Sunday, February 06, 2011

ਅਭੀ ਇਸ਼ਕ਼ ਕੇ ਇਮਤਹਾਂ ਔਰ ਭੀ ਹੈਂ

ਗੁਰਦਵਾਰਾ ਇੱਕ ਧਾਰਮਿਕ ਅਸਥਾਨ ਹੁੰਦਾ ਹੈ ਜਿਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ. ਜਦੋਂ ਜਦੋਂ ਵੀ ਇਹਨਾਂ ਧਰਮ ਅਸਥਾਨਾਂ ਤੇ ਇਸ ਅਸੂਲ ਦੀ ਉਲੰਘਣਾ ਹੋਈ ਹੈ ਉਦੋਂ ਉਦੋਂ ਉਸਦੇ ਸਿੱਟੇ ਬੜੀ ਲੰਮੀ ਦੇਰ ਤੱਕ ਉਹਨਾਂ ਨੂੰ ਵੀ ਭੁਗਤਣੇ ਪਏ ਹਨ ਜਿਹੜੇ ਪੂਰੀ ਤਰਾਂ ਨਿਰਦੋਸ਼ ਸਨ. ਗੁਰਦੁਆਰਿਆਂ ਵਿੱਚ ਰਾਜਨੀਤਕ ਸਰਗਰਮੀਆਂ ਬਾਰੇ ਕਦੇ ਵੀ ਅਜਿਹੀ ਕੋਈ ਵਿਵਸਥਾ ਨਹੀਂ ਬਣ ਸਕੀ ਜਿਸ ਨਾਲ ਰਾਜਨੀਤੀ ਨੂੰ ਧਰਮ ਅਧੀਨ ਕਰਕੇ ਚਲਾਇਆ ਜਾ ਸਕੇ. ਇਸ ਸਿਸਟਮ ਨੂੰ ਬਹੁਤ ਪਹਿਲਾਂ ਹੀ ਕਮਜ਼ੋਰ ਕਰ ਦਿੱਤਾ ਗਿਆ ਸੀ. ਜਦੋਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਾ ਫੈਸਲਾ ਕਿਸੇ ਰਾਜਸੀ ਆਗੂ ਨੇ ਕਰਨਾ ਹੋਵੇ ਤਾਂ ਜ਼ਾਹਿਰ ਹੈ ਕਿ ਉਹ ਆਪਣੇ ਸਾਰੇ ਨਫੇ ਨੁਕਸਾਨ ਦੇਖੇਗਾ. ਉਹ ਕਦ ਚਾਹੇਗਾ ਕਿ ਉਸਦਾ ਕੋਈ ਰਾਜਸੀ ਵਿਰੋਧੀ ਉਸ ਗੁਰਦੁਆਰੇ ਵਿੱਚ ਆ ਕੇ ਉਸ ਦੇ ਖਿਲਾਫ਼ ਬੋਲੇ ਜਾਂ ਫਿਰ ਉਸਦੇ ਪਾਜ ਖੋਲ੍ਹੇ.ਗੁਰਦੁਆਰਿਆਂ ਨੂੰ ਇੱਕ ਨਿਜੀ ਮਲਕੀਅਤ ਵਾਂਗ ਬਦਲਣ ਦਾ ਇਹ ਸਿਲਸਿਲਾ ਹੁਣ ਕਾਫੀ ਪੁਰਾਣਾ ਹੋ ਚੁੱਕਿਆ ਹੈ. ਜਦੋਂ ਤੱਕ ਕੋਈ ਨਵੀਂ ਗੁਰਦੁਆਰਾ ਸੁਧਾਰ ਲਹਿਰ ਨਹੀਂ ਉਠਦੀ ਉਦੋਂ ਤੱਕ ਹਾਲਾਤ ਵਿੱਚ ਤਬਦੀਲੀ ਦੀ ਕੋਈ ਸੰਭਾਵਨਾ ਵੀ ਨਜ਼ਰ ਨਹੀਂ ਆਉਂਦੀ. ਹੁਣ ਇਸ ਸਾਰੇ ਮਸਲੇ ਬਾਰੇ ਵਿਵਾਦ ਗਰਮਾਇਆ ਹੈ ਮਾਛੀਵਾੜਾ ਤੋਂ ਜਿਥੇ 5 ਫਰਵਰੀ ਨੂੰ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਮਰਥਕਾਂ ਨੂੰ ਆਪਣੀ ਮੀਟਿੰਗ ਕਰਨ ਤੋਂ ਰੋਕ ਦਿੱਤਾ ਗਿਆ. ਮਨਪ੍ਰੀਤ ਸਿੰਘ ਬਾਦਲ ਦੇ ਸਮਰਥਕ ਮਾਛੀਵਾੜਾ ਇਲਾਕੇ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਮੀਟਿੰਗ ਕਰਨਾ ਚਾਹੁੰਦੇ ਸਨ ਪਰ ਪ੍ਰਬੰਧਕਾਂ ਵਲੋਂ ਉਹਨਾਂ ਨੂੰ ਮੀਟਿੰਗ ਨਾ ਕਰਨ ਦਿੱਤੀ ਗਈ. ਮਾਮਲ ਗਰਮਾ ਗਿਆ ਕਿਓਂਕਿ ਏਥੇ ਅਕਾਲੀ ਦਲ ਦੀਆਂ ਮੀਟਿੰਗਾਂ ਅਕਸਰ ਹੁੰਦੀਆਂ ਹਨ. ਅਕਾਲੀ ਆਗੂ ਗੁਰਪ੍ਰੀਤ ਸਿੰਘ ਭੱਟੀ ਦੀ ਅਗਵਾਈ ਹੇਠ ਇਕੱਤਰ ਹੋਏ ਇਹਨਾਂ ਵਰਕਰਾਂ ਨੇ ਰੋਸ ਪ੍ਰਗਟਾਉਂਦੇ ਹੋਏ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਅੱਗੇ ਮੀਟਿੰਗ ਕੀਤੀ. ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਦੇ ਸਮਰਥਕਾਂ ਵਲੋਂ 2 ਮਾਰਚ ਨੂੰ ਮਾਛੀਵਾੜਾ ਵਿਖੇ ਜਾਗੋ ਯਾਤਰਾ ਮੁਹਿੰਮ ਅਧੀਨ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਸਬੰਧੀ ਇਹ ਮੀਟਿੰਗ ਸ਼ਨੀਵਾਰ 5 ਫਰਵਰੀ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਬੁਲਾਈ ਗਈ ਸੀ.ਇਸ ਮੀਟਿੰਗ ਦੇ ਮੱਦੇ ਨਜ਼ਰ ਸਵੇਰ ਤੋਂ ਹੀ ਮਾਛੀਵਾੜਾ ਪੁਲਸ ਦੇ ਜਵਾਨ ਭਾਰੀ ਗਿਣਤੀ ਵਿਚ ਤਾਇਨਾਤ ਕਰ ਦਿੱਤੇ ਗਏ ਸਨ ਤਾਂ ਜੋ ਇਹ ਮੀਟਿੰਗ ਗੁਰਦੁਆਰਾ ਸਾਹਿਬ ਵਿਚ ਨਾ ਹੋ ਸਕੇ. 
ਕਰੀਬ 11 ਕੁ ਵਜੇ ਅਕਾਲੀ ਆਗੂ ਗੁਰਪ੍ਰੀਤ ਸਿੰਘ ਭੱਟੀ ਆਪਣੇ ਸਮਰਥਕਾਂ ਸਮੇਤ ਮੀਟਿੰਗ ਕਰਨ ਲਈ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਏ. ਪਹਿਲਾਂ ਉਨ੍ਹਾਂ ਨੇ ਦਰਬਾਰ ਸਾਹਿਬ ਵਿਚ ਮੱਥਾ ਟੇਕਿਆ ਅਤੇ ਫੇਰ ਮੀਟਿੰਗ ਕਰਨ ਲਈ ਦੀਵਾਨ ਹਾਲ ਵੱਲ ਚੱਲ ਪਏ. ਇਸ ਮੀਟਿੰਗ ਨੂੰ ਰੋਕਣ ਲਈ ਮੌਕੇ ‘ਤੇ ਮੌਜੂਦ ਮਾਛੀਵਾੜਾ ਥਾਣਾ ਦੇ ਇੰਸਪੈਕਟਰ ਅਨਿਲ ਕੁਮਾਰ ਕੋਹਲੀ ਨੇ ਪੁਲਸ ਬਲ ਸਮੇਤ ਇਨ੍ਹਾਂ ਅਕਾਲੀ ਆਗੂਆਂ ਦਾ ਰਸਤਾ ਰੋਕ ਲਿਆ ਅਤੇ ਦੀਵਾਨ ਹਾਲ ਵੱਲ ਨਾ ਜਾਣ ਦਿੱਤਾ.ਇਸ ਮੌਕੇ ਤੇ ਗੁਰਪ੍ਰੀਤ ਸਿੰਘ ਭੱਟੀ ਅਤੇ ਹੋਰ ਵਰਕਰਾਂ ਦੀ ਪੁਲਸ ਨਾਲ ਵੀ ਗਰਮਾ ਗਰਮੀ ਵਾਲੀ ਬਹਿਸਬਾਜ਼ੀ ਹੋਈ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਵੀ. ਅਕਾਲੀ ਆਗੂ ਗੁਰਪ੍ਰੀਤ ਸਿੰਘ ਭੱਟੀ ਨੇ ਪੁਲਸ ਅਤੇ ਗੁਰਦੁਆਰਾ ਪ੍ਰਬੰਧਕਾਂ ਤੋਂ ਮੀਟਿੰਗ ਨਾ ਕਰਨ ਸਬੰਧੀ ਜਵਾਬ ਮੰਗਿਆ ਕਿ ਜੇਕਰ ਅਕਾਲੀ ਦਲ ਅਤੇ ਹੋਰ ਜਥੇਬੰਦੀਆਂ ਗੁਰਦੁਆਰਾ ਸਾਹਿਬ ਵਿਚ ਮੀਟਿੰਗ ਕਰ ਸਕਦੀਆਂ ਹਨ ਤਾਂ ਉਨ੍ਹਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ. ਉਨ੍ਹਾਂ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਕਿਸੇ ਦੇ ਖਿਲਾਫ਼ ਕੋਈ ਅਪਸ਼ਬਦ ਬੋਲੇ ਬਿਨਾਂ ਸ਼ਾਂਤਮਈ ਢੰਗ ਨਾਲ ਮੀਟਿੰਗ ਕਰਨਾ ਚਾਹੁੰਦੇ ਹਨ ਪਰ ਗੁਰਦੁਆਰਾ ਪ੍ਰਬੰਧਕਾਂ ਵਲੋਂ ਮੀਟਿੰਗ ਦੀ ਮਨਜ਼ੂਰੀ ਨਾ ਹੋਣ ਦਾ ਕਹਿ ਕੇ ਇਸ ‘ਤੇ ਰੋਕ ਲਗਾ ਦਿੱਤੀ ਗਈ। ਦੀਵਾਨ ਹਾਲ ਦੇ ਬਾਹਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਭੱਟੀ ਤੇ ਪੁਲਸ ਅਧਿਕਾਰੀਆਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਿਚਕਾਰ ਹੋਈ ਬਹਿਸਬਾਜ਼ੀ ਤੋਂ ਬਾਅਦ ਸਮੂਹ ਵਰਕਰਾਂ ਨੇ ਕਿਹਾ ਕਿ ਅੱਜ ਤਾਂ ਕਿਸੇ ਵੀ ਟਕਰਾਅ ਤੋਂ ਬਚਣ ਲਈ ਅਤੇ ਗੁਰੂ ਘਰ ਦੀ ਮਰਿਯਾਦਾ ਬਹਾਲ ਰੱਖਣ ਲਈ ਮੀਟਿੰਗ ਨਹੀਂ ਕਰਦੇ ਪਰ ਜੇਕਰ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਜਾਂ ਕਿਸੇ ਹੋਰ ਜਥੇਬੰਦੀ ਨੇ ਗੁਰਦੁਆਰਾ ਸਾਹਿਬ ਵਿਚ ਮੀਟਿੰਗ ਕੀਤੀ ਤਾਂ ਉਹ ਵੀ ਆਪਣੇ ਹੱਕਾਂ ਲਈ ਲੜਦੇ ਹੋਏ ਹਰ ਹਾਲ ਵਿਚ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਮੀਟਿੰਗ ਕਰਨਗੇ.ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਮੇਨ ਗੇਟ ਨੇੜੇ ਹੀ ਮਨਪ੍ਰੀਤ ਬਾਦਲ ਦੇ ਸਮਰਥਕਾਂ ਦੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਗੁਰਪ੍ਰੀਤ ਸਿੰਘ ਭੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਧੱਕੇਸ਼ਾਹੀ ‘ਤੇ ਉੱਤਰ ਆਈ ਹੈ ਕਿਉਂਕਿ ਪਿਛਲੇ ਸਮੇਂ ਤੱਕ ਜਦੋਂ ਉਹ ਅਕਾਲੀ ਦਲ ਨਾਲ ਜੁੜੇ ਰਹੇ ਸਨ ਤਾਂ ਉਸ ਸਮੇਂ ਹਜ਼ਾਰਾਂ ਮੀਟਿੰਗਾਂ ਉਨ੍ਹਾਂ ਗੁਰਦੁਆਰਾ ਸਾਹਿਬ ਵਿਚ ਕੀਤੀਆਂ ਪਰ ਅੱਜ ਅਕਾਲੀ ਦਲ ਨਾਲੋਂ ਵੱਖ ਹੋਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੌਜੂਦਾ ਸਰਕਾਰ ਪੁਲਸ ਪ੍ਰਸ਼ਾਸਨ ਜ਼ਰੀਏ ਧੱਕਾਸ਼ਾਹੀ ਕਰਕੇ ਉਨ੍ਹਾਂ ਦੇ ਹੱਕ ਖੋਹ ਰਹੀ ਹੈ.ਉਨ੍ਹਾਂ ਕਿਹਾ ਕਿ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਜਾਗੋ ਯਾਤਰਾ 2 ਮਾਰਚ ਨੂੰ ਸਮਰਾਲਾ ਹਲਕੇ ਵਿਚ ਪੁੱਜੇਗੀ, ਜਿੱਥੇ ਇਕ ਮੀਟਿੰਗ ਸਮਰਾਲਾ ਸ਼ਹਿਰ ਵਿਚ ਅਤੇ ਦੁਪਹਿਰ ਤੋਂ ਬਾਅਦ ਇਕ ਮੀਟਿੰਗ ਮਾਛੀਵਾੜਾ ਸ਼ਹਿਰ ਵਿਚ ਕੀਤੀ ਜਾਵੇਗੀ ਜਿਸਦੀ ਸਫਲਤਾ ਲਈ ਇਲਾਕੇ ਦੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ.
ਇਸ ਮੌਕੇ ਤੇ ਉਹਨਾਂ ਦੇ ਕਈ ਸਰਗਰਮ ਵਰਕਰ ਮੌਜੂਦ ਸਨ.ਮੀਟਿੰਗ ਤੋਂ ਰੋਕਣ ਦੀ ਇਸ ਕਾਰਵਾਈ ਨਾਲ ਜਿਥੇ ਪੰਥਕ ਧਿਰਾਂ ਅੱਗੇ ਗੁਰਦੁਆਰਿਆਂ ਦੀ ਰਾਜਨੀਤਕ ਵਰਤੋਂ ਦਾ ਮਾਮਲਾ ਇੱਕ ਵਾਰ ਫਿਰ ਉਭਰ ਕੇ ਸਾਹਮਣੇ ਆਇਆ ਹੈ ਉਥੇ ਇਹ ਸੁਆਲ ਵੀ ਉਭਰਿਆ ਹੈ ਕਿ ਕੀ ਇਹ ਸਰਗਰਮੀਆਂ ਸਹੀ ਹਨ ਅਤੇ ਜੇ ਸਹੀ ਹਨ ਤਾਂ ਫਿਰ ਗੁਰਦੁਆਰਿਆਂ ਵਿੱਚ ਗੁਟਬੰਦੀਆਂ ਅਤੇ ਵਿਤਕਰਿਆਂ ਨੂੰ ਕੌਣ ਅਤੇ ਕਿਵੇਂ ਰੋਕੇਗਾ. ਇਹ ਮੁੱਦਾ ਮਨਪ੍ਰੀਤ ਸਿੰਘ ਬਾਦਲ ਅਤੇ ਉਹਨਾਂ ਦੇ ਹਮਾਇਤੀਆਂ  ਲਈ ਵੀ ਇੱਕ ਚੁਨੌਤੀ ਹੈ ਜਿਸ ਨੂੰ ਪ੍ਰਵਾਨ ਕੀਤੇ ਬਿਨਾ ਸਰਨਾ ਵੀ ਨਹੀਂ.ਜੇ ਆਮ ਬੰਦੇ ਨੂੰ ਨਾਲ ਜੋੜਨਾ ਹੈ ਤਾਂ ਉਸ ਨਾਲ ਸਬੰਧਿਤ ਸਾਰੇ ਮਸਲਿਆਂ ਦੇ ਹਲ ਦੀ ਗੱਲ ਕਰਨੀ ਪਵੇਗੀ ਨਹੀਂ ਤਾਂ ਸਮਝਿਆ ਇਹੀ ਜਾਏਗਾ ਕਿ ਗੱਲ ਸਿਰਫ ਤੇ ਵਾਲੀ ਗੱਦੀ ਲੈਣ ਦੀ ਹੀ ਹੈ.--ਰੈਕਟਰ ਕਥੂਰੀਆ 

No comments: