੰਘ ਦੇ ਦੂਜੇ ਸਾਥੀ ਦਾ ਨਾਮ ਸੁਖਦੇਵ ਸਿੰਘ ਹੈ ਪਰ ਨਈਅਰ ਸਾਹਿਬ ਨੇ ਸੁਖਜਿੰਦਰ ਸਿੰਘ ਲਿਖਿਆ ਹੈ । ਕਿਤਾਬ ਅਨੁਸਾਰ ਭਗਤ ਸਿੰਘ ਨੂੰ ਫਾਂਸੀ ਜਾਂ ਉਹਦੇ ਕੇਸ ਨਾਲ ਸੰਬੰਧਤ ਕੋਈ ਵੀ ਭਰੋਸੇਯੋਗ ਦਸਤਾਵੇਜ਼ ਨਹੀਂ ਲੱਭਿਆ, ਇਸ ਸੰਬੰਧ ਲਿਖਦੇ ਹਨ, "ਮੇਰੀ ਇਹ ਸੋਚ ਹੈ ਕਿ ਮਹੱਤਵਪੂਰਨ ਫਾਇਲਾਂ ਜਾਂ ਤਾਂ ਨਸ਼ਟ ਕਰ ਦਿੱਤੀਆਂ ਗਈਆਂ ਹਨ ਜਾਂ ਗੁਪਤ ਰੂਪ ਵਿਚ ਕਿਧਰੇ ਸੰਭਾਲੀਆਂ ਹੋਈਆਂ ਹਨ। ਇਹ ਵੀ ਵਿਚਾਰ ਹੈ ਕਿ ਗੁਪਤ ਤਾਰਾਂ ਤੇ ਕਾਗਜ਼ਾਤ ਜ਼ਰੂਰ ਕਿਸੇ ਥਾਂ ਤੇ ਲੁਕਾਏ ਗਏ ਹੋਣਗੇ ਜਿਨ੍ਹਾਂ ਤੋਂ ਪਤਾ ਲਗ ਸਕਦਾ ਹੈ ਕਿ ਬਰਤਾਨਵੀ ਸਰਕਾਰ ਭਗਤ ਸਿੰਘ ਤੇ ਉਹਦੇ ਸਾਥੀਆਂ ਨੂੰ ਫਾਂਸੀ ਲਾਉਣ ਤੇ ਤੁਲੀ ਹੋਈ ਸੀ ਤਾਂ ਕਿ ਕ੍ਰਾਂਤੀਕਾਰੀ ਉਭਾਰ ਨੂੰ ਦਬਾਇਆ ਜਾ ਸਕੇ । ਖੋਜ ਕਰਦਿਆਂ ਮੈਨੂੰ ਇਹ ਪਤਾ ਲੱਗਾ ਕਿ ਭਗਤ ਸਿੰਘ ਨੇ ਜੇਲ ਵਿਚ ਹੀ ਚਾਰ ਪੁਸਤਕਾਂ-'ਭਾਰਤ ਵਿਚ ਇਨਕਲਾਬੀ ਲਹਿਰਾਂ ਦਾ ਇਤਿਹਾਸ', 'ਸਮਾਜਵਾਦ ਦਾ ਆਦਰਸ਼', 'ਆਤਮਕਥਾ' ਤੇ 'ਮੌਤ ਦੇ ਬੂਹੇ ਤੇ' ਲਿਖੀਆਂ ਸਨ। ਮੈਂ ਇਹਨਾਂ ਨੂੰ ਲੱਭਣ ਦੀ ਨਿਸਫਲ ਕੋਸ਼ਿਸ਼ ਕੀਤੀ ਸੀ। ਮੈਨੂੰ ਦੱਸਿਆ ਗਿਆ ਕਿ ਖਰੜੇ ਜੋ ਜੇਲ ਵਿਚੋਂ ਫਾਂਸੀ ਦੇਣ ਤੋਂ ਪਹਿਲਾਂ ਹੀ ਗੁਪਤ ਰੂਪ ਵਿਚ ਬਾਹਰ ਭੇਜੇ ਗਏ ਸਨ, ਪਹਿਲਾਂ ਕ੍ਰਾਂਤੀਕਾਰੀਆਂ ਦੀ ਸਪੁਰਦਗੀ ਵਿਚ ਸਨ, ਚਾਲੀਵਿਆਂ ਵਿਚ ਕੁਮਾਰੀ ਲਜਿਆਵਤੀ ਨੂੰ ਸੌਂਪ ਦਿੱਤੇ ਗਏ ਸਨ ਜੋ ਮਗਰੋਂ ਕੇਂਦਰੀ ਮਹਾਵਿਦਿਆਲਯ ਜਲੰਧਰ ਦੀ ਪ੍ਰਿੰਸੀਪਲ ਬਣੀ। ਲਜਿਆਵਤੀ ਨੇ ਜੋ ਸਵਰਗਵਾਸ ਹੋ ਚੁੱਕੀ ਹੈ, ਕਿਹਾ ਜਾਂਦਾ ਹੈ, ਦੇਸ਼ ਦੀ ਵੰਡ ਤੋਂ ਪਹਿਲਾਂ ਲਾਹੌਰ ਵਿਚ ਕਿਸੇ ਦੇ ਹਵਾਲੇ ਕਰ ਦਿੱਤੇ ਸਨ । ਉਹ ਕਿਹੜਾ ਵਿਅਕਤੀ ਹੈ ਜਿਸ ਨੂੰ ਇਹ ਕਾਗਜ਼ਾਤ ਦਿੱਤੇ ਗਏ ਸਨ, ਉਸ ਦਾ ਪਤਾ ਨਹੀਂ ਲੱਗ ਸਕਿਆ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਵਿਅਕਤੀ ਨੇ ਲਜਿਆਵਤੀ ਨੂੰ ਦੱਸਿਆ ਕਿ ਅਗਸਤ 1947 ਵਿਚ ਭਾਰਤ ਆਉਣ ਸਮੇਂ ਘਬਰਾਹਟ ਵਿਚ ਉਸਨੇ ਸੱਭ ਖਰੜੇ ਸਾੜ ਦਿੱਤੇ"।
ਇਹ ਸਾਰਾ ਕਾਰਾ ਅੰਗਰੇਜ਼ਾਂ ਅਤੇ ਕਾਲੇ ਅੰਗਰੇਜ਼ਾਂ ਦੀ ਗਿਣੀ ਮਿੱਥੀ ਸਾਜ਼ਸ਼ ਨਾਲ ਹੀ ਹੋਇਆ ਹੈ। ਇਹ ਉਵੇਂ ਹੀ ਹੋਇਆ ਜਿਵੇਂ ਗਦਰੀ ਬਾਬਿਆਂ ਦੇ ਇਤਿਹਾਸ ਨਾਲ ਹੋਇਆ ਸੀ। ਇਹ ਠੀਕ ਉਵੇਂ ਹੀ ਹੈ ਜਿਵੇਂ ਗਦਰੀ ਬਾਬਾ ਸੋਹਣ ਸਿੰਘ ਭਕਣਾ ਤੋਂ ਬਾਅਦ ਸ.ਭਗਵਾਨ ਸਿੰਘ ਗਦਰ ਪਾਰਟੀ ਦੇ ਪ੍ਰਧਾਨ ਨਾਲ਼ ਹੋਇਆ ਸੀ। ਪੰਜਾਬੀ ਦੇ ਇਕ ਉੱਘੇ ਤ੍ਰੈਮਾਸਕ ਪੱਤਰ 'ਹੁਣ' ਵਿਚ ਇਸ ਸਬੰਧ ਵਿਚ ਇਕ ਖੋਜ ਭਰਪੂਰ ਲੇਖ ਸੋਹਣ ਸਿੰਘ ਪੂੰਨੀ ਦਾ ਲਿਖਿਆ ਹੈ ਦੇ ਅਨੁਸਾਰ,"ਇਸ ਤਰ੍ਹਾਂ ਦੇ ਸਖ਼ਤ ਬਿਆਨਾਂ ਦੀਆਂ ਖ਼ਬਰਾਂ ਨਹਿਰੂ ਕੋਲ ਪਹੁੰਚੀਆਂ। ਨਹਿਰੂ ਨੇ ਪਰਤਾਪ ਸਿੰਘ ਕੈਰੋਂ ਨੂੰ ਝਿੜਕ ਪਾਈ, ਜਿਸ ਨੇ ਭਗਵਾਨ ਸਿੰਘ ਨੂੰ ਹਿੰਦੁਸਤਾਨ ਬੁਲਾਇਆ ਸੀ। ਕੈਰੋਂ ਨੂੰ ਕੁਰਸੀ ਪਿਆਰੀ ਸੀ। ਉਹ ਨਹਿਰੂ ਨੂੰ ਨਰਾਜ਼ ਨਹੀਂ ਸੀ ਕਰ ਸਕਦਾ। ਇਸ ਲਈ ਉਹ ਭਾਈ ਭਗਵਾਨ ਸਿੰਘ ਤੋਂ ਪਿੱਛੇ ਹੱਟ ਗਿਆ। ਅਮਰੀਕਾ ਤੋਂ ਭਾਰਤ ਜਾਣ ਲੱਗਿਆਂ ਭਾਈ ਭਗਵਾਨ ਸਿੰਘ ਗਦਰ ਪਾਰਟੀ ਨਾਲ ਸਬੰਧਤ ਲਿਟਰੇਚਰ ਅਤੇ ਦਸਤਾਵੇਜ਼ਾਂ ਨਾਲ ਭਰੇ ਹੋਏ ਕਈ ਟਰੰਕ ਆਪਣੇ ਨਾਲ ਲੈ ਕੇ ਗਏ ਸਨ । ਅਪ੍ਰੈਲ ੧੯੬੨ ਵਿਚ ਭਾਈ ਭਗਵਾਨ ਸਿੰਘ ਬੀਮਾਰ ਪੈ ਗਏ ਤਾਂ ਆਪ ਦੀ ਧੀ ਸਤਵੰਤ ਕੌਰ ਨੂੰ ਇਸ ਅਣਮੁੱਲੇ ਖਜ਼ਾਨੇ ਦਾ ਫਿਕਰ ਲੱਗਾ। ਸਤਵੰਤ ਨੂੰ ਸੂਹ ਮਿਲੀ ਸੀ ਕਿ ਕਿਸੇ ਖਾਸ ਡਰੋਂ ਪ੍ਰਤਾਪ ਸਿੰਘ ਕੈਰੋਂ ਇਹ ਦਸਤਾਵੇਜ਼ ਹਥਿਆਉਣਾ ਚਾਹੁੰਦਾ ਹੈ। ਇਸ ਲਈ ਸਤਵੰਤ ਇਹ ਸਾਰੇ ਦਸਤਾਵੇਜ਼ 'ਗਿਆਨ ਭਵਨ' ਤੋਂ ਚੁੱਕ ਕੇ ਆਪਣੇ ਘਰ ਲੈ ਗਈ। ਪਰਤਾਪ ਸਿੰਘ ਕੈਰੋਂ ਨੇ ਪਹਿਲਾਂ ਤਾਂ ਪਿਆਰ ਨਾਲ ਇਹ ਕਾਗਜ਼ਾਤ ਪਰਿਵਾਰ ਤੋਂ ਲੈਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਨੂੰ ਇਸ ਵਿਚ ਕਾਮਯਾਬੀ ਨਾ ਮਿਲੀ ਤਾਂ ਪੁਲਿਸ ਦੀ ਧਾੜ ਭੇਜ ਕੇ ਇਹ ਸਾਰੇ ਦਸਤਾਵੇਜ਼ ਉਠਾ ਲਏ। ਅੱਜ ਤੀਕਰ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕੌਮੀ ਸਰਮਾਇਆ ਕਿੱਥੇ ਹੈ"। ਇਹ ਹੈ ਨਵੇਂ ਅੰਗਰੇਜ਼ਾਂ ਦੀ ਕਰਤੂਤ! ਸ਼੍ਰੀ ਸਤਿਅਮ ਵਰਮਾ ਜੀ ਨੇ 'ਸ਼ਹੀਦੇ ਆਜ਼ਮ ਦੀ ਜੇਲ ਡਾਇਰੀ' ਸੰਪਾਦਤ ਕੀਤੀ ਹੈ। ਇਸ ਵਿਚ ਇਹ ਆਪ ਹੀ ਲਿਖਦੇ ਹਨ,"ਅਜ਼ਾਦ ਭਾਰਤ ਦੀ ਕਾਂਗਰਸੀ ਸਰਕਾਰ ਹੀ ਨਹੀਂ ਕਿਸੇ ਵੀ ਪੂੰਜੀਵਾਦੀ ਸੰਸਦ ਮਾਰਗੀ ਪਾਰਟੀ ਤੋਂ ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਉਹਨਾਂ ਦੀਆਂ ਸਰਕਾਰਾਂ ਭਗਤ ਸਿੰਘ ਦੇ ਵਿਚਾਰਾਂ ਨੂੰ ਜਨਤਾ ਤੱਕ ਪਹੁੰਚਾਉਣ ਦਾ ਕਾਰਜ ਕਰਨਗੀਆਂ। ਉਹਨਾਂ ਦਾ ਵੱਸ ਚਲਦਾ ਤਾਂ ਉਹ ਭਗਤ ਸਿੰਘ ਦੀ ਯਾਦ ਤੱਕ ਨੂੰ ਦਫਨਾ ਦਿੰਦੀਆਂ। ਪਰ ਇਹ ਉਹਨਾਂ ਦੇ ਵਸੋਂ ਬਾਹਰ ਦੀ ਗੱਲ ਹੈ"।
ਆਉ ਜ਼ਰਾ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਿਉਂ ਇਹਨਾਂ ਦਸਤਾਵੇਜ਼ਾਂ ਨੂੰ ਲੁਕਾਇਆ ਜਾਂ ਸਾੜਿਆ ਗਿਆ। ਪਹਿਲੀ ਸੰਸਾਰ ਜੰਗ ਵੇਲੇ ਅੰਗਰੇਜ਼ਾਂ ਨੇ ਵਾਅਦਾ ਕੀਤਾ ਸੀ ਕਿ ਉਹ ਜਲਦੀ ਭਾਰਤ ਨੂੰ ਅਜ਼ਾਦ ਕਰ ਦੇਣਗੇ। ਉਹਨਾਂ ਨੇ 1919 ਵਿਚ ਭਾਰਤ ਵਿਚ ਤਿੰਨ ਕੌਮਾਂ ਨੂੰ ਮੰਨ ਲਿਆ ਸੀ, ਉਸ ਅਨੁਸਾਰ ਹਿੰਦੂ, ਮੁਸਲਿਮ ਅਤੇ ਸਿੱਖ। ਭਾਰਤੀ ਝੰਡੇ ਦੇ ਰੰਗ ਵੀ ਇਹਨਾਂ ਕੌਮਾਂ ਦੀ ਪ੍ਰਤੀਨਿਧਤਾ ਕਰਦੇ ਹਨ ਜਿਵੇਂ ਕਿ ਕੇਸਰੀ ਸਿੱਖਾਂ ਦਾ ਚਿੱਟਾ ਹਿੰਦੂਆਂ ਅਤੇ ਹਰਾ ਮੁਸਲਮਾਨਾਂ ਦਾ ਵਿਚਕਾਰ ਅਸ਼ੋਕ ਚੱਕਰ ਬੋਧੀਆਂ ਦਾ। ਸਤੰਬਰ1928 ਵਿਚ ਮਿਸਟਰ ਸਾਈਮਨ ਇਸੇ ਤਰ੍ਹਾਂ ਭਾਰਤ ਦੀ ਵੰਡ ਲਈ ਇਕ ਕਮਿਸ਼ਨ ਲਿਆਇਆ। ਕਾਂਗਰਸ ਇਸ ਸਾਈਮਨ ਕਮਿਸ਼ਨ ਦੀ ਰਿਪੋਰਟ ਨੂੰ ਜੱਗ ਜ਼ਾਹਰ ਨਹੀਂ ਕਰਨਾ ਚਾਹੁੰਦੀ ਸੀ। ਗਾਂਧੀ ਮੁਸਲਮਾਨਾਂ ਨੂੰ ਅਪਣੇ ਨਾਲ ਰਲਾਉਣ ਵਿਚ ਇਹ ਸਮਝਾ ਕੇ ਸਫਲ ਹੋ ਗਿਆ ਕਿ ਅਗਰ ਭਾਰਤ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਤਾਂ ਜ਼ਿਆਦਾ ਘਾਟਾ ਮੁਸਲਮਾਨਾਂ ਨੂੰ ਹੀ ਹੋਵੇਗਾ ਕਿਉਂਕਿ ਵਿਚਕਾਰ ਸਿੱਖ ਰਾਜ ਬਣ ਜਾਏਗਾ। ਸਾਈਮਨ ਕਮਿਸ਼ਨ ਦੀ ਰਿਪੋਰਟ ਨੇ ਇਹੀ ਗੱਲ ਜੱਗ ਜ਼ਾਹਿਰ ਕਰਨੀ ਸੀ ਜੋ ਕਿ ਕਾਂਗਰਸ ਅਤੇ ਮੁਸਲਿਮ ਲੀਗ ਨੇ ਨਹੀਂ ਕਰਨ ਦਿੱਤੀ। ਇਸ ਕਾਰਨ ਹੀ ਗਾਂਧੀ ਰਾਗ ਅਲਾਪਦਾ ਰਿਹਾ-"ਹਿੰਦੂ ਮੁਸਲਿਮ ਏਕਤਾ"। ਸਿੱਖ ਵਿਚੋਂ ਉਡਾ ਹੀ ਦਿੱਤੇ ਅਤੇ ਵਿਸ਼ਾਲ ਹਿੰਦੂ ਰਾਸ਼ਟਰ ਦੇ ਸੁਪਨੇ ਲੈਣ ਲੱਗ ਪਿਆ ।
ਲਾਲਾ ਲਾਜਪਤ ਰਾਏ ਇਸ ਵਿਰੋਧ ਦਾ ਲੀਡਰ ਸੀ। ਲਾਲਾ ਲਾਜਪਤ ਰਾਏ ਦੀ ਛੱਤਰੀ ਤੇ ਬੈਂਤ ਦੀ ਮਾੜੀ ਜਿਹੀ ਸੋਟੀ ਲੱਗੀ ਸੀ। ਉਹ ਦਿਲ ਦਾ ਮਰੀਜ਼ ਸੀ। ਉਹ ਤਿੰਨ ਮਹੀਨੇ ਬਾਅਦ ਮਰ ਗਿਆ ਅਤੇ ਗੱਲ ਧੁਮਾਈ ਗਈ ਕਿ ਸੀਨੀਅਰ ਸੁਪਰੀਟੈਂਡੈਟ ਪੁਲਿਸ ਮਿਸਟਰ ਸਕਾਟ ਨੇ ਲਾਲਾ ਜੀ ਨੂੰ ਡਾਂਗਾਂ ਨਾਲ ਕੁਟਿੱਆ ਸੀ ਤੇ ਉਹ ਸ਼ਹੀਦ ਹੋ ਗਿਆ। ਪੰਜਾਬ ਦੇ ਨੌਜੁਆਨ ਗੁੱਸੇ ਵਿਚ ਆ ਗਏ। ਇਹਨਾਂ ਦਾ ਆਗੂ ਭਗਤ ਸਿੰਘ ਸੀ। ਇਹਨਾਂ ਨੇ ਸਕੀਮ ਤਾਂ ਬਣਾਈ ਸੀ ਮਿਸਟਰ ਸਕਾਟ ਨੂੰ ਮਾਰਨ ਦੀ ਪਰ ਮਾਰ ਦਿੱਤਾ ਵਿਚਾਰਾ ਸਾਂਡਰਸ ਅਤੇ ਉਹਦਾ ਬਾਡੀ ਗਾਰਡ ਚੰਨਣ ਸਿੰਘ। (ਦੇਖੋ ਸਾਚੀ ਸਾਖੀ ਪੰਨਾ ੬੨ ਤੋਂ ੬੭) 8 ਅਪ੍ਰੈਲ 1928  ਨੂੰ ਭਗਤ ਸਿੰਘ ਤੇ ਬੀ.ਕੇ. ਦੱਤ ਨੇ ਦਿੱਲੀ ਅਸੈੰਬਲੀ ਵਿਚ ਇਕ ਖਾਲੀ ਜਗ੍ਹਾ ਤੇ ਬੰਬ ਸੁਟਿਆ। ਇਸ ਬੰਬ ਸੁੱਟਣ ਦਾ ਕਾਰਨ ਇਹ ਸੀ ਕਿ ਦਿੱਲੀ ਮੀਟਿੰਗ ਵਿਚ ਪਬਲਿਕ ਸੇਫਟੀ ਬਿੱਲ ਪਾਸ ਕਰ ਰਹੇ ਸਨ। ਇਹ ਬਿੱਲ ਉਸੇ ਤਰ੍ਹਾਂ ਦਾ ਸੀ ਜਿਵੇਂ ਸਾਡੇ ਅਜ਼ਾਦ ਭਾਰਤ ਵਿਚ ਐਨ.ਐਸ.ਏ. ਕਾਨੂੰਨ ਹੈ। ਇਹ ਨੌਜੁਆਨ ਚਾਹੁੰਦੇ ਸਨ ਕਿ ਇਹ ਬਿੱਲ ਪਾਸ ਨਾ ਹੋਏ। ਇਸ ਲਈ ਇਹਨਾਂ ਨੇ ਬੰਬ ਸੁੱਟਿਆ ਸੀ। ਇਸ ਦੇ ਨਾਲ ਹੀ ਛੋਟੀਆਂ ਛੋਟੀਆਂ ਪਰਚੀਆਂ ਵੀ ਸੁੱਟੀਆਂ,ਜਿਸ ਤੇ ਲਿਖਿਆ ਸੀ,"ਬੋਲਿਆਂ ਨੂੰ ਸੁਣਾਉਨ ਲਈ ਗਰਜ ਦੀ ਲੋੜ ਹੈ"। ਇਸ ਤੋਂ ਬਾਅਦ ਭਗਤ ਸਿੰਘ ਤੇ ਦੱਤ ਜੇਲ ਵਿਚ ਬੰਦ ਹੋ ਗਏ। ਜ੍ਹੇਲ ਵਿਚ ਭਗਤ ਸਿੰਘ ਨੂੰ ਕਿਤਾਬਾਂ ਪੜ੍ਹਣ ਦਾ ਮੌਕਾ ਮਿਲਿਆ।। ਇਹਨਾਂ ਨੂੰ ਜ਼ਿਆਦਾਤਰ ਮਾਰਕਸਵਾਦ ਤੇ ਲੈਨਿਨਵਾਦ ਦੀਆਂ ਕਿਤਾਬਾਂ ਹੀ ਦਿੱਤੀਆਂ ਗਈਆਂ ਸਨ। ਇਸ ਦਾ ਪ੍ਰਭਾਵ 21 ਸਾਲਾ ਨੌਜੁਆਨ ਤੇ ਪੈਣਾ ਹੀ ਪੈਣਾ ਸੀ। ਆਰੀਆ ਸਮਾਜੀ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਭਗਤ ਸਿੰਘ ਘੰਟਿਆਂ ਬੱਧੀ ਗਾਇਤ੍ਰੀ ਮੰਤਰ ਦਾ ਜਾਪ ਕਰਦਾ ਰਹਿੰਦਾ ਸੀ। ਕਈ ਕਹਿੰਦੇ ਹਨ ਕਿ ਭਗਤ ਸਿੰਘ ਨੇ ਲੇਖ ਲਿਖਿਆ ਸੀ- 'ਮੈਂ ਨਾਸਤਕ ਕਿਉਂ ਹਾਂ' ਪਰ ਇਸ ਦਾ ਖਰੜਾ ਕਿਸੇ ਕੋਲ ਨਹੀਂ। ਇਸ ਦੀ ਸ਼ਬਦਾਵਲੀ ਵੀ ਲੇਖਕਾਂ ਨੇ ਅਲੱਗ-ਅਲੱਗ ਲਿਖੀ ਹੈ। ਸ: ਜਗਮੋਹਨ ਸਿੰਘ ਜੀ ਦੀ ਪੁਸਤਕ ਅਨੁਸਾਰ,"ਕਿੱਥੇ ਹੈ ਰੱਬ! ਉਹ ਕੀ ਕਰ ਰਿਹਾ ਹੈ? ਕੀ ਉਹ ਮਨੁੱਖਤਾ ਦੀਆਂ ਇਹਨਾਂ ਸਭ ਦੁੱਖ ਤਕਲੀਫਾਂ ਦਾ ਮਜ਼ਾ ਲੈ ਰਿਹਾ ਹੈ? ਉਹ ਨੀਰੋ ਹੈ। ਉਹ ਚੰਗੇਜ਼ ਹੈ। ਰੱਬ ਮੁਰਦਾਬਾਦ"। ਕੁਲਦੀਪ ਨਈਅਰ ਨੇ 'ਰੱਬ ਮੁਰਦਾਬਾਦ' ਵਾਲੀ ਗੱਲ ਨਹੀਂ ਲਿਖੀ। ਅਸਲ ਗੱਲ ਇਹ ਹੈ ਕਿ ਇਹ ਲੇਖ 'ਮੈਂ ਨਾਸਤਕ ਕਿਉਂ ਹਾਂ' ਸ਼ਹੀਦ ਭਗਤ ਸਿੰਘ ਜੀ ਦਾ ਨਹੀਂ ਲਿਖਿਆ ਹੋਇਆ, ਇਹ ਬਾਹਰ ਤਾਂ ਬੈਠੇ ਕਮਊਨਿਸਟਾਂ ਦਾ ਲਿਖਿਆ ਹੋਇਆ ਹੈ ਅਤੇ ਭਗਤ ਸਿੰਘ ਦੇ ਨਾਮ ਤੇ ਥੋਪਿਆ ਹੋਇਆ ਹੈ। ਮਕਸਦ ਸਾਫ ਹੈ, ਪੰਜਾਬ ਦੀ ਸਿੱਖ ਨੌਜੁਆਨ ਪੀੜ੍ਹੀ ਨੂੰ ਪਤਿਤ ਕਰਕੇ ਖਤਮ ਕਰਨਾ ਹੈ।
ਇਹਨਾਂ ਦਿਨਾਂ ਵਿਚ ਹੀ 16 ਮੈ 1930  ਨੂੰ ਅਖੰਡ ਕੀਰਤਨੀ ਜੱਥੇ ਦੇ ਮੋਢੀ ਭਾਈ ਰਣਧੀਰ ਸਿੰਘ ਜੀ ਨਾਗਪੁਰ ਜ੍ਹੇਲ ਤੋਂ ਲਾਹੌਰ ਸੈਂਟਰਲ ਜ੍ਹੇਲ ਵਿਚ ਆ ਗਏ ਜਿੱਥੇ ਪਹਿਲਾਂ ਤੋਂ ਹੀ ਸਰਦਾਰ ਭਗਤ ਸਿੰਘ ਜੀ ਨਜ਼ਰਬੰਦ ਸਨ। ਇਹ ਵੀ ਇਕ ਵਾਹਿਗੁਰੂ ਦੀ ਖੇਡ ਹੈ। ਇਹ ਦੋਨੋਂ ਹੀ ਪੰਜਾਬ ਦੀਆਂ ਮਹਾਨ ਹਸਤੀਆਂ ਸਨ। ਲੋਕ ਦੋਨਾਂ ਦਾ ਹੀ ਬਹੁਤ ਸਤਿਕਾਰ ਕਰਦੇ ਸਨ,ਦੋਵੇਂ'ਹਿੱਕ ਡੂੰ ਹਿੱਕ ਚੜੇਂਦੀਆਂ' ਸਨ। ਭਗਤ ਸਿੰਘ ਜੀ ਨੇ ਬਾਬਾ ਚੂਹੜ ਸਿੰਘ ਰਾਹੀਂ ਇਕ ਚਿੱਠੀ ਭੇਜੀ ਕਿ ਉਹ ਭਾਈ ਸਾਹਿਬ ਨੂੰ ਮਿਲਣਾ ਚਾਹੁੰਦੇ ਹਨ। ਭਾਈ ਸਾਹਿਬ ਨੇ ਕਿਹਾ ਕਿ ਭਗਤ ਸਿੰਘ ਦੇ ਕੇਸ ਕਤਲ ਕੀਤੇ ਹਨ ਇਸ ਲਈ ਉਹ ਨਹੀਂ ਮਿਲਣਾ ਚਾਹੁੰਦੇ। ਭਗਤ ਸਿੰਘ ਹੈਰਾਨ ਹੋ ਗਿਆ ਕਿ ਸਾਰਾ ਹਿੰਦੁਸਤਾਨ ਉਸ ਦੀ ਜੈ ਜੈ ਕਾਰ ਕਰ ਇਹਾ ਹੈ। ਇਹ ਰਣਧੀਰ ਸਿੰਘ ਕੰਿਹੰਦਾ ਕਿ ਕੇਸ ਕੱਟੇ ਹੋਣ ਕਾਰਨ ਮਿਲਣਾ ਨਹੀਂ। ਭਗਤ ਸਿੰਘ ਨੇ ਫਿਰ ਸੁਨੇਹਾ ਭੇਜਿਆ। ਜ੍ਹੇਲ ਚਿੱਠੀਆਂ ਅਨੁਸਾਰ,"ਉਹ ਜੋ ਕੁਝ ਕਹਿਣਗੇ ਮੈਂ ਮੰਨਾਂਗਾ, ਪਰ ਉਹ ਮੈਨੂੰ ਮਿਲਣ ਜ਼ਰੂਰ"। ਜਗਮੋਹਨ ਸਿੰਘ ਦੀ ਪੁਸਤਕ ਅਨੁਸਾਰ, "ਮੈਂ ਸਿੱਖੀ ਦੀ ਬੰਦ ਬੰਦ ਕਟਾਉਣ ਦਾ ਕਾਇਲ ਹਾਂ, ਅਜੇ ਤਾਂ ਮੈਂ ਇਕ ਬੰਦ(ਕੇਸ) ਕਟਾਇਆ ਹੈ। ਉਹ ਵੀ ਪੇਟ ਲਈ ਨਹੀਂ ਦੇਸ਼ ਲਈ, ਤੇ ਜਲਦੀ ਹੀ ਗਰਦਨ ਵੀ ਕਟਵਾਵਾਂਗਾ। ਇਕ ਸਿੱਖ ਦੀ ਤੰਗ ਨਜ਼ਰੀ ਤੇ ਤੰਗ ਦਿਲੀ ਦਾ ਗਿਲਾ ਜ਼ਰੂਰ ਰਹੇਗਾ"। ਜਿਸ ਦੇ ਹੱਥ ਭਗਤ ਸਿੰਘ ਨੇ ਚਿੱਠੀ ਭੇਜੀ ਸੀ ਉਸ ਦਾ ਨਾਮ ਬਾਬਾ ਚੂਹੜ ਸਿੰਘ ਸੀ ਜੋ ਕਿ 09 ਸਤੰਬਰ 1933 ਨੂੰ ਅਕਾਲ ਚਲਾਣਾ ਕਰਿਆ,ਪਰ ਨਈਅਰ ਸਾਹਿਬ ਨੇ ਉਸ ਦਾ ਨਾਮ ਚੜ੍ਹਤ ਸਿੰਘ ਲਿਖਿਆ ਹੈ,ਆਪ ਲਿਖਦੇ ਹਨ,"ਬਾਬਾ ਰਣਧੀਰ ਸਿੰਘ ਜੋ ਕਿ ਇਕ ਅਜ਼ਾਦੀ ਘੁਲਾਟੀਆ ਸੀ, ਉਸੇ ਜੇਲ੍ਹ ਵਿਚ ਬੰਦ ਸੀ ਦੇ ਨਾਲ ਤਾਂ ਲੱਗਪਗ ਰੋਜ਼ਾਨਾ ਹੀ ਆਹਮੋ ਸਾਹਮਣੇ ਟਕਰਾਅ ਹੁੰਦਾ ਸੀ। ਇਕ ਦਿਨ ਉਹ ਭਗਤ ਸਿੰਘ ਦੀ ਕੈਦ ਕੋਠੜੀ ਵਿਚ ਭਗਤ ਸਿੰਘ ਨੂੰ ਰੱਬ ਦੀ ਹੋਂਦ ਬਾਰੇ ਨਿਸਚਾ ਕਰਵਾ ਦੇਣ ਦਾ ਯਤਨ ਕਰਨ ਲਈ ਆਇਆ" ਖੈਰ ਕੁਝ ਵੀ ਹੋਵੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਭਗਤ ਸਿੰਘ ਨੂੰ ਮਿਲਣ ਦਾ ਮਨ ਬਣਾ ਲਿਆ ਅਤੇ ਦਰੋਗੇ ਨਾਲ ਵਾਅਦਾ ਵੀ ਕਰ ਲਿਆ ਸੀ। ਅੰਗਰੇਜ਼ ਸਰਕਾਰ ਵਲੋਂ ਇਹਨਾਂ ਦਾ ਮੇਲ ਵਰਜਤ ਸੀ। ਮਜਬੂਰੀ ਵੱਸ 4 ਅਕਤੂਬਰ 1930 ਨੂੰ ਇਹਨਾਂ ਦੋਹਾਂ ਪਵਿੱਤਰ ਰੂਹਾਂ ਦੀ ਮਿਲਣੀ ਕਰਵਾਈ ਗਈ। ਇਸ ਦਿਨ ਭਾਈ ਸਾਹਿਬ ਦੀ ਰਿਹਾਈ ਹੋਣੀ ਸੀ,ਬਾਹਰ ਬੇਸ਼ੁਮਾਰ ਸੁਆਗਤੀ ਜੱਥੇ ਉਡੀਕ ਵਿਚ ਸਨ। ਸਰਕਾਰ ਨੇ ਬਾਹਰਲੇ ਇਕੱਠ ਤੋਂ ਡਰ ਕੇ ਇਹਨਾਂ ਦੀ ਰਿਹਾਈ ਕਾਫੀ ਲੇਟ ਕਰ ਦਿੱਤੀ ਤੇ ਅਫਵਾਹ ਵੀ ਫੈਲ ਗਈ ਕਿ ਭਾਈ ਸਾਹਿਬ ਨੂੰ ਅੱਜ ਨਹੀਂ ਛੱਡਣਾ। ਹਨੇਰੇ ਹੋਏ ਭਾਈ ਸਾਹਿਬ ਨੂੰ ਇਕੱਲਿਆਂ ਰਿਹਾ ਕਰ ਦਿੱਤਾ ਗਿਆ। ਇਹ ਢਾਈ ਤਿੰਨ ਘੰਟੇ ਦੀ ਮੁਲਾਕਾਤ ਸ਼ਹੀਦ ਭਗਤ ਸਿੰਘ ਜੀ ਦੀ ਸ਼ਹੀਦੀ ਦਾ ਅਹਿਮ ਮੋੜ ਸਾਬਤ ਹੋਏ। ਭਗਤ ਸਿੰਘ ਦਾ ਮਨ ਸਿੰਘ ਸੱਜਣ ਦਾ ਬਣ ਗਿਆ। ਇਸ ਤੋਂ ਬਾਅਦ ਭਗਤ ਸਿੰਘ ਨੂੰ ਕਿਸੇ ਨਾਲ ਮਿਲਣ ਨਹੀਂ ਦਿੱਤਾ ਗਿਆ। ਭਗਤ ਸਿੰਘ ਦੇ ਮੁਕੱਦਮੇ ਦਾ ਇਹਨਾਂ ਨੇਂ ਕੋਈ ਵੀ ਸਬੂਤ ਵੀ ਨਹੀਂ ਛੱਡਿਆ, ਕੇਵਲ ਤੇ ਕੇਵਲ ਇਹਨਾਂ ਦੁਆਰਾ ਭੇਜੀਆਂ ਗਈਆਂ ਚਿੱਠੀਆਂ ਹੀ ਸਬੰਧੀਆਂ ਆਦਿ ਕੋਲ ਹਨ। ਫੈਸਲੇ ਅਨੁਸਾਰ 07 ਅਕਤੂਬਰ 1930 ਨੂੰ ਫਾਂਸੀ ਦੇਣ ਦਾ ਹੁਕਮ ਹੋ ਗਿਆ ਜੋ ਕਿ 27 ਅਕਤੂਬਰ 1930 ਨੂੰ ਹੋਣੀ ਸੀ। ਇਹ ਫਾਂਸੀ ਦੇ ਹੁਕਮ ਅੰਗਰੇਜ਼ਾਂ ਨੇ ੬ ਮਹੀਨੇ ਅੱਗੇ ਵਧਾ ਦਿੱਤੇ ਅਤੇ ਇਸ ਦਾ ਲਾਭ ਗਾਂਧੀ ਲੈ ਗਿਆ ਅਤੇ ਸਿੱਖ ਨੇਤਾਵਾਂ ਨੂੰ ਆਪਣੇ ਨਾਲ ਗੰਢ ਲਿਆ।
ਡਾਕਟਰ ਸੰਗਤ ਸਿੰਘ ਜੀ ਆਪਣੀ ਪੁਸਤਕ 'ਚ ਲਿਖਦੇ ਹਨ,"ਉਸ ਵੇਲੇ ਗਾਂਧੀ ਸਿੱਖਾਂ ਨਾਲ ਕਿਸ ਭਰੋਸੇ ਤੇ ਚੱਲ ਰਿਹਾ ਸੀ? ਉਹਨੇ ਮੰਨਿਆ ਹੋਇਆ ਸੀ ਕਿ ਉਹ ਵਾਇਸਰਾਇ ਕੋਲ ਭਗਤ ਸਿੰਘ ਅਤੇ ਹੋਰਨਾਂ ਦੀ ਫਾਂਸੀ ਦੀ ਸਜ਼ਾ ਘੱਟ ਕਰਾਉਣ ਦਾ ਸਮਰਥਣ ਕਰੇਗਾ। ਪਰ ਜਦ ਉਸ ਨੂੰ ਪਤਾ ਲੱਗਾ ਕਿ ਭਗਤ ਸਿੰਘ ਨੇ ਨਾਰੰਗਵਾਲ ਦੇ ਭਾਈ ਰਣਧੀਰ ਸਿੰਘ ਦੇ ਪ੍ਰਭਾਵ ਹੇਠ ਆ ਕੇ ਅੰਮ੍ਰਿਤ ਛਕਣ ਅਤੇ ਉਸ ਪਿੱਛੌ ਸਿੱਖ ਜੀਵਨ ਦਾ ਧਾਰਨੀ ਹੋਣ ਦਾ ਇਰਾਦਾ ਕਰ ਲਿਆ ਹੈ ਤਾਂ ਗਾਂਧੀ ਆਪਣੇ ਵਚਨ ਤੋਂ ਪਰਤ ਗਿਆ। ਗਾਂਧੀ ਦੇ ਆਪਣੇ ਇਕਰਾਰ ਤੋਂ ਪਰਤ ਜਾਣ ਸੰਬੰਧੀ ਹਿੰਦੁਸਤਾਨ ਪੀਪਲਜ਼ ਸੋਸ਼ਲਿਸਟ ਫੋਜ ਦੇ ਮੈਂਬਰਾਂ ਦੇ ਮਨ ਵਿਚ ਬਹੁਤ ਸਾਰੀ ਸਾੜ ਉਪਜੀ। ਭਗਤ ਸਿੰਘ ਦੀ ਆਖਰੀ ਇੱਛਾ ਕਿ ਉਹ ਭਾਈ ਰਣਧੀਰ ਸਿੰਘ ਸਣੇ ਪੰਜ ਸਿੰਘਾਂ ਤੋਂ ਅੰਮ੍ਰਿਤਪਾਨ ਕਰਨਾ ਚਾਹੁੰਦਾ ਹੈ, ਅੰਗਰੇਜ਼ਾਂ ਨੇ ਪੂਰੀ ਨਹੀਂ ਕੀਤੀ। ਭਾਵੇਂ ਭਗਤ ਸਿੰਘ ਨੇ ਦਾਹੜੀ ਰੱਖ ਲਈ ਸੀ, ਕੇਸਾਂ ਦਾ ਜੂੜਾ ਕਰਕੇ ਪੱਗ ਬੰਨ੍ਹੀ ਹੋਈ ਸੀ। ਜਦ ਉਹਦੀ ਸ਼ਹੀਦੀ ਹੋਈ ਸੀ, ਹਿੰਦੂ ਅੱਜ ਤੱਕ ਵੀ ਉਹਨੂੰ ਹਜਾਮਤ ਕਰੀ ਸ਼ਕਲ ਵਿਚ ਟੋਪ ਪਾਇਆ ਦਿਖਾਈ ਜਾ ਰਹੇ ਹਨ। ਇਹ ਇਹਨਾਂ ਦੇ ਪੂਰਬਜ਼ ਰੋਗ ਗ੍ਰਹਿਸਤ ਹੋਣਾ ਦਰਸਾਉਂਦਾ ਹੈ। ਭਗਤ ਸਿੰਘ ਨੇ ਹਿੰਦੂ ਮਨ ਨੂੰ ਠੀਕ ਸਮਝਾਇਆ ਸੀ, ਜਦ ਉਹਨੇ ਭਾਈ ਰਣਧੀਰ ਸਿੰਘ ਨੂੰ ਦੱਸਿਆ ਕਿ ਉਹਨੂੰ ਹਿੰਦੂਆਂ ਵਲੋਂ ਸ਼ਲਾਘਾ ਕੇਵਲ ਇਸ ਕਾਰਨ ਮਿਲ ਰਹੀ ਸੀ ਕਿ ਉਸ ਨੇ ਕੇਸ ਕਤਲ ਕਰਵਾ ਦਿੱਤੇ ਹਨ। ਜੇ ਇਕ ਵਾਰ ਮੁੜ ਕੇਸ ਰੱਖ ਲੈਂਦਾ ਹੈ ਤਾਂ ਗੁਰੂ ਦਾ ਸਿੱਖ ਬਣ ਜਾਂਦਾ ਹੈ ਤਾਂ ਹਿੰਦੂ ਉਸ ਤੋਂ ਮੂੰਹ ਮੋੜ ਲੈਣਗੇ।
ਸ: ਜਗਮੋਹਨ ਸਿੰਘ ਜੀ ਲਿਖਦੇ ਹਨ,"27 ਫਰਵਰੀ 1031 ਨੂੰ ਸ਼ਾਮੀ 2:30 ਵਜੇ ਗਾਂਧੀ-ਇਰਵਨ ਦੀ ਇਕੱਲਿਆਂ ਮੀਟਿੰਗ ਸ਼ੁਰੂ ਹੋਈ ਜੋ ਕਿ 5:30 ਤੱਕ ਚੱਲੀ। ਫਿਰ ਡਾ: ਅਨਸਾਰੀ ਦੇ ਘਰ, ਜਿੱਥੇ ਗਾਂਧੀ ਠਹਿਰੇ ਹੋਏ ਸਨ, ਉਹ ਇਕੱਲਾ ਵਇਸਰਾਏ ਦੇ ਮਹੱਲ ਆਇਆ ਅਤੇ ਅੱਧੀ ਰਾਤ ਤੋਂ ਬਾਅਦ ਤੱਕ ਗੱਲ ਚਲਦੀ ਰਹੀ। ਜਦ ਵਿਛੜੇ ਤਾਂ ਗਾਂਧੀ ਜੀ ਨੇ ਸ਼ੁੱਭ ਰਾਤਰੀ ਕਿਹਾ। ਇਸ ਦੇ ਜਵਾਬ ਵਿਚ ਇਰਵਨ ਨੇ ਕਿਹਾ, 'ਸ਼ੁੱਭ ਰਾਤਰੀ ਮਿਸਟਰ ਗਾਂਧੀ ਮੇਰੀ ਅਰਦਾਸ ਤੇਰੇ ਨਾਲ ਹੈ'। ਜਦ ਗਾਂਧੀ ਵਾਪਿਸ ਪਹੁੰਚਿਆ ਤਾਂ ਤੜਕੇ ਦੇ 2  ਵੱਜੇ ਸਨ। ਕਾਂਗਰਸ ਵਰਕਿੰਗ ਕਮੇਟੀ ਇੰਤਜ਼ਾਰ ਕਰ ਰਹੀ ਸੀ"। ਗਾਂਧੀ ਤੇ ਇਰਵਨ ਨੇ ਇਕ ਸਮਝੌਤੇ ਤਹਿਤ ਭਗਤ ਸਿੰਘ ਦੀ ਫਾਂਸੀ ਤੇ ਮੋਹਰ ਉਸੇ ਦਿਨ ਲਗਾਈ ਸੀ। ਅਗਰ ਫਾਸੀ ਨਾਂ ਹੁੰਦੀ, ਉਮਰ ਕੈਦ ਆਦਿ ਹੋ ਜਾਂਦੀ ਤਾਂ ਆਜ਼ਾਦੀ ਤੋਂ ਬਾਅਦ ਉਹਨਾਂ ਨੂੰ ਛੱਡਣਾ ਪੈਣਾ ਸੀ । ਭਾਰਤ ਦੇ (ਖਾਸ ਕਰ ਪੰਜਾਬ ਦੇ) ਨੋਜੁਆਨਾਂ ਨੇ ਰੋਲ ਮਾਡਲ ਮੰਨ ਕੇ ਗੁਰਮਤ ਦੇ ਧਾਰਨੀ ਹੋਣਾ ਸੀ, ਇਹਨਾਂ ਲਹੂ ਪੀਣੀਆਂ ਜੋਕਾਂ ਨੂੰ ਲਾਗੇ ਵੀ ਨਹੀ ਸੀ ਲੱਗਣ ਦੇਣਾ । ਇਸ ਤੋਂ ਗਾਂਧੀ ਡਰ ਗਿਆ ਸੀ । ਇਹੋ ਕਾਰਨ ਹੈ ਕਿ ਗਾਂਧੀ ਨੇ ਫਾਸੀ ਦੀ ਵਕਾਲਤ ਕੀਤੀ। ਇਸੇ ਕਾਰਨ ਵੱਸ ਦੱਸੇ ਸਮੇਂ ਤੋਂ 11 ਘੰਟੇ ਪਹਿਲਾਂ ਹੀ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਲਗਾ ਦਿੱਤਾ ਗਿਆ। ਲੋਕਾਂ ਨੂੰ ਤੇ ਮਾਤਾ ਪਿਤਾ ਨੂੰ ਵੀ ਦੂਰ ਰੱਖਿਆ ਗਿਆ। ਭਗਤ ਸਿੰਘ ਦਾ ਚੁੱਪ ਚੁਪੀਤੇ ਹੀ ਹੁਸੈਨੀਵਾਲੇ ਸੰਸਕਾਰ ਕਰ ਦਿੱਤਾ ਗਿਆ। ਭਾਈ ਰਣਧੀਰ ਸਿੰਘ ਨੂੰ ਮਿਲਣ ਤੋਂ ਬਾਅਦ ਭਗਤ ਸਿੰਘ ਦੀ ਆਖਰੀ ਇੱਛਾ ਅੰਮ੍ਰਿਤ ਛੱਕਣਾ ਜਾਂ ਸਿੱਖ ਯੋਧਿਆਂ ਵਾਂਗ ਬੰਦ ਬੰਦ ਕੱਟਵਾਣਾ ਸੀ। ਅੰਗਰੇਜੀ ਸਰਕਾਰ ਨੇ ਉਹਨਾਂ ਦੀ ਦੂਸਰੀ ਇੱਛਾ ਪੂਰੀ ਕੀਤੀ, ਨਹੀ ਤਾਂ ਫਾਸੀ ਦੇਣ ਤੋਂ ਬਾਅਦ ਟੁਕੜੇ-ਟੁਕੜੇ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਜਗਮੋਹਨ ਸਿੰਘ ਆਪਣੀ ਪੁਸਤਕ ਵਿਚ ਲਿਖਦੇ ਹਨ, "23 ਮਾਰਚ 1931 ਨੂੰ ਸ਼ਾਮ 7 ਵਜੇ ਫਾਂਸੀ ਦੇ ਕੇ ਟੁੱਕੜੇ ਟੁੱਕੜੇ ਕੀਤਾ ਗਿਆ, ਫਿਰ ਫਿਰੋਜ਼ਪੁਰ ਸਤਲੁਜ ਦੇ ਕੰਢੇ ਅੱਧਜਲੇ ਕਰਕੇ, ਸਤਲੁਜ ਦਰਿਆ ਨੂੰ ਭੇਟ ਕੀਤਾ ਗਿਆ। ਇਹ ਸਭ ਕੁਝ ਬੜੀ ਹੀ ਕਾਹਲੀ ਵਿਚ ਕੀਤਾ ਗਿਆ ਸੀ। ਟੁੱਕੜੇ ਕਰਨ ਅਤੇ ਅੱਧਜਲੇ ਕਰਨ ਦਾ ਸਬੂਤ 24  ਮਾਰਚ 1931 ਨੂੰ ਸਵੇਰੇ ਬੀਬੀ ਅਮਰ ਕੌਰ ਭੈਣ ਸ਼ਹੀਦ ਭਗਤ ਸਿੰਘ ਤੇ ਹੋਰ ਦੇਸ਼ ਵਾਸੀਆਂ ਵਲੋਂ ਇਕੱਠੇ ਕੀਤੇ ਗਏ ਖ਼ੂਨ ਵਿਚ ਭਿੱਜੇ ਰੋੜੇ, ਰੇਤ ਅਤੇ ਤੇਜਧਾਰ ਦੀ ਕਟੀ ਅੱਧਜਲੀ ਹੱਡੀ ਹਨ। ਇਹ ਅੱਜ ਕੱਲ ਖੱਟਕੜ ਕਲਾਂ ਨੁਮਾਇਸ਼ ਘਰ ਵਿਚ ਦੇਖੀ ਜਾ ਸਕਦੀ ਹੈ"। ਸ. ਭਗਤ ਸਿੰਘ ਜੀ ਆਪਣੇ ਬਚਪਨ ਤੋਂ ਲੈ ਕੇ ਸਹੀਦ ਹੋਣ ਤੱਕ ਸਿੱਖ ਸਿਧਾਂਤਾਂ ਤੇ ਰਹੇ, ਬੰਦ-ਬੰਦ ਕਟਵਾਕੇ ਸ਼ਹੀਦ ਹੋਣਾ, ਪੁਰਾਤਨ ਸਿਘਾਂ ਦੇ ਪੁਰਨਿਆਂ ਤੇ ਚੱਲਣ ਦੀ ਮੋਹਰ ਹੈ । ਪਰ ਪਤਾ ਨੀ ਕਿਹੜੀ ਮਜਬੂਰੀ ਵੱਸ ਸ: ਜਗਮੋਹਨ ਸਿੰਘ ਆਪਣੀ ਕਿਤਾਬ ਦੇ ਅਗਲੇ ਪੰਨੇ ਤੇ ਸ਼ਹੀਦ ਨੂੰ ਟੋਪ ਵਾਲ਼ਾ ਦਿਖਾਉਣ ਤੇ ਤੁਲਿਆ ਹੈ, ਜਦੋਂ ਕਿ ਹੋਰ ਸੱਭ ਹਿੰਦੂ ਲਿਖਾਰੀਆ ਨੇ ਭਗਤ ਸਿੰਘ ਜੀ ਨੂੰ ਪੱਗ ਵਾਲ਼ਾ ਦਰਸਾਇਆਂ ਹੈ । ਅੱਜ ਸ਼ਹੀਦ ਭਗਤ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਹੀ ਇਹੀ ਹੋਵੇਗੀ ਜੇ ਪੰਜਾਬ ਦਾ ਨੌਜੁਆਨ ਵਿੱਦਿਆ ਪ੍ਰਾਪਤ ਕਰੇ, ਨਸ਼ੇ ਛੱਡੇ ਅਤੇ ਗੁਰੂ ਦਾ ਸਿੱਖ ਬਣੇ, ਪੱਗ ਵਾਲਾ ਬਣੇ।
23 ਦੀ ਰਾਤ ਨੂੰ ਹੀ ਅੰਗਰੇਜ਼ ਸਰਕਾਰ ਨੇ ਇਕ ਇਸ਼ਤਿਹਾਰ ਲਗਾਇਆ ਸੀ ਕਿ ਭਗਤ ਸਿੰਘ ਦਾ ਸੰਸਕਾਰ ਸਿੱਖ ਰੀਤੀ ਨਾਲ, ਰਾਜਗੁਰੂ ਦਾ ਸਨਾਤਨੀ ਰੀਤੀ ਨਾਲ ਅਤੇ ਸੁਖਦੇਵ ਦਾ ਆਰੀਆ ਸਮਾਜ ਦੀ ਰੀਤੀ ਨਾਲ ਕਰ ਦਿੱਤਾ ਗਿਆ। ਇਸ ਦੀ ਗਵਾਹੀ ਕਸੂਰ ਦੇ ਗ੍ਰੰਥੀ ਤੇ ਪੰਡਤਾਂ ਤੋਂ ਪੁਆਈ ਗਈ।
20-22 ਸਾਲਾ ਨੋਜੁਆਨ ਸ. ਭਗਤ ਸਿੰਘ ਜੀ ਨੂੰ ਕੌਮਿਊਨਿਸਟ ਵਿਚਾਰਧਾਰਾ ਨਾਲ਼ ਜੋੜਨਾ ਸਰਾਸਰ ਗਲਤ ਹੈ। ਆਮ ਤੌਰ ਤੇ ਇਸ ਉਮਰ ਦੇ ਨੌਜੁਆਨਾ ਦੀ ਕੋਈ ਪੱਕੀ ਵਿਚਾਰਧਾਰਾ ਨਹੀ ਬਣਦੀ। ਸ. ਭਗਤ ਸਿੰਘ ਜੀ ਦੀ ਪੱਕੀ ਵਿਚਾਰਧਾਰਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਮਿਲਣੀ ਤੋਂ ਬਾਅਦ ਸੀ ਬਣੀ ਸੀ। ਨਿਰਸੰਦੇਹ ਸ. ਭਗਤ ਸਿੰਘ ਸਿੱਖ ਪਰਿਵਾਰ ਵਿਚੋਂ ਸਨ ਅਤੇ ਸਿਰ ਤੇ ਬਸੰਤੀ ਦਸਤਾਰ ਵੀ ਸਜਾਉਂਦੇ ਸਨ । 'ਮੇਰਾ ਰੰਗ ਦੇ ਬਸੰਤੀ ਚੋਲਾ' ਨਾਮਕ ਗੀਤ ਵੀ ਸ਼. ਭਗਤ ਸਿੰਘ ਜੀ ਨਾਲ਼ ਹੀ ਸੰਬੰਧਿਤ ਹੈ। ਅੰਤ ਵਿਚ ਸ੍ਰੀ ਕੁਲਦੀਪ ਨਈਅਰ ਦੀ ਪੁਸਤਕ 'ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਤਜ਼ਰਬੇ' ਅਨੁਬੰਧ-੨ ਦਾ ਆਖਰੀ ਪੈਰਾ(ਪੰਨਾ ੧੮੩) ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਵਲੋਂ ਲਿਖ ਰਿਹਾ ਹਾਂ:
ਜਿੱਤ ਜਾਂ ਮੌਤ
ਅਜਿਹਾ ਕੋਈ ਕੁਕਰਮ ਨਹੀਂ ਜਿਹੜਾ ਭਾਰਤ ਵਿਚ ਅੰਗਰੇਜ਼ਾਂ ਨੇ ਨਾਂ ਕੀਤਾ ਹੋਵੇ। ਮਿੱਥ ਕੇ ਕੀਤੇ ਭੈੜੇ ਰਾਜ ਨੇ ਸਾਨੂੰ ਕੰਗਾਲ ਕਰ ਦਿੱਤਾ ਹੈ। ਸਾਡਾ ਲਹੂ ਨਿਚੋੜ ਲਿਆ। ਇਕ ਕੌਮ ਤੇ ਜਾਤੀ ਵਜੋਂ ਸਾਡੀ ਇੱਜ਼ਤ ਮਿੱਟੀ ਵਿਚ ਮਿਲਾ ਦਿੱਤੀ ਗਈ ਹੈ। ਕੀ ਲੋਕ ਅਜੇ ਵੀ ਸਾਥੋਂ ਆਸ ਰੱਖਦੇ ਹਨ ਕਿ ਅਸੀਂ ਭੁੱਲ ਜਾਈਏ ਅਤੇ ਮੁਆਫ ਕਰ ਦਈਏ। ਅਸੀਂ ਕੌਮੀ ਅਪਮਾਨ ਦਾ ਬਦਲਾ ਲੈਣਾ ਹੈ ਜਿਹੜਾ ਬਦਲਾ ਜ਼ਾਲਮ ਤੋਂ ਲੈਣਾ ਉਚਿਤ ਹੈ। ਬੁਜ਼ਦਿਲਾਂ ਨੂੰ ਸਮਝੋਤੇ ਅਤੇ ਸ਼ਾਂਤੀ ਖਾਤਰ ਪਿੱਛੇ ਹੱਟ ਕੇ ਹਾਰ ਮੰਨ ਲੈਣ ਦਿਉ। ਅਸੀਂ ਨਾ ਤਾਂ ਤਰਸ ਦੀ ਮੰਗ ਕਰਦੇ ਹਾਂ ਤੇ ਨਾਂ ਹੀ ਤਰਸ ਕਰਨਾ। ਸਾਡੀ ਤਾਂ ਜ਼ਿੰਦਗੀ ਮੌਤ ਦੀ ਲੜਾਈ ਹੈ। ਜ਼ਿੰਦਗੀ ਜਾਂ ਮੌਤ।
ਇਨਕਲਾਬ ਜ਼ਿੰਦਾਬਾਦ!

ਪ੍ਰੈਸੀਡੈਂਟ
ਹਿੰਦੁਸਤਾਨ ਸੋਸ਼ਲਿਸਟ ਰੀਪਬਲੀਕਨ ਐਸੋਸਿਏਸ਼ਨ

ਅੱਜ ਕੱਲ ਇਸ ਵਿਚ ਥੋੜਾ ਜਿਹਾ ਬਦਲਾਅ ਚਾਹੀਦਾ ਹੈ। ਪਹਿਲੀ ਸਤਰ ਵਿਚ 'ਕਾਲੇ ਅੰਗਰੇਜ਼' ਅਤੇ ਥਲੇ ਸਿੱਖਾਂ ਵਲੋਂ ਮੰਨਿਆ ਜਾਏ ਅਤੇ ਅੰਤ ਵਿਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੋਵੇ ਕਿਉਂਕਿ ਖਾਲਸਾ ਵਾਹਿਗੁਰੂ ਦਾ ਹੈ ਤੇ ਜਿੱਤ ਵੀ ਵਾਹਿਗੁਰੂ ਦੀ ਹੈ।
ਗੁਰਮੇਲ ਸਿੰਘ ਖਾਲਸਾ
ਮੋਬਾਈਲ ਨੰਬਰ--99147 -01469  ੯੯੧੪੭੦੧੪੬੯
317, ਪਿੰਡ ਗਿਆਸਪੁਰ
ਲੁਧਿਆਣਾ।

3 comments:

N.K.Jeet said...

So far as the grossly misrepresented historical facts in this article are concerned, I think there are competent persons, such as Prof Chaman Lal, Prof Jagmohan, Sh. Malwinder Singh Waraich and others, to comment upon. However there has been a systematic attempt on the part of ‘bankrupt’ political leadership, to project him as 'Hindu', 'Sikh', 'Arya Samajist', 'Bhagwa', 'Blue' & 'White' to suit their own political ends in utter disregard of his well-documented political views. The question about the authenticity of 'Why I am Atheist?' is also a part of this game. We cannot view the history of the national liberation movement through the eyes of those who faithfully served imperialist masters. Since when the CID reports have become authentic views of history? Even today a large number of political & mass activists are branded as criminals in CID records and all sort of lies are written there. Should we ask our new generations to view us through the prism of CID reports. The problem with a wide range of politicians from Congress to Khalistani brand is that they want to cash personality & chrisma of Bhagat Singh, sans his ideas. Irritated at their inability to do so, some like Simranjit Maan etc even go to the extent of publically abusing him. Actually the Indian rulers of every brand, have no love for the ideas of Bhagat Singh. They want to use his personality & chrisma to deceive the people and garner votes. A fierce battle is already raging in Punjab to appropriate Bhagat Singh in one or the other political band-wagon. We should not allow the communalists, pro-imperialist, and anti-people forces to misuse his name, and relentlessly project his ideas. Those who are trivializing Lala Lajpat Rai, should better read about the struggle of people settled in Nili Bar,Ganji Bar & other area, where Lala Lajpat Rai worked along with Chacha Ajit Singh, and also find out what Sirdar Kapoor Singh was doing at that time.

Anonymous said...

ਗੁਰਮੇਲ ਸਿੰਘ ਖਾਲਸਾ calls Bhagat Singh lifetime as Golden Age for Sikhism? Only someone with limited knowledge about Bhagat Singh's ideology and thought can go that low! It is pity that so called Sikh scholars are trying to use such a personality as Bhagat Singh for their anti-Hindu, actually anti-humanity propaganda. And they are still using dis-credited authors like Kapoor Singh.

Anonymous said...

ਗੁਰਮੇਲ ਸਿੰਘ ਖਾਲਸਾ calls Bhagat Singh lifetime as Golden Age for Sikhism? Only someone with limited knowledge about Bhagat Singh's ideology and thought can go that low! It is pity that so called Sikh scholars are trying to use such a personality as Bhagat Singh for their anti-Hindu, actually anti-humanity propaganda. And they are still using dis-credited authors like Kapoor Singh.

-Paramjit Gill